ਅੱਲਾ ਯਾਰ ਖ਼ਾਂ ਯੋਗੀ

0
82

ਅੱਲਾ ਯਾਰ ਖ਼ਾਂ ਯੋਗੀ

ਰਣਜੀਤ ਸਿੰਘ (ਲੁਧਿਆਣਾ)

ਹਿੰਦੋਸਤਾਨ ਵਿੱਚ ਹਿੰਦੂਆਂ ਦਾ ਇੱਕੋ ਇਕ ਤੀਰਥ ਅਸਥਾਨ ਹੈ, ਉਹ ਹੈ ‘ਚਮਕੌਰ’; ਜਿੱਥੇ ਧਰਮ ਦੀ ਖਾਤਰ ਬਾਪ ਨੇ ਬੱਚਿਆਂ ਦੇ ਸੀਸ ਕਟਵਾਏ।

ਬੱਸ ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲੀਏ। ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲੀਏ।

ਇਹ ਸ਼ਬਦ ਅੱਲਾ ਯਾਰ ਖਾਨ ਯੋਗੀ ਦੇ ਹਨ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾਂਜਲੀ ਅਰਪਣ ਕਰਦੇ ਹੋਏ ਸ਼ਹੀਦਾਂ-ਏ-ਵਫ਼ਾ ਅਤੇ ਗੰਜਿ-ਸ਼ਹੀਦਾਂ ਫ਼ਾਰਸੀ ਵਿੱਚ ਦੋ ਪੁਸਤਕਾਂ ਲਿਖੀਆਂ ਹਨ। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਦੇ ਨਾਲ ਤੁਲਨਾ ਕਰਦਾ ਹੋਇਆ ਲਿਖਦਾ ਹੈ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ, ਪਰ ਚਮਕੌਰ ਦੀ ਧਰਤੀ ਉੱਪਰ ਦੋ ਚੰਦਰਮਾ ਇੱਕੋ ਸਮੇਂ ਚਮਕਦੇ ਹਨ ਤੇ ਉਹ ਹਨ ‘ਅਜੀਤ ਸਿੰਘ’ ਤੇ ‘ਜੁਝਾਰ ਸਿੰਘ’। ਉਹ ਲਿਖਦਾ ਹੈ :

ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ। ਫ਼ਲਕ ਮਿ ਇਕ, ਯਹਾਂ ਦੋ ਚਾਂਦ ਜਿਯਾ ਕੇ ਲਿਯੇ।

ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ :

ਭਟਕਤੇ ਫਿਰਤੇ ਹੋ ਕਿਓ ? ਹੱਜ ਕਰੈ ਯਹਾਂ ਆ ਕਰ। ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।

ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਲਿਖਦੇ ਹਨ ਭਾਵ ਉਹ ਥਾਂ ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

ਮਿਜਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ। ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

ਸੰਨ 1913 ਵਿੱਚ ਇਸ ਸ਼ਾਇਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੇ ਦਰਦਨਾਕ ਸਾਕੇ ਨੂੰ ਅਜਿਹੀ ਦਰਦਨਾਕ ਸ਼ੈਲੀ ਵਿੱਚ ਲਿਖਿਆ ਹੈ ਕਿ ਅੱਜ ਵੀ ਪੜ੍ਹਨ ਤੇ ਸੁਣਨ ਵਾਲਿਆਂ ਦਾ ਮਨ ਵੈਰਾਗ ਵਿੱਚ ਚਲਾ ਜਾਂਦਾ ਹੈ ਤੇ ਕਈ ਵਾਰ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ। ਸ਼ਹੀਦਾਂਵਫ਼ਾ ਦੇ ਸਿਰਲੇਖ ਹੇਠ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸਾਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤੋਰਨ ਤੋਂ ਪਹਿਲਾਂ ਮਾਤਾ ਗੁਜਰੀ ਨੇ ਕੀ ਕਿਹਾ, ਯੋਗੀ ਜੀ ਲਿਖਦੇ ਹਨ :

ਜਾਣੇ ਸੇ ਪਹਿਲੇ ਆਉ ਗਲੇ ਮੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰ ਦੂੰ ਜਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਸੇ ਨਨੀ ਸੀ ਕਲਗੀ ਸਜਾ ਤੋ ਲੂੰ। ਮਰਨੇ ਸੇ ਪਹਿਲੇ ਤੁਮ ਕੋ ਦੁਲ੍ਹਾ ਬਨਾ ਤੋ ਲੂੰ।

ਜਦੋਂ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਉਸ ਨੂੰ ਢਹਿ ਢੇਰੀ ਕੀਤਾ, ਉਸ ਵਕਤ ਦਾ ਵਰਣਨ ਯੋਗ ਜੀ ਇਸ ਤਰ੍ਹਾਂ ਕਰਦੇ ਹਨ :

ਜੋਗੀ ਜੀ ਇਸ ਕੇ ਬਾਦ ਹੁਈ ਥੋੜੀ ਦੇਰ ਸੀ। ਬਸਤੀ ਸਰਹਿੰਦ ਸ਼ਹਰ ਕੀ ਈਟੋਂ ਕਾ ਢੇਰ ਥੀ।

ਇਹ ਮਹਾਨ ਸ਼ਾਇਰ ਸੰਨ 1870 ਈਸਵੀ ਵਿੱਚ ਲਹੌਰ ਦੇ ਬਜ਼ਾਰ ਅਨਾਰਕਲੀ, ਜੋ ਅੱਜ ਕੱਲ ਪਾਕਿਸਤਾਨ ’ਚ ਹੈ, ਵਿੱਚ ਪੈਦਾ ਹੋਇਆ। ਇਹ ਲੰਬੇ ਕੱਦ, ਗੁੰਦਵੇਂ ਸਰੀਰ, ਛੋਟੀਆਂ ਮੁੱਛਾਂ ਅਤੇ ਖਸਖਸੀ ਦਾਹੜੀ ਵਾਲਾ ਖੂਬਸੂਰਤ ਨੌਜਵਾਨ ਸੀ। ਇਹ ਆਮ ਕਰਕੇ ਸ਼ਾਹੀ ਲਿਬਾਸ ਅਚਕਨ ਤੇ ਸਲਵਾਰ ਪਹਿਨਦਾ ਸੀ। ਉਹ ਆਪਣੇ ਸਮੇਂ ਦਾ ਇੱਕ ਉੱਘਾ ਹਕੀਮ ਤੇ ਉੱਚ ਕੋਟੀ ਦਾ ਸ਼ਾਇਰ ਸੀ। ਕਹਿੰਦੇ ਹਨ ਕਿ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਸ ਦੇ ਹੱਥ ਵਿੱਚ ਫੜੀ ਹੋਈ ਕਲਮ ਤੋਂ ਲਾਇਆ ਜਾਂਦਾ ਹੈ। ਇਸ ਤਰ੍ਹਾਂ ਯੋਗੀ ਜੀ ਦੀ ਸ਼ਖ਼ਸੀਅਤ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਉੱਭਰਦੀ ਹੈ।

ਅੱਲਾ ਯਾਰ ਖਾਨ ਯੋਗੀ ਇੱਕ ਧਾਰਮਿਕ ਤੇ ਸੱਚੇ ਸੁੱਚੇ ਇਨਸਾਨ ਸਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਪਿਆਰ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਦਾ ਬੜੇ ਗਹੁ ਨਾਲ ਅਧਿਅਨ ਕੀਤਾ। ਉਹ ਸੱਚ ਦਾ ਪੁਜਾਰੀ ਸੀ ਤੇ ਸੱਚ ਦੇ ਪੁਜਾਰੀ ਦੀ ਕਲਮ ਬਿਨਾ ਕਿਸੇ ਡਰ ਜਾਂ ਮਜ਼੍ਹਬ ਤੋਂ ਉੱਪਰ ਹੋ ਕੇ ਲਿਖਦੀ ਹੈ। ਮਜ਼੍ਹਬ ਤੋਂ ਉੱਪਰ ਉੱਠ ਕੇ ਉਨ੍ਹਾਂ ਨੇ ਦੋ ਲੰਬੀਆਂ ਕਵਿਤਾਵਾਂ ਸ਼ਹੀਦਾਂ-ਏ ਵਫ਼ਾ ਅਤੇ ਗੰਜ-ਏ-ਸ਼ਹੀਦਾਂ ਲਿਖੀਆਂ ਹਨ, ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਗੁਰੂ ਸਾਹਿਬ ਦੇ ਪਰਵਾਰ ਦੇ ਪੰਜ ਮੈਂਬਰ ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ ਤੇ ਚਾਰੇ ਸਾਹਿਬਜ਼ਾਦੇ ਤੇ 40 ਸਿੰਘਾਂ ਦਾ ਵਰਣਨ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਇਹ ਨਜ਼ਮਾ ਖਲਕਤ ਵਿੱਚ ਬਹੁਤ ਸਲਾਹੀਆਂ ਗਈਆਂ। ਹੁਣ ਇਹ ਕਵਿਤਾਵਾਂ ਦਾ ਸੰਗ੍ਰਹਿ ਕਿਤਾਬੀ ਰੂਪ ਵਿੱਚ ਵੀ ਉਪਲਬਧ ਹੈ, ਜੋ ਪੰਜਾਬੀ ਭਾਸ਼ਾ ਵਿਭਾਗ ਨੇ ਛਾਪਿਆ ਹੈ। ਜੋਗੀ ਜੀ ਨੇ ਕੇਵਲ ਇਹ ਨਜ਼ਮਾਂ ਲਿਖੀਆਂ ਹੀ ਨਹੀਂ ਸਗੋਂ ਸਿੱਖ ਸਟੇਜਾਂ ’ਤੇ ਗਾ ਕੇ ਵੀ ਵਾਹ ਵਾਹ ਖੱਟੀ ਹੈ। ਯੋਗੀ ਜੀ ਦੀ ਜੁਰਅਤ ਵੀ ਕਮਾਲ ਦੀ ਸੀ। ਉਨ੍ਹਾਂ ਨੇ ਉਸ ਵਕਤ ਇਹ ਕਵਿਤਾਵਾਂ ਲਿਖੀਆਂ ਤੇ ਸਟੇਜਾਂ ਉੱਪਰ ਗਾਈਆਂ, ਜਦੋਂ ਜਨੂੰਨੀ ਹਕੂਮਤ ਦਾ ਜੁਲਮ ਸਿਖਰਾਂ ’ਤੇ ਸੀ। ਪੂਰੇ ਮੁਲਕ ਨੂੰ ਇਸਲਾਮੀ ਦਾਇਰੇ ਵਿੱਚ ਲਿਆਉਣ ਲਈ ਹਕੂਮਤ ਹਰ ਹੀਲਾ ਵਰਤ ਰਹੀ ਸੀ। ਕਿਸੇ ਮੁਸਲਮਾਨ ਦਾ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਨਾਲ ਹੋਈਆਂ ਜ਼ਿਆਦਤੀਆਂ ਦਾ ਵਰਣਨ ਕਰਨਾ ਕਿੰਨਾ ਵੱਡਾ ਜੁਰਮ ਹੋਵੇਗਾ। ਯੋਗੀ ਜੀ ਦੀ ਸ਼ਖ਼ਸੀਅਤ ਦੱਸਦੀ ਹੈ ਕਿ ਉਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਸੀ ਲੱਗਦਾ। ਸੱਚ ਲਿਖਣਾ ਤੇ ਸੱਚ ਬੋਲਣਾ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸੀ। ਇਹ ਨਜ਼ਮਾਂ ਲਿਖ ਕੇ ਯੋਗੀ ਜੀ ਨੇ ਜੋ ਪਿਆਰ ਤੇ ਸਤਿਕਾਰ ਕਮਾਇਆ ਹੈ, ਉਹ ਉਨ੍ਹਾਂ ਦੀ ਜ਼ਿੰਦਗੀ ਦਾ ਅਸਲ ਸਰਮਾਇਆ ਹੈ। ਸਾਕਾ ਸਰਹਿੰਦ ਬਾਰੇ ਲਿਖੀ ਨਜ਼ਮ ਨੂੰ ਅਜਿਹੀ ਦਰਦ ਭਰੀ ਸ਼ੈਲੀ ਵਿੱਚ ਬਿਆਨ ਕੀਤਾ ਹੈ ਕਿ ਪੜ੍ਹਨ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਯੋਗੀ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦਾਂ ਦੀ ਦਾਸਤਾਨ ਨੂੰ ਬਿਆਨ ਕਰਦੇ ਹੋਏ ਸਿੰਘਾਂ ਦੀ ਸ਼ਹਾਦਤ ਦੀ ਕਰਬਲਾ ਦੇ ਮੈਦਾਨ ਨਾਲ ਤੁਲਨਾ ਕਰਦੇ ਹਨ। ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਜਿਸ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰਿਆ, ਉਸ ਬਾਰੇ ਯੋਗੀ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ :

ਹਾਲਤ ਇਕ ਹਰਫ਼ ਹੈ ਜੋਗੀ ਤੋ ਫਿਰ ਹਜ਼ਾਰੋਂ ਮੇ। ਜਵਾਬਦੇਹ ਹੂੰ ਸੁਖਨ ਹਾਇ ਨਾ ਰਵਾਂ ਕੇ ਲੋੜੀਏ।

ਅੱਲਾ ਯਾਰ ਖਾਨ ਯੋਗੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਐਨਾ ਪਿਆਰ ਕਰਦਾ ਸੀ ਕਿ ਉਹ ਆਪਣੇ ਅੱਲ੍ਹਾ ਨੂੰ ਵੀ ਭੁੱਲ ਗਿਆ। ਉਸ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਲਿਖੀ ਸ਼ਾਇਰੀ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਵਾਰ ਨੂੰ ਸਮਰਪਿਤ ਕੀਤੀ ਸੀ। ਉਹ ਆਪਣੀ ਸ਼ਾਇਰੀ ਵਿੱਚ ਗੁਰੂ ਸਾਹਿਬ ਦੀ ਸ਼ਖ਼ਸੀਅਤ ਦਾ ਵਰਣਨ ਕਰਦੇ ਹੋਏ ਲਿਖਦਾ ਹੈ ਕਿ ਹੇ ਦੁਨੀਆਂ ਦੇ ਲੋਕੋ ! ਜੇਕਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੋਲਦੇ ਰਹੇ ਤਾਂ ਵੀ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਬਿਆਨ ਨਹੀਂ ਕਰ ਸਕੋਗੇ। ਅਗਰ ਤੁਸੀਂ ਉਨ੍ਹਾਂ ਦੀ ਸ਼ਖ਼ਸੀਅਤ ਲਿਖਣ ਲਈ ਸਮੁੰਦਰ ਨੂੰ ਸਿਆਹੀ ਬਣਾ ਲਵੋ ਤੇ ਸਾਰੇ ਦਰਖਤਾਂ ਨੂੰ ਕਲਮਾਂ ਬਣਾ ਲਵੋ ਤਾਂ ਵੀ ਲਿਖ ਨਹੀਂ ਸਕੋਗੇ। ਉਹ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬਲੇ ਨਾਲ ਤੇ ਗੁਰ ਗੋਬਿੰਦ ਸਿੰਘ ਜੀ ਦੇ ਗੁਣਾਂ ਦਾ ਮੁਕਾਬਲਾ ਸਮੁੰਦਰ ਨਾਲ ਕਰਦਾ ਹੋਇਆ ਲਿਖਦਾ ਹੈ :

ਕਰਤਾਰ ਕੀ ਸੋਗੰਧ ਵਾ ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕੰਮ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਹੈ :

ਕਟਵਾ ਕੇ ਪਿਸਰ ਚਾਰੇ ਇਕ ਅੰਸੂ ਨਾ ਗਿਰਾਯਾ। ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ ਡੇਰਾ ਸਾਹਿਬ ਲਹੌਰ ਵਿਖੇ ਸਜੇ ਦੀਵਾਨ ਵਿੰਚ ਅੱਲ੍ਹਾ ਯਾਰ ਖਾਨ ਯੋਗੀ ਨੇ ਪਹਿਲੀ ਵੇਰ ਸਿੱਖ ਸਟੇਜ ’ਤੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਬਿਆਨ ਕਰਦੀ ਆਪਣੀ ਨਜ਼ਮ ਦਿਲਕਸ ਅਵਾਜ਼ ਵਿੱਚ ਗਾਈ ਅਤੇ ਖੂਬ ਰੰਗ ਬੰਨ੍ਹਿਆ ਤੇ ਸੰਗਤਾਂ ਦੀ ਵਾਹ ਵਾਹ ਖੱਟੀ। ਸੰਗਤਾਂ ਨੇ ਮਾਇਆ ਦਾ ਮੀਂਹ ਵਰ੍ਹਾ ਦਿੱਤਾ। ਫਿਰ ਇਸ ਤੋਂ ਬਾਅਦ ਯੋਗੀ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਸਿੱਖ ਧਾਰਮਿਕ ਦੀਵਾਨਾ ਅਤੇ ਜੋੜ ਮੇਲਿਆਂ ’ਤੇ ਆਪਣੀਆਂ ਨਜ਼ਮਾਂ ਲੈ ਕੇ ਹਾਜ਼ਰ ਹੁੰਦੇ। ਉਹ ਨਨਕਾਣਾ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਹਰ ਸਿੱਖ ਸਮਾਗਮ ਵਿੱਚ ਹਾਜ਼ਰ ਹੋ ਕੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸਰਹੰਦ ਅਤੇ ਚਮਕੌਰ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਿਆਂ ’ਤੇ ਬਕਾਇਦਾ ਹਾਜ਼ਰੀ ਭਰਦੇ ਤੇ ਸੰਗਤਾਂ ਨੂੰ ਨਿਹਾਲ ਕਰਦੇ। ਜਦੋਂ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਤਾਂ ਦੀਵਾਨ ਵਿੱਚ ਸਨਾਟਾ ਛਾ ਜਾਂਦਾ ਅਤੇ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰਦੇ। ਅਸਲੀਅਤ ਤਾਂ ਇਹ ਹੈ ਕਿ ਕਰੁਣਾ ਤੇ ਬੀਰ ਰਸ ਨੇ ਯੋਗੀ ਜੀ ਦੀ ਕਲਾਮ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ।

ਅੱਲਾ ਯਾਰ ਖਾਨ ਯੋਗੀ ਇੱਕ ਅਜਿਹਾ ਸਿਦਕੀ ਸ਼ਾਇਰ ਹੈ, ਜਿਹੜਾ ਇਤਿਹਾਸ ਨੂੰ ਜੀਊਂਦਿਆਂ ਤੇ ਮਰਦਿਆਂ ਦੇਖਦਾ ਹੈ ਤੇ ਨਾਲ ਆਪ ਵੀ ਇਸੇ ਤਰ੍ਹਾਂ ਜਿਊਂਦਾ ਤੇ ਮਰਦਾ ਹੈ। ਦਰਅਸਲ ਉਸ ਨੂੰ ਪਤਾ ਹੈ ਕਿ ਇਤਿਹਾਸ ਦੀ ਫ਼ਿਲਾਸਫ਼ੀ ਕੀ ਹੁੰਦੀ ਹੈ। ਇਸ ਲਈ ਪਾਠਕ ਤੇ ਸਰੋਤੇ ਉਸ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਹਨ। ਉਸ ਨੇ ਧਰਮ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਸਿੱਖ ਸ਼ਹਾਦਤਾਂ ਕਲਮਬੰਦ ਕਰਕੇ ਆਪਣੀ ਮੁਹੱਬਤ ਨੂੰ ਬਾਖ਼ੂਬੀ ਨਿਭਾਇਆ ਹੈ। ਕੁੱਝ ਕੱਟੜ ਮੁਸਲਮਾਨਾ ਨੇ ਉਸ ਨੂੰ ਕਾਫ਼ਰ ਕਹਿਣਾ ਸ਼ੁਰੂ ਕਰ ਦਿੱਤਾ, ਪਰ ਉਸ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਮਾਨਵਤਾ ਦਾ ਦਰਦ ਸਮਝਦਿਆਂ ਸੱਚ ਨੂੰ ਬਿਆਨ ਕਰਦੀ ਆਪਣੀ ਕਲਮ ਜਾਰੀ ਰੱਖੀ। ਉਹ ਇਨਸਾਨੀਅਤ ਨੂੰ ਸਭ ਤੋਂ ਉੱਚਾ ਧਰਮ ਬਿਆਨਦੇ ਹੋਏ ਲਿਖਦੇ ਹਨ :

ਹਿੰਦੂ ਹੈਂ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ, ਦਿਲ ਨੇਕ ਹੈ ਜਿਨ ਕੇ ਵੁਹੀ ਇਨਸਾਨ ਹੈ ਅੱਛੇ।

ਜਾਨੂੰਨੀ ਮੁਸਲਮਾਨਾਂ ਦੇ ਧਾਰਮਿਕ ਅਦਾਰੇ ਨੇ ਇਸ ਸੱਚੇ ਮੁਸਲਮਾਨ ਨੂੰ ਇਸਲਾਮ ਵਿੱਚੋਂ ਛੇਕ ਦਿੱਤਾ ਸੀ ਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਵਿੱਚ ਨਾ ਵੜਨ ਦਿੱਤਾ। ਸਿਰਫ਼ ਇਸ ਲਈ ਕਿ ਇਸ ਸ਼ਾਇਰ ਦੀ ਲਿਖੀ ਜੀਵਨ ਭਰ ਦੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਦੇ ਪਰਵਾਰ ਨੂੰ ਸਮਰਪਿਤ ਸੀ। ਜਦੋਂ ਅੰਤ ਵੇਲੇ ਇਹ ਮੌਤ ਦੇ ਬਿਸਤਰੇ ’ਤੇ ਪਿਆ ਸੀ, ਕਾਜ਼ੀ ਮਾਫ਼ੀਨਾਮਾ ਲੈ ਕੇ ਆਉਂਦਾ ਹੈ। ਕਹਿੰਦਾ ਹੈ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਇੱਕ ਕਾਫ਼ਰ ਦੇ ਨਾਮ ਕੀਤੀ ਹੈ। ਹੁਣ ਮਰਨ ਵੇਲੇ ਤਾਂ ਕਮ-ਸੇ-ਕਮ ਇਸ ਮਾਫ਼ੀਨਾਮੇ ’ਤੇ ਦਸਤਖਤ ਕਰ ਦੇ ਤਾਂ ਕਿ ਨਮਾਜ਼ੇ-ਮਯੀਤ ਅਤੇ ਨਮਾਜ਼ੇ ਜਨਾਜਾ ਪੜ੍ਹ ਕੇ ਤੈਨੂੰ ਇਸਲਾਮੀ ਸ਼ਰਾ ਮੁਤਾਬਕ ਦਫ਼ਨ ਕੀਤਾ ਜਾ ਸਕੇ। ਉਸ ਨੇ ਅੱਗੋਂ ਜੁਆਬ ਦਿੱਤਾ ਕਿ ਮੈਨੂੰ ਨਮਾਜ਼ੇ-ਮਯੀਤ ਤੇ ਨਮਾਜ਼ੇ-ਜਨਾਜੇ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਇਸਲਾਮ ਸ਼ਰਾਂ ਮੁਤਾਬਕ ਕਫ਼ਨ ਦਫ਼ਨ ਦੀ ਲੋੜ ਹੈ ਤੇ ਨਾ ਹੀ ਸਵਰਗ ਦੇ ਖੁੱਲ੍ਹੇ ਦਰਵਾਜ਼ਿਆਂ ਦੀ। ਮੇਰਾ ਗੁਰੂ ਗੋਬਿੰਦ ਸਿੰਘ ਮੈਨੂੰ ਆਪਣੇ ਦਰਵਾਜ਼ੇ ਖੋਲ੍ਹ, ਬਾਹਵਾਂ ਖਿਲਾਰ ਕੇ ਉਡੀਕ ਰਿਹਾ ਹੋਣਾ ਹੈ। ਇਹ ਸ਼ਾਇਰ 1956 ਵਿੱਚ ਇਸ ਫਾਨੀ ਸੰਸਾਰ ਨੂੰ ਵਿਦਾ ਕਹਿ ਗਿਆ।