ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।– ਭਾਗ ਦੂਜਾ–

0
640

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।

ਭਾਗ ਦੂਜਾ

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।—ਭਾਗ ਪਹਿਲਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਤੀਜਾ)

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਕਿਰਪਾਲ ਸਿੰਘ (ਬਠਿੰਡਾ)- 98554-80797

ਪਿਛਲੇ ਭਾਗ ਵਿੱਚ ਕੀਤੀ ਗਈ ਤਮਾਮ ਵਿਚਾਰ ’ਚ ਉਨ੍ਹਾਂ ‘ਨਾਂਵ, ਵਿਸ਼ੇਸ਼ਣ, ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਅਤੇ ਹੁਕਮੀ ਭਵਿੱਖਤ ਕਾਲ ਕਿਰਿਆਵਾਂ’ ਦੇ ਲਿਖਤ ਨਿਯਮ ਨੂੰ ਆਧਾਰ ਬਣਾਇਆ ਗਿਆ ਸੀ, ਜਿਨ੍ਹਾਂ ਦੇ ਅੰਤ ‘ਔਂਕੜ’ ਹੁੰਦੀ ਹੈ। ਇਸ ਭਾਗ ਵਿੱਚ ਅੰਤ ਸਿਹਾਰੀ ਨਿਯਮ ਨੂੰ ਸੰਖੇਪ ’ਚ ਵਿਚਾਰਿਆ ਜਾ ਰਿਹਾ ਹੈ। ਅਨ੍ਯ ਭਾਸ਼ਾਵਾਂ ਦੇ ਕੁਝ ਸ਼ਬਦ ਆਪਣੀ ਅੰਤ ਸਿਹਾਰੀ ਨਾਲ ਹੀ ਲੈ ਕੇ ਆਉਂਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1). ਗੁਰਬਾਣੀ ਵਿੱਚ ਕਿਉਂਕਿ ਕਈ ਭਾਸ਼ਾਵਾਂ (ਲਗਭਗ 12) ਵਰਤੀਆਂ ਗਈਆਂ ਹਨ ਇਸ ਲਈ ਕੁਝ ਅਨ੍ਯ ਭਾਸ਼ਾਵਾਂ ਦੇ ਸ਼ਬਦ ਆਪਣੀ ਅੰਤ ਸਿਹਾਰੀ ਵੀ ਨਾਲ ਲੈ ਕੇ ਆਏ ਹਨ; ਜਿਵੇਂ ਕਿ ‘ਭਗਤਿ, ਕਾਮਣਿ, ਮੂਰਤਿ, ਹਰਿ, ਆਦਿ, ਜੁਗਾਦਿ’, ਆਦਿਕ, ਇਹ ਨਿਯਮ ਅਜੋਕੀ ਪੰਜਾਬੀ ਲਿਖਤ ਵਿੱਚ ਪ੍ਰਚਲਿਤ ਨਹੀਂ ਹੈ ਜਦ ਕਿ ਗੁਰਬਾਣੀ ਵਿੱਚ ਕੁਝ ਇਸਤਰੀ ਲਿੰਗ ਨਾਂਵ ਸ਼ਬਦ ਅੰਤ ਸਿਹਾਰੀ ਹੁੰਦੇ ਹਨ, ਜਿਵੇਂ ਕਿ ‘ਕਾਮਣਿ, ਨਾਰਿ, ਸੁਹਾਗਣਿ, ਦੋਹਾਗਣਿ, ਬਨਜਾਰਨਿ, ਸੇਵਕਿ, ਭਗਤਿ, ਰੈਣਿ, ਰੈਨਿ, ਕਰਤੂਤਿ, ਮਸੀਤਿ, ਇਲਤਿ, ਜੁਗਤਿ, ਅਕਲਿ, ਸਾਬਾਸਿ, ਖਬਰਿ, ਬੇਲਿ, ਵੇਲਿ, ਭੀਤਿ, ਦਾਤਿ, ਰੁਤਿ, ਨਦਰਿ, ਡੋਰਿ, ਜੁਗਤਿ, ਧੁਨਿ, ਭੂਮਿ, ਧਰਤਿ, ਪ੍ਰੀਤਿ, ਰੀਤਿ, ਦ੍ਰਿਸਟਿ, ਰਿਧਿ, ਸਿਧਿ, ਨਿਧਿ, ਸਰਣਿ, ਮੂਰਤਿ, ਬਿਭੂਤਿ, ਆਦਿ ਸਭ ਇਸਤਰੀ ਲਿੰਗ ਇੱਕ ਬਚਨ ਨਾਂਵ ਹਨ।

ਕਈ ਮਿਸ਼ਨਰੀ ਸੋਚ ਵਾਲੇ ਵਿਦਵਾਨਾਂ ਦੀ ਰਾਇ ਹੈ ਕਿ ਦੂਸਰੀਆਂ ਭਾਸ਼ਾਵਾਂ ਵਿੱਚੋਂ ਆਏ ਇਨ੍ਹਾਂ ਤਤਸਮ ਸ਼ਬਦਾਂ ਦੀ ਬਣਤਰ ਭਾਵ ਅੰਤ ਸਿਹਾਰੀ ਉਚਾਰਨ ਦਾ ਭਾਗ ਹੋਣਾ ਜ਼ਰੂਰੀ ਹੈ ਕਿਉਂਕਿ ਅੰਤ ਸਿਹਾਰੀ ਤੇ ਅੰਤ ਮੁਕਤ ਸ਼ਬਦ, ਪਿੰਗਲ ਨਿਯਮ ਅਨੁਸਾਰ ਲਘੂ ਮਾਤਰਾ (ਪਿੰਗਲ ਅੰਕ 1 ’ਚ) ਹੀ ਆਉਂਦੇ ਹਨ। ਧਿਆਨ ਰਹੇ ਕਿ ਸਿਹਾਰੀ ਨੂੰ ਬਿਹਾਰੀ (ਪਿੰਗਲ ਅੰਕ 2, ਦੀਰਘ ਮਾਤਰਾ) ਵਾਂਗ ਨਾ ਉਚਾਰਿਆ ਜਾਵੇ। ਗੁਰਬਾਣੀ ਵਿੱਚ ਕਾਵਿ ਤੋਲ ਦੇ ਪ੍ਰਭਾਵ ਕਾਰਨ ਹੀ ਇਨ੍ਹਾਂ ਨੂੰ ਅੰਤ ਸਿਹਾਰੀ ਲੱਗੀ ਹੁੰਦੀ ਹੈ, ਵੈਸੇ ਇਨ੍ਹਾਂ ਸ਼ਬਦਾਂ ਵਿੱਚੋਂ ਕਈਆਂ ਨੂੰ ਗੁਰਬਾਣੀ ਲਿਖਤ ’ਚ ਦੀਰਘ ਮਾਤਰ (ਅੰਤ ਬਿਹਾਰੀ) ਵੀ ਦਰਜ ਹੈ; ਜਿਵੇਂ ਕਿ ‘ਕਾਮਣੀ, ਨਾਰੀ, ਸੁਹਾਗਣੀ, ਦੋਹਾਗਣੀ’, ਆਦਿਕ ਪਰ ਜ਼ਿਆਦਾਤਰ ਮਿਸ਼ਨਰੀ ਸੱਜਣ ਵੀ ਅੰਤ ਸਿਹਾਰੀ ਵਾਲੇ ਸ਼ਬਦਾਂ ਨੂੰ ਅੰਤ ਮੁਕਤਾ ਪੜ੍ਹਨ ਦੇ ਸਮੱਰਥਕ ਹਨ ਭਾਵੇਂ ਕਿ ਅੰਤ ਸਿਹਾਰੀ ਇਨ੍ਹਾਂ (ਤਤਸਮ) ਸ਼ਬਦਾਂ ਦੀ ਮੂਲਕ ਹੀ ਕਿਉਂ ਨਾ ਹੋਵੇ।

ਮੇਰੀ ਨਿੱਜ ਰਾਇ ਮੁਤਾਬਕ ਜੇ ਕਰ ਕੋਈ ਵਿਅਕਤੀ ਅੰਤ ਸਿਹਾਰੀ ਦਾ ਸ਼ੁੱਧ ਉਚਾਰਨ ਕਰ ਸਕਦਾ ਹੋਵੇ ਤਾਂ ਉਸ ਲਈ ਇਨ੍ਹਾਂ ਸਭਨਾਂ ਦਾ ਉਚਾਰਨ ਸੰਬੰਧਿਤ ਭਾਸ਼ਾਵਾਂ ਦੇ ਉਚਾਰਨ ਨਿਯਮ ਵਾਂਗ ਭਾਵ ਅੰਤ ਸਿਹਾਰੀ ਸਮੇਤ ਕਰਨਾ ਹੀ ਯੋਗ ਹੋ ਸਕਦਾ ਹੈ ਕਿਉਂਕਿ ਅੰਤ ਸਿਹਾਰੀ ਦਾ ਉਚਾਰਨ, ਨਾ ਕਰਨ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ; ਜਿਵੇਂ ‘ਭਗਤਿ’ ਦਾ ਅਰਥ ਹੈ ‘ਭਗਤੀ’ ਅਤੇ ‘ਭਗਤ’ ਦਾ ਅਰਥ ਹੈ ‘ਭਗਤੀ ਕਰਨ ਵਾਲਾ’, ‘ਕਾਮਣਿ’ ਦਾ ਅਰਥ ਹੈ ‘ਇਸਤ੍ਰੀ’ ਅਤੇ ‘ਕਾਮਣ’ ਦਾ ਅਰਥ ਹੈ ‘ਯਾਦੂ-ਟੂਣੇ’, ਇਤਿਆਦਿਕ।

ਜਿਸ ਤਰ੍ਹਾਂ ‘ਕਿਸ, ਜਿਸ, ਤਿਸ’ ਦਾ ਉਚਾਰਨ ਨਾ ਤਾਂ ‘ਕੇਸ, ਜੇਸ, ਤੇਸ’ ਵਾਙ (ਭਾਵ ਸਿਹਾਰੀ ਦਾ ਉਚਾਰਨ ਲਾਂ ਵੱਲ) ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅੰਤ ਸਿਹਾਰੀ ਨੂੰ ਬਿਹਾਰੀ ਵਾਂਗ ‘ਕੀਸ, ਜੀਸ, ਤੀਸ’ ਵਾਙ; ਇਸੇ ਤਰ੍ਹਾਂ ਇਨ੍ਹਾਂ (ਅੰਤ ਸਿਹਾਰੀ ਵਾਲੇ) ਸ਼ਬਦਾਂ ਨੂੰ ਅੰਤ ਲਾਂ ਵਾਂਗ ‘ਭਗਤੇ, ਕਾਮਣੇ, ਮੂਰਤੇ, ਹਰੇ, ਆਦੇ, ਜੁਗਾਦੇ’ ਉਚਾਰਨਾ ਜਾਂ ਅੰਤ ਸਿਹਾਰੀ ਵਾਲੇ ਸ਼ਬਦਾਂ ਨੂੰ ਅੰਤ ਬਿਹਾਰੀ ਵਾਂਗ ‘ਭਗਤੀ, ਕਾਮਣੀ, ਮੂਰਤੀ, ਹਰੀ, ਆਦੀ, ਜੁਗਾਦੀ’ ਉਚਾਰਨ ਕਰਨਾ ਗਲਤ ਹੋਵੇਗਾ ਕਿਉਂਕਿ ਸਿਹਾਰੀ (ਲਘੂ ਮਾਤਰਾ) ਦਾ ਉਚਾਰਨ ਲਾਂ ਜਾਂ ਸਿਹਾਰੀ (ਦੀਰਘ ਮਾਤਰਾ) ਵਾਲਾ ਕਦੇ ਵੀ ਨਹੀਂ ਹੋ ਸਕਦਾ ਪਰ ਬਿਨਾਂ ਸੋਚੇ ਸਮਝੇ ਕਈ ਥਾਂਈ ਕੀਤਾ ਜਾ ਰਿਹਾ ਹੈ; ਜਿਵੇਂ ਕਿ (੨੪ ਅਵਤਾਰ ਰਾਮ/ ਦਸਮ ਗ੍ਰੰਥ ’ਚੋਂ ਲਈ ਗਈ) ਰਹਰਾਸਿ ਵਿੱਚ (‘ਬਾਂਹਿ’ ਗਹੇ ਕੀ ਲਾਜ ਅਸਿ; ਗੋਬਿੰਦ ਦਾਸ ਤੁਹਾਰ ॥੮੬੪॥ ਤੁਕ ’ਚ ਪਹਿਲਾਂ ਤਾਂ ‘ਬਾਂਹ’ ਨੂੰ ਸਿਹਾਰੀ ਅੰਤ ‘ਬਾਂਹਿ’ ਲਿਖਣਾ ਹੀ ਗਲਤ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਲਿਖਤ ਵਿੱਚ ‘ਬਾਂਹ’ 4 ਵਾਰ ਅਤੇ ‘ਬਾਹ’ 29 ਵਾਰ ਭਾਵ ‘ਹ’ ਅੰਤ ਮੁਕਤਾ ਹੀ ਹਰ ਵਾਰ ਦਰਜ ਹੈ, ਨਾ ਕਿ ‘ਬਾਹਿ’ ਜਾਂ ‘ਬਾਂਹਿ’; ਜਿਵੇਂ ਕਿ

“ਮੋਹ ਚੀਕੜਿ ਫਾਥੇ, ਨਿਘਰਤ ਹਮ ਜਾਤੇ; ਹਰਿ ‘ਬਾਂਹ’ ਪ੍ਰਭੂ ਪਕਰਾਇ ਜੀਉ ॥” (ਮ: ੪/੪੪੬)

“ਪ੍ਰਭਿ ਬਾਂਹ ਪਕਰਾਈ, ਊਤਮ ਮਤਿ ਪਾਈ ; ਗੁਰ ਚਰਣੀ ਜਨੁ ਲਾਗਾ (ਮ: ੪/੪੪੬)

“ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ (ਮ: ੧/੧੨੭੯) , ਆਦਿ।

“ਸੁਣਿ ਸੁਣਿ ਕਾਮ ਗਹੇਲੀਏ ! ਕਿਆ ਚਲਹਿ ਬਾਹ ਲੁਡਾਇ ? (ਮ: ੩/੩੭)

ਬਾਹ ਪਕੜਿ ਤਿਸੁ ਸੁਆਮੀ ਮੇਲੈ; ਜਿਸ ਕੈ ਮਸਤਕਿ ਲਹਣਾ ॥” (ਮ: ੫/੧੦੯)

“ਅੰਧ ਕੂਪ ਮਹਾ ਘੋਰ ਤੇ; ਬਾਹ ਪਕਰਿ ਗੁਰਿ ਕਾਢਿ ਲੀਏ ॥” (ਮ: ੫/੩੮੩)

“ਨਾਨਕ ! ਬਾਹ ਪਕਰਿ, ਸਤਿਗੁਰਿ ਨਿਸਤਾਰਾ ॥” (ਮ: ੫/੮੦੪), ਆਦਿ। ਇਸ (ਬਾਂਹ) ਦਾ ਅਰਥ ਹੈ ਵਾਜੂ, ਭੁਜਾ।

ਗੁਰਬਾਣੀ ਲਿਖਤ ਦੀ ਇਹ ਵਿਲੱਖਣਤਾ ਰਹੀ ਹੈ ਕਿ ਉਚਾਰਨ ਸੇਧ ਵਾਲੇ ਸ਼ਬਦ ਘੱਟ ਗਿਣਤੀ ਵਿੱਚ ਆਏ ਹੁੰਦੇ ਹਨ ਜਦ ਕਿ ਇਨ੍ਹਾਂ ਤੋਂ ਸੇਧ ਲੈ ਕੇ ਦਰੁਸਤ ਪਾਠ ਕਰਨ ਵਾਲੇ ਸ਼ਬਦ ਬਹੁਤਾਤ ਵਿੱਚ ਦਰਜ ਕੀਤੇ ਹੁੰਦੇ ਹਨ। ਇਸੇ ਤਰ੍ਹਾਂ ‘ਬਾਂਹ’ (4 ਵਾਰ) ਤੋਂ ਸੇਧ ਲੈ ਕੇ ‘ਬਾਹ’ (29 ਵਾਰ) ਦੇ ਉਚਾਰਨ ਨੂੰ ਦਰੁਸਤ ਪਾਠ ‘ਬਾਂਹ’ ਕਰਨਾ ਹੈ।

ਇਸਤਰੀ ਲਿੰਗ ਸ਼ਬਦ ‘ਬਾਂਹ’ ਦੇ ਅਰਥ ਦੇਣ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਵੀ ਸਿਹਾਰੀ ਅੰਤ ਸ਼ਬਦ ‘ਬਾਂਹਿ’ ਨਹੀਂ ਆਇਆ। ਇਸ ਲਈ ਪਹਿਲੀ ਗਲਤੀ ਤਾਂ ‘ਬਾਂਹ’ ਨੂੰ ਬਾਂਹਿ’ ਲਿਖ ਕੇ ਕੀਤੀ ਗਈ ਹੈ। ਸ਼ਾਇਦ ਇਹ ਇਸ ਕਾਰਨ ਹੋਵੇ ਕਿ ਇਸ ਦਾ ਮੂਲ ਸ੍ਰੋਤ ਦਸਮ ਗ੍ਰੰਥ ਵਿੱਚ ਦਰਜ ਰਾਮਾਇਣ ਕਥਾ ’ਚੋਂ ਲਿਆ ਗਿਆ ਹੋਵੇ: ਦੋਹਰਾ- “ਸਗਲ ਦੁਆਰ ਕਉ ਛਾਡਿ ਕੈ, ਗਹਯੋ ਤੁਹਾਰੋ ਦੁਆਰ ॥ ‘ਬਾਂਹਿ’ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ ॥੮੬੪॥” (ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥)

ਗੁਰੂ ਗ੍ਰੰਥ ਸਾਹਿਬ ਵਾਂਗ ਦਸਮ ਗ੍ਰੰਥ ਦੀ ਕੋਈ ਵੀ ਬੀੜ ਪ੍ਰਮਾਣਿਕ ਸ਼ੁਧਤਾ ਵਾਲੀ ਨਹੀਂ ਮਿਲ ਰਹੀ ਇਨ੍ਹਾਂ ਵਿੱਚ ਬਹੁਤ ਹੀ ਪਾਠੰਤਰ ਭੇਦ ਹਨ। ਇਸ ਲਈ ਸਿਹਾਰੀ ਅੰਤ ‘ਬਾਂਹਿ’ ਸ਼ੁੱਧ ਨਹੀਂ ਮੰਨਿਆ ਜਾ ਸਕਦਾ ਅਤੇ ਦੂਜੀ ਵੱਡੀ ਗਲਤੀ ‘ਬਾਂਹ’ ਨੂੰ ‘ਬਾਂਹੇਂ’ ਉਚਾਰਨਾ, ਅਰਥਾਂ ਦੇ ਅਨਰਥ ਕਰਨਾ ਹੈ ਕਿਉਂਕਿ ਪੰਜਾਬੀ ਵਿੱਚ ‘ਬਾਂਹਾ’ ਇੱਕ ਵਚਨ ਸ਼ਬਦ ਹੈ ਜਿਸ ਦਾ ਅਰਥ ਹੈ, ਕਿਸੇ ਔਜਾਰ ਦਾ ਦਸਤਾ ਅਤੇ ਇਸ ਦਾ ਬਹੁ ਵਚਨ ਹੈ ‘ਬਾਂਹੇਂ’ ਜਿਸ ਦਾ ਅਰਥ ਹੈ- ਦਸਤੇ, ਹੱਥੇ।

ਗੁਰਬਾਣੀ ਵਿੱਚ ਇਨ੍ਹਾਂ ਅਨ੍ਯ ਭਾਸ਼ਾਵਾਂ ਦੇ ਅੰਤ ਸਿਹਾਰੀ ਇਸਤ੍ਰੀ ਲਿੰਗ ਅਤੇ ਅੰਤ ਮੁਕਤਾ ਸ਼ਬਦਾਂ ਦੀ ਵਰਤੋਂ ਇਉਂ ਕੀਤੀ ਹੋਈ ਮਿਲਦੀ ਹੈ:

“ਵਿਣੁ ਗੁਣ ਕੀਤੇ; ‘ਭਗਤਿ’ ਨ ਹੋਇ (ਜਪੁ)

“ਅਸੰਖ ‘ਭਗਤ’; ਗੁਣ ਗਿਆਨ ਵੀਚਾਰ ॥” (ਜਪੁ)

“ਰਸੁ ਸੁਇਨਾ, ਰਸੁ ਰੁਪਾ ‘ਕਾਮਣਿ’; ਰਸੁ ਪਰਮਲ ਕੀ ਵਾਸੁ ॥” (ਮ: ੧/੧੫)

“ਗੁਣ ‘ਕਾਮਣ’ ਕਰਿ; ਕੰਤੁ ਰੀਝਾਇਆ ॥” (ਮ: ੫/੭੩੭), ਆਦਿ।

(2). ਅੰਤ ਸਿਹਾਰੀ ਵਾਲੇ ਇਸਤ੍ਰੀ ਲਿੰਗ ਸ਼ਬਦਾਂ ਦੇ ਵਿਸ਼ੇਸ਼ਣ ਸ਼ਬਦ ਵੀ ਅੰਤ ਸਿਹਾਰੀ ਹੀ ਹੁੰਦੇ ਹਨ; ਜਿਵੇਂ ਕਿ ‘ਸੁਘਰਿ, ਨਿਰਗੁਨਿ, ਪਰਧਾਨਿ, ਕਰੂਪਿ, ਸਰੂਪਿ, ਬੇਪੀਰਿ (ਭਾਵ ਨਿਗੁਰੀ), ਚੰਚਲਿ, ਸੁੰਦਰਿ, ਸੁਜਾਣਿ, ਚਤੁਰਿ, ਬਿਚਖਨਿ, ਆਦਿਕ; ਜਿਵੇਂ “ਸੋਹਨੀ ਸਰੂਪਿ, ਸੁਜਾਣਿ ਬਿਚਖਨਿ  (ਮ: ੫/੩੭੪)

(3). ‘ਪਾਂਚ, ਦਸ, ਗਿਆਰਹ, ਬਾਰਹ, ਬੀਸ, ਸਉ, ਲਖ, ਲਾਖ’ ਆਦਿਕ ਕੁਝ ਕੁ ਸੰਖਿਆ ਵਾਚਕ ਸ਼ਬਦਾਂ ਨੂੰ ਛੱਡ ਕੇ ਤਕਰੀਬਨ ਬਾਕੀ ਦੇ ਸਾਰੇ ਗਿਣਤੀ ਵਾਚਕ ਸ਼ਬਦ ਅੰਤ ਸਿਹਾਰੀ ਹੁੰਦੇ ਹਨ; ਜਿਵੇਂ ਕਿ ‘ਦੁਇ, ਤੀਨਿ, ਚਾਰਿ, ਪੰਜਿ, ਅਠਿ, ਸਠਿ, ਅਠਸਠਿ, ਕਰੋੜਿ, ਕ੍ਰੋੜਿ, ਆਦਿਕ; ਜਿਵੇਂ ‘ਤੀਨਿ’ ਸੇਰ ਕਾ, ਦਿਹਾੜੀ ਮਿਹਮਾਨੁ ॥ (ਮ: ੫/੩੭੪)

(ਨੋਟ: ਧਿਆਨ ਰਹੇ ਕਿ ‘ਇਕਿ’ ਦਾ ਅਰਥ ‘ਕਈ’, ‘ਇਕੁ’ ਦਾ ਅਰਥ ‘ਪੁਲਿੰਗ ਇੱਕ’ ਅਤੇ ‘ਇਕ’ ਦਾ ਅਰਥ ‘ਇਸਤ੍ਰੀ ਲਿੰਗ ਇੱਕ’ ਹੁੰਦਾ ਹੈ।)

ਇਕਿ ਦਾਤੇ, ਇਕਿ ਭੇਖਾਰੀ ਜੀ !   ਸਭਿ ਤੇਰੇ ਚੋਜ ਵਿਡਾਣਾ  (ਸੋ ਪੁਰਖੁ ਆਸਾ ਮਃ ੪/ ਅੰਕ੧੧)

ਇਕਿ ਆਵਹਿ, ਇਕਿ ਜਾਹਿ ਉਠਿ;   ਰਖੀਅਹਿ ਨਾਵ ਸਲਾਰ (ਸਿਰੀਰਾਗੁ ਮਃ ੧/ਅੰਕ ੧੬)

“ਸਭਨਾ ਜੀਆ ਕਾ ਇਕੁ ਦਾਤਾ;   ਸੋ ਮੈ ਵਿਸਰਿ ਨ ਜਾਈ (ਜਪੁ /ਅੰਕ ੨)

ਇਕੁ ਸੰਸਾਰੀ, ਇਕੁ ਭੰਡਾਰੀ;   ਇਕੁ ਲਾਏ ਦੀਬਾਣੁ (ਜਪੁ/ਅੰਕ ੭)

“ਸਹਸ ਸਿਆਣਪਾ ਲਖ ਹੋਹਿ;   ਤ ਇਕ ਨ ਚਲੈ ਨਾਲਿ (ਜਪੁ/ਅੰਕ ੧)

“ਓੜਕ ਓੜਕ ਭਾਲਿ ਥਕੇ;   ਵੇਦ ਕਹਨਿ ਇਕ ਵਾਤ  (ਜਪੁ/ਅੰਕ ੫)

(4). ਸੰਬੰਧਕੀ ਪਦ; ਜਿਵੇਂ ਕਿ ‘ਵਿਚਿ, ਉਪਰਿ, ਊਪਰਿ, ਹੇਠਿ, ਨਾਲਿ, ਅੰਦਰਿ, ਅੰਤਰਿ, ਬਾਹਰਿ, ਭੀਤਰਿ, ਬੀਚਿ, ਮੰਝਾਰਿ, ਸੰਗਿ, ਵਲਿ, ਮਹਿ, ਮਾਹਿ, ਪਾਸਿ, ਦੁਆਸਿ, ਪਹਿ (ਭਾਵ ਅੱਗੇ), ਪਾਰਿ, ਨਿਕਟਿ, ਬਰਾਬਰਿ, ਸਾਥਿ, ਨਜੀਕਿ, ਤੁਲਿ (ਭਾਵ ਬਰਾਬਰ), ਅੰਤਿ’, ਆਦਿਕ ਦੇ ਅੰਤਲੇ ਅੱਖਰਾਂ ਨਾਲ ਆਮ ਤੌਰ ’ਤੇ ‘ਅੰਤ ਸਿਹਾਰੀ’ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ ‘‘ਓਨਾ ਪਾਸਿ ਦੁਆਸਿ ਨ ਭਿਟੀਐ; ਜਿਨ ਅੰਤਰਿ  ਕ੍ਰੋਧੁ ਚੰਡਾਲ ॥’’ (ਮ: ੪/੪੦)

(5). ‘ਬੈਠ ਕੇ ਪਾਠ ਸੁਣ।’ ਵਾਕ ’ਚ ਮੂਲ ਕਿਰਿਆ ‘ਸੁਣ’ ਹੈ, ਜਿਸ ਦੀ ਮਦਦ ਲਈ ‘ਬੈਠ ਕੇ’ (ਕਿਰਿਆ ਵਿਸ਼ੇਸ਼ਣ) ਵੀ ਦਰਜ ਕੀਤਾ ਗਿਆ ਹੈ ਪਰ ਗੁਰਬਾਣੀ ’ਚ ਇਹੀ ਵਾਕ ‘ਬੈਠਿ (ਕੇ), ਪਾਠੁ ਸੁਣੁ’ ਹੋਵੇਗਾ ਕਿਉਂਕਿ ‘ਪਾਠੁ’ ਇੱਕ ਵਚਨ ਪੁਲਿੰਗ ਨਾਂਵ, ‘ਬੈਠਿ’ (ਕਿਰਿਆ ਵਿਸ਼ੇਸ਼ਣ) ਤੇ ‘ਸੁਣੁ’ ਹੁਕਮੀ ਭਵਿੱਖ ਕਾਲ (ਮੂਲ) ਕਿਰਿਆ ਹੈ। ਇਸ ਵਿਚਾਰ ਦਾ ਮਤਲਬ ਇਹ ਦਰਸਾਉਣਾ ਹੈ ਕਿ ਮੂਲ ਕਿਰਿਆ ਦੀ ਮਦਦ ਲਈ ਆਇਆ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਅੰਤ ਸਿਹਾਰੀ ਹੀ ਹੁੰਦਾ ਹੈ; ਜਿਵੇਂ ਕਿ:

ਸੁਣਿ (ਕੇ), ਵਡਾ ਆਖੈ ਸਭੁ ਕੋਇ ॥” (ਸੋ ਦਰੁ, ਮ: ੧/੯)

“ਸਾਲਾਹੀ ਸਾਲਾਹਿ (ਕੇ); ਏਤੀ ਸੁਰਤਿ ਨ ਪਾਈਆ ॥” (ਜਪੁ)

ਸੁਨਿ (ਕੇ); ਅੰਧਾ, ਕੈਸੇ ਮਾਰਗੁ ਪਾਵੈ ? (ਮ: ੫/੨੬੭)ਆਦਿ ਵਾਕਾਂ ’ਚ ‘ਆਖੈ, ਪਾਈਆ, ਪਾਵੈ’ ਮੂਲ ਕਿਰਿਆਵਾਂ ਹਨ, ਜਿਨ੍ਹਾਂ ਦੀ ਮਦਦ ਲਈ ‘ਸੁਣਿ, ਸਾਲਾਹਿ, ਸੁਨਿ’ (ਕਿਰਿਆ ਵਿਸ਼ੇਸ਼ਣ) ਅੰਤ ਸਿਹਾਰੀ ਦਰਜ ਕੀਤੇ ਗਏ । ਧਿਆਨ ਰਹੇ ਕਿ ਇਨ੍ਹਾਂ ਦੀ ਅੰਤ ਸਿਹਾਰੀ ਉਚਾਰਨ ਦਾ ਭਾਗ ਨਹੀਂ, ਕੇਵਲ ਅਰਥ ਕਰਨ ਲਈ ਸਹਾਇਕ ਹੁੰਦੀ ਹੈ।

(6). ਉਕਤ ਇਸ ਵਿਸ਼ੇ ਦੇ ਪਹਿਲੇ ਭਾਗ (ਨੰਬਰ 6) ’ਚ ਕੀਤੀ ਗਈ ਵਿਚਾਰ ਕਿ ‘ਹੁਕਮੀ ਭਵਿੱਖ ਕਾਲ ਕਿਰਿਆ’ ਨੂੰ ਅੰਤ ਔਂਕੜ (ਰਖੁ, ਸੁਣੁ, ਆਦਿ) ਹੁੰਦਾ ਹੈ, ਜਿਨ੍ਹਾਂ ਦਾ ਅਰਥ ਬਣਦਾ ਹੈ: ‘ਤੂੰ ਰੱਖ, ਤੂੰ ਸੁਣ’, ਆਦਿ। ਇਸੇ ਤਰ੍ਹਾਂ ‘ਹੁਕਮੀ ਭਵਿੱਖ ਕਾਲ ਕਿਰਿਆ’ ਸ਼ਬਦਾਂ ਨੂੰ ਅੰਤ ਸਿਹਾਰੀ ਵੀ ਹੁੰਦੀ ਹੈ ਤੇ ਅਰਥ ਅੰਤ ਔਂਕੜ ਵਾਂਗ ਹੀ ਬਣਦੇ ਹਨ; ਜਿਵੇਂ ਕਿ ਇੱਕ ਤੁਕ ’ਚ ਹੀ ਦੋਵੇਂ ਲਿਖਤ ਨਿਯਮ ਦਰਜ ਹਨ :- “ਸੁਣਿ  ਮਨ ਮਿਤ੍ਰ ਪਿਆਰਿਆ ! ਮਿਲੁ  ਵੇਲਾ ਹੈ ਏਹ ॥ (ਮ: ੧/੨੦) ਇਸ ਵਾਕ ’ਚ ਦੋ ਹੁਕਮੀ ਭਵਿੱਖ ਕਾਲ ਕਿਰਿਆਵਾਂ ਹਨ ‘ਸੁਣਿ’ ਤੇ ‘ਮਿਲੁ’ ਅਤੇ ਦੋਹਾਂ ਦਾ ਅਰਥ ਹੈ: (ਹੇ ਮਨ ਪਿਆਰਿਆ!) ‘ਤੂੰ ਸੁਣ, ਤੂੰ ਮਿਲ’, ਪਰ ਲਿਖਤ ਨਿਯਮ ਦੋ ਪ੍ਰਕਾਰ ਭਾਵ ਅੰਤ ਸਿਹਾਰੀ ਤੇ ਅੰਤ ਔਂਕੜ ਹਨ। ਅਜਿਹੀਆਂ ਤੁਕਾਂ ’ਚ ਜ਼ਿਆਦਾਤਰ ਇੱਕ ਵਚਨ ਨਾਂਵ ਨੂੰ ਸੰਬੋਧਨ ਹੋਵੇਗਾ; ਜਿਵੇਂ ਕਿ ‘ਹੇ ਭਾਈ !, ਹੇ ਮਨ !, ਹੇ ਜੀਵ !, ਹੇ ਪਰਾਨੀ !’; ਜਿਵੇਂ “ਰਮਈਆ ਕੇ ਗੁਨ, ਚੇਤਿ ਪਰਾਨੀ! ॥” (ਮ: ੫/੨੬੬), ਵਾਕ ’ਚ ‘ਹੇ ਪ੍ਰਾਣੀ!’ ਸੰਬੋਧਨ ਸਮੇਤ ‘ਚੇਤਿ’ ਭਾਵ ਹੈ ਤੂੰ ਚੇਤੇ ਕਰ, ਤੂੰ ਯਾਦ ਕਰ’ ਹੁਕਮੀ ਭਵਿੱਖ ਕਾਲ ਕਿਰਿਆ (ਅੰਤ ਸਿਹਾਰੀ), ਆਦਿ।

(7). ਨਿਸ਼ਚੇਵਾਚਕ ਪੜਨਾਂਵ ਜਾਂ ਵਿਸ਼ੇਸ਼ਣਾਂ ਦੇ ਅੰਤਲੇ ਅੱਖਰਾਂ ਨੂੰ ਵੀ ਲੱਗੀ ਸਿਹਾਰੀ ਬਹੁ ਵਚਨੀ ਅਰਥਾਂ ਦੀ ਸੂਚਕ ਹੁੰਦੀ ਹੈ। ਇਨ੍ਹਾਂ ਨਾਲ ਕਿਰਿਆ ਵੀ ਬਹੁ ਵਚਨ ਹੋਵੇਗੀ; ਜਿਵੇਂ ਮੌਜੂਦਾ ਪੰਜਾਬੀ ਵਿੱਚ ਲਿਖਿਆ ਜਾਂਦਾ ਹੈ: ‘ਹੇ ਨਾਨਕ ! ਇਹੀ ਗੁਣ ਮੂਰਖਾਂ ਦੇ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦੇ ਹਨ ਸਦਾ ਉਹੀ ਬੋਲਦੇ ਹਨ ਜਿਸ ਨਾਲ ਕਿਸੇ ਦਾ ਨੁਕਸਾਨ ਹੀ ਹੋਵੇ।’ ਇਸ ਨੂੰ ਗੁਰਬਾਣੀ ਵਿੱਚ ਲਿਖਿਆ ਜਾਵੇਗਾ: “ਨਾਨਕ ! ਮੂਰਖ  ਏਹਿ ਗੁਣ ; ਬੋਲੇ, ਸਦਾ ਵਿਣਾਸੁ ॥” (ਮ ੧/੧੪੩), ਵਾਕ ’ਚ ‘ਗੁਣ’ (ਅੰਤ ਮੁਕਤਾ) ਬਹੁ ਵਚਨ ਨਾਂਵ ਹੈ, ਜਿਸ ਦੀ ਮਦਦ ਲਈ ‘ਏਹਿ’ (ਅੰਤ ਸਿਹਾਰੀ) ਵੀ ਬਹੁ ਵਚਨ ਪੜਨਾਂਵੀ ਵਿਸ਼ੇਸ਼ਣ ਹੀ ਹੈ।

ਜਿਹਨਾਂ ਪੜਨਾਵਾਂ/ਵਿਸ਼ੇਸ਼ਣਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗੀ ਹੋਵੇ ਉਹ ਇੱਕ ਵਚਨ ਪੁਲਿੰਗ ਹੁੰਦੇ ਹਨ, ਮੁਕਤਾ ਅੰਤ ਵਾਲੇ ਇਸਤਰੀ ਲਿੰਗ ਅਤੇ ਅੰਤ ਸਿਹਾਰੀ ਵਾਲੇ ਬਹੁ ਵਚਨ ਪੁਲਿੰਗ ਦੇ ਲਖਾਇਕ ਹੁੰਦੇ ਹਨ; ਜਿਵੇਂ ਕਿ

ਇੱਕ ਵਚਨ ਪੁਲਿੰਗ—-ਇਸਤਰੀ ਲਿੰਗ——–ਬਹੁ ਵਚਨ (ਪੁਲਿੰਗ) ——ਉਚਾਰਨ

       ਇਹੁ————ਇਹ—————ਇਹਿ——————-ਇਹ

       ਓਹੁ————–ਓਹ————–ਓਹਿ——————–ਓਹ

       ਹੋਰੁ————–ਹੋਰ—————ਹੋਰਿ——————–ਹੋਰ

      ਇਕੁ————-ਇਕ————–ਇਕਿ——————-ਇੱਕ

       ਸਭੁ————–ਸਭ————–ਸਭਿ——————–ਸਭ

     ਅਵਰੁ————-ਅਵਰ————-ਅਵਰਿ——————ਅਵਰ

(ਨੋਟ: ‘ਸਭ’ ਸ਼ਬਦ ਅੰਤ ਮੁਕਤਾ ਬਾਰੇ ਅਪਵਾਦ ਹੈ ਕਿਉਂਕਿ ਇਹ ਸ਼ਬਦ ਕਈ ਵਾਰ ਬਹੁ ਵਚਨ ਦੇ ਅਰਥ ਵੀ ਦੇ ਰਿਹਾ ਹੈ ਤੇ ਇਸਤ੍ਰੀ ਲਿੰਗ ਅਰਥ ਵੀ; ਇਸ ਸੰਬੰਧੀ ਹੋਰ ਖੋਜ ਦੀ ਲੋੜ ਹੈ।

ਇੱਥੇ ਇਹ ਵੀ ਚੇਤੇ ਰੱਖਣਯੋਗ ਹੈ ਕਿ ਉਕਤ ਪੜਨਾਵਾਂ ’ਚੋਂ ਜੋ ਸ਼ਬਦ ਅੰਤ ‘ਨ’ ਅੱਖਰ ਹੁੰਦੇ ਹਨ; ਜਿਵੇਂ ‘ਜਿਨ, ਉਨ, ਤਿਨ, ਇਨ’, ਆਦਿ ਤਾਂ ਉਕਤ ਦਰਸਾਏ ਨਿਯਮ ਬਦਲ ਜਾਂਦੇ ਹਨ ਭਾਵ ਮੁਕਤਾ ਅੰਤ ‘ਨ’ ਬਹੁ ਵਚਨ ਪੜਨਾਂਵ (ਨਾ ਕਿ ਇਸਤਰੀ ਲਿੰਗ) ਤੇ ਸਿਹਾਰੀ ਅੰਤ ‘ਨ’ ਇੱਕ ਵਚਨ ਪੜਨਾਂਵ (ਨਾ ਕਿ ਬਹੁ ਵਚਨ) ਹੋ ਜਾਂਦੇ ਹਨ; ਜਿਵੇਂ ‘ਜਿਨਿ, ਉਨਿ, ਤਿਨਿ, ਇਨਿ, ਆਦਿ ਦੀ ਮਿਸਾਲ ਇਸ ਪ੍ਰਕਾਰ ਹੈ:

ਜਿਨਿ ਸੇਵਿਆ; ਤਿਨਿ  ਪਾਇਆ ਮਾਨੁ ॥” (ਜਪੁ)

ਜਿਨ ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥” (ਸੋ ਪੁਰਖੁ/ਮ: ੪/੧੦)

ਜਿਨ ਨਿਰਭਉ,  ਜਿਨ ਹਰਿ ਨਿਰਭਉ ਧਿਆਇਆ ਜੀ !  ਤਿਨ ਕਾ ਭਉ ਸਭੁ ਗਵਾਸੀ ॥” (ਸੋ ਪੁਰਖੁ/ ਮ: ੪/੧੧), ਆਦਿ।

ਚੇਤੇ ਰਹੇ ਕਿ ‘ਜਿਨਿ’ (ਇੱਕ ਵਚਨ) ਨਾਲ ਸੰਬੰਧਕੀ ਸ਼ਬਦ ਆਇਆਂ ਵੀ ‘ਜਿਨ’ (ਅੰਤ ਮੁਕਤਾ ਨ) ਬਣ ਜਾਂਦਾ ਹੈ, ਜੋ ਇੱਕ ਵਚਨ ਪੜਨਾਂਵ ਹੀ ਹੁੰਦਾ ਹੈ; ਜਿਵੇਂ :

ਜਿਨ ਕੈ ਰਾਮੁ ਵਸੈ; ਮਨ ਮਾਹਿ ॥” (ਜਪੁ), ਇਸ ਤੁਕ ’ਚ ‘ਕੈ’ ਨੇ ‘ਜਿਨਿ’ ਨੂੰ ‘ਜਿਨ’ ਬਣਾ ਦਿੱਤਾ, ਇਸ ਲਈ ਇੱਥੇ ਅੰਤ ਮੁਕਤ ‘ਜਿਨ’ ਬਹੁ ਵਚਨ ਦਾ ਲਖਾਇਕ ਨਹੀਂ।

(8). ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦੇ ਅਖੀਰਲੇ ਅੱਖਰ ਨੂੰ ਵੀ ਚਾਰ ਕਾਰਕ (ਕੇਸਾਂ) ਵਿੱਚ ਸਿਹਾਰੀ ਅੰਤ ਲੱਗ ਜਾਂਦੀ ਹੈ, ਜੋ ਕਾਰਕੀ ਅਰਥ (ਨੇ, ਨਾਲ, ਵਿੱਚ, ਤੋਂ) ਦਿੰਦੀ ਹੈ ; ਜਿਵੇਂ

(ੳ). ਕਰਤਾ ਕਾਰਕ (ਕਾਰਜ ਕਰਨ ਵਾਲਾ, ਇਸ ਦਾ ਚਿੰਨ੍ਹ ਹੈ: ‘ਨੇ’): ਜਿਵੇਂ ਅੱਜ ਕੱਲ ਦੀ ਪੰਜਾਬੀ ਵਿੱਚ ਲਿਖਾਂਗੇ ‘ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ।’ ਇਹੀ ਭਾਵਨਾ ਗੁਰਬਾਣੀ ਵਿੱਚ ਇਉਂ ਦਰਜ ਹੈ: “ਗੁਰ ਮਿਲਿ,  ਨਾਨਕਿ  (ਨੇ), ਖਸਮੁ ਧਿਆਇਆ ॥” (ਮ: ੫/੧੧੮੪)

(ਅ). ਕਰਣ ਕਾਰਕ (ਜਿਸ ਦੀ ਸਹਾਇਤਾ ਨਾਲ ਕੰਮ ਹੋਵੇ, ਇਸ ਦਾ ਚਿੰਨ੍ਹ ਹੈ: ‘ਨਾਲ, ਰਾਹੀਂ, ਦੁਆਰਾ’): ਅਜੋਕੀ ਪੰਜਾਬੀ ਦਾ ਵਾਕ ਹੈ, ‘ਸਾਬਣ ਨਾਲ’ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ।’ ਇਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਜਾਏਗਾ, “ਜਿਉ ਸਾਬੁਨਿ (ਨਾਲ), ਕਾਪਰ ਊਜਲ ਹੋਤ ॥” (ਮ ੫ /੯੧੪)

(ੲ). ਅਧਿਕਰਣ ਕਾਰਕ (‘ਅਧਿ’ ਦਾ ਅਰਥ ਹੁੰਦਾ ਹੈ ‘ਦੋ ਚੀਜ਼ਾਂ ਦੇ ਵਿਚਕਾਰ’ ਤੇ ਇਸ ਦਾ ਚਿੰਨ੍ਹ ਹੈ: ‘ਅੰਦਰ’, ਵਿੱਚ, ਉੱਤੇ’), ਜਿਵੇਂ ਕਿ ਪੰਜਾਬੀ ਵਾਕ ਹੈ ‘ਰਾਜ-ਦਰਬਾਰਾਂ ਵਿਚ’ ਪੰਚ ਜਨ ਸੋਭਦੇ ਹਨ, ਇਸ ਨੂੰ ਗੁਰਬਾਣੀ ਲਿਖਤ ਮੁਤਾਬਕ ਲਿਖਿਆ ਜਾਏਗਾ: “ਪੰਚੇ ਸੋਹਹਿ,  ਦਰਿ (ਵਿੱਚ ਜਾਂ ਉੱਤੇ) ਰਾਜਾਨੁ ॥” (ਜਪੁ) ਭਾਵ ਰਾਜਿਆਂ ਦੇ ਦਰਬਾਰ ਵਿੱਚ ਜਾਂ ਦਰ ਉੱਤੇ।

(ਸ). ਅਪਾਦਾਨ ਕਾਰਕ (ਇੱਕ ਚੀਜ ਤੋਂ ਦੂਜੀ ਵੱਖਰੀ ਕਰਨਾ, ਜਿਸ ਦਾ ਚਿੰਨ੍ਹ ਹੈ: ‘ਤੋਂ, ਉੱਤੋਂ, ਵਿੱਚੋਂ’), ਜਿਵੇਂ ਪੰਜਾਬੀ ਵਾਕ ਹੈ ਜਿਸ ਹਿਰਦੇ ਪਰਮਾਤਮਾ ਦਾ ਨਾਮ-ਰਸ ਰਚ ਗਿਆ, ਉਹਨਾਂ ਦੇ ‘ਮਨ ਵਿੱਚੋਂ’ ਅਹੰਕਾਰ ਦੂਰ ਹੋ ਗਿਆ, ਇਸ ਮੁਹਾਵਰੇ ਨੂੰ ਗੁਰਬਾਣੀ ਵਿੱਚ ਲਿਖਿਆ ਜਾਏਗਾ: “ਅੰਤਰਿ ਹਰਿ ਰਸੁ ਰਵਿ ਰਹਿਆ ; ਚੂਕਾ ਮਨਿ (ਤੋਂ, ਵਿੱਚੋਂ) ਅਭਿਮਾਨੁ ॥ (ਮ ੩ /੨੬)

ਜਿਸ ਤਰ੍ਹਾਂ ਅਜੋਕੀ ਪੰਜਾਬੀ ਦਾ ‘ਪੰਡਿਤ’ ਸ਼ਬਦ, ਗੁਰਬਾਣੀ ਲਿਖਤ ’ਚ ‘ਪੰਡਿਤੁ’ (ਇੱਕ ਵਚਨ), ‘ਪੰਡਿਤ’ (ਬਹੁ ਵਚਨ), ‘ਪੰਡਿਤ ਦਾ’ (ਉਪਦੇਸ਼, ਸੰਬੰਧਕੀ ਜਾਂ) ‘ਪੰਡਿਤ ਦੀ’ (ਮੈਲ਼, ਸੰਬੰਧਕੀ) ਅਤੇ ‘ਪੰਡਿਤ’ (ਭਾਵ ਹੇ ਪੰਡਿਤ ! ਸੰਬੋਧਨ) ਵੀ ਵਰਤਿਆ ਜਾਂਦਾ ਹੈ, ਪਰ ਹਰ ਜਗ੍ਹਾ ਦਰੁਸਤ ਉਚਾਰਨ ਬਿਨਾਂ ਔਂਕੜ ‘ਪੰਡਿਤ’ ਹੀ ਹੋਵੇਗਾ, ਇਸੇ ਤਰ੍ਹਾਂ ਉਕਤ ਵਿਚਾਰ ਉਪਰੰਤ ‘ਨਾਨਕ, ਨਾਨਕੁ, ਨਾਨਕਿ’ ਸ਼ਬਦਾਂ ਦਾ ਸਹੀ ਉਚਾਰਨ ਵੀ ‘ਨਾਨਕ’ ਹੈ ਅਤੇ ਅਰਥ ਬਣਦੇ ਹਨ :

ਨਾਨਕੁ ਨੀਚੁ, ਕਹੈ ਵੀਚਾਰੁ ॥” (ਜਪੁ) ਭਾਵ ਨਿਮਾਣਾ ਨਾਨਕ (ਤਾਂ ਕੁਦਰਤ ਬਾਰੇ ਇਤਨੀ ਕੁ ਹੀ) ਵਿਚਾਰ ਕਰ ਸਕਦਾ ਹੈ।

“ਹੈ ਭੀ ਸਚੁ,  ਨਾਨਕ ! ਹੋਸੀ ਭੀ ਸਚੁ ॥” (ਜਪੁ) ਭਾਵ ਹੇ ਨਾਨਕ ! (ਸੰਬੋਧਨ) ਅਕਾਲ ਪੁਰਖ ਹੁਣ ਵੀ ਹੈ ਤੇ ਸਦਾ ਰਹੇਗਾ।

“ਜਨ ਨਾਨਕਿ  ਕਮਲੁ ਪਰਗਾਸਿਆ; ਮਨਿ, ਹਰਿ ਹਰਿ ਵੁਠੜਾ ਹੇ ॥” (ਮ: ੪/੮੨) ਭਾਵ ਨਾਨਕ ਰਾਹੀਂ (ਕਰਣ ਕਾਰਕ) ਦਾਸ ਦਾ ਹਿਰਦਾ (ਕੌਲ) ਖਿੜ੍ਹ ਪਿਆ ਹੈ ਕਿਉਂਕਿ ਮਨ ਵਿੱਚ ਹਰੀ ਆ ਵਸਿਆ।

“ਗੁਰ ਪਰਸਾਦਿ  ਅਕਥੁ; ਨਾਨਕਿ ਵਖਾਣਿਆ ॥” (ਮ: ੫/੩੯੭) ਭਾਵ ਗੁਰੂ ਦੀ ਕਿਰਪਾ ਨਾਲ ‘ਨਾਨਕ ਨੇ’ (ਕਰਤਾ ਕਾਰਕ) ਅਕਥ (ਅਕਾਲ ਪੁਰਖ) ਨੂੰ ਬਿਆਨ ਕੀਤਾ, ਆਦਿ।

ਉਕਤ ਤਮਾਮ ਵਿਚਾਰ ਉਪਰੰਤ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਨ੍ਯ ਭਾਸ਼ਾਵਾਂ ਦੀ ਅੰਤ ਸਿਹਾਰੀ ਤੋਂ ਬਿਨਾਂ ਕਾਰਕੀ ਚਿੰਨ੍ਹਾਂ ਨੂੰ ਪ੍ਰਗਟਾਉਣ ਵਾਲੀ ਅੰਤ ਸਿਹਾਰੀ ਤਮਾਮ ਸ਼ਬਦਾਂ ਦੀ ਉਚਾਰਨ ਦਾ ਭਾਗ ਨਹੀਂ ਹੁੰਦੀ, ਪਰ ਜੇ ਬਿਨਾਂ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਵੀਚਾਰਿਆਂ, ਸਾਰੀਆਂ ਹੀ ਲਗਾਂ ਮਾਤਰਾਂ ਪੜ੍ਹਨ ਦੀ ਜ਼ਿੱਦ ਕਰੀਏ ਤਾਂ ‘ਨਾਨਕੁ, ਨਾਨਕ, ਨਾਨਕਿ’ ਨੂੰ ਕ੍ਰਮਵਾਰ ‘ਨਾਨਕੋ, ਨਾਨਕ ਅਤੇ ਨਾਨਕੇ’ ਪੜ੍ਹਾਂਗੇ, ਜੋ ਉਚਾਰਨ ਗ਼ਲਤ ਹੋਵੇਗਾ।

ਕੁਝ ਸੰਪ੍ਰਦਾਈ ਲੋਕ, ਜੋ ਗੁਰਬਾਣੀ ਲਿਖਤ ਦੇ ਇਨ੍ਹਾਂ ਨਿਯਮਾਂ ਨੂੰ ਸਮਝਾਉਣ ਦਾ ਵਿਰੋਧ ਕਰਦੇ ਹਨ ਉਹ ਇੱਕ ਤਾਂ ਗੁਰਬਾਣੀ ਦੀ ਲਿਖਤ ਦਾ ਵਿਰੋਧ ਕਰ ਰਹੇ ਹੁੰਦੇ ਹਨ ਅਤੇ ਦੂਸਰਾ ਕੇਵਲ ਅੰਤ ‘ਹੁ, ਹਿ’ (2) ਲਗਾਂ ਨੂੰ ਹੀ ਉਚਾਰਦੇ ਵੇਖੇ ਜਾ ਸਕਦੇ ਹਨ; ‘ਵਾਹੁ’ ਨੂੰ ‘ਵਾਹੋ’, ‘ਰਾਹੁ’ ਨੂੰ ‘ਰਾਹੋ’, ‘ਵੀਆਹੁ’ ਨੂੰ ‘ਵੀਆਹੋ’, ‘ਰਾਹਿ’ ਨੂੰ ‘ਰਾਹੇ’, ‘ਵੀਆਹਿ’ ਨੂੰ ‘ਵੀਆਹੇ’, ਆਦਿ, ਜਦੋਂ ਕਿ ਇਹ ਸ਼ਬਦ-ਉਚਾਰਨ ਕਿਸੇ ਵੀ ਭਾਸ਼ਾ ਦੇ ਕੋਸ਼ ਵਿੱਚ ਦਰਜ ਨਹੀਂ ਹੈ।

ਗੁਰਮੁਖੀ ਭਾਸ਼ਾ ਵਾਂਗ ਅੰਗਰੇਜੀ ਵਿੱਚ ਵੀ ਕੁਝ ਅੱਖਰ ਸਾਈਲੈਂਟ ਹੁੰਦੇ ਹਨ ਭਾਵ ਆਪਣੀ ਆਵਾਜ਼ ਨਹੀਂ ਦਿੰਦੇ, ਜਿਵੇਂ ਕਿ ‘Know’ ਵਿੱਚ ‘K’ ਸਾਈਲੈਂਟ ਹੈ; ‘Here’ ਵਿੱਚ ਪਿਛੇਤਰ ‘e’ ਸਾਈਲੈਂਟ ਹੈ। ਹੁਣ ਜੇ ਸੰਪ੍ਰਦਾਈ ਸਿੱਖ ਗੁਰਬਾਣੀ ਦੀ ਸਾਈਲੈਂਟ ਮਾਤਰਾ ‘ਅੰਤ ਔਂਕੜ’ ਤੇ ‘ਅੰਤ ਸਿਹਾਰੀ’ ਦੇ ਉਚਾਰਨ ਵਾਂਗ ਅੰਗਰੇਜ਼ ਦੇ ਵੀ ਲਿਖਤ ਵਿੱਚ ਸਾਈਲੈਂਟ ਅੱਖਰਾਂ ਦੀ ਵਰਤੋਂ ਕਰਨੀ ਬੰਦ ਕਰ ਦੇਣ ਤਾਂ ਕੀ ਅੱਜ ਦੇ ਅੰਗਰੇਜ਼ ਵੀ ਪੁਰਾਣੀਆਂ ਲਿਖਤਾਂ ਵਿੱਚ ਸਾਈਲੈਂਟ ਅੱਖਰਾਂ ਦਾ ਉਚਾਰਨ ਵੀ ਸ਼ੁਰੂ ਕਰ ਦੇਣਗੇ ਭਾਵ ਤਾਂ ਕੀ ਹਜ਼ਾਰਾਂ ਸਾਲ ਪਹਿਲਾਂ ਦੀ ਅੰਗਰੇਜ਼ੀ ਲਿਖਤ ਵਿੱਚ ਲਿਖੇ ‘Know’ ਨੂੰ ‘ਕਨੋਅ’ ਅਤੇ ‘Here’ ਨੂੰ ‘ਹੇਰੇ’ ਪੜ੍ਹਨਾ ਪਵੇਗੇ। ਇਸੇ ਤਰ੍ਹਾਂ ਅੰਗਰੇਜ਼ੀ ਦੇ ਚਾਰ ਸ਼ਬਦ ਹਨ- Wright, Write, Right ਅਤੇ Rite. ਅੰਗਰੇਜ਼ੀ ਵਿੱਚ ਇਨ੍ਹਾਂ ਚਾਰਾਂ ਦਾ ਉਚਾਰਨ ਇੱਕ ਸਮਾਨ ਹੈ – ‘ਰਾਈਟ’ ਪਰ ਇਨ੍ਹਾਂ ਚਾਰਾਂ ਹੀ ਸ਼ਬਦਾਂ ਦੀ ਲਿਖਤ ਅਨੁਸਾਰ ਉਨ੍ਹਾਂ ਦੇ ਅਰਥ ਕਰਮਵਾਰ ਵੱਖੋ ਵੱਖਰੇ ਹਨ।

Wright ਦਾ ਅਰਥ ਹੈ ਨਿਰਮਾਤਾ, ਕਾਰੀਗਰ; Write ਦਾ ਅਰਥ ਹੈ ਲਿਖਣਾ; Right ਦਾ ਅਰਥ ਹੈ ਸੱਜਾ ਪਾਸਾ, ਠੀਕ ਜਾਂ 90 ਦਰਜੇ ਦਾ ਕੋਣ, ਆਦਿਕ ਅਤੇ Rite ਦਾ ਅਰਥ ਹੈ ਧਾਰਮਿਕ ਰਸਮੋ ਰਿਵਾਜ਼, ਸੰਸਕਾਰ। ਬਿਨਾਂ ਅੰਗਰੇਜ਼ੀ ਦੀ ਲਿਖਣਸ਼ੈਲੀ ਅਤੇ ਅਰਥਾਂ ਨੂੰ ਵਿਚਾਰਿਆਂ; ਜਿਵੇਂ ਲਿਖਿਆ ਹੈ ਤਿਵੇਂ ਪੜ੍ਹਨ ਦੀ ਜ਼ਿੱਦ ਕਰਨ ਵਾਲੇ ਕੀ ਇਨ੍ਹਾਂ ਨੂੰ ਕਰਮਵਾਰ ‘ਵਰਿਘਟ, ਵਰਾਈਟੇ, ਰਿਘਟ ਅਤੇ ਰਿਟੇ ਪੜ੍ਹਨਗੇ! ਅਜਿਹੇ ਸੈਂਕੜੇ ਹੋਰ ਸਾਈਲੈਂਟ ਸ਼ਬਦ ਹਨ ਜਿਨ੍ਹਾਂ ਨੂੰ ਜੇ ਅੱਜ ਦੀ ਲਿਖਤ ਵਿੱਚ ਪੜ੍ਹਨ ਦੀ ਜ਼ਿੱਦ ਕਰੀਏ ਤਾਂ ਉਹ ਪੁਰਾਤਨ ਲਿਖਤ ਨੂੰ ਵਿਗਾੜ ਦੇਣਗੇ ।

———–ਚਲਦਾ———-