ਹੋਲੀ ਤੇ ਗੁਰਮਤਿ

0
310

ਹੋਲੀ ਤੇ ਗੁਰਮਤਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ

ਹੋਲੀ ਤੇ ਗੁਰਮਤਿ-ਪਹਿਲੇ ਤੋਂ ਲੈ ਕੇ ਦਸਵੇਂ ਜਾਮੇਂ ਤੀਕ ਯਾਨੀ 239 ਵਰ੍ਹਿਆਂ ਦੌਰਾਨ ਸਿੱਖ ਇਤਿਹਾਸ ’ਚ ਇੱਕ ਵੀ ਮਿਸਾਲ ਨਹੀਂ ਮਿਲੇਗੀ, ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਸਿੱਖਾਂ ਨੇ ਕਦੇ ਵੀ ਰੰਗ ਪਾਉਣ ਵਾਲੀ ਹੋਲੀ ਖੇਡੀ ਹੋਵੇ। ਜਿਹੜੇ ਸਿੱਖ ਆਪਣੀ ਹੂੜ੍ਹਮੱਤ ਜਾਂ ਅਗਿਆਨਤਾ ਵਸ ਹੋਲੀਆਂ ਦੇ ਹੁੜਦੰਗ ’ਚ ਸ਼ਾਮਲ ਹੋ ਕੇ, ਆਪਣੇ ਸਿੱਖੀ ਸਰੂਪ ਦੀ ਬੇਅਦਬੀ ਕਰਦੇ ਹਨ, ਉਹਨਾਂ ਨੂੰ ਆਪਣੀ ਕਰਨੀ ਵਲ ਧਿਆਨ ਦੇਣ ਦੀ ਲੋੜ ਹੈ ਬਲਕਿ ਲੁਕਾਈ ਨੂੰ ਵੀ ਇਹਨਾਂ ਅੱਧਮੂਲਾਂ ’ਚੋਂ ਕੱਢ ਕੇ ਪਭੂ ਦੇ ਰੰਗ ’ਚ ਰੰਗਿਆ ਜਾਵੇ। ਅਸਲ ’ਚ ਹੋਲੀਆਂ ਬਾਰੇ ਗੁਰਬਾਣੀ ਦਾ ਇਹੀ ਸੰਦੇਸ਼ ਹੈ ‘‘ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ ’’ (ਮਹਲਾ /੧੧੮੦) ਪੂਰੇ ਸ਼ਬਦ ਦਾ ਅਰੰਭ ਹੈ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ, ਭੇਟੇ ਗੋਬਿੰਦ   ਆਜੁ ਹਮਾਰੈ+ਗ੍ਰਿਹਿ (’); ਬਸੰਤ   ਗੁਨ ਗਾਏ ਪ੍ਰਭ ! ਤੁਮ੍ ਬੇਅੰਤ ਰਹਾਉ   ਆਜੁ ਹਮਾਰੈ; ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ ’’ (ਮਹਲਾ /੧੧੮੦) ਭਾਵ ਮਨੁੱਖ ਲਈ ਹਮੇਸ਼ਾਂ ਕਰਤੇ ਦੇ ਰੰਗ ’ਚ ਰੰਗੇ ਰਹਿਣਾ ਹੀ ਹੋਲੀ ਦਾ ਖੇਡਣਾ ਹੈ, ਨਾ ਕਿ ਰੰਗ ਗੁਲਾਲ ਆਦਿ ਉਡਾਉਣਾ। ਕਮਾਲ ਇਹ ਕਿ ਪਾਤਸ਼ਾਹ ਨੇ ਇੱਥੇ ਹੋਲੀ ਦੇ ਲਫ਼ਜ਼ ਦਾ ਵਿਰੋਧ ਨਹੀਂ ਕੀਤਾ ਬਲਕਿ ਹੋਲੀ ਦੇ ਅਰਥ ਨਰੋਏ ਕਰ ਦਿੱਤੇ। ਦੂਜੇ ਸ਼ਬਦਾਂ ’ਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ, ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਤੇ ਨਾਮ ਬਾਣੀ ਵਾਲੇ ਰੰਗ ’ਚ ਰੰਗੇ ਰਹਿਣ ਦੀ ਸੇਧ ਦਿੱਤੀ। ਉਂਝ ਵੀ ‘ਹੋਲੀ’ ਤੇ ‘ਹੋਲਾ ਮਹੱਲਾ’ ਦੋਵੇਂ ਵੱਖ-ਵੱਖ ਤਿਉਹਾਰ ਹਨ। ਇਹਨਾਂ ਦੀ ਆਪਸ ’ਚ ਕੋਈ ਸਾਂਝ ਨਹੀਂ। ਹੋਲੀ ਬ੍ਰਾਹਮਣੀ ਤਿਉਹਾਰ ਹੈ ਤੇ ਦੂਜਾ ਸਿੱਖ ਤਿਉਹਾਰ ਹੈ। ਇਹ ਕਹਿਣਾ ਗ਼ਲਤ ਹੈ ਕਿ ਗੁਰਦੇਵ ਨੇ ਹੋਲੀਆਂ ਬਦਲੇ ‘ਹੋਲੇ ਮਹੱਲੇ’ ਦਾ ਆਰੰਭ ਕੀਤਾ। ਵੱਡਾ ਸਬੂਤ ਹੈ ਕਿ ਪਾਤਸ਼ਾਹ ਨੇ ‘ਹੋਲੇ ਮਹੱਲੇ’ ਦੀ ਸਥਾਪਨਾ; ਹੋਲੀ ਦੇ ਦਿਨਾਂ ’ਚ ਨਹੀਂ ਬਲਿਕ ਹੋਲੀ ਮੁੱਕਣ ਤੋਂ ਬਾਅਦ ਕੀਤੀ। ਜੇ ਬਦਲਣਾ ਹੁੰਦਾ ਤਾਂ ਉਹਨਾਂ ਦਿਨਾਂ ’ਚ ਹੀ ਆਰੰਭਦੇ। ਦੂਜਾ ਗੁਰਦੇਵ ਨੇ ਜਦੋਂ ਜੰਜੂ ਵਾਲਾ ਰਸਤਾ ਹੀ ਬੰਦ ਕਰ ਦਿੱਤਾ ਭਾਵ ਰੱਖੜੀ, ਟਿੱਕਾ, ਲੋਹੜੀ, ਦਿਵਾਲੀ ਆਦਿ ਬ੍ਰਾਹਮਣੀ ਤਿਉਹਾਰ ਹੀ ਮਨਜ਼ੂਰ ਨਹੀਂ ਕੀਤੇ ਤਾਂ ਹੋਲੀ ਲਈ ਦੂਜਾ ਮਾਪਦੰਡ ਕਿਵੇਂ ? ਹਾਂ ! ਜਿਨ੍ਹਾਂ ਦਾ ਤਿਉਹਾਰ ਹੈ, ਜਮ-ਜਮ ਮਨਾਉਣ ਇਸ ਨਾਲ ਸਾਡਾ ਲੈਣਾ ਦੇਣਾ ਨਹੀਂ, ਪਰ ਹੋਲੀ ਸਿੱਖ ਤਿਉਹਾਰ ਨਹੀਂ ਹੈ।

ਹੋਲੀ ਦਾ ਪਿਛੋਕੜ- ਹੋਲੀ, ਭਾਰਤ ਦਾ ਮਿਥਿਹਾਸਕ ਪੁਰਾਣਿਕ ਤਿਉਹਾਰ ਹੈ। ਇਸ ਦਾ ਮੂਲ ਬ੍ਰਾਹਮਣ ਦੀ ਵਰਣਵੰਡ ਹੈ। ਉਸ ਅਨੁਸਾਰ ਬ੍ਰਾਹਮਣ ਲਈ ਵਿਸਾਖੀ, ਖ੍ਰਤੀ ਲਈ ਦੁਸਹਿਰਾ, ਵੈਸ਼ਾਂ ਲਈ ਦਿਵਾਲੀ ਤੇ ਅਖੌਤੀ ਸ਼ੂਦਰਾਂ ਲਈ ਹੋਲੀ ਹੈ। ਇਸ ਤੋਂ ਉਪਰੰਤ ਜਿਵੇਂ ਹੋਰ ਬ੍ਰਾਹਮਣੀ ਤਿਉਹਾਰਾਂ ’ਚ ਦੂਜਿਆਂ ਨੂੰ ਉਲਝਾਉਣ ਲਈ ਕੁੱਝ ਇਤਿਹਾਸਕ, ਮਿਥਿਹਾਸਕ ਘਟਨਾਵਾਂ, ਮੌਸਮਾਂ-ਰੀਤਾਂ ਰਿਵਾਜਾਂ ਦਾ ਨਾਮ ਦਿੱਤਾ ਗਿਆ, ਉਸੇ ਤਰ੍ਹਾਂ ਹੋਲੀ ਨਾਲ ਪ੍ਰਹਿਲਾਦ ਦੀ ਘਟਨਾ ਨੂੰ ਜੋੜਿਆ ਗਿਆ। ਠੀਕ ਹੈ, ਗੁਰਬਾਣੀ ’ਚ ਬਹੁਤ ਵਾਰੀ ਪ੍ਰਹਿਲਾਦ ਵਾਲੀ ਘਟਨਾ ਦਾ ਜ਼ਿਕਰ ਆਇਆ ਹੈ, ਪਰ ਉਹ ਵੀ ਬਾਕੀ ਮਿਥਿਹਾਸਕ ਮਿਸਾਲਾਂ ਦੀ ਤਰ੍ਹਾਂ ਹੀ, ਇਸ ਤੋਂ ਵੱਧ ਨਹੀਂ। ਗੁਰਬਾਣੀ ਰਾਹੀਂ ਪ੍ਰਹਿਲਾਦ ਦੀ ਘਟਨਾ ਤੋਂ ਗੁਰਮਤਿ ਦੇ ਤਿੰਨ ਸਿਧਾਂਤ ਦ੍ਰਿੜ੍ਹ ਕਰਵਾਏ ਹਨ (ੳ). ਸਿੱਖਾਂ ਨੇ ਪ੍ਰਭੂ ਭਗਤੀ ਨਾਲ ਨਿਡੱਰ ਤੇ ਇੱਕ ਮਨ ਹੋ ਕੇ ਦ੍ਰਿੜ੍ਹ ਇਰਾਦੇ ਨਾਲ ਜੁੜਨਾ ਹੈ। (ਅ). ਸਦੀਵੀ ਹਸਤੀ, ਕੇਵਲ ਕਰਤਾਰ ਹੀ ਹੈ, ਦੂਜਾ ਕੋਈ ਨਹੀਂ; ਜਿਵੇਂ ‘‘ਰਾਮੁ ਗਇਓ ਰਾਵਨੁ ਗਇਓ..’’ (ਮਹਲਾ /੧੪੨੯) ਬਾਕੀ ਤਾਂ ਸਭ ਆਵਣ-ਜਾਣੇ ਹੀ ਹਨ (ਇੱਥੇ ਹੋਲਿਕਾ, ਹਰਨਾਖਸ਼)। (ੲ). ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧) ਰੂਪ ਅਕਾਲ ਪੁਰਖ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸ਼ਰਨ ’ਚ ਆਉਣ ਵਾਲਿਆਂ (ਭਗਤਾਂ, ਇੱਥੇ ਪ੍ਰਹਿਲਾਦ) ਦੀ ਬਹੁੜੀ ਕਰਦਾ ਹੈ।

ਇਸੇ ਤਰ੍ਹਾਂ ਭਾਰਤ ’ਚ ਮਹਾਭਾਰਤ, ਪੁਰਾਣਾਂ ਵਿਚਲੀ ਕ੍ਰਿਸ਼ਨ ਵਾਲੀ ਘਟਨਾ ਨੂੰ ਆਧਾਰ ਅਤੇ ਹੋਲੀ ਨੂੰ ਧਾਰਮਕ ਤਿਉਹਾਰ ਮੰਨ ਕੇ, ਸਭ ਤੋਂ ਵੱਧ ਮਥੁਰਾ, ਗੋਕੁਲ, ਬਿੰਦ੍ਰਾਬਨ ’ਚ ਹੀ ਖੇਡੀ ਜਾਂਦੀ ਹੈ, ਪਰ ਉੱਥੇ ਇਸ ਰਸਤੇ ਅਨੇਕ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਗੁਰੂ ਨਾਨਕ ਪਾਤਸ਼ਾਹ, ਹੋਲੀ ਦੇ ਦਿਨਾਂ ’ਚ ਉਚੇਚੇ ਮਥੁਰਾ ਪੁੱਜੇ। ਪਾਤਸ਼ਾਹ ਨੇ ਧਰਮ ਤਿਉਹਾਰ ਦੇ ਪੱਜ ਖੇਡੀਆਂ ਜਾ ਰਹੀਆਂ ਅਸਭਯ ਖੇਡਾਂ ਤੋਂ ਵਰਜਿਆ, ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਪਾਤਸ਼ਾਹ ਨੇ ਉੱਥੇ ‘‘ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ?’’ (ਮਹਲਾ /੯੦੨) ਵਾਲੇ ਸ਼ਬਦ ਰਾਹੀਂ ਦੱਸਿਆ ਕਿ ਪ੍ਰਭੂ ਰਚਨਾ ’ਚ ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ ਆਦਿ ਸਮੇਂ ਦੀ ਕੋਈ ਵੰਡ ਨਹੀਂ ਤੇ ਨਾ ਹੀ ਇੱਕੋ ਸਮੇਂ ਸਾਰੇ ਲੋਕਾਂ ਦੇ ਸੁਭਾਅ ਬਦਲਦੇ ਹਨ। ਤਾਂ ਤੇ ਅਖੌਤੀ ਕਲਜੁਗ ਦਾ ਪਰਦਾ ਪਾ ਕੇ ਧਾਰਮਕ ਆਗੂ ਜਾਂ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ਇੱਥੇ ਤਾਂ ‘‘ਨਾਨਕ ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ’’ (ਮਹਲਾ /੯੦੩) ਵਾਲ਼ੇ ਕਰਮ ਕਰਨ ਦੀ ਲੋੜ ਹੈ ਤਾਂ ਕਿ ਮਨੁੱਖ, ਨੇਕ ਪਰਉਪਕਾਰੀ ਬਣੇ ਅਤੇ ਆਪਣੇ ਜਨਮ ਨੂੰ ਪ੍ਰਭੂ ਰੰਗ ’ਚ ਸਫਲਾ ਕਰੇ।

ਕੁਝ ‘ਹੋਲੇ ਮਹੱਲੇ’ ਬਾਰੇ- ਪਹਿਲੀ ਗੱਲ, ਇਸ ਨੂੰ ਕੇਵਲ ‘ਹੋਲਾ’ ਕਹਿ ਕੇ ਬੁਲਾਉਣਾ ਵੱਡੀ ਭੁਲ ਤੇ ਅਗਿਆਨਤਾ ਹੈ, ਇਸ ਦਾ ਨਾਂ ਹੈ ‘ਹੋਲਾ ਮਹੱਲਾ’। ਦੂਜਾ-ਗੁਰਬਾਣੀ ਵਿਚਾਰਧਾਰਾ ਦੇ ਅਮੋਘ ਬਾਣਾਂ (ਤੀਰਾਂ) ਨਾਲ ਸੰਸਾਰ ’ਚੋਂ ਬੁਰਾਈਆਂ, ਗੁਣਾਹਾਂ, ਜੁਰਮਾਂ, ਐਬਾਂ ਆਦਿ ਧਰਮ ਦੇ ਪਰਦੇ ਹੇਠ ਫੈਲਾਏ ਜਾ ਰਹੇ ਪਾਖੰਡਾਂ ਨਾਲ ਜੂਝਣਾ ਤੇ ਗੁਰਬਾਣੀ ਸੇਧ ’ਚ ਚੱਲ ਕੇ ਵਿਕਾਰਾਂ ਨਾਲ ਹਰ ਸਮੇਂ ਜੰਗ ਕਰਨੀ, ਇਹੀ ਹੈ ਸਿੱਖ ਦੀ ਨਿੱਤ ਦੀ ਜੰਗ, ਨਾ ਕਿ ਉਸੇ ਗੰਦਗੀ ’ਚ ਆਪ ਡੁੱਬਣਾ, ਜਿੱਥੋਂ ਸਿੱਖਾਂ ਨੂੰ ਕੱਢਿਆ ਹੈ; ਜਿਵੇਂ ਕਿ ਅੱਜ ਹੋਇਆ ਪਿਆ ਹੈ।

ਦੂਜਾ-ਗੁਰਬਾਣੀ ਸੱਚ ਦੇ ਪ੍ਰਸਾਰ ਲਈ ਲੋੜ ਪਵੇ ਤਾਂ ਜਾਨ ’ਤੇ ਖੇਡ ਕੇ ਕੁਰਬਾਨੀ ਤੀਕ ਦੇ ਦੇਣੀ, ਪਰ ਰੱਬੀ ਸਚਾਈ ਨੂੰ ਆਂਚ ਨਹੀਂ ਆਉਣ ਦੇਣੀ। ਸਿੱਖਾਂ ਨੇ ਆਪਣੇ ਜੀਵਨ ’ਚ ਜੰਗ ਦੇ ਇਹਨਾਂ ਦੋਨਾਂ ਢੰਗਾਂ ਨੂੰ ਨਿੱਤ ਚਾਲੂ ਰੱਖਣਾ ਹੈ। ਸ਼ੱਕ ਨਹੀਂ, ਜ਼ਿੰਦਗੀ ਦੀ ਇਸ ਦੂਜੀ ਜੰਗ ਲਈ ਹਥਿਆਰਾਂ ਦੀ ਵੀ ਲੋੜ ਪੈ ਸਕਦੀ ਹੈ, ਪਰ ਸਿੱਖ ਲਈ ‘‘ਮੂਰਖ ਗੰਢੁ ਪਵੈ; ਮੁਹਿ ਮਾਰ ’’ ( ਮਹਲਾ /੧੪੩) ਅਨੁਸਾਰ ਇਸ ਦੇ ਲਈ ਇਹ ਜੰਗ ਦਾ ਆਖਰੀ ਢੰਗ ਹੈ, ਪਹਿਲਾ ਨਹੀਂ। ਇਹੀ ਕਾਰਨ ਹੈ ਕਿ ਪਹਿਲੇ ਪੰਜ ਜਾਮਿਆਂ ਤੀਕ ਬਾਣੀ ਦੀ ਸੇਧ ’ਚ ਵਿਚਾਰਾਂ ਦੀ ਜੰਗ ਦੀ ਜਾਚ ਸਿਖਾਈ। ਦੂਜੇ ਨੰਬਰ ’ਤੇ ਇਲਾਹੀ ਸੱਚ ਦੀ ਰਾਖੀ ਲਈ ਕੁਰਬਾਨੀ ਤੀਕ ਦੇ ਦਿੱਤੀ, ਪਰ ਇਸ ਰੱਬੀ ਸੱਚ ’ਤੇ ਆਂਚ ਨਹੀਂ ਆਉਣ ਦਿੱਤੀ। ਅੰਤ ਛੇਵੇਂ ਤੇ ਦਸਵੇਂ ਜਾਮੇ ਸਮੇਂ ਹਥਿਆਰਾਂ ਦੀ ਜੰਗ ਲੜੀ ਤਾਂ ਵੀ ਕਿਸੇ ’ਤੇ ਹਮਲੇ ਲਈ ਨਹੀਂ ਤੇ ਨਾ ਹੀ ਜ਼ਰ-ਜ਼ੋਰੂ-ਜ਼ਮੀਨ ਲਈ। ਹਥਿਆਰ ਵਰਤੇ ਵੀ ਤਾਂ ਕੇਵਲ ਉਹਨਾਂ ’ਤੇ ਜਿਹੜੇ ਹਮਲਾਵਰ ਹੋ ਕੇ ਆਏ। ਇਸ ਤੋਂ ਉਪਰੰਤ, ਜੰਗ ਦੇ ਮੈਦਾਨ ’ਚ ਡਿੱਗੇ ਵੈਰੀ ਨੂੰ ਵੀ ਉਹੀ ਪਿਆਰ, ਸਤਿਕਾਰ, ਹਮਦਰਦੀ ਮਿਲੀ, ਜਿਹੜੀ ਆਪਣੇ ਵੱਲੋਂ ਹੋ ਕੇ ਲੜਣ ਵਾਲਿਆਂ ਨੂੰ । ਭਾਈ ਘਨਈਆ ਸਿੰਘ ਦੀ ਮਿਸਾਲ, ਸਾਡੇ ਸਾਹਮਣੇ ਹੈ ਤੇ ਇਸੇ ਤੋਂ ਜਨਮ ਹੁੰਦਾ ਹੈ ‘ਅਜੋਕੀ ਰੈਡ-ਕਰਾਸ ਦਾ’।

ਇਸ ਤਰ੍ਹਾਂ ਜਦੋਂ ਸੰਨ 1699 ’ਚ ਹਰ ਸਮੇਂ ਸ਼ਸਤ੍ਰਧਾਰੀ ਰਹਿਣ ਦਾ ਹੁਕਮ ਕੀਤਾ ਤਾਂ ਉੱਥੇ ਵੀ ਲਫ਼ਜ਼ ਤਲਵਾਰ, ਸ਼ਮਸ਼ੀਰ ਆਦਿ ਨਹੀਂ ਬਲਕਿ ਲਫ਼ਜ਼ ਦਿੱਤਾ ‘ਕ੍ਰਿਪਾਨ’। ਲਫ਼ਜ਼ ਕ੍ਰਿਪਾਨ, ਦੋ ਲਫ਼ਜ਼ਾਂ ਦੀ ਸੰਧੀ ਕ੍ਰਿਪਾ+ਆਨ ਤੋਂ ਹੈ। ਭਾਵ ਹਰ ਸਮੇਂ ਗਲ਼ ’ਚ ਪਈ ਕ੍ਰਿਪਾਨ ਸਿੱਖ ਨੂੰ ਚੇਤਾਵਨੀ ਦੇਂਦੀ ਹੈ-ਬੇਸ਼ਕ ਉਸ ਨੇ ਆਧੁਨਿਕ ਤੋਂ ਆਧੁਨਿਕ ਹਥਿਆਰ ਵੀ ਵਰਤਣੇ ਹੋਣ ਤਾਂ ਵੀ ਉਸ ਨੇ ਕ੍ਰਿਪਾਨ ਵਾਲੇ ਸਿਧਾਂਤ ਨੂੰ ਭੁਲਾ ਕੇ ਨਹੀਂ ਵਰਤਣੇ। ਸਿੱਖਾਂ ਨੇ ਦੋਨਾਂ ’ਚੋਂ ਕਿਸੇ ਇੱਕ ਕਾਰਨ ਲਈ ਹੀ ਹਥਿਆਰ ਦੀ ਵਰਤੋਂ ਕਰਨੀ ਹੈ, ਉਸ ਤੋਂ ਬਾਹਰ ਨਹੀਂ, (1). ਮਜ਼ਲੂਮ, ਅਸਹਾਇ ਦੀ ਮਦਦ ਲਈ। (2). ਪੰਥ ਤੇ ਮਨੁੱਖਤਾ ਦੀ ਆਣ-ਸ਼ਾਨ ਕਾਇਮ ਰੱਖਣ ਲਈ। ਸਿੱਖਾਂ ਨੇ ਹਥਿਆਰ ਨੂੰ ਕਿਸੇ ’ਤੇ ਜ਼ੁਲਮ-ਧੱਕਾ, ਖੋਹਾ-ਖੁਹਾਈ, ਹੱਕ ਮਾਰਨ, ਜ਼ਾਤੀ ਦੁਸ਼ਮਣੀ, ਨਿਜੀ ਵੈਰ ਵਿਰੋਧ ਆਦਿ ਲਈ ਨਹੀਂ ਵਰਤਣਾ। ਇਸ ਤਰ੍ਹਾਂ ਹਜ਼ੂਰ ਨੇ ਜਦੋਂ ਕ੍ਰਿਪਾਨ ਨੂੰ ਪੰਜ ਕਕਾਰਾਂ ਨਾਲ ਜੋੜਨ ਦਾ ਮਨ ਬਣਾਇਆ ਤਾਂ ਇਸ ਤੋਂ ਪਹਿਲਾਂ ਹੀ ਸੰਨ 1698 ’ਚ ਸਿੱਖਾਂ ਦੇ ਹਥਿਆਰਾਂ ਦੇ ਸਦੀਵੀ ਅਭਿਆਸ ਦਾ ਸੂਚਕ, ‘ਹੋਲਾ ਮਹੱਲਾ’ ਵੀ ਕਾਇਮ ਕਰ ਦਿੱਤਾ। ਠੀਕ ਉਸੇ ਤਰ੍ਹਾਂ ਜਿਵੇਂ ਹਰੇਕ ਦੇਸ਼ ਜੰਗ ਤਾਂ ਹਰ ਸਮੇਂ ਨਹੀਂ ਲੜਦਾ, ਪਰ ਸ਼ਸਤਰਾਂ ਫ਼ੌਜਾਂ ਦੇ ਅਭਿਆਸ ਕਦੇ ਵੀ ਬੰਦ ਨਹੀਂ ਹੁੰਦੇ। ਇਸੇ ਤਰ੍ਹਾਂ ਸਿੱਖਾਂ ਨੇ ਵੀ ਹਰ ਸਮੇਂ ਸ਼ਸਤਰ ਦੀ ਵਰਤੋਂ ਤਾਂ ਨਹੀਂ ਕਰਨੀ, ਪਰ ਉਸ ਦੇ ਅਭਿਆਸ ਸਦਾ ਚੱਲਦੇ ਰਹਿਣੇ ਚਾਹੀਦੇ ਹਨ, ਨਾ ਕਿ ਅੱਜ ਦੀ ਤਰ੍ਹਾਂ ਸਾਲ ਬਾਅਦ ਰੀਤ ਪੂਰੀ ਕੀਤੀ ਤੇ ਵਿਹਲੇ ਹੋਏ।