ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸੰਬੰਧੀ ਇਤਰਾਜ਼

0
416

ਵੱਲ  ਗਿਆਨੀ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ।

ਕਿਰਪਾਲ ਸਿੰਘ (ਬਠਿੰਡਾ) 88378-13661, 98554-80797

ਵਿਸ਼ਾ: ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸੰਬੰਧੀ ਇਤਰਾਜ਼ ।

9 ਮਾਰਚ ਨੂੰ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਸੰਮਤ 551 (2019-20) ਰੀਲੀਜ਼ ਕਰਨ ਤੋਂ ਬਾਅਦ ਕੈਲੰਡਰ ਦੇ ਹੋ ਰਹੇ ਵਿਰੋਧ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਕੈਲੰਡਰ ਸੰਬੰਧੀ ਇਤਰਾਜ਼ ਹੈ, ਉਹ ਆਪਣੇ ਇਤਰਾਜ਼ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜਣ, ਜਿਸ ਬਾਰੇ ਵੀਚਾਰ ਕੀਤਾ ਜਾਵੇਗਾ।

ਜਥੇਦਾਰ ਸਾਹਿਬ ਜੀ  !  ਆਪ ਜੀ ਦੀ ਸਹੂਲਤ ਲਈ ਮੈਂ ਆਪਣੇ ਕੁਝ ਇਤਰਾਜ਼ਾਂ ਨੂੰ ਸੰਖੇਪ ਵਿੱਚ ਇੱਥੇ ਦੁਹਰਾਅ ਰਿਹਾ ਹਾਂ, ਜੀ।

(1). ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਹਰ ਸਾਲ 1 ਚੇਤ/ 14 ਮਾਰਚ ਨੂੰ ਸ਼ੁਰੂ ਹੁੰਦੇ ਹਨ ਅਤੇ 30 ਫੱਗਣ/13 ਮਾਰਚ ਨੂੰ ਖ਼ਤਮ ਹੁੰਦੇ ਹਨ, ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ ਅਤੇ ਹਰ ਸਾਲ 365 ਦਿਨਾਂ ਦਾ ਹੀ ਹੈ। ਇਸ ਦਾ ਭਾਵ ਹੈ ਕਿ ਇਸ ਅਨੁਸਾਰ ਨਿਸ਼ਚਿਤ ਕੀਤੇ ਦਿਹਾੜੇ ਹਰ ਸਾਲ 365 ਦਿਨਾਂ ਬਾਅਦ ਨਿਸ਼ਚਿਤ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਸਨ ਪਰ ਹੈਰਾਨੀ ਹੈ ਕਿ :

ਇਸ ਸਾਲ ਸੰਮਤ 551 ਦੇ ਕੈਲੰਡਰ ਵਿੱਚ ਨਿਸ਼ਚਿਤ ਕੀਤੇ ਕੁਝ ਦਿਹਾੜੇ ਤਾਂ ਸੰਮਤ 550 ਵਾਲੇ ਕੈਲੰਡਰ ਅਨੁਸਾਰ ਹੀ ਹਨ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫ਼ਤਿਹ 2 ਚੇਤ, ਸ਼ਹੀਦੀ ਸ: ਭਗਤ ਸਿੰਘ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ 12 ਚੇਤ, ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਦਸਤਾਰ ਦਿਵਸ 31 ਚੇਤ, ਖ਼ਾਲਸਾ ਸਾਜਨਾ ਦਿਵਸ ਵੈਸਾਖੀ 1 ਵੈਸਾਖ, ਜਨਮ ਦਿਹਾੜਾ ਭਗਤ ਧੰਨਾ ਜੀ 8 ਵੈਸਾਖ, ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ 21 ਵੈਸਾਖ, ਬਾਬਾ ਬੰਦਾ ਸਿੰਘ ਵੱਲੋਂ ਸਰਹਿੰਦ ਫ਼ਤਿਹ ਦਿਵਸ 29 ਵੈਸਾਖ ਹਨ, ਪਰ ਕੁਝ ਦਿਹਾੜਿਆਂ ਵਿੱਚ ਇੱਕ ਇੱਕ ਦਿਨ ਦਾ ਫਰਕ ਹੈ, ਕਈਆਂ ਵਿੱਚ 10-12 ਦਿਨ (ਪਹਿਲਾਂ ਆਉਣ) ਦਾ ਫਰਕ ਅਤੇ ਕਈਆਂ ਵਿੱਚ 18-19 ਦਿਨ (ਪਿੱਛੋਂ ਆਉਣ) ਦਾ ਫਰਕ ਹੈ ਜਿਵੇਂ ਕਿ ਅਗਲੇ ਪੰਨੇ ’ਤੇ ਦਿੱਤੇ ਚਾਰਟ ਵਿੱਚ ਵੇਖਿਆ ਜਾ ਸਕਦਾ ਹੈ। (ਨੋਟ : ਇਹ ਕੇਵਲ ਚੇਤ, ਵੈਸਾਖ, ਜੇਠ ਤਿੰਨ ਮਹੀਨਿਆਂ ’ਚ ਆਉਣ ਵਾਲੇ ਦਿਹਾੜਿਆਂ ਦਾ ਵੇਰਵਾ ਹੈ, ਬਾਕੀ ਦੀਆਂ ਤਰੀਖਾਂ ਦਾ ਮਿਲਾਣ ਤੁਸੀਂ ਖ਼ੁਦ ਕਰ ਕੇ ਵੇਖ ਲੈਣ ਦੀ ਕ੍ਰਿਪਾ ਕਰ ਲੈਣੀ ਜੀ।

(ਨੋਟ :  ਪਿਛਲੇ ਸਾਲ ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੈਲੰਡਰ ਵਿੱਚ ਛਪੇ ਅਨੁਸਾਰ 25 ਵੈਸਾਖ ਅਤੇ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਸਾਹਿਬ ਜੀ 3 ਹਾੜ ਵਿਖਾਇਆ ਗਿਆ ਸੀ, ਜੋ ਕਿ ਕੈਲੰਡਰ ਦੇ ਨਿਯਮਾਂ ਮੁਤਾਬਕ ਤਾਂ ਠੀਕ ਸੀ ਪਰ ਕਿਉਂਕਿ ਇਨ੍ਹਾਂ ਦੋਵਾਂ ਦਿਹਾੜਿਆਂ ਵਿਚਕਾਰ ਵੈਸਾਖ ਦੇ 5 ਦਿਨ + ਜੇਠ ਦੇ 32 ਦਿਨ + ਹਾੜ ਦੇ 3 ਦਿਨ = 40 ਦਿਨ ਦਾ ਫਰਕ ਪੈ ਗਿਆ ਸੀ, ਜੋ ਕਿ ਇਤਿਹਾਸ ਮੁਤਾਬਕ ਗਲਤ ਸੀ। ਇਸ ਫਰਕ ਨੂੰ ਠੀਕ ਕਰਨ ਲਈ ਕੈਲੰਡਰ ਦੇ ਨਿਯਮ ਭੰਗ ਕਰ ਕੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਐਨ ਮੌਕੇ ’ਤੇ 25 ਵੈਸਾਖ ਤੋਂ ਬਦਲ ਕੇ 25 ਜੇਠ ਕਰ ਦਿੱਤਾ, ਜਿਸ ਨਾਲ ਫਰਕ 10 ਦਿਨ ਰਹਿ ਗਿਆ ਜਦੋਂ ਕਿ ਇਸ ਸਾਲ ਸੰਮਤ 551 ’ਚ ਇਹ ਫਰਕ (13 ਜੇਠ ਤੋਂ 24 ਜੇਠ ਤੱਕ) 11 ਦਿਨ ਦਾ ਫਰਕ ਹੈ।

(2). ਹੋਲੇ ਮਹੱਲੇ ਦਾ ਪੁਰਬ ਪਿਛਲੇ ਸਾਲ ਸੰਮਤ 550 ਦੌਰਾਨ ਤਾਂ ਆਇਆ ਹੀ ਨਹੀਂ ਸੀ ਜਦੋਂ ਕਿ ਇਸ ਸਾਲ ਸੰਮਤ 551 ’ਚ ਦੋ ਵਾਰ ਪਹਿਲਾਂ ਸਾਲ ਦੇ ਸ਼ੁਰੂ ’ਚ 8 ਚੇਤ 21 ਮਾਰਚ ਅਤੇ ਦੂਸਰੀ ਵਾਰ ਸਾਲ ਦੇ ਅਖੀਰ ’ਤੇ 28 ਫੱਗਣ 10 ਮਾਰਚ ਨੂੰ ਆਵੇਗਾ। ਸੋਧਾਂ ਦੇ ਨਾਮ ’ਤੇ ਵਿਗਾੜੇ ਹੋਏ ਕੈਲੰਡਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ 8 ਚੇਤ 21 ਮਾਰਚ ਨਾਲ ਇਸ ਆਧਾਰ ’ਤੇ ਸਹਿਮਤ ਨਹੀਂ ਹਨ ਕਿ ਪੁਰਾਤਨ ਮਰਿਆਦਾ ਅਨੁਸਾਰ ਹਰ ਸਾਲ ਹੋਲਾ ਮਹੱਲਾ ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ ’ਚ ਮਨਾਇਆ ਜਾਂਦਾ ਹੈ ਪਰ ਇਸ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਪੂਰਨਮਾਸ਼ੀ ਵਾਲੇ ਦਿਨ ਹੀ ਦਰਜ ਕੀਤਾ ਗਿਆ ਹੈ ਜਿਸ ਨੂੰ ਉਹ ਗਲਤ ਮੰਨਦੇ ਹੋਏ ਨਿਹੰਗ 22 ਮਾਰਚ ਨੂੰ ਹੋਲਾ ਮਹੱਲਾ ਮਨਾਉਣ ਲਈ ਬਜਿਦ ਹਨ। ਦੱਸਣਯੋਗ ਹੈ ਕਿ ਸਾਲ 2009 ’ਚ ਵੀ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਮਨਾਇਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ।

(3). ਹੋਲੇ ਮਹੱਲੇ ਦੇ ਦਿਹਾੜੇ ਸੰਬੰਧੀ ਨਿਹੰਗ ਜਥੇਬੰਦੀਆਂ ਦੇ ਤਰਕ ਨੂੰ ਜੇ ਸਹੀ ਮੰਨ ਲਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਹਰ ਸਾਲ ਪੋਹ ਦੀ ਮੱਸਿਆ ਤੋਂ ਸਤਵੇਂ ਦਿਨ ਪੋਹ ਸੁਦੀ 7 ਨੂੰ ਮਨਾਇਆ ਜਾਂਦਾ ਹੈ ਪਰ ਦੋ ਮਹੀਨੇ ਪਹਿਲਾਂ ਮੱਸਿਆ 5 ਜਨਵਰੀ ਨੂੰ ਸੀ ਜਦੋਂ ਕਿ ਗੁਰਪੁਰਬ ਇਸ ਤੋਂ ਪਿੱਛੋਂ 7ਵੇਂ ਦਿਨ ਦੀ ਬਜਾਏ 8ਵੇਂ ਦਿਨ 13 ਜਨਵਰੀ ਨੂੰ ਮਨਾਇਆ ਗਿਆ ਸੀ।  ਸੰਨ 2000 ’ਚ ਪੰਜਾਬ ਵਿੱਚ ਪੋਹ ਸੁਦੀ 7 ਇੱਕ ਦਿਨ ਦੇ ਅੰਤਰ ਨਾਲ ਆਈ ਸੀ। ਪੰਜਾਬ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਦ੍ਰਿਕ ਗਣਿਤ ਅਨੁਸਾਰ 14 ਜਨਵਰੀ ਨੂੰ ਅਤੇ ਪਟਨਾ ਸਾਹਿਬ (ਬਿਹਾਰ) ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਾਕਾਸ਼ ਹੋਇਆ ਸੀ ਉੱਥੇ ਸੂਰਯ ਸਿਧਾਂਤ ਅਨੁਸਾਰ 13 ਜਨਵਰੀ ਨੂੰ ਮਨਾਇਆ ਗਿਆ ਸੀ।  ਬੰਦੀਛੋੜ ਦਿਵਸ ਵੀ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਸੰਮਤ 551 ’ਚ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੱਤਕ ਦੀ ਚਉਦਸ ਨੂੰ ਦਰਜ ਕੀਤਾ ਗਿਆ ਹੈ। ਅਗਲੇ ਸਾਲ ਸੰਮਤ 552 ਵਿੱਚ ਵੀ ਇਸੇ ਤਰ੍ਹਾਂ ਇੱਕ ਦਿਨ ਦੀ ਗਲਤੀ ਹੈ।

(4). ਦਿਨ ਦਿਹਾੜਿਆਂ ਦੀਆਂ ਹਰ ਸਾਲ ਹੀ ਬਦਲਵੀਆਂ ਤਰੀਖਾਂ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਪੁਰਾਤਨ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖਾਂ ਅਤੇ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ, ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਸ਼੍ਰੋਮਣੀ ਕਮੇਟੀ ਦਾ ਇਤਿਹਾਸ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਆਦਿਕ ਦੇ ਸ਼ਹੀਦੀ ਦਿਨ ਈਸਵੀ ਕੈਲੰਡਰ ਦੀਆਂ ਤਰੀਖਾਂ ਅਨੁਸਾਰ ਦਰਜ ਹੋਣ ਕਰ ਕੇ ਅਕਸਰ ਹੀ ਇੱਕ ਦੂਸਰੀ ਨਾਲ ਨੇੜੇ ਦਾ ਸੰਬੰਧ ਰੱਖਣ ਵਾਲੀਆਂ ਘਟਨਾਵਾਂ ਅੱਗੇ ਪਿੱਛੇ ਦਰਜ ਹੋਣ ਕਰ ਕੇ ਕੌਮ ਵਿੱਚ ਦੁਬਿਧਾ ਪੈਦਾ ਕਰਦੀਆਂ ਹਨ ਜਿਵੇਂ ਕਿ 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅਤੇ ਤੀਜਾ ਘੱਲੂਘਾਰਾ ਇੱਕੋ ਸਮੇਂ ਵਾਪਰਿਆ ਪਰ ਉਸ ਤੋਂ ਪਿੱਛੋਂ ਇਹ ਕਦੀ ਵੀ ਇਕੱਠੇ ਨਹੀਂ ਆਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ 19 ਦਿਨਾਂ ਬਾਅਦ ਉਸੇ ਅਕਾਲ ਤਖ਼ਤ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਮੀਰੀ ਪੀਰੀ ਦਾ ਸਿਧਾਂਤ ਵੀ ਉਨ੍ਹਾਂ ਨੇ ਹੀ ਲਾਗੂ ਕੀਤਾ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਸੂਰਜੀ ਮਹੀਨੇ ਦੀਆਂ ਤਰੀਖਾਂ ਅਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਰੀਖਾਂ ਨਾਲ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅਤੇ ਹੋਲਾ ਮਹੱਲਾ ਖੇਡਣ ਦੀ ਰੀਤ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਪਰ ਖ਼ਾਲਸੇ ਦਾ ਸਾਜਣਾ ਦਿਵਸ ਭਾਵ ਵੈਸਾਖੀ ਸੂਰਜੀ ਮਹੀਨੇ ਦੀ ਤਰੀਖ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀ ਤਿੱਥ ਅਨੁਸਾਰ ਨਿਸ਼ਚਿਤ ਕੀਤੇ ਜਾਣ ਕਰ ਕੇ ਕਦੀ ਤਾਂ ਫਗਣ ਦੇ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਕਦੇ ਚੇਤ ਵਿੱਚ ਆਉਣ ਕਰ ਕੇ ਨਾਨਕਸ਼ਾਹੀ ਕੈਲੰਡਰ ਦੇ ਕਦੀ ਇੱਕ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬਿਕ੍ਰਮੀ ਕੈਲੰਡਰ ਦੀ ਸੂਰਜੀ ਤਰੀਖ ਨਾਲ ਨਿਸ਼ਚਿਤ ਕੀਤੇ ਜਾਣ ਕਰ ਕੇ ਹਮੇਸ਼ਾਂ ਨਿਸ਼ਚਿਤ ਤਰੀਖਾਂ ਨੂੰ ਆਉਂਦਾ ਹੈ ਜਦੋਂ ਕਿ ਬਾਕੀ ਦੇ ਭਗਤ ਸਾਹਿਬਾਨ ਦੇ ਜਨਮ ਦਿਨ ਚੰਦ੍ਰਮਾ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਸਦਕਾ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ, ਆਦਿ।

ਬਿਕ੍ਰਮੀ ਕੈਲੰਡਰ ਇੱਕ ਐਸਾ ਗੋਰਖ ਧੰਦਾ ਹੈ ਕਿ ਬੰਦਾ ਇਸ ਦੀਆਂ ਬਾਰੀਕੀਆਂ ਸੁਣ ਕੇ ਹੀ ਦੰਗ ਰਹਿ ਜਾਂਦਾ ਹੈ ਕਿਉਂਕਿ ਕਦੀ ਇੱਕੋ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ ਅਤੇ ਕਦੇ ਦੋ ਤਿੱਥਾਂ ਇੱਕੋ ਦਿਨ ਆ ਜਾਂਦੀਆਂ ਹਨ ਜਿਵੇਂ ਕਿ ਇਸ ਸਾਲ ਫੱਗਣ ਦੀ ਪੁੰਨਿਆ ਅਤੇ ਚੇਤ ਵਦੀ 1 ਦੋਵੇਂ ਹੀ 21 ਮਾਰਚ ਨੂੰ ਹੋਲੇ ਮਹੱਲੇ ਦਿਨ ਸੰਬੰਧੀ ਭੰਬਲਭੂਸਾ ਪੈਦਾ ਹੋ ਗਿਆ ਹੈ। ਕੀ ਬਿਕ੍ਰਮੀ ਕੈਲੰਡਰ ਦੇ ਹਿਮਾਇਤੀ ਦੱਸ ਸਕਦੇ ਹਨ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਕੌਮ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਦੀ ਘੁੰਮਣਘੇਰੀ ਵਿੱਚ ਫਸਾਈ ਰੱਖਣੀ ਹੈ ਅਤੇ ਕਦੀ ਵੀ ਆਪਣੇ ਇੱਕ ਕੈਲੰਡਰ ਨਾਲ ਜੁੜ ਕੇ ਕੌਮੀ ਨਿਆਰੇਪਨ ਨੂੰ ਉਜਾਗਰ ਨਹੀਂ ਹੋਣ ਦੇਣਾ ?

ਉਪਰੋਕਤ ਦਾ ਇੱਕ ਉਤਾਰਾ ਈ-ਮੇਲ ਰਾਹੀਂ ਹੇਠ ਲਿਖਿਆਂ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਭੇਜਿਆ ਜਾਂਦਾ ਹੈ, ਜੀ।

(1). ਗਿਆਨੀ ਰਘਬੀਰ ਸਿੰਘ ਜੀ ਕਾਰਜਕਾਰੀ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ।

(2). ਗਿਆਨੀ ਰਜਿੰਦਰ ਸਿੰਘ ਜੀ ਕਾਰਜਕਾਰੀ ਜਥੇਦਾਰ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ।

(3). ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਤਖ਼ਤ ਸ਼੍ਰੀ ਹਜੂਰ ਸਾਹਿਬ, ਨਾਂਦੇੜ।

(4). ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ।

(5). ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।

(6). ਭਾਈ ਬਲਵਿੰਦਰ ਸਿੰਘ ਜੀ ਜੌੜਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੀ ਅੰਮ੍ਰਿਤਸਰ।