ਹੋਮਿਓਪੈਥੀ ਸਬੰਧੀ ਪ੍ਰਚੱਲਿਤ ਗਲਤ ਧਾਰਨਾਵਾਂ ਅਤੇ ਭਰਮ-ਭੁਲੇਖੇ
-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ 98146-99446
ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ, ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ-ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ। ਲੋਕ ਮਨਾਂ ਵਿੱਚ ਹੋਮਿਓਪੈਥੀ ਸੰਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿੱਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਗਿਆਨ ਹੋ ਸਕੇ। ਸਭ ਤੋਂ ਪਹਿਲੀ ਗੱਲ ਤਾਂ ਲੋਕ ਮਨਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਸੇ ਗੱਲ ਨੂੰ ਲੈ ਕੇ ਪੰਜਾਬੀ ਦੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਵੀ ਇਹ ਲਾਈਨਾਂ ਪਾ ਦਿੱਤੀਆਂ। ਹਰਭਜਨ ਸ਼ੇਰੇ ਨੇ ‘ਮੁੰਡਾ ਹੋਮਿਓਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ’ ਅਤੇ ਗੁਰਦਾਸ ਮਾਨ ਨੇ ਆਪਣੇ ਗੀਤ ‘ਇੱਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ’ ਵਿੱਚ ਵਿੱਚ ਸਤਰ ‘ਮੁੰਡਾ ਹੋ ਗਿਆ ਜਵਾਨ, ਨਾ ਕੋਈ ਫਾਇਦਾ ਨੁਕਸਾਨ, ਨਿਰਾ ਪੁਰਾ ਹੋਮਿਓਪੈਥੀ ਦੀ ਦਵਾਈ ਵਰਗਾ’ ਪਾਈ ਹੈ। ਕਹਿਣ ਤੋਂ ਭਾਵ, ਇਹ ਬਹੁਤ ਵੱਡਾ ਭਰਮ-ਭੁਲੇਖਾ ਹੈ, ਜੋ ਲੋਕ ਮਨਾਂ ਵਿੱਚ ਪਲਿਆ ਹੋਇਆ ਹੈ। ਦੁਨੀਆਂ ਉੱਤੇ ਕੋਈ ਵੀ ਚੀਜ਼ ਜੇਕਰ ਉਸ ਦਾ ਬਿਨਾਂ ਸੋਚੇ ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਹੋਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀਂ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੁੰਦੇ ਹਾਂ।
ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ :- ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿੱਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕਰਨਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿੱਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆ ਹਨ। ਇੱਕ ਨਵੀਂ ਬਿਮਾਰੀ ਲਈ ਅਤੇ ਇੱਕ ਪੁਰਾਣੀ ਬਿਮਾਰੀ ਲਈ। ਮੰਨ ਲਓ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿੱਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਵੇਗੀ। ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਉਨ੍ਹਾਂ ਹੀ ਸਮਾਂ ਵੱਧ ਲੱਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿੱਚ ਸੱਟ ਲੱਗ ਜਾਵੇ, ਆਦਮੀ ਬੇਹੋਸ਼ ਹੋ ਜਾਵੇ। ਅਗਰ ਉਸ ਵੇਲੇ ਹੋਮਿਓਪੈਥਿਕ ਦਵਾਈ ਦੀ ਇੱਕ ਖੁਰਾਕ ਮੂੰਹ ਵਿੱਚ ਪਾਈ ਜਾਵੇ ਤਾਂ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜਦੋਂ ਰੋਗੀ ਹੋਮਿਓਪੈਥੀ ਵਿੱਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।
ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ :- ਮੰਨ ਲਓ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇਕਦਮ ਉਸ ਦੇ ਮਨ ਵਿੱਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਡਾਕਟਰ ਸਾਹਿਬ ! ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ ਜਾਂ ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ, ਇਹ ਖ਼ਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂ ਬੱਧੀ ਲੈ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦਾ ਨੁਕਸ ਪੈ ਸਕਦਾ ਹੈ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ, ਕੈਪਸੂਲ ਇੱਕ ਤਰ੍ਹਾਂ ਨਸ਼ੇ ਵਾਂਗ ਸਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇਕਦਮ ਛੁਡਾ ਦਿੱਤਾ ਜਾਵੇ ਤਾਂ ਉਸ ਨੂੰ ਤੋੜ ਲੱਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛੱਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛੱਡਣੀਆਂ ਚਾਹੀਦੀਆਂ ਹਨ ਜਾਂ ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚਲਦੇ ਮਰੀਜ਼ ਨੂੰ ਕੋਈ ਬੁਖਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕੱਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇੱਕ-ਦੋ ਦਿਨਾਂ ਬਾਅਦ ਬੁਖਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹਨ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਭਾਵ ਹੈ ਕਿ ਹੋਮਿਓਪੈਥਿਕ ਦਵਾਈ ਨੇ ਆਪਣਾ ਅਸਰ ਸ਼ੁਰੂ ਕਰ ਦਿੱਤਾ ਹੈ। ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂ ਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰ ਕੇ ਤਾਂ ਕਾਹਲੀ ਕੀਤਿਆਂ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦੈ ਇੱਕ-ਦੋ ਦਿਨਾਂ ਵਿੱਚ ਇਹ ਤਕਲੀਫ਼ ਆਪਣੇ ਆਪ ਠੀਕ ਹੋ ਜਾਵੇ ਜਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਸਰੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਐਕਸੀਡੈਂਟ, ਜਲ ਜਾਣਾ ਜਾਂ ਓਪਰੇਸ਼ਨ ਵਗੈਰਾ ਦੀ ਹਾਲਤ ਵਿੱਚ ਹੋਮਿਓਪੈਥੀ ਦਵਾਈ ਨਾਲ ਦੂਸਰੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼ : ਆਮ ਸੁਣਨ ਵਿੱਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ, ਇਲੈਚੀ ਆਦਿ ਦੀ ਵਰਤੋਂ ਨਹੀਂ ਕਰਨੀ। ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹਨ ਕਿ ਹੋਮਿਓਪੈਥੀ ਵਿੱਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਸੈਂਟ ਆਦਿ ਨਹੀਂ ਲਾਉਣਾ। ਦਰਅਸਲ ਹੋਮਿਓਪੈਥੀ ਵਿੱਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਅਗਰ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿੱਤਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜ਼ਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ। ਪ੍ਰਹੇਜ਼ ਦਵਾਈ ਨਾਲ ਨਹੀਂ, ਸਗੋਂ ਬਿਮਾਰੀ ਨਾਲ ਹੁੰਦਾ ਹੈ। ਪਿਆਜ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪਿਆਜ ਜਾਂ ਲਸਣ ਤੋਂ ਕੋਈ ਤਕਲੀਫ਼ ਹੁੰਦੀ ਹੈ ਜਾਂ ਜਿਨ੍ਹਾਂ ਦੀ ਦਵਾਈ ਲਸਣ ਜਾਂ ਪਿਆਜ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿੱਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ, ਉਸ ਦਾ ਪ੍ਰਹੇਜ਼ ਕਰ ਦਿੱਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ। ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ ਵਿੱਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕੌਫੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
ਹੋਮਿਓਪੈਥਿਕ ਦਵਾਈ ਸਿਰਫ਼ ਕੱਚ ਦੇ ਗਲਾਸ ਵਿੱਚ ਹੀ ਲੈਣੀ ਚਾਹੀਦੀ ਹੈ, ਇਹ ਵੀ ਕੋਈ ਬੰਦਿਸ਼ ਨਹੀਂ। ਭਾਵੇਂ ਦਵਾਈ ਸਟੀਲ ਦੇ ਗਿਲਾਸ ਵਿੱਚ ਲੈ ਲਵੋ ਜਾਂ ਪਿੱਤਲ ਦੇ ਗਿਲਾਸ ਵਿੱਚ। ਅਗਰ ਤੀਰ ਨਿਸ਼ਾਨੇ ’ਤੇ ਲੱਗਾ ਹੈ ਤਾਂ ਦਵਾਈ ਅਸਰ ਕਰੇਗੀ ਹੀ।
ਹੋਮਿਓਪੈਥਿਕ ਦਵਾਈ ਨੂੰ ਹੱਥ ਨਹੀਂ ਲਗਾਉਣਾ : ਇਸ ਪਿੱਛੇ ਇਹ ਕਾਰਨ ਹੈ ਕਿ ਕਈ ਵਾਰ ਹੱਥ ਨੂੰ ਕੁੱਝ ਲੱਗਿਆ ਹੁੰਦਾ ਹੈ ਜਾਂ ਸਾਨੂੰ ਹੱਥ ਧੋਣ, ਸਾਫ਼ ਸਫਾਈ ਰੱਖਣ ਦੀ ਆਦਤ ਘੱਟ ਹੈ, ਅਗਰ ਉਹੀ ਲਿੱਬੜੇ-ਤਿੱਬੜੇ ਹੱਥਾਂ ਨਾਲ ਅਸੀਂ ਦਵਾਈ ਲਵਾਂਗੇ ਤਾਂ ਦਵਾਈ ਦੇ ਨਾਲ-ਨਾਲ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂੰ ਵੀ ਸਾਡੇ ਅੰਦਰ ਚਲੇ ਜਾਣਗੇ। ਨਾਲੇ ਆਪਾਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿਸੇ ਵੀ ਚੀਜ਼ ਨੂੰ ਖਾਣ ਲੱਗਿਆਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ। ਸੋ ਹੋਮਿਓਪੈਥੀ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਦਵਾਈ ਨੂੰ ਹੱਥ ਨਾ ਲੱਗੇ ਪਰ ਇਹ ਜ਼ਰੂਰ ਹੈ ਕਿ ਅਗਰ ਹੱਥ ਚੰਗੀ ਤਰਾਂ ਸਾਫ਼ ਕੀਤੇ ਹਨ, ਬੇਸ਼ੱਕ ਦਵਾਈ ਹੱਥ ’ਤੇ ਧਰ ਕੇ ਲੈ ਲਵੋ ਤਾਂ ਵੀ ਦਵਾਈ ਦਾ ਅਸਰ ਉਨ੍ਹਾਂ ਹੀ ਹੋਵੇਗਾ। ਇਸ ਦੇ ਨਾਲ ਹੀ ਭੁੰਜੇ ਡਿੱਗੀ ਗੋਲੀ ਖਾਣ ਨਾਲ ਵੀ ਇਹੋ ਤੱਥ ਜੁੜਿਆ ਹੋਇਆ ਹੈ ਕਿ ਜੋ ਚੀਜ਼ ਇੱਕ ਵਾਰ ਭੁੰਜੇ ਡਿੱਗ ਪੈਂਦੀ ਹੈ, ਉਸ ਵਿਚ ਮਿੱਟੀ ਆਦਿ ਦੇ ਕਣ ਮਿਲ ਜਾਂਦੇ ਹਨ। ਇੱਥੇ ਵੀ ਇਹੀ ਗੱਲ ਕਹਿਣੀ ਬਣਦੀ ਹੈ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਭੁੰਜੇ ਡਿੱਗੀਆਂ ਚੀਜ਼ਾਂ ਖਾਂਦੇ ਨਹੀਂ ਜਾਂ ਫਿਰ ਧੋਣ ਵਾਲੀ ਵਸਤੂ ਨੂੰ ਜ਼ਰੂਰ ਧੋ ਕੇ ਖਾ ਲਿਆ ਜਾਂਦਾ ਹੈ। ਅਗਰ ਗੋਲੀ ਸਾਫ਼ ਜਗ੍ਹਾ ’ਤੇ ਡਿੱਗ ਪਈ ਤਾਂ ਚੁੱਕ ਕੇ ਖਾ ਲਓ। ਫਿਰ ਵੀ ਉਨ੍ਹਾਂ ਹੀ ਅਸਰ ਕਰੇਗੀ। ਅਗਰ ਗੋਲੀ ਮਿੱਟੀ ’ਤੇ ਜਾਂ ਗੰਦੇ-ਮੰਦੇ ਫਰਸ਼ ’ਤੇ ਡਿੱਗੀ ਹੈ ਤਾਂ ਬਿਲਕੁੱਲ ਨਹੀਂ ਖਾਣੀ ਚਾਹੀਦੀ।
ਹੋਮਿਓਪੈਥੀ ਵਿੱਚ ਤਾਂ ਇਕ ਤਰ੍ਹਾਂ ਦੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਹਨ। ਡਾਕਟਰ ਸਭ ਨੂੰ ਚੱਕ-ਚੱਕ ਉਹੀ ਗੋਲੀਆਂ ਫੜਾਈ ਜਾਂਦੇ ਹਨ। ਇਹ ਨਿੱਕੀਆਂ-ਨਿੱਕੀਆਂ ਗੋਲੀਆਂ ਐਡੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਿਵੇਂ ਕਰਨਗੀਆਂ ? ਇਹ ਸਵਾਲ ਆਮ ਲੋਕਾਂ ਵੱਲੋਂ ਅਕਸਰ ਪੁੱਛੇ ਜਾਂਦੇ ਹਨ। ਇਸ ਦੇ ਜਵਾਬ ਵਿੱਚ ਇਹ ਮਿੱਠੀਆਂ ਗੋਲੀਆਂ ਤਾਂ ਦਵਾਈ ਦੇਣ ਦਾ ਇੱਕ ਸਾਧਨ ਹਨ। ਅਸਲ ਦਵਾਈ ਤਾਂ ਅਰਕ ਹੁੰਦਾ ਹੈ, ਜੋ ਦੁਨੀਆਂ ਦੀਆਂ ਲਗਭਗ ਸਾਰੀਆਂ ਧਾਤਾਂ-ਅਧਾਤਾਂ, ਰਸਾਇਣਾਂ, ਜੀਵ-ਜੰਤੂਆਂ, ਜੜ੍ਹੀ-ਬੂਟੀਆਂ ਆਦਿ ਤੋਂ ਤਿਆਰ ਹੁੰਦੀਆਂ ਹਨ। ਅਗਰ ਉਸ ਅਰਕ ਨੂੰ ਸਿੱਧਾ ਜੀਭ ’ਤੇ ਪਾ ਦਿੱਤਾ ਜਾਵੇ ਤਾਂ ਜੀਭ ਫਟ ਸਕਦੀ ਹੈ। ਇਸੇ ਕਰ ਕੇ ਮਿੱਠੀਆਂ ਗੋਲੀਆਂ ਰਾਹੀਂ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਦਵਾਈ ਲੈਣ ਲੱਗਿਆਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸੇ ਕਰ ਕੇ ਛੋਟੇ-ਛੋਟੇ ਬੱਚੇ ਵੀ ਹੋਮਿਓਪੈਥਿਕ ਡਾਕਟਰ ਕੋਲ ਜਾਣ ਲੱਗਿਆਂ ਘਬਰਾਉਂਦੇ ਨਹੀਂ, ਸਗੋਂ ਚਾਅ ਨਾਲ ਦਵਾਈਆਂ ਖਾਂਦੇ ਹਨ।
ਹੋਮਿਓਪੈਥੀ ਤਾਂ ਦੇਸੀ ਦਵਾਈ ਹੁੰਦੀ ਹੈ : ਹੋਮਿਓਪੈਥੀ ਇੱਕ ਵਿਗਿਆਨਕ ਪੈਥੀ ਹੈ। ਇਹ ਨਾ ਦੇਸੀ ਹੈ, ਨਾ ਪ੍ਰਦੇਸੀ। ਇਸ ਵਿੱਚ ਨਾ ਕੋਈ ਠੰਢੀ ਦਵਾਈ ਹੁੰਦੀ ਹੈ, ਨਾ ਗਰਮ। ਇਹ ਦਵਾਈ ਸਿਰਫ਼ ਰੋਗੀ ਦੇ ਸਰੀਰਕ ਅਤੇ ਮਾਨਸਿਕ ਲੱਛਣਾਂ ਨੂੰ ਵੇਖ ਕੇ ਦਿੱਤੀ ਜਾਂਦੀ ਹੈ। ਹੋਮਿਓਪੈਥਿਕ ਦਵਾਈਆਂ ਨੂੰ ਬਣਾਉਣ ਲਈ ਵਿਸ਼ੇਸ਼ ਫਾਰਮੇਸੀਆਂ ਬਣੀਆਂ ਹੋਈਆਂ ਹਨ, ਜੋ ਕਿਸੇ ਵਿਧੀ ਵਿਧਾਨ ਅਨੁਸਾਰ ਦਵਾਈਆਂ ਬਣਾਉਦੀਆਂ ਹਨ, ਨਾ ਕਿ ਕਿਸੇ ਆਪੂੰ ਬਣੇ ਵੈਦ ਵਾਂਗ ਜੋ ਮਰਜ਼ੀ ਰਗੜ-ਰਗੜ ਲੋਕਾਂ ਨੂੰ ਖਵਾਈ ਜਾਓ।
ਇਹ ਭਰਮ-ਭੁਲੇਖੇ ਤਾਂ ਆਮ ਲੋਕਾਂ ਵੱਲੋਂ ਪਾਏ ਜਾਂਦੇ ਹਨ ਅਤੇ ਇਹ ਗੱਲਾਂ ਆਮ ਲੋਕ ਮਨਾਂ ਵਿੱਚ ਵਸੀਆਂ ਹੋਈਆਂ ਹਨ। ਕੁੱਝ ਪੜ੍ਹੇ-ਲਿਖੇ ਆਪਣੇ ਆਪ ਨੂੰ ਵਿਗਿਆਨਕ ਹੋਣ ਦਾ ਦਾਅਵਾ ਕਰਨ ਵਾਲੇ ਤਰਕਸ਼ੀਲ ਸੱਜਣ ਹੋਮਿਓਪੈਥੀ ਨੂੰ ਸਾਇੰਸ ਮੰਨਣ ਤੋਂ ਹੀ ਇਨਕਾਰੀ ਹੋਈ ਫਿਰਦੇ ਹਨ। ਐਵੋਗੇਡਰੋ ਦੇ ਲਾਅ ਨੂੰ ਆਧਾਰ ਮੰਨ ਕੇ ਇਹ ਲੋਕ ਹੋਮਿਓਪੈਥੀ ਨੂੰ ਗੈਰ-ਵਿਗਿਆਨਕ ਸਿੱਧ ਕਰਨਾ ਚਾਹੁੰਦੇ ਹਨ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੋ ਗੱਲ ਇੱਕ ਸਾਇੰਸਦਾਨ ਨੇ ਕਹਿ ਦਿੱਤੀ, ਉਹ ਅਟੱਲ ਹੋਵੇਗੀ। ਨਾਲੇ ਵਿਗਿਆਨਕ ਯੁੱਗ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਦਾ ਬਣਾਇਆ ਹੋਇਆ ਲਾਅ, ਕਾਨੂੰਨ, ਫਾਰਮੂਲਾ ਦੂਜੇ ਸਾਇੰਸਦਾਨਾਂ ਨੇ ਰੱਦ ਕਰ ਦਿੱਤਾ ਹੈ। ਇਹੀ ਵਿਗਿਆਨਕ ਤਰੱਕੀ ਹੈ।
ਹੋਮਿਓਪੈਥੀ ਦੇ ਬਾਨੀ ਡਾ. ਹੈਨੇਮੈਨ ਨੇ ਫ਼ਿਲਾਸਫੀ ਵਿੱਚ ਜ਼ਿਕਰ ਕੀਤਾ ਹੈ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ਕੁਦਰਤ ਦੇ ਸਿਧਾਂਤਾਂ ’ਤੇ ਆਧਾਰਿਤ ਇੱਕ ਸਾਇੰਸ ਹੈ। ‘ਘੁੱਗੀ ਕੀ ਜਾਣੇ, ਸਤਿਗੁਰੂ ਦੀਆਂ ਬਾਤਾਂ’ ਦੇ ਕਹਿਣ ਵਾਂਗ ਇਹ ਲੋਕ ਬੜਾ ਰੌਲਾ ਪਾਉਂਦੇ ਹਨ ਪਰ ਮੰਨਣ ਨੂੰ ਤਿਆਰ ਨਹੀਂ। ਹੋਮਿਓਪੈਥੀ ਦੇ ਨਤੀਜਿਆਂ ਨੂੰ ਵੇਖਦਿਆਂ ਤਾਂ ਇਨ੍ਹਾਂ ਲੋਕਾਂ ਨੂੰ ਇਹੋ ਕਹਿਣਾ ਬਣਦਾ ਹੈ ਕਿ ਅਧੂਰਾ ਗਿਆਨ ਹਮੇਸ਼ਾ ਮਾੜਾ ਹੁੰਦਾ ਹੈ। ਅੱਜ ਉਹ ਬਿਮਾਰੀਆਂ, ਜਿਨ੍ਹਾਂ ਦਾ ਹੋਰ ਇਲਾਜ ਪ੍ਰਣਾਲੀਆਂ ਵਿੱਚ ਇਲਾਜ ਸੰਭਵ ਨਹੀਂ, ਉਹ ਹੋਮਿਓਪੈਥੀ ਨਾਲ ਠੀਕ ਹੋ ਰਹੀਆਂ ਹਨ। ਪ੍ਰਤੱਖ ਨੂੰ ਪ੍ਰਮਾਣ ਕੀ। ਅਗਰ ਇਹ ਸੱਜਣ ਅਜ਼ਮਾ ਕੇ ਵੇਖਣਾ ਚਾਹੁੰਦੇ ਹਨ ਤਾਂ ਅਜ਼ਮਾ ਸਕਦੇ ਹਨ ਪਰ ਬਿਨਾ ਸੋਚੇ ਸਮਝੇ ਇੱਕ ਕੁਦਰਤੀ ਇਲਾਜ ਪ੍ਰਣਾਲੀ ਨੂੰ ਗੈਰ-ਵਿਗਿਆਨਕ ਸਿੱਧ ਕਰਨਾ ਲੋਕ ਮਨਾਂ ਵਿੱਚ ਸ਼ੰਕੇ ਪੈਦਾ ਕਰਨ ਤੋਂ ਵਧੇਰੇ ਹੋਰ ਕੁੱਝ ਨਹੀਂ। ਇਸ ਤੋਂ ਇਲਾਵਾ ਲੰਡਨ ਦੇ ਜੂਨੀਅਰ ਡਾਕਟਰਾਂ ਵੱਲੋਂ ਕੀਤੀ ਟਿੱਪਣੀ ਹੋਮਿਓਪੈਥੀ ਸਿਰਫ਼ ‘ਜਾਦੂ ਟੂਣਾ’ ਹੈ ਜਾਂ ਹੋਮਿਓਪੈਥੀ ਸਿਰਫ਼ ਸਾਇਕਲੌਜੀਕਲੀ ਕੰਮ ਕਰਦੀ ਹੈ। ਹੋਮਿਓਪੈਥੀ ਵਿੱਚ ਤਾਂ ਪਸ਼ੂਆਂ ਦਾ ਇਲਾਜ ਵੀ ਸੰਭਵ ਹੈ। ਕੀ ਪਸ਼ੂ ਸਾਇਕਾਲੌਜੀਕਲੀ ਠੀਕ ਹੁੰਦੇ ਹਨ ? ਇਹ ਸਿਰਫ ਬੁਖਲਾਏ ਹੋਏ ਡਾਕਟਰਾਂ ਦੇ ਬਿਆਨ ਹਨ ਕਿਉਂਕਿ ਹੁਣ ਇੰਗਲੈਂਡ ਵਿੱਚ ਵੀ ਹੋਮਿਓਪੈਥੀ ਦਿਨ-ਬ-ਦਿਨ ਚੜ੍ਹਤ ਵਿੱਚ ਹੈ। ਇਸੇ ਕਰ ਕੇ ਉਥੋਂ ਦੇ ਡਾਕਟਰ ਇਹ ਗਲਤ ਬਿਆਨਬਾਜ਼ੀ ਕਰ ਰਹੇ ਹਨ। ਇੰਗਲੈਂਡ ਵਿੱਚ ਵਸਦੇ ਮਿੱਤਰ ਯਾਰ ਦੱਸਦੇ ਹਨ ਕਿ ਇੱਥੇ ਸਰਜਰੀ ਦਾ ਬਦਲ ਸਿਰਫ਼ ਹੋਮਿਓਪੈਥੀ ਹੀ ਹੈ। ਸਰਜਰੀ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਉਲਟ ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਲਾਇਲਾਜ ਬਿਮਾਰੀਆਂ ਦਾ ਇਲਾਜ ਸੌਖਾ ਅਤੇ ਸਸਤਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉੱਥੋਂ ਦੇ ਡਾਕਟਰਾਂ ਨੇ ਹੋਮਿਓਪੈਥੀ ਸਬੰਧੀ ਗਲਤ ਅਫਵਾਹਾਂ ਫੈਲਾ ਰੱਖੀਆਂ ਹਨ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ।