25.2 C
Jalandhar
Monday, April 6, 2026
spot_img
Home Blog Page 214

ਬੰਦੀ ਸਿੰਘਾਂ ਦੀ ਰਿਹਾਈ ਬਨਾਮ ਵੋਟ ਰਾਜਨੀਤੀ

0

ਬੰਦੀ ਸਿੰਘਾਂ ਦੀ ਰਿਹਾਈ ਬਨਾਮ ਵੋਟ ਰਾਜਨੀਤੀ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843

ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿਚ ਹੈ ਅਤੇ ਅੱਜ ਦੀ ਤਰੀਕ ਵਿਚ ਹਰ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲਾ ਮਨੁੱਖ ਇਹ ਚਾਹੁੰਦਾ ਹੈ ਕਿ ਇਹਨਾਂ ਨੂੰ ਪੱਕੀ ਰਿਹਾਈ ਦੇ ਦੇਣੀ ਚਾਹੀਦੀ ਹੈ ਪਰ ਇਹਨਾਂ ਦੀ ਰਿਹਾਈ ਲਈ ਸਿਆਸੀ ਇੱਛਾ ਸ਼ਕਤੀ ਜਰੂਰੀ ਹੈ ਅਤੇ ਸਿਆਸੀ ਇੱਛਾ ਸ਼ਕਤੀ ਦੀ ਅਣਹੋਂਦ ਜਾਂ ਫੈਸਲੇ ਲੈਣ ਵਿਚ ਦੇਰੀ ਹੋਣ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਹੋਰ ਅੱਗੇ ਪੈ ਰਹੀ ਹੈ ਅਤੇ ਹੁਣ ਰਿਹਾਈਆਂ ਦੇ ਫੈਸਲੇ ਵਿਚ ਦੇਰੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਸਭ ਸਬੰਧਤ ਪਾਰਟੀਆਂ ਦਾ ਕਹਿਣਾ ਹੈ ਕਿ ਜੇ ਬੰਦੀ ਸਿੰਘ ਰਿਹਾ ਕਰ ਦਿੱਤੇ ਤਾਂ ਬਹੁਗਿਣਤੀ ਵਾਲਿਆਂ ਦੀ ਵੋਟ ਨਰਾਜ਼ ਹੋ ਜਾਵੇਗੀ। ਆਮ ਕੈਦੀਆਂ ਨਾਲੋਂ ਜਿਆਦਾ ਸਜ਼ਾ ਕੱਟਣ ਤੋਂ ਬਾਅਦ ਹੋਣ ਵਾਲੀਆਂ ਰਿਹਾਈਆਂ ਤੋਂ ਬਹੁ ਗਿਣਤੀ ਵਾਲਿਆਂ ਨੂੰ ਕੀ ਤਕਲੀਫ ਹੋ ਸਕਦੀ ਹੈ ? ਅਸਲ ਵਿਚ ਤਕਲੀਫ ਸਾਰੇ ਬਹੁਗਿਣਤੀ ਭਾਈਚਾਰੇ ਨੂੰ ਨਹੀਂ ਸਗੋਂ ਮੁਲਖ ਦੇ ਪ੍ਰਬੰਧ ਵਿਚ ਬੈਠੀ ਸਿੱਖ ਦੁਸ਼ਮਣ ਸੋਚ ਨੂੰ ਹੈ। ਇਹ ਗੱਲ ਵੀ ਬੜੀ ਅਹਿਮ ਹੈ ਕਿ ਉਹ ਜਿੰਮੇਵਾਰ ਹਿੱਸਾ ਕਿਸੇ ਇਕ ਰਾਜਸੀ ਪਾਰਟੀ ਜਾਂ ਧਰਮ ਨਾਲ ਸਬੰਧਤ ਨਹੀਂ ਸਗੋਂ ਹਰ ਉਸ ਪਾਰਟੀ ਵਿਚ ਹੈ ਜੋ ਸੱਤਾ ਹੰਢਾ ਰਹੇ ਹਨ ਜਾਂ ਸੱਤਾ ਹੰਢਾਉਣ ਲਈ ਕਾਹਲੇ ਹਏ ਹੋਏ ਹਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਪ੍ਰੋਗਰਾਮਾਂ, ਕਾਨੂੰਨੀ ਤੇ ਸਿਆਸੀ ਚਾਰਾਜੋਈਆਂ, ਸਿਆਸੀ ਤੇ ਕੂਟਨੀਤਿਕ ਵਾਅਦਿਆਂ ਦੀ ਪੜਚੋਲ ਕੀਤਿਆਂ ਪਤਾ ਲੱਗਦਾ ਹੈ ਕਿ ਅੱਜ ਤੱਕ ਕੋਈ ਕੰਮ ਵੀ ਸਿਆਸੀ ਇੱਛਾ ਸ਼ਕਤੀ ਨਾਲ ਨਹੀਂ ਕੀਤਾ ਗਿਆ ਹੈ ਸਗੋਂ ਬੰਦੀ ਸਿੰਘਾਂ ਸਬੰਧੀ ਕੁਝ ਉਹ ਫੈਸਲੇ ਹੀ ਲਏ ਗਏ ਜਿਹਨਾਂ ਨੂੰ ਇਕ ਤਾਂ ਸਮੇਂ ਤੋਂ ਦੇਰੀ ਨਾਲ ਲਿਆ ਗਿਆ ਅਤੇ ਦੂਜਾ ਕਾਨੂੰਨੀ ਹੱਕ ਨੂੰ ਸਿੱਖ ਕੌਮ ਉੱਪਰ ਅਹਿਸਾਨ ਦਰਸਾਇਆ ਗਿਆ।

ਸਭ ਤੋਂ ਪਹਿਲਾਂ ਇਕ ਗੱਲ ਸਪੱਸ਼ਟ ਹੈ ਕਿ ਬੰਦੀਆਂ ਦੀ ਰਿਹਾਈ ਵਿਚ ਉਮਰ ਕੈਦੀਆਂ ਦੀ ਰਿਹਾਈ ਸਿਆਸੀ ਇੱਛਾ ਸ਼ਕਤੀ ਉੱਪਰ ਨਿਰਭਰ ਕਰਦੀ ਹੈ ਬਾਕੀ ਮਿੱਥੀ ਸਜ਼ਾ ਵਾਲਿਆਂ ਨੂੰ ਤਾਂ ਜੇਲ਼ ਅਧਿਕਾਰੀ ਹੀ ਸਮਾਂ ਪੂਰਾ ਹੋਣ ’ਤੇ ਛੱਡ ਦਿੰਦੇ ਹਨ। ਕਿਸੇ ਵਿਅਕਤੀ ਨੂੰ ਉਮਰ ਕੈਦ ਦਾ ਐਲਾਨ ਹੋਣ ਤੋਂ ਬਾਅਦ ਸਬੰਧਤ ਸਰਕਾਰ ਕਿਸੇ ਸਮੇਂ ਵੀ ਰਿਹਾਅ ਕਰ ਸਕਦੀ ਹੈ। ਭਾਰਤੀ ਢੰਡਾਵਲੀ ਸੰਹਿਤਾ ਦੀ ਧਾਰਾ 57 ਮੁਤਾਬਕ ਭਾਵੇਂ ਉਮਰ ਕੈਦ ਦਾ ਮਤਲਬ 20 ਸਾਲ ਦੀ ਕੈਦ ਹੈ ਪਰ ਸੁਪਰੀਮ ਕੋਰਟ ਨੇ ਕਈ ਫੈਸਲਿਆਂ ਵਿਚ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਕੈਦ ਹੀ ਕਿਹਾ ਹੈ ਜਦ ਤੱਕ ਕਿ ਉਮਰ ਕੈਦੀ ਦੀ ਰਿਹਾਈ ਦਾ ਫੈਸਲਾ ਸਬੰਧਤ ਸਰਕਾਰ ਨਹੀਂ ਕਰਦੀ ਭਾਵ ਉਮਰ ਕੈਦੀ ਦੀ ਰਿਹਾਈ ਸਰਕਾਰਾਂ ਹੱਥ ਅਤੇ ਸਰਕਾਰਾਂ ਦੇ ਫੈਸਲੇ ਅਕਸਰ ਪਾਰਟੀਆਂ ਵਲੋਂ ਵੋਟ ਰਾਜਨੀਤੀ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਂਦੇ ਹਨ ਇਸ ਕਰਕੇ ਹੀ ਬੰਦੀ ਸਿੰਘਾਂ ਦੀ ਕਿਸੇ ਧਿਰ ਦਾ ਵੋਟ ਰਾਜਨੀਤੀ ਵਿਚ ਸਥਾਈ ਦਬਾਅ ਨਾ ਹੋਣ ਕਾਰਨ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਆਏ ਦਿਨ ਟਲ ਰਹੀਂ ਹੈ। ਜਿਕਰਯੋਗ ਹੈ ਕਿ ਭਾਰਤੀ ਢੰਡਾਵਲੀ ਸੰਹਿਤਾ ਦੀ ਧਾਰਾ 57 ਦੀ 20 ਸਾਲ ਦੀ ਉਮਰ ਕੈਦ ਦੀ ਵਿਆਖਿਆ ਨੂੰ ਬਦਲਣ ਲਈ ਭਾਰਤੀ ਸੰਸਦ ਵਿਚ ਕੋਈ ਸੋਧ ਬਿੱਲ ਅਜੇ ਤੱਕ ਪੇਸ਼ ਜਾਂ ਪਾਸ ਨਹੀਂ ਹੋਇਆ ਪਰ ਫਿਰ ਵੀ ਇਸ ਨੂੰ ਮੰਨਣ ਤੋਂ ਭਾਰਤੀ ਤੰਤਰ ਤੇ ਅਦਾਲਤਾਂ ਇਨਕਾਰੀ ਹਨ। ਉਂਝ ਜੇ ਦੇਖਿਆ ਜਾਵੇ ਤਾਂ ਜੇਕਰ ਸਿਆਸੀ ਇੱਛਾ ਸ਼ਕਤੀ ਹੋਵੇ ਤਾਂ ਅਦਾਲਤਾਂ ਵਿਚ ਚੱਲਦੇ ਕੇਸਾਂ ਨੂੰ ਵੀ ਸਰਕਾਰਾਂ ਵਾਪਸ ਲੈ ਕੇ ਵਿਅਕਤੀਆਂ ਨੂੰ ਰਿਹਾਅ ਕਰ ਦਿੰਦੀਆਂ ਹਨ ਅਤੇ ਅਜਿਹਾ ਕਈ ਵਾਰ ਕੇਂਦਰੀ ਤੇ ਰਾਜ ਸਰਕਾਰਾਂ ਨੇ ਕੀਤਾ ਵੀ ਹੈ।

ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭੁੱਖ ਹੜਤਾਲ ਕਾਰਨ ਜਿਆਦਾ ਭਖਿਆ ਜਿਸ ਕਾਰਨ ਮੁੱਦੇ ਉਪਰ ਕੌਮ ਦਾ ਧਿਆਨ ਵਧਿਆ ਪਰ ਇਸ ਦਾ ਕੋਈ ਸਾਰਥਕ ਸਿੱਟਾ ਨਾ ਨਿਕਲ ਸਕਿਆ ਤੇ ਕੌਮ ਵਿਚ ਨਿਰਾਸ਼ਾ ਦਾ ਹੀ ਵਾਧਾ ਹੋਇਆ। ਭੁੱਖ ਹੜਤਾਲ ਕਾਰਨ ਜਿਸ ਕਿਸਮ ਦੀਆਂ ਪ੍ਰਾਪਤੀਆਂ ਦਰਸਾਈਆਂ ਜਾ ਰਹੀਆਂ ਹਨ ਉਹ ਪਹਿਲਾਂ ਹੀ ਬੰਦੀ ਸਿੰਘਾਂ ਨੂੰ ਬਿਨਾਂ ਕੋਈ ਰੌਲਾ-ਰੱਪਾ ਪਾਇਆਂ ਕਾਨੂੰਨੀ ਚਾਰਾਜੋਈ ਤੋਂ ਬਿਨਾਂ ਜਾਂ ਕਾਨੂੰਨੀ ਚਾਰਾਜੋਈ ਨਾਲ ਮਿਲ ਰਹੀਆਂ ਸਨ। ਹਾਂ, ਇਹ ਗੱਲ ਜਰੂਰ ਹੈ ਕਿ ਉਹਨਾਂ ਆਮ ਪ੍ਰਾਪਤੀਆਂ ਨੂੰ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਨੇ ਸਿੱਖਾਂ ਸਿਰ ਅਹਿਸਾਨ ਦਰਸਾ ਕੇ ਪੇਸ਼ ਕੀਤਾ।

ਪੰਜਾਬ ਸਰਕਾਰ ਨੇ ਹਮੇਸ਼ਾ ਹੀ ਬੰਦੀ ਸਿੰਘਾਂ ਲਈ ਕੁਝ ਕਰਨ ਦੀ ਹਾਲ-ਦੁਹਾਈ ਮਚਾਈ ਹੈ ਪਰ ਜਿੱਥੇ ਕੋਈ ਰਾਹ ਬਣਦਾ ਸੀ ਉਸ ਨੂੰ ਜਾਣ-ਬੁੱਝ ਕੇ ਬੰਦ ਕੀਤਾ ਹੈ, ਉਦਾਹਰਨ ਵਜੋਂ ਪੰਜਾਬ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਾਜਸਥਾਨ ਦੀ ਤਰਜ਼ ਉਪਰ ਪੱਕੀ ਪੈਰੋਲ ਦੀ ਗੱਲ ਤਾਂ ਕੀਤੀ ਪਰ ਬਾਅਦ ਵਿਚ ਟਾਲ-ਮਟੋਲ ਕਰਦਿਆਂ ਕਿਹਾ ਕਿ ਅਸੀਂ ਟਾਡਾ ਕੇਸ ਵਾਲਿਆਂ ਜਾਂ ਸੀ. ਬੀ. ਆਈ ਵਲੋਂ ਚਲਾਏ ਕੇਸਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਕੋਈ ਰਾਹਤ ਨਹੀਂ ਦੇ ਸਕਦੇ। ਅਸਲ ਵਿਚ ਉਹਨਾਂ ਨੂੰ ਲੱਗਦਾ ਹੈ ਕਿ ਸਿੱਖਾਂ ਦੀਆਂ ਵੋਟਾਂ ਤਾਂ ਸਾਨੂੰ ਵੰਡਵੇਂ ਰੂਪ ਵਿਚ ਹੀ ਪੈਣੀਆਂ ਹਨ, ਕਿਤੇ ਬਹੁਗਿਣਤੀ ਦੀਆਂ ਵੋਟਾਂ ਹੀ ਨਾ ਟੁੱਟ ਜਾਣ।

ਦਿੱਲੀ ਰਾਜ ਦੀ ਸਰਕਾਰ ਵਲੋਂ ਪ੍ਰੋ. ਭੁੱਲਰ ਨੂੰ ਸ੍ਰੀ ਅੰਮ੍ਰਿਤਸਰ ਤਬਦੀਲ ਕਰਨ ਦੀ ਆਮ ਕਾਨੂੰਨੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਦਰਸਾਇਆ ਗਿਆ। ਪ੍ਰੋ. ਭੁੱਲਰ ਦੀ ਰਿਹਾਈ ਦਾ ਨਕਸ਼ਾ ਸ੍ਰੀ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਵਲੋਂ ਮਈ 2016 ਵਿਚ ਹੀ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਸੀ ਪਰ ਦਿੱਲੀ ਸਰਕਾਰ ਨੇ ਉਸ ਉਪਰ ਕੋਈ ਕਾਰਵਾਈ ਕਰਦਿਆਂ ਨਾ ਤਾਂ ਪੱਕੀ ਰਿਹਾਈ ਦੀ ਸਿਫਾਰਸ਼ ਕੀਤੀ ਅਤੇ ਨਾ ਹੀ ਪੱਕੀ ਰਿਹਾਈ ਦਾ ਫੈਸਲਾ ਹੋਣ ਤੱਕ ਪ੍ਰੋ. ਭੁੱਲਰ ਦੀ ਸਿਹਤ, 22 ਸਾਲ ਲੰਬੀ ਕੈਦ ਤੇ ਚੰਗੇ ਆਚਰਣ ਨੂੰ ਆਧਾਰ ਮੰਨ ਕੇ ਪੱਕੀ ਪੈਰੋਲ ਦਿੱਤੀ। ਉਹਨਾਂ ਨੂੰ ਵੀ ਸ਼ਾਇਦ ਉਹੀ ਖਦਸ਼ਾ ਹੋਵੇ ਕਿ ਸਿੱਖਾਂ ਦੀਆਂ ਵੋਟਾਂ ਤਾਂ ਪੈ ਹੀ ਰਹੀਆਂ ਹਨ ਤੇ ਕਿਤੇ ਹੋਰ ਪੱਕੀਆਂ ਕਰਦੇ-ਕਰਦੇ ਬਹੁਗਿਣਤੀਆਂ ਦੀਆਂ ਵੋਟਾਂ ਨਾਰਾਜ਼ ਨਾ ਹੋ ਜਾਣ।

ਕਾਂਗਰਸ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਦੱਬਵੀਂ ਆਵਾਜ਼ ਵਿਚ ਗੱਲ ਤਾਂ ਕਦੇ ਕਰਦੀ ਹੈ ਪਰ ਭਾਈ ਖੈੜਾ ਜੋ 1990 ਤੋਂ ਨਜ਼ਰਬੰਦ ਹਨ, ਦੀ ਰਿਹਾਈ ਦਾ ਕੇਸ ਕਰਨਾਟਕਾ ਦੀ ਕਾਂਗਰਸ ਸਰਕਾਰ ਨੇ ਹੀ ਵਿਚਾਰਣਾ ਹੈ ਪਰ ਭਾਈ ਖੈੜਾ ਦੀ ਰਿਹਾਈ ਦਾ ਨਕਸ਼ਾ ਸ੍ਰੀ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਵਲੋਂ ਸਤੰਬਰ 2016 ਵਿਚ ਹੀ ਕਰਨਾਟਕਾ ਸਰਕਾਰ ਨੂੰ ਭੇਜ ਦਿੱਤਾ ਸੀ ਪਰ ਕਰਨਾਟਕਾ ਸਰਕਾਰ ਨੇ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਦੀ ਕਾਂਗਰਸ ਨੇ ਇਸ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਭਰਿਆ। ਹਾਂ, ਐਨਾ ਜਰੂਰ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਪਹਿਲ ਦੇ ਆਧਾਰ ਉੱਪਰ ਵਿਚਾਰਿਆ ਜਾਵੇਗਾ।

ਅਸਲ ਵਿਚ ਸਭ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਕੇਂਦਰੀ ਸਰਕਾਰ ਵਲੋਂ ਹੀ ਇਸ਼ਾਰਾ ਮਿਲਣ ਨਾਲ ਸੰਭਵ ਹੋਣੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਵਿਚ ਆਪਣੀ ਸਿੱਧੀ ਪੈਂਠ ਬਣਾਉਣਾ ਚਾਹੁੰਦੀ ਹੈ ਕੁਝ ਵਿਦੇਸ਼ੀ ਸਿੱਖਾਂ ਦੇ ਦੱਸਣ ਮੁਤਾਬਕ ਪ੍ਰਧਾਨ ਮੰਤਰੀ ਦੀ ਇੰਗਲੈਂਡ ਫੇਰੀ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਆਧਾਰ ਬਣਾ ਕੇ ਸਿੱਖਾਂ ਨੂੰ ਇਕ ਧਿਰ ਮੰਨ ਕੇ 1984 ਦੇ ਘੱਲੂਘਾਰੇ ਤੋਂ ਬਾਅਦ ਉਪਜੇ ਹਲਾਤਾਂ ਉਪਰ ਗੱਲਬਾਤ ਕਰਨਾ ਚਾਹੁੰਦੀ ਹੈ ਪਰ ਇਸ ਵਿਚ ਸੁਹਿਰਦਤਾ ਕਿੰਨੀ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਅਸਲ ਵਿਚ ਕੇਂਦਰ ਦੀ ਭਾਜਪਾ ਸਰਕਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਸਿਹਰਾ ਆਪਣੇ ਸਿਰ ਹੀ ਬੰਨਣਾ ਚਾਹੁੰਦੀ ਹੈ, ਉਹ ਤਾਂ ਪੰਜਾਬ ਵਿਚ ਆਪਣੇ ਭਾਈਵਾਲ ਬਾਦਲ ਦਲ ਨੂੰ ਵੀ ਇਸ ਦਾ ਸਿਹਰਾ ਦੇਣ ਤੋਂ ਇਨਕਾਰੀ ਲੱਗਦੀ ਹੈ, ਕਿਉਂਕਿ ਭਾਈ ਲਾਲ ਸਿੰਘ ਦੀਆਂ ਸਾਰੀਆਂ ਰਿਪੋਰਟਾਂ ਸਹੀ ਹੋਣ ਦੇ ਬਾਵਜੂਦ ਵੀ ਕੇਂਦਰੀ ਗ੍ਰਹਿ ਮੰਤਰਾਲਾ ਉਹਨਾਂ ਦੀ ਰਿਹਾਈ ਦੇ ਫੈਸਲੇ ਦਾ ਐਲਾਨ ਨਹੀਂ ਕਰ ਰਿਹਾ।

ਵੱਖ-ਵੱਖ ਸਰਕਾਰਾਂ ਦੇ ਮੰਤਰੀਆਂ-ਸੰਤਰੀਆਂ ਨੂੰ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਜਾਂ ਪੱਕੀ ਰਿਹਾਈ ਹੋਣ ਤੱਕ ਪੱਕੀਆਂ ਪੈਰੋਲਾਂ ਲਈ ਕਈ ਵਾਰ ਯਾਦ-ਪੱਤਰ ਦਿੱਤੇ ਗਏ ਹਨ ਪਰ ਹੁਣ ਗੱਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਾ ਪਈ ਹੈ। ਵੈਸੇ ਤਾਂ ਸਭ ਪਾਰਟੀਆਂ ਵਲੋਂ ਸਿੱਖਾਂ ਤੇ ਪੰਜਾਬ ਨਾਲ ਸਬੰਧਤ ਸਭ ਮੁੱਦਿਆਂ ਨੂੰ ਪਿਛਾਂਹ ਸੁੱਟ ਕੇ ਇਕ-ਦੂਜੇ ਨੂੰ ਭਿ੍ਰਸ਼ਟ ਦਰਸਾਉਂਣ ਦਾ ਪ੍ਰਚਾਰ ਹੀ ਕੀਤਾ ਜਾ ਰਿਹਾ ਹੈ ਪਰ ਬੰਦੀ ਸਿੱਘਾਂ ਦੀ ਰਿਹਾਈ ਦੇ ਮੁੱਦੇ ਨੂੰ ਖਾਸ ਤੌਰ ’ਤੇ ਵਿਸਾਰ ਦਿੱਤਾ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ-ਸਮੇਂ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਵੋਟਾਂ ਮੰਗਣ ਲਈ ਆਉਂਣ ਵਾਲੇ ਸਭ ਉਮੀਦਵਾਰਾਂ ਅਤੇ ਖਾਸ ਕਰ ਬਾਦਲ-ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਰੂਰ ਪੁੱਛਣ ਕਿ ਉਹਨਾਂ ਦੇ ਮੈਨੀਫੈਸਟੋਆਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੋਈ ਪ੍ਰੋਗਰਾਮ ਕਿਉਂ ਨਹੀਂ ਹੈ ?

ਅਸਲ ਵਿਚ ਰਿਹਾਈਆਂ ਹੁਣ ਹੋਣੀਆਂ ਹੀ ਹਨ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੋਈ ਜਿਆਦਾ ਸਮਾਂ ਨਹੀਂ ਲੱਗਣਾ ਕਿਉਂਕਿ ਇਸ ਮੁੱਦੇ ਨੂੰ ਭਰਪੂਰ ਉਛਾਲ ਦਿੱਤਾ ਜਾ ਚੁੱਕਾ ਹੈ ਅਤੇ ਸਭ ਬੰਦੀ ਸਿੰਘ ਦੀ ਨਜ਼ਰਬੰਦੀ ਵੀ ਆਮ ਨਾਲੋਂ ਜਿਆਦਾ ਹੋ ਗਈ। ਬਸ! ਗੱਲ ਤਾਂ ਇਹ ਹੈ ਕਿ ਇਸ ਦਾ ਸਿਹਰਾ ਕੌਣ ਲਏਗਾ ਜਾਂ ਕਿਸ ਨੂੰ ਦਿੱਤਾ ਜਾਵੇਗਾ ?

ਕਲਗੀਧਰ ਪਿਤਾ ਆਪ ਸਹਾਈ ਹੋਵੇ।

-0-

ਭਗਤ ਰਵਿਦਾਸ ਜੀ ਦੀ ਸੰਖੇਪ ਜੀਵਨ-ਝਲਕ

0

ਭਗਤ ਰਵਿਦਾਸ ਜੀ ਦੀ ਸੰਖੇਪ ਜੀਵਨ-ਝਲਕ

ਗਿਆਨੀ ਅਮਰੀਕ ਸਿੰਘ ਜੀ-98156-63344

ਸੰਸਾਰ ਅੰਦਰ ਜੀਵਨ ਦੇ ਚਾਰ ਪ੍ਰਮੁੱਖ ਪੱਖ ਹਨ- ਪਹਿਲਾ ਸਮਾਜਿਕ; ਦੂਜਾ ਆਰਥਿਕ; ਤੀਜਾ ਰਾਜਨੀਤਕ; ਚੌਥਾ ਧਾਰਮਿਕ। ਇਹਨਾਂ ਚਾਰਾਂ ਪੱਖਾਂ ਵਿੱਚੋਂ ਜਿਹੜਾ ਕਿਸੇ ਇਕ ਪੱਖ ਕਰਕੇ ਵੀ ਆਪਣੇ ਆਪ ਨੂੰ ਆਮ ਪਰੰਪਰਾਵਾਂ ਤੋਂ ਉੱਚਾ ਚੁੱਕ ਲੈਂਦਾ ਹੈ, ਅਜਿਹੇ ਲੋਕਾਂ ਨੂੰ ਹੀ ਇਤਿਹਾਸ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਜੀਵਨ ਧਾਰਮਿਕ ਪੱਖ ਤੋਂ ਇੰਨੀ ਉੱਚੀ ਬੁਲੰਦੀ ਨੂੰ ਛੁਹ ਗਿਆ ਕਿ ਰੱਬ ਨੂੰ ਵੀ ਪ੍ਰੇਮ ਬੰਧਨ ਵਿੱਚ ਬੰਨ੍ਹ ਲਿਆ। ਸਾਚੀ ਪ੍ਰੀਤ ਨੇ ਸਾਰੇ ਭੇਦ ਭਾਵ ਮਿਟਾ ਦਿੱਤੇ, ਉਹਨਾਂ ਦੀ ਰਸਨਾ ਤੋਂ ਉਚਾਰੇ ਚਾਲ੍ਹੀ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਸ਼ਾਮਿਲ ਹੋ ਕੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ॥’’ ਦਾ ਦਰਜਾ ਪ੍ਰਾਪਤ ਕਰ ਗਏ ਹਨ।

ਇਤਿਹਾਸ ਪੱਖੋਂ ਭਾਵੇਂ ਬਹੁਤੀ ਸਾਮੱਗਰੀ ਉਪਲਬਧ ਨਹੀਂ, ਪਰ ਫਿਰ ਵੀ ਕੁਝ ਕੁ ਇਤਿਹਾਸਕ ਅੱਖਰਾਂ ਵਿੱਚੋਂ ਅਤੇ ਉਹਨਾਂ ਦੇ ਆਪਣੇ ਉਚਾਰੇ ਅੰਮ੍ਰਿਤਮਈ ਬੋਲਾਂ ਵਿੱਚੋਂ ਜੋ ਕੁਝ ਪ੍ਰਾਪਤ ਹੁੰਦਾ ਹੈ, ਉਸ ਅਨੁਸਾਰ ਆਪ ਜੀ ਦਾ ਪ੍ਰਕਾਸ਼ ਅਸਥਾਨ ਬਨਾਰਸ ਦਾ ਇਲਾਕਾ ਹੈ। ਕਾਰੋਬਾਰ ਚਮੜੇ ਦਾ ਹੋਣ ਕਰਕੇ ਜਾਤੀ ਚਮਾਰ ਸੀ। ਅਕਸਰ ਰੱਬੀ ਰੂਹਾਂ ਵਾਂਗ ਇਹਨਾਂ ਨੇ ਵੀ ਗਰੀਬੀ ਦੇ ਪੰਘੂੜੇ ਵਿੱਚ ਹੀ ਰੱਬੀ ਮੌਜ ਨੂੰ ਮਾਣਿਆ। ਸਮੇਂ ਦੇ ਅਖੌਤੀ ਧਰਮੀਆਂ ਨੇ ਧਰਮ ਨੂੰ ਆਪਣੀ ਹੀ ਵਿਰਾਸਤ ਸਮਝਣ ਕਰਕੇ ਬਹੁਤ ਹੀ ਵਿਰੋਧਤਾ ਕੀਤੀ। ਜਾਤੀ ਹੰਕਾਰੀ ਵੀ ਆਪ ਜੀ ਦੀ ਹੋਂਦ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ, ਪਰ ਜਿਨ੍ਹਾਂ ਦੀਆਂ ਪ੍ਰੀਤਾਂ ਹੀ ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ..॥’’ ਨਾਲ ਪੈ ਗਈਆਂ ਹੋਣ, ਫਿਰ ਉਨ੍ਹਾਂ ਦੀ ਪ੍ਰਤਿਭਾ ਨੂੰ ਮਿਟਾਉਣ ਵਾਲੇ ਤਾਂ ਮਿੱਟ ਜਾਂਦੇ ਹਨ, ਪਰ ਉਹ ਸਦਾ ਲਈ ਅਮਿੱਟ ਹੋ ਜਾਂਦੇ ਹਨ।

ਮਾਤਾ ਪਿਤਾ ਨੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਆਪ ਜੀ ਦੀ ਸ਼ਾਦੀ ਕਰ ਦਿੱਤੀ। ਇਸ ਜ਼ਿੰਮੇਵਾਰੀ ਦਾ ਭਾਰ ਬਾਖੂਬੀ ਉਠਾਉਂਦਿਆਂ ਹੋਇਆਂ ਵੀ ਆਪਣੇ ਸੁਨਹਿਰੀ ਸਿਧਾਂਤਾਂ ਵਿੱਚ ਕੋਈ ਤਬਦੀਲੀ ਨਾ ਕੀਤੀ। ਮਾਇਆ ਦੀ ਦੁਨੀਆਂ ਨੇ ਕਈ ਕੌਤਕ ਦਰਸਾਏ, ਪਰ ਆਖਿਰ ਦਾਸੀ ਬਣ ਕੇ ਹੀ ਰਹਿਣਾ ਪਿਆ ਭਾਵ ਮਾਇਆ ਵੀ ਕੁਝ ਨਾ ਕਰ ਸਕੀ।

ਜਿੱਥੇ ਹੰਕਾਰੀ, ਕੱਟੜ ਲੋਕ ਆਪ ਜੀ ਦੀ ਵਿਰੋਧਤਾ ਵਿੱਚ ਹੀ ਲੱਗੇ ਰਹੇ ਅਤੇ ਨੇੜੇ ਰਹਿ ਕੇ ਵੀ ਖਾਲੀ ਰਹਿ ਗਏ, ਉੱਥੇ ਦੂਜੇ ਪਾਸੇ ਦੂਰੋਂ ਦੂਰੋਂ ਰਾਜੇ ਰਾਣੀਆਂ ਵੀ ਆਪ ਜੀ ਦੇ ਦਰ ਤੋਂ ਸੱਚੀ ਸਿੱਖਿਆ ਪ੍ਰਾਪਤ ਕਰਕੇ ਆਪ ਜੀ ਦੇ ਸੇਵਕ ਬਣ ਕੇ ਜੀਵਨ ਦੀਆਂ ਸਿਖਰਾਂ ਨੂੰ ਛੂਹ ਗਏ। ਇਨ੍ਹਾਂ ਵਿੱਚੋਂ ਰਾਣਾ ਸਾਂਗਾ ਦੀ ਪਤਨੀ, ਜੋ ਚਿਤੌੜ ਦੇ ਇਲਾਕੇ ਦਾ ਮੁਖੀਆ ਸੀ, ਕੁਝ ਪੰਡਿਤਾਂ ਨਾਲ ਤੀਰਥ ਯਾਤਰਾ ਕਰਦੀ ਹੋਈ ਜਦੋਂ ਨਿਰਾਸਤਾ ਵਿੱਚ ਹੀ ਭਟਕ ਰਹੀ ਸੀ ਤਾਂ ਉਸ ਦੀ ਤਸੱਲੀ ਰਵਿਦਾਸ ਜੀ ਮਹਾਰਾਜ ਕੋਲ ਆ ਕੇ ਹੀ ਹੋਈ, ਗੁਰੂ ਧਾਰਨ ਕਰਕੇ ਜਦੋਂ ਉਹ ਵਾਪਸ ਮੁੜੀ ਤਾਂ ਜਿਹੜੇ ਉੱਚ ਜਾਤੀਏ ਲੋਕ ਤੀਰਥਾਂ ਦੀ ਯਾਤਰਾ ਦੇ ਨਾਂ ’ਤੇ ਮਨੁੱਖਤਾ ਨੂੰ ਲੁੱਟ ਰਹੇ ਸਨ, ਉਹ ਕਿਵੇਂ ਬਰਦਾਸ਼ਤ ਕਰਦੇ। ਉਨ੍ਹਾਂ ਦੀ ਸ਼ਿਕਾਇਤ ’ਤੇ ਜਦੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਸੱਚ ਦਾ ਨਿਤਾਰਾ ਕੀਤਾ ਤਾਂ ਰਾਣੀ ਦੇ ਗੁਰੂ ਦਾ ਦਰਸਾਇਆ ਸੱਚ; ਕੂੜ ਦੇ ਪਾਜ ਖੋਲ੍ਹਦਾ ਹੋਇਆ ਜਿੱਤ ਪ੍ਰਾਪਤ ਕਰ ਗਿਆ: ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥’’ (ਭਗਤ ਰਵਿਦਾਸ/੧੨੯੩)

16 ਰਾਗਾਂ ਵਿੱਚ ਆਏ ਚਾਲ੍ਹੀ ਸ਼ਬਦਾਂ ਵਿੱਚੋਂ ਇਨ੍ਹਾਂ ਦੀ ਜਿਹੜੀ ਸ਼ਖ਼ਸੀਅਤ ਉਭਰ ਕੇ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਆਪ ਜੀ ਇਕ ਨਿਰਗੁਣ (ਅਦ੍ਰਿਸ਼ ਸ਼ਕਤੀ ਦੀ) ਭਗਤੀ ਭਾਵ ਦੇ ਰਾਹ ਨੂੰ ਅਪਣਾ ਕੇ ਸੱਚੀ ਪ੍ਰੀਤ ਦਾ ਸਦਕਾ ਹਰੇਕ ਫਰਕ ਮਿਟਾ ਕੇ ਪਰਮੇਸ਼ਰ ਰੂਪ ਹੋ ਗਏ ਹਨ। ਅਨੇਕਾਂ ਭੁੱਲੇ-ਭਟਕਿਆਂ ਨੂੰ ਸਗੋਂ ਵਕਤੀ ਰਮਜ਼ਾਂ ਨਾਲ ਸਮਝਾਉਂਦੇ ਰਹੇ ਕਿ ਗੰਗਾ ਆਦਿਕ ਦੇ ਇਸ਼ਨਾਨ, ਠਾਕੁਰਾਂ ਦੀ ਪੂਜਾ ਦਾ ਪਾਖੰਡ, ਝੂਠੀਆਂ ਆਰਤੀਆਂ ਦੇ ਢਕੌਂਸਲੇ ਇਹ ਸਭ ਕੁਝ ਰੱਬ ਤੋਂ ਦੂਰ ਤਾਂ ਕਰ ਸਕਦਾ ਹੈ, ਪਰ ਨੇੜਤਾ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

ਸੰਸਾਰਿਕ ਵਿੱਦਿਆ ਪ੍ਰਾਪਤੀ ਦਾ ਸੰਕੇਤ ਭਾਵੇਂ ਕਿਧਰੋਂ ਵੀ ਪ੍ਰਾਪਤ ਨਹੀਂ ਹੁੰਦਾ, ਪਰ ਫਿਰ ਵੀ ਆਪ ਜੀ ਵੱਲੋਂ ਉਚਾਰੇ ਅੰਮ੍ਰਿਤ ਬਚਨਾਂ ਵਿੱਚ ਪੰਡਿਤਾਈ ਵਾਲੀਆਂ ਗੁੰਝਲਾਂ ਦੀ ਥਾਂ ਸਾਦਗੀ ਭਰਪੂਰ ਹੈ, ਪਰ ਹਰ ਬਚਨ ਪਾਰਬ੍ਰਹਮ ਦੇ ਰਹੱਸ ਦਾ ਭੇਦ ਖੋਲ੍ਹ ਕੇ ਆਤਮਾ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਚਾਅ ਪੈਦਾ ਕਰਦਾ ਹੈ।

ਕਬੀਰ ਸਾਹਿਬ ਜੀ ਦੇ ਸਲੋਕ ਬਾਣੀ ਵਿੱਚ ਅੰਕਿਤ ਹਨ। ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਇਕ ਅਦਭੁੱਤ ਗੱਲ ਹੈ ਕਿ ਕਬੀਰ ਸਾਹਿਬ ਨੇ 212 ਅਤੇ 213 ਨੰਬਰ ਸਲੋਕਾਂ ਵਿੱਚ ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਵਾਰਤਾ ਦਾ ਜ਼ਿਕਰ ਕੀਤਾ ਹੈ, ਜਦ ਕਿ ਭਗਤ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਆਪਣੀ ਬਾਣੀ ਵੀ ਸ਼ਾਮਿਲ ਹੈ, ਪਰ ‘‘ਨਾਮਾ ਮਾਇਆ ਮੋਹਿਆ..॥’’ ਵਾਲੇ ਤੇ ‘‘ਹਾਥ ਪਾਉ ਕਰਿ ਕਾਮੁ ਸਭੁ..॥’’ ਵਾਲੇ ਦੋ ਸਲੋਕ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਹਨ, ਪਰ ਇਸ ਵਿੱਚ ਵਾਰਤਾ ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੀ ਹੈ। ਇਸੇ ਤਰ੍ਹਾਂ 242 ਨੰਬਰ ਸਲੋਕ ਭਾਵ ਸਮਾਪਤੀ ਦੇ ਇਕ ਸਲੋਕ ਤੋਂ ਪਹਿਲਾਂ, ਜੋ ਸਲੋਕ ਦਰਜ ਹੈ, ਉਹ ਹੈ:

‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

ਇਹ ਸਲੋਕ ਰਵਿਦਾਸ ਜੀ ਮਹਾਰਾਜ ਦਾ ਨਹੀਂ ਬਲਕਿ ਯਾਦ ਰੱਖਣਯੋਗ ਗੱਲ ਹੈ ਕਿ ਇਹ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਹੈ ਪਰ ਵੀਚਾਰ ਰਵਿਦਾਸ ਮਹਾਰਾਜ ਜੀ ਦਾ ਪ੍ਰਗਟ ਕਰ ਰਹੇ ਹਨ।

ਵਿਦਵਾਨਾਂ ਦੀ ਬਹੁਮਤਿ ਅਨੁਸਾਰ ਭਗਤ ਰਵਿਦਾਸ ਜੀ ਦਾ ਜਨਮ 1376 ਈ: ਦਾ ਹੈ ਅਤੇ 1491 ਈ: ਵਿੱਚ ਜੋਤੀ ਜੋਤਿ ਸਮਾਉਣ ਕਰਕੇ ਸਰੀਰਕ ਜੀਵਨ ਯਾਤਰਾ ਦਾ ਕੁਲ ਸਮਾਂ ਲਗਪਗ 115 ਸਾਲ ਦੇ ਨੇੜੇ ਜਾ ਪਹੁੰਚਦਾ ਹੈ। ਇਹ ਸਰੀਰਕ ਜਾਮੇ ਦੀ ਗੱਲ ਹੈ, ਪਰ 1604 ਈ: ਨੂੰ ਆਪ ਜੀ ਦੇ ਇਨ੍ਹਾਂ 40 ਸ਼ਬਦਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕਰਕੇ ਸਦੀਵ ਕਾਲ ਲਈ ਅਮਰ ਕਰ ਦਿੱਤਾ। ਹੁਣ ਇਨ੍ਹਾਂ ਬਚਨਾਂ ਦਾ ਪ੍ਰਕਾਸ਼ ਦਿਵਸ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਤਾਂ ਮਨਾਇਆ ਜਾਂਦਾ ਹੈ, ਪਰ ਕਦੇ ਅੰਤਿਮ ਦਿਨ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਮਨਾਇਆ ਜਾਏਗਾ।

ਕੀ ਪਰਮਹੰਸ ਭਗਤ ਰਵਿਦਾਸ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ?

0

ਕੀ ਪਰਮਹੰਸ ਭਗਤ ਰਵਿਦਾਸ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ?

ਗਿਆਨੀ ਜਗਤਾਰ ਸਿੰਘ ਜਾਚਕ

ਵਿਸ਼ਵ ਪ੍ਰਸਿੱਧ ਤੇ ਨਿਰਪੱਖ ਵਿਦਵਾਨ ਇਸ ਹਕੀਕਤ ਨੂੰ ਮੰਨਦੇ ਹਨ ਹੈ ਕਿ ਭਗਤ ਸ੍ਰੀ ਕਬੀਰ ਜੀ, ਸ੍ਰੀ ਰਵਿਦਾਸ ਜੀ ਅਤੇ ਸ੍ਰੀ ਨਾਮਦੇਵ ਜੀ ਆਦਿਕ ਭਗਤਾਂ ਨੂੰ ਜਿਹੜਾ ਮਾਣ ਸਤਿਕਾਰ ਅੱਜ ਪ੍ਰਾਪਤ ਹੋ ਰਿਹਾ ਹੈ ਤੇ ਜਿਵੇਂ ਸਿੱਖ ਸੰਗਤਾਂ ਵਲੋਂ ਉਨ੍ਹਾਂ ਨੂੰ ਗੁਰੂ ਸਰੂਪ ਮੰਨ ਕੇ ਸ਼ਰਧਾ ਸਹਿਤ ਸੀਸ ਝੁਕਾਏ ਜਾਂਦੇ ਹਨ, ਉਸ ਦਾ ਅਧਾਰ ਹਨ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ’, ਕਿਉਂਕਿ ਜੇ ਕਰ ਸ੍ਰੀ ਗੁਰੂ ਨਾਨਕ ਸਾਹਿਬ ਜੀ, ਭਗਤ ਬਾਣੀ ਸੰਗ੍ਰਹਿ ਕਰਨ ਦਾ ਉਪਕਾਰ ਨਾ ਕਰਦੇ ਅਤੇ ਫਿਰ ਉਨ੍ਹਾਂ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਕਰਨ ਦੀ ਮਿਹਰਬਾਨੀ ਨਾ ਕਰਦੇ ਤਾਂ ਬਿਪਰਵਾਦੀ ਸ਼ਕਤੀਆਂ ਇਤਿਹਾਸ ਦੇ ਪੰਨਿਆਂ ਤੋਂ ਇਨ੍ਹਾਂ ਭਗਤਾਂ ਦਾ ਨਾਮੋ-ਨਿਸ਼ਾਨ ਹੀ ਮਿਟਾ ਛੱਡਦੀਆਂ। ਕਿਉਂਕਿ, ਭਗਤ ਕਬੀਰ ਸਾਹਿਬ ਅਤੇ ਭਗਤ ਰਵਿਦਾਸ ਜੀ ਅਜਿਹੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਸਮਾਜ ਦੇ ਆਪੂੰ ਗੁਰੂ ਬਣ ਬੈਠੇ ਬ੍ਰਾਹਮਣ ਦੀ ਗੁਰਆਈ ਨੂੰ ਨਿਕਾਰਦਿਆਂ ਅਤੇ ਉਸ ਤੋਂ ਬਾਗੀ ਹੁੰਦਿਆਂ ਉਹਦੇ ਸਥਾਪਿਤ ਕੀਤੇ ਸੁਆਰਥੀ ਹੱਕਾਂ ਨੂੰ ਵੰਗਾਰਿਆ ਸੀ ਤੇ ਉਹ ਵੀ ਕਾਸ਼ੀ ਵਰਗੇ ਬ੍ਰਾਹਮਣੀ ਗੜ੍ਹ ਵਿੱਚ।

ਭਗਤ ਕਬੀਰ ਜੀ ਮਹਾਰਾਜ ਬੜੀ ਦਲੇਰੀ ਨਾਲ ਕਹਿ ਰਹੇ ਸਨ ਕਿ ਬ੍ਰਾਹਮਣ ਹੋਵੇਗਾ ਗੁਰੂ ਹੋਰ ਲੋਕਾਂ ਦਾ, ਪਰ ਭਗਤਾਂ ਦਾ ਨਹੀਂ, ਕਿਉਂਕਿ ਉਹ ਤਾਂ ਆਪ ਹੀ ਵੈਦਿਕ ਵਿਚਾਰਧਾਰਾ ਦੇ ਵਖਰੇਵਿਆਂ ਤੇ ਕਰਮਕਾਂਡਾਂ ਦੀਆਂ ਉਲਝਣਾਂ ਵਿੱਚ ਫਸ ਕੇ ਆਤਮਿਕ ਮੌਤੇ ਡੁੱਬ ਮਰ ਰਿਹਾ ਹੈ: ‘‘ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉਂ ਬੇਦਹੁ ਮਾਹਿ॥’’ (1377)

ਬ੍ਰਾਹਮਣ ਆਪਣੀ ਉੱਚਤਾ ਤੇ ਸ੍ਰੇਸ਼ਠਤਾ ਸਥਾਪਿਤ ਕਰਨ ਲਈ ਪ੍ਰਚਾਰ ਕਰ ਰਿਹਾ ਸੀ ਕਿ ਬ੍ਰਹਮਾ ਦੇ ਮੁੱਖ ਵਿਚੋਂ ਪੈਦਾ ਹੋਣ ਕਰਕੇ ਮੈਂ ਸਮਾਜ ਦਾ ਮੁਖੀ ਹਾਂ। ਜੁਲਾਹੇ, ਝੀਊਰ, ਛੀਂਬੇ ਤੇ ਚਮਾਰ ਆਦਿਕ ਸਭ ਤੋਂ ਨੀਚ ਹਨ, ਸ਼ੂਦਰ ਹਨ ਕਿਉਂਕਿ ਉਹ ਬ੍ਰਹਮਾ ਦੇ ਪੈਰਾਂ ਵਿਚੋਂ ਪੈਦਾ ਹੋਏ ਹਨ, ਪਰ ਕਬੀਰ ਜੀ ਅੱਗੋਂ ਕਹਿ ਰਹੇ ਸਨ ਤੂੰ ਸ੍ਰੇਸ਼ਠ ਕਿਵੇਂ ? ਕੀ ਤੇਰੀਆਂ ਰਗਾਂ ਵਿੱਚ ਦੁੱਧ ਵਗਦਾ ਹੈ ਅਤੇ ਸਾਡੀਆਂ ਵਿੱਚ ਲਹੂ ? : ‘‘ਤੁਮ ਕਤ ਬ੍ਰਾਹਮਣ, ਹਮ ਕਤ ਸੂਦ॥ ਹਮ ਕਤ ਲੋਹੂ, ਤੁਮ ਕਤ ਦੂਧ॥’’ (ਗੁ. ਗ੍ਰੰ. ਪੰ. 324)

ਬ੍ਰਾਹਮਣ ਪ੍ਰਚਾਰ ਰਿਹਾ ਸੀ ਕਿ ਸ਼ੂਦਰਾਂ ਨੂੰ ਰੱਬ ਦੀ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸੰਭੂਕ ਰਿਸ਼ੀ ਨੂੰ ਬ੍ਰਾਹਮਣਾਂ ਨੇ ਸ੍ਰੀ ਰਾਮਚੰਦਰ ਪਾਸੋਂ ਇਸੇ ਲਈ ਕਤਲ ਕਰਵਾ ਦਿੱਤਾ ਕਿ ਉਹ ਦਲਿਤ ਹੈ, ਪਰ ਕਿਤਨੀ ਦਲੇਰੀ ਦੀ ਗੱਲ ਸੀ ਕਿ ਬ੍ਰਾਹਮਣੀ ਮੱਤ ਦੇ ਕੇਂਦਰ ਕਾਸ਼ੀ ਵਿੱਚ ਭਗਤ ਰਵਿਦਾਸ ਜੀ ਉੱਚੀ ਉੱਚੀ ਪੁਕਾਰ ਰਹੇ ਸਨ ਕਿ ਹਰੇਕ ਮਨੁੱਖ ਨੂੰ ਭਗਤੀ ਕਰਨ ਦਾ ਹੱਕ ਹੈ ਕਿਉਂਕਿ ਰੱਬ ਕਿਸੇ ਦੇ ਪਿਉ ਦੀ ਜੱਦੀ ਮਲਕੀਅਤ ਨਹੀਂ, ਉਹ ਤਾਂ ਪ੍ਰੇਮ ਦੇ ਵੱਸ ਹੁੰਦਾ ਹੈ: ‘‘ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰਿ ਰਾਜਾ॥’’ (658) ਵੈਦਿਕ ਮਤੀ ਖਟ (ਛੇ) ਕਰਮ ਕਰਨ ਕਰਕੇ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਤੇ ਪਵਿਤਰ ਮੰਨਦਾ ਸੀ, ਪਰ ਭਗਤ ਰਵਿਦਾਸ ਜੀ ਕਹਿ ਰਹੇ ਸਨ ਕਿ ਕੋਈ ਵੀ ਮਨੁੱਖ ਭਾਵੇਂ ਉਹ ਉੱਚੀ ਕੁਲ ਦਾ ਬ੍ਰਾਹਮਣ ਹੋਵੇ, ਨਿੱਤ ਛੇ ਕਰਮ ਕਰਦਾ ਹੋਵੇ, ਪਰ ਜੇ ਉਹਦਾ ਹਿਰਦਾ ਹਰੀ ਦੀ ਪ੍ਰੇਮਾ ਭਗਤੀ ਤੋਂ ਸੱਖਣਾ ਹੈ ਤਾਂ ਉਹ ਨੀਚ ਹੈ, ਚੰਡਾਲ ਹੈ: ‘‘ਖਟੁ ਕਰਮ ਕੁਲ ਸੰਜੁਗਤੁ ਹੈ, ਹਰਿ ਭਗਤਿ ਹਿਰਦੈ ਨਾਹਿ॥ ਚਰਨਾਰਬਿੰਦ ਨ ਕਥਾ ਭਾਵੈ, ਸਪੁਚ ਤੁਲਿ ਸਮਾਨਿ॥’’ (1124)

ਬਿਪਰਵਾਦ ਦਾ ਵਿਰੋਧ ਕਰਨ ਵਾਲੇ ਲਗਭਗ ਸਾਰੇ ਭਗਤਾਂ ਨੂੰ ਹੀ ਬ੍ਰਾਹਮਣ ਨੇ ਭਾਵੇਂ ਆਪਣੀ ਲਪੇਟ ਵਿੱਚ ਲੈਣ ਦਾ ਯਤਨ ਕੀਤਾ, ਪ੍ਰੰਤੂ ਭਗਤ ਕਬੀਰ ਜੀ ਅਤੇ ਰਵਿਦਾਸ ਜੀ ਉਹਦੀ ਕੁਟਿਲ ਨੀਤੀ ਦਾ ਖਾਸ ਕੇਂਦਰ ਬਿੰਦੂ ਬਣੇ ਰਹੇ ਕਿਉਂਕਿ ਉਹ ਬਿਪਰਵਾਦ ਦੀ ਮੁੱਖ ਟਕਸਾਲ ਵਿੱਚ ਬੈਠੇ ਹੋਏ ਅਜਿਹੀਆਂ ਗਤੀਵਿਧੀਆਂ ਕਰ ਰਹੇ ਸਨ, ਜਿਨ੍ਹਾਂ ਸਦਕਾ ਬ੍ਰਾਹਮਣੀ ਮੱਤ ਦਾ ਜੂਲ਼ਾ ਸਮਾਜ ਦੇ ਮੋਢਿਆਂ ਤੋਂ ਲਹਿੰਦਾ ਜਾਪਦਾ ਸੀ। ਇਨ੍ਹਾਂ ਦੀ ਰੱਬੀ ਭਗਤੀ ਦੇ ਪ੍ਰਤਾਪ ਕਾਰਨ ਬ੍ਰਾਹਮਣ ਦਾ ਇਹ ਹੱਕ ਖੁਸਦਾ ਜਾ ਰਿਹਾ ਸੀ ਕਿ ਧਰਮ-ਕਰਮ, ਪਾਠ-ਪੂਜਾ ਅਥਵਾ ਭਗਤੀ ਕੇਵਲ ਓਹੀ ਕਰ ਸਕਦਾ ਹੈ, ਹੋਰ ਕੋਈ ਨਹੀਂ। ਭਗਤ ਕਬੀਰ ਜੀ ਅਤੇ ਰਵਿਦਾਸ ਜੀ ਦੀਆਂ ਕਈ ਪੰਕਤੀਆਂ ਜਿਵੇਂ ਕਿ ‘‘ਤੁਮ ਕਤ ਬ੍ਰਾਹਮਣ ? ਹਮ ਕਤ ਸੂਦ ? ਅਥਵਾ ‘‘ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰਿ ਰਾਜਾ॥’ ਤਾਂ ਸ਼ਰਧਾਲੂਆਂ ਦੀ ਜ਼ੁਬਾਨ ’ਤੇ ਚੜ੍ਹ ਚੁੱਕੀਆਂ ਸਨ।

ਬ੍ਰਾਹਮਣ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਸਮਾਜ ਭਾਈਚਾਰੇ ਵਿੱਚ ਬਦਨਾਮ ਕਰਨ ਲਈ ਕਈ ਊਜਾਂ ਲਾਈਆਂ ਅਤੇ ਸਮੇਂ ਦੇ ਹਾਕਮਾਂ ਤੇ ਹੋਰ ਕਈ ਢੰਗ ਤਰੀਕਿਆਂ ਦੁਆਰਾ ਮਰਵਾਣ ਦੇ ਯਤਨ ਕੀਤੇ, ਪਰ ਜਦੋਂ ਕੋਈ ਪੇਸ਼ ਨਾ ਗਈ ਤਾਂ ਚਲਾਕ ਬ੍ਰਾਹਮਣ ਪੁਜਾਰੀਆਂ ਨੇ ਕੁਟਿਲ ਕਹਾਣੀਆਂ ਘੜ ਕੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂ ! ਇਹ ਠੀਕ ਹੈ ਕਿ ਕਬੀਰ ਇੱਕ ਸ਼ੂਦਰ ਜੁਲਾਹੇ ਦੇ ਘਰ ਪਲ਼ਿਆ ਹੈ, ਪਰ ਅਸਲ ਵਿੱਚ ਉਹ ਪੁੱਤ ਇੱਕ ਵਿਧਵਾ-ਬ੍ਰਾਹਮਣੀ ਦਾ ਹੈ, ਜਿਹੜੀ ਬਦਨਾਮੀ ਤੋਂ ਡਰਦੀ ਇਸ ਨੂੰ ਬਨਾਰਸ ਲਾਗੇ ਲਹਿਰ-ਤਲਾਓ ਦੇ ਕਿਨਾਰੇ ਸੁੱਟ ਗਈ ਸੀ। ਕਹਾਣੀ ਨੂੰ ਪੱਕੀ ਤਰ੍ਹਾਂ ਕਾਇਮ ਕਰਨ ਲਈ ਉਸ ਤਲਾ ਦੇ ਕਿਨਾਰੇ ਮੰਦਰ ਵੀ ਬਣਵਾ ਛਡਿਆ ਹੈ।

ਭਗਤ ਰਵਿਦਾਸ ਜੀ ਬਾਰੇ ਐਸੀ ਚਰਿਤ੍ਰਹੀਣ ਕਹਾਣੀ ਘੜਣੀ ਮੁਸ਼ਕਲ ਸੀ ਕਿਉਂਕਿ ਇੱਕੋ ਜਿਹੀਆਂ ਕਹਾਣੀਆਂ ਸ਼ੱਕੀ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਬਾਰੇ ਪ੍ਰਚਾਰਿਆ ਜਾਣ ਲੱਗਾ ਕਿ ਹਾਂ ! ਇਹ ਠੀਕ ਹੈ ਕਿ ਉਹ ਭਗਤ ਰਾਮਨੰਦ ਜੀ (ਬ੍ਰਾਹਮਣ) ਦੇ ਸਰਾਪ ਕਾਰਨ ਇੱਕ ਚਮਾਰ ਘਰ ਜਨਮੇਂ, ਪਰ ਉਹ ਪਿਛਲੇ ਜਨਮ ਦੇ ਇੱਕ ਬ੍ਰਹਮਚਾਰੀ ਬ੍ਰਾਹਮਣ ਸਨ। ਇਹੀ ਕਾਰਨ ਹੈ ਕਿ ਉਹ ਭਗਤੀ ਵਿੱਚ ਸਫਲ ਹੋ ਗਏ।

ਇਹ ਲੰਮੀ ਚੌੜੀ ਕਹਾਣੀ ਇੱਕ ਨਿਰਮਲੇ ਮਹੰਤ ਦੀ ਲਿਖੀ ਬਿਪਰਵਾਦੀ ਪੁਸਤਕ ‘ਗੁਰ ਭਗਤਮਾਲ’ ਵਿੱਚ ਪੜ੍ਹੀ ਜਾ ਸਕਦੀ ਹੈ। ਤੱਤ ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਸੱਖਣੇ ਬਹੁਤ ਸਾਰੇ ਪ੍ਰਚਾਰਕ ਕੀਰਤਨੀਏ ਇਹੀ ਕਥਾ ਕਹਾਣੀਆਂ ਸਟੇਜ ਤੋਂ ਸੁਣਾਈ ਜਾ ਰਹੇ ਹਨ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਸਾਖੀ ਦਾ ਸੰਖੇਪ ਰੂਪ ਕੁਝ ਇਸ ਤਰ੍ਹਾਂ ਹੈ:

‘ਏਕ ਬ੍ਰਹਮਚਾਰੀ ਰਾਮਾਨੰਦ ਜੀ ਕਾ ਸਿੱਖ ਹੂਆ। ਸੋ ਕਾਂਸੀ ਮੇਂ ਭਿਖਿਆ ਮਾਂਗ ਕਰ ਰਸੋਈ ਸਿੱਧ ਕਰ ਕੇ ਰਾਮਾਨੰਦ ਜੀ ਕਉ ਖਵਾਇਆ ਕਰੇ। ਏਕ ਦਿਨ ਬ੍ਰਹਮਚਾਰੀ (ਇੱਕ ਬਾਣੀਏ ਪਾਸੋਂ) ਸੀਧਾ ਲਿਆਇਆ, ਰਸੋਈ ਰਾਮਾਨੰਦ ਜੀ ਕੀ ਰਸਨਾ ਗ੍ਰਹਣ ਕਰਵਾਈ। ਜਬ ਰਾਮਾਨੰਦ ਜੀ ਰਾਤ੍ਰ ਕਉ ਭਗਵੰਤ ਕੇ ਚਰਨੋਂ ਮੈਂ ਬ੍ਰਿਤੀ ਇਸਥਿਤ ਕਰੈ, ਕਿਸੀ ਪ੍ਰਕਾਰ ਭੀ ਨਾਹ ਹੋਵੇ। ਬ੍ਰਹਮਚਾਰੀ ਕਉ ਬਲਾਇ ਕਰ ਪੂਛਤ ਭਏ ਕਿ, ਤੂੰ ਸੀਧਾ ਕਿਸ ਕੇ ਘਰ ਕਾ ਲਿਆਇਆ ਸੀ।.. ਬ੍ਰਹਮਚਾਰੀ ਵਾਰਤਾ ਪ੍ਰਗਟ ਕਰਤਾ ਭਇਆ। . ਰਾਮਾਨੰਦ ਜੀ ਕੀ ਆਗਿਆ ਪਾ ਕਰ ਬ੍ਰਹਮਚਾਰੀ ਤਿਸ (ਬਾਣੀਏ) ਕੇ ਪਾਸ ਜਾਇ ਕਰ ਪੂਛਤ ਭਇਆ। ਬਾਣੀਏ ਨੇ ਕਹਾ ਮੇਰਾ ਸ਼ਾਹ ਤਉ ਚਮਾਰ ਹੈ, ਤਿਸ ਹੀ ਕਾ ਪੈਸਾ ਲੇ ਕਰ ਵਰਤਤਾ ਹੌਂ, ਅਰ ਵੋਹ ਸਦਾ ਹੀ ਦੁਸ਼ਟ ਕਰਮ ਕਰਤਾ ਹੈ।

ਜਬ ਰਾਮਾਨੰਦ ਜੀ ਨੇ ਐਸਾ ਸੁਣਾ, ਤਬ ਕੋਪ ਹੋਇ ਕਰ (ਬ੍ਰਹਮਚਾਰੀ ਕਉ) ਕਹਾ ਅਰੇ ਦੁਸ਼ਟ ! ਤੁਮ ਨੀਚ ਕੇ ਗ੍ਰਹ ਮੈ ਜਨਮ ਧਾਰਨ ਕਰੋ।’

ਸਾਖੀ ਵਿੱਚ ਇਹ ਵੀ ਜ਼ਿਕਰ ਹੈ ਜਦੋਂ ਬ੍ਰਹਮਚਾਰੀ ਚਮਾਰ ਦੇ ਘਰ ਜਾ ਜਨਮਿਆ, ਉਸ ਬਾਲਕ (ਰਵਿਦਾਸ) ਨੂੰ ਆਪਣੇ ਪਹਿਲੇ ਜਨਮ ਦੀ ਸੁਰਤ ਸੀ, ਅਫਸੋਸ ਵਿੱਚ ਉਹ ਮਾਂ ਦੇ ਥਣਾਂ ਦਾ ਦੁੱਧ ਨਹੀਂ ਸੀ ਪੀਂਦਾ। ਰਾਮਾਨੰਦ ਜੀ ਨੂੰ ਸੁਪਨੇ ਵਿੱਚ ਪਰਮਾਤਮਾ ਨੇ ਇਹ ਪ੍ਰੇਰਨਾ ਕੀਤੀ ‘ਐਸੇ ਸੁਣ ਕਰ ਰਾਮਾਨੰਦ ਜੀ ਆਪਣਾ ਚਰਨ ਧੋਇ ਕਰ ਤਿਸ ਕੇ ਮੁਖ ਵਿਖੇ ਪਾਵਤ ਭਏ। ਬਹੁੜੋ ਤਾਰਕ ਮੰਤ੍ਰ ਦੇ ਕਰ ਤਿਸ ਕੇ ਕਾਨ ਮੈ ਆਪਣਾ ਸਿੱਖ ਕਰਤੋ ਭਏ। ਔਰ ਐਸੋ ਵਚਨ ਕੀਆ ਹੇ ਪੁਤ੍ਰ ! ਦੂਧ ਕਉ ਪਾਨ ਕਰੋ, ਅਬ ਸਰਬ ਪਾਪ ਤੇਰੇ ਭਾਗ ਗਏ ਹੈਂ। ਅਬ ਤੂੰ ਨਿਰਮਲ ਹੂਆ ਹੈਂ, ਔਰ ਆਜ ਤੇਰਾ ਨਾਮ ਸੰਸਾਰ ਮੈ ਰਵਿਦਾਸ ਕਰਕੇ ਪ੍ਰਸਿੱਧ ਹੂਆ।’

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਮਹਾਨ ਲੇਖਕ ਪ੍ਰਿੰਸੀਪਲ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਰਾਮਾਨੰਦ ਜੀ ਦੇ ਸ੍ਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ ਤੇ ਫਿਰ ਰਾਮਾਨੰਦ ਜੀ ਇਸ ਰਵਿਦਾਸ ਦੇ ਗੁਰੂ ਵੀ ਬਣੇ ਸਨ, ਤਾਂ ਜਦੋਂ ਰਵਿਦਾਸ ਰਤਾ ਸਿਆਣੀ ਉਮਰ ਦਾ ਹੋਇਆ ਹੋਵੇਗਾ, ਇਸ ਨੂੰ ਵੀ ਉਹਨਾਂ ਉਹ ਸਾਰੀ ਵਾਰਤਾ ਜ਼ਰੂਰ ਸੁਣਾਈ ਹੋਵੇਗੀ, ਪਰ ਇਹ ਅਚਰਜ ਗੱਲ ਹੈ ਕਿ ਰਵਿਦਾਸ ਜੀ ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਸਮਝਦੇ ਰਹੇ, ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਚਮਾਰ ਹੀ ਆਖਦੇ ਰਹੇ। ਕਈ ਸ਼ਬਦਾਂ ਵਿੱਚ ਪਰਮਾਤਮਾ ਦੇ ਦਰ ’ਤੇ ਰਵਿਦਾਸ ਜੀ ਅਰਦਾਸ ਕਰਦੇ ਹਨ ਤੇ ਆਖਦੇ ਹਨ ਕਿ ਹੇ ਪ੍ਰਭੂ ! ਮੇਰੇ ਮਨ ਦੇ ਵਿਕਾਰ ਦੂਰ ਕਰ, ਪਰ ਕਿਤੇ ਵੀ ਉਹਨਾਂ ਆਪਣੀ ਇਸ ਪਿਛਲੇ ਜਨਮ ਦੀ ਹੱਡ-ਬੀਤੀ ਦਾ ਹਵਾਲਾ ਦੇ ਕੇ ਨਹੀਂ ਆਖਿਆ ਕਿ ਪ੍ਰਭੂ ਜੀ ! ਭੁੱਲਾਂ ਦੇ ਕਾਰਨ ਹੀ ਮੈਂ ਬ੍ਰਾਹਮਣ-ਜਨਮ ਤੋਂ ਡਿੱਗ ਕੇ ਚਮਾਰ-ਜਾਤੀ ਵਿੱਚ ਆ ਅੱਪੜਿਆਂ ਹਾਂ, ਕਿਰਪਾ ਕਰਕੇ ਮੈਨੂੰ ਬਖ਼ਸ਼ ਲਓ।

ਦੂਜਾ ਪੱਖ ਇਹ ਵੀ ਵਿਚਾਰਨਯੋਗ ਹੈ ਕਿ ਸ੍ਰਾਪ ਦੀ ਖ਼ਬਰ ਸਿਰਫ਼ ਕੇਵਲ ਦੋ ਜਣਿਆਂ ਨੂੰ ਹੀ ਸੀ, ਰਾਮਾਨੰਦ ਨੂੰ ਅਤੇ ਉਸ ਬ੍ਰਹਮਚਾਰੀ ਨੂੰ। ਚਮਾਰ ਦੇ ਘਰ ਜੰਮ ਕੇ ਪਹਿਲਾਂ ਪਹਿਲਾਂ ਅਜੇ ਉਸ ਬਾਲ ਨੂੰ ਚੇਤਾ ਵੀ ਸੀ ਕਿ ਮੈਂ ਬ੍ਰਾਹਮਣ ਤੋਂ ਚਮਾਰ ਬਣਿਆ ਹਾਂ। ਜੇਕਰ ਰਾਮਾਨੰਦ ਜੀ ਨੇ ਸ੍ਰਾਪ ਵਾਲੀ ਵਾਰਤਾ ਕਿਸੇ ਨੂੰ ਵੀ ਨਹੀਂ ਸੁਣਾਈ ਤਾਂ ‘ਗੁਰ ਭਗਤ ਮਾਲ’ ਦੇ ਲਿਖਾਰੀ ਨੂੰ ਕਿਥੋਂ ਸੂਹ ਲੱਗ ਗਈ ?  ਇਹ ਗੱਲ ਹੈ ਵੀ ਐਸੀ ਅਨੋਖੀ ਸੀ ਕਿ ਕਿਸੇ ਇੱਕ ਧਿਰ ਨੂੰ ਵੀ ਜੇ ਰਾਮਾਨੰਦ ਜੀ ਦੱਸ ਦੇਂਦੇ ਤਾਂ ਸਾਰੇ ਸ਼ਹਿਰ ਵਿੱਚ ਕਾਂਵਾਂਰੌਲੀ ਪੈ ਜਾਂਦੀ ਅਤੇ ਲੋਕ ਹੁੰਮ-ਹੁਮਾ ਕੇ ਉਸ ਅਨੋਖੇ ਬਾਲ ਨੂੰ ਵੇਖਣ ਤੁਰ ਪੈਂਦੇ ਤੇ ਰਵਿਦਾਸ ਨੂੰ ਸਾਰੀ ਉਮਰ ਲੋਕ ਉਸ ਦੀ ਇਹ ਹੱਡ-ਬੀਤੀ ਚੇਤੇ ਕਰਾਂਦੇ ਰਹਿੰਦੇ, ਪਰ ਭਗਤ ਜੀ ਮਹਾਰਾਜ ਤਾਂ ਸਦਾ ਇਹੀ ਆਖਦੇ ਰਹੇ: ‘‘ਨਾਗਰ ਜਨਾਂ  ! ਮੇਰੀ ਜਾਤਿ ਬਿਖਿਆਤ ਚੰਮਾਰੰ॥ ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ ਨਿਤਹਿ; ਬਾਨਾਰਸੀ ਆਸ ਪਾਸਾ॥ ਅਬ ਬਿਪ੍ਰ ਪਰਧਾਨ ਤਿਹ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸ ਦਾਸਾ॥’’ (ਮਲਾਰ, ਪੰ 1293) ਅਰਥ: ਹੇ ਨਗਰ ਦੇ ਲੋਕੋ ! ਮੇਰੀ ਜਾਤ ਚਮਿਆਰ ਹੈ, ਮੇਰੀ ਜਾਤ ਦੇ ਲੋਕ (ਚੰਮ) ਕੁਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ; ਪਰ (ਹੇ ਪ੍ਰਭੂ !) ਉਸੇ ਕੁਲ ਵਿੱਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ।

ਇਕ ਹੋਰ ਗੱਲ ਵੀ ਬੜੀ ਅਣ-ਹੋਣੀ ਜਿਹੀ ਹੈ। ‘ਗੁਰ ਭਗਤ ਮਾਲ’ ਦੇ ਲਿਖਾਰੀ ਦਾ ਪਰਮਾਤਮਾ ਭੀ ਕੋਈ ਅਨੋਖੀ ਹਸਤੀ ਹੈ। ਲਿਖਾਰੀ ਲਿਖਦਾ ਹੈ ਕਿ ਜਦੋਂ ਬ੍ਰਹਮਚਾਰੀ ਚਮਾਰਾਂ ਦੇ ਘਰ ਜੰਮ ਪਿਆ ਤਾਂ ਉਹ ਆਪਣੇ ਪਿਛਲੇ ਉੱਤਮ ਜਨਮ ਦਾ ਚੇਤਾ ਕਰ ਕੇ ਆਪਣੀ ਚਮਾਰ-ਮਾਂ ਦੇ ਥਣਾਂ ਤੋਂ ਦੁੱਧ ਨਹੀਂ ਸੀ ਪੀਂਦਾ। ਪਰਮਾਤਮਾ ਨੇ ਰਾਮਾਨੰਦ ਨੂੰ ਸੁਪਨੇ ਵਿੱਚ ਝਾੜ ਪਾਈ ਕਿ ਇੱਕ ਨਿੱਕੀ ਜਿਹੀ ਗੱਲ ਪਿੱਛੇ ਤੂੰ ਉਸ ਗ਼ਰੀਬ ਬ੍ਰਹਮਚਾਰੀ ਨੂੰ ਸ੍ਰਾਪ ਦੇ ਕੇ ਕਿਉਂ ਇਹ ਕਸ਼ਟ ਦਿੱਤਾ। ਕੀ ਲਿਖਾਰੀ ਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਬਦੋ-ਬਦੀ ਹੀ ਸ੍ਰੀ ਰਾਮਾਨੰਦ ਨੇ ਬ੍ਰਾਹਮਣ ਨੂੰ ਚਮਾਰ ਦੇ ਘਰ ’ਚ ਜਨਮ ਦੇ ਦਿੱਤਾ ? ਕੀ ਭਗਤੀ ਦਾ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ ਭਗਤ ਆਪ-ਹੁਦਰੀਆਂ ਵੀ ਕਰਨ ਲੱਗ ਪੈਣ ? ਤੇ ਕੀ ਜੋ ਜੋ ਅਨਰਥ ਅਜਿਹੇ ਭਗਤ ਜਗਤ ਵਿੱਚ ਕਰਨਾ ਕਰਾਣਾ ਚਾਹੁੰਣ, ਰੱਬ ਨੂੰ ਜ਼ਰੂਰ ਕਰਨੇ ਪੈਂਦੇ ਹਨ ?

ਹਾਂ ! ਇਹ ਤਾਂ ਠੀਕ ਹੈ ਕਿ ‘‘ਜੋ ਜੋ ਚਿਤਵਹਿ ਸਾਧ ਜਨ, ਸੋ ਲੇਤਾ ਮਾਨਿ॥’’ (817) ਪਰ ਗੁਰਮਤਿ ਦਾ ਇਹ ਸਿਧਾਂਤ ਵੀ ਅਟੱਲ ਹੈ ਕਿ ਭਗਤ ਵੀ ਉਹੀ ਹੋ ਸਕਦਾ ਹੈ ਜੋ ਪਰਮਾਤਮਾ ਦੀ ਪੂਰਨ ਰਜ਼ਾ ਵਿੱਚ ਰਹਿੰਦਾ ਹੈ। ਭਗਤ ਕੋਈ ਐਸੀ ਗੱਲ ਚਿਤਵਦਾ ਹੀ ਨਹੀਂ ਜੋ ਪਰਮਾਤਮਾ ਦੀ ਮਰਜ਼ੀ ਅਨੁਸਾਰ ਨਾ ਹੋਵੇ ‘‘ਭਗਤੁ ਸਤਿਗੁਰੁ ਪੁਰਖੁ ਸੋਈ, ਜਿਸੁ ਹਰਿ ਪ੍ਰਭ ਭਾਣਾ ਭਾਵਏ॥’’ (923) ਅਤੇ ਇਹ ਵੀ ਹਕੀਕਤ ਹੈ ਕਿ ਰੱਬੀ ਭਾਣਾ ਮੰਨਣ ਵਾਲੇ ਭਗਤ-ਜਨ ਹੀ ਉਸ ਦੇ ਦਰ ਪ੍ਰਵਾਨ ਹੁੰਦੇ ਹਨ ‘‘ਹਰਿ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰਿ ਥਾਇ॥’’ (65) ਭਗਤ ਰਾਮਾਨੰਦ ਜੀ ‘ਹੁਕਮਿ ਰਜਾਈ ਚਲਣਾ’ ਦਾ ਉਪਦੇਸ਼ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਪਾਰਖੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ ਭਗਤ ਸਨ, ਜਿਨ੍ਹਾਂ ਦਾ ਬ੍ਰਹਮ ਘਟ ਘਟ ਵਿੱਚ ਵਿਆਪਕ ਹੋ ਰਿਹਾ ਹੈ: ‘‘ਰਾਮਾਨੰਦ ਸੁਆਮੀ ਰਮਤ ਬ੍ਰਹਮ॥’’ (1195)

ਇਸ ਲਈ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਰੱਬੀ ਰਜ਼ਾ ਦੇ ਉਲਟ ਜਾਂਦੇ ਹੋਏ ਆਪਣੇ ਕਿਸੇ ਸੇਵਕ ਨੂੰ ਸਰਾਪ ਦੇ ਸਕਣ ? ਕਦਾਚਿਤ ਨਹੀ ! ਬਿਲਕੁਲ ਨਹੀ! ਸੋ ਗੁਰੂ ਵਚਨਾਂ ਨਾਲ ਸਿੱਧ ਹੋਇਆ ਕਿ ਭਗਤ ਰਵਿਦਾਸ ਜੀ ਦੇ ਜਨਮ ਬਾਰੇ ਪਿਛਲੇ ਜਨਮ ਦੀ ਘੜੀ ਕਹਾਣੀ ਸੌ ਫੀਸਦੀ ਝੂਠੀ ਹੈ, ਝੂਠ ਹੈ ਤੇ ਉਸ ਦਾ ਲਿਖਾਰੀ ਰੱਬੀ ਭਗਤਾਂ ਨੂੰ ਕੇਵਲ ਉੱਚੀ ਜਾਤੀ ਨਾਲ ਜੋੜਨ ਦਾ ਭਰਮ ਪਾਲ਼ੀ ਬੈਠਾ ਹੈ।

ਹਰਿਆਣਾ ਪੁਲੀਸ ਹੋਂਦ ਚਿੱਲੜ ਮਾਮਲੇ ਵਿੱਚ ਨਾਮਜ਼ਦ ਪੁਲੀਸ ਅਧਿਕਾਰੀਆਂ ’ਤੇ ਮਿਹਰਬਾਨ: ਗਿਆਸਪੁਰਾ

0

ਹਰਿਆਣਾ ਪੁਲੀਸ ਹੋਂਦ ਚਿੱਲੜ ਮਾਮਲੇ ਵਿੱਚ ਨਾਮਜ਼ਦ ਪੁਲੀਸ ਅਧਿਕਾਰੀਆਂ ’ਤੇ ਮਿਹਰਬਾਨ: ਗਿਆਸਪੁਰਾ

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ, ਸਖ਼ਤ ਕਾਰਵਾਈ ਮੰਗੀ

ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ:

ਹਰਿਆਣਾ ਵਿਚਲੇ ਪਿੰਡ ਹੋਂਦ ਚਿੱਲੜ ਵਿੱਚ ਨਿਰਦੋਸ਼ ਕਤਲ ਕੀਤੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆ ਵੱਲੋਂ ਆਪਣੇ ਵਕੀਲ ਪੂਰਨ ਸਿੰਘ ਹੂੰਦਲ ਵੱਲੋਂ ਇਸ ਕੇਸ ’ਚ ਨਾਮਜ਼ਦ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ਤੇ ਇੱਕ ਸ਼ਿਕਾਇਤ ਸਬੰਧਤ ਥਾਣਾ ਮੁਖੀ ਨੂੰ ਦਿੱਤੀ ਹੈ ਅਤੇ ਇਸ ਸ਼ਿਕਾਇਤ ਦੀ ਇੱਕ ਕਾਪੀ ਮੁਖ ਮੰਤਰੀ ਹਰਿਆਣਾ, ਡੀਜੀਪੀ ਹਰਿਆਣਾ ਅਤੇ ਜਿਲਾ ਨਰਨੋਲ ਦੇ ਪੁਲੀਸ ਮੁਖੀ ਨੂੰ ਵੀ ਭੇਜੀ ਹੈ। ਗਿਆਸਪੁਰਾ ਨੇ ਦੱਸਿਆ ਕਿ ਜੇਕਰ ਪੁਲਿਸ ਅਤੇ ਹਰਿਆਣਾ ਸਰਕਾਰ ਨੇ ਸਬੰਧਤ ਚਾਰ ਪੁਲਿਸ ਕਰਮੀਆਂ ਐਸ.ਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ.ਆਈ ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਤਲ ਅਤੇ ਦੰਗਾ ਫਸਾਦ ਫੈਲਾਉਣ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਨਾ ਕੀਤਾ ਗਿਆ ਤਾਂ ਉਹ ਆਪਣੇ ਵਕੀਲ ਪੂਰਨ ਸਿੰਘ ਹੁੰਦਲ ਰਾਹੀਂ ਹਰਿਆਣਾ ਸਰਕਾਰ ਅਤੇ ਪੁਲਿਸ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗਿਆਸਪੁਰਾ ਅਤੇ ਉਨਾਂ ਦੇ ਵਕੀਲ ਨੇ ਦੋਸ਼ ਲਗਾਇਆ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਹਰਿਆਣਾ ਦੇ ਰਿਟਾਇਰ ਜੱਜ ਟੀ. ਪੀ. ਐਸ ਗਰਗ ਦੀ ਦੇਖ ਰੇਖ ’ਚ ਬਣਾਏ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਿੰਡ ਹੋਂਦ ਚਿੱਲੜ ’ਚ 3 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਦੀ ਹੱਤਿਆ ਕੀਤੀ ਗਈ ਸੀ। ਕਮਿਸ਼ਨ ਵੱਲੋਂ ਇਸ ਕਤਲ ਕਾਂਡ ਲਈ 4 ਪੁਲਿਸ ਕਰਮੀਆਂ ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ. ਆਈ ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਾਰਵਾਈ ਕਰਨ ਦੀ ਤਾਕੀਦ ਕੀਤੀ ਸੀ।

ਗਿਆਸਪੁਰਾ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਕਤ ਪੁਲਿਸ ਕਰਮੀਆਂ ਖਿਲਾਫ ਮਾਮਲਾ ਤਾਂ ਕੀ ਦਰਜ਼ ਕਰਨਾ ਸੀ, ਉਲਟਾ ਉਨਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ। ਉਨਾਂ ਦੱਸਿਆ ਕਿ ਕਮਿਸ਼ਨ ਦੀ ਰਿਪੋਰਟ ਦੇ ਪੈਰਾ ਨੰ-109 ’ਚ ਲਿਖਿਆ ਹੈ ਕਿ 200 ਤੋਂ ਲੈ ਕੇ 500 ਤੱਕ ਦੀ ਤਦਾਦ ਵਾਲੇ ਵਿਅਕਤੀਆਂ ਨੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ’ਚ ਆ ਕੇ ਪਿੰਡ ਹੋਂਦ ਚਿੱਲੜ ਦੇ 31 ਸਿੱਖਾਂ ਅਤੇ 1 ਫੌਜੀ ਜਵਾਨ ਇੰਦਰਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲੱਖਾਂ ਦਾ ਸਮਾਨ ਲੁੱਟ ਲਿਆ ਅਤੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਉਨਾਂ ਦੱਸਿਆ ਕਿ ਕਮਿਸ਼ਨ ਨੇ ਪੇਜ਼ ਨੰ-134 ’ਚ ਲਿਖਿਆ ਹੈ ਕਿ ਡੀ. ਐਸ. ਪੀ ਰਾਮ ਕਿਸ਼ੋਰ ਤੇ ਰਾਮ ਭੱਜ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨਾਂ ਖਿਲਾਫ ਧਾਰਾ-217,218,219,220,221,302,395,436 ਤੇ 120ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਜਾਵੇ। ਗਿਆਸਪੁਰਾ ਅਤੇ ਭਾਈ ਘੋਲੀਆ ਨੇ ਪੰਜਾਬ ’ਚ ਚੋਣਾਂ ਲੜ ਰਹੀਆਂ ਸਭਨਾ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣ ਤਾਂ ਜੋ ਨਵੰਬਰ 1984 ਵਿੱਚ ਕਤਲ ਕੀਤੇ ਹਜ਼ਾਰਾ ਸਿੱਖਾਂ ਨੂੰ ਇਨਸਾਫ ਮਿਲ ਸਕੇ।

ਅੱਛਾ ਆਰੰਭ

0

ਕਾਵਿ-ਵਿਅੰਗ

ਅੱਛਾ ਆਰੰਭ 

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਉਥੇ ਪੁੱਛਦਾ ਕੋਣ ਹੈ ਆਲੂਆਂ ਨੂੰ, ਜਿਥੇ ਬਣਿਆ ਮਟਰ ਪਨੀਰ ਹੋਵੇ।

ਦਿੰਦਾ ਦਲੀਏ ਵੱਲ ਧਿਆਨ ਕਿਹੜਾ, ਮੱਥੇ ਲੱਗਦੀ ਕਿਤੇ ਜੇ ਖੀਰ ਹੋਵੇ।

ਹੁੰਦੀ ਭਲੇ ਦੀ ਆਸ ਨਾ ਚੇਲਿਆਂ ਤੋਂ, ਲੰਢਾ ਲੁੱਚਾ ਜਿਨ੍ਹਾਂ ਦਾ ਪੀਰ ਹੋਵੇ।

ਹੁੰਦਾ ਜਿਸ ਦਾ ਅੱਛਾ ਆਰੰਭ ‘ਚੋਹਲਾ’, ਅੱਛਾ ਉਸ ਦਾ ਹੀ ਅਖੀਰ ਹੋਵੇ।

—–੦——-

ਨਰਕ

0

ਕਾਵਿ-ਵਿਅੰਗ

ਨਰਕ

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਸੱਚੇ ਬੰਦੇ ਦੀ ਸਦਾ ਹੀ ਜਿੱਤ ਹੁੰਦੀ, ਬੇੜਾ ਝੂਠੇ ਦਾ ਹੁੰਦਾ ਹੈ ਗਰਕ ਮੀਆਂ।

ਬਿੰਨ ਕੀਤਿਆਂ ਕਦੇ ਨਾ ਕੁੱਝ ਹੋਵੇ, ਤਰਕਸ਼ੀਲਾਂ ਦਾ ਹੁੰਦਾ ਇਹ ਤਰਕ ਮੀਆਂ।

ਜਿਸ ਬੰਦੇ ਦੀ ਹੋਵੇ ਔਲਾਦ ਮਾੜੀ, ਉਹ ਤਾਂ ਭੋਗਦਾ ਇੱਥੇ ਹੀ ਨਰਕ ਮੀਆਂ।

ਨਿੰਦਦੇ ਭੰਡਦੇ ‘ਚੋਹਲੇ’ ਨੂੰ ਲੋਕ ਭਾਵੇਂ, ਪੈਂਦਾ ਉਸ ਨੂੰ ਕਦੇ ਨਾ ਫਰਕ ਮੀਆਂ।

—–੦——

ਗੁਰੂ ਕਾ ਲੰਗਰ

0

ਗੁਰੂ ਕਾ ਲੰਗਰ

ਰਮੇਸ਼ ਬੱਗਾ ‘ਚੋਹਲਾ’ (ਲੁਧਿਆਣਾ)-94631-32719

ਭਾਈਚਾਰੇ ਦਾ ਪ੍ਰਤੀਕ ਹੈ: ਗੁਰੂ ਘਰ ਕਾ ਲੰਗਰ।

ਬਰਾਬਰਤਾ ਦੀ ਤਸਦੀਕ ਹੈ: ਗੁਰੂ ਕਾ ਲੰਗਰ।

ਸੇਵਾ ਸਿਮਰਨ ਦੀ ਤੌਫ਼ੀਕ ਹੈ: ਗੁਰ ਕਾ ਲੰਗਰ।

ਵਿਤਕਰਿਆਂ ’ਤੇ ਲੀਕ ਹੈ: ਗੁਰੂ ਕਾ ਲੰਗਰ।

ਸਾਂਝੀਵਾਲਤਾ ਲਈ ਸ਼ਰੀਕ ਹੈ: ਗੁਰੂ ਕਾ ਲੰਗਰ।

ਲੋੜਵੰਦਾਂ ਲਈ ਸਦੀਕ ਹੈ: ਗੁਰੂ ਕਾ ਲੰਗਰ।

ਤਨ ਮਨ ਲਈ ਤ੍ਰਿਪਤੀਕ ਹੈ: ਗੁਰੂ ਕਾ ਲੰਗਰ।

ਛੱਕਣਾ ਛਕਾਉਣਾ ਨਾਲ ਅਦਬ ਦੇ, ਹੁੰਦਾ ਠੀਕ ਹੈ: ਗੁਰੂ ਕਾ ਲੰਗਰ ।

ਮੁੱਖ ਵਾਕ ਪੇਜ ਨੰਬਰ 750

0

ਮੁੱਖ ਵਾਕ (ਪੇਜ ਨੰਬਰ 750, ਗੁਰੂ ਅਰਜਨ ਸਾਹਿਬ ਜੀ, ਰਾਗ ਸੂਹੀ)

ਸੂਹੀ, ਮਹਲਾ ੫ ॥ (ਸੂਹੀ/ਮ: ੫/੭੫੦)

ਜਿਸ ਕੇ ਸਿਰ ਊਪਰਿ; ਤੂੰ ਸੁਆਮੀ  ! ਸੋ ਦੁਖੁ ਕੈਸਾ ਪਾਵੈ  ? ॥

ਅਰਥ: ਹੇ ਮੇਰੇ ਮਾਲਕ ! ਜਿਸ (ਤੇਰੇ ਸੇਵਕ) ਉੱਤੇ ਤੇਰੀ ਕਿਰਪਾ ਹੋ ਜਾਏ, ਉਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ ਭਾਵ ਉਹ ਵਿਅਕਤੀ ਅੰਦਰੂਨੀ ਵਿਕਾਰਾਂ ਜਾਂ ਪਰਿਵਾਰਕ ਤੇ ਸਮਾਜਿਕ ਸਮੱਸਿਆਵਾਂ ਅੱਗੇ ਤੇਰੇ ਆਸਰੇ ਨਾਲ ਡੋਲਦਾ ਨਹੀਂ, ਸਗੋਂ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਾ ਹੋਇਆ ਆਪਣੇ ਸਰੀਰਕ ਕਸ਼ਟਾਂ ਨੂੰ ਮਹਿਸੂਸ (ਉਜਾਗਰ) ਨਹੀਂ ਹੋਣ ਦਿੰਦਾ।

ਬੋਲਿ ਨ ਜਾਣੈ, ਮਾਇਆ ਮਦਿ ਮਾਤਾ; ਮਰਣਾ ਚੀਤਿ ਨ ਆਵੈ ॥੧॥

ਅਰਥ: ਕਿਉਂਕਿ ਉਹ ਮਾਇਆ ਦੇ ਕਿਸੇ ਨਸ਼ੇ ’ਚ ਮਸਤ ਹੋਇਆ (ਅਹੰਕਾਰੀ) ਵਚਨ ਬੋਲਣਾ ਹੀ ਨਹੀਂ ਜਾਣਦਾ (ਤਾਂ ਜੋ ਵਿਕਾਰ ਆਪਣਾ ਪ੍ਰਭਾਵ ਪਾ ਸਕਣ, ਸੱਚ ਦੇ ਬਦਲੇ) ਸਰੀਰਕ ਮੌਤ ਨੂੰ ਬਹੁਤੀ ਤਵੱਜੋ ਹੀ ਨਹੀਂ ਦਿੰਦਾ ਭਾਵ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਦਾ।

ਮੇਰੇ ਰਾਮ ਰਾਇ  ! ਤੂੰ ਸੰਤਾ ਕਾ, ਸੰਤ ਤੇਰੇ ॥ ਤੇਰੇ ਸੇਵਕ ਕਉ, ਭਉ ਕਿਛੁ ਨਾਹੀ; ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

ਅਰਥ: ਹੇ ਮੇਰੇ (ਸਹਾਰੇ) ਸੱਚੇ ਪਾਤਿਸ਼ਾਹ ! ਤੂੰ ਅਜਿਹੇ ਸੰਤਾਂ ਦਾ ਮਾਲਕ ਹੈਂ ਤੇ ਉਹ ਸੰਤ ਕੇਵਲ ਤੇਰੇ ਹੀ ਸੇਵਕ ਹਨ ਭਾਵ ਕਿਸੇ ਹੋਰ ਆਸਰੇ ਨੂੰ ਜੀਵਨ ਦਾ ਆਧਾਰ ਨਹੀਂ ਬਣਾਉਂਦੇ। ਇਸ ਲਈ ਤੇਰੇ ਸੇਵਕਾਂ ਨੂੰ ਕੋਈ ਡਰ ਨਹੀਂ ਰਹਿੰਦਾ ਤੇ ਆਤਮਿਕ ਮੌਤ (ਭਾਵ ਕੋਈ ਲਾਲਚ ਜਾਂ ਸੁਆਰਥ, ਆਦਿ) ਨੇੜੇ ਨਹੀਂ ਆ ਸਕਦਾ।

ਜੋ ਤੇਰੈ ਰੰਗਿ ਰਾਤੇ ਸੁਆਮੀ  ! ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ; ਸਤਿਗੁਰ ਕਾ ਦਿਲਾਸਾ ॥੨॥

ਅਰਥ: ਹੇ ਮੇਰੇ ਮਾਲਕ ! ਸਤਿਗੁਰੂ ਦਾ ਇਹ ਭਰੋਸਾ ਹੈ ਕਿ ਅਜਿਹੇ ਹੋਰ ਵੀ ਵਿਅਕਤੀ ਜੋ ਤੇਰੇ ਪ੍ਰੇਮ-ਰੰਗ ਵਿੱਚ ਰੰਗੇ ਰਹਿੰਦੇ ਹਨ ਉਨ੍ਹਾਂ ਦਾ ਵੀ ਜਨਮ ਤੋਂ ਮਰਨ ਤੱਕ ਦਾ ਤਮਾਮ ਦੁੱਖ ਕੱਟਿਆ ਜਾਂਦਾ ਹੈ ਭਾਵ ਉਹ ਹਰ ਦੁੱਖ ਤੋਂ ਉੱਪਰ ਉੱਠ ਜਾਂਦੇ ਹਨ। (ਉਨ੍ਹਾਂ ਦੀ ਮਦਦ ਕਰਨ ਵਾਲੀ) ਤੇਰੀ ਰਹਿਮਤ ਦ੍ਰਿਸ਼ਟੀ ਨੂੰ ਕੋਈ ਵਿਰੋਧੀ ਰੋਕ ਨਹੀਂ ਸਕਦਾ।

ਨਾਮੁ ਧਿਆਇਨਿ, ਸੁਖ ਫਲ ਪਾਇਨਿ; ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ; ਪੰਚ ਦੁਸਟ ਲੈ ਸਾਧਹਿ ॥੩॥

ਅਰਥ: ਜੋ ਤੇਰਾ ਨਾਮ (ਗੁਣ, ਵਡੱਪਣ, ਹੋਂਦ) ਅੱਠੇ ਪਹਿਰ ਯਾਦ ਰੱਖਦੇ ਹਨ, ਚੇਤੇ ਕਰਦੇ ਹਨ ਉਹ (ਦਰ-ਦਰ ’ਤੇ ਭਟਕਣ ਦੀ ਬਜਾਇ ਸਦਾ) ਅਨੰਦ ਪ੍ਰਾਪਤ ਕਰਦੇ ਹਨ। ਤੇਰੇ ਆਸਰੇ ਅਤੇ ਤੇਰੇ ਉੱਤੇ ਬਣੇ ਵਿਸ਼ਵਾਸ ਨਾਲ਼ ਹੀ ਉਹ ਪੰਜੇ ਕਾਮਾਦਿਕ ਵੈਰੀਆਂ ਨੂੰ ਕਾਬੂ ਕਰ ਲੈਂਦੇ ਹਨ।

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥

ਅਰਥ: ਹੇ ਮੇਰੇ ਮਾਲਕ  ! ਮੈਨੂੰ ਨਾਨਕ ਨੂੰ ਸਰਬੋਤਮ ਸਤਿਗੁਰੂ ਮਿਲ ਗਿਆ ( ਭਾਵ ਤੈਨੂੰ ਵੇਖਣ ਵਾਲੀਆਂ ਅੱਖਾਂ ਮਿਲ ਗਈਆਂ), ਜਿਸ ਨੇ ਮੇਰੀ ਲੋਕ-ਪ੍ਰਲੋਕ ’ਚ ਇੱਜ਼ਤ ਰੱਖ ਲਈ, ਨਹੀਂ ਤਾਂ ਮੈਂ ਤੇਰੀ (ਹੋਂਦ ਦੀ) ਕੋਈ ਕਦਰ ਹੀ ਨਾ ਕਰਦਾ, ਤੇਰਾ ਗਿਆਨ ਤੇ ਧਿਆਨ ਹੀ ਕਰਨਾ ਨਹੀਂ ਜਾਣ ਸਕਦਾ ਸੀ।

ਮਿਤੀ-18-1-2017

ਗਿਆਨੀ ਅਵਤਾਰ ਸਿੰਘ

ਪੰਜਾਬੀਓ ਜਾਗਦੇ ਕਿ ਸੁੱਤੇ !

0

ਪੰਜਾਬੀਓ ਜਾਗਦੇ ਕਿ ਸੁੱਤੇ  !

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)- 98146-99446

ਪੰਜਾਬ ਨੂੰ ਮਾਣ ਹੈ ਕਿ ਇਸ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਪੰਜਾਬ ਦੀ ਧਰਤੀ ’ਤੇ ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਿਗਵੇਦ ਦੀ ਰਚਨਾ ਹੋਈ ਹੈ। ਇਸ ਧਰਤੀ ਦਾ ਜ਼ਰਰਾ ਜ਼ਰਰਾ ਸੂਰਮਿਆਂ ਦੀ ਸੂਰਮਗਤੀ ਦੇ ਸੋਹਲੇ ਗਾਉਂਦਾ ਹੈ ਜਿਸ ਦੀ ਮਿਸਾਲ ਇਸ ਧਰਤੀ ’ਤੇ ਲੱਗਦੇ ਮੇਲਿਆਂ ਤੋਂ ਮਿਲਦੀ ਹੈ। ਪੰਜਾਬ ਨੂੰ ਮਾਣ ਹੈ ਕਿ ਭਾਰਤ ਦੇਸ਼ ਦੀ ਰਾਖੀ ਲਈ ਇਸ ਦੇ ਮਹਾਨ ਸਪੂਤਾਂ ਨੇ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕੀਤਾ ਹੈ। ਸਮੇਂ-ਸਮੇਂ ਸਿਰ ਦੇਸ਼ ਉੱਤੇ ਕਦੇ ਤੁਰਕਾਂ, ਕਦੇ ਅਫਗਾਨੀਆਂ ਅਤੇ ਕਦੇ ਅੰਗਰੇਜ਼ਾਂ ਨੇ ਹਮਲੇ ਕੀਤੇ ਪਰ ਪੰਜਾਬੀਆਂ ਦੇ ਜੋਸ਼ ਅੱਗੇ ਕੋਈ ਟਿਕ ਨਹੀਂ ਸੀ ਸਕਿਆ। ਪੰਜਾਬੀਆਂ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਹੁਣ ਦੇ ਹਾਲਾਤ ਬਿਲਕੁਲ ਵੱਖਰੇ ਹਨ। ਹੁਣ ਪੰਜਾਬੀਆਂ ਨੂੰ ਨਾ ਤੁਰਕਾਂ ਤੋਂ ਖਤਰਾ ਹੈ, ਨਾ ਅਫਗਾਨੀਆਂ ਤੋਂ ਅਤੇ ਨਾ ਹੀ ਅੰਗਰੇਜ਼ਾਂ ਤੋਂ, ਹੁਣ ਤਾਂ ਇਸ ਨੂੰ ਆਪਣੇ ਹੀ ਖਤਮ ਕਰਨ ’ਤੇ ਤੁਲੇ ਹੋਏ ਹਨ। 1947 ਤੋਂ ਪਿੱਛੋਂ 1984, ਅਤੇ ਬਾਅਦ ਵਿੱਚ ਦਸ-ਪੰਦਰਾਂ ਸਾਲ ਦਾ ਭਿਆਨਕ ਦੌਰ ਪੰਜਾਬੀਆਂ ਦੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਨਿਕਲ ਸਕੇਗਾ। ਕਿਵੇਂ ਨੌਜਵਾਨ ਮੁੰਡਿਆਂ ਹੱਥ ਏ. ਕੇ. ਸੰਤਾਲੀ ਫੜਾ ਕੇ ਭਾਈਆਂ ਹੱਥੋਂ ਭਾਈਆਂ ਦਾ ਕਤਲ ਕਰਵਾਇਆ ਗਿਆ ਸੀ। ਇਹ ਜਖ਼ਮ ਹਾਲੇ ਵੀ ਰਿਸ ਰਹੇ ਹਨ। ਹੁਣ ਇਨ੍ਹਾਂ ਜਖ਼ਮਾਂ ’ਤੇ ਲੂਣ ਪਾਉਣ ਲਈ ਬੜੀਆਂ ਹੀ ਸੋਚੀਆਂ ਸਮਝੀਆਂ ਚਾਲਾਂ ਤਹਿਤ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਦੀ ਐਸੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ।

ਨੌਜਵਾਨ ਮੁੰਡੇ-ਕੁੜੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਧੰਦਾ ਹਰ ਪਿੰਡ, ਹਰ ਸ਼ਹਿਰ ’ਚ ਬਿਨਾਂ ਕਿਸੇ ਰੋਕ ਟੋਕ ਤੋਂ ਨਿਰੰਤਰ ਚੱਲ ਰਿਹਾ ਹੈ। ਕਿਸੇ ਨਾ ਕਿਸੇ ਰਾਜਸੀ ਨੇਤਾ ਦੀ ਸ਼ਰਨ ਲੈ ਕੇ ਨਸ਼ੇ ਦੇ ਸੌਦਾਗਰ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ। ਉਹ ਪੰਜਾਬੀ ਜਿਨ੍ਹਾਂ ਦੇ ਸਾਹਮਣੇ ਅਟਕ ਜਿਹੇ ਦਰਿਆ ਰੁਕ ਜਾਂਦੇ ਸਨ, ਕਾਬਲ ਕੰਧਾਰ ਦੇ ਸਾਹ ਸੁੱਕ ਜਾਂਦੇ ਸਨ ਜਿਹੜੇ ਪੰਜਾਬੀ ਕਿਸੇ ਦੀ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਆਪਣਾ ਸਭ ਕੁੱਝ ਦਾਅ ’ਤੇ ਲਾ ਦਿੰਦੇ ਸਨ ਅੱਜ ਨਿਗੁਰੇ ਅਤੇ ਬੁਜ਼ਦਿਲ ਬਣ ਕੇ ਸਿਰਫ਼ ਆਪਣੇ ਨਸ਼ੇ ਦੀ ਪੂਰਤੀ ਲਈ ਤਤਪਰ ਹਨ।

ਪੰਜਾਬ ਵਿੱਚ ਪਨਪ ਰਿਹਾ ਡੇਰਾਵਾਦ, ਪੰਜਾਬੀਆਂ ਵਿੱਚ ਭਰਾ ਮਾਰੂ ਜੰਗ ਕਰਵਾਉਣ ’ਤੇ ਉਤਾਵਲਾ ਹੋਇਆ ਪਿਆ ਹੈ। ਪਿੰਡਾਂ ਵਿੱਚ ਬਣੇ ਵੱਖ-ਵੱਖ ਧੜੇ, ਇੱਕ-ਦੂਜੇ ਵੱਲ ਕੈਰੀ ਅੱਖ ਨਾਲ ਵੇਖਦੇ ਹਨ ‘ਜਦੋਂ ਸਾਡਾ ਰਾਜ ਆਊ ਥੋਨੂੰ ਵੇਖਾਂਗੇ’ ਵਰਗੇ ਸ਼ਬਦਾਂ ਨਾਲ ਸੰਬੋਧਿਤ ਹੋ ਕੇ ਆਪਣੇ ਸਕਿਆਂ ਦੇ ਟੋਟੇ-ਟੋਟੇ ਕਰਨ ’ਤੇ ਉਤਰੇ ਹੋਏ ਹਨ। ਹਾਕਮ ਲੋਕ ਵੀ ਇਹ ਚਾਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾ ਕੇ ਰੱਖਿਆ ਜਾਵੇ। ਜੇਕਰ ਇਹ ਇੱਕ ਹੋ ਗਏ ਤਾਂ ਹਾਕਮ ਜਮਾਤ ਨੂੰ ਕੌਣ ਪੁੱਛੇਗਾ। ਪਰ ਭੋਲੇ ਲੋਕ ਇਸ ਗੱਲ ਤੋਂ ਅਣਜਾਣ, ਆਪਣਿਆਂ ਨੂੰ ਹੀ ਮਾਰ ਮੁਕਾਉਣ ’ਤੇ ਤੁਲੇ ਹੋਏ ਹਨ।

ਪੰਜਾਬੀ ਲੋਕ ਜਿਨ੍ਹਾਂ ਦੇ ਜੁੱਸੇ (ਤਕੜੇ ਸਰੀਰ) ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿੱਚ ਹੁੰਦੀ ਸੀ। ਪੰਜਾਬਣ ਮੁਟਿਆਰ ਜਿਸ ਦੇ ਸਾਹਮਣੇ ਪੁੰਨਿਆਂ ਦਾ ਚੰਨ ਵੀ ਫਿੱਕਾ ਲੱਗਦਾ ਸੀ। ਸਰੂ (ਲੰਬੇ-ਚੌੜੇ) ਵਰਗੇ ਕੱਦ, ਮੂੰਗਲਿਆਂ ਵਰਗੇ ਡੌਲੇ ਅੱਜ ਭਾਲਿਆਂ ਨਹੀਂ ਲੱਭਦੇ। ਫੌਜ ਦੀ ਭਰਤੀ ਵੇਲੇ ਕਈ ਜਵਾਨਾਂ ਦੀ ਛਾਤੀ ਘੱਟ ਜਾਂਦੀ ਹੈ, ਕਈਆਂ ਦੇ ਕੱਦ। ਇਸ ਦਾ ਸਿੱਧਾ ਕਾਰਨ, ਪੰਜਾਬੀਆਂ ਦੀ ਖੁਰਾਕ ਵਿੱਚ ਵੱਧ ਰਿਹਾ ਬਨਾਉਟੀਪਣ ਹੈ। ਖਾਲਸ ਘਿਓ, ਖਾਲਸ ਦੁੱਧ ਹੁਣ ਕਿਸ ਘਰ ਵਿੱਚੋਂ ਮਿਲਦਾ ਹੈ ? ਹਰੀਆਂ ਸਬਜ਼ੀਆਂ, ਸਿਰਫ਼ ਨਾਂ ਦੀਆਂ ਹੀ ਹਰੀਆਂ ਰਹਿ ਗਈਆਂ ਹਨ। ਟੀਕੇ ਲਾ ਕੇ ਤਿਆਰ ਕੀਤਾ ਗਿਆ ਦੁੱਧ ਜਾਂ ਜ਼ਹਿਰਾਂ-ਸਪਰੇਆਂ ਛਿੜਕ ਕੇ ਤਿਆਰ ਕੀਤੀਆਂ ਸਬਜ਼ੀਆਂ ਜਾਂ ਹੋਰ ਵਸਤਾਂ ਖਾ-ਪੀ ਕੇ ਕਿਸ ਤਰ੍ਹਾਂ ਦੇ ਬਹਾਦਰ ਬਣ ਸਕਦੇ ਹਾਂ ? ਇਹ ਇੱਕ ਕੁਦਰਤੀ ਸੱਚ ਹੈ ਕਿ ਜਿਸ ਫਸਲ ਵਿੱਚ ਬੀਜ ਪੈਦਾ ਕਰਨ ਦੀ ਸਮਰੱਥਾਂ ਹੀ ਨਹੀਂ, ਉਹ ਖਾ ਕੇ ਜਾਂ ਪੀ ਕੇ ਅਸੀਂ ਬੀਜ ਰਹਿਤ ਹੋ ਜਾਵਾਂਗੇ ਭਾਵ ਸਾਨੂੰ ਨਿਪੁੰਸਕ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀ. ਟੀ. ਫਸਲਾਂ ਦੀ ਖੇਤੀ ਜਿੱਥੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਉੱਥੇ ਸਾਡਾ ਬੀਜ ਨਾਸ਼ ਵੀ ਕਰਦੀ ਹੈ।

ਸੋ, ਪਿਆਰੇ ਪੰਜਾਬੀਓ ! ਖੇਤਾਂ ਵਿੱਚ ਫਸਲਾਂ ਉਗਾਉਣ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਕਰ ਲਓ ਕਿ ਜਿਹੜੀ ਫਸਲ ਉਗਾਉਣ ਲੱਗੇ ਹੋ, ਉਸ ਨੂੰ ਵਰਤ ਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਜੀਵਤ ਰਹਿ ਸਕੇਗੀ ? ਇਹ ਵੀ ਸਭ ਸੋਚੀ ਸਮਝੀ ਚਾਲ ਤਹਿਤ ਹੋ ਰਿਹਾ ਹੈ। ਦੁੱਧ ਚੋਣ ਵੇਲੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ ’ਤੇ ਕਾਗਜ਼ਾਂ ਵਿੱਚ ਪਾਬੰਦੀ ਲੱਗੀ ਹੋਈ ਹੈ, ਜ਼ਹਿਰਾਂ ਸਪਰੇਆਂ ਕਰਕੇ ਬਾਜ਼ਾਰ ਵਿੱਚ ਵੇਚੀ ਜਾ ਰਹੀ ਸਬਜ਼ੀ ਅਤੇ ਫਲ ਵੀ ਵਰਜਿਤ ਹਨ। ਪਰ ਸਭ ਕੁੱਝ ਚੱਲ ਰਿਹਾ ਹੈ, ਅਸੀਂ ਹੀ ਅੱਖਾਂ ਬੰਦ ਕਰੀ ਬੈਠੇ ਹਾਂ। ਜ਼ਹਿਰਾਂ ਨਾਲ ਲਬਰੇਜ਼ ਵਸਤਾਂ ਖਾ-ਖਾ ਬੱਚੇ, ਨੌਜਵਾਨ, ਬੁੱਢੇ ਸਭ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਮਾਰ ਵਿਅਕਤੀ ਦੇਸ਼ ਦੀ ਆਨ-ਸ਼ਾਨ ਲਈ ਕਿੰਝ ਮਰ ਮਿਟ ਸਕੇਗਾ। ਅੰਦਾਜ਼ਾ ਲਾਓ, ਸਾਨੂੰ ਹਰ ਪੱਖ ਤੋਂ ਨਿਕੰਮੇ ਅਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਪੰਜਾਬੀ, ਜਿਸ ਨੂੰ ਮੀਰ-ਮੰਨੂ ਟੋਟੇ-ਟੋਟੇ ਕਰ ਕੇ ਥੱਕ ਗਿਆ, ਨਾਦਰਸ਼ਾਹ ਜਾਂ ਅਬਦਾਲੀ ਵਰਗੇ ਵੀ ਇਸ ਨੂੰ ਮਾਰਦੇ-ਮਾਰਦੇ ਮੁੱਕ ਗਏ, ਪਰ ਹੁਣ ਬਿਨਾਂ ਤਲਵਾਰ ਜਾਂ ਬੰਦੂਕ ਦੇ ਪੰਜਾਬੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਕਿਸੇ ਘੜੇ-ਘੜਾਏ ਮਨਸੂਬੇ ਨੂੰ ਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰਾਂ ਇੱਕ-ਦੂਜੇ ਸਿਰ ਭਾਂਡਾ ਭੰਨ ਕੇ ਆਪਣੇ ਆਪ ਨੂੰ ਸਹੀ ਦਰਸਾ ਦਿੰਦੀਆਂ ਹਨ। ਪਰ ਅਸਲ ਵਿੱਚ ਦੋਵੇਂ ਹੀ ਦੋਸ਼ੀ ਹਨ। ਇੱਥੇ ਹੀ ਬੱਸ ਨਹੀਂ ! ਪੰਜਾਬ ਦੀਆਂ ਸੜਕਾਂ ’ਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਵਿੱਚ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ, ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਸੜਕਾਂ ’ਤੇ ਇੰਨੀਆਂ ਗੱਡੀਆਂ ਆ ਗਈਆਂ ਪਰ ਸੜਕਾਂ ਦੀ ਚੌੜਾਈ ਓਨੀ ਹੀ ਹੈ। ਬੇਸ਼ੱਕ ਕੁੱਝ ਕੁ ਸੜਕਾਂ ਚੌੜੀਆਂ ਹੋ ਰਹੀਆਂ ਹਨ, ਪਰ ਜਿਸ ਤੇਜ਼ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਸੜਕਾਂ ਚੌੜੀਆਂ ਨਹੀਂ ਕੀਤੀਆਂ ਜਾ ਰਹੀਆਂ, ਹੋ ਸਕਦੈ ਇੱਥੇ ਵੀ ਇਹੀ ਨੀਤੀ ਕੰਮ ਕਰਦੀ ਹੋਵੇ ਕਿ ਬਿਨਾਂ ਬੰਦੂਕ, ਤਲਵਾਰ ਤੋਂ ਜਿੰਨੇ ਮਰਦੇ ਨੇ ਮਰ ਲੈਣ ਦਿਓ।

ਜਿੱਥੇ ਨਸ਼ੇ ਨੌਜਵਾਨਾਂ ਨੂੰ ਤਬਾਹ ਕਰ ਰਹੇ ਹਨ ਉੱਥੇ ਸਪਰੇਆਂ ਅਤੇ ਕੀਟਨਾਸ਼ਕਾਂ ਦੀ ਧੜਾਧੜ ਖੁੱਲ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਰਹੀ ਹੈ। ਪੰਜਾਬ ਦਾ ਪਾਣੀ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ। ਝੋਨੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਹੋਰ ਫਸਲਾਂ ਮੱਕੀ, ਗੰਨਾ ਜਾਂ ਦਾਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਪੱਸ਼ਟ ਕਾਰਨ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕੀਤਾ ਜਾਵੇ। ਫਿਰ ਇਹ ਜ਼ਮੀਨਾਂ ਤੁਹਾਡੇ ਤੋਂ ਖੋਹ ਕੇ ਇੱਥੇ ਕਾਰਖਾਨੇ ਲਾਏ ਜਾਣਗੇ ਅਤੇ ਤੁਸੀਂ ਆਪਣੀ ਜ਼ਮੀਨ ਵਿੱਚ ਉਸਰੇ ਕਾਰਖਾਨਿਆਂ ਵਿੱਚ ਨੌਕਰ ਬਣ ਕੇ ਨੌਕਰੀ ਕਰੋਗੇ ਜਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿਚ ਗੁਲਾਮ ਹੋ ਕੇ ਗੋਰਿਆਂ ਦਾ ਪਾਣੀ ਭਰਨਗੇ। ਸਿੱਖਿਆ ਪੱਖੋਂ ਤਾਂ ਪੰਜਾਬੀਆਂ ਨਾਲ ਮਾੜੀ ਹੋ ਰਹੀ ਹੈ। ਸਿੱਖਿਆ ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ। ਆਮ ਆਦਮੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਵਿਦਿਆ ਦਾ ਵਪਾਰੀਕਰਨ ਕਰਕੇ, ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਇੱਥੇ ਵੀ ਇੱਕ ਗੱਲ ਬੜੀ ਧਿਆਨ ਭਾਲਦੀ ਹੈ। ਸਰਕਾਰਾਂ ਕਦੋਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਪੜ੍ਹ ਲਿਖ ਜਾਣ, ਜੇਕਰ ਸਾਰੇ ਪੜ੍ਹ ਲਿਖ ਜਾਣਗੇ ਤਾਂ ਸਰਕਾਰ ਕੋਲੋਂ ਨੌਕਰੀਆਂ ਦੀ ਮੰਗ ਕਰਨਗੇ, ਸਰਕਾਰਾਂ ਨੂੰ ਫਿਰ ਖ਼ਤਰਾ ਭਾਂਪਦਾ ਹੈ। ਇਸੇ ਕਰਕੇ ਸਿੱਖਿਆ ਦਿਨੋ ਦਿਨ ਮਹਿੰਗੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮਸਲਿਆਂ ਵਿੱਚ ਉਲਝਾ ਕੇ ਰੱਖਿਆ ਜਾਵੇ।

ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜ਼ਹਿਰਾਂ, ਸਪਰੇਆਂ ਨਾਲ ਲਬਰੇਜ਼ ਵਸਤਾਂ ਦਾ ਸੇਵਨ ਬੀਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਜਿੱਥੇ ਸਿਵਾਏ ਲੁੱਟ ਤੋਂ ਹੋਰ ਕੁੱਝ ਪੱਲੇ ਨਹੀਂ ਪੈਂਦਾ। ਥਾਣੇ, ਕਚਹਿਰੀਆਂ ਵਿੱਚ ਤਾਂ ਹੋਰ ਰੋਜ਼ ਖੱਜਲ ਖੁਆਰੀ ਹੁੰਦੀ ਹੈ। ਕੇਸਾਂ ਨੂੰ ਲੰਮਾ-ਲੰਮਾ ਸਮਾਂ ਉਲਝਾਇਆ ਜਾਂਦਾ ਹੈ। ਇੰਨੇ ਲੰਮੇ ਸਮੇਂ ਵਿੱਚ ਸਬੂਤਾਂ ਨੂੰ ਝੁਠਲਾਇਆ ਜਾਂਦਾ ਹੈ। ਅਸਲ ਦੋਸ਼ੀ ਬਚ ਜਾਂਦੇ ਹਨ, ਜਿੰਨਾਂ ਦਾ ਕੋਈ ਦੋਸ਼ ਨਹੀਂ ਉਨ੍ਹਾਂ ਸਿਰ ਦੋਸ਼ ਮੜ੍ਹੇ ਜਾਂਦੇ ਹਨ, ਇਹ ਹੈ: ‘ਸਾਡਾ ਹਾਲ’।

ਪੰਜਾਬ ਨੂੰ ਖਤਮ ਕਰਨ ਲਈ ਇਸ ਦੀ ਮਾਂ ਬੋਲੀ ਲੋਕਾਂ ਕੋਲੋਂ ਖੋਹੀ ਜਾ ਰਹੀ ਹੈ। ਪੰਜਾਬੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਮਾਣਮੱਤੀ ਬੋਲੀ ਹੈ, ਪਰ ਉਧਰਲਿਆਂ ਨੇ ਉਰਦੂ ਅਤੇ ਇਧਰਲਿਆਂ ਨੇ ਹਿੰਦੀ ਨੂੰ ਅਪਣਾ ਕੇ ਪੰਜਾਬੀ ਜ਼ੁਬਾਨ ਨਾਲ ਜੋ ਦਗਾ ਕਮਾਇਆ ਹੈ ਇਹ ਵੀ ਕਿਸੇ ਸਾਜਿਸ਼ ਦਾ ਹੀ ਨਤੀਜਾ ਹੈ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਕ ਬਹਾਦਰ ਯੋਧੇ

0

ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਕ ਬਹਾਦਰ ਯੋਧੇ

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਗੁਰੂ ਨਾਨਕ ਪਾਤਸ਼ਾਹ ਜੀ ਦੀ 10 ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 26 ਜਨਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਵਰੇਸ (ਅਵਸਥਾ) ਵਿਚ ਵਡੇਰੀ ਕੁਰਬਾਨੀ ਸਦਕਾ ਸਿੱਖ ਸਮਾਜ ’ਚ ਉਨ੍ਹਾਂ ਨੂੰ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

15 ਅਪ੍ਰੈਲ 1687 ਨੂੰ ਪਹਾੜੀ ਰਾਜਿਆਂ ਵੱਲੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲਾ ਭੰਗਾਣੀ ਯੁੱਧ ਹੋਇਆ ਤਾਂ ਇਸ ਵਿੱਚ ਹੋਈ ਜਿੱਤ ਸਦਕਾ ਬਾਬਾ ਜੀ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਗਿਆ, ਜਿਨ੍ਹਾਂ ਦੀ ਉਮਰ ਤਦ ਤਿੰਨ ਮਹੀਨਿਆਂ ਤੋਂ ਵੀ ਘੱਟ ਸੀ।

ਛੋਟੀ ਉਮਰ ਵਿਚ ਹੀ ਬਾਬਾ ਜੀ ਕਾਫ਼ੀ ਚੁਸਤ ਤੇ ਚਲਾਕ ਬਿਰਤੀ ਦੇ ਮਾਲਕ ਸਨ। ਜਿੱਥੇ ਉਨ੍ਹਾਂ ਗੁਰਬਾਣੀ ਨੂੰ ਗਹਿਰਾਈ ਨਾਲ ਵੀਚਾਰਿਆ ਉੱਥੇ ਸ਼ਸਤਰ ਵਿੱਦਿਆ ’ਚ ਵੀ ਨਿਪੁਨਤਾ ਹਾਸਲ ਕੀਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਆਯੂ ਦਾ ਜ਼ਿਆਦਾਤਰ ਭਾਗ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ।

23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ, 100 ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਵਿਖੇ ਪਹੁੰਚ ਗਏ, ਜਿੱਥੇ ਉਨ੍ਹਾਂ ਉਥੋਂ ਦੇ ਰੰਗੜਾਂ ਨੂੰ ਚੰਗਾ ਸਬਕ ਸਿਖਾਇਆ ਜਿਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਿਆ ਸੀ।

29 ਅਗਸਤ 1700 ਈ: ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ਉੱਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਆਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆ ਨੇ ਨਿਰਮੋਹਗੜ੍ਹ ’ਤੇ ਧਾਵਾ ਬੋਲਿਆ ਤਾਂ ਉਸ ਵਕਤ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡੱਟਵਾਂ ਸਾਥ ਦਿੱਤਾ।

ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਸੀ। ਇਕ ਗਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਹੋਇਆ ਦਰਬਾਰ ’ਚ ਆ ਕੇ ਕਹਿਣ ਲੱਗਾ ‘ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰਕੇ ਮੇਰੀ ਧਰਮ-ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫ਼ਰਿਆਦ ਵੱਲ ਕੋਈ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾਂ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।’

ਗੁਰੂ ਸਾਹਿਬ ਨੇ ਸਾਹਿਬਾਜ਼ਾਦਾ ਅਜੀਤ ਸਿੰਘ ਨੂੰ ਕਿਹਾ ਕਿ ਪੁੱਤਰ ਜੀ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਜਾਉ ਅਤੇ ਜਾਬਰ ਖਾਂ ਤੋਂ ਇਸ ਮਜ਼ਲੂਮ ਦੀ ਤੀਵੀਂ ਛੂਡਾ ਕੇ ਲਿਆਉ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ’ਤੇ ਧਾਵਾ ਬੋਲ ਦਿੱਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਗਰੀਬ ਬ੍ਰਾਹਮਣ ਦੀ ਪਛਾਣ ’ਤੇ ਉਸ ਦੀ ਅਬਲਾ ਪਤਨੀ ਨੂੰ ਜਾਲਮ ਦੇ ਪੰਜੇ ’ਚੋ ਛੁਡਾ ਲਿਆ। ਪਿੰਡ ’ਤੇ ਹਮਲੇ ਸਮੇਂ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ।

ਮਨੋਰਥ ਦੀ ਸਿੱਧੀ ਤੋਂ ਬਾਅਦ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਬੜਾ ਹੀ ਸਤਿਕਾਰ ਬਖ਼ਸ਼ਿਆ। ਫ਼ਰਿਆਦੀ ਦੀ ਪਤਨੀ ਉਸ ਦੇ ਹਵਾਲੇ ਕੀਤੀ ਗਈ ਅਤੇ ਕੁਕਰਮੀ ਜਾਬਰ ਖਾਂ ਨੂੰ ਢੁੱਕਵੀ ਸਜ਼ਾ ਦਿੱਤੀ ਗਈ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਮੁਗਲਾਂ ਅਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨੇ ਬੜੇ ਹੀ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਬਾਜਾਂ ਵਾਲੇ ਮਾਹੀ ਨੇ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਦੁਆਰਾ ਵਸਾਈ ਨਗਰੀ ਨੂੰ ਦਸੰਬਰ 1704 ਈ. ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਪਰਿਵਾਰ ਅਤੇ ਖਾਲਸਾ ਫੌਜ ਅਜੇ ਸਰਸਾ ਨਦੀ ਦੇ ਨਜਦੀਕ ਹੀ ਪਹੁੰਚੇ ਸਨ ਕਿ ਦੁਸ਼ਮਣ ਦੀ ਫੌਜ ਨੇ ਆ ਹਮਲਾ ਕੀਤਾ।

ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰਦਿਲ ਸਿੰਘਾਂ ਲੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਨ੍ਹਾਂ ਚਿਰ ਤੱਕ ਰੋਕੀ ਰੱਖਿਆ ਜਦ ਤੱਕ ਗੁਰੂ ਪਿਤਾ ਸਮੇਤ ਵੱਡਾ ਜਥਾ ਸਰਸਾ ਨਦੀ ਪਾਰ ਕਰਨ ਲਈ ਨਦੀ ’ਚ ਨਹੀਂ ਬੜ ਗਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ।

ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ 40 ਕੁ ਸਿੰਘਾਂ ਸਮੇਤ ਚਮਕੌਰ ਸਾਹਿਬ ਵਿਖੇ ਚੋਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਬੇਲੀ ’ਚ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੀ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।

ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਕੋਲੋਂ ਮੈਦਾਨੇ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਸਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ ‘ਲਾਲ ਜੀਓ ! ਜਦ ਮੈਂ ਆਪਣੇ ਪਿਤਾ (ਗੁਰੂ ਤੇਗ ਬਹਾਦਰ) ਜੀ ਨੂੰ ਸ਼ਹੀਦ ਹੋਣ ਲਈ ਘੱਲਿਆ ਸੀ ਤਾਂ ਉਸ ਸਮੇਂ ਮੈਂ ਆਪਣਾ ਧਰਮੀ ਪੁੱਤਰ ਹੋਣ ਦਾ ਫ਼ਰਜ਼ ਅਦਾ ਕੀਤਾ ਸੀ ਤੇ ਅੱਜ ਮੈਂ ਤੈਨੂੰ ਰਣ-ਤੱਤੇ ਵਲ ਭੇਜ ਕੇ ਧਰਮੀ ਪਿਤਾ ਹੋਣ ਦਾ ਫ਼ਰਜ਼ ਅਦਾ ਕਰ ਰਿਹਾ ਹਾਂ। ਵਾਹਿਗੁਰੂ ਨੇ ਮੈਨੂੰ ਏਥੇ ਭੇਜਿਆ ਹੀ ਇਸ ਵਾਸਤੇ ਹੈ।

ਦਸਵੇਂ ਪਾਤਸ਼ਾਹ ਨੇ ਏਨੀ ਖੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵੱਲ ਤੋਰਿਆ; ਜਿਵੇਂ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਹੋਣ। ਸੀਸ ਉੱਪਰ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗਲਾਂ ਦੀਆਂ ਫੌਜਾਂ ਨੂੰ ਭਾਸਿਆ ਕਿ ਜਿਵੇਂ ਹਜ਼ੂਰ ਆਪ ਹੀ ਗੜੀ ਵਿੱਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਪਿਆ। ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਬਾਬਾ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ। ਸਾਰਾ ਜਿਸਮ ਤੀਰਾਂ ਤੇ ਤਲਵਾਰਾਂ ਨਾਲ ਛੱਲਣੀ ਹੋ ਗਿਆ ਸੀ, ਪਰ ਆਤਮਾ ਅਨੰਦਿਤ ਹੁੰਦੀ ਪਰਮਾਤਮਾ ਵਿਚ ਲੀਨ ਹੋ ਗਈ: ‘‘ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ॥’’ (ਮ: ੫/੮੪੬)

ਲਾਲ ਦੀ ਬਹਾਦਰੀ ਦੇਖ ਕੇ ਦਸਮੇਸ਼ ਪਿਤਾ ਜੀ ਗੁਰਬਾਣੀ ਦੇ ਪਾਵਨ ਵਚਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਅਨੁਸਾਰ ਜੀਵਨ ਲੇਖੇ ਲਗਦੇ ਨੂੰ ਆਪਣੀ ਨਜ਼ਰੀ ਤੱਕਦਿਆਂ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ।

Most Viewed Posts