ਮੁੱਖ ਵਾਕ ਪੇਜ ਨੰਬਰ 750

0
484

ਮੁੱਖ ਵਾਕ (ਪੇਜ ਨੰਬਰ 750, ਗੁਰੂ ਅਰਜਨ ਸਾਹਿਬ ਜੀ, ਰਾਗ ਸੂਹੀ)

ਸੂਹੀ, ਮਹਲਾ ੫ ॥ (ਸੂਹੀ/ਮ: ੫/੭੫੦)

ਜਿਸ ਕੇ ਸਿਰ ਊਪਰਿ; ਤੂੰ ਸੁਆਮੀ  ! ਸੋ ਦੁਖੁ ਕੈਸਾ ਪਾਵੈ  ? ॥

ਅਰਥ: ਹੇ ਮੇਰੇ ਮਾਲਕ ! ਜਿਸ (ਤੇਰੇ ਸੇਵਕ) ਉੱਤੇ ਤੇਰੀ ਕਿਰਪਾ ਹੋ ਜਾਏ, ਉਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ ਭਾਵ ਉਹ ਵਿਅਕਤੀ ਅੰਦਰੂਨੀ ਵਿਕਾਰਾਂ ਜਾਂ ਪਰਿਵਾਰਕ ਤੇ ਸਮਾਜਿਕ ਸਮੱਸਿਆਵਾਂ ਅੱਗੇ ਤੇਰੇ ਆਸਰੇ ਨਾਲ ਡੋਲਦਾ ਨਹੀਂ, ਸਗੋਂ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਾ ਹੋਇਆ ਆਪਣੇ ਸਰੀਰਕ ਕਸ਼ਟਾਂ ਨੂੰ ਮਹਿਸੂਸ (ਉਜਾਗਰ) ਨਹੀਂ ਹੋਣ ਦਿੰਦਾ।

ਬੋਲਿ ਨ ਜਾਣੈ, ਮਾਇਆ ਮਦਿ ਮਾਤਾ; ਮਰਣਾ ਚੀਤਿ ਨ ਆਵੈ ॥੧॥

ਅਰਥ: ਕਿਉਂਕਿ ਉਹ ਮਾਇਆ ਦੇ ਕਿਸੇ ਨਸ਼ੇ ’ਚ ਮਸਤ ਹੋਇਆ (ਅਹੰਕਾਰੀ) ਵਚਨ ਬੋਲਣਾ ਹੀ ਨਹੀਂ ਜਾਣਦਾ (ਤਾਂ ਜੋ ਵਿਕਾਰ ਆਪਣਾ ਪ੍ਰਭਾਵ ਪਾ ਸਕਣ, ਸੱਚ ਦੇ ਬਦਲੇ) ਸਰੀਰਕ ਮੌਤ ਨੂੰ ਬਹੁਤੀ ਤਵੱਜੋ ਹੀ ਨਹੀਂ ਦਿੰਦਾ ਭਾਵ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਦਾ।

ਮੇਰੇ ਰਾਮ ਰਾਇ  ! ਤੂੰ ਸੰਤਾ ਕਾ, ਸੰਤ ਤੇਰੇ ॥ ਤੇਰੇ ਸੇਵਕ ਕਉ, ਭਉ ਕਿਛੁ ਨਾਹੀ; ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥

ਅਰਥ: ਹੇ ਮੇਰੇ (ਸਹਾਰੇ) ਸੱਚੇ ਪਾਤਿਸ਼ਾਹ ! ਤੂੰ ਅਜਿਹੇ ਸੰਤਾਂ ਦਾ ਮਾਲਕ ਹੈਂ ਤੇ ਉਹ ਸੰਤ ਕੇਵਲ ਤੇਰੇ ਹੀ ਸੇਵਕ ਹਨ ਭਾਵ ਕਿਸੇ ਹੋਰ ਆਸਰੇ ਨੂੰ ਜੀਵਨ ਦਾ ਆਧਾਰ ਨਹੀਂ ਬਣਾਉਂਦੇ। ਇਸ ਲਈ ਤੇਰੇ ਸੇਵਕਾਂ ਨੂੰ ਕੋਈ ਡਰ ਨਹੀਂ ਰਹਿੰਦਾ ਤੇ ਆਤਮਿਕ ਮੌਤ (ਭਾਵ ਕੋਈ ਲਾਲਚ ਜਾਂ ਸੁਆਰਥ, ਆਦਿ) ਨੇੜੇ ਨਹੀਂ ਆ ਸਕਦਾ।

ਜੋ ਤੇਰੈ ਰੰਗਿ ਰਾਤੇ ਸੁਆਮੀ  ! ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ; ਸਤਿਗੁਰ ਕਾ ਦਿਲਾਸਾ ॥੨॥

ਅਰਥ: ਹੇ ਮੇਰੇ ਮਾਲਕ ! ਸਤਿਗੁਰੂ ਦਾ ਇਹ ਭਰੋਸਾ ਹੈ ਕਿ ਅਜਿਹੇ ਹੋਰ ਵੀ ਵਿਅਕਤੀ ਜੋ ਤੇਰੇ ਪ੍ਰੇਮ-ਰੰਗ ਵਿੱਚ ਰੰਗੇ ਰਹਿੰਦੇ ਹਨ ਉਨ੍ਹਾਂ ਦਾ ਵੀ ਜਨਮ ਤੋਂ ਮਰਨ ਤੱਕ ਦਾ ਤਮਾਮ ਦੁੱਖ ਕੱਟਿਆ ਜਾਂਦਾ ਹੈ ਭਾਵ ਉਹ ਹਰ ਦੁੱਖ ਤੋਂ ਉੱਪਰ ਉੱਠ ਜਾਂਦੇ ਹਨ। (ਉਨ੍ਹਾਂ ਦੀ ਮਦਦ ਕਰਨ ਵਾਲੀ) ਤੇਰੀ ਰਹਿਮਤ ਦ੍ਰਿਸ਼ਟੀ ਨੂੰ ਕੋਈ ਵਿਰੋਧੀ ਰੋਕ ਨਹੀਂ ਸਕਦਾ।

ਨਾਮੁ ਧਿਆਇਨਿ, ਸੁਖ ਫਲ ਪਾਇਨਿ; ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ; ਪੰਚ ਦੁਸਟ ਲੈ ਸਾਧਹਿ ॥੩॥

ਅਰਥ: ਜੋ ਤੇਰਾ ਨਾਮ (ਗੁਣ, ਵਡੱਪਣ, ਹੋਂਦ) ਅੱਠੇ ਪਹਿਰ ਯਾਦ ਰੱਖਦੇ ਹਨ, ਚੇਤੇ ਕਰਦੇ ਹਨ ਉਹ (ਦਰ-ਦਰ ’ਤੇ ਭਟਕਣ ਦੀ ਬਜਾਇ ਸਦਾ) ਅਨੰਦ ਪ੍ਰਾਪਤ ਕਰਦੇ ਹਨ। ਤੇਰੇ ਆਸਰੇ ਅਤੇ ਤੇਰੇ ਉੱਤੇ ਬਣੇ ਵਿਸ਼ਵਾਸ ਨਾਲ਼ ਹੀ ਉਹ ਪੰਜੇ ਕਾਮਾਦਿਕ ਵੈਰੀਆਂ ਨੂੰ ਕਾਬੂ ਕਰ ਲੈਂਦੇ ਹਨ।

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥

ਅਰਥ: ਹੇ ਮੇਰੇ ਮਾਲਕ  ! ਮੈਨੂੰ ਨਾਨਕ ਨੂੰ ਸਰਬੋਤਮ ਸਤਿਗੁਰੂ ਮਿਲ ਗਿਆ ( ਭਾਵ ਤੈਨੂੰ ਵੇਖਣ ਵਾਲੀਆਂ ਅੱਖਾਂ ਮਿਲ ਗਈਆਂ), ਜਿਸ ਨੇ ਮੇਰੀ ਲੋਕ-ਪ੍ਰਲੋਕ ’ਚ ਇੱਜ਼ਤ ਰੱਖ ਲਈ, ਨਹੀਂ ਤਾਂ ਮੈਂ ਤੇਰੀ (ਹੋਂਦ ਦੀ) ਕੋਈ ਕਦਰ ਹੀ ਨਾ ਕਰਦਾ, ਤੇਰਾ ਗਿਆਨ ਤੇ ਧਿਆਨ ਹੀ ਕਰਨਾ ਨਹੀਂ ਜਾਣ ਸਕਦਾ ਸੀ।

ਮਿਤੀ-18-1-2017

ਗਿਆਨੀ ਅਵਤਾਰ ਸਿੰਘ