ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ

0
568

ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ

ਗਿਆਨੀ ਅਵਤਾਰ ਸਿੰਘ

ਧਰਮ ਨੂੰ ਮੰਨਣ ਵਾਲ਼ਾ ਹੋਵੇ ਜਾਂ ਨਾ ਮੰਨਣ ਵਾਲ਼ਾ; ਧਾਰਮਿਕ ਚਰਚਾ ’ਚ ਆਪਣੀ ਰਾਏ ਦੇਣ ਨੂੰ ਹਰ ਕੋਈ ਤਿਆਰ ਰਹਿੰਦਾ ਹੈ। ਵੈਸੇ ਜਿਵੇਂ ਸਰੀਰਕ ਬਣਤਰ ਇੱਕ ਸਮਾਨ ਨਹੀਂ ਹੁੰਦੀ ਓਵੇਂ ਧਾਰਮਿਕ ਸੂਝ ਤੇ ਉਸ ਦਾ ਅਹਿਸਾਸ ਭੀ ਸਾਰਿਆਂ ’ਚ ਇੱਕ ਸਮਾਨ ਨਹੀਂ ਹੁੰਦਾ, ਨਹੀਂ ਹੋ ਸਕਦਾ। ਇੱਕੋ ਧਰਮ ਦੇ ਪੈਰੋਕਾਰ ਆਪਣੇ ਧਰਮ ਬਾਰੇ ਵੱਖ ਵੱਖ ਰਾਏ ਰੱਖਦੇ ਹਨ। ਧਰਮ ਦੀ ਵਿਆਖਿਆ; ਦਰਖ਼ਤ ਦੇ ਪਸਾਰੇ ਵਾਙ ਕਈ ਭਾਗਾਂ ’ਚ ਵੰਡੀ ਹੁੰਦੀ ਹੈ। ਅਗਰ ਧਾਰਮਿਕ ਬੰਦੇ ਅੰਦਰ ਰੁੱਖ ਦੀਆਂ ਟਹਿਣੀਆਂ ਜਾਂ ਪੱਤਿਆਂ ਦੀ ਤਰ੍ਹਾਂ ਕੇਵਲ ਬਾਹਰੀ ਮਤਭੇਦ ਹੋਣ ਤਾਂ ਬਹੁਤੀ ਚਿੰਤਾ ਨਹੀਂ, ਪਰ ਜੇਕਰ ਧਰਮ ਦੇ ਮੂਲ (ਅਸੂਲ) ਬਾਰੇ ਹੀ ਮਤਭੇਦ ਹੋਣ ਤਾਂ ਆਪਣੇ ਹੀ ਕੌਮੀ ਪਹਿਰਾਵੇ ’ਚ ਵਿਚਰਦਾ ਬੰਦਾ ਕੌਮ ਦੇ ਦੁਸ਼ਮਣਾਂ ਨਾਲ਼ੋਂ ਵੱਧ ਨੁਕਸਾਨ ਕਰਦਾ ਹੈ। ਆਪਣੇ ਵਰਗਾ ਸਰੂਪ ਹੋਣ ਕਾਰਨ ਕਿਸੇ ਨੂੰ ਪਤਾ ਭੀ ਨਹੀਂ ਲੱਗਦਾ ਕਿਉਂਕਿ ਜ਼ਿਆਦਾਤਰ ਲੋਕ ਧਰਮ ਤੋਂ ਜਾਣੂ ਨਹੀਂ ਹੁੰਦੇ। ਧਰਮ; ਪੜ੍ਹਨ ਨਾਲੋਂ ਭਰੋਸਾ ਕਰਨ ਨਾਲ਼ ਵਧੇਰੇ ਜੁੜਿਆ ਵਿਸ਼ਾ ਹੈ। ਇਸ ਭਰੋਸੇ ਨੂੰ ਵਧਾਉਣ ਲਈ ਨਿਤਨੇਮ (ਦਾ ਪਾਠ) ਨਿਰਧਾਰਿਤ ਕੀਤਾ ਜਾਂਦਾ ਹੈ।

ਜੀਵ ਵਿਗਿਆਨ ਮੁਤਾਬਕ ਬੰਦਾ; ਚਿੰਪੈਂਜ਼ੀ ਦਾ ਵਿਕਸਿਤ ਰੂਪ ਹੈ। ਧਰਮ ਬਾਰੇ ਇਸ ਦੀ ਪਕੜ ਬਹੁਤੀ ਪੁਰਾਣੀ ਨਹੀਂ। ਸਾਢੇ ਤਿੰਨ ਜਾਂ ਚਾਰ ਕੁ ਹਜ਼ਾਰ ਸਾਲ ਤੋਂ ਧਰਮ ਬਾਰੇ ਕੁੱਝ ਲਿਖਿਆ ਮਿਲਦਾ ਹੈ। ਕਹਿੰਦੇ ਹਨ ਕਿ ਜਦ ਬੰਦਾ; ਆਪਣੇ ਆਪ ਨੂੰ ਨੰਗਾ ਵੇਖ ਸ਼ਰਮਿੰਦਾ ਹੋਣ ਲੱਗਾ ਤਾਂ ਹੀ ਸਮਾਜਿਕਤਾ ਦਾ ਜਨਮ ਹੋਇਆ, ਜਿਸ ਤੋਂ ਬਾਅਦ ਧਰਮ ਬਾਰੇ ਲਗਨ ਵਧਣ ਲੱਗੀ। ਸ਼ੁਰੂਆਤ ਵਿੱਚ ਇਹ ਆਪਣੇ ਕਬੀਲੇ ਦੇ ਸਰਦਾਰ ਨੂੰ ਹੀ ਸਰਬ ਸ੍ਰੇਸ਼ਟ (ਯਾਨੀ ਰੱਬ) ਮੰਨਦਾ ਰਿਹਾ। ਮਰਨ ਉਪਰੰਤ ਉਸ ਦੀ ਮੂਰਤੀ; ਭਗਵਾਨ ਵਜੋਂ ਪੂਜੀ ਗਈ। ਦੁਨੀਆ ’ਚ ਸਭ ਤੋਂ ਪੁਰਾਣੇ ਦੋ ਧਰਮ; ‘ਹਿੰਦੂ ਮੱਤ’ (1500 ਤੋਂ 1000 ਪੂਰਵ ਈਸਵੀ ਤੋਂ) ਅਤੇ ‘ਯਹੂਦੀ ਮੱਤ’ (1571 ਪੂਰਵ ਈਸਵੀ ਤੋਂ) ਹਨ। ਇਨ੍ਹਾਂ ਦੇ ਧਾਰਮਿਕ ਅਸੂਲ; ਆਪਣੇ ਕਬੀਲਿਆਂ ਦੇ ਸਰਦਾਰਾਂ ਦਾ ਇਤਿਹਾਸ ਹੀ ਹਨ, ਜਿਨ੍ਹਾਂ ਨੂੰ ਪੜ੍ਹਨਾ ਤੇ ਹੋਰਾਂ ਨੂੰ ਪੜ੍ਹਾਉਣਾ ਧਰਮ ਦਾ ਪ੍ਰਚਾਰ ਹੈ; ਜਿਵੇਂ ਕਿ ਰਿਗ ਵੇਦ ’ਚ ਇੰਦਰ ਦੇ ਜੀਵਨ ਦਾ ਵਰਣਨ ਹੈ, ਮਹਾਭਾਰਤ ਅਤੇ ਰਾਮਾਇਣ ਧਾਰਮਿਕ ਗ੍ਰੰਥ ਭੀ ਇਤਿਹਾਸਕ ਸਰੋਤ ਹੀ ਹਨ। ਅੱਜ ਵੀ ਉੱਤਰੀ ਕੋਰੀਆ ਵਰਗੇ ਦੇਸਾਂ ’ਚ ਆਪਣੇ ਰਾਜੇ ਦੀ ਪੂਜਾ ਕਰਨ ਸੰਬੰਧੀ; ਸਕੂਲਾਂ ’ਚ ਪੜ੍ਹਾਇਆ ਜਾਂਦਾ ਹੈ। ਹਿੰਦੂ ਧਰਮ ’ਚ ਇਨ੍ਹਾਂ ਰਾਜਿਆਂ ਨੂੰ ਦੇਵਤੇ ਕਿਹਾ ਹੈ, ਵਿਸ਼ਨੂੰ ਦੇ ਅਵਤਾਰ ਮੰਨਿਆ ਹੈ। ਪਾਵਨ ਵਚਨ ਹਨ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਜਦ ਜਨਤਾ ਆਪਣੇ ਸਰਦਾਰਾਂ ਨੂੰ ਸਰਵੋਤਮ ਮੰਨੇ, ਰੱਬ ਬਣਾ ਕੇ ਪੂਜਾ ਕਰੇ ਤਾਂ ਝੋਲ਼ੀ ਚੁੱਕ; ਸੁਆਰਥ, ਅਗਿਆਨਤਾ ਅਤੇ ਡਰ ਕਾਰਨ ਉਸ ਦੀ ਰਹਿਣੀ ਨੂੰ ਹੋਰ ਚਾਰ ਚੰਨ ਲਾ ਦਿੰਦੇ ਹਨ ਯਾਨੀ ਕਿ ਅਨੋਖੇ ਬਣਾਉਣ ’ਚ ਕਸਰ ਨਹੀਂ ਛੱਡਦੇ, ਇਸ ਲਈ ਪੁਰਾਤਨ ਧਰਮਾਂ ’ਚ ਬਹੁਤ ਕੁੱਝ ਹਕੀਕਤ ਨਹੀਂ, ਮਿੱਥ ਹੈ। ਜਿਸ ਨੂੰ ਲੋਕਾਂ ਨੇ ਸਦੀਆਂ ਤੋਂ ਸੱਚ ਕਰਕੇ ਜਾਣਿਆ ਹੈ ਭਾਵੇਂ ਕਿ ਅਸਲ ’ਚ ਧਰਮ; ਇੱਕ ਸਚਾਈ ਹੈ, ਜੋ ਮਿੱਥ ਨਹੀਂ ਹੋ ਸਕਦੀ।

ਅਜੋਕੇ ਵਿਗਿਆਨਿਕ ਯੁੱਗ ਦੀ ਸ਼ੁਰੂਆਤ ਜੇਕਰ ਗੁਰੂ ਨਾਨਕ ਸਾਹਿਬ ਜੀ ਤੋਂ ਮੰਨੀਏ ਤਾਂ ਗ਼ਲਤ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ’ਚ ਪੈਦਾ ਹੋਈ ਭਗਤੀ ਲਹਿਰ ਅਤੇ ਇਸਲਾਮ ’ਚੋਂ ਪੈਦਾ ਹੋਈ ਸੂਫ਼ੀ ਲਹਿਰ ਦੁਆਰਾ ਧਰਮ ਦੀ ਕੀਤੀ ਵਿਆਖਿਆ ਭੀ ਸੱਚ ਆਧਾਰਿਤ ਹੈ ਯਾਨੀ ਕਿ ਮਿੱਥ ਨਹੀਂ, ਕਾਲਪਨਿਕ ਖ਼ਿਆਲ ਨਹੀਂ ਹਨ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਭਗਤਾਂ ਦੀ ਇਲਾਹੀ ਬਾਣੀ ਨੂੰ ਭੀ ਇਕੱਤਰ ਕਰ ਆਪਣੀ ਰਚਨਾ ’ਚ ਸ਼ਾਮਲ ਕਰ ਲਿਆ, ਜੋ ਬਾਅਦ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ। ਗੁਰਬਾਣੀ ਵਿੱਚ ਜਿੱਥੇ ਪ੍ਰਚਲਿਤ ਦੰਦ ਕਥਾਵਾਂ, ਮਿਥਿਹਾਸ, ਇਤਿਹਾਸ ਆਦਿਕ ਹਵਾਲਿਆਂ ਨਾਲ਼ ਮਨੁੱਖ ਨੂੰ ਸੱਚ ਨਾਲ਼ ਜੋੜਿਆ ਹੈ ਓਥੇ ਤੱਥਾਂ ਆਧਾਰਿਤ ਵਿਗਿਆਨਿਕ ਹਵਾਲੇ ਭੀ ਦਿੱਤੇ ਹਨ, ਜਿਨ੍ਹਾਂ ਨੂੰ ਆਧੁਨਿਕ ਸਾਇੰਸ ਭੀ ਸਦੀਆਂ ਤੱਕ ਨਹੀਂ ਸਮਝ ਸਕਦੀ।

ਅੱਜ ਸਾਇੰਸ ਯੁੱਗ ਹੈ। ਕੁੱਝ ਸਿੱਖ ਸਮੁੱਚੀ ਗੁਰਬਾਣੀ ਨੂੰ ਅਜੋਕੀ ਵਿਗਿਆਨਿਕ ਖੋਜ ਸਮਾਨ ਮੰਨਣ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਕਈ ਪ੍ਰਚਲਿਤ ਮਿਥਿਹਾਸ ਯਾਨੀ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨੂੰ ਭੀ ਸੱਚ ਸਾਬਤ ਕਰਨ ’ਚ ਲੱਗੇ ਹਨ। ਪ੍ਰਾਚੀਨ ਰਾਜਿਆਂ ਨੂੰ ਭੀ ਭਗਵਾਨ ਆਖਦੇ ਹਨ ਭਾਵੇਂ ਕਿ ਇਹ ਦੋਵੇਂ ਗ਼ਲਤ ਹਨ। ਮਿਥਿਹਾਸ ’ਤੇ ਭਰੋਸਾ; ਅੰਧ ਭਗਤੀ ਹੈ ਅਤੇ ਨਿਰਾ ਵਿਗਿਆਨਿਕ ਤਰਕ; ਨਾਸਤਿਕਵਾਦ ਹੈ।

ਧਰਮ ਨੂੰ ਜਾਣਨ ਲਈ ਸਮੁੱਚੀ ਗੁਰਬਾਣੀ ਦੇ ਤਿੰਨ ਹਿੱਸੇ ਬਣਾ ਲੈਣਾ, ਸਹੀ ਹੈ (ੳ). ਜ਼ਿੰਦਗੀ (ਵਿਕਾਰ, ਮੌਤ ਆਦਿ) ਦਾ ਵਿਸ਼ਲੇਸ਼ਣ। (ਅ). ਕੁਦਰਤ (ਸੰਸਾਰ/ਬ੍ਰਹਿਮੰਡ) ਦਾ ਵਿਸ਼ਲੇਸ਼ਣ। (ੲ). ਨਿਰਾਕਾਰ ਦੀ ਵਿਆਖਿਆ। ਦਰਖ਼ਤ ਦੇ ਫੈਲਾਅ ਵਾਙ ਧਰਮ ਦੀ ਵਿਆਖਿਆ ਹੁੰਦੀ ਹੈ। ਪਹਿਲੇ ਦੋ ਭਾਗ (ੳ, ਅ); ਦਰਖ਼ਤ (ਧਰਮ) ਦੇ ਪੱਤੇ, ਟਹਿਣੀਆਂ, ਫਲ਼, ਫੁੱਲ ਆਦਿ ਹਨ, ਜਿਨ੍ਹਾਂ ਨੂੰ ਅਜੋਕੀ ਵਿਗਿਆਨਿਕ ਖੋਜ ਨਾਲ਼ ਸਮਝਣਾ ਭੀ ਗ਼ਲਤ ਨਹੀਂ, ਪਰ ‘ੲ’ ਨੂੰ ਸਮਝਣ ਲਈ ਵਿਗਿਆਨਕ ਟੇਕ ਨਹੀਂ ਲਈ ਜਾ ਸਕਦੀ। ਵੈਸੇ ਗੁਰਬਾਣੀ ਅਨੁਸਾਰ ਇਹ ‘ੲ’ ਹੀ ਧਰਮ ਹੈ, ਜੋ ਨਿਰਾਕਾਰ ਦਾ ਨਾਮ ਜਪਾਉਂਦਾ ਹੈ ‘‘ਰਾਮ ਰਾਮ; ਬੋਲਿ ਰਾਮ ਰਾਮ ਤਿਆਗਹੁ ਮਨ ਕੇ ਸਗਲ ਕਾਮ ਰਹਾਉ … (ਇਹੀ) ਸਗਲ ਧਰਮ ਮਹਿ; ਊਤਮ ਧਰਮ ਕਰਮ ਕਰਤੂਤਿ ਕੈ ਊਪਰਿ, ਕਰਮ (ਮਹਲਾ /੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਸਾਫ਼ ਕਿਰਦਾਰ ਬਣਦਾ)’’ (ਸੁਖਮਨੀ/ਮਹਲਾ /੨੬੬), ਜਦ ਧਰਮ; ਨਿਰਾਕਾਰ ਨਾਲ਼ ਜੁੜਿਆ ਵਿਸ਼ਾ ਹੀ ਹੈ ਤਾਂ ਤੇ ਹਿਰਦੇ ’ਚ ਉਸ ਪ੍ਰਤੀ ਭਰੋਸਾ ਬਣਨਾ; ਧਰਮ ਦੀ ਪਹਿਲੀ ਤੇ ਆਖ਼ਰੀ ਪਉੜੀ ਹੈ ਤਾਹੀਓਂ ਸਿੱਖ; ਸਤਿਗੁਰੂ ਅਤੇ ਅਕਾਲ ਪੁਰਖ ਪਾਸੋਂ ਨਿੱਤ ਅਰਦਾਸ ਰਾਹੀਂ ਭਰੋਸਾ ਦਾਨ ਮੰਗਦੇ ਹਨ ਭਾਵੇਂ ਕਿ ਸਾਇੰਸਦਾਨਾਂ ਮੁਤਾਬਕ ਇਹ ਪਾਣੀ ਰਿੜਕਣਾ ਹੈ ਕਿਉਂਕਿ ਵਿਗਿਆਨ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਦੇ ਦਾਇਰੇ ’ਚ ਰਹਿ ਕੇ ਕੀਤੀ ਖੋਜ ਹੁੰਦਾ ਹੈ, ਪਰ ਧਰਮ; ਅਨੁਭਵ ਨਾਲ਼ ਜੁੜਿਆ ਹੈ। ਸਿੱਖ ਇਸ ਵਾਕ ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ’’ (ਸੁਖਮਨੀ/ਮਹਲਾ /੨੭੭) ’ਤੇ ਭਰੋਸਾ ਕਰੇਗਾ, ਸਾਇੰਸਦਾਨ ਨਹੀਂ। ਸਾਰੀ ਗੁਰਬਾਣੀ ਨੂੰ ਵਿਗਿਆਨ ਆਧਾਰਿਤ ਸਾਬਤ ਕਰਨ ਵਾਲ਼ੇ ਸਿੱਖਾਂ ਲਈ ਇਹ ਵਾਕ ਭੀ ਬ੍ਰਾਹਮਣ ਦਾ ਮਿੱਥ ਹੈ, ਪਰ ਇਹ ਅਸ਼ਰਧਾ ਦਾ ਪ੍ਰਤੀਕ ਹੈ। ਜਿਸ ਅੰਦਰ ਭਰੋਸਾ ਨਹੀਂ, ਜਿਸ ਲਈ ਸਾਰੀ ਗੁਰਬਾਣੀ; ਗਿਆਨ ਇੰਦ੍ਰਿਆਂ ਨਾਲ਼ ਸੰਬੰਧਿਤ ਵਿਸ਼ਾ ਹੈ, ਉਸ ਲਈ ਗੁਰੂ ਦੀ ਮਿਹਰ ਭੀ ਸ਼ਾਬਦਿਕ ਗਿਆਨ ਹੀ ਹੈ ਜਦਕਿ ਧਰਮ (ਨਿਰਾਕਾਰ ਨਾਲ਼ ਜੁੜਨਾ); ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ (ਅਗੰਮ, ਅਗੋਚਰ) ਹੈ, ਜਿਸ ਤੱਕ ਪਹੁੰਚ ਗੁਰੂ ਦੀ ਮਿਹਰ ਕਰਾਉਂਦੀ ਹੈ। ਪਾਵਨ ਵਚਨ ਹਨ ‘‘ਅਗਮ ਅਗੋਚਰੁ ਰਹੈ ਨਿਰੰਤਰਿ; ਗੁਰ ਕਿਰਪਾ ਤੇ ਲਹੀਐ (ਭਗਤ ਕਬੀਰ/੩੩੩), ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ, ਕਿਰਪਾ ਤੇ ਜਪਿ ਲਇਆ (ਮਹਲਾ /੧੨੬੪), ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ ਸਚੁ ਧਿਆਈ ਜੀਉ ’’ (ਮਹਲਾ /੧੦੧) ਆਦਿ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦ ਧਰਮ ‘ੲ’ ਹੈ ਤਾਂ ਪਹਿਲੇ ਦੋ ਹਿੱਸੇ (ੳ, ਅ); ਕਿਉਂ ਸ਼ਾਮਲ ਕੀਤੇ, ਜੋ ਪੰਜ ਗਿਆਨ ਇੰਦ੍ਰਿਆਂ ਦੀ ਪਕੜ ਦਾ ਵਿਸ਼ਾ ਹੈ ?

ਜਵਾਬ : (1). ਗੁਰਬਾਣੀ ਮੁਤਾਬਕ ‘ੲ’ (ਨਿਰਾਕਾਰ ਦੀ ਵਿਆਖਿਆ/ਉਸ ਦਾ ਨਿਵਾਸ ਸਥਾਨ); ਹਰ ਜ਼ਿੰਦਗੀ ਸਮੇਤ ਸਮੁੱਚੀ ਕੁਦਰਤਿ (ੳ, ਅ) ਵਿੱਚ ਹੈ। ਇਨ੍ਹਾਂ ਦੀ ਘੋਖ-ਪੜਚੋਲ ਕਰਦਿਆਂ ਕਰਦਿਆਂ ਨਿਰਾਕਾਰ ਦਾ ਦਰਸ਼ਨ ਹੁੰਦਾ ਹੈ। ਕੁਦਰਤਿ ’ਚੋਂ ਨਿਰਾਕਾਰ ਨੂੰ ਪ੍ਰਗਟਾਉਂਦੇ ਪਾਵਨ ਵਚਨ ਹਨ ‘‘ਬਲਿਹਾਰੀ ਕੁਦਰਤਿ (’) ਵਸਿਆ ਤੇਰਾ ਅੰਤੁ ਜਾਈ ਲਖਿਆ (ਸਮਝਿਆ) ਰਹਾਉ (ਆਸਾ ਕੀ ਵਾਰ/ਮਹਲਾ /੪੬੯), ਕੁਦਰਤਿ ਕਰਿ ਕੈ ਵਸਿਆ; ਸੋਇ (ਉਹ ਨਿਰਾਕਾਰ) (ਮਹਲਾ /੮੩), ਸਾਚੇ ਸਾਹਿਬ ਸਿਉ; ਮਨੁ ਮਾਨਿਆ ਹਰਿ, ਸਰਬ ਨਿਰੰਤਰਿ ਜਾਨਿਆ ਰਹਾਉ ’’ (ਮਹਲਾ /੬੨੯) ਆਦਿ।

(2). ਜ਼ਿੰਦਗੀ ਅਤੇ ਕੁਦਰਤਿ ਦਾ ਕੀਤਾ ਗਿਆ ਤੱਥਾਂ ਆਧਾਰਿਤ ਲਾਜਵਾਬ ਵਿਸ਼ਲੇਸ਼ਣ (ੳ, ਅ); ਗਿਆਨ ਇੰਦ੍ਰਿਆਂ ਨੂੰ ਤਸੱਲੀ ਕਰਾ ਜਾਂਦਾ ਹੈ ਕਿ ਇਹੀ ਸੱਚਾ ਗਿਆਨ ਹੈ, ਜਿਸ ਤੋਂ ਬਾਅਦ ਨਿਰਾਕਾਰ ਦੀ ਕੀਤੀ ਗਈ ਵਿਆਖਿਆ (ੲ) ’ਤੇ ਭਰੋਸਾ ਕਰਨ ’ਚ ਮਦਦ ਮਿਲਦੀ ਹੈ। ਜੇਕਰ ਇਸ (ੳ, ਅ) ਦੇ ਕੀਤੇ ਵਿਸ਼ਲੇਸ਼ਣ ’ਚ ਅੱਜ ਸਾਇੰਸ ਦੀ ਖੋਜ ਕੋਈ ਤਰੁਟੀ ਕੱਢ ਦਿੰਦੀ (ਜਿਵੇਂ ਕਿ ਬਾਈਬਲ ’ਚ ਕਿਹਾ ਹੈ ਕਿ ਸੂਰਜ; ਧਰਤੀ ਦੇ ਦੁਆਲੇ ਘੁੰਮਦਾ ਹੈ, ਨੂੰ ਸਾਇੰਸ ਨੇ ਰੱਦ ਕਰ ਦਿੱਤਾ) ਤਾਂ ਨਿਰਾਕਾਰ ਦੀ ਵਿਆਖਿਆ (‘ੲ’ ਦੀ ਸਚਾਈ) ਨੂੰ ਮੰਨਣ ਲਈ ਭੀ ਹਿਰਦੇ ਅੰਦਰ ਸੰਦੇਹ ਪੈਦਾ ਹੁੰਦਾ, ਜੋ ਨਹੀਂ ਹੋਇਆ ਤਾਂ ਤੇ ਅਫ਼ਸੋਸ ਹੈ ਕਿ ਫਿਰ ਭੀ ਕਈ ਸਿੱਖ ਨਿਰਾਕਾਰ ਦੇ ਵਜੂਦ ਨੂੰ ਮੰਨਣ ਤੋਂ ਇਨਕਾਰੀ ਹਨ ਜਾਂ ਨਿਰਾਕਾਰ ਨੂੰ ਪ੍ਰਗਟਾਉਂਦੇ ਗੁਰੂ ਵਚਨਾਂ ਦੇ ਮਨਘੜਤ ਅਰਥ ਕਰ ਸਿੱਖ ਹੋਣ ਦਾ ਸਬੂਤ ਦਿੰਦੇ ਰਹਿੰਦੇ ਹਨ। ਐਸੇ ਨਿੰਮੋਝੂਣੇਪਣ ਦਾ ਕਾਰਨ ਨਿਰਾਕਾਰ ਦੀ ਵਿਆਖਿਆ ਨੂੰ ਸਮਝਣ ਲਈ ਭੀ ਵਿਗਿਆਨ ’ਤੇ ਨਿਰਭਰ ਹੋਣਾ ਹੈ ਜਾਂ ਬ੍ਰਾਹਮਣ ਦੇ ਮਿੱਥ ’ਤੇ। ਸੋਚਣਾ ਬਣਦਾ ਹੈ ਕਿ 500 ਸਾਲ ਪਹਿਲਾਂ ਕਿਸ ਵਿਗਿਆਨਿਕ ਖੋਜ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਇਹ ਵਚਨ ਸਮਝ ਆਏ ਹੋਣਗੇ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਅਰਥ : ਸਦੀਵੀ ਸਥਿਰ (ਨਿਰਾਕਾਰ) ਤੋਂ ਹਵਾ (ਆਕਸੀਜਨ ਤੇ ਹਾਈਡ੍ਰੋਜਨ ਗੈਸ) ਬਣੀ। ਹਵਾ ਤੋਂ ਪਾਣੀ ਹੋਇਆ। ਪਾਣੀ ਤੋਂ ਤਿੰਨੇ ਲੋਕਾਂ ਦੇ ਜੀਵ ਯਾਨੀ ਪਾਣੀ ਵਾਲ਼ੇ ਜੀਵ, ਧਰਤੀ ’ਤੇ ਚੱਲਣ ਵਾਲ਼ੇ ਅਤੇ ਅਕਾਸ਼ ’ਚ ਉੱਡਣ ਵਾਲ਼ੇ ਜੀਵ ਪੈਦਾ ਹੋਏ। ਇਨ੍ਹਾਂ ਸਾਰਿਆਂ ਅੰਦਰ (ਉਹੀ ਸੱਚਾ) ਜੋਤਿ ਸਰੂਪ ਵਜੋਂ ਵਿਆਪਕ ਹੈ।

ਉਕਤ ਵਾਕ ਉਚਾਰਨ ਤੋਂ ਲਗਭਗ 300 ਸਾਲ ਬਾਅਦ ਹੈਨਰੀ ਕੈਵੇਂਡਿਸ਼ (ਬ੍ਰਿਟਿਸ਼, Henry Cavendish 1731-1810) ਨੇ ਸੰਨ 1783 ਵਿੱਚ ਇਹ ਖੋਜ ਕੀਤੀ ਕਿ ਹਵਾ (ਹਾਈਡ੍ਰੋਜਨ ਅਤੇ ਆਕਸੀਜਨ) ਤੋਂ ਪਾਣੀ ਬਣਦਾ ਹੈ। ਜੇਕਰ ਅੱਜ ਸਿੱਖ; ਹੈਨਰੀ ਕੈਵੇਂਡਿਸ਼ ਦੀ ਇਸ ਖੋਜ ਨਾਲ਼ ‘‘ਪਵਨੈ ਤੇ ਜਲੁ ਹੋਇ ’’ ਵਾਕ ਨੂੰ ਸਮਝਣ ਦੀ ਬਜਾਇ ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ’ਤੇ ਭਰੋਸਾ ਕਰ ਆਪ ਖੋਜ ਕਰਨਾ ਸਿੱਖਦੇ ਤਾਂ ਇਹ ਖੋਜ ਕਿਸੇ ਸਿੱਖ ਦੇ ਨਾਂ ਹੁੰਦੀ, ਨਾ ਕਿ ਹੈਨਰੀ ਕੈਵੇਂਡਿਸ਼ ਦੇ ਨਾਂ। ਐਸੀਆਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਗੁਰਬਾਣੀ ’ਚ ਦਰਜ ਕੀਤੀਆਂ ਅਨੇਕਾਂ ਵਿਗਿਆਨਿਕ ਮਿਸਾਲਾਂ (ਕੁਦਰਤਿ ਦੇ ਵਿਸ਼ਲੇਸ਼ਣ ਵਜੋਂ) ਹਨ, ਜਿਨ੍ਹਾਂ ਬਾਰੇ ਸਾਇੰਸ ਨੇ ਅਜੇ ਖੋਜ ਕਰਨੀ ਹੈ। ਇਨ੍ਹਾਂ ਵਿੱਚੋਂ ਕੁੱਝ ਕੁ ਹਨ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ (ਮਹਲਾ /੪੭੨), ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ (ਮਹਲਾ /੪੭੨), ਕਉਣੁ ਮਾਸੁ ਕਉਣੁ ਸਾਗੁ ਕਹਾਵੈ ? ਕਿਸੁ ਮਹਿ ਪਾਪ ਸਮਾਣੇ ’’ (ਮਹਲਾ /੧੨੮੯) ਆਦਿ। ਅਫ਼ਸੋਸ ਤਾਂ ਇਹ ਹੈ ਕਿ ਤੱਤਵੇਤਾ (ਅਸਲੀਅਤ ਨੂੰ ਜਾਣ ਚੁੱਕੇ) ਅਖਵਾਉਂਦੇ ਸਿੱਖ; ਅਜੇ ਇਸ ‘ਜੀਉ/ਜੀਅ’ ਦਾ ਅਰਥ ‘ਆਤਮਾ, ਜਿੰਦ, ਰੂਹ’ ਮੰਨਣ ਤੋਂ ਮੁਨਕਰ ਹਨ ਅਤੇ ਕਈ ਸਿੱਖ; ਸਾਗ ਅਤੇ ਮਾਸ ਵਿੱਚ ਇੱਕ ਸਮਾਨ ‘ਜੀਉ/ਜੀਅ’ ਹੈ, ਇਸ ਤੋਂ ਇਨਕਾਰੀ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ 35 ਮਹਾਂ ਪੁਰਸ਼ਾਂ ਤੋਂ ਇਲਾਵਾ ਦੁਨੀਆ ਵਿੱਚ ਜਿੰਨੇ ਵੀ ਧਰਮ ਪ੍ਰਚਲਿਤ ਹੋਏ, ਉਨ੍ਹਾਂ ਵਿੱਚੋਂ ਕਿਸੇ ਵੀ ਰਹਿਬਰ, ਪੈਗ਼ੰਬਰ ਨੇ ਆਪਣੇ ਇਲਾਹੀ ਬੋਲ ਆਪ ਨਹੀਂ ਲਿਖੇ ਸਗੋਂ ਉਨ੍ਹਾਂ ਦੀ ਮੌਤ ਤੋਂ ਬਾਅਦ, ਕੁੱਝ ਤਾਂ ਸਦੀਆਂ ਬਾਅਦ; ਜਿਵੇਂ ਕਿ ਵੇਦ; 1200 ਸਾਲ ਬਾਅਦ ਵੇਦ ਵਿਆਸ ਜੀ ਨੇ ਲਿਖੇ ਹਨ। ਮਨੌਤ ਹੈ ਕਿ ਈਸਾ ਮਸੀਹ ਦੇ ਦੇਹਾਂਤ ਤੋਂ 60 ਸਾਲ ਬਾਅਦ 40 ਲੇਖਕਾਂ ਨੇ ‘ਅੰਜੀਲ’ ਪੁਸਤਕ ਲਿਖੀ, ਪਰ ਇਸ ਵਿੱਚ ਈਸਾ ਦੀ ਮੌਤ ਤੋਂ 70 ਸਾਲ ਬਾਅਦ ਦੀਆਂ (ਸੰਤ ਮਾਰਕ ਨਾਂ ਦੇ ਪੁਰਸ਼ ਵੱਲੋਂ ਲਿਖੀਆਂ) ਅੰਜੀਲਾਂ ਭੀ ਦਰਜ ਹਨ। ਵੈਸੇ ਈਸਾ ਮਸੀਹ ਦੀ ਮੌਤ ਤੋਂ ਤਕਰੀਬਨ 400 ਸਾਲ ਬਾਅਦ ਅੰਜੀਲ ਨੂੰ ਲਿਖਤੀ ਰੂਪ ਦਿੱਤਾ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ। ਉਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਉਨ੍ਹਾਂ ਦੀ ਮੌਤ ਤੋਂ ਬਾਅਦ ਲਿਖੇ ਗਏ ਹਨ। ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦੀ ਮੌਤ ਤੋਂ 446 ਸਾਲ ਬਾਅਦ ਲੰਕਾ ਦੇ ਰਾਜੇ ਵਿਰਦਗਾਮਨੀ ਨੇ ਉਨ੍ਹਾਂ ਦੇ ਬੋਲਾਂ ਨੂੰ ਲਿਖਤੀ ਰੂਪ ਦਿੱਤਾ, ਆਦਿ। ਹੁਣ ਜਦ ਇਹ ਸਾਫ਼ ਹੈ ਕਿ ਰਹਿਬਰ ਦੇ ਇਲਾਹੀ ਬੋਲ ਹੀ ਉਨ੍ਹਾਂ ਆਪ ਨਹੀਂ ਲਿਖੇ ਤਾਂ ਫਿਰ ਇਹ ਵੀ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਇਲਾਹੀ ਬੋਲਾਂ ਦਾ ਕੱਢਿਆ ਗਿਆ ਮਤਲਬ ਵੀ ਸਾਰੇ ਧਰਮਾਂ ਦੇ ਪੈਰੋਕਾਰਾਂ ਨੇ ਆਪਣੀ ਆਪਣੀ ਸੂਝ ਮੁਤਾਬਕ ਲਿਆ ਹੈ, ਜੋ ਜੀਵਨ ਦੇ ਅਨੁਭਵ, ਸਮਾਜਿਕ ਗਿਆਨ ਅਤੇ ਹੋਰਾਂ ਧਰਮਾਂ ਦੇ ਹੋਏ ਪ੍ਰਚਾਰ-ਪ੍ਰਸਾਰ ਨਾਲ਼ ਬਦਲਿਆ ਭੀ ਹੈ ਜਾਂ ਕਹਿ ਲਈਏ ਕਿ ਸੱਚ ਆਧਾਰਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦਾ ਪ੍ਰਭਾਵ ਹਰ ਧਰਮ ਦੇ ਗ੍ਰੰਥ ਦੀ ਕੀਤੀ ਜਾ ਰਹੀ ਵਿਆਖਿਆ ’ਤੇ ਪਿਆ ਹੈ। ਨਹੀਂ ਤਾਂ ਸੋਚਣਾ ਬਣਦਾ ਕਿ ਹਿੰਦੂ ਮਿਥਿਹਾਸ ਅਨੁਸਾਰ ਰਾਮ ਚੰਦਰ ਜੀ ਦਾ ਜਨਮ; 20 ਅਪਰੈਲ 2013 ਤੋਂ 8 ਲੱਖ 80 ਹਜ਼ਾਰ ਇੱਕ ਸੌ ਤੇਰ੍ਹਾਂ (8,80,113) ਸਾਲ ਪਹਿਲਾਂ ਹੋਇਆ ਹੈ, ਪਰ ਉਨ੍ਹਾਂ ਦੀ ਜੀਵਨ ਕਥਾ; ਤੁਲਸੀ ਦਾਸ ਜੀ (ਸੰਨ 1497-1623) 15ਵੀਂ ਸਦੀ ’ਚ ਲਿਖਦੇ ਹਨ। ਐਨੀ ਪਿਛੋਂ ਆਈ ਇਸ ਲਿਖਤ ’ਚ ਕਿਆਸਾਂ ਤੋਂ ਇਲਾਵਾ ਰਾਮ ਚੰਦਰ ਜੀ ਦੀ ਜੀਵਨੀ ਕਿੰਨੀ ਕੁ ਸਹੀ ਹੋਵੇਗੀ ?

12ਵੀਂ ਸਦੀ ਤੋਂ ਪ੍ਰਗਟ ਹੋਈ ਸੱਚ ਆਧਾਰਿਤ ਭਗਤੀ ਲਹਿਰ ਅਤੇ ਸੂਫ਼ੀ ਲਹਿਰ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਗਾਂਹ ਬਹੁਤ ਪ੍ਰਚੰਡ ਕਰ ਦਿੱਤਾ ਸੀ, ਉਸ ਦਾ ਅਸਰ; ਹਰ ਧਰਮ ਦੇ ਗ੍ਰੰਥ ਦੀ ਕੀਤੀ ਗਈ ਵਿਆਖਿਆ ’ਤੇ ਪਿਆ ਹੈ। ਮਿਸਾਲ ਦੇ ਤੌਰ ’ਤੇ ਦੇਵਤਿਆਂ ਦੀ ਪੂਜਾ ਕਰਨ ਵਾਲ਼ੇ ਹਿੰਦੂ ਭਗਤ ਭੀ ਅੱਜ ਧਾਰਮਿਕ ਪੰਡਾਲਾਂ ’ਚ ਇਹ ਭਜਨ ਗਾਉਂਦੇ ਵੇਖੇ ਜਾ ਸਕਦੇ ਹਨ ਕਿ ‘ਤੂੰ ਵੱਸਦੀ ਹੈ ਘਟ ਘਟ ਅੰਦਰ ਮਾਂ, ਹਮ ਢੂੰਡਤੇ ਰਹਿ ਗਏ ਮੰਦਿਰ ਮੇਂ’ ਜਦਕਿ ਨਿਰਾਕਾਰ ਦੇ ਇਸ ਸਰਬ ਵਿਆਪਕ ਸਰੂਪ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਹੈ। ਭਾਰਤ ’ਤੇ ਕਾਬਜ਼ ਹੋਣ ਕਾਰਨ ਈਸਾਈਆਂ ’ਤੇ ਭੀ ਸੱਚ ਆਧਾਰਿਤ ਗੁਰਬਾਣੀ ਸਿਧਾਂਤਾਂ ਦਾ ਅਸਰ ਪਿਆ ਹੈ, ਜਿਸ ਦਾ ਮਹੱਤਵ ਉਹ, ਬਾਈਬਲ ਦੇ ਅਰਥ ਬਦਲ ਬਦਲ ਉਸ ਨੂੰ ਦਿੰਦੇ ਹਨ ਵਰਨਾ ਈਸਾ ਮਸੀਹ ਨੇ ਤਾਂ ਆਪਣੇ ਮੱਤ (ਧਰਮ) ਦਾ ਪ੍ਰਚਾਰ ਕੇਵਲ 3 ਸਾਲ (ਉਮਰ 30 ਤੋਂ 33 ਤੱਕ) ਹੀ ਥੋੜ੍ਹਾ ਬਹੁਤ ਕੀਤਾ ਸੀ। ਰੂੜ੍ਹੀਵਾਦੀ ਸੋਚ ਵਾਲ਼ੇ ਅੱਜ ਭੀ ਕੈਥੋਲਿਕ ਈਸਾਈ ਅਖਵਾਉਂਦੇ ਹਨ ਤੇ ਨਵੇਂ ਵਿਚਾਰਾਂ ਵਾਲ਼ੇ ਪ੍ਰੋਟੈਸਟੈਂਟ ਯਾਨੀ ਵਿਰੋਧੀ।

ਅਕਬਰ ਬਾਦਸ਼ਾਹ ਨੇ ਨਵੇਂ ਧਰਮ (ਦੀਨ ਏ ਇਲਾਹੀ) ਦੀ ਸਥਾਪਨਾ 1581 ਈਸਵੀ ’ਚ ਕੀਤੀ। ਇਸ ਧਰਮ ਦੇ ਕਈ ਅਸੂਲ; ਗੁਰਬਾਣੀ ਦੇ ਇਸ ਸਿਧਾਂਤ ਨਾਲ਼ ਮੇਲ਼ ਖਾਂਦੇ ਹਨ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਕਿਉਂਕਿ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧)  ਅਰਥ : ਖ਼ੁਦਾ; ਆਪਣੀ ਪਰਜਾ ਵਿੱਚ ਵੱਸਦਾ ਹੈ ਤੇ ਪਰਜਾ; ਖ਼ੁਦਾ ਅੰਦਰ ਵੱਸਦੀ ਹੈ ਯਾਨੀ ਖ਼ੁਦਾ ਤੇ ਪਰਜਾ; ਇੱਕ ਦੂਜੇ ਤੋਂ ਭਿੰਨ ਨਹੀਂ। ਜਦ ਉਸ (ਖ਼ੁਦਾ) ਤੋਂ ਇਲਾਵਾ ਕੋਈ ਹੋਰ ਨਹੀਂ ਤਾਂ ਮਾੜਾ ਕਿਸ ਨੂੰ ਕਿਹਾ ਜਾਵੇ ਯਾਨੀ ਸਭ ਨਾਲ਼ ਪਿਆਰ ਕਰਨਾ ਬਣਦਾ ਹੈ। ਅਕਬਰ ਬਾਦਸ਼ਾਹ ਉੱਤੇ ਗੁਰਬਾਣੀ ਦਾ ਇਹ ਪ੍ਰਭਾਵ ਤਦ ਪਿਆ ਜਦ ਸੰਨ 1566 ’ਚ ਹਿੰਦੂ ਪੁਰੋਹਿਤਾਂ ਦੀ ਸ਼ਿਕਾਇਤ ’ਤੇ ਗੁਰੂ ਰਾਮਦਾਸ ਜੀ ਨੇ ਲਾਹੌਰ ਵਿਖੇ ਉਸ ਦੇ ਦਰਬਾਰ ’ਚ ਜਾ ਕੇ ਉਸ ਨੂੰ ਹਿੰਦੂ ਧਰਮ ਨਾਲ਼ੋਂ ਗੁਰਬਾਣੀ ਦੀ ਵਿਲੱਖਣਤਾ ਸਮਝਾਈ। ਇਸ ਤੋਂ ਬਾਅਦ ਅਕਬਰ ਬਾਦਸ਼ਾਹ; ਸੰਨ 1571 ’ਚ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਜਿੱਥੇ ਪੰਗਤ ’ਚ ਬੈਠ ਕੇ ਲੰਗਰ ਛਕਿਆ ਤੇ ਕੁੱਝ ਜ਼ਮੀਨ ਗੁਰੂ ਦੇ ਲੰਗਰਾਂ ਲਈ ਦਾਨ ਦੇਣੀ ਚਾਹੀ, ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲੰਗਰ; ਸੰਗਤਾਂ ਦੇ ਦਸਵੰਧ ਤੇ ਪਿਆਰ ਨਾਲ਼ ਚੱਲਣੇ ਹੀ ਸਹੀ ਹੁੰਦੇ ਹਨ। ਸਰਕਾਰੀ ਮਦਦ ਨਾਲ਼ ਸੰਗਤਾਂ ’ਚ ਪਿਆਰ ਨਹੀਂ ਉਪਜਦਾ। ਗੁਰੂ ਸਾਹਿਬ ਜੀ ਨੇ ਅਕਬਰ ਨੂੰ ਭਾਰਤ ’ਚੋਂ ਸਤੀ ਪ੍ਰਥਾ ਬੰਦ ਕਰਨ ਲਈ ਕਿਹਾ, ਜੋ ਉਨ੍ਹਾਂ ਨੇ ਤੁਰੰਤ ਮੰਨ ਕੇ ਸਖ਼ਤਾਈ ਨਾਲ਼ ਬੰਦ ਕਰਵਾਈ। ਇਸ ਤੋਂ ਬਾਅਦ ਭੀ ਅਕਬਰ; 24 ਨਵੰਬਰ 1598 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ ਸਿਧਾਂਤਾਂ ਦਾ ਲੋਕਾਂ ’ਤੇ ਵਿਆਪਕ ਅਸਰ ਪੈ ਰਿਹਾ ਸੀ।

ਆਰੀਆ ਸਮਾਜੀ ਸਵਾਮੀ ਦਯਾ ਨੰਦ (1824-1883) ਨੇ ਭੀ ਪੰਜਾਬੀ ਹੋਣ ਕਾਰਨ ਗੁਰਬਾਣੀ ਸਿਧਾਂਤਾਂ ਤੋਂ ਕੁੱਝ ਪ੍ਰਭਾਵਤ ਹੋ ਕੇ ਹਿੰਦੂ ਧਰਮ ਨੂੰ ਸੰਨ 1874 ਤੋਂ ਨਵੇਂ ਅਰਥ (ਥੋੜ੍ਹਾ ਗੁਰਬਾਣੀ ਸਿਧਾਂਤਾਂ ਦੇ ਆਸ ਪਾਸ ਰਹਿ ਕੇ) ਦਿੱਤੇ, ਜਿਨ੍ਹਾਂ ਨੂੰ ਰੂੜ੍ਹੀਵਾਦੀ ਹਿੰਦੂ ਅੱਜ ਭੀ ਨਹੀਂ ਮੰਨਦੇ। ਦਯਾ ਨੰਦ ਭਾਵੇਂ ਤਰਕਵਾਦੀ ਸੀ, ਪਰ ਗੁਰਬਾਣੀ ਦੇ ਸਿਧਾਂਤ ਪੁਨਰਜਨਮ ਨੂੰ ਮੰਨਦਾ ਸੀ। ਜਦ ਕੋਈ ਦੂਸਰੀ ਕੌਮ ਦੇ ਕੁੱਝ ਸਿਧਾਂਤ ਚੁਰਾ ਕੇ ਕੁੱਝ ਆਪਣੇ ਸ਼ਾਮਲ ਕਰ ਨਵੀਂ ਵਿਚਾਰਧਾਰਾ ਮਨੁੱਖਤਾ ’ਚ ਲਾਗੂ ਕਰ ਭਰਮ ਫੈਲਾਉਂਦਾ ਹੈ ਤਾਂ ਹੀ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਇਸ ਰਲ਼ਗੱਡ ਨੂੰ ਨੰਗਾ ਕਰਨ ਲਈ ਸੰਘਰਸ਼ ਕੀਤਾ। ਜੇਕਰ ਦਯਾ ਨੰਦ; ਨਿਰੋਲ ਹਿੰਦੂ ਮੱਤ (ਧਰਮ) ਦਾ ਪ੍ਰਚਾਰ ਕਰਦਾ ਤਾਂ ਗਿਆਨੀ ਦਿੱਤ ਸਿਘ ਨੂੰ ਉਸ ਦੇ ਰਾਹ ’ਚ ਆਉਣ ਦੀ ਬਿਲਕੁਲ ਜ਼ਰੂਰਤ ਨਾ ਪੈਂਦੀ ਕਿਉਂਕਿ ਹਰ ਇੱਕ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ।

ਜਿਸ ਤਰ੍ਹਾਂ ਕਿਸੇ ਫਲ਼ਦਾਰ ਰੁੱਖ ਦਾ ਲਾਭ ਉਸ ਨੂੰ ਲੱਗੇ ਫਲ਼ ਕਾਰਨ ਹੁੰਦਾ ਹੈ ਉਸੇਂ ਤਰ੍ਹਾਂ ਧਰਮ ਦਾ ਅਸਲ ਲਾਭ; ਜ਼ਿੰਦਗੀ ਦੇ ਮੁਕਤ ਹੋਣ ਨਾਲ਼ ਹੈ। ਵਿਕਾਰਾਂ ਤੋਂ ਮੁਕਤੀ, ਸਮਾਜਿਕ ਪਦਾਰਥਾਂ ਵੱਲੋਂ ਨਿਰਮੋਹ ਹੋਣਾ ਜਾਂ ਮਰਨ ਉਪਰੰਤ ਆਵਾਗਮਣ ਤੋਂ ਮੁਕਤ ਹੋਣਾ ਆਦਿ। ਇਹ ਮੁਕਤੀ ਜਾਂ ਨਿਰਮੋਹ ਹੋਣਾ ਹੀ ਬੰਦੇ ਦੇ ਜੀਵਨ ਨੂੰ ਸਮਾਜ ’ਚ ਆਦਰਸ਼ਵਾਦੀ ਬਣਾਉਂਦਾ ਹੈ। ਗੁਰਬਾਣੀ ’ਚ ਇਸ ਨੂੰ ‘‘ਮਨਿ ਜੀਤੈ ਜਗੁ ਜੀਤੁ (ਜਪੁ/ਮਹਲਾ ), ਮਨੁ ਜੀਤੇ ਜਗੁ ਜੀਤਿਆ; ਜਾਂ ਤੇ ਬਿਖਿਆ ਤੇ ਹੋਇ ਉਦਾਸੁ ’’ (ਭਗਤ ਕਬੀਰ/੧੧੦੩) ਕਿਹਾ ਹੈ। ਆਤਮਾ, ਰੂਹ, ਜਿੰਦ, ਜੀਉ ਜਾਂ ਜੀਅ ਦਾ ਮਰਨ ਉਪਰੰਤ ਮੁਕਤ ਹੋਣਾ; ਗੁਰਬਾਣੀ ਦੁਆਰਾ ਦਰਸਾਇਆ ਗਿਆ ਸਾਰੇ ਪ੍ਰਚਲਿਤ ਧਰਮਾਂ ਤੋਂ ਵੱਖਰਾ ਹੈ। ਯਹੂਦੀ, ਪਾਰਸੀ, ਈਸਾਈ ਅਤੇ ਇਸਲਾਮ ਧਰਮ; ਮੌਤ ਉਪਰੰਤ ਜਿੰਦ (ਆਤਮਾ) ਨੂੰ ਪ੍ਰਲੋਕ ਦੇ ਉਸ ਪੁਰਸਲਾਤ (ਪੁਲ ਸਿਰਾਤ) ਪੁਲ ’ਤੇ ਸਫ਼ਰ ਕਰਾਉਂਦੇ ਹਨ, ਜੋ ਨਰਕ ਦੀ ਅੱਗ ’ਤੇ ਬਾਲ ਨਾਲ਼ੋਂ ਬਾਰੀਕ ਤੇ ਤਲਵਾਰ ਦੀ ਧਾਰ ਨਾਲ਼ੋਂ ਤਿੱਖਾ ਹੈ, ਜਿਸ ਦੇ ਦੋਵੇਂ ਪਾਸੇ ਤਿੱਖੇ ਕੰਡੇ ਹਨ, ਜੋ ਜਿੰਦ ਨੂੰ ਇੱਧਰ ਓਧਰ ਨਹੀਂ ਹਿੱਲਣ ਦਿੰਦੇ। ਧਰਮੀ ਇਸ ਪੁਲ ਤੋਂ ਛੇਤੀ ਲੰਘ ਜਾਂਦੇ ਹਨ, ਪਰ ਪਾਪੀ ਇਸ ਨਰਕ ਦੀ ਅੱਗ ’ਚ ਡਿੱਗ ਪੈਂਦੇ ਹਨ। ਪਾਰਸੀ ਇਸ ਪੁਲ ਨੂੰ ‘ਚਿਨਵਤ ਪੇਰੇਤੂ’ ਆਖਦੇ ਹਨ; ਜਿਵੇਂ ਕਿ ਗੁਰਬਾਣੀ ਵਾਕ ਹੈ ‘‘ਮਲਕੁ ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ਵਾਲਹੁ ਨਿਕੀ ਪੁਰਸਲਾਤ; ਕੰਨੀ ਸੁਣੀ ਆਇ ਫਰੀਦਾ ! ਕਿੜੀ ਪਵੰਦੀਈ; ਖੜਾ ਆਪੁ ਮੁਹਾਇ ’’ (ਬਾਬਾ ਫਰੀਦ ਜੀ/੧੩੭੭) ਅਰਥ : ਜਿਹੜਾ ਮੌਤ ਦਾ ਫ਼ਰਿਸ਼ਤਾ (ਮਲਕ); ਪਹਿਲਾਂ ਕੰਨਾਂ ਨਾਲ਼ ਕੇਵਲ ਸੁਣਿਆ ਸੀ ਉਹ ਆ ਕੇ ਮੂੰਹ ਵਿਖਾਉਂਦਾ ਹੈ ਯਾਨੀ ਜਿਸ ਦੀ ਮੌਤ ਹੋਣੀ ਹੈ ਬੰਦੇ ਨੂੰ ਮਾਰਦਾ ਹੈ। ਉਹ ਹੱਡਾਂ ਨੂੰ ਭੰਨ ਤੋੜ ਕਰ (ਨਿਤਾਣਾ ਬਣਾ) ਵਿੱਚੋਂ ਵਿਚਾਰੀ ਜਿੰਦ ਕੱਢ ਕੇ ਲੈ ਜਾਂਦਾ ਹੈ। ਹੇ ਫਰੀਦ! ਤੈਂ ਬਾਲ ਤੋਂ ਬਾਰੀਕ ਪੁਰਸਲਾਤ (ਨਰਕ ਦਾ ਪੁਲ) ਕੰਨਾਂ ਨਾਲ਼ ਨਹੀਂ ਸੁਣਿਆ (ਕਿ ਕਿੰਨਾ ਭਿਆਨਕ ਹੈ) ? ਓਥੇ ਚੀਕਾਂ ਪੈਂਦੀਆਂ ਹਨ ਤਾਂ ਤੇ ਇਸ ਜਨਮ ’ਚ ਸਾਵਧਾਨ ਰਹਿ। ਆਪਣੇ ਆਪ ਨੂੰ (ਆਪਣੇ ਸੁਆਸ ਰੂਪ ਗੁਣਾਂ ਨੂੰ) ਵਿਕਾਰਾਂ ਤੋਂ ਲੁਟਾ ਨਾ।

ਦੂਜੇ ਪਾਸੇ ਹਿੰਦੂ ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਇੱਕ ਵੈਤਰਨੀ ਨਦੀ ਹੈ, ਜੋ ਦੋ ਯੋਜਨ ਚੌੜੀ ਹੈ ਯਾਨੀ 8 ਕੋਹ/12 ਕਿਲੋਮੀਟਰ ਚੌੜੀ ਹੈ। ਇਹ ਦੁਰਗੰਧ ਨਾਲ਼ ਭਰੀ ਹੈ। ਇਸ ਵਿੱਚ ਅੱਗ ਵਰਗਾ ਗਰਮ ਪਾਣੀ ਵਹਿੰਦਾ ਹੈ। ਇਸ ਨੂੰ ਪਾਰ ਕਰਨ ਲਈ ਗਊ ਦਾਨ ਕੀਤੀ ਜਾਂਦੀ ਹੈ। ਵੈਤਰਨੀ ਦਾ ਅਰਥ ਹੈ ‘ਵਿਤਰਣ ਯਾਨੀ ਦਾਨ’ ਭਾਵ ਗਊ ਦਾਨ ਕਰਨ ਉਪਰੰਤ ਪਾਰ ਹੋਣ ਵਾਲ਼ੀ ਨਦੀ। ਦਸਮ ਗ੍ਰੰਥ ਵਿੱਚ ਇਸ ਦਾ ਜ਼ਿਕਰ ਹੈ ‘‘ਸ੍ਰੋਨਤ ਕੀ ਸਰਤਾ ਤਹਾ; ਚਲੀ ਮਹਾ ਅਰਿਰਾਇ ਮੇਦ ਮਾਸ ਮਜਿਯਾ ਬਹੁਤ; ਬੈਤਰੁਨੀ ਕੇ ਭਾਇ ੧੬੦੭’’ (੨੪ ਅਵਤਾਰ ਕ੍ਰਿਸਨ) ਅਰਥ : ਓਥੇ ਲਹੂ-ਪੀਕ ਦੀ ਵੈਤਰਨੀ ਨਦੀ ਖ਼ੂਬ ਸ਼ੋਰ ਮਚਾ ਕੇ ਵਗਦੀ ਹੈ, ਜਿਸ ਵਿੱਚ ਚਰਬੀ, ਮਿੱਝ, ਮਾਸ ਆਦਿ ਬਹੁਤ ਹੈ।

ਸੋ ਉਕਤ ਸਾਰੇ ਪ੍ਰਚਲਿਤ ਰੂੜ੍ਹੀਵਾਦੀ ਧਰਮਾਂ ਮੁਤਾਬਕ ਜਿੰਦ (ਰੂਹ/ਆਤਮਾ); ਸਰੀਰਕ ਮੌਤ ਉਪਰੰਤ ਕਸ਼ਟ ਭੋਗਦਾ ਹੈ, ਪਰ ਗੁਰਬਾਣੀ ਆਤਮਾ ਨੂੰ ਰੱਬ ਦੀ ਜੋਤਿ ਮੰਨਦੀ ਹੈ, ਜਿਸ ਉੱਤੇ ਅੱਗ, ਮੌਤ, ਕਸ਼ਟ ਆਦਿ ਦਾ ਅਸਰ ਨਹੀਂ ਹੁੰਦਾ ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ  ? ਤਾ ਕਾ ਅੰਤੁ; ਕੋਊ ਪਾਈ ਰਹਾਉ ਨਾ ਇਸੁ ਪਿੰਡੁ (ਸਰੀਰ); ਰਕਤੂ ਰਾਤੀ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤ੍ਰੀ) ਨਾ ਇਹੁ ਤਪਾ ਕਹਾਵੈ ਸੇਖੁ ਨਾ ਇਹੁ ਜੀਵੈ; ਮਰਤਾ ਦੇਖੁ ਇਸੁ ਮਰਤੇ ਕਉ; ਜੇ ਕੋਊ ਰੋਵੈ ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ (ਨਾਲ਼); ਮੈ ਡਗਰੋ (ਸਹੀ ਰਾਹ) ਪਾਇਆ ਜੀਵਨ ਮਰਨੁ ਦੋਊ ਮਿਟਵਾਇਆ ਕਹੁ ਕਬੀਰ! ਇਹੁ ਰਾਮ ਕੀ ਅੰਸੁ ਜਸ (ਜਿਵੇਂ) ਕਾਗਦ ਪਰ ਮਿਟੈ ਮੰਸੁ (ਸਿਆਹੀ; ਇਉਂ ਇਹ ਅਮਰ ਹੈ) (ਭਗਤ ਕਬੀਰ/੮੭੧), ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ’’ (ਮਹਲਾ /੪੨੧) ਅਰਥ : ਜਿਨ੍ਹਾਂ ਨੇ ਆਪਣੇ ਸਰੀਰ ਅੰਦਰਲੇ ਆਤਮ ਨੂੰ ਪਛਾਣ ਲਿਆ ਓਹੀ ਪਰਮਾਤਮਾ ਦਾ ਰੂਪ ਬਣ ਗਿਆ ਕਿਉਂਕਿ ਆਤਮਾ ਹੈ ਹੀ ਰੱਬ ਦੀ ਜੋਤਿ, ਰੱਬ ਦਾ ਵਜੂਦ, ਰੱਬ ਦਾ ਦਰਸ਼ਨ।

ਉਕਤ ਗੁਰਮਤਿ ਸਚਾਈ ਤੋਂ ਅਣਜਾਣ ਕਈ ਸਿੱਖ ਉਲ਼ਟਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਪ੍ਰਚਲਿਤ ਧਾਰਮਿਕ ਰਹੁਰੀਤਾਂ ਦਾ ਪ੍ਰਭਾਵ ਪਿਆ ਮੰਨਦੇ ਹਨ, ਜੋ ਕਿ ਸਹੀ ਨਹੀਂ। ਧਿਆਨ ਦੇਣਯੋਗ ਹੈ ਕਿ ਕੌਮੀ ਫ਼ਲਸਫ਼ੇ ਦਾ ਸੱਚ; ਉਸ ਦੇ ਗ੍ਰੰਥ ’ਚੋਂ ਪ੍ਰਗਟ ਹੁੰਦਾ ਹੈ, ਨਾ ਕਿ ਪੈਰੋਕਾਰਾਂ (ਸਿੱਖਾਂ) ਦੇ ਕਿਰਦਾਰਾਂ ਤੋਂ। ਕਈ ਸਿੱਖ; ਜੇਕਰ ਬ੍ਰਾਹਮਣੀ ਪ੍ਰਭਾਵ ਨੂੰ ਕਬੂਲਦੇ ਨਜ਼ਰ ਆ ਰਹੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਫ਼ਲਸਫ਼ੇ ’ਚ ਕੋਈ ਘਾਟ ਆ ਚੁੱਕੀ ਹੈ।

ਸੋ ਨਿਰਾਕਾਰ ਦੀ ਵਿਆਖਿਆ ਹੀ ਗੁਰਮਤਿ ਦੀ ਵਿਲੱਖਣਤਾ ਹੈ ਅਤੇ ਗੁਰੂ ਸਾਹਿਬਾਨ ਦੇ ਪੂਰਨ ਗੁਰੂ ਹੋਣ ਦਾ ਸਬੂਤ ਹੈ, ਜਿਨ੍ਹਾਂ ਨੇ ਪੰਜ ਗਿਆਨ ਇੰਦ੍ਰਿਆਂ ਤੋਂ ਪਰੇ ਅਦ੍ਰਿਸ਼ ਵੱਸਦੇ ਨਿਰਾਕਾਰ ਦਾ ਪੰਜ ਗਿਆਨ ਇੰਦ੍ਰਿਆਂ ਅਧੀਨ ਵਿਚਰਦੇ ਮਨੁੱਖ ਨੂੰ (ਕੁਦਰਤਿ ਅਤੇ ਜ਼ਿੰਦਗੀ ਦੇ ਤੱਥਾਂ ਆਧਾਰਿਤ ਕੀਤੇ ਵਿਸ਼ਲੇਸ਼ਣ ਦੁਆਰਾ) ਭਰੋਸਾ ਕਰਾ ਦਿੱਤਾ। ਅਜੋਕਾ ਸਾਇੰਸ ਅਤੇ ਬ੍ਰਾਹਮਣ ਦਾ ਮਿੱਥ; ਗੁਰਮਤਿ ਦੀ ਇਸ ਵਿਲੱਖਣਤਾ ਤੋਂ ਕੋਹਾਂ ਦੂਰ ਹੈ। ਇਸ ਸਚਾਈ ਦੇ ਬਲ ਨਾਲ਼ ਹੀ ਗੁਰੂ ਸਾਹਿਬਾਨ ਨੇ ਪ੍ਰਚਲਿਤ ਧਰਮਾਂ ਦੇ ਕੇਂਦਰਾਂ ’ਤੇ ਜਾ ਕੇ ਉਨ੍ਹਾਂ ਨੂੰ ਧਰਮ ਦੇ ਅਸਲ ਅਰਥ ਸਮਝਾਏ। ਇਹ ਕੰਮ ਕੋਈ ਨਕਲੀ ਗੁਰੂ ਜਾਂ ਨਕਲੀ ਚੇਲਾ ਨਹੀਂ ਕਰ ਸਕਦਾ ਸੀ।

ਜਗਨਨਾਥ ਪੁਰੀ ’ਚ ਹੁੰਦੀ ਪੱਥਰ-ਮੂਰਤੀ ਅੱਗੇ ਆਰਤੀ ਦੇ ਮੁਕਾਬਲੇ ਕੁਦਰਤਿ ’ਚ ਹੁੰਦੀ ਨਿਰੰਤਰ ਆਰਤੀ ਦਾ ਵਰਣਨ ਕਰਨਾ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ਧੂਪੁ ਮਲਆਨਲੋ; ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਇ !! ਭਵ ਖੰਡਨਾ! ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ (ਸੋਹਿਲਾ/ਮਹਲਾ /੧੩) ਅਰਥ : ਹੇ ਆਵਾਗਮਣ ਚੱਕਰ ਮੁਕਾਉਣ ਵਾਲ਼ੇ ਜੋਤਿ ਸਰੂਪ! ਆਵਾਗਮਣ ਵਾਲ਼ੀ ਕੁਦਰਤਿ ’ਚ ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ!! ਅਕਾਸ਼; ਥਾਲ ਹੈ, ਜਿਸ ਵਿੱਚ ਚੰਦ, ਸੂਰਜ ਦੀਵੇ ਹਨ ਤੇ ਤਾਰਿਆਂ ਦਾ ਸਮੂਹ ਜਾਣੋ (ਥਾਲ ’ਚ ਰੱਖੇ) ਮੋਤੀ ਹਨ। ਮਲ੍ਯ ਪਹਾੜ ਵੱਲੋਂ ਆਉਂਦੀ ਚੰਦਨ-ਸੁਗੰਧੀ; ਧੂਫ਼ ਹੈ ਤੇ ਹਵਾ; ਚੌਰ ਕਰਦੀ ਪਈ ਹੈ। ਸਾਰੀ ਬਨਸਪਤੀ; ਤੇਰੀ ਜੋਤਿ ਸਰੂਪ ਨਿਰਾਕਾਰ ਹਸਤੀ ਲਈ ਫੁੱਲ ਭੇਟ ਕਰ ਰਹੀ ਹੈ।

ਹਰਿਦੁਆਰ ਵਿਖੇ ਪਾਣੀ ਪੂਰਵ ਵੱਲੋਂ ਚੜਦੇ ਸੂਰਜ ਨੂੰ ਦੇਣ ਦੀ ਬਜਾਇ ਦੱਖਣ ਵੱਲ ਦੇਣਾ। ਮੱਕੇ ਜਾ ਕੇ ਕਹਿਣਾ ਕਿ ਜਿੱਧਰ ਅੱਲ੍ਹਾ ਨਹੀਂ ਓਧਰ ਮੇਰੇ ਪੈਰ ਕਰ ਦਿਓ। ਗ੍ਰਹਿਸਤ ਤਿਆਗ ਜੰਗਲ਼ਾਂ ’ਚ ਗਏ ਜੋਗੀਆਂ ਨੂੰ ਗ੍ਰਹਿਸਤੀ ਫ਼ਰਜ਼ ਤੋਂ ਭਗੌੜੇ ਸਾਬਤ ਕਰਨਾ। ਬਾਬਰ ਨੂੰ ਮੂੰਹ ’ਤੇ ਜਾਬਰ ਕਹਿਣਾ। ਏਮਨਾਬਾਦ ਵਿਖੇ ਤਰਖਾਣ ਭਾਈ ਲਾਲੋ ਦੇ ਘਰ ਠਹਿਰ ਕੇ ਮਲਕ ਭਾਗੋ ਦੇ ਸ਼ਾਹੀ ਭੋਜਨ ਨੂੰ ਪਾਪ ਦੀ ਕਮਾਈ ਸਾਬਤ ਕਰਨਾ ਅਤੇ ਬਾਬਰ ਦੁਆਰਾ ਕੀਤੇ ਹਿੰਦੋਸਤਾਨ ’ਤੇ ਪਹਿਲੇ ਹਮਲੇ (ਸੰਨ 1521/ਸੰਮਤ 1578) ਸਮੇਂ ਹੀ ਕਹਿ ਦੇਣਾ ਕਿ ਇਹ ਮੁਗ਼ਲ 19 ਸਾਲ ਬਾਅਦ (ਸੰਨ 1540/ਸੰਮਤ 1597) ’ਚ ਹਾਰ ਕੇ ਵਾਪਸ ਆਪਣੇ ਵਤਨ ਜਾਣਗੇ ‘‘ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩), ਜੋ ਸ਼ੇਰ ਸ਼ਾਹ ਸੂਰੀ ਤੋਂ ਮੁਗ਼ਲ ਬਾਦਸ਼ਾਹ ਹਮਾਯੂੰ ਦੇ ਹਾਰਨ ਨਾਲ਼ ਸੱਚ ਸਾਬਤ ਹੋਇਆ ਆਦਿਕ ਘਟਨਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਪੂਰਨ ਗੁਰੂ ਹੋਣ ਦੇ ਸਬੂਤ ਹਨ, ਜਿਨ੍ਹਾਂ ਦੁਆਰਾ ਆਪ ਲਿਖਤੀ ਰੂਪ ’ਚ ਸੰਭਾਲੇ ਆਪਣੇ ਇਲਾਹੀ ਅਤੇ ਅਲੌਕਿਕ ਬੋਲਾਂ ਨੂੰ ਅੱਜ ਅਸੀਂ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨਾਲ਼ ਮੇਲ਼ ਕੇ ਜਾਂ ਅਧੂਰੀ ਸਾਇੰਸ ਖੋਜ ਦੀ ਟੇਕ ਨਾਲ਼ ਸਮਝਣ ਦਾ ਯਤਨ ਕਰਦੇ ਹਾਂ, ਜੋ ਸਾਡੇ ਅੰਨ੍ਹੇਪਣ ਦਾ ਪ੍ਰਤੱਖ ਸਬੂਤ ਹੈ।