ਰਾਖਾ ਏਕੁ ਹਮਾਰਾ ਸਵਾਮੀ

0
120

ਰਾਖਾ ਏਕੁ ਹਮਾਰਾ ਸਵਾਮੀ

ਹਰਜੀਤ ਕੌਰ ਬਠਿੰਡਾ

ਇੱਕ ਦਿਨ ਮੈਂ ਗੁਰਬਾਣੀ ਪੜ੍ਹ ਰਹੀ ਸੀ ਤੇ ਅਚਾਨਕ ਹੀ ਅੰਗ ਨੰਬਰ ੧੧੩੬ ’ਤੇ ਸ਼ਬਦ ਆਇਆ ‘‘ਭੈਰਉ ਮਹਲਾ ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀ ਲਾਗੈ; ਜਾਂ ਐਸੇ ਬੁਝੀਆ ਰਾਖਾ ਏਕੁ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ ਰਹਾਉ ਸੋਇ ਅਚਿੰਤਾ; ਜਾਗਿ ਅਚਿੰਤਾ ਜਹਾ ਕਹਾਂ ਪ੍ਰਭ ! ਤੂੰ ਵਰਤੰਤਾ ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ ਕਹੁ ਨਾਨਕ  ! ਗੁਰਿ ਮੰਤ੍ਰੁ ਦ੍ਰਿੜਾਇਆ ’’ ਤਾਂ ਮੈਨੂੰ ਮਹਿਸੂਸ ਹੋਇਆ ਕਿ ਅਕਾਲ ਪੁਰਖੁ ‘‘ਰਾਖਾ ਏਕੁ ਹਮਾਰਾ ਸਵਾਮੀ’’ ਬਣ ਕੇ ਸਾਡੀ ਰਾਖੀ ਕਿਵੇਂ ਕਰਦੇ ਹਨ ? ਉਹ ਸਾਡੇ ਨਾਲ ਕਿਵੇਂ ਵਿਚਰਦੇ ਹਨ ? ਕਈ ਦਿਨ, ਦਿਮਾਗ਼ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ। ਕਈ ਦਿਨਾਂ ਬਾਅਦ ਮੈਂ ਇਸ ਨਤੀਜੇ ’ਤੇ ਪੁੱਜੀ ਕਿ ਅਕਾਲ ਪੁਰਖ; ਗੁਰੂ ਦੇ ਸ਼ਬਦ ਦੁਆਰਾ ਸਾਡੀ ਰਾਖੀ ਕਰਦੇ ਹਨ। ਜੇਕਰ ਗੁਰਬਾਣੀ ਵਿਆਕਰਨ ਦੇ ਜਾਣਕਾਰ ਕਿਸੇ ਵਿਦਵਾਨ ਪਾਸੋਂ ਸੰਥਿਆ ਲੈ ਕੇ ਗਿਆਨ ਦੀ ਅੱਖ ਨਾਲ ਗੁਰਬਾਣੀ ਨੂੰ ਅਸੀਂ ਪੜ੍ਹੀਏ ਤਾਂ ਉਸ ਸਥਿਤੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਦੀ ਸਿੱਖਿਆ ’ਤੇ ਅਮਲ ਕੀਤਿਆਂ ਮਨੁੱਖ ਵਿਕਾਰਾਂ ਵੱਲੋਂ ਬਿਲਕੁਲ ਅਜ਼ਾਦ ਹੋ ਸਕਦਾ ਹੈ। ਜਦੋਂ ਇਨਸਾਨ ਦਾ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ ਤਾਂ ਇਨਸਾਨ ਦਾ ਮਕਸਦ ਪੂਰਾ ਹੋ ਸਕਦਾ ਹੈ; ਜਿਵੇਂ ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ (ਸੋ ਪੁਰਖੁ/ਮਹਲਾ /੧੨)

 (ਰਹਿਰਾਸ ਪਾਠ ’ਚ ਸੋ ਪੁਰਖੁ ਸਿਰਲੇਖ ਹੇਠ ਆਸਾ ਮਹਲਾ ੫) ਸ਼ਬਦ ਪੜ੍ਹਨ ਸਮੇਂ ਸਾਨੂੰ ਸਮਝ ਪੈਂਦੀ ਹੈ ਕਿ ਅਕਾਲ ਪੁਰਖ ਦੀ ਬਖ਼ਸ਼ਸ਼ ਸਦਕਾ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਹੁਣ ਬਾਣੀ ਪੜ੍ਹਨ, ਸੁਣਨ ਅਤੇ ਨਾਮ ਸਿਮਰਨ ਰਾਹੀਂ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਨਾਮ ਸਿਮਰਨ ਤੋਂ ਬਿਨਾਂ ਹੋਰ ਧਾਰਮਿਕ ਕਰਮਕਾਂਡ ਕੀਤੇ ਤੇਰੇ ਕਿਸੇ ਕੰਮ ਵਿੱਚ ਨਹੀਂ ਆਉਣੇ।

ਕੋਈ ਮਨੁੱਖ ਚੋਰੀ ਕਰਨ ਲੱਗੇ ਤਾਂ ਉਸ ਨੂੰ ਯਾਦ ਆ ਜਾਵੇ ਕਿ ਕੋਈ ਵੀ ਚੋਰ ਦੀ ਗਵਾਹੀ ਨਹੀਂ ਦੇ ਸਕਦਾ। ਜਿਹੜਾ ਮਨੁੱਖ ਲੋਕਾਂ ਦੀਆਂ ਨਜ਼ਰਾਂ ਵਿੱਚ ਚੋਰ ਮੰਨਿਆ ਗਿਆ। ਫਿਰ ! ਜੋ ਮਰਜ਼ੀ ਖ਼ੁਸ਼ਾਮਦ ਕਰੇ ਚੰਗਾ ਨਹੀਂ ਬਣ ਸਕਦਾ ‘‘ਚੋਰ ਕੀ ਹਾਮਾ ਭਰੇ ਕੋਇ   ਚੋਰੁ ਕੀਆ; ਚੰਗਾ ਕਿਉ ਹੋਇ  ? (ਮਹਲਾ /੬੬੨)

​ਇਹ ਸ਼ਬਦ ਪੜ੍ਹ ਕੇ ਮਨੁੱਖ ਚੋਰੀ ਤੋਂ ਹੱਟ ਜਾਵੇਗਾ, ਇਸ ਤਰ੍ਹਾਂ ਹੋ ਗਈ ਸ਼ਬਦ ਦੁਆਰਾ ਮਨੁੱਖ ਦੀ ਰਾਖੀ।

ਇਵੇਂ ਹੀ ਮਨੁੱਖ ਜਦ ਨਸ਼ਿਆਂ ਵਿੱਚ ਪੈ ਜਾਂਦਾ ਹੈ ਤਾਂ ਗੁਰਬਾਣੀ ਵਿਚੋਂ ਸਮਝ ਪੈਂਦੀ ਹੈ ਕਿ ਹੇ ਮਨੁੱਖ ! ਤੂੰ ਬੜੀ ਬੇ-ਅਕਲੀ ਕਰ ਰਿਹਾ ਹੈਂ। ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ। ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਭੂ ਦੀ ਦਾਸੀ ਮਾਇਆ ਨਾਲ ਸਾਥ ਬਣਾ ਰਿਹਾ ਹੈਂ ! ਹੇ ਅਗਿਆਨੀ ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਜੋ ਜਿੰਦ ਦੇਣ ਵਾਲਾ ਹੈ। ਜੋ ਸਾਰੇ ਸੁੱਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਪਰ ਛੇਤੀ ਮੁੱਕ ਜਾਣ ਵਾਲਾ (ਮਾਇਆ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ। ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ; ਜਿਵੇਂ ਕਿ ਬਚਨ ਹਨ ‘‘ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ   ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ   ਰੇ ਨਰ ਐਸੀ ਕਰਹਿ ਇਆਨਥ   ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ਰਹਾਉ (ਮਹਲਾ /੧੦੦੧)

 ਇਵੇਂ ਹੀ ਜੇਕਰ ਲਾਲਚ ਵੱਸ ਮਨ ਦਾਜ ਮੰਗਣ ਦੀਆਂ ਸੋਚਾਂ ਸੋਚੇ ਤਾਂ ਗੁਰਬਾਣੀ ਦਾ ਬਚਨ ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ   ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ   ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ+ਸਤਿਗੁਰਿ (ਨੇ) ਦਾਨੁ ਦਿਵਾਇਆ   ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਰਲੈ ਰਲਾਇਆ (ਮਹਲਾ /੭੯)

ਪੜ੍ਹਦਿਆਂ ਇਹ ਸਮਝ ਆ ਜਾਂਦੀ ਹੈ ਕਿ ਲੜਕੇ ਵੱਲੋਂ ਆਪਣੇ ਸਹੁਰਾ ਘਰ ਅਤੇ ਲੜਕੀ ਵੱਲੋਂ ਆਪਣੇ ਪਿਤਾ ਤੋਂ ਦਾਜ ਮੰਗਣ ਦੀ ਥਾਂ ਪ੍ਰਭੂ ਤੋਂ ਇਹ ਦਾਜ ਮੰਗਣਾ ਚਾਹੀਦਾ ਹੈ ਕਿ ਮੈਨੂੰ ਹਰੀ-ਪ੍ਰਭੂ ਦੇ ਨਾਮ ਰੂਪ ਦਾਨ (ਦਾਜ) ਹੀ ਦੇਹ। ਮੈਨੂੰ ਦਾਜ ’ਚ ਕੱਪੜੇ ਤੇ ਗਹਿਣੇ ਆਦਿਕ ਦੇਣ ਦੀ ਥਾਂ ਹਰੀ ਦਾ ਨਾਮ ਰੂਪ ਧਨ ਦਿੱਤਾ ਜਾਵੇ; ਗੁਰੂ ਦੁਆਰਾ ਦਿਵਾਏ ਇਸੇ ਦਾਜ ਨਾਲ ਮੇਰਾ ਪ੍ਰਭੂ-ਪਤੀ ਨਾਲ ਮਿਲਾਪ (ਵਿਆਹ) ਸੋਹਣਾ ਲੱਗਣ ਲੱਗ ਪਏ ਕਿਉਂਕਿ ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਇਸਤਰੀ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ ਦਿਵਾਇਆ ਹੈ। ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ ਦੇਸ ਵਿਚ ਤੇ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਜਿਸ ਦੀ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।

ਗੁਰੂ ਰਾਹੀਂ ਇਹ ਨਾਮ ਰੂਪੀ ਦਾਜ ਪ੍ਰਾਪਤ ਕਰਨ ਵਾਲੀ ਜੀਵ ਇਸਤਰੀ ਨੂੰ ਸਮਝ ਆ ਜਾਂਦੀ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ, ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ। ਉਹ ਕੱਚ (ਸਮਾਨ) ਹੈ। ਉਹ (ਨਿਰਾ) ਵਿਖਾਵਾ ਹੀ ਹੈ। ਇਸ ਲਈ ਵਾਰ ਵਾਰ ਆਵਾਜ਼ ਨਿਕਲਦੀ ਹੈ ਕਿ ਹੇ ਮੇਰੇ ਪ੍ਰਭੂ ਪਿਤਾ ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ। ਮੇਰੇ ਲਈ ਇਹੀ ਅਸਲ ਦਾਜ ਹੈ ‘‘ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ   ਹਰਿ ਪ੍ਰਭ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ (ਮਹਲਾ /੭੯)

ਜੇਕਰ ਕਿਸੇ ਦੀ ਝੂਠੀ ਨਿੰਦਿਆ ਕਰਨ ਲੱਗੇ ਤਾਂ ਗੁਰੂ ਦੇ ਸ਼ਬਦ ਨਾਲ ਜੁੜਿਆ, ਸ਼ਬਦ ਦੇ ਅਰਥ ਪੜ੍ਹਿਆਂ ਹੀ ਪਤਾ ਲੱਗਦਾ ਹੈ ਕਿ ਇਹ ਰੋਗ ਕਿੰਨਾ ਖਤਰਨਾਕ ਹੈ। ਨਿੰਦਿਆ ਕਰਨ ਨਾਲ ਕਿੰਨੇ ਮਨੁੱਖਾਂ ਦੇ ਘਰਾਂ ਵਿੱਚ ਲੜਾਈਆਂ ਹੁੰਦੀਆਂ ਹਨ। ਕਈਆਂ ਦੇ ਜੀਵਨ ਖ਼ਰਾਬ ਹੋ ਜਾਂਦੇ ਹਨ। ਗੁਰੂ ਦੀ ਸ਼ਰਨ ਪਿਆ ਹੀ ਪਰਾਈ ਨਿੰਦਾ ਕਰਨ ਤੋਂ ਖਹਿੜਾ ਛੁੱਟਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਗੰਦ ਦਾ ਕੀੜਾ ਗੰਦ ਵਿੱਚ ਹੀ ਰਹਿੰਦਾ ਹੈ, ਉਹ ਕੀੜਾ ਗੰਦ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦਾ; ਇਸੇ ਤਰ੍ਹਾਂ ਜੋ ਪਰਾਈ ਨਿੰਦਾ ਕਰਦਾ ਹੈ, ਉਹ ਇਸ ਕੂੜ ’ਚ ਹੀ ਸਮਾਇਆ ਰਹਿੰਦਾ ਹੈ ‘‘ਪਰ ਨਿੰਦਾ ਬਹੁ ਕੂੜੁ ਕਮਾਵੈ   ਵਿਸਟਾ ਕਾ ਕੀੜਾ; ਵਿਸਟਾ ਮਾਹਿ ਸਮਾਵੈ ’’ (ਮਹਲਾ /੩੬੪)

ਜੇਕਰ ਮਨੁੱਖ ਪਰਾਈਆਂ ਔਰਤਾਂ ਨੂੰ ਤੱਕਦਾ ਹੈ। ਮਨ ਵਿੱਚ ਗਲਤ ਸਕੀਮਾਂ ਬਣਾਉਂਦਾ ਹੈ ਜਦ ਕਿ ਇਸ ਕੰਮ ਦੇ ਨਤੀਜੇ ਬਹੁਤ ਹੀ ਗਲਤ ਨਿਕਲਦੇ ਹਨ। ਪਰਵਾਰ ਖਰਾਬ ਹੋ ਜਾਂਦੇ ਹਨ ਤੇ ਬੱਚੇ ਵੀ ਰੁੱਲ ਜਾਂਦੇ ਹਨ । ਮਨੁੱਖ ਰਾਤ ਨੂੰ ਪਰਾਏ ਘਰਾਂ ਨੂੰ ਲੁੱਟਣ ਲਈ ਤੁਰਦੇ ਹਨ। ਅਨੇਕਾਂ ਥਾਂਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵੱਲ ਤੱਕਦੇ ਹਨ। ਔਖੇ ਥਾਂਈਂ ਸੰਨ੍ਹ ਲਾਉਂਦੇ ਹਨ। ਸ਼ਰਾਬ ਨੂੰ ਵੀ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛੁਤਾਉਂਦੇ ਹਨ (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ; ਜਿਵੇਂ ਘਾਣੀ ਵਿਚ ਤਿਲ ‘‘ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ  !  ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ   ਸੰਨ੍ਹੀ ਦੇਨਿ੍ ਵਿਖੰਮ ਥਾਇ; ਮਿਠਾ ਮਦੁ ਮਾਣੀ   ਕਰਮੀ ਆਪੋ ਆਪਣੀ; ਆਪੇ ਪਛੁਤਾਣੀ   ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ੨੭ (ਮਹਲਾ /੩੧੫)

ਕਈ ਵਾਰ ਅਸੀਂ ਜਾਣਦੇ ਹੋਏ ਵੀ ਅਰਦਾਸਾਂ ਵਿੱਚ ਦੁੱਖ ਹੀ ਮੰਗ ਬਹਿੰਦੇ ਹਾਂ, ਪਰ ਉਸ ਦੇ ਨਤੀਜਿਆਂ ਬਾਰੇ ਨਹੀਂ ਜਾਣਦੇ। ਸਾਨੂੰ ਗੁਰੂ ਜੀ ਤੋਂ ਸੁਮੱਤ ਮੰਗਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਸਾਡੇ ਲਈ ਕੀ ਠੀਕ ਰਹੇਗਾ। ਗੁਰੂ ਸਾਹਿਬ; ਸਾਨੂੰ ਹਰ ਮਸਲੇ ਦਾ ਹੱਲ ਸਮਝਾਉਂਦੇ ਹਨ। ਜੇ ਮਨ ਦੀ ਹੋਸੀ ਤੇ ਛੋਟੀ ਮੱਤ ਦੇ ਅਨੁਸਾਰ ਮੰਗਾਂ ਮੰਗਾਂਗੇ ਤਾਂ ਦੁੱਖ ਹੀ ਪਾਵਾਂਗੇ। ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਜੇ ਮਨੁੱਖ ਸਦਾ ਨਾਸ਼ਵਾਨ ਪਦਾਰਥ ਹੀ ਮੰਗਦਾ ਰਹੇ, ਪਰ ਗੁਰੂ ਦੇ ਗਿਆਨ ਦੀ ਦਾਤ ਕਦੇ ਨਾ ਮੰਗੇ ਤਾਂ ਉਸ ਨੂੰ ਆਤਮਿਕ ਮੌਤ ਸਹੇੜਦਿਆਂ ਸਮਾਂ ਨਹੀਂ ਲੱਗਦਾ ‘‘ਝੂਠਾ ਮੰਗਣੁ; ਜੇ ਕੋਈ ਮਾਗੈ   ਤਿਸ ਕਉ ਮਰਤੇ; ਘੜੀ ਲਾਗੈ ’’ (ਮਹਲਾ /੧੦੯)

ਕਈ ਵਾਰ ਅਸੀਂ ਡਰਦੇ ਰਹਿੰਦੇ ਹਾਂ ਕਿ ਮੇਰਾ ਪਰਵਾਰ ਕਿਵੇਂ ਚੱਲੂ। ਮੇਰੇ ਬੱਚੇ ਕਿਵੇਂ ਪਲਣਗੇ। ਰੋਜ਼ੀ-ਰੋਟੀ ਕਿਵੇਂ ਚੱਲੂ; ਪਤਾ ਨਹੀਂ ਕੀ ਕੀ ਸੋਚ ਕੇ ਡਰਦੇ ਰਹਿੰਦੇ ਹਾਂ। ਭੂਤ ਕਾਲ ਜਾਂ ਭਵਿੱਖ ਕਾਲ ਦੀਆਂ ਗੱਲਾਂ ਸੋਚ-ਸੋਚ ਕੇ ਮਨ ਡਰਿਆ ਰਹਿੰਦਾ ਹੈ। ਗੁਰੂ ਦਾ ਇਹ ਸ਼ਬਦ ਹੀ ਮਨ ਨੂੰ ਢਾਰਸ ਦਿੰਦਾ ਹੈ ‘‘ਡਰੀਐ; ਜੇ ਡਰੁ ਹੋਵੈ ਹੋਰੁ   ਡਰਿ ਡਰਿ ਡਰਣਾ; ਮਨ ਕਾ ਸੋਰੁ ਰਹਾਉ ’’ (ਮਹਲਾ /੧੫੧)

ਇਵੇਂ ਹੀ ‘ੴ’ ਵਿੱਚ ਗੁਰੂ ਜੀ ਨੇ ਸਾਨੂੰ ਸਪਸ਼ਟ ਕਰ ਦਿੱਤਾ ਹੈ ਕਿ ਰੱਬ ਇੱਕ ਹੈ ਤੇ ਸਭ ਵਿੱਚ ਹੈ। ਸਾਨੂੰ ਵੀ ਗੁਰੂ ਜੀ ’ਤੇ ਯਕੀਨ ਕਰਨਾ ਚਾਹੀਦਾ ਹੈ, ਫਿਰ ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ। ਅਸੀਂ ਰੱਬ ਨੂੰ ਲੱਭਣ ਲਈ ਬਾਹਰ ਭਟਕਦੇ ਫਿਰਦੇ ਹਾਂ। ਸਾਡੀ ਦੌੜ ਹਮੇਸ਼ਾ ਬਾਹਰ ਲਈ ਲੱਗੀ ਹੋਈ ਹੈ। ਅਸਲ ਵਿੱਚ ਸਾਨੂੰ ਆਪਣੇ ਟੀਚੇ ਬਾਰੇ ਹੀ ਪਤਾ ਨਹੀਂ। ਟੀਚਾ ਸੀ ਗੁਰੂ ਜੀ ਤੋਂ ਗਿਆਨ ਲੈ ਕੇ ਸਚਿਆਰ ਬਣਨਾ। ਗੁਰੂ ਜੀ ਦਾ ਗਿਆਨ ਟਿਕਾਅ ਵਾਲ਼ੀ ਥਾਂ ਵਿੱਚ ਬੈਠ ਕੇ, ਜਿੱਥੇ ਰੌਲਾ ਰੱਪਾ ਨਾ ਹੋਵੇ, ਲੈਣਾ ਚਾਹੀਦਾ ਸੀ ਪਰ ਅਸੀਂ ਰੌਲ਼ੇ ਰੱਪੇ ਵਿੱਚ ਭਟਕ ਰਹੇ ਹਾਂ। ਹੁਣ ਜੇਕਰ ਕਿਸੇ ਬੱਚੇ ਨੂੰ ਕਹੀਏ ਕਿ ਬਾਹਰ ਭੀੜ ਵਿੱਚ, ਰੌਲ਼ੇ ਵਿੱਚ ਜਾ ਕੇ ਪੜ੍ਹ ਲੈ ਤਾਂ ਅਸੀਂ ਅਗਿਆਨੀ ਹੋਵਾਂਗੇ। ਇਵੇਂ ਹੀ ਗੁਰੂ ਜੀ ਦੀ ਪੜ੍ਹਾਈ ਹੈ। ਉਹ ਵੀ ਭੀੜ ਤੇ ਰੌਲ਼ੇ ਵਿੱਚ ਜਾ ਕੇ ਸਮਝਣ ਦੀ ਕੋਸ਼ਸ਼ ਕਰਦੇ ਹਾਂ ਤਾਂ ਹੀ ਬਾਹਰ ਭਟਕਦੇ ਫਿਰਦੇ ਹਾਂ। ਜੇਕਰ ਇੱਕ ਸ਼ਬਦ ’ਤੇ ਵੀ ਅਸੀਂ ਵਿਚਾਰ ਕਰਕੇ ਸਮਝ ਲਈਏ ਤਾਂ ਅਸੀਂ ਵੀ ਸੱਜਣ ਠੱਗ, ਭਾਈ ਭਗੀਰਥ, ਭਾਈ ਮਨਸੁਖ ਤੇ ਸੰਗਲਾਦੀਪ ਦੇ ਰਾਜਾ ਸ਼ਿਵਨਾਭ ਵਾਲੀ ਕਤਾਰ ਵਿੱਚ ਹੁੰਦੇ । ਗੁਰੂ ਸਾਹਿਬ ਤਾਂ ਸਮਝਾ ਰਹੇ ਹਨ ਕਿ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿੱਚ ਆਏ ਹੋ। ਉਹ ਅੰਮ੍ਰਿਤ ਸਤਿਗੁਰ ਪਾਸੋਂ ਮਿਲਦਾ ਹੈ। ਧਾਰਮਿਕ ਭੇਖ ਦਾ ਪਹਿਰਾਵਾ ਛੱਡੋ। ਮਨ ਦੀ ਚਲਾਕੀ ਵੀ ਛੱਡੋ। ਇਸ ਚਾਲ ਵਿੱਚ ਗੁਰੂ ਦਾ ਗਿਆਨ ਨਹੀਂ ਮਿਲ ਸਕਦਾ। ਹੇ ਮੇਰੇ ਮਨ ! ਦੇਖੀਂ ਕਿਤੇ ਬਾਹਰ ਨਾ ਭਟਕਦਾ ਫਿਰੀਂ। ਬਾਹਰ ਭਟਕੇਂਗਾ ਤਾਂ ਬਹੁਤ ਦੁੱਖ ਪਾਵੇਂਗਾ। ਆਤਮਿਕ ਜੀਵਨ ਤਾਂ ਤੇਰੇ ਹਿਰਦੇ ਘਰ ਵਿੱਚ ਹੀ ਹੈ। ਗੁਰੂ ਸਾਹਿਬ ਫ਼ੁਰਮਾ ਰਹੇ ਹਨ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ਛੋਡਹੁ ਵੇਸੁ, ਭੇਖ, ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ਮਨ ਰੇ  ! ਥਿਰੁ ਰਹੁ; ਮਤੁ ਕਤ ਜਾਹੀ ਜੀਉ  ? ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ਰਹਾਉ ’’ (ਮਹਲਾ /੫੯੮)

ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਮੇਰੇ ਲਈ ਪੂਰਨ ਗੁਰੂ ਹਨ। ਸਾਡੀ ਰਾਖੀ ਕਰਦੇ ਹਨ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ‘‘ਮਨ ! ਕਿਉ ਬੈਰਾਗੁ ਕਰਹਿਗਾਸਤਿਗੁਰੁ ਮੇਰਾ ਪੂਰਾ ’’ (ਮਹਲਾ /੩੭੫) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।