ਮੂਲਮੰਤਰ ਅਤੇ ਬਾਣੀ ਸਿਰਲੇਖ ਦਾ ਸਥਾਨ ਅਤੇ ਵਿਵਾਦ

0
455

ਮੂਲਮੰਤਰ ਅਤੇ ਬਾਣੀ ਸਿਰਲੇਖ ਦਾ ਸਥਾਨ ਅਤੇ ਵਿਵਾਦ

ਕਿਰਪਾਲ ਸਿੰਘ ਬਠਿੰਡਾ

ਗੁਰੂ ਗ੍ਰੰਥ ਸਾਹਿਬ ਜੀ ’ਚ ਪਹਿਲਾ ਸਥਾਨ ਮੰਗਲਾਚਰਨ ਦਾ ਹੋਣਾ ਚਾਹੀਦਾ ਹੈ ਜਾਂ ਸਿਰਲੇਖ ਦਾ; ਇਹ ਵਿਵਾਦ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਚੰਡੀਗੜ੍ਹ), ਜੋ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਰਹੇ ਹਨ; ਉਨ੍ਹਾਂ ਨੇ ਆਪਣੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ’ਚ ਹੱਥ ਲਿਖਤ ਬੀੜਾਂ ਦੀਆਂ ਕਾਫ਼ੀ ਉਦਾਹਰਨਾਂ ਦੇ ਕੇ ਇਹ ਸਿੱਧ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੈਲੀ ਇਹ ਹੈ ਕਿ ਮੰਗਲਾਚਰਨ ਨੂੰ ਪੰਨੇ ਦੇ ਸੱਜੇ ਪਾਸੇ ਥੋੜ੍ਹਾ ਉੱਪਰ ਲਿਖ ਕੇ ਪਹਿਲ ਦਿੱਤੀ ਗਈ ਹੈ ਅਤੇ ਸ਼ਬਦ ਜਾਂ ਬਾਣੀ ਦੇ ਸਿਰਲੇਖ; ਹਰ ਪੰਨੇ ਦੇ ਖੱਬੇ ਪਾਸੇ ਥੋੜ੍ਹਾ ਹੇਠਾਂ ਜਾਂ ਕਈ ਵਾਰ ਬਰਾਬਰ ਲਿਖ ਕੇ ਮੰਗਲਾਚਰਨ ਨਾਲੋਂ ਦੂਸਰਾ ਸਥਾਨ ਦਿੱਤਾ ਗਿਆ ਹੈ। ਮੰਗਲਾਚਰਨ ਦਾ ਸਥਾਨ ਗੁਰਬਾਣੀ ਦੇ ਸਿਰਲੇਖ ਤੋਂ ਪਹਿਲੇ ਸਥਾਨ ’ਤੇ ਹੈ, ਇਹ ਤੱਥ ਹੱਥ ਲਿਖਤ ਬੀੜਾਂ ਦੀਆਂ ਕੁਝ ਕੁ ਹੇਠਾਂ ਦਿੱਤੀਆਂ ਫੋਟੋਆਂ ’ਚੋਂ ਵੀ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ :

ਕਰਤਾਰਪੁਰੀ ਬੀੜ

ਕਰਤਾਰਪੁਰੀ ਬੀੜ ਦੀ ਨਕਲ

ਕਹੀ ਜਾਂਦੀ ਬਾਬਾ ਦੀਪ ਸਿੰਘ ਵਾਲੀ ਸੁਨਹਿਰੀ ਜਿਲਦ ਵਾਲੀ ਬੀੜ

ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ਦੇ ਭਾਗ ‘ਮੰਗਲ ਪ੍ਰਬੰਧ’ ਦੇ ਸਿਰਲੇਖ ਹੇਠ ਬਹੁਤ ਹੀ ਵਿਸਥਾਰ ਸਹਿਤ ਲਿਖਿਆ ਹੈ ਕਿ ਕਰਤਾਰਪੁਰੀ ਬੀੜ ਦੀ ਸੰਪਾਦਨਾ ਸ਼ੈਲੀ ਇਹ ਸੀ ਕਿ ਪੰਨੇ ਦੇ ਸੱਜੇ ਪਾਸੇ ਦੇ ਅੱਧ ਨੂੰ ਸ੍ਰੇਸ਼ਟ ਮੰਨ ਕੇ ਮੰਗਲ (ਮੂਲ ਮੰਤਰ) ਹਮੇਸ਼ਾਂ ਸੱਜੇ ਅੱਧੇ ਪਾਸੇ ਹੀ ਲਿਖਿਆ ਅਤੇ ਕਦੀ ਵੀ ਖੱਬੇ ਪਾਸੇ ਨਹੀਂ ਆਉਣ ਦਿੱਤਾ ਭਾਵੇਂ ਕਿ ਕਈ ਥਾਂਈਂ ਦੋ ਜਾਂ ਤਿੰਨ ਸਤਰਾਂ ਵਿੱਚ ਹੀ ਕਿਉਂ ਨਾ ਲਿਖਣਾ ਪਵੇ। ਹੱਥ ਲਿਖਤ ਬੀੜਾਂ ’ਚ ਉਨ੍ਹਾਂ ਵੇਖਿਆ ਕਿ ਭਾਵੇਂ ਕਈ ਥਾਂਵਾਂ ’ਤੇ ਮੰਗਲ ਅਤੇ ਸਿਰਲੇਖ ਇੱਕੋ ਲਾਈਨ ’ਚ (ਮੰਗਲ ਸੱਜੇ ਪਾਸੇ ਅਤੇ ਸਿਰਲੇਖ ਖੱਬੇ ਪਾਸੇ) ਲਿਖੇ ਹੋਣ ਕਾਰਨ ਸਿਰਲੇਖ ਪਹਿਲਾਂ ਲਿਖੇ ਮਾਲੂਮ ਹੁੰਦੇ ਹਨ ਪਰ ਐਸਾ ਨਹੀਂ ਹੈ; ਜਿਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਕਈ ਵਾਰ ਸਿਰਲੇਖ ਦੇ ਕਿਸੇ ਸ਼ਬਦ ਦਾ ਕੋਈ ਇੱਕ ਅੱਧ ਅੱਖਰ ਪੰਨੇ ਦੇ ਵਿਚਕਾਰ ਜਿਹਾ ਜਾ ਕੇ ਆਪਣੀ ਲਾਈਨ ਤੋਂ ਉੱਪਰ ਜਾਂ ਹੇਠਾਂ ਲਿਖਿਆ ਹੁੰਦਾ ਹੈ ਕਿਉਂਕਿ ਉਸ ਲਾਈਨ ’ਚ ਅਗਾਂਹ (ਸੱਜੇ ਪਾਸੇ) ਤਾਂ ਮੰਗਲਾਚਰਨ; ਸ੍ਰੇਸ਼ਟ ਮੰਨ ਕੇ ਪਹਿਲਾਂ ਹੀ ਲਿਖੇ ਹੁੰਦੇ ਸਨ। ਜੇ ਸੱਜੇ ਪਾਸੇ ਮੰਗਲਾਚਰਨ ਪਹਿਲਾਂ ਨਾ ਲਿਖਿਆ ਹੁੰਦਾ ਤਾਂ ਸਿਰਲੇਖ ਦਾ ਇੱਕ ਅੱਧ ਅੱਖਰ ਉੱਪਰ ਜਾਂ ਹੇਠ ਲਿਖਣ ਦੀ ਲੋੜ ਨਾ ਪੈਂਦੀ ਸਗੋਂ ਸਿੱਧਾ ਇੱਕੋ ਸਤਰ ਵਿੱਚ ਲਿਖਿਆ ਜਾਂਦਾ। ਇਸ ਤੋਂ ਸਾਬਤ ਹੁੰਦਾ ਹੈ ਕਿ ਮੂਲਮੰਤਰ ਨੂੰ ਸਿਰਲੇਖ ਨਾਲੋਂ ਪਹਿਲ ਦਿੱਤੀ ਗਈ। ਮਿਸਾਲ ਵਜੋਂ ‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੀ ਹੇਠਾਂ ਫੋਟੋ ਵੇਖੀ ਜਾ ਸਕਦੀ ਹੈ।

‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੇ ਕੁਝ ਹਿੱਸੇ ਦੀ ਫੋਟੋ

ਇਸੇ ਪੰਨੇ ’ਤੇ ਪ੍ਰਿੰ: ਹਰਿਭਜਨ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਕਾਲ ’ਚ ਹੀ ਜਦ ਸੂਝਵਾਨ ਸੁਘੜ ਲਿਖਾਰੀਆਂ ਨੇ ਮੰਗਲਾਚਰਨ ਦੀ ਇਹ ਅਸ਼ੁੱਧ ਤਰਤੀਬ ਵੇਖੀ ਤਾਂ ਉਨ੍ਹਾਂ ਨੇ ਸਾਰੇ ਦੇ ਸਾਰੇ ਮੰਗਲ; ਉੱਪਰ ਕਰਕੇ ਅੰਕਿਤ ਕਰਨੇ ਅਰੰਭ ਕਰ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਹੀ ਲੇਖਕ (ਪ੍ਰਿੰ: ਹਰਿਭਜਨ ਸਿੰਘ) ਨੂੰ ਅਜਿਹੀਆਂ ਸੈਂਕੜੇ ਲਿਖਤੀ ਬੀੜਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇੱਥੇ ਵਿਸਥਾਰ ਦੇ ਡਰ ਤੋਂ ਕੇਵਲ ਕੁਝ ਕੁ ਬੀੜਾਂ ਦਾ ਵੰਨਗੀ ਮਾਤਰ ਹਵਾਲਾ ਦੇਣਾ ਉਚਿਤ ਸਮਝਦਾ ਹਾਂ।

ਇੱਕ ਬੀੜ ਭਾਈ ਹਰਦਾਸ ਜੀ ਦੀ ਲਿਖੀ ਹੋਈ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੁੱਖ ਚਹੁੰ ਲਿਖਾਰੀਆਂ ਵਿੱਚੋਂ ਇੱਕ ਉੱਘੇ ਲਿਖਾਰੀ ਸਨ। ਇਸ ਇਤਿਹਾਸਕ ਬੀੜ ’ਚ ਨਾ ਕੇਵਲ ਸਾਰੇ ਮੰਗਲ ਹੀ ਸਿਰਲੇਖਾਂ ਨਾਲੋਂ ਸਪਸ਼ਟ ਪਹਿਲਾਂ ਜਾਂ ਉੱਪਰ ਲਿਖੇ ਹੋਏ ਮਿਲਦੇ ਹਨ ਸਗੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਰੀ ਬਾਣੀ 15 ਰਾਗਾਂ ’ਚ; ਥਾਂ ਸਿਰ ਵੀ ਅੰਕਿਤ ਹੈ। ਇਸ ਪਾਵਨ ਬੀੜ ’ਚ ਜੋ ਸ਼ਬਦ ਲਿਖਾਰੀ ਨੇ ਲਿਖੇ ਹਨ ਉਹ ਗੁਰੂ ਕੇ ਸਿੱਖ ਦੇ ਸਿਦਕ, ਸ਼ਰਧਾ ਅਤੇ ਨਿਮ੍ਰਤਾ ਦੀ ਸਿਖਰ ਹਨ; ਜਿਵੇਂ ਕਿ ਗ੍ਰੰਥ ਸੰਪੂਰਨ ਹੋਆ, ਲਿਖਿਆ ਹਰਿਦਾਸ ਲਿਖਾਰੀ, ਗੁਰੂ ਗੋਬਿੰਦ ਸਿੰਘ ਦੇ ਲਿਖਾਰੀ ਲਿਖਿਆ ਭੂਲ ਚੂਕ ਹੋਵੇ ਸੋ ਸੋਧਨਾ, ਗੁਲਾਮ ਪਤਿਤ, ਅਘਪਤਿਤ ਮਹਾ ਪਤਿਤ ਹਰਿਦਾਸ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਦਾ

ਭਾਈ ਹਰਿਦਾਸ ਜੀ ਵਾਲੀ ਇਹ ਬੀੜ ਇਹ ਮੰਨਣ ਲਈ ਕਾਫ਼ੀ ਹੈ ਕਿ ਸਮੁੱਚੀ ਗੁਰਬਾਣੀ ’ਚ ਮੰਗਲ ਹਮੇਸ਼ਾਂ ਸਿਰਲੇਖਾਂ ਤੋਂ ਪਹਿਲਾਂ ਹੀ ਲਿਖੇ ਗਏ ਸਨ ਅਤੇ ਲਿਖੇ ਜਾਣੇ ਚਾਹੀਦੇ ਹਨ।

‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੇ ਕੁਝ ਹਿੱਸੇ ਦੀ ਫੋਟੋ

ਪ੍ਰਿੰਸੀਪਲ ਯੋਧ ਸਿੰਘ ਜੀ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਨੇ ਮਿਤੀ 2-12-1951 ਨੂੰ ਕਰਤਾਰਪੁਰ ਵਿਖੇ ਧਾਰਮਕ ਸਲਾਹਕਾਰ ਕਮੇਟੀ ਦੀ ਮੀਟਿੰਗ ਰੱਖੀ ਤਾਂ ਜੋ ਉਹ, ਆਦਿ ਬੀੜ ਦੇ ਦਰਸ਼ਨ ਕਰਕੇ ਇਸ ਸੰਬੰਧੀ ਆਪਣੀ ਰਿਪੋਰਟ ਦੇਵੇ। ਧਾਰਮਕ ਸਲਾਹਕਾਰ ਕਮੇਟੀ ਨੇ ਇੱਕ ਲਿਖਤੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ, ਜਿਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਪੂਰੀ ਸੋਚ ਵਿਚਾਰ ਉਪਰੰਤ ਸ਼੍ਰੀ ਕਰਤਾਰਪੁਰ ਵਾਲੀ ਪਾਵਨ ਬੀੜ ਅਨੁਸਾਰ ਮੰਗਲਾਂ ਨੂੰ ਰਾਗਾਂ ਦੇ ਸਿਰਲੇਖ ਨਾਲੋਂ ਪਹਿਲਾਂ ਥਾਂ ਦੇਣ ਬਾਰੇ ਫ਼ੈਸਲਾ ਲਿਆ। ਇਸ ਤਰ੍ਹਾਂ ਕਰਨ ਦਾ ਮਨੋਰਥ ਪਾਵਨ ‘ਆਦਿ ਬੀੜ’ ਦੇ ਮੰਗਲਾਚਰਨ ਦੀ ਤਰਤੀਬ ਦੇ ਉਲਟ ਛਪੀਆਂ ਪ੍ਰਚਲਿਤ ਬੀੜਾਂ ’ਚ ਸਹਿਜ ਸੁਭਾਅ ਆ ਗਈ ਉਕਾਈ ਨੂੰ ਦੂਰ ਕਰਨਾ ਸੀ। ਇਸ ਤੋਂ ਵੱਧ ਹੋਰ ਕੁਝ ਹਰਗਿਜ਼ ਨਹੀਂ ਸੀ। ਇਸ ਰਿਪੋਰਟ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਨੇ 1952 ’ਚ ਬਲਾਕਾਂ ਰਾਹੀਂ ਬੀੜਾਂ ਛਾਪੀਆਂ, ਜਿਸ ਵਿੱਚ ਮੰਗਲਾਂ ਨੂੰ ਪਹਿਲਾ ਸਥਾਨ ਦਿੱਤਾ ਗਿਆ। ਇਹ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਵਾਲੀ ਪਰਮ ਪਵਿੱਤਰ ਆਦਿ ਬੀੜ ਨਾਲ ਸੁਧਾਈ ਕਰਕੇ ਦਮਦਮਾ ਸਾਹਿਬ ਵਾਲੀ ਬੀੜ ਅਨੁਸਾਰ ਬਲਾਕਾਂ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਰੇਜ਼ਰੂਰੀ ਵਾਕਫ਼ੀਅਤ ਨਾਮ ਹੇਠ ਛਾਪੇ ਗਏ ਕਿਤਾਬਚੇ ’ਚ ਪੂਰੇ ਵੇਰਵੇ ਸਹਿਤ ਦਿੱਤੀ ਗਈ ਹੈ।

ਇਸ ਬੀੜ ਦੀ ਛਪਾਈ ਨਾਲ ਇਹ ਵਿਵਾਦ ਤਕਰੀਬਨ ਹੱਲ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇਸ ਬੀੜ ਦੀ ਛਪਾਈ ਬਜ਼ਾਰੂ ਬੀੜਾਂ ਨਾਲੋਂ ਵਧੀਆ ਕਾਗਜ਼ ਅਤੇ ਸੁੰਦਰ ਪ੍ਰਿੰਟਿੰਗ ’ਚ ਹੋਣ ਤੋਂ ਇਲਾਵਾ ਜਿਲਦ ਵੀ ਬੜੀ ਸ਼ਾਨਦਾਰ ਸੀ ਅਤੇ ਭੇਟਾ ਵੀ ਵਾਜਬ ਸੀ। ਦੂਸਰਾ ਗੁਰਸਿੱਖਾਂ ਵਿੱਚ ਇਹ ਧਾਰਨਾ ਬਣ ਗਈ ਕਿ ਇਸ ਬੀੜ ਦੀ ਕਰਤਾਰਪੁਰੀ ਬੀੜ ਨਾਲ ਸੁਧਾਈ ਹੋਣ ਕਾਰਨ ਬਜ਼ਾਰੂ ਬੀੜਾਂ ਨਾਲੋਂ ਸ਼ੁੱਧ ਹੈ। ਇਹ ਭਾਵਨਾ ਬਣਨ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾ ਰਹੀਆਂ ਬੀੜਾਂ ਦੀ ਮੰਗ ਵਧ ਗਈ ਅਤੇ ਪ੍ਰਾਈਵੇਟ ਛਾਪੇਖਾਨੇ ਦੀਆਂ ਵੱਡੀ ਗਿਣਤੀ ’ਚ ਪਹਿਲਾਂ ਤੋਂ ਛਪੀਆਂ ਬੀੜਾਂ ਇੱਕ ਤਰ੍ਹਾਂ ਬਲਾਕ ਹੋ ਗਈਆਂ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਾਫ਼ੀ ਨੁਕਸਾਨ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਸੰਤ ਸਮਾਜ ਦੇ ਡੇਰੇਦਾਰਾਂ ਦੀ ਹਊਮੈਂ ਨੂੰ ਵੀ ਸੱਟ ਵੱਜ ਰਹੀ ਸੀ ਕਿਉਂਕਿ ਉਹ ਆਪਣੇ (ਅਖੌਤੀ) ਮਹਾਂ ਪੁਰਖਾਂ ਦੇ ਕਥਨ ਅਨੁਸਾਰ ਸਿਰਲੇਖਾਂ ਅਤੇ ਮੰਗਲਾਂ ਦੀ ਬੇ-ਤਰਤੀਬੀ ਵਾਲੀਆਂ ਬੀੜਾਂ ਨੂੰ ਹੀ ਸ਼ੁੱਧ ਮੰਨ ਰਹੇ ਸਨ। ਇੰਨੇ ’ਚ ਸੰਤ ਫ਼ਤਹਿ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ। ਸੰਤਾਂ ਦੀ ਇਸ ਜੋੜੀ ਤੱਕ ਸੰਤ ਸਮਾਜ ਦੀ ਰਿਸਾਈ ਸੁਖਾਲੀ ਹੋ ਗਈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਪ੍ਰਾਈਵੇਟ ਛਾਪੇਖਾਨੇ ਵਾਲਿਆਂ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1952 ’ਚ ਛਾਪੀਆਂ ਬੀੜਾਂ ਨਾਲ ਆਰਥਿਕ ਤੌਰ ’ਤੇ ਨੁਕਸਾਨ ਉਠਾਉਣਾ ਪੈ ਰਿਹਾ ਸੀ ਉਨ੍ਹਾਂ ਨੇ ਸੰਤ ਸਮਾਜ ਦੀ ਮੁਹਿੰਮ ਤੇਜ਼ ਕਰਨ ਲਈ ਆਰਥਿਕ ਮਦਦ ਵੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਸੰਨ 1964 ’ਚ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ (ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੁਖੀ ਸੰਤਾਂ ਦੀ ਰਾਹੀਂ ਪਹਿਲਾਂ ਦੀ ਤਰ੍ਹਾਂ ਮੰਗਲਾਂ ਨੂੰ ਬੇ-ਤਰਤੀਬੀ ’ਚ ਛਪਵਾਉਣ ’ਚ ਸਫਲ ਹੋ ਗਏ। ਸੰਭਵ ਹੈ ਕਿ ਕਿਸੇ ਗੁਰਸਿੱਖ ਦੇ ਘਰ ਹਾਲੀ ਵੀ 1952 ਵਾਲੀ ਬੀੜ ਹੋਵੇ ਪਰ ਹਰ ਵਿਅਕਤੀ ਲਈ ਉਸ ਦੀ ਭਾਲ ਕਰਨੀ ਆਸਾਨ ਕੰਮ ਨਹੀਂ ਹੈ।

ਇੱਕ ਹੱਥ ਲਿਖਤ ਬੀੜ ਦੇ ਪੱਤਰਾ ਨੰ: ੬੪੬ ’ਤੇ ਪ੍ਰਭਾਤੀ ਰਾਗ ’ਚ ਭਗਤ ਬੇਣੀ ਜੀ ਦੇ ਸ਼ਬਦ ‘‘ਤਨਿ ਚੰਦਨੁ ਮਸਤਕਿ ਪਾਤੀ ’’  ਵਾਲੇ ਸ਼ਬਦ ਤੋਂ ਬਾਅਦ ਪੱਤਰਾ ਨੰ: ੬੪੭ ’ਤੇ ‘‘ਸਲੋਕ ਸਹਸਕ੍ਰਿਤੀ ਮਹਲਾ ’’ ਦੇ ਸਿਰਲੇਖ ਹੇਠ ਬਾਣੀ ਦਰਜ ਹੈ। ਇਹ ਪ੍ਰਤੱਖ ਸਬੂਤ ਹੈ ਕਿ ਇਹ ਬੀੜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੋਣ ਤੋਂ ਪਹਿਲਾਂ ਭਾਵ ਸੰਨ 1675 ਤੋਂ ਪਹਿਲਾਂ ਦੀ ਕਰਤਾਰਪੁਰ ਵਾਲੀ ਕਿਸੇ ਬੀੜ ਦੀ ਨਕਲ ਹੈ। ਹੱਥ ਲਿਖਤ ਇਸ ਬੀੜ ਦੇ ਪਾਵਨ ਅੰਕ ੬੪੬ ’ਤੇ ਮੰਗਲਾਚਰਨ ਅਤੇ ਸਿਰਲੇਖ ਦੀ ਤਰਤੀਬ ਇਸ ਤਰ੍ਹਾਂ ਹੈ ‘‘ ਸਤਿਗੁਰਪ੍ਰਸਾਦਿ ਪ੍ਰਭਾਤੀਭਗਤਬੇਣੀਜੀਕੀ ਤਨਿਚੰਦਨੁਮਸਤਕਿਪਾਤੀ ’’ ਭਾਵ ਮੰਗਲਾਚਰਨ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ।

————————————————————————————

ਦਮਦਮੀ ਟਕਸਾਲ ਵੱਲੋਂ ਮੌਜੂਦਾ ਛਾਪੀ ਜਾ ਰਹੀ ਸੈਂਚੀ

ਪਰ ਦਮਦਮੀ ਟਕਸਾਲ ਵੱਲੋਂ ਮੌਜੂਦਾ ਛਾਪੀ ਜਾ ਰਹੀ ਸੈਂਚੀ ’ਚ ਤਰਤੀਬ ਇਸ ਤਰ੍ਹਾਂ ਹੈ ‘‘ਪ੍ਰਭਾਤੀਭਗਤਬੇਣੀਜੀਕੀ ਸਤਿਗੁਰਪ੍ਰਸਾਦਿ ਤਨਿਚੰਦਨੁਮਸਤਕਿਪਾਤੀ ’’ (ਗੁਰੂ ਗ੍ਰੰਥ ਸਾਹਿਬ – ਅੰਗ ੧੩੫੧) ਭਾਵ ਸਿਰਲੇਖ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ; ਜੋ ਗੁਰਬਾਣੀ ਦੀ ਲਿਖਣਸ਼ੈਲੀ ਦੇ ਸਰਾਸਰ ਵਿਰੋਧ ’ਚ ਹੈ ਕਿਉਂਕਿ ਗੁਰਬਾਣੀ ਦੀ ਲਿਖਣਸ਼ੈਲੀ ਮੁਤਾਬਕ ਸਿਰਲੇਖ ਮਹਲਾ ੧ ਜਾਂ ੨; ੩ ਆਦਿਕ ਜਾਂ ਕਿਸੇ ਭਗਤ ਸਾਹਿਬਾਨ ਦਾ ਨਾਮ ਲਿਖੇ ਜਾਣ ਉਪਰੰਤ, ਅਗਲੇ ਸਿਰਲੇਖ ਤੱਕ ਸਾਰੀ ਬਾਣੀ ਸਿਰਲੇਖ ਨਾਲ ਸੰਬੰਧਿਤ ਗੁਰੂ ਸਾਹਿਬ ਜਾਂ ਭਗਤ ਸਾਹਿਬ, ਜਿਸ ਦਾ ਨਾਮ ਲਿਖਿਆ ਹੁੰਦਾ ਹੈ, ਉਨ੍ਹਾਂ ਦੀ ਬਾਣੀ ਮੰਨੀ ਜਾਂਦੀ ਹੈ। ਪ੍ਰਚਲਿਤ ਬੀੜਾਂ ’ਚ ‘‘ਪ੍ਰਭਾਤੀਭਗਤਬੇਣੀਜੀਕੀ ਸਤਿਗੁਰਪ੍ਰਸਾਦਿ ’’ ਤਰਤੀਬ ਅਨੁਸਾਰ ਲਿਖਿਆ ਹੋਣ ਕਰਕੇ ‘‘ ਸਤਿਗੁਰਪ੍ਰਸਾਦਿ ’’ ਵੀ ਭਗਤ ਬੇਣੀ ਜੀ ਦੀ ਰਚਨਾ ਮੰਨੀ ਜਾਏਗੀ, ਜੋ ਮੰਨਣਯੋਗ ਨਹੀਂ ਕਿਉਂਕਿ ਸਮੁੱਚਾ ਪੰਥ ਮੰਨਦਾ ਹੈ ਕਿ ‘‘ ’’  ਗੁਰੂ ਨਾਨਕ ਸਾਹਿਬ ਜੀ ਦੀ ਹੀ ਰਚਨਾ ਹੈ। ਇਸ ਤੱਥ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਥਾਂ ਮੰਗਲਾਚਰਨ ਨੂੰ ਪਹਿਲੇ ਸਥਾਨ ’ਤੇ ਰੱਖਿਆ ਜਾਣਾ ਹੀ ਯੋਗ ਹੈ। ਸ਼੍ਰੋਮਣੀ ਕਮੇਟੀ ਦੀਆਂ ਛਪੀਆਂ ਮੌਜੂਦਾ ਬੀੜਾਂ ’ਚ ਮੰਗਲਾਚਰਨ ਅਤੇ ਸਿਰਲੇਖ ਦੀ ਤਰਤੀਬ ਬਦਲੇ ਜਾਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਸ ਹੱਥ ਲਿਖਤ ਬੀੜ ਨਾਲ ਉਨ੍ਹਾਂ ਸੁਧਾਈ ਕੀਤੀ ਹੋਵੇਗੀ; ਗੁਰਬਾਣੀ ਦੀ ਲਿਖਣਸ਼ੈਲੀ ਅਤੇ ਤਰਤੀਬ ਮੁਤਾਬਕ ਉਸ ਦੇ ਪੰਨੇ ਦੇ ਸੱਜੇ ਪਾਸੇ ਮੰਗਲਾਚਰਨ ਲਿਖ ਕੇ ਪਹਿਲ ਦਿੱਤੀ ਹੋਵੇ ਅਤੇ ਸਿਰਲੇਖ ‘‘ਪ੍ਰਭਾਤੀਭਗਤਬੇਣੀਜੀਕੀ’’ ਨੂੰ ਖੱਬੇ ਪਾਸੇ ਲਿਖ ਕੇ ਦੂਸਰੇ ਸਥਾਨ ’ਤੇ ਰੱਖਿਆ ਹੋਵੇ ਪਰ, ਕਿਉਂਕਿ ਗੁਰਮੁਖੀ ਦੀ ਲਿਖਾਈ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਨੂੰ ਲਿਖੀ ਜਾਂਦੀ ਹੈ ਇਸ ਲਈ ਉਸ ਤੋਂ ਨਕਲ ਕਰਨ ਵਾਲੇ ਕਿਸੇ ਨੇ ਸਿਰਲੇਖ ਨੂੰ ਮੰਗਲਾਚਰਨ ਤੋਂ ਪਹਿਲਾਂ ਲਿਖ ਦਿੱਤਾ ਅਤੇ ਅੱਗੇ ਤੋਂ ਅੱਗੇ ਨਕਲ ਦਰ ਨਕਲ ਹੁੰਦਿਆਂ ਇਸੇ ਤਰ੍ਹਾਂ ਪ੍ਰਚਲਿਤ ਹੋ ਗਿਆ। ਇਹ ਸਿਰਫ ਇੱਕ ਉਦਾਹਰਨ ਹੈ।  ਮੰਗਲਾਚਰਨ ਅਤੇ ਸਿਰਲੇਖਾਂ ਦੇ ਸੈਂਕੜੇ ਫੇਰਬਦਲ ਇਸੇ ਤਰ੍ਹਾਂ ਪ੍ਰਚਲਿਤ ਹੋ ਗਏ।

ਇਸ ਵਿਚਾਰ ਨਾਲ ਤਕਰੀਬਨ ਸਾਰੇ ਹੀ ਸਹਿਮਤ ਹਨ ਕਿ ਜਿਹੜੀ ਬੀੜ ਮੁੱਢਲੇ ਤੌਰ ’ਤੇ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਭਾਈ ਗੁਰਦਾਸ ਜੀ ਦੁਆਰਾ ਲਿਖਵਾਈ ਸੀ ਉਸ ਵਿੱਚ ਕੋਈ ਵੀ ਉਕਾਈ ਨਹੀਂ ਸੀ, ਪਰ ਉਸ ਦੀ ਨਕਲ ਦਰ ਨਕਲ ਕਰਦਿਆਂ ਸੁਭਾਵਕ ਹੋਣ ਵਾਲੀਆਂ ਗਲਤੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਗੁਰਦੁਆਰਾ ਮੰਜੀ ਸਾਹਿਬ ਦੀ ਸਟੇਜ ਤੋਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਅਮਰੀਕਾ ਦੇ ਕਿਸੇ ਵਿਅਕਤੀ ਨੇ ਮਨਮਰਜ਼ੀ ਦੀਆਂ ਤਬਦੀਲੀਆਂ ਕਰਕੇ ਬੀੜ ਛਾਪ ਦਿੱਤੀ ਹੈ ਪਰ ਇਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਧੁੰਮੇ ਦੇ ਇਨ੍ਹਾਂ ਬੋਲਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਝੱਟ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ’ਚ ਪਾਠ-ਭੇਦ ਅੰਤਰ ਸੰਬੰਧੀ ਚੱਲ ਰਹੇ ਮੌਜੂਦਾ ਵਿਵਾਦ ’ਤੇ ਵੀਚਾਰ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ 3 ਮਈ 2022 ਨੂੰ ਪੰਥਕ ਇਕੱਠ ਸੱਦ ਲਿਆ। ਇਸੇ ਸੰਦਰਭ ’ਚ ਸਿੱਖ ਰਿਸਰਚ ਇੰਸਟੀਚੂਟ ਵੈਨਕੂਵਰ (ਕੈਨੇਡਾ) ਵੱਲੋਂ ਮਿਤੀ 6 ਅਪ੍ਰੈਲ 2022 ਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਲਿਖਿਆ, ਜਿਸ ਦੀਆਂ ਕਾਪੀਆਂ ਉਨ੍ਹਾਂ ਸ: ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ: ਸਤਵੀਰ ਸਿੰਘ (ਸਕੱਤਰ ਸ਼੍ਰੋਮਣੀ ਕਮੇਟੀ), ਡਾ: ਚਮਕੌਰ ਸਿੰਘ (ਕਨਵੀਨਰ ਸਬ ਕਮੇਟੀ), ਸ: ਜਸਪਾਲ ਸਿੰਘ (ਨਿਜੀ ਸਹਾਇਕ ਗਿਆਨੀ ਹਰਪ੍ਰੀਤ ਸਿੰਘ), ਸ: ਥਮਿੰਦਰ ਸਿੰਘ ਅਨੰਦ ਸਿੱਖ ਬੁੱਕ ਕਲੱਬ, ਯੂ.ਐੱਸ.ਏ. ਨੂੰ ਭੇਜੀ ਗਈ। ਸਿੱਖ ਰਿਸਰਚ ਇੰਸਟੀਚੂਟ ਵੈਨਕੂਵਰ ਨੇ ਆਪਣੇ ਪੱਤਰ ’ਚ ਪ੍ਰਾਈਵੇਟ ਛਾਪੇਖਾਨੇ ਵਾਲਿਆਂ ਵੱਲੋਂ ਜਾਰੀ ਕੀਤੀ ਸੂਚੀ ‘ਗਲਤੀਨਾਮਾ ਗੁਰੂ ਗ੍ਰੰਥ ਸਾਹਿਬ’ ਸਮੇਤ ਉਨ੍ਹਾਂ 18 ਵਿਦਵਾਨਾਂ, ਲੇਖਕਾਂ ਦੀ ਸੂਚੀ ਅਤੇ ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਨੇ ਵੱਖ ਵੱਖ ਹੱਥ ਲਿਖਤ ਬੀੜਾਂ ਦਾ ਮੁਤਾਲਿਆ ਕਰਕੇ ਪਾਠ-ਭੇਦ ਅੰਤਰ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ। ਇਸ ਸੂਚੀ ਵਿੱਚ ਭਾਈ ਯੋਧ ਸਿੰਘ, ਡਾ: ਗੁਲਜਾਰ ਸਿੰਘ ਕੰਗ, ਡਾ: ਹਰਕੀਰਤ ਸਿੰਘ, ਦਮਦਮੀ ਟਕਸਾਲ ਜਥਾ ਭਿੰਡਰਾਂ ਵੱਲੋਂ ਪ੍ਰਕਾਸ਼ਤ ਗੁਰਬਾਣੀ ਪਾਠ ਦਰਪਣ, ਪ੍ਰੋ: ਸਾਹਿਬ ਸਿੰਘ, ਭਾਈ ਭਗਵਾਨ ਸਿੰਘ ਸੇਵਕ, ਅਕਾਲੀ ਕੌਰ ਸਿੰਘ ਨਿਹੰਗ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਟਹਿਲ ਸਿੰਘ, ਡਾ: ਮਾਨ ਸਿੰਘ ਨਿਰੰਕਾਰੀ, ਭਾਈ ਜੋਗਿੰਦਰ ਸਿੰਘ ਤਲਵਾੜਾ, ਗਿਆਨੀ ਹਰਬੰਸ ਸਿੰਘ ਪਟਿਆਲਾ, ਪ੍ਰਿੰ: ਹਰਿਭਜਨ ਸਿੰਘ ਆਦਿ ਦੇ ਨਾਮ ਲਿਖਣ ਤੋਂ ਇਲਾਵਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਪ੍ਰਕਾਸ਼ਤ ਪਾਠ-ਸੈਂਚੀਆਂ; ਗੁਰੂ ਖ਼ਾਲਸਾ ਪ੍ਰੈੱਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤੇ ਗਏ ਪੋਥੀ ਰੂਪ ਗੁਰੂ ਗ੍ਰੰਥ ਸਾਹਿਬ ਅਤੇ ਸਿੰਘ ਬ੍ਰਦਰਜ਼ ਅਤੇ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਛਪੇ ਪੁਰਾਤਨ ਗੁਟਕਿਆਂ ਵਿੱਚ ਪਾਠ-ਅੰਤਰ ਵੱਲ ਧਿਆਨ ਦਿਵਾਉਂਦਿਆਂ ਬੇਨਤੀ ਕੀਤੀ ਕਿ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਵਿਦਵਾਨਾਂ ਵੱਲੋਂ ਕੀਤੇ ਖੋਜ ਕਾਰਜਾਂ ’ਤੇ ਵੀ ਪਿਆਰ ਅਤੇ ਸਦਭਾਵਨਾਂ ਨਾਲ ਵੀਚਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਡਾ: ਅਮਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜਿਨ੍ਹਾਂ ਨੇ ਹੱਥ ਲਿਖਤ ਬੀੜਾਂ ਨੂੰ ਡਿਜ਼ਟੀਲਾਈਜ਼ਡ ਕਰਨ ਸੰਬੰਧੀ ਅਤੇ ਭਾਈ ਭਰਪੂਰ ਸਿੰਘ ਜੀ ਸਾਬਕਾ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਪਾਠ-ਭੇਦਾਂ ਸੰਬੰਧੀ ਖੋਜ ਕਾਰਜ ਕੀਤਾ ਹੈ, ਪੈਦਾ ਹੋਏ ਮਸਲੇ ਦੀ ਪੜਤਾਲ ਕਮੇਟੀ ’ਚ ਸ਼ਾਮਲ ਕੀਤੇ ਜਾਣ ਤਾਂ ਜੋ ਪੰਥ ਪ੍ਰਵਾਨਿਤ ਨਤੀਜੇ ’ਤੇ ਪਹੁੰਚ ਕੇ ਮਸਲੇ ਦਾ ਸਦੀਵੀ ਹੱਲ ਲੱਭਿਆ ਜਾਵੇ। ਆਪਣੇ ਵੱਲੋਂ ਇਹ ਸੁਝਾਅ ਵੀ ਦਿੱਤਾ ਕਿ ਜੇ ਯੋਗ ਸਮਝੋ ਤਾਂ ਸਿੱਖ ਰਿਸਰਚ ਇੰਸਟੀਚੂਟ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਟੀਮ ਦੇ ਮੈਂਬਰ ਡਾ: ਜਸਵੰਤ ਸਿੰਘ ਡਾਇਰੈਕਟਰ ਗੁਰਬਾਣੀ ਰਿਸਰਚ ਅਤੇ ਸ: ਹਰਜਿੰਦਰ ਸਿੰਘ ਰਿਸਰਚ ਐਸੋਸ਼ੀਏਟ ਵੀ ਇਸ ਕਾਰਜ ’ਚ ਸਹਾਈ ਹੋ ਸਕਦੇ ਹਨ। 

ਸਿੱਖ ਰਿਸਰਚ ਇੰਸਟੀਚੂਟ ਤੋਂ ਇਲਾਵਾ ਹੋਰਨਾਂ ਕਈ ਸੰਸਥਾਵਾਂ ਵੱਲੋਂ ਵੀ ਇਸ ਤਰ੍ਹਾਂ ਦੇ ਸੁਝਾਅ ਦਿੰਦਿਆਂ ਲਿਖਿਆ ਕਿ ਕੋਈ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ ਹੁਣ ਤੱਕ ਦੇ ਹੋਏ ਖੋਜ ਕਾਰਜਾਂ ਨੂੰ ਧਿਆਨ ’ਚ ਰੱਖਿਆ ਜਾਵੇ, ਪਰ ਜਿਹੜੇ ਆਪਣੇ ਡੇਰਿਆਂ ਦੇ ਮੁਖੀ ਨੂੰ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨਾਲੋਂ ਵੀ ਵੱਧ ਮਹੱਤਤਾ ਦਿੰਦੇ ਹੋਣ ਉਨ੍ਹਾਂ ਲਈ ਕਿਸੇ ਵਿਦਵਾਨ ਦੇ ਖੋਜ ਕਾਰਜਾਂ ਨੂੰ ਵੀਚਾਰਨ ਦਾ ਸਮਾਂ ਹੀ ਕਿੱਥੇ ਹੈ ? ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਕੱਤਰਤਾ ’ਚ ਜਜ਼ਬਾਤੀ ਭਾਸ਼ਣ ਦੇਣ ਪਿੱਛੋਂ ਤਕਰੀਬਨ ਬਹੁ ਗਿਣਤੀ ਅਵਾਜ਼ ਸੀ ਕਿ ਇਸ ਮੁੱਦੇ ਨੂੰ ਕਮੇਟੀ ਦੇ ਹਵਾਲੇ ਕਰਨਾ ਠੰਡੇ ਬਸਤੇ ’ਚ ਪਾਉਣ ਦੇ ਤੁਲ ਹੈ; ਜੋ ਵੀ ਫ਼ੈਸਲਾ ਲੈਣਾ ਹੈ ਉਹ ਤੁਰੰਤ ਹੁਣੇ ਸੁਣਾਇਆ ਜਾਵੇ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਇੱਥੋਂ ਹੁਕਮ ਹੋਵੇ ਤਾਂ ਮੈਂ ਜਾਂ ਸਾਡੇ ਜਥੇ ਦੇ ਸਿੰਘ; ਸਾਡੇ ਪਿਉ ਦੀ ਦਾਹੜੀ ਨੂੰ ਹੱਥ ਪਾਉਣ ਵਾਲੇ ਥਮਿੰਦਰ ਸਿੰਘ ਨੂੰ ਯੂ. ਐੱਸ. ਏ. ਤੋਂ ਧੂ ਕੇ ਇੱਥੇ ਲਿਆ ਸਕਦੇ ਹਨ।

ਅਜਿਹੇ ਜਜ਼ਬਾਤੀ ਬਿਆਨ ਦੇਣ ਵਾਲਿਆਂ ਨੂੰ ਇਹ ਸਵਾਲ ਤਾਂ ਪੁੱਛਣੇ ਹੀ ਬਣਦੇ ਹਨ ਕਿ ਪਿੰਡ ਜਵਾਹਰਕੇ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਬਰਗਾੜੀ ਦੀਆਂ ਗਲੀਆਂ ਨਾਲੀਆਂ ’ਚ ਖਿਲਾਰਨ ਵਾਲਿਆਂ ’ਚੋਂ ਕਿੰਨਿਆਂ ਕੁ ਨੂੰ ਤੁਸੀਂ ਧੂ ਕੇ ਲਿਆਂਦਾ ਹੈ ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ੍ਵਾਂਗ ਰਚਣ ਵਾਲੇ ਸੌਦਾ ਸਾਧ ਵਿਰੁੱਧ ਦਰਜ ਕੇਸ ਨੂੰ ਵਾਪਸ ਲੈਣ ਵਾਲਿਆਂ ’ਚੋਂ ਕਿੰਨਿਆਂ ਕੁ ਨੂੰ ਧੂ ਕੇ ਇੱਥੇ ਲਿਆਂਦਾ ਹੈ ? ਉਸ ਸ੍ਵਾਂਗਧਾਰੀ, ਬਲਾਤਕਾਰੀ ਅਤੇ ਕਤਲਾਂ ਦੇ ਦੋਸ਼ੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗਿਆਂ ਮਾਫੀ ਦਿਵਾਉਣ ਵਾਲਿਆਂ ਅਤੇ ਦੇਣ ਵਾਲੇ ਜਥੇਦਾਰਾਂ ’ਚੋਂ ਕਿੰਨਿਆਂ ਕੁ ਨੂੰ ਤੁਸੀਂ ਧੂ ਕੇ ਲਿਆਂਦਾ ਹੈ ? ਹੋਰ ਤਾਂ ਹੋਰ ਅਮਰੀਕਾ ਵਾਸੀ ਉਸ ਥਮਿੰਦਰ ਸਿੰਘ ਨੂੰ ਤਾਂ ਪੰਥ ’ਚੋਂ ਛੇਕਣ ਦਾ ਆਖਰੀ ਹਥਿਆਰ ਚਲਾ ਦਿੱਤਾ ਪਰ ਥਮਿੰਦਰ ਸਿੰਘ ਨੇ ਜੋ ਆਪਣੇ ਵੱਲੋਂ ਸਪਸ਼ਟੀਕਰਨ ਦਿੱਤਾ ਸੀ (ਜਿਸ ਦੀ ਪਹੁੰਚ ਦੀ ਪੁਸ਼ਟੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਕਰਦਿਆਂ ਕਿਹਾ ਸੀ ਕਿ ਉਹ ਜਥੇਦਾਰ ਅਕਾਲ ਤਖ਼ਤ ਨੂੰ ਵੀਚਾਰ ਕਰਨ ਹਿੱਤ ਭੇਜ ਦਿੱਤੀ ਗਈ ਹੈ) ਉਸ ਦਾ ਜ਼ਿਕਰ ਤੱਕ ਨਹੀਂ ਕੀਤਾ। ਕਈ ਹੋਰਾਂ ਵੱਲੋਂ ਇਸ ਮਾਸਲੇ ਦੇ ਗੁਰੂ ਜੁਗਤ ਰਾਹੀਂ ਨਜਿੱਠਣ ਦੇ ਦਿੱਤੇ ਸੁਝਾਵਾਂ ’ਤੇ ਵੀ ਕਿਸੇ ਨੇ ਵੀਚਾਰ ਨਾ ਕੀਤੀ।

ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਸਾਵਧਾਨ ਕਰਨ ਵਾਲੇ ਹਰਨਾਮ ਸਿੰਘ ਧੁੰਮੇ ਦੇ ਪ੍ਰਬੰਧ ਹੇਠ ਚੱਲ ਰਹੀ ਟਕਸਾਲ ਵੱਲੋਂ ਵੀ ਕਈ ਸਾਲਾਂ ਤੋਂ ਗੁਰਬਾਣੀ ’ਚ ਮਨਮਰਜ਼ੀ ਦੀਆਂ ਤਬਦੀਲੀਆਂ ਕਰਕੇ ਗੁਟਕੇ ਤੇ ਪੋਥੀਆਂ ਛਾਪੀਆਂ ਜਾ ਰਹੀਆਂ ਹਨ, ਜਿਸ ਦਾ ਵੇਰਵਾ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ,

ਪਰ ਕਿਸੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਵੀਡੀਓ ’ਚ ਉਠਾਏ ਗਏ ਨੁਕਤਿਆਂ ’ਤੇ ਵਿਚਾਰ ਤਾਂ ਕੀ ਕਰਨਾ ਸੀ ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਮੇਤ ਬਹੁਤੇ ਬੁਲਾਰੇ ਇਹੀ ਕਹਿੰਦੇ ਸੁਣੇ ਗਏ ਕਿ ਇਨ੍ਹਾਂ ਦਾ ਮਕਸਦ ਟਕਸਾਲ ਨੂੰ ਬਦਨਾਮ ਕਰਨਾ ਹੈ।  ਦੂਜੇ ਪਾਸੇ ਜਿਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ਨੇ ਪਾਠ ਭੇਦ ’ਤੇ ਹੁਣ ਤੱਕ ਹੋਈ ਖੋਜ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਲੈਣ ਦੀ ਸਲਾਹ ਦਿੱਤੀ, ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਥਮਿੰਦਰ ਸਿੰਘ ਦੀ ਮੰਡਲੀ ਦੇ ਹੀ ਵਿਅਕਤੀ ਹਨ, ਇਸ ਲਈ ਉਸ ਦੇ ਹੱਕ ’ਚ ਬੋਲ ਰਹੇ ਹਨ।

ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵੱਲੋਂ ਛਪਵਾਈਆਂ ਗਈਆਂ ਪੋਥੀਆਂ ਵਿੱਚ ਕੀਤੀਆਂ ਗਈਆਂ ਮਨਮਰਜ਼ੀ ਦੀਆਂ ਤਬਦੀਲੀਆਂ, ਜਿਸ ਦੇ ਹਵਾਲੇ ਵਾਲੀ ਵੀਡੀਓ ’ਚ ਜੱਗ ਜ਼ਾਹਰ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈਆਂ ਜਾ ਰਹੀਆਂ ਬੀੜਾਂ ਨਾਲੋਂ ਕਿੱਥੇ ਕਿੱਥੇ ਫ਼ਰਕ ਹੈ। ਉਨ੍ਹਾਂ ਸਾਰੇ ਪਾਠ ਭੇਦਾਂ ਦਾ ਹਵਾਲਾ ਦੇਣਾ ਤਾਂ ਇਸ ਲੇਖ ’ਚ ਸੰਭਵ ਨਹੀਂ ਪਰ ਬੀੜ ਦਾ ਪਹਿਲਾ, ਪਾਵਨ ਅੰਕ ੬੬੧, ੧੩੫੧ ਅਤੇ ਅਖੀਰਲੇ ਪੰਨਾ ੧੪੩੦ ਦੀਆਂ ਫੋਟੋਆਂ ਨਾਲ਼ ਹੀ ਸਾਫ਼ ਹੋ ਜਾਣਾ ਹੈ ਕਿ ਜਿਸ ਦੇ ਆਦਿ, ਮੱਧ ਅਤੇ ਅੰਤ ’ਚ ਏਨਾਂ ਫੇਰ ਬਦਲ ਕੀਤਾ ਹੋਵੇ, ਉਸ ਦੇ ਵਿਚਕਾਰ ਕੀ ਕੁਝ ਕੀਤਾ ਹੋਵੇਗਾ ਉਸ ਦਾ ਅੰਦਾਜ਼ਾ ਲੱਗ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਹੀ ਮੰਗਲਾਚਰਨ ਵਜੋਂ  ‘‘  ਤੋਂ ਗੁਰਪ੍ਰਸਾਦਿ’’ ਤੱਕ ਸੰਪੂਰਨ ਮੂਲ ਮੰਤਰ ਲਿਖਣ ਤੋਂ ਬਾਅਦ ਦੋ ਡੰਡੀਆ (॥) ਹਨ, ਜੋ ਮੂਲਮੰਤਰ ਦੀ ਸੰਪੂਰਨਤਾ ਦਾ ਸੰਕੇਤ ਹੈ। ਇਸ ਤੋਂ ਹੇਠਲੀ ਲਾਈਨ ਦੇ ਵਿਚਕਾਰ ਜਪੁਲਿਖ ਕੇ ਇਸ ਦੇ ਦੋਵੇਂ ਪਾਸੇ ਡੰਡੀਆਂ ਲਾਈਆਂ ਹਨ। ਇਹ ਬਾਣੀ ਦਾ ਸਿਰਲੇਖ ਹੈ, ਜਿਸ ਨੂੰ ਸਤਿਕਾਰ ਵਜੋਂ ਜਪੁ ਜੀ ਸਾਹਿਬ ਆਖਿਆ ਜਾਂਦਾ ਹੈ, ਪਰ ਟਕਸਾਲ ਵੱਲੋਂ ਛਾਪੀਆਂ ਜਾ ਰਹੀਆਂ ਪੋਥੀਆਂ ਵਿੱਚ ‘ਜਪੁ’ ਤੋਂ ਪਹਿਲਾਂ ਲੱਗੀਆਂ ਦੋ ਡੰਡੀਆਂ ਹਟਾ ਦਿੱਤੀਆਂ ਹਨ ਤਾਂ ਜੋ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਸੰਪੂਰਨ ਮੂਲਮੰਤਰ ਮੰਨਿਆ ਜਾਵੇ। ਟਕਸਾਲ ਵਾਲੇ ਸ਼੍ਰੋਮਣੀ ਕਮੇਟੀ ਵੱਲੋਂ ਦੱਸੇ ਜਾ ਰਹੇ ਮੂਲ ਮੰਤਰ ਨੂੰ ਅਧੂਰਾ ਮੰਨਦੇ ਹਨ। ਜੇ ਟਕਸਾਲ ਦੇ ਇਸ ਵਿਚਾਰ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਬਾਣੀ ਦਾ ਸਿਰਲੇਖ ਕੀ ਹੋਵੇਗਾ ? ਕਿਸ ਆਧਾਰ ’ਤੇ ਅਸੀਂ ਮੁੱਢਲੀ ਬਾਣੀ ਨੂੰ ‘ਜਪੁ ਜੀ ਸਾਹਿਬ’ ਕਹਿ ਸਕਦੇ ਹਾਂ ?

ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੧ 

ਦਮਦਮੀ ਟਕਸਾਲ ਸੈਂਚੀ ਅੰਕ ੧

ਵੈਸੇ ਦਮਦਮੀ ਟਕਸਾਲ ਦੀ ਇਸ ਮਨੌਤ ਦਾ ਉਨ੍ਹਾਂ ਦੇ ਆਪਣੇ ਹੀ ਤੱਥ ਖੰਡਨ ਵੀ ਕਰਦੇ ਹਨ।  ਉੱਪਰ ਆਪਾਂ ਮੰਨੀ ਜਾਂਦੀ ਬਾਬਾ ਦੀਪ ਸਿੰਘ ਜੀ ਦੀ ਸੁਨਹਿਰੀ ਜਿਲਦ ਵਾਲੀ ਬੀੜ ਦਾ ਪਾਵਨ ਅੰਕ ੧ ਵੇਖ ਆਏ ਹਾਂ, ਜਿਸ ਦੇ ਉੱਪਰ ਮੱਧ ’ਚ ‘‘  ਤੋਂ ਗੁਰਪ੍ਰਸਾਦਿ’’ ਤੱਕ ਸੰਪੂਰਨ ਮੂਲ ਮੰਤਰ ਦੋ ਸਤਰਾਂ ’ਚ ਲਿਖਿਆ ਹੈ। ਜਿਸ ਦੇ ਹੇਠਾਂ ਪੰਨੇ ਦੇ ਖੱਬੇ ਪਾਸੇ ‘‘ਜਪੁ’’ ਸਿਰਲੇਖ ਲਿਖ ਕੇ ਬਿਲਕੁਲ ਨਾਲ ਹੀ ਸਲੋਕ ‘‘ਆਦਿ ਸਚੁ ਤੋਂ ਹੋਸੀ ਭੀ ਸਚੁ’’ ਤੱਕ ਲਿਖਣ ਉਪਰੰਤ ਪਾਉੜੀ ਦੀ ਪਹਿਲੀ ਤੁਕ ‘‘ਸੋਚੈ ਸੋਚਿ ਹੋਵਈ …..’’ ਸ਼ੁਰੂ ਕੀਤੀ ਹੈ। ਲਿਖਤ ਦਾ ਇਹ ਢੰਗ ਸਿੱਧ ਕਰਦਾ ਹੈ ਕਿ ਮੂਲ ਮੰਤਰ ਗੁਰ ਪ੍ਰਸਾਦਿ ਤੱਕ ਹੈ। ਜਪੁ ਬਾਣੀ ਦਾ ਸਿਰਲੇਖ ਹੈ, ਜਿਸ ਦਾ ਸੰਬੰਧ ਇਸ ਤੋਂ ਅੱਗੇ ਲਿਖੀਆਂ 38 ਪਉੜੀਆਂ ਅਤੇ ਦੋ ਸਲੋਕਾਂ ਨਾਲ਼ ਹੈ, ਨਾ ਕਿ ਇਸ ਤੋਂ ਪਹਿਲਾਂ ਲਿਖੇ ਮੂਲ ਮੰਤਰ ਨਾਲ਼।

ਟਕਸਾਲ ਦੇ ਵਿਦਵਾਨ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ 1950 ਤੋਂ ਵਰਤੀਆਂ ਜਾ ਰਹੀਆਂ ਸੈਂਚੀਆਂ (ਪੋਥੀਆਂ) ਦੇ ਭਾਗ ੧ ਪੰਨਾ ੧ ਦੀ ਲਿਖਤ (ਜਿਸ ਦੀ ਫੋਟੋ ਹੇਠਾਂ ਵੇਖੀ ਜਾ ਸਕਦੀ ਹੈ) ਵੀ ਹੂਬਹੂ ਬਾਬਾ ਦੀਪ ਸਿੰਘ ਜੀ ਵਾਲੀ ਦੱਸੀ ਜਾ ਰਹੀ ਸੁਨਹਿਰੀ ਬੀੜ ਦੀ ਲਿਖਤ ਨਾਲ਼ ਮਿਲਦੀ ਹੈ। ਇਸ ਪੋਥੀ ’ਚ ਵੀ ਮੂਲ ਮੰਤਰ ‘‘ੴ  ਤੋਂ ਗੁਰਪ੍ਰਸਾਦਿ॥’’ ਪੰਨੇ ਦੇ ਮੱਧ ’ਚ ਮੋਟੇ ਅੱਖਰਾਂ ਸਮੇਤ ਦੋ ਸਤਰਾਂ ’ਚ ਲਿਖਣ ਤੋਂ ਬਾਅਦ ਤੀਜੀ ਲਾਈਨ ਦੇ ਬਿਲਕੁਲ ਵਿਚਕਾਰ ਮੋਟੇ ਅੱਖਰਾਂ ’ਚ ‘‘ਜਪ॥’’ ਸਿਰਲੇਖ ਦੇ ਕੇ ਚੌਥੀ ਲਾਈਨ ’ਚ ਸਲੋਕ ਲਿਖਣ ਉਪਰੰਤ ਪਹਿਲੀ ਪਉੜੀ ‘‘ਸੋਚੈ ਸੋਚਿ ਨ ਹੋਵਈ …’’ ਸ਼ੁਰੂ ਕੀਤੀ ਹੈ, ਜਿਸ ਦਾ ਭਾਵ ਹੈ ਕਿ ਇਸ ਬਾਣੀ ਦਾ ਸਿਰਲੇਖ ‘‘॥ਜਪੁ॥’’ ਹੈ, ਜੋ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਜਦੋਂ ਕਿ ਹਰਨਾਮ ਸਿੰਘ ਧੁੰਮਾ ਦੇ ਸਮੇਂ (2007) ਤੋਂ ਬਾਅਦ ਛਪ ਰਹੀਆਂ ਪੋਥੀਆਂ ’ਚ ‘‘ੴ  ਤੋਂ .. ਹੋਸੀ ਭੀ ਸਚੁ॥੧॥’’ ਤੱਕ ਨੂੰ ਮੂਲ ਮੰਤਰ ਸਾਬਤ ਕਰਨ ਲਈ ਪੰਨੇ ਦੇ ਵਿਚਕਾਰ ਲਾਲ ਅੱਖਰਾਂ ਨਾਲ਼ ਚਾਰ ਸਤਰਾਂ ’ਚ ਲਿਖ ਕੇ ਹੇਠਾਂ ਛੋਟੇ ਅੱਖਰਾਂ ਅਤੇ ਕਾਲੇ ਰੰਗ ’ਚ ਪਹਿਲੀ ਪਉੜੀ ਆਰੰਭ ਕੀਤੀ ਹੈ। ਇਸ ਨਾਲ਼ ਇਹ ਭੁਲੇਖਾ ਪੈਂਦਾ ਹੈ ਕਿ ‘ਜਪੁ’ ਸਿਰਲੇਖ ਸਮੇਤ ‘‘ਆਦਿ ਸਚੁ.. ਤੋਂ ਨਾਨਕ ਹੋਸੀ ਭੀ ਸਚੁ॥੧’’ ਤੱਕ ਯਾਨੀ ਪਹਿਲਾ ਸਲੋਕ ਭੀ ਮੂਲ ਮੰਤਰ ਹੀ ਹੈ। ਸੋ ਸਪਸ਼ਟ ਹੁੰਦਾ ਹੈ ਕਿ ਅਜੋਕਾ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ; ਪੁਰਾਤਨ ਹੱਥ ਲਿਖਤ ਬੀੜਾਂ, ਆਪਣੇ ਪੂਰਬਜ਼ ਟਕਸਾਲ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀ ਗੁਰਬਾਣੀ ਲਿਖਤ ਪੇਸ਼ ਕਰਕੇ ਪੰਥ ’ਚ ਨਵੇਂ ਵਿਵਾਦਾਂ ਨੂੰ ਜਨਮ ਦੇ ਰਿਹਾ ਹੈ।

ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਵੱਲੋਂ 1950 ਤੋਂ ਵਰਤੀਆਂ ਜਾ ਰਹੀਆਂ ਸੈਂਚੀਆਂ ਪੋਥੀਆਂ ਦੇ ਭਾਗ ੧ ਪੰਨਾ ੧ ਦੀ ਲਿਖਤ

ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਬੀੜ ਦੇ ਪਾਵਨ ਅੰਕ ੬੬੧ ’ਤੇ ਸਿਰਲੇਖ ਹੈ ‘ਧਨਾਸਰੀ ਮਹਲਾ ੧॥’ ਪਰ ਦਮਦਮੀ ਟਕਸਾਲ ਵੱਲੋਂ ਇਹ ਸਿਰਲੇਖ ਬਦਲ ਕੇ ‘ਧਨਾਸਰੀ ਮਹਲਾ ੩॥’ ਕਰ ਦਿੱਤਾ। ਜੇਕਰ ਥਮਿੰਦਰ ਸਿੰਘ ਨੇ ਗੁਰਬਾਣੀ ’ਚ ਫੇਰਬਦਲ ਕਰਕੇ ਅਵੱਗਿਆ ਕੀਤੀ ਹੈ ਤਾਂ ਟਕਸਾਲ ਮੁਖੀ ਕੀ ਕਰਦਾ ਪਿਆ ਹੈ ?

ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੬੬੧ 

ਦਮਦਮੀ ਟਕਸਾਲ ਸੈਂਚੀ ਅੰਕ ੬੬੧ 

ਜਿਵੇਂ ਗੁਰਬਾਣੀ ਦੀ ਲਗ ਮਾਤਰ ਜਾਂ ਸਿਰਲੇਖ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਸੇ ਤਰ੍ਹਾਂ ਸ਼ਬਦਾਂ ਅਤੇ ਬਾਣੀਆਂ ਦੇ ਅਖੀਰ ’ਤੇ ਦਿੱਤੇ ਅੰਕਾਂ ਨੂੰ ਬਦਲਣ ਦਾ ਵੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਅੰਕ ਵੀ ਗੁਰੂ ਸਾਹਿਬ ਜੀ ਨੇ ਇਕ ਖਾਸ ਤਰਤੀਬ ’ਚ ਦਰਜ ਕੀਤੇ ਹਨ, ਜੋ ਇਸ ਗੱਲ ਦਾ ਪ੍ਰਬੰਧ ਯਕੀਨੀ ਬਣਾਉਂਦੇ ਹਨ ਕਿ ਕੋਈ ਵੀ ਵਿਅਕਤੀ ਬਾਣੀ ਵਿੱਚ ਦਰਜ ਸ਼ਬਦਾਂ ’ਚ ਵਾਧ ਘਾਟ ਨਾ ਕਰ ਸਕੇ, ਪਰ ਅੰਤਲੇ ਪੰਨਾ ਨੰ: ੧੪੩੦ ’ਤੇ ਵੇਖ ਸਕਦੇ ਹਾਂ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀ ਬੀੜ ’ਚ ਅਖੀਰਲੀ ਤੁੱਕ ‘‘ਅਠਾਰਹ ਦਸ ਬੀਸ’’ ਦੀ ਸਮਾਪਤੀ ਤੇ ਸ਼ਬਦ ਜੋੜ ਅੰਕ ‘॥੧॥੧॥’ ਲਿਖਿਆ ਹੈ ਉੱਥੇ ਦਮਦਮੀ ਟਕਸਾਲ ਵਾਲੀ ਪੋਥੀ ’ਚ ਬਦਲ ਕੇ ਜੋੜ ਅੰਕ ‘॥੧॥੬॥’ ਲਿਖ ਦਿੱਤਾ ਗਿਆ ਹੈ।

ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੧੪੩੦

ਦਮਦਮੀ ਟਕਸਾਲ ਸੈਂਚੀ ਅੰਕ ੧੪੩੦        

ਉਕਤ ਵਿਚਾਰ ਤੋਂ ਬਾਅਦ ਸਾਫ਼ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਦਮਦਮੀ ਟਕਸਾਲ ਦੋਵਾਂ ’ਚੋ ਕੋਈ ਇੱਕ ਗਲਤ ਹੈ, ਇਸ ਲਈ ਜੋ ਸਜ਼ਾ ਥਮਿੰਦਰ ਸਿੰਘ ਨੂੰ ਦਿੱਤੀ ਗਈ ਹੈ ਉਸ ਦੇ ਹੱਕਦਾਰ ਸ਼੍ਰੋਮਣੀ ਕਮੇਟੀ ਜਾਂ ਟਕਸਾਲ ਮੁਖੀ ਭੀ ਹਨ।

ਹੇਠਲੇ ਕੁੱਝ ਨੁਕਤੇ ਵੀ ਧਿਆਨ ਮੰਗਦੇ ਹਨ :

  1. ਸ਼੍ਰੋਮਣੀ ਕਮੇਟੀ ਨੇ 14 ਸਾਲਾਂ ਦੇ ਲੰਬੇ ਵਿਚਾਰ ਵਟਾਂਦਰੇ ਉਪਰੰਤ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ, ਜੋ ਅੱਜ ਵੀ ਲੱਖਾਂ ਦੀ ਗਿਣਤੀ ’ਚ ਛਪਵਾ ਕੇ ਪ੍ਰਚਾਰ ਹਿੱਤ ਭੇਟਾ ਰਹਿਤ ਸੰਗਤਾਂ ’ਚ ਵੰਡੀ ਜਾ ਰਹੀ ਹੈ ਪਰ ਹੈਰਾਨੀ ਹੁੰਦੀ ਹੈ ਕਿ ਜੋ ਡੇਰੇਦਾਰ ਅਕਾਲ ਤਖ਼ਤ ਸਾਹਿਬ ’ਤੇ 3 ਮਈ ਦੇ ਇਕੱਠ ’ਚ ਅਕਾਲ ਤਖ਼ਤ ਦੇ ਹਰ ਹੁਕਮ ’ਤੇ ਸਿਰ ਦੇਣ ਦੀਆਂ ਸਹੁੰਆਂ ਚੁੱਕ ਰਹੇ ਹਨ ਉਨ੍ਹਾਂ ’ਚੋਂ ਕੋਈ ਵੀ ਡੇਰੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਆਪਣੇ ਡੇਰਿਆਂ ’ਚ ਲਾਗੂ ਕਰਨ ਲਈ ਤਿਆਰ ਨਹੀਂ।
  2. ਸ਼੍ਰੋਮਣੀ ਕਮੇਟੀ ਨੇ ਮੰਗਲਾਂ ਅਤੇ ਸਿਰਲੇਖਾਂ ਦੇ ਸਹੀ ਸਥਾਨ ਸੰਬੰਧੀ ਲਏ ਸੰਨ 1952 ’ਚ ਫ਼ੈਸਲੇ ਅਨੁਸਾਰ ਬੀੜਾਂ ਛਾਪਣੀਆਂ ਤਾਂ ਦੂਰ ਸਗੋਂ ਡੇਰੇਦਾਰਾਂ ਵੱਲੋਂ 1964 ਤੋਂ ਉਸ ਫ਼ੈਸਲੇ ਦੇ ਉਲ਼ਟ ਬੀੜਾਂ ਛਾਪਣ ਦੀ ਖੁੱਲ੍ਹ ਕਿਉਂ ਦਿੱਤੀ ?
  3. ਸ਼੍ਰੋਮਣੀ ਕਮੇਟੀ ਨੇ 2003 ’ਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ, ਪਰ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੋਂ ਭਗੋੜੇ ਅਤੇ ਗੁਰਬਾਣੀ ’ਚ ਮਨ ਮਰਜ਼ੀ ਦੇ ਫੇਰਬਦਲ ਕਰਨ ਵਾਲ਼ੇ ਡੇਰੇਦਾਰਾਂ ਨੂੰ ਖ਼ੁਸ਼ ਰੱਖਣ ਲਈ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ।
  4. ਸ਼੍ਰੋਮਣੀ ਕਮੇਟੀ ਪ੍ਰਿੰ: ਤੇਜਾ ਸਿੰਘ ਵੱਲੋਂ ਲਿਖਿਆ ਕਿਤਾਬਚਾ ‘‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾ ਦੇ ਗੁੱਝੇ ਭੇਦ’’ ਪਿਛਲੇ ਲੰਬੇ ਸਮੇਂ ਤੋਂ ਛਾਪ ਕੇ ਪ੍ਰਚਾਰ ਹਿਤ ਮੁਫਤ ਵੰਡ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਅਨੁਸਾਰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ। ਇਸ ਵਿੱਚ ਸਪਸ਼ਟ ਹੈ ਕਿ ਗੁਰਬਾਣੀ ਵਿੱਚ ਖ਼ਾਸਕਰ ਸ਼ਬਦ ਦੇ ਮਗਰਲੇ ਅੱਖਰ ਨੂੰ ਲੱਗੀ ਸਿਹਾਰੀ ਅਤੇ ਔਂਕੜ ਅਰਥ ਸਮਝਣ ਲਈ ਹਨ, ਨਾ ਕਿ ਉਚਾਰਨ ਲਈ, ਪਰ ਪਿਛਲੇ ਸਾਲ ਭਵਾਨੀਗੜ੍ਹ ਜ਼ਿਲ੍ਹਾ ਪਟਿਆਲਾ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੰਸਥਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਕਰਵਾਏ ਗਏ ਇੱਕ ਸੈਮੀਨਾਰ ’ਚ ਕਿਤਾਬਚਾ ਜਾਰੀ ਕੀਤਾ ਗਿਆ, ਜਿਸ ਵਿੱਚ ਗੁਰਬਾਣੀ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਉਚਾਰਨ ਕੀਤੇ ਜਾਣ ਦੀਆਂ ਹਿਦਾਇਤਾਂ ਸਨ। ਇਹ ਹਿਦਾਇਤਾਂ ਪ੍ਰਿੰ: ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ਦੀਆਂ ਭਾਵਨਾਵਾਂ ਦੇ ਬਿਲਕੁਲ ਉਲ਼ਟ ਹੈ।

ਇਹ ਗੱਲਾਂ ਤਾਂ ਸਾਰੇ ਸੰਸਾਰ ’ਚ ਗੁਰਬਾਣੀ ਦਾ ਉਚਾਰਨ ਇਕਸਾਰ ਕਰਨ ਦੀਆਂ ਕਰਦੇ ਹਨ ਪਰ ਆਪਣੀ ਹਾਲਤ ਇਹ ਹੈ ਕਿ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀਆਂ ਅਤੇ ਕੀਰਤਨੀਏ ਸਿੰਘਾਂ ਨੂੰ ਜੇ ਇੱਕ ਵੀ ਸ਼ਬਦ ਦਾ ਪਾਠ ਸੁਣਾਉਣ ਲਈ ਕਿਹਾ ਜਾਵੇ ਤਾਂ ਸਭ ਦਾ ਉਚਾਰਨ ਵੱਖਰਾ ਵੱਖਰਾ ਹੋਵੇਗਾ। ਸਰੋਤੇ ਵੀ ਦੰਗ ਰਹਿ ਜਾਂਦੇ ਹਨ ਕਿ ਕਿਸ ਨੂੰ ਸਹੀ ਅਤੇ ਕਿਸ ਨੂੰ ਗਲਤ ਮੰਨਿਆ ਜਾਵੇ।

  1. ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਜਾਂ ਕਰਵਾਏ ਗਏ ਸਿਆਸੀ ਹੁਕਮਨਾਮੇ, ਜੋ ਵਾਰ ਵਾਰ ਵਾਪਸ ਵੀ ਲੈਣੇ ਪਏ, ਇਨ੍ਹਾਂ ਨਾਲ਼ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਨੂੰ ਲੱਗੀ ਢਾਹ ਲਈ ਜ਼ਿੰਮੇਵਾਰ ਕੌਣ ਹੈ ?

ਸੋ ਸਮੁੱਚੀ ਸਿੱਖ ਕੌਮ ਨੂੰ ਇਕੱਤਰ ਹੋ ਕੇ ਹਰ ਵਿਵਾਦਿਤ ਮਸਲੇ ਲਈ ਸਾਂਝੇ ਫ਼ੈਸਲੇ ਆਪ ਲੈਣੇ ਪੈਣੇ ਹਨ। ਕੋਈ ਵੀ ਸਿਆਸੀ ਵਿੰਗ ਧਰਮ ’ਤੇ ਕਾਬਜ਼ ਹੋ ਕੇ ਗੁਰਬਾਣੀ ਸਿਧਾਂਤ ਅਤੇ ਸਿੱਖ ਕੌਮ ਦੀ ਉੱਨਤੀ ਲਈ ਸੁਹਿਰਦ ਨਹੀਂ ਹੋ ਸਕਦਾ; ਜਿਵੇਂ ਕਿ ਨਾਨਕਸਰ ਸੰਪਰਦਾ ਦੀ ਮਰਿਆਦਾ ਨਾਲ ਗੁਰਬਾਣੀ ਦੇ ਗੁਟਕੇ ਛਾਪਣ ਦੇ ਦੋਸ਼ ਹੇਠ 20.4.1998 ਨੂੰ ਗੁਰਮੁਖ ਸਿੰਘ ਨੂੰ ਪੰਥ ’ਚੋਂ ਛੇਕਿਆ ਗਿਆ ਸੀ। ਹੁਕਮਨਾਮੇ ਦੀ ਕਾੱਪੀ ਇਹ ਹੈ :

ਪਰ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਆਪਣਾ ਨਵਾਂ ਜਥੇਦਾਰ ਨਿਯੁਕਤ ਕਰ ਦੇਣ ਕਾਰਨ ਕਿਸੇ ਨੇ ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਹਿੰਮਤ ਨਾ ਕੀਤੀ। ਹੁਣ ਵੀ ਉਸੇ (ਨਾਨਕਸਰੀ) ਮਰਿਆਦਾ ਨਾਲ ਗੁਟਕੇ ਛਪ ਰਹੇ ਹਨ ਤੇ ਅਕਾਲੀ ਦਲ ਬਾਦਲ ਵੱਲੋਂ ਥਾਪੇ ਜਥੇਦਾਰਾਂ ਨੇ ਥਮਿੰਦਰ ਸਿੰਘ ਵਿਰੁਧ ਹੁਕਮਨਾਮਾ ਜਾਰੀ ਕਰ ਦਿੱਤਾ। ਸੋਚਣਾ ਬਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਿੱਖ ਕੌਮ ਨੂੰ ਸੇਧ ਦੇਣ ਲਈ ਨਿਰਧਾਰਿਤ ਕੀਤੇ ਅਕਾਲ ਬੁੰਗਾ (ਅਕਾਲ ਤਖ਼ਤ) ਸਾਹਿਬ ਤੋਂ ਜਾਰੀ ਹੁੰਦੇ ਅੱਜ ਹੁਕਮਨਾਮੇ; ਸਿੱਖ ਕੌਮ ’ਤੇ ਦ੍ਰਿੜ੍ਹਤਾ ਨਾਲ਼ ਲਾਗੂ ਕਿਉਂ ਨਹੀਂ ਹੁੰਦੇ ? ਸ਼ਾਇਦ ਇਸ ਲਈ ਹੀ ਹਰਨਾਮ ਸਿੰਘ ਧੁੰਮਾ ਵੱਲੋਂ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀਆਂ ਗੁਰਬਾਣੀ ਸੈਂਚੀਆਂ ਤੇ ਗੁਟਕੇ ਸਾਹਿਬ ਛਾਪਣ ਦੇ ਬਾਵਜੂਦ ਵੀ ਇਨ੍ਹਾਂ ਵਿਰੁਧ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਕਿਉਂਕਿ ਇਹ ਵੀ ਕਾਬਜ਼ ਸਿਆਸੀ ਧਿਰਾਂ ਨੇ ਲਾਗੂ ਨਹੀਂ ਹੋਣ ਦੇਣਾ ਸੀ। ਅਜਿਹੇ ਵਿਰੋਧਾਭਾਸੀ ਹੁਕਮਨਾਮਿਆਂ ਨੂੰ ਲਾਗੂ ਕਰਨਾ ਫਿਰ ਵਾਪਸ ਲੈਣਾ ਆਦਿ ਵੇਖ ਵੇਖ ਥਮਿੰਦਰ ਸਿੰਘ ਵਰਗਿਆਂ ’ਤੇ ਭੀ ਕਿੰਨਾ ਕੁ ਇਨ੍ਹਾਂ ਹੁਕਮਨਾਮਿਆਂ ਦਾ ਅਸਰ ਹੋਣ ਵਾਲ਼ਾ ਹੈ ?

 ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵਿਵਾਦਿਤ ਮੁੱਦਿਆਂ ’ਤੇ ਆਪਸੀ ਸਾਂਝ ਸਥਾਪਿਤ ਕਰਿਆ ਕਰੇ ਤਾਂ ਜੋ ਕੌਮ ਅੰਦਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਮੁੜ ਪਹਿਲਾਂ ਵਾਲ਼ਾ ਸਤਿਕਾਰ ਕਾਇਮ ਹੋ ਸਕੇ। ਵਿਵਾਦਿਤ ਮਸਲਿਆਂ ਨੂੰ ਲੰਬਾ ਲਟਕਾਉਣਾ ਭੀ ਕੌਮ ਦੀ ਏਕਤਾ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਪਿਛਲੇ 70 ਸਾਲਾਂ ਤੋਂ ਗੁਰਬਾਣੀ ਪਾਠ ਭੇਦ ਦੇ ਅੰਤਰ ਬਾਰੇ ਵਿਦਵਾਨਾਂ ਵੱਲੋਂ ਕੀਤੀ ਖੋਜ ਅਤੇ ਤਿਆਰ ਕੀਤੀਆਂ ਪਾਠ-ਭੇਦ ਸੂਚੀਆਂ ’ਤੇ ਵੀਚਾਰ ਕਰਕੇ ਹੀ ਇਹ ਮਸਲਾ ਸਦਾ ਲਈ ਹੱਲ ਹੋ ਸਕਦਾ ਹੈ।

ਅੱਜ ਗੁਰਬਾਣੀ ਲਿਖਤ ’ਚ ਇਕਸਾਰਤਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਕੌਮ ਵਿੱਚ ਲਾਗੂ ਕਰਨ ਦੀ ਸਖ਼ਤ ਜ਼ਰੂਰਤ ਹੈ। ਸੋ ਸਮੁੱਚੀ ਸਿੱਖ ਕੌਮ ਨੂੰ ਇਕੱਤਰ ਹੋ ਕੇ ਹਰ ਵਿਵਾਦਿਤ ਮਸਲੇ ਲਈ ਆਪ ਸਾਂਝੇ ਫ਼ੈਸਲੇ ਲੈਣੇ ਪੈਣੇ ਹਨ। ਜੋ ਵੀ ਵਿਅਕਤੀ ਜਾਂ ਪਾਰਟੀ; ਸਿਆਸੀ ਹਿੱਤਾਂ ਲਈ ਫ਼ੈਸਲੇ ਲੈਂਦੀ ਹੈ, ਉਸ ਵਿਰੁਧ ਲਾਮਬੰਦ ਹੋਣਾ ਚਾਹੀਦਾ ਹੈ।