ਮਾਨਵ ਹਿਤਕਾਰੀ ਸੋਚ ਤੇ ਅਰਥਹੀਣ ਵਿਚਾਰਧਾਰਾ ’ਚ ਅੰਤਰ

0
254

ਮਾਨਵ ਹਿਤਕਾਰੀ ਸੋਚ ਤੇ ਅਰਥਹੀਣ ਵਿਚਾਰਧਾਰਾ ’ਚ ਅੰਤਰ

ਗਿਆਨੀ ਅਵਤਾਰ ਸਿੰਘ

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਇੱਕ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਜਿਸ ਨੂੰ ਪ੍ਰਾਪਤ ਕਰ ਮਨੁੱਖ ਕਾਮਾਦਿਕਾਂ ’ਤੇ ਕਾਬੂ ਪਾ ਸਕਦਾ ਹੈ।, ਗ੍ਰਹਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਹੱਕ-ਹਲਾਲ ਦੀ ਕਮਾਈ ਨਾਲ ਸੁਰਖ਼ਰੂ ਹੋ ਕੇ ਨਿਭਾ ਸਕਦਾ ਹੈ।, ਆਪਣੀ ਸੱਚੀ-ਸੁੱਚੀ ਕਿਰਤ ਵਿੱਚੋਂ ਲੋੜਵੰਦਾਂ ਦੀ ਮਦਦ ਕਰ ਸਮਾਜ ’ਚ ਆਦਰਸ਼ ਜੀਵਨ ਪੇਸ਼ ਕਰ ਸਕਦਾ ਹੈ।, ਬੇਇਨਸਾਫ਼ੀ ਵਿਰੁਧ ਆਵਾਜ਼ ਬੁਲੰਦ ਕਰ ਨਿਡਰ ਤੇ ਚੰਗੇ ਆਗੂ ਦੀ ਮਿਸਾਲ ਬਣ ਸਕਦਾ ਹੈ।, ਸਮਾਜਕ ਕੁਰੀਤੀਆਂ ਵਿਰੁਧ ਅੰਦੋਲਨ ਪੈਦਾ ਕਰ ਆਪਾ ਵਾਰ ਸਕਦਾ ਹੈ।, ਵਿਸ਼ਿਆਂ-ਵਿਕਾਰਾਂ, ਨਸ਼ਿਆਂ, ਈਰਖਾ, ਭੇਦ-ਭਾਵ, ਅੰਧਵਿਸ਼ਵਾਸ ’ਚ ਫਸੇ ਸਮਾਜ ਨੂੰ ਨਿਰੋਈ ਸੇਧ ਦੇ ਸਕਦਾ ਹੈ।, ਸਰੀਰ ਨੂੰ ਅਰੋਗ ਤੇ ਤੰਦਰੁਸਤ ਰੱਖ ਸਕਦਾ ਹੈ ਭਾਵ ਗੁਰਬਾਣੀ ਇੱਕ ਅਜਿਹਾ ਵਿਲੱਖਣ ਮਨੁੱਖੀ ਕਿਰਦਾਰ ਤਿਆਰ ਕਰਦੀ ਹੈ ਜੋ ਕਿਰਤੀ, ਗ੍ਰਹਿਸਤੀ, ਇਨਸਾਫ਼ ਪਸੰਦ, ਯੋਧਾ, ਪਰਉਪਕਾਰੀ, ਕੁਦਰਤ ਨਾਲ ਪਿਆਰ ਕਰਨ ਵਾਲਾ, ਇੱਕ ਅਕਾਲ ਪੁਰਖ ਦੀ ਬੰਦਗੀ ’ਚ ਲੀਨ ਤੇ ਉਸ ਦੇ ਡਰ-ਅਦਬ ਵਿੱਚ ਵਿਚਰਦਾ ਹੋਇਆ ਸਾਦਗੀ, ਸੰਤੋਖ, ਸਹਿਨਸ਼ੀਲਤਾ, ਪਿਆਰ, ਨਿਮਰਤਾ ਭਰਪੂਰ ਗੁਣਾਂ ਨਾਲ਼ ਸਦਾ ਅਨੰਦਿਤ, ਆਜ਼ਾਦ ਤੇ ਮਸਤ ਰਹਿੰਦਾ ਹੈ।  ਗੁਰੂ ਨਾਨਕ ਜੀ ਨੇ ਮਾਨਵਤਾ ਨੂੰ ਇਹੀ ਸੁਨੇਹਾ ਦਿੱਤਾ ਕਿ ਧਰਮ ਮਨੁੱਖਤਾ ਦੇ ਕਲਿਆਣ ਲਈ ਹੈ, ਨਾ ਕਿ ਭੇਦ-ਭਾਵ ਜਾਂ ਅੰਧਵਿਸ਼ਵਾਸ ਨੂੰ ਜਨਮ ਦੇਣਾ ਧਰਮ ਦਾ ਕਾਰਜ ਹੁੰਦਾ ਹੈ।

ਨਿਰੋਏ ਸਮਾਜ ਦੀ ਸਿਰਜਣਾ ਲਈ ਪਰਿਵਾਰਕ ਸੰਬੰਧਾਂ ਦਾ ਮਜ਼ਬੂਤ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਗੁਰਮਤਿ ਨੇ ਜਿੱਥੇ ਪਤੀ-ਪਤਨੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੮) ਵਚਨ ਉਚਾਰੇ ਓਥੇ ਸੰਗਤੀ ਰੂਪ ਏਕਤਾ ਨੂੰ ਵੀ ਸ਼ਹਿਦ ਦੀਆਂ ਮੱਖੀਆਂ ਵਾਙ ਇਕਸਾਰਤਾ ਬਖ਼ਸ਼ੀ, ‘‘ਸਤਸੰਗਤਿ ਮਿਲਿ ਰਹੀਐ ਮਾਧਉ !  ਜੈਸੇ ਮਧੁਪ ਮਖੀਰਾ ॥’’ (ਆਸਾ, ਭਗਤ ਰਵਿਦਾਸ ਜੀ, ਪੰਨਾ ੪੮੬)

ਔਰਤ ਪ੍ਰਤੀ ਘਿਰਨਾ ਪੈਦਾ ਕਰਨ ਵਾਲੀ ਜਿੱਥੇ ਸਤੀ ਪ੍ਰਥਾ ਨੂੰ ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥’’ (ਸੂਹੀ ਕੀ ਵਾਰ, ਮ: ੩, ਪੰਨਾ ੭੮੭) ਕਹਿ ਕੇ ਫਿਟਕਾਰਿਆ ਓਥੇ ਸਮੁੱਚੀ ਲੁਕਾਈ ਨੂੰ ਹੀ ਇਸਤਰੀ ਬਿਆਨ ਕਰ ਕੇ ਇੱਕ ਅਕਾਲ ਪੁਰਖ ਨੂੰ ਪਤੀ-ਪ੍ਰਮੇਸ਼ਰ ਦੀ ਸੰਗਿਆ ਦਿੱਤੀ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਵਡਹੰਸ ਕੀ ਵਾਰ, ਮ: ੩, ਪੰਨਾ ੫੯੧)

ਸਮਾਜਕ ਨਫ਼ਰਤ ਦਾ ਕਾਰਨ ਬਣਦੀ ਜਾਤ-ਪ੍ਰਥਾ ਨੂੰ ਜਿੱਥੇ ‘‘ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ  !॥’’ (ਭੈਰਉ, ਮ: ੩, ਪੰਨਾ ੧੧੨੭)  ਕਹਿ ਕੇ ਨਿਡਰਤਾ ਦਾ ਸਬੂਤ ਦਿੱਤਾ ਓਥੇ ਉੱਚੀ ਜਾਤ ਅਭਿਮਾਨੀਆਂ ਨੂੰ ਮਾਤਾ ਦੇ ਗਰਭ ਰਾਹੀਂ ਨੀਚ ਜਾਤ ਵਾਙ ਪੈਦਾ ਹੋਣ ਦੀ ਬਜਾਇ ਕੋਈ ਵੱਖਰੇ ਰਸਤੇ ਦਾ ਪ੍ਰਯੋਗ ਨਾ ਕਰਨ ਲਈ ਵਿਅੰਗ ਕਸਿਆ, ‘‘ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ ॥ ਤਉ, ਆਨ ਬਾਟ ਕਾਹੇ ਨਹੀ ਆਇਆ  ?॥’’ (ਗਉੜੀ, ਭਗਤ ਕਬੀਰ ਜੀ, ਪੰਨਾ ੩੨੪) ਤਾਂ ਤੇ ‘‘ਕਬੀਰ  ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ॥’’ (ਸਲੋਕ, ਭਗਤ ਕਬੀਰ ਜੀ, ਪੰਨਾ ੧੩੭੭) ਕਹਿਣਾ ਹੀ ਮਨੁੱਖਤਾ ਲਈ ਲਾਭਕਾਰੀ ਬਣ ਗਿਆ।

ਦੂਸਰੇ ਪਾਸੇ ਮੌਲਵੀਆਂ ਨੇ ਧਰਮ ਗ੍ਰਹਿਣ ਕਰਨ ਲਈ ਸੁੰਨਤ ਨੂੰ ਅਹਿਮ ਮੰਨਿਆ, ਜਿਸ ਬਾਬਤ ਵਚਨ ਕੀਤੇ ਗਏ ਕਿ ਬੰਦਾ ਤਾਂ ਸੁੰਨਤ ਕਰ ਕੇ ਤੁਰਕ ਬਣ ਸਕਦਾ ਹੈ, ਪਰ ਉਸ ਦੀ ਜਨਾਨੀ, ਜਿਸ ਦੀ ਸੁੰਨਤ ਨਹੀਂ ਹੋ ਸਕਦੀ ਉਹ ਤਾਂ ਅਧਰਮੀ ਹੀ ਰਹਿ ਜਾਏਗੀ, ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥ ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥’’ (ਆਸਾ, ਭਗਤ ਕਬੀਰ ਜੀ, ਪੰਨਾ ੪੭੭) ਇਸਲਾਮ ’ਚ ਸੁੰਨੀ ਕਬੀਲਾ (ਜੋ ਸੁੰਨਤ ਕਰਵਾਉਂਦਾ ਹੈ) ਸਮੁੱਚੀ ਮਾਨਵਤਾ ਉੱਤੇ ਆਪਣੀ ਮਜ਼੍ਹਬੀ ਚਾਦਰ ਪਾਉਣ ਲਈ ਜ਼ਾਲਮ ਬਣਦਾ ਗਿਆ, ਇਸ ਕੱਟੜਤਾ ਵਿਰੁਧ ਗੁਰੂ ਜੀ ਨੇ ਵਚਨ ਕੀਤੇ ‘‘ਮੁਸਲਮਾਣੁ, ਮੋਮ ਦਿਲਿ ਹੋਵੈ ॥’’ (ਮਾਰੂ ਸੋਲਹੇ, ਮ: ੫, ਪੰਨਾ ੧੦੮੪), ਇਸ ਬੁਲੰਦ ਆਵਾਜ਼ ਬਦਲੇ ਗੁਰੂ ਜੀ ਨੂੰ ਤੱਤੀ ਤਵੀ ’ਤੇ ਬੈਠਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਸਿਧਾਂਤਕ ਹਾਰ ਨਹੀਂ ਹੋਣ ਦਿੱਤੀ। ਇਹ ਉਸ ਮਨੁੱਖੀ ਬੁਨਿਆਦ ਦੀ ਮਿਸਾਲ ਸੀ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ। 

ਗ਼ੈਰ ਸਿਧਾਂਤਕ ਪਰਉਪਕਾਰਤਾ ਦੀ ਮਿਸਾਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਵਧ ਕੇ ਕੋਈ ਨਹੀਂ ਮਿਲਦੀ ਜਿਨ੍ਹਾਂ ਆਪਣੇ ਸਨਮੁਖ ਤਿੰਨ ਆਪਣੇ ਸਿੰਘਾਂ ਨੂੰ ਦਿੱਤੇ ਅਸਹਿ ਤਸੀਹੇ ਵੇਖ ਕੇ ਵੀ ਆਪਣਾ ਲਾਚਾਰ ਬ੍ਰਾਹਮਣਾਂ ਨੂੰ ਦਿੱਤਾ ਪ੍ਰਣ ਸ਼ਹਾਦਤ ਦੇ ਕੇ ਪੂਰਾ ਕੀਤਾ, ਪਰ ਦਰ ਆਏ ਫ਼ਰਿਆਦੀਆਂ ਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨ ਦਿੱਤਾ। ਦੂਸਰੇ ਪਾਸੇ ਅਗਰ ਇੱਕ ਗ਼ੈਰ ਮਤ ਨਾਲ਼ ਘੜੇ ਗਏ ਜੀਵਨ ਦੀ ਮਿਸਾਲ ਲੈਣੀ ਹੋਵੇ ਤਾਂ ਅੰਜੀਲ ਮੁਤਾਬਕ ਈਸਾ ਦੀ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦਾ ਸਭ ਤੋਂ ਪ੍ਰਮੁੱਖ ਚੇਲਾ ਪੀਟਰ ਨਾਲ਼ ਸੀ। ਜਦ ਈਸਾ ਜੀ ਨੂੰ ਸੂਲ਼ੀ ’ਤੇ ਚੜ੍ਹਾਉਣ ਦੀ ਸਜ਼ਾ ਦਿੱਤੀ ਗਈ ਤਾਂ ਪੀਟਰ ਤੋਂ ਪੁੱਛਿਆ ਗਿਆ ਕਿ ਕੀ ਈਸਾ ਤੇਰਾ ਧਰਮ ਗੁਰੂ ਹੈ  ? ਤਾਂ ਪੀਟਰ ਨੇ ਤਿੰਨ ਵਾਰ ਸੋਂਹ (ਕਸਮ) ਖਾ ਕੇ ਇਨਕਾਰ ਕਰ ਦਿੱਤਾ।  ਪੀਟਰ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਅਗਰ ਇਹ ਤੇਰਾ ਗੁਰੂ ਨਹੀਂ ਤਾਂ ਤੂੰ ਇਸ ਨੂੰ ਲਾਹਨਤ (ਫਿਟਕਾਰ) ਪਾ। ਪੀਟਰ ਨੇ ਐਸਾ ਹੀ ਕੀਤਾ। ਇਸ ਤੋਂ ਬਾਅਦ ਜਦ ਈਸਾ ਜੀ ਨੂੰ ਸੂਲੀ ’ਤੇ ਚੜ੍ਹਾਇਆ ਗਿਆ ਤਾਂ ਆਪਣੇ ਆਪ ਨੂੰ ਪ੍ਰਭੂ ਦਾ ਇਕਲੌਤਾ ਪੁੱਤਰ ਦੱਸਣ ਵਾਲੇ ਈਸਾ ਜੀ ਨੇ ਖ਼ੁਦ ਪ੍ਰਭੂ ਅੱਗੇ ਤਰਲੇ ਲੈਂਦਿਆਂ ਇਉਂ ਆਪਣੀ ਅਸੰਤੁਸ਼ਟਾ ਤੇ ਭਰੋਸੇਹੀਣ ਮਿਸਾਲ ਦਿੱਤੀ, ‘ਹੇ ਪ੍ਰਭੂ  ! ਤੂੰ ਮੈਨੂੰ ਭੁਲਾ ਦਿੱਤਾ ਹੈ’ (ਈਸਾ ਮਸੀਹ); ਜਦ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਜਦ ਤੱਤੀ ਤਵੀ ’ਤੇ ਬੈਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਸੰਤੋਖਮਈ ਤੇ ਆਪਣੇ ਮਾਲਕ (ਰੱਬ) ਬਾਰੇ ਇਉਂ ਸਤਿਕਾਰਮਈ ਵਚਨ ਉਚਾਰੇ, ‘‘ਤੇਰਾ ਕੀਆ ਮੀਠਾ ਲਾਗੈ ॥’’ (ਆਸਾ, ਮ: ੫, ਪੰਨਾ ੩੯੪), ਇੱਥੋਂ ਤੱਕ ਕਿ 7 ਤੇ 9 ਸਾਲ ਦੇ ਛੋਟੇ ਸ਼ਾਹਿਬਜ਼ਾਦਿਆਂ ਨੇ ਵੀ ਮੌਤ ਨੂੰ ਹੱਸ ਕੇ ਪ੍ਰਾਵਨ ਕਰ ਲਿਆ, ਪਰ ਵਿਚਾਰਧਾਰਾ ਨੂੰ ਕਮਜ਼ੋਰ ਸਾਬਤ ਨਹੀਂ ਹੋਣ ਦਿੱਤਾ।  ਅਸਲ ਧਰਮ ਦੁਆਰਾ ਬਣੀ ਜੀਵਨ ਘਾੜਤ ਅਤੇ ਆਧਾਰਹੀਣ ਧਰਮ ਰਾਹੀਂ ਅਸਫਲ ਹੁੰਦਾ ਮਨੁੱਖਾ ਜੀਵਨ ਇਉਂ ਮਨੁੱਖੀ ਇਤਿਹਾਸ ’ਚ ਦਰਜ ਹੁੰਦਾ ਆਇਆ ਹੈ, ਇਹੀ ਹੈ ਸਫਲ ਤੇ ਅਸਫਲ ਸੰਸਾਰਕ ਯਾਤਰਾ ਦਾ ਬੁਨਿਆਦੀ ਅੰਤਰ। ਇਸ ਦੇ ਪਿੱਛੇ ਕਾਰਜਸ਼ੀਲ ਰਹੀ ਰੱਬੀ ਬੰਦਗੀ ਦੀ ਕਮਾਈ ਤੇ ਰੱਬੀ ਆਸਰਾ, ਜਿਸ ਰਾਹੀਂ ਉਨ੍ਹਾਂ ਆਪਣੇ ਅਸਲ ਪਿਆਰਿਆਂ ਅਤੇ ਕਰਮਕਾਂਡੀਆਂ ਨੂੰ ਜਗਤ ’ਚ ਪ੍ਰਗਟਾਉਣਾ ਹੁੰਦਾ ਹੈ।

ਅੱਜ ਹਰ ਰਹਿਬਰ, ਗੁਰੂ, ਮਹਾਤਮਾ; ਰੱਬ ਦੀ ਵਿਆਖਿਆ ਕਰਦਿਆਂ ਉਸ ਦੀ ਮੌਜੂਦਗੀ ਨੂੰ ਕਣ ਕਣ ਵਿੱਚ ਦਰਸਾਉਂਦਾ ਵੇਖਿਆ ਜਾ ਸਕਦਾ ਹੈ, ਪਰ ਇਸ ਵਿਚਾਰਧਾਰਾ ਦੇ ਪਿਛੋਕੜ ਨੂੰ ਗਹੁ ਨਾਲ ਵਾਚੀਏ ਤਾਂ ਰੱਬ ਦੀ ਕਣ ਕਣ ਵਿੱਚ ਮੌਜੂਦਗੀ ਨੂੰ ਪ੍ਰਤੱਖ ਸਾਬਤ ਕਰਨ ਵਾਲੇ ਰਹਿਬਰ ਵੀ ਗੁਰੂ ਨਾਨਕ ਸਾਹਿਬ ਜੀ ਹੀ ਹਨ, ਜਿਨ੍ਹਾਂ ਕਿਹਾ ਕਿ ਹੇ ਪ੍ਰਭੂ  !  ਸਰਵ ਵਿਆਪਕ ਹੋ ਕੇ ਤੇਰੇ ਹਜ਼ਾਰਾਂ ਨੇਤਰ, ਹਜ਼ਾਰਾਂ ਹੱਥ, ਹਜ਼ਾਰਾਂ ਨੱਕ, ਹਜ਼ਾਰਾਂ ਪੈਰ, ਹਜ਼ਾਰਾਂ ਸ਼ਕਲਾਂ ਆਦਿ ਹਨ ਪਰ ਨਿਰਗੁਣ (ਅਦ੍ਰਿਸ਼) ਰੂਪ ’ਚ ਤੇਰਾ ਕੋਈ ਹੱਥ, ਪੈਰ, ਨੱਕ, ਸ਼ਕਲ ਆਦਿ ਚਿੰਨ੍ਹ ਨਹੀਂ ਹੈ, ਇਸ ਏਕਤਾ ਤੇ ਅਨੇਕਤਾ ਨੇ ਮੇਰੇ ਮਨ ਨੂੰ ਵਿਸਮਾਦਮਈ ਕਰ ਦਿੱਤਾ ਹੈ, ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ ॥ ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਜਦਕਿ ਇਸ ਤੋਂ ਪਹਿਲਾਂ ਪਰੰਪਰਾਵਾਦੀ ਸੋਚ ਮੁਤਾਬਕ ਜਾਂ ਤਾਂ ਰੱਬ ਨੂੰ ਮੂਰਤੀ (ਪੱਥਰ, ਆਕਾਰ) ਰੂਪ ਵਿੱਚ ਪੂਜਿਆ ਜਾਂਦਾ ਰਿਹਾ ਹੈ ਜਾਂ ਫਿਰ ਸੱਤ ਆਕਾਸ਼ ਉੱਪਰ (ਭਾਵ ਵਿਆਪਕਤਾ ਤੋਂ ਬਹੁਤ ਦੂਰ) ਬੈਠਾ ਮੰਨਿਆ ਗਿਆ; ਜਿਵੇਂ ਕਿ ਬਾਈਬਲ ਤੇ ਕੁਰਾਨ ਮੁਤਾਬਕ ਫ਼ਰਿਸ਼ਤੇ ਰੱਬ ਦੇ ਤਖ਼ਤ ਨੂੰ ਚੁੱਕ ਕੇ ਰੱਖਦੇ ਹਨ ਤੇ ਧਰਤੀ ਉੱਤੇ ਰਹਿੰਦੇ ਪੈਗ਼ੰਬਰਾਂ ਲਈ ਸੰਦੇਸ਼ ਵੀ ਲੈ ਕੇ ਆਉਂਦੇ ਹਨ ਭਾਵ ਉਨ੍ਹਾਂ ਮੁਤਾਬਕ ਪ੍ਰਭੂ ਕਣ-ਕਣ ਵਿੱਚ ਮੌਜੂਦ ਨਹੀਂ ਹੈ। ਅੱਜ ਅਗਰ ਸੰਸਾਰ ’ਚ ਰੱਬ ਦੀ ਵਿਆਪਕਤਾ ਦਾ ਪ੍ਰਚਾਰ ਹੋ ਰਿਹਾ ਹੈ ਤਾਂ ਇਹ ਕੇਵਲ ਗੁਰਮਤਿ ਦੁਆਰਾ ਕੀਤੀ ਗਈ ਰੱਬੀ ਵਿਆਖਿਆ ਦਾ ਪ੍ਰਭਾਵ ਹੈ।

ਸਦੀਆਂ ਤੋਂ ਧਰਮ ਦੀ ਕੀਤੀ ਗਈ ਸੁਆਰਥ ਅਧੀਨ ਵਿਆਖਿਆ ਨੇ ਸਮਾਜ ਨੂੰ ਫਿਰਕਿਆਂ, ਨਸਲਾਂ, ਰੰਗ-ਰੂਪਾਂ ਤੇ ਔਰਤ-ਮਰਦ ਵਿਤਕਰੇ ’ਚ ਕੈਦ ਕਰ ਰੱਖਿਆ ਸੀ, ਜਿਸ ਤੋਂ ਮੁਕਤ ਕਰਵਾਉਣ ਲਈ ਅਤੇ ਅਰਥਹੀਣ ਵਿਚਾਰਧਾਰਾ ਦਾ ਇੱਕ ਇੱਕ ਕਰ ਪਾਜ ਉਧੇੜਨ ਲਈ ਗੁਰਮਤਿ ਨੇ ਅਹਿਮ ਰੋਲ ਅਦਾ ਕੀਤਾ, ਪਰ ਅਫ਼ਸੋਸ ਕਿ ਮਨੁੱਖ ਆਪਣੀ ਕੀਮਤੀ ਜ਼ਿੰਦਗੀ ਇਸ ਲਈ ਹਾਰ ਰਿਹਾ ਹੈ ਕਿਉਂਕਿ ਅਸੀਂ ਗੁਰੂ ਜੀ ਦੁਆਰਾ ਕੀਤੇ ਗਏ ਉਪਕਾਰ ਦੀ ਕਦਰ ਨਾ ਪਾ ਸਕੇ।  ਨਸ਼ਿਆਂ, ਆਰਥਿਕ ਤੰਗੀ, ਸਮਾਜਕ ਵਿਤਕਰੇ ਆਦਿ ਦੁੱਖਾਂ ਦੇ ਮੂਲ ਕਾਰਨ ਲੱਭਣ ਦੀ ਬਜਾਇ ਉਨ੍ਹਾਂ ਪਰੰਪਰਾਵਾਦੀ ਤੇ ਅਰਥਹੀਣ ਮਨੌਤਾਂ ਦੇ ਛਲ-ਕਪਟ ’ਚ ਫਸ ਜਾਂਦੇ ਹਾਂ, ਜਿਨ੍ਹਾਂ ਦੇ ਰਹਿਬਰ ਆਪ ਵੀ ਦੁਖਦਾਈ ਜ਼ਿੰਦਗੀ ਭੋਗ ਕੇ ਗਏ ।  ਉਨ੍ਹਾਂ ਦੇ ਅਨੁਯਾਈਆਂ ਪਾਸ ਸਫਲ ਮਨੁੱਖਾ ਜ਼ਿੰਦਗੀ ਦੇਣ ਨੂੰ ਕੁਝ ਨਹੀਂ, ਇਸ ਲਈ ਚਮਤਕਾਰ ਵਿਖਾਉਣ ਜਾਂ ਲਾਲਚ ਦੇਣ ਦਾ ਸਹਾਰਾ ਲਿਆ ਜਾਂਦਾ ਹੈ।  ਇਸ ਜਾਲ ਵਿੱਚ ਕੋਈ ਕਮਜੋਰ ਜੀਵਨ ਹੀ ਫਸ ਕੇ ਆਪਣੀ ਬਹੁ ਕੀਮਤੀ ਜ਼ਿੰਦਗੀ ਨੂੰ ਅਜਾਈਂ ਗਵਾਏਗਾ, ਜਿਸ ਬਾਬਤ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਮਨੁੱਖਾ ਜੀਵਨ ਦੀ ਇਸ ਘੜੀ ਨੂੰ ਖੁੰਝਾਉਣ ਉਪਰੰਤ ਆਵਾਗਮਣ ਹੀ ਇੱਕ ਰਸਤਾ ਰਹਿ ਜਾਂਦਾ ਹੈ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ॥’’ (ਮਾਰੂ ਸੋਲਹੇ, ਮ: ੫, ਪੰਨਾ ੧੦੭੫)

ਸੋ, ਗੁਰਬਾਣੀ ਨੂੰ ਵਿਚਾਰਨਾ ਅਤੇ ਸੁਨਹਿਰੇ ਸਿੱਖ ਇਤਿਹਾਸ ਨੂੰ ਯਾਦ ਕਰਦਿਆਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪ ਗੁਰਮਤ ਤੋਂ ਲਾਭ ਉਠਾਉਂਦਿਆਂ ਨਿੱਜੀ, ਪਰਿਵਾਰਕ ਤੇ ਸਮਾਜਕ ਸਮੱਸਿਆਂਵਾਂ ਦਾ ਦ੍ਰਿੜ੍ਹਤਾ ਨਾਲ਼ ਸਾਹਮਣਾ ਕਰਦਿਆਂ ਆਪਣੀ ਅਨੰਦਮਈ ਜੀਵਨ ਯਾਤਰਾ ਦੀ ਮਿਸਾਲ ਨਾਲ਼ ਵਿਲੱਖਣ ਗੁਰੂ ਇਤਿਹਾਸ ਦਾ ਭਾਗ ਬਣੀਏ ਅਤੇ ਮਨੁੱਖਤਾ ਦੀ ਭਲਾਈ ਲਈ ਇਸ ਦਾ ਪ੍ਰਚਾਰ ਕਰੀਏ।