ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ

0
732

ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ

ਸਤਿੰਦਰ ਸਿੰਘ ਓਠੀ ਮਜੀਠਾ ਰੋਡ, ਅੰਮ੍ਰਿਤਸਰ ਸਾਹਿਬ।

ਭਾਰਤ ਆਦਿ ਕਾਲ ਤੋਂ ਹੀ ਧਰਮ ਪ੍ਰਧਾਨ ਦੇਸ਼ ਰਿਹਾ ਹੈ। ਇਸ ਪਵਿੱਤਰ ਧਰਤੀ ’ਤੇ ਬਹੁਤ ਸਾਰੇ ਮਹਾਨ ਗੁਰੂਆਂ, ਪੀਰਾਂ ,ਪੈਗ਼ੰਬਰਾਂ ਅਤੇ ਮਹਾਂਪੁਰਸ਼ਾਂ ਨੇ ਜਨਮ ਲਿਆ ਹੈ। ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਮੂਹ ਜਨਤਾ ਨੂੰ ਪਿਆਰ, ਸ਼ਾਂਤੀ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ। ਗੁਰੂਆਂ-ਪੀਰਾਂ ਦੀ ਇਸ ਧਰਤੀ ਦੇ ਇਤਿਹਾਸ ਦੇ ਪੰਨਿਆਂ ’ਤੇ ਸ਼੍ਰੋਮਣੀ ਮਹਾਂ-ਰਿਸ਼ੀ ਭਗਤ ਰਵਿਦਾਸ ਜੀ ਦਾ ਨਾਮ ਵੀ ਸੁਨਹਿਰੀ ਅੱਖਰਾਂ ’ਚ ਉੱਕਰਿਆ ਹੋਇਆ ਹੈ। ਜਿਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੇ ਆਪਣੇ ਸਮੇਂ ਦੇ ਵੱਖ-ਵੱਖ ਧਰਮਾਂ ਤੇ ਵਿਚਾਰਾਂ ਤੋਂ ਵਿਲੱਖਣ ਸੀ। ਉਨ੍ਹਾਂ ਨੇ ਜਾਤ-ਪਾਤ, ਧਰਮ ਅਤੇ ਸੰਸਾਰਕ ਮਾਇਆ ਦੇ ਆਧਾਰ ’ਤੇ ਮਨੁੱਖ-ਮਨੁੱਖ ’ਚ ਕੀਤੇ ਜਾਣ ਵਾਲੇ ਭੇਦ-ਭਾਵ ਨੂੰ ਅਰਥਹੀਣ ਅਤੇ ਅਣਉੱਚਿਤ ਦੱਸਿਆ ਅਤੇ ਆਪਣੇ ਭਗਤਾਂ ਜਿਨ੍ਹਾਂ ਨੂੰ ਆਮ ਕਰਕੇ ਰਵਿਦਾਸੀਏ ਕਿਹਾ ਜਾਂਦਾ ਹੈ, ਨੂੰ ਵਰਗ ਅਤੇ ਜਾਤੀ ਭੇਦ ਤੋਂ ਰਹਿਤ ਸਮਾਜ ਸਿਰਜਣ ਲਈ ਪ੍ਰੇਰਿਆ। ਰਵਿਦਾਸ ਜੀ ਦਾ ਜਨਮ ਉਸ ਕਾਲ ਵਿੱਚ ਹੋਇਆ ਜਿਸ ਵੇਲੇ ਛੂਤ-ਛਾਤ ਅਤੇ ਜਾਤ-ਪਾਤ ਦੇ ਭਿੰਨ-ਭੇਦਾਂ ਦਾ ਬੋਲਬਾਲਾ ਸੀ ਅਤੇ ਬ੍ਰਾਹਮਣ ਦੁਆਰਾ ਵੰਡੇ ਸਮਾਜ ਵਿੱਚ ਸ਼ੂਦਰਾਂ ਨੂੰ ਰੱਬ ਦਾ ਨਾਂ ਤੱਕ ਨਹੀਂ ਸੀ ਲੈਣ ਦਿੱਤਾ ਜਾਂਦਾ। ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਦੇ ਕੋਲ ਇਕ ਪਿੰਡ ਮਡੂਆਡੀਹ ਦੇ ਕੁਟ ਬਾਂਢਲਾ ਕਬੀਲੇ ਵਿੱਚ 15 ਫ਼ਰਵਰੀ, 1376 ਈਸਵੀ ਵਾਲੇ ਦਿਨ ਐਤਵਾਰ ਨੂੰ ਹੋਇਆ। ਇਹਨਾਂ ਦੇ ਪਿਤਾ, ਜਿਨ੍ਹਾਂ ਦਾ ਨਾਂ ਰਘੂ ਜਾਂ ਸੰਤੋਖਾ ਸੀ ਅਤੇ ਮਾਤਾ ਕਰਮਾਂ ਦੇਵੀ ਦੇ ਘਰ ਚੰਨ ਵਰਗਾ ਖਿੜਿਆ ਨੂਰੀ ਮੁੱਖੜਾ ਰਵਿਦਾਸ, ਜਿਸ ਦਿਆਂ ਨੈਣਾਂ ਵਿੱਚ ਰੱਬੀ ਨੂਰ ਵੱਸਦਾ ਸੀ, ਨੂੰ ਪ੍ਰਾਪਤ ਕਰਕੇ ਬੇਹੱਦ ਪ੍ਰਸੰਨ ਹੋਏ । ਇਨ੍ਹਾਂ ਦੇ ਕਬੀਲੇ ਕੁਟਬਾਂਢਲਾਂ ਦੇ ਲੋਕ ਉੱਤਰ ਪ੍ਰਦੇਸ਼ ਵਿੱਚ ਚਮੜਾ ਰੰਗਣ ਤੇ ਚਮੜੇ ਦੀਆਂ ਵਸਤਾਂ ਤਿਆਰ ਕਰਨ ਦਾ ਕਾਰੋਬਾਰ ਕਰਦੇ ਸਨ। ਇਸ ਬਾਰੇ ਆਪ ਲਿਖਦੇ ਹਨ ‘‘ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ’’ (ਭਗਤ ਰਵਿਦਾਸ/੧੨੯੩)

ਰਵਿਦਾਸ ਜੀ ਦੇ ਮਾਤਾ-ਪਿਤਾ ਤੇ ਪਰਿਵਾਰ ਦੇ ਜੀਅ ਪ੍ਰਭੂ-ਭਗਤੀ ਵਾਲੇ ਸਨ। ਇਹੋ ਜਿਹੇ ਵਾਤਾਵਰਨ ਵਿੱਚ ਬਾਲਕ ਰਵਿਦਾਸ ਦਾ ਪ੍ਰਭੂ-ਭਗਤੀ ਵੱਲ ਝੁਕਾਅ ਹੋਣਾ ਸੁਭਾਵਕ ਸੀ। ਉਹ ਰਾਤ-ਦਿਨ ਭਜਨ ਪੂਜਾ ਅਤੇ ਸਾਧਾਂ-ਸੰਤਾਂ ਦੀ ਸੇਵਾ ਅਤੇ ਸਤਿਕਾਰ ਵਿੱਚ ਲੱਗੇ ਰਹਿੰਦੇ ਸਨ। ਸੰਸਾਰਕਤਾ ਤੋਂ ਉਪਰਾਮ ਵੇਖ ਕੇ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਲੂਣਾ ਨਾਂ ਦੀ ਲੜਕੀ ਨਾਲ ਕਰ ਦਿੱਤਾ। ਜਿਸ ਨੇ ਆਪਣੇ ਪਤੀ ਦੇ ਆਦਰਸ਼ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ। ਜਨਮ ਜਾਤ ਭਗਤ ਹੋਣ ਕਰ ਕੇ ਆਪ ਵਿਵਾਹਿਕ ਬੰਧਨ ਵਿੱਚ ਬੱਝ ਕੇ ਵੀ ਭਗਤੀ ਮਾਰਗ ਤੋਂ ਬੇਮੁੱਖ ਨਹੀਂ ਹੋਏ। ਪਿਤਾ ਨਾਲ ਕੁੱਝ ਵਿਚਾਰਕ ਅੰਤਰ ਹੋਣ ਕਰਕੇ ਰਵਿਦਾਸ ਜੀ ਆਪਣੇ ਪਿਤਾ ਨਾਲੋਂ ਅਲੱਗ ਝੌਂਪੜੀ ਬਣਾ ਕੇ ਰਹਿਣ ਲੱਗੇ ਤੇ ਪ੍ਰੇਮ ਭਾਵਨਾ ਨਾਲ ਸਾਧਾਂ-ਸੰਤਾਂ ਦੀ ਸੇਵਾ ਕਰ ਪ੍ਰਭੂ ਭਗਤੀ ਵਾਲਾ ਜੀਵਨ ਬਿਤਾਉਣ ਲੱਗੇ। ਰਵਿਦਾਸ ਜੀ ਉਹ ਉੱਚ ਹਸਤੀ ਸਨ, ਜਿਨ੍ਹਾਂ ਅੰਦਰ ਆਤਮ ਪ੍ਰਕਾਸ਼ ਸੀ, ਨਿਰੰਕਾਰ ਦੀ ਮਿਹਰ ਸੀ, ਸੱਚੀ ਗੱਲ ਕਹਿਣ ਦੀ ਸ਼ਕਤੀ ਸੀ, ਪਰ ਉਨ੍ਹਾਂ ਦਾ ਸਮਕਾਲੀ ਹਾਕਮ ਸਮਾਜ ਉਨ੍ਹਾਂ ਦੇ ਅਧਿਕਾਰਾਂ ਦੀ ਪਛਾਣ ਨਹੀਂ ਸੀ ਕਰਦਾ ਬਲਕਿ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਲਈ ਰੱਬ ਦੀ ਭਗਤੀ ’ਤੇ ਵੀ ਆਪਣਾ ਪ੍ਰਭਾਵ ਜਮਾਈ ਬੈਠਾ ਸੀ।

ਇਸ ਸਮੇਂ ਦੌਰਾਨ ਮੱਧ ਕਾਲ ਦਾ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ (ਚਾਰ ਵਰਗਾਂ) ਵਿੱਚ ਵੰਡਿਆ ਹੋਇਆ ਸੀ । ਸ਼ੂਦਰਾਂ ਨੂੰ ਨਾ ਵਿੱਦਿਆ ਹਾਸਲ ਕਰਨ ਦਾ ਤੇ ਨਾ ਹੀ ਸੁਚੱਜੀ ਸ੍ਰੇਣੀ ਵਿੱਚ ਰਹਿਣ ਸਹਿਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਆਪ ਦੀ ਬਰਾਦਰੀ ਵਾਲਿਆਂ ਨੂੰ ਨੀਚ, ਦੁਸ਼ਟ ਅਤੇ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਨ੍ਹਾਂ ਦੀਆਂ ਬਸਤੀਆਂ; ਸ਼ਹਿਰੋਂ ਬਾਹਰ ਹੁੰਦੀਆਂ ਸਨ, ਇਸ ਲਈ ਭਗਤ ਰਵਿਦਾਸ ਜੀ ਦੇ ਮਨ ਅੰਦਰ ਇਸ ਬੇਇਨਸਾਫ਼ੀ ਤੇ ਨਾ ਬਰਾਬਰੀ ਵਿਰੁੱਧ ਅੱਗ ਦਾ ਭਾਂਬੜ ਬਲਦਾ ਸੀ। ਜਿਸ ਨੂੰ ਉਹ ਸਮਾਜਿਕ ਵਾਤਾਵਰਨ ਦੇ ਦ੍ਰਿਸ਼ਟੀਗਤ ਧਾਰਮਿਕ ਰੰਗ ਵਿੱਚ ਪ੍ਰਗਟਾਉਣਾ ਚਾਹੁੰਦੇ ਸਨ। ਉਨ੍ਹਾਂ ਆਪਣੀ ਹਿੰਮਤ ਨਾਲ ਵਿੱਦਿਆ ਤੇ ਪ੍ਰਭੂ ਕਿਰਪਾ ਪ੍ਰਾਪਤ ਕੀਤੀ ਅਤੇ ਆਪਣੇ ਸਮਾਜਿਕ ਸੰਘਰਸ਼ ਦੇ ਟੀਚੇ ਦੀ ਪ੍ਰਾਪਤੀ ਹਿੱਤ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਲੋਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਾਪਤ ਕਰਨ, ਵਿੱਦਿਆ ਹਾਸਲ ਕਰਨ ਅਤੇ ਸਮਕਾਲੀ ਸਮਾਜ ਦਾ ਬਿਹਤਰੀਨ ਅੰਸ਼ ਬਣ ਕੇ ਦੇਸ਼ ਲਈ ਗੌਰਵ ਬਣਨ। ਆਪ ਐਸੀ ਦੁਨੀਆਂ ਦੇ ਚਾਹਵਾਨ ਸਨ, ਜਿੱਥੇ ਸਭ ਲੋਕ ਬਰਾਬਰ ਹੋਣ ਅਤੇ ਕੋਈ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ ‘‘ਬੇਗਮਪੁਰਾ ਸਹਰ ਕੋ ਨਾਉ ਦੂਖੁ ਅੰਦੋਹੁ ਨਹੀ, ਤਿਹਿ ਠਾਉ ਨਾਂ ਤਸਵੀਸ ਖਿਰਾਜੁ ਮਾਲੁ ਖਉਫੁ ਖਤਾ, ਤਰਸੁ ਜਵਾਲੁ ’’ (ਭਗਤ ਰਵਿਦਾਸ/੩੪੫)

ਰਵਿਦਾਸ ਜੀ ਨੇ ਸੰਸਾਰਕ ਅਸਮਾਨਤਾ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਸ਼ੂਦਰ ਅਸਲ ਵਿੱਚ ਉਹ ਵਿਅਕਤੀ ਹੈ, ਜੋ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਗ੍ਰਸਿਆ ਪਿਆ ਹੈ। ਉਹ ਭਾਵੇਂ ਬ੍ਰਾਹਮਣ ਹੋਵੇ ਜਾਂ ਮੁਸਲਮਾਨ। ਪ੍ਰਭੂ ਦੀ ਪ੍ਰਾਪਤੀ ਵਿੱਚ ਕੋਈ ਧਰਮ ਅਤੇ ਜਾਤੀ; ਨਾ ਸਹਾਇਕ ਹਨ ਅਤੇ ਨਾ ਬਾਧਿਕ। ਉਸ ਨਾਲ ਮਿਲਾਪ ਕਰਨ ਲਈ ਪ੍ਰੇਮ, ਉਤਸ਼ਾਹ ਅਤੇ ਲਗਨ ਦੀ ਜ਼ਰੂਰਤ ਹੈ। ਬ੍ਰਾਹਮਣ ਹਰ ਵਕਤ ਰਵਿਦਾਸ ਜੀ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸਨ।

ਮੰਨਿਆ ਜਾਂਦਾ ਹੈ ਕਿ ਇੱਕ ਵਾਰ ਰਾਣੀ ਮੀਰਾ ਬਾਈ ਦੁਆਰਾ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਗਿਆ। ਉਸ ਨੇ ਰਵਿਦਾਸ ਜੀ ਨੂੰ ਵੀ ਬੁਲਾਇਆ, ਪਰ ਬ੍ਰਾਹਮਣਾਂ ਨੂੰ ਬਹੁਤ ਕਸ਼ਟ ਹੋਇਆ ਅਤੇ ਕਹਿਣ ਲੱਗੇ ‘ਚਮਾਰ ਨੂੰ ਗੁਰੂ ਬਣਨ ਦਾ ਕੋਈ ਅਧਿਕਾਰ ਨਹੀਂ ਹੈ।’ ਬ੍ਰਾਹਮਣਾਂ ਨੇ ਕਿਹਾ ਕਿ ਇਨ੍ਹਾਂ ਦੀ ਪਰੀਖਿਆ ਹੋਣੀ ਚਾਹੀਦੀ ਹੈ। ਸ਼ਰਤ ਇਹ ਰੱਖੀ ਗਈ ਕਿ ਇਹ ਠਾਕੁਰ, ਰੋਜ਼ ਗੰਗਾ ਇਸ਼ਨਾਨ ਕਰਕੇ ਭੋਗ ਲਾਉਂਦੇ ਹਨ। ਇਸ ਲਈ ਰਵਿਦਾਸ ਆਪਣੇ ਯਤਨਾਂ ਨਾਲ ਇਹਨਾਂ ਠਾਕੁਰਾਂ ਨੂੰ ਆਪਣੇ ਪਾਸ ਬੁਲਾਏਗਾ ਤੇ ਭੋਗ ਲਵਾਏਗਾ। ਪਹਿਲਾਂ ਬ੍ਰਾਹਮਣ ਨੇ ਸਿਰਤੋੜ ਯਤਨ ਕੀਤੇ ਪਰ ਠਾਕੁਰ ਦੀ ਮੂਰਤੀ ਗੰਗਾ ਵਿੱਚੋਂ ਨਾ ਨਿਕਲੀ। ਕਹਿੰਦੇ ਹਨ ਕਿ ਫਿਰ ਰਵਿਦਾਸ ਜੀ ਨੇ ਪ੍ਰਭੂ-ਭਗਤੀ ਰਾਹੀਂ ਠਾਕੁਰ ਨੂੰ ਆਵਾਜ਼ ਦਿੱਤੀ ਤੇ ਭੋਗ ਲਵਾਇਆ। ਇਸ ਨਾਲ ਰਵਿਦਾਸ ਜੀ ਦੀ ਜੈ ਜੈਕਾਰ ਹੋਣ ਲੱਗੀ ਤੇ ਪੰਡਿਤ ਬਹੁਤ ਸ਼ਰਮਸਾਰ ਹੋਏ। ਇਸ ਸੰਬੰਧ ਵਿੱਚ ਆਪ ਨੇ ਫ਼ੁਰਮਾਇਆ ‘‘ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਰਹਾਉ ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ ’’ (ਭਗਤ ਰਵਿਦਾਸ/੧੧੦੬)

ਰਵਿਦਾਸ ਜੀ ਨੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਅਤੇ ਕਿਸੇ ਯੋਗ ਜਗ੍ਹਾ ’ਤੇ ਜਾ ਕੇ ਪੂਜਾ ਸਥਾਨ ਬਣਾ ਕੇ ਸੀਮਤ ਭਗਤੀ ਕਰਨ ਵਾਲਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਬਾਬਾ ਫ਼ਰੀਦ ਜੀ ਦੇ ਵਚਨ  ‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥  ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ?॥’’ (ਬਾਬਾ ਫਰੀਦ ਜੀ/੧੩੭੮) ਵਿਚਾਰਧਾਰਾ ਨੂੰ ਹੀ ਸੁਰਜੀਤ ਕੀਤਾ ਕਿ ਰੱਬ; ਮਨੁੱਖ ਦੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਬਾਹਰ ਭਟਕਣ ਦੀ ਕੋਈ ਲੋੜ ਨਹੀਂ ਹੈ।

ਭਗਤ ਰਵਿਦਾਸ ਜੀ ਦੁਨਿਆਵੀ ਚੱਕਰ ਪੂਰਾ ਕਰਦੇ ਹੋਏ ਅੰਤ 13 ਜੂਨ, 1527 ਈਸਵੀ ਨੂੰ 151 ਸਾਲ ਦੀ ਲੰਮੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਅੱਜ ਵੀ ਹਰ ਜਗਿਆਸੂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਹੈ। ਆਓ ! ਭਗਤ ਰਵਿਦਾਸ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕਰੀਏ।