22.3 C
Jalandhar
Friday, April 10, 2026
spot_img
Home Blog Page 206

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥

0

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ੴ ਸਤਿ ਗੁਰ ਪ੍ਰਸਾਦਿ॥

ਭਾਰਤੀ ਵੀਚਾਰਧਾਰਾ ਵਿੱਚ ਅਜਿਹੇ ਆਦਰਸ਼ਾਂ ਦੀ ਵਧੇਰੇ ਪ੍ਰਧਾਨਤਾ ਰਹੀ ਹੈ, ਜਿਸ ਵਿੱਚ ਨਿਰੋਲ ਆਤਮਿਕ ਜਾਂ ਅੰਤਰੀਵ ਜੀਵਨ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਪਰ ਸਮਾਜਿਕ ਵਿਕਾਸ ਤੇ ਰਾਜ ਪ੍ਰਬੰਧ ਸੰਗਠਨ ਕਰਨ ਵੱਲ ਬਿਲਕੁਲ ਬੇਪਰਵਾਹੀ ਵਰਤੀ ਗਈ ਹੈ ਇਸ ਉਦਾਰਤਾ ਦੇ ਚਾਲੇ ਨੇ ਮਨੁੱਖੀ ਜੀਵਨ ਤਾਣੀ ਨੂੰ ਇਤਨਾ ਉਲਝਾਇਆ ਕਿ ਅਸੀਂ ਜੀਵਨ ਸੰਗ੍ਰਾਮ ਵਿੱਚ ਜੂਝਣ ਦੇ ਯੋਗ ਹੀ ਨਾ ਰਹੇ ਤੇ ਭਾਰਤੀ ਸਭਿਅਤਾ ਸਮਾਜਿਕ ਗੁਣਾਂ ਤੋਂ ਸੱਖਣੀ ਹੋ ਕੇ ਨਿਰੀ ਪੁਰੀ ਅੰਤਰੀਵੀ ਤੇ ਵਿਅਕਤੀਵਾਦੀ ਬਣ ਕੇ ਨਿਰਜਿੰਦ ਹੋ ਗਈ। ਅਜਿਹੇ ਸੰਕਟਕਾਲ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਨਵੀਂ ਰੋਸ਼ਨੀ ਅਤੇ ਨਵੀਂ ਅਗਵਾਈ ਦੇ ਕੇ ਸਿੱਖ ਧਰਮ ਦੀ ਬੁਨਿਆਦ ਰੱਖੀ। ਮਿ. ਕਨਿੰਘਮ ਦੇ ਸ਼ਬਦਾਂ ਵਿੱਚ ਇਹ ਸੇਹਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਰ ਹੀ ਸਜਿਆ ਕਿ ਉਹ ਸੁਧਾਰ ਦੇ ਸੱਚੇ ਤੇ ਸਹੀ ਸਿਧਾਂਤਾਂ ਦਾ ਅਨੁਭਵ ਕਰਨ ਅਤੇ ਅਜਿਹੀਆਂ ਨੀਹਾਂ ਰੱਖਣ, ਜਿਸ ’ਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਗੋਬਿੰਦ ਸਾਹਿਬ ਕੌਮੀਅਤ ਦੀ ਉਸਾਰੀ ਕਰ ਸਕਣ। ਉਹ ਅੱਗੇ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਉਨ੍ਹਾਂ ਗ਼ਲਤੀਆਂ ਤੋਂ ਬਚਾ ਲਿਆ, ਜਿਨ੍ਹਾਂ ਦਾ ਭਾਰਤਵਾਸੀ ਸਦੀਆਂ ਤੋਂ ਸ਼ਿਕਾਰ ਹੁੰਦੇ ਆ ਰਹੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪ੍ਰਭੂ ਭਗਤੀ ਤੇ ਪਵਿੱਤਰ ਆਚਰਨ ਦੀ ਤਾਲੀਮ ਦਿੱਤੀ ਤੇ ਇਉਂ ਉਹ ਆਪਣੇ ਸਿੱਧੇ ਸਾਦੇ ਸੁਤੰਤਰ, ਬੇ ਤਅੱਸੁਬ ਅਤੇ ਫੋਕੀਆਂ ਰੀਤਾਂ ਰਸਮਾਂ ਤੋਂ ਆਜ਼ਾਦ ਸ਼ਰਧਾਲੂਆਂ ਦਾ ਸੋਹਣਾ ਪੰਥ ਬਣਾ ਗਏ, ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੀ ਮਹੱਤਤਾ ਨੂੰ ਇੰਜ ਸਥਾਪਿਤ ਕੀਤਾ ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)

ਮਹਾਂਪੁਰਸ਼ਾਂ ਦੇ ਦਿਲਾਂ, ਦਿਮਾਗ਼ਾਂ ਜਾਂ ਪੁਸਤਕਾਂ, ਗ੍ਰੰਥਾਂ ਵਿੱਚ ਪਏ ਵੀਚਾਰ, ਵੀਚਾਰ ਹੀ ਹੁੰਦੇ ਹਨ ਪਰ ਜਦੋਂ ਇਹ ਵੀਚਾਰ ਆਮ ਜਨਤਾ ਦੀ ਸੋਚ ਵਿੱਚ ਧਸ ਜਾਣ ਤਾਂ ਉਹ ਇੱਕ ਭਾਰੀ ਇਨਕਲਾਬੀ ਤਾਕਤ ਦਾ ਰੂਪ ਧਾਰਨ ਕਰ ਲੈਂਦੇ ਹਨ, ਇਸ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹੋ ਬਾਣੀ ਭਾਵ ਸ਼ਬਦ ਹੀ ਗੁਰੂ ਹੈ, ਜਿਸ ਨੇ ਸਭ ਨੂੰ ਅਗਵਾਈ ਦੇਣੀ ਹੈ, ਫ਼ੁਰਮਾਨ ਕੀਤਾ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥’’ (ਮ:੧/੬੩੫)

ਗੁਰੂ ਅੰਗਦ ਦੇਵ ਜੀ ਨੇ ‘‘ਅੰਮ੍ਰਿਤ ਬਾਣੀ, ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ॥’’ (ਮ:੨/੧੨੪੩) ਰਾਹੀਂ ਇਸ ਆਦਰਸ਼ ਨੂੰ ਪ੍ਰਚਾਰਿਆ, ਤੀਸਰੇ ਸਤਿਗੁਰੂ ਜੀ ਨੇ ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ, ਲਾਗਿ ਸਵਾਰੀਆ॥’’ (ਮ:੩/੯੧੭) ਹੋਕਾ ਬਜਾਇਆ, ਪਾਤਿਸ਼ਾਹੀ ਚੌਥੀ ਨੇ‘‘ਸਤਿਗੁਰ ਬਚਨ, ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ॥’’ (ਮ:੪/੧੩੦੯) ਦੀ ਸਿੱਖਿਆ ਦਿੱਤੀ, ਪੰਜਵੇਂ ਗੁਰਦੇਵ ਗੁਰੂ ਅਰਜੁਨ ਦੇਵ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਦਾ ਹੋਕਾ ਦਿੱਤਾ ਕਿ ਭਾਈ ਮੈਨੂੰ, ਜੋ ਵੀ ਜੀਵਨ ਮਿਲਿਆ ਹੈ, ਉਸ ਦਾ ਸਾਧਨ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ॥ ਤਾ, ਮੇਰੈ ਮਨਿ; ਭਇਆ ਨਿਧਾਨਾ॥ (ਮ:੫/੧੮੬) ਹੀ ਹੈ।

ਇਸ ਲਈ ਆਪ ਜੀ ਨੇ ਜਿੱਥੇ ਮਾਨਵ ਭਲੇ ਹਿਤ ਧਰਮ ਪ੍ਰਚਾਰ ਨਾਲ ਪੀੜਤਾਂ ਦੀ ਸੇਵਾ-ਸੰਭਾਲ, ਨਗਰਾਂ ਦੀ ਉਸਾਰੀ ਤੇ ਹੋਰ ਸੇਵਾਵਾਂ ਨਿਭਾਈਆਂ, ਉੱਥੇ ਕੌਮ ਦੇ ਸਦੀਵ ਕਾਲ ਲਈ, ਸੱਚੀ ਆਦਰਸ਼ਵਾਦੀ ਸਿਰਜਣਾ ਵਾਸਤੇ ਕਦਮ ਉਠਾਦਿਆਂ ਹੋਇਆਂ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਸ਼ਬਦ ਦਾ ਸੰਗ੍ਰਹਿ ਕਰਕੇ ਪ੍ਰਕਾਸ਼ਨਾ, ਦਾ ਮਹਾਨ ਕਾਰਜ ਕੀਤਾ ਕਿਉਂਕਿ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਸਿੱਖਾਂ ਦੀ ਇੱਕ ਚੰਗੀ ਤਕੜੀ ਨਰੋਈ ਤੇ ਨਵੀਂ ਕਿਸਮ ਦੀ ਦੁਨੀਆ ਬਣ ਗਈ ਸੀ, ਜੋ ਹਿੰਦੂਆਂ ਤੇ ਮੁਸਲਮਾਨਾਂ ਤੋਂ ਬਿਲਕੁਲ ਨਿਵੇਕਲੀ ਤਰ੍ਹਾਂ ਦੀ ਸੀ। ਇਨ੍ਹਾਂ ਦੇ ਸਾਲਾਨਾ ਜੋੜ-ਮੇਲੇ, ਰੋਜ਼ਾਨਾ ਕਥਾ ਕੀਰਤਨ, ਸਾਂਝੇ ਲੰਗਰ ਆਦਿ ਸਭ ਧਰਮ ਕਰਮ ਨਿਰਾਲੇ ਹੀ ਦਿਸ ਰਹੇ ਸਨ, ਇਸ ਲਈ ਲੋੜ ਸੀ ਇੱਕ ‘ਸਾਂਝੇ ਧਰਮ ਮੰਦਿਰ’ ਅਤੇ ‘ਸਾਂਝੇ ਪਵਿੱਤਰ ਧਰਮ ਗ੍ਰੰਥ’ਦੀ। ਸਿੱਖ, ਠਾਕੁਰ ਦੁਆਰਿਆਂ, ਮਸਜਿਦਾਂ ਜਾਂ ਤੀਰਥ ਇਸਨਾਨਾਂ ਤੋਂ ਬਿਲਕੁਲ ਨਿਰਾਲੇ ਹੋ ਚੁੱਕੇ ਸਨ। ਉਨ੍ਹਾਂ ਨੂੰ ਲੋੜ ਸੀ, ਆਪਣੇ ਜੀਵਨ ਆਦਰਸ਼ਾਂ ਵਾਲੇ ਗ੍ਰੰਥ ਦੀ, ਭਾਵੇਂ ਸਿੱਖ ਸੰਗਤਾਂ ਕੋਲ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਮੌਜੂਦ ਸੀ, ਪਰ ਉਸ ਵਿੱਚ ਮਿਲਾਵਟ ਕੀਤੇ ਜਾਣ ਦਾ ਸਿਲਸਿਲਾ ਤੀਸਰੇ ਪਾਤਿਸ਼ਾਹ ਜੀ ਦੇ ਸਮੇਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਹੀ ਆਪ ਜੀ ਨੇ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ! ਗਾਵਹੁ ਸਚੀ ਬਾਣੀ॥ (ਮ:੩/੯੨੦)ਵਾਲੀ ਦ੍ਰਿੜ੍ਹਤਾ, ਸਿੱਖਾਂ ਅੰਦਰ ਪੈਦਾ ਕੀਤੀ, ਉੱਥੇ ਨਾਲ ਹੀ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ; ਕਚਂੀ, ਆਖਿ ਵਖਾਣੀ॥’’ (ਮ:੩/੯੨੦) ਦਾ ਐਲਾਨ ਵੀ ਕੀਤਾ, ਜਿਸ ਨੂੰ ਚੌਥੇ ਗੁਰਦੇਵ ਜੀ ਨੇ ‘‘ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ॥’’ (ਮ:੪/੩੦੪), ਦਾ ਨਿਰਣਾ ਦਰਜ ਕੀਤਾ ਗਿਆ। ਜਿੱਥੇ ਕਾਹਨਾ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿ ਅਖੌਤੀ ਭਗਤਾਂ ਨੇ ਗੁਰ ਸਾਹਿਬਾਨਾਂ ਦੁਆਰਾ ਉਚਾਰਨ ਕੀਤੀ ਗਈ ਬਾਣੀ ਤੇ ਅਸਲ ਭਗਤ ਬਾਣੀ ਦੇ ਆਦਰਸ਼ਾਂ ਨੂੰ ਮਿਲਗੋਭਾ, ਧੁੰਦਲਾ ਕਰਨ ਦਾ ਯਤਨ ਕੀਤਾ, ਉੱਥੇ ਘਰ ਵਿੱਚੋਂ ਹੀ ਵੱਡੇ ਭਰਾਤਾ ਬਾਬਾ ਪ੍ਰਿਥੀਚੰਦ ਜੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਗੁਰੂ ਘਰ ਦੀ ਨਾਕਾਬੰਦੀ, ਆਪਣੇ ਆਪ ਨੂੰ ਗੁਰੂ ਸਥਾਪਤ ਕਰਨ ਦਾ ਉਪਰਾਲਾ ਆਦਿ ਅਸਫਲ ਯਤਨ ਕੀਤੇ। ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਮੀਣਾ ਕਰਕੇ ਲਿਖਿਆ ਹੈ, ਜਿਸ ਦਾ ਅਰਥ ਹੈ ‘ਮਿਨ੍ਹਾ ਕਪਟੀ, ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ’, ਪਰ ਇਸ ਦੀ ਇਹ ਇੱਛਾ ਆਕਾਲ ਪੁਰਖ ਨੇ ਪੂਰੀ ਨਾ ਹੋਣ ਦਿੱਤੀ ਕਿਉਂਕਿ ਕੇਵਲ ਬਾਹਰਲੇ ਭੇਖ ਨਾਲ ਹੀ ਕੋਈ ‘ਗੁਰੂ’ ਨਹੀਂ ਬਣ ਜਾਂਦਾ। ਭਾਈ ਗੁਰਦਾਸ ਜੀ ਬਾਬਾ ਪ੍ਰਿਥੀ ਚੰਦ ਦੀ ਹਾਲਤ ਨੂੰ ਇੰਜ ਕਥਨ ਕਰਦੇ ਹਨ ‘‘ਪਹਿਨੇ ਪੰਜੇ ਕਪੜੇ ਪੁਰਸਾਵਾਂ ਵੇਸੁ। ਮੁਛਾ ਦਾੜ੍ਹੀ ਸੋਹਣੀ, ਬਹੁ ਦੁਰਬਲ ਵੇਸੁ। ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ। ਮਾਹਰੁ ਦੜ ਦੀਬਾਣ ਵਿਚਿ, ਜਾਣੈ ਸਭੁ ਦੇਸੁ। ਪੁਰਖੁ ਨ ਗਣਿ ਪੁਰਖਤੁ ਵਿਣੁ, ਕਾਮਣਿ ਕਿ ਕਰੇਸੁ। ਵਿਣ ਗੁਣ, ਗੁਰੂ ਸਦਾਇਦੇ; ਕਉਣ ਕਰੈ ਅਦੇਸੁ॥’’ (ਭਾਈ ਗੁਰਦਾਸ ਜੀ, ਵਾਰ ੩੬ ਪਉੜੀ ੧੧)

ਇਸ ਕਰਕੇ ਬੰਸਾਵਲੀ ਨਾਮੇ ਦਾ ਕਰਤਾ ਭਾਈ ਕੇਸਰ ਸਿੰਘ ਛਿਬਰ ਲਿਖਦਾ ਹੈ ‘ਡੂਮ ਲਗੇ ਸਬਦ ਮੀਣਿਆ ਦੇਮਾਵਣ, ਦੁਯਾ ਦਰਬਾਰ ਵਡਾ ਗੁਰਿਆਈ ਦਾ ਲਗੇ ਲਾਵਣ। ਮੀਣਿਆ ਭੀ ਇਕ ਪੁਸਤਕ ਗ੍ਰੰਥ ਬਣਾਇਆ, ਚਹੁ ਪਾਤਸ਼ਾਹੀਆਂ ਦੇ ਸ਼ਬਦ ਬਾਣੀ ਲਿਖ ਪਾਇਆ।’

ਪਰ ਇਕ ਸਦੀਵੀ ਸੱਚ ਇਹੋ ਜਿਹੇ ਲਿਖਾਰੀਆਂ, ਅਖੌਤੀ ਵਿਦਵਾਨਾਂ ਬਾਰੇ ਸਾਹਿਬ ਜੀ ਨੇ ਉਜਾਗਰ ਕੀਤਾ ਹੈ ‘‘ਲਿਖਦਿਆ ਲਿਖਦਿਆ ਕਾਗਦ ਮਸੁ ਖੋਈ॥ ਦੂਜੈ ਭਾਇ, ਸੁਖੁ ਪਾਏ ਨ ਕੋਈ॥ ਕੂੜੁ ਲਿਖਹਿ ਤੈ ਕੂੜੁ ਕਮਾਵਹਿ, ਜਲਿ ਜਾਵਹਿ ਕੂੜਿ ਚਿਤੁ ਲਾਵਣਿਆ॥’’ (ਮ:੩/੧੨੩)

ਗੁਰੂ ਨਾਨਕ ਸਾਹਿਬ ਜੀ ਦੇ ‘‘ਸਬਦੁ ਗੁਰੁ ਪੀਰਾ॥’’ ਬਾਰੇ ਗੁਰੂ ਅਮਰਦਾਸ ਜੀ ਨੇ ‘ਸੋਰਠਿ ਕੀ ਵਾਰ’ ਵਿੱਚ ਬਚਨ ਕੀਤੇ ਕਿ ਹੇ ਭਾਈ! ਇਸ ਖਜ਼ਾਨੇ ਬਾਰੇ ਮੈ ਇਹ ਕਹਿਣਾ ਚਾਹੁੰਦਾ ਹਾਂ ਕਿ ‘‘ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ॥ ਜਿਤੁ ਖਾਧੈ, ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ॥ ਇਹੁ ਭੋਜਨੁ ਅਲਭੁ ਹੈ; ਸੰਤਹੁ! ਲਭੈ, ਗੁਰ ਵੀਚਾਰਿ॥’’ (ਮ:੩/੬੪੫)

ਗੁਰੂ ਅਰਜੁਨ ਸਾਹਿਬ ਜੀ ਨੇ ਵੀ ਇਸ ਵੀਚਾਰ ਨੂੰ ਦੁਹਰਾਉਂਦਿਆਂ ‘ਮੁੰਦਾਵਣੀ’ ਦਰਜ ਕੀਤੀ, ਫ਼ੁਰਮਾਇਆ ਕਿ ‘‘ਥਾਲ ਵਿਚਿ ਤਿੰਨਿ ਵਸਤੂ ਪਈਓ,ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ॥’’ ਅਤੇ ਇਸ ਦੇ ਨਾਲ ਹੀ ਪ੍ਰੇਰਨਾ ਕੀਤੀ ਕਿ ‘‘ਏਹ ਵਸਤੁ, ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ॥’’ ਇਸ ਤੋਂ ਅਜਿਹੀ ਪਵਿੱਤਰ ਸੋਚਣੀ, ਦ੍ਰਿਸ਼ਟੀ ਮਿਲੇਗੀ, ਜਿਸ ਨਾਲ ‘‘ਤਮ ਸੰਸਾਰੁ ਚਰਨ ਲਗਿ ਤਰੀਐ, ਸਭੁ ਨਾਨਕ ਬ੍ਰਹਮ ਪਸਾਰੋ॥’’ (ਮ:੫/੧੪੨੯) ਨਜ਼ਰ ਆਏਗਾ।

ਇਸ ਬਾਣੀ ਦੀ ਨਿਰੋਲਤਾ ਨੂੰ ਕਾਇਮ ਰੱਖਣ ਲਈ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਸੰਚਤ ਕਰਕੇ ਇੱਕ ਬੀੜ ਬੰਨ੍ਹਣ ਦਾ ਉਪਰਾਲਾ ਕੀਤਾ। ਇਹ ਕਾਰਜ 1590 ਈ: ਵਿੱਚ ਹੀ ਆਰੰਭ ਕਰ ਦਿੱਤਾ ਗਿਆ ਸੀ। ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿੱਚ ‘ਭਾਈ ਹਰੀਆ, ਭਾਈ ਸੰਤਦਾਸ, ਭਾਈ ਸੁੱਖਾ ਤੇ ਭਾਈ ਮਨਸਾ ਰਾਮ ਜੀ’ (ਚਾਰ ਲਿਖਾਰੀ) ਲਿਖਣ ਦਾ ਕੰਮ ਕਰਦੇ ਸਨ। ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਵਿੱਚ ਪੋਥੀਆਂ ਲਿਖੀਆਂ ਜਾਣ ਦੇ ਕਾਰਜ ਨੂੰ, ਬੜਾ ਮਹੱਤਵ ਪੂਰਨ ਅੰਕਿਤ ਕੀਤਾ ‘‘ਗੁਰਮੁਖਿ ਹਥਿ ਸਕਥ ਹਨਿ, ਸਾਧਸੰਗਤਿ ਗੁਰ ਕਾਰ ਕਮਾਵੈ। .. ਗੁਰਬਾਣੀ ਲਿਖਿ ਪੋਥੀਆ, ਤਾਲ ਮ੍ਰਿਦੰਗ ਰਬਾਬ ਵਜਾਵੈ।’’ (ਭਾਈ ਗੁਰਦਾਸ ਜੀ, ਵਾਰ ੬ ਪਉੜੀ ੧੨), ‘‘ਪਾਂਧਾ ਬੂਲਾ ਜਾਣੀਐ, ਗੁਰਬਾਣੀ ਗਾਇਣੁ ਲੇਖਾਰੀ।’’ (ਭਾਈ ਗੁਰਦਾਸ ਜੀ, ਵਾਰ ੧੧ ਪਉੜੀ ੧੬)

ਇਹ ਸੀ ਮਹਾਨ ਕਾਰਜ, ਜੋ ਵਰਿਆਂ ਬੱਧੀ ਮਿਹਨਤ ਕਰਕੇ ਸੰਪੂਰਨ ਕੀਤਾ ਤੇ ਇਸ ਬਾਰੇ ਫ਼ੁਰਮਾਇਆ ਗਿਆ ਕਿ ਇਹ ਅੰਮ੍ਰਿਤ ਭੋਜਨ ਹੈ, ਜਿਸ ਨੂੰ ਧਾਰਨ ਕੀਤਿਆਂ ਹਮੇਸ਼ਾ ਤ੍ਰਿਪਤੀ ਮਿਲੇਗੀ। ਇਹ ਵਸਤੂ ਕਿਸੇ ਭੀ ਸਮੇਂ ਵਿਸਾਰੀ ਨਹੀਂ ਜਾ ਸਕੇਗੀ। ਦੁਨੀਆ ਦੇ ਗੁਰੂ ਪੀਰ ਜੰਮਦੇ ਮਰਦੇ ਰਹਿਣਗੇ ਪਰ ਇਹ ਬਾਣੀ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ॥’’ (ਮ:੧/੬੬੦) ਅਤੇ ‘‘ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨਾ ਜਾਇ॥’’ (ਮ:੪/੭੫੯) ਦਾ ਡੰਕਾ ਬਜਾਉਂਦੀ ਰਹੇਗੀ, ਇਉਂ ਗੁਰੂ ਅਰਜੁਨ ਦੇਵ ਜੀ ਨੇ, ਜਿਨ੍ਹਾਂ ਮਹਾਨ ਆਦਰਸ਼ਾਂ ਦਾ ਜ਼ਿੰਦਗੀ ਭਰ ਪ੍ਰਚਾਰ ਕੀਤਾ, ਉਨ੍ਹਾਂ ਨੂੰ ਗ੍ਰੰਥ (ਪੋਥੀ ਰੂਪ) ਵਿੱਚ ਸਜਾਇਆ ਤੇ ਇਸ ਅਨੁਸਾਰ ਹੀ ਆਪਣਾ ਸਾਰਾ ਜੀਵਨ ਜੀਵਿਆ।

ਅਸੀਂ ਉਨ੍ਹਾਂ ਦੀ ਸ਼ਹੀਦੀ ਦੇ ਕੁਝ ਕਾਰਨ, ਜਿਵੇਂ ਕਿ ਬ੍ਰਾਹਮਣ, ਬੀਰਬਲ (ਮਹੇਸ਼ ਦਾਸ) (1528 ਤੋਂ 1585), ਸਖੀ ਸਰਵਰ ਦੀ ਗੱਦੀ, ਅਖੌਤੀ ਭਗਤ, ਚੰਦੂ ਸ਼ਾਹ, ਪ੍ਰਿਥੀ ਚੰਦ ਆਦਿ ਕਾਰਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਤਾਂ ਗੁਰਬਾਣੀ ਦੇ ਆਦਰਸ਼ਕ ਸਿਧਾਂਤ ਹਨ, ਜੋ ਸਰਬਤ ਦੇ ਭਲੇ ਭਾਵ ਸਾਂਝੀਵਾਲਤਾ ਲਈ ਹਨ, ਦੀ ਨਿਰੋਲਤਾ, ਪਵਿੱਤਰਤਾ ’ਤੇ ਕਾਇਮ ਰਹਿਣਾ ਹੀ ਸੀ। ਗੁਰੂ ਜੀ ਦਾ ਜੀਵਨ ਆਸ਼ਾ ਤਾਂ ‘‘ਪ੍ਰਭ ਜੀ!ਤਉ ਪ੍ਰਸਾਦਿ, ਭ੍ਰਮੁ ਡਾਰਿਓ॥ ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ, ਮਨ ਮਹਿ ਇਹੈ ਬੀਚਾਰਿਓ॥’’ (ਮ:੫/੫੨੯) ਦੇ ਸ਼ਬਦਾਂ ਵਿੱਚ ਬੜਾ ਨਿਰੋਲ ਤੇ ਪਵਿੱਤਰ ਸਪਸ਼ਟ ਹੈ। ਇਹ ਸਿਧਾਂਤ ਉਨ੍ਹਾਂ ਲਈ ਕੇਵਲ ਦਿਮਾਗ਼ੀ ਸਿਧਾਂਤ ਮਾਤ੍ਰ ਹੀ ਨਹੀਂ ਸਨ ਸਗੋਂ ਉਨ੍ਹਾਂ ਆਪਣੇ ਬਲਿਦਾਨ, ਕੁਰਬਾਨੀ ਰਾਹੀਂ ਇਹ ਸਪਸ਼ਟ ਕਰ ਦਿੱਤਾ ਕਿ ਬਾਣੀ ਦੇ ਇਨ੍ਹਾਂ ਆਦਰਸ਼ਾਂ ਲਈ ਕੇਵਲ ਜੀਵਿਆ ਹੀ ਨਹੀਂ ਜਾ ਸਕਦਾ ਬਲਕਿ ਮਰਿਆ ਵੀ ਜਾ ਸਕਦਾ ਹੈ ਤੇ ਸੱਚ ਮੁੱਚ ਤਸੀਹੇ ਸਹਾਰਦਿਆਂ ਤੇ ‘‘ਤੇਰਾ ਕੀਆ, ਮੀਠਾ ਲਾਗੈ॥’’ (ਮ:੫/੩੯੪) ਉਚਾਰਦਿਆਂ ਆਪਣੀ ਕੁਰਬਾਨੀ ਦਿੱਤੀ।

ਪੁਰਾਣੇ ਮੰਗੋਲੀਆ ਲੋਕ ਆਪਣੇ ਵਹਿਸ਼ੀਪੁਣੇ ਲਈ ਪ੍ਰਸਿੱਧ ਸਨ, ਉਨ੍ਹਾਂ ਦੀ ਰਾਜ ਡੰਡਾਵਲੀ, ਜੋ 1218 ਵਿੱਚ ਚੰਗੇਜ਼ ਖ਼ਾਂ ਵੱਲੋਂ ਬਣਾਈ ਗਈ ਨੂੰ, ਯਾਸਾ ਆਖਦੇ ਸਨ, ਇਸ ਕਾਨੂੰਨ ਦੀ ਖ਼ਾਸ ਗੱਲ ਇਹ ਸੀ ਕਿ ਕਿਸੇ ਧਾਰਮਿਕ ਵਡਿਆਈ ਵਾਲੇ ਮਨੁੱਖ ਦਾ ਲਹੂ ਨਾ ਡੋਲਿਆ ਜਾਵੇ, ਜੇ ਦੰਡ ਦੇਣਾ ਪਵੇ ਤਾਂ ਪਾਣੀ ਵਿੱਚ ਉਬਾਲ ਕੇ, ਦਰਿਆ ਵਿੱਚ ਰੋੜ ਕੇ, ਅੱਗ ਵਿੱਚ ਸਾੜ ਕੇ, ਮਾਰ ਮੁਕਾ ਦਿੱਤਾ ਜਾਵੇ। ਗੁਰੂ ਸਾਹਿਬ ਜੀ ਲਈ ਇਹੋ ਢੰਗ ਵਰਤਿਆ ਗਿਆ ਸੀ।

ਸਾਡੇ ਸਮਝਣ ਲਈ ਇਹ ਬੜੀ ਮਹੱਤਵ ਪੂਰਨ ਗੱਲ ਹੈ ਕਿ ਸਿੱਖੀ ਦਾ ਮੁੱਢ ਮੂਲ ਗੁਰਬਾਣੀ ਹੈ, ਦੂਜਾ ਇਤਿਹਾਸ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਨੇ ਜਾਂ ਸਾਡੇ ਪੁਰਖਿਆਂ ਨੇ ਪਿੱਛੇ ਕੀ ਕੀਤਾ ਤੇ ਸਿੱਖੀ ਦੀ ਸ਼ਾਨ ਕਾਇਮ ਰੱਖਣ ਲਈ ਕੀ ਨਹੀਂ ਕੀਤਾ। ਸਿੱਖ ਇਤਿਹਾਸ ਕੋਈ ਰਾਜੇ-ਰਾਣਿਆਂ ਦੀ ਕਹਾਣੀ ਨਹੀਂ ਹੈ, ਸਗੋਂ ਇਹ ਤਾਂ ਸਿੱਖੀ ਸਿਧਾਂਤਾਂ ਦਾ ਅਮਲੀ ਰੂਪ ਪੇਸ਼ ਕਰਕੇ ਦੱਸਦਾ ਹੈ ਕਿ ਇਸ ਦੇ ਪੈਰੋਕਾਰਾਂ ਨੇ ਨਾਮ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ, ਕਿਹੋ ਜਿਹੇ ਆਦਰਸ਼ਕ ਸ਼ਾਨਦਾਰ ਕਾਰਨਾਮੇ ਕੀਤੇ ਹਨ। ਸਾਨੂੰ ਇਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਾਡੇ ਬਜ਼ੁਰਗ ਕਿਵੇਂ ਜੀਵਨ ਦੀ ਸੁਤੰਤਰਤਾ, ਸਮਾਨਤਾ, ਸਵੈਮਾਨ ਤੇ ਸਰਬ ਕਲਿਆਣ ਹਿਤ, ਆਪਾ ਵਾਰਦੇ ਰਹੇ ਹਨ ਤੇ ਦੀਨ ਦੁਖੀਆਂ ਨੂੰ ਉਬਾਰਦੇ ਰਹੇ ਹਨ ‘‘ਆਪਿ ਮਰੈ, ਅਵਰਾ ਨਹ ਮਾਰੀ॥’’ (ਮ:੧/੩੫੬) ਦਾ ਗੁਰੂ ਸੰਦੇਸ਼, ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਸੀ, ਉਹ ਸਦਾ ਜ਼ਿੰਦਗੀ ਦੀ ਪ੍ਰਫੁੱਲਤਾ, ਪ੍ਰਸੰਨਤਾ, ਵਿਕਾਸ ਤੇ ਸਰਬਤ ਦੇ ਭਲੇ ਵਿੱਚ ਵਿਸਵਾਸ਼ ਰੱਖਦੇ ਸਨ।

ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ, ਸਿੱਖੀ ਦੀ ਨਿਰੋਲਤਾ, ਮਨੁੱਖੀ ਭਾਈਚਾਰੇ ਦੀ ਸਾਂਝੀਵਾਲਤਾ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ, ਜਿਸ ਨੇ ਮਨੁੱਖ, ਖ਼ਾਸ ਕਰਕੇ ਸਿੱਖੀ ਅੰਦਰ ਇੱਕ ਕ੍ਰਾਂਤੀ ਲੈ ਆਂਦੀ। ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ ਨੇ ਸਿੱਧ ਕਰ ਦਿੱਤਾ ਕਿ ਜਦੋਂ ਸਿੱਖ ਧਰਮ ਉੱਤੇ ਸਮਕਾਲੀ ਸਰਕਾਰ ਵੱਲੋਂ ਵਾਰ ਹੋਣ ਲੱਗੇ, ਤਦੋਂ ਲੋਕ ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆਇਆ, ਤਾਂ ਗੁਰੂ ਅਰਜੁਨ ਦੇਵ ਜੀ ਨੇ, ਲੋਕ ਵੈਰੀਆਂ ਦੀ ਧਾਰਮਿਕ ਤੰਗਦਿਲੀ ਨੂੰ ਹਲੂਣਿਆ, ਜ਼ਬਰ ਦਾ ਟਾਕਰਾ ਸਬਰ ਨਾਲ ਕਰਕੇ ਮਨੁੱਖਤਾ ਨੂੰ ਨਵੀਂ ਜੀਵਨ ਜਾਚ ਸਿਖਾਉਂਦੇ ਹੋਏ, ਆਪਣੇ ਸੱਚੇ ਆਦਰਸ਼ ਲਈ ਸ਼ਹੀਦ ਹੋ ਗਏ। ਮਨੁੱਖਤਾ ਦੇ ਇਤਿਹਾਸ ਵਿੱਚ ਇਹ ਸ਼ਹੀਦੀ ਇੱਕ ਇਨਕਲਾਬੀ ਮੋੜ ਦੀ ਸੂਚਕ ਸੀ/ਹੈ।

ਸਤਿਗੁਰੂ ਜੀ ਦੇ ਬਲਿਦਾਨ ਨੇ ਸੁੱਤੀ ਹੋਈ ਜਨਤਾ ਨੂੰ ਹਿਲੂਣ ਕੇ ਜਗਾ ਦਿੱਤਾ। ਆਪਣੇ ਹੱਕ ਦੀ ਰਾਖੀ, ਆਪ ਕਰਨ ਲਈ ਤਿਆਰ ਕਰ ਦਿੱਤਾ। ਲੋਕ ਇਸ ਨਤੀਜੇ ’ਤੇ ਪਹੁੰਚ ਗਏ ਕਿ ਨੇਕੀ ਤੇ ਧਰਮ ਦੀ ਰੱਖਿਆ ਲਈ ਤਾਕਤ ਤੇ ਸਿਆਸਤ ਦਾ ਲੋਕ ਹੱਥਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ।

ਜਿੱਥੇ ਗੁਰੂ ਜੀ ਨੇ ਆਪਣੇ ਜੀਵਨ ਭਰ ‘‘ਉਗਵਣਹੁ ਤੈ ਆਥਵਣਹੁ, ਚਹੁ ਚਕੀ ਕੀਅਨੁ ਲੋਆ॥’’ (ਬਲਵੰਡ ਸਤਾ/੯੬੮) ਅਨੁਸਾਰ ਗੁਰਮਤਿ ਦਾ ਪ੍ਰਕਾਸ਼ ਕੀਤਾ, ਉੱਥੇ ‘‘ਪ੍ਰਗਟ ਭਈ ਸਗਲੇ ਜੁਗ ਅੰਤਰਿ, ਗੁਰ ਨਾਨਕ ਕੀ ਵਡਿਆਈ॥’’ (ਮ:੫/੬੧੧) ਨੂੰ ਹੋਰ ਰੁਸ਼ਨਾ ਦਿੱਤਾ।

ਆਉ, ਅੱਜ ਅਸੀਂ ਵੀ ਪ੍ਰਣ ਕਰੀਏ ਕਿ ਜਿਹੜੀਆਂ ਤਾਕਤਾਂ ਗੁਰਮਤਿ ਆਦਰਸ਼ ਨੂੰ ਅੱਜ ਭੀ ਧੁੰਦਲਾ, ਮਿਲਗੋਭਾ ਤੇ ਨੇਸਤੋ-ਨਬੂਦ ਕਰਨ ਲਈ ਤੁਲੀਆਂ ਹੋਈਆਂ ਹਨ, ਉਨ੍ਹਾਂ ਤੋਂ ਕੌਮ ਨੂੰ ਬਚਾਉਣ ਲਈ ਯਤਨਸ਼ੀਲ ਹੋਈਏ। ਸਾਡੀ ਜ਼ਿੰਦਗੀ ਦਾ ਆਦਰਸ਼ ਵੀ ‘‘ਸੇਵਕ ਕੀ, ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥’’ (ਮ:੫/੧੦੦੦) ਬਣ ਸਕੇ।

ਗੁਰਬਾਣੀ ਵਿੱਚ ਅਮ੍ਰਿਤ ਦਾ ਸੰਕਲਪ

0

ਗੁਰਬਾਣੀ ਵਿੱਚ ਅਮ੍ਰਿਤ ਦਾ ਸੰਕਲਪ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

‘ਮ੍ਰਿਤ’ ਸ਼ਬਦ ਨਾਲ ‘ਅ’ ਅਗੇਤਰ ਲਗਾ ਕੇ ‘ਅਮ੍ਰਿਤ’ ਸ਼ਬਦ ਬਣਿਆ ਹੈ। ਇਹ ਮ੍ਰਿਤੂ ਜਾਂ ਮੌਤ ਦਾ ਨਾਂਹ ਵਾਚਕ ਸ਼ਬਦ ਹੈ, ਜਿਸ ਦਾ ਭਾਵ ਹੈ ਮੌਤ ਰਹਿਤ, ਮਿੱਟੀ ਰਹਿਤ, ਅਰਥਾਤ ਉਹ ਹਸਤੀ ਜੋ ਮਿੱਟੀ ਦੀ ਨਹੀਂ ਬਣੀ ਹੋਈ ਜਾਂ ਜਿਸ ਦੀ ਕਦੇ ਮ੍ਰਿਤੂ ਨਹੀਂ ਹੋਣੀ ਭਾਵ ‘ਪਰਮਾਤਮਾ’।

ਦੂਸਰਾ, ਅਮ੍ਰਿਤ ਉਸ ਪਦਾਰਥ ਨੂੰ ਵੀ ਕਹਿੰਦੇ ਹਨ ਜਿਸ ਦੇ ਖਾਧਿਆਂ ਜੀਵ ਦੇ ਅਮਰ ਹੋ ਜਾਣ ਦੀ ਕਲਪਨਾ ਕੀਤੀ ਜਾਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਦਾ ਹਰ ਇਕ ਪਦਾਰਥ ਮਿੱਟੀ ਤੋਂ ਪੈਦਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ (ਮਿੱਟੀ ਵਿੱਚ) ਨਾਸ਼ ਹੋ ਜਾਂਦਾ ਹੈ, ਅੰਤ ਮਿੱਟੀ ਦਾ ਰੂਪ ਧਾਰ ਕੇ ਮੁੜ ਮਿੱਟੀ ਵਿੱਚ ਸਮਾ ਜਾਂਦਾ ਹੈ। ਬਾਕੀ ਪਦਾਰਥਾਂ ਤੇ ਜੀਵਾਂ ਦੇ ਨਾਲ ਨਾਲ ਮਨੁੱਖੀ ਸਰੀਰਾਂ ’ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ:‘‘ਕਬੀਰਾ! ਧੂਰਿ ਸਕੇਲਿ ਕੈ, ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ, ਅੰਤਿ ਖੇਹ ਕੀ ਖੇਹ॥’’ (ਭਗਤ ਕਬੀਰ/੧੩੭੪)

ਕਾਦਰ ਦੀ ਰਚਨਾ ਵਿੱਚ ਪੈਦਾ ਹੋਏ ਮਨੁੱਖ ਨੇ ਜਦੋਂ ਅੱਖ ਖੋਲ੍ਹੀ ਤਾਂ ਕੁਦਰਤ ਦੀ ਸੁੰਦਰਤਾ ਨੇ ਇਸ ਨੂੰ ਐਸਾ ਮੋਹਿਆ ਕਿ ‘‘ਵਿਚਹੁ, ਗਰਭੈ ਨਿਕਲਿ ਆਇਆ॥ ਖਸਮੁ ਵਿਸਾਰਿ, ਦੁਨੀ ਚਿਤੁ ਲਾਇਆ॥’’ (ਮ:੫/੧੦੦੭) ਅਨੁਸਾਰ ‘‘ਹੁਕਮਿ ਰਜਾਈ ਚਲਣਾ॥’’ ਭੁੱਲ ਗਿਆ, ਅਤੇ ‘‘ਆਕੀ ਮਰਹਿ ਅਫਾਰੀ॥’’ ਦੇ ਮਾਰਗ ’ਤੇ ਚੱਲ ਕੇ, ਹੁਕਮ ਤੋਂ ਬਾਗ਼ੀ ਹੋ ਗਿਆ। ‘‘ਪਹਿਲਾ ਮਰਣ ਕਬੂਲਿ॥’’ ਕਰਕੇ ਆਇਆ ਮਨੁੱਖ ‘‘ਮਰਣੁ ਮਨਹੁ ਵਿਸਾਰਿਆ॥’’ ਹੋ ਗਿਆ। ਕੇਵਲ ਇਸ ਨੂੰ ‘‘ਖਾਣਾ ਪੀਣਾ ਹਸਣਾ ਸਉਣਾ॥’’ ਚੇਤੇ ਰਹਿ ਕੇ ‘‘ਵਿਸਰਿ ਗਇਆ ਹੈ ਮਰਣਾ॥’’ ਭਾਵ ਮੌਤ (ਜੀਵਨ ਦਾ ਅੰਤ) ਹੀ ਭੁੱਲ ਗਿਆ। ਮਨੁੱਖ ਹਰ ਉਹ ਉਪਰਾਲਾ ਸੋਚਣ ਤੇ ਕਰਨ ਲੱਗਾ ਜਿਸ ਨਾਲ ਇਸ ਨੂੰ ਮੌਤ ਦਾ ਸਾਹਮਣਾ ਨਾ ਕਰਨਾ ਪਵੇ, ਜ਼ਿੰਦਗੀ ਅੰਦਰ‘ਮ੍ਰਿਤੂ’ ਇਸ ਮਨੁੱਖ ਨੂੰ ਸਭ ਤੋਂ ਵੱਡਾ ‘ਦੁਸ਼ਮਣ’ ਜਾਪਣ ਲੱਗੀ। ਸ੍ਰਿਸ਼ਟੀ ਦੀਆਂ ਬਾਕੀ ਜੂਨਾਂ ਨੇ ਤਾਂ ਬੇਬਸੀ ਜਾਂ ਅਗਿਆਨਤਾ ਕਾਰਨ ਇਸ ਚੱਕਰ (ਮੌਤ-ਦੁਸ਼ਮਣ) ਤੋਂ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ ਪਰ ਮਨੁੱਖ ਨੇ ਜਦੋਂ ਆਪਣੇ ਆਲੇ ਦੁਆਲੇ ਮੌਤ ਵਾਪਰਦੀ ਵੇਖੀ ਤਾਂ ਇਸ ਨੂੰ ਗਿਆਨ ਹੋਇਆ ਕਿ ਸੰਸਾਰ ਵਿੱਚ ਇਹ ਵੀ ਕੇਵਲ ਚਾਰ ਦਿਨ ਦਾ ਹੀ ਪ੍ਰਾਹੁਣਾ ਹੈ, ਕਿਸੇ ਨਾ ਕਿਸੇ ਦਿਨ ਮੌਤ ਨੇ ਇਸ ਨੂੰ ਵੀ ਦਬੋਚ ਲੈਣਾ ਹੈ, ਤਾਂ ਮਨੁੱਖ ਮੌਤ ਤੋਂ ਰਾਖੀ ਕਰਨ ਵਾਲੀ ਕਿਸੇ ਵਸਤੂ ਦੀ ਖੋਜ ਕਰਨ ਵਿੱਚ ਰੁੱਝ ਗਿਆ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਵੱਖ-ਵੱਖ ਉਪਰਾਲੇ ਕੀਤੇ, ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਅਜਿਹੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲੇ ਉਸਾਰੇ, ਕਦੇ ਅਜਿਹੀਆਂ ਔਸ਼ਧੀਆਂ ਦੀ ਖੋਜ, ਕਦੇ ਧਨੰਤਰ ਵੈਦ ਨੂੰ ਲੱਭਣ ਦਾ ਯਤਨ ਕੀਤਾ। ਇੱਥੋਂ ਤਕ ਕਿ ‘ਅਮਰ ਕਰਨ ਵਾਲੇ ਅਮ੍ਰਿਤ’ ਦੀ ਖੋਜ ਲਈ ਦੇਵਤੇ ਤੇ ਦੈਂਤ ਵੀ ਵਿਆਕੁਲ ਹੀ ਰਹੇ, ਉਹਨਾਂ ਨੇ ‘ਅਮ੍ਰਿਤ’ ਦੀ ਪ੍ਰਾਪਤੀ ਲਈ ਖੀਰ ਸਮੁੰਦਰ ਰਿੜਕ ਛੱਡਿਆ। ਜਿਸ ਵਿੱਚੋਂ ‘ਅਮ੍ਰਿਤ’, ਧਨੰਤਰ ਵੈਦ ਸਹਿਤ ਚੌਦ੍ਹਾਂ ਰਤਨ ਕੱਢੇ ਤੇ ਭਾਈ ਗੁਰਦਾਸ ਜੀ ਨੇ ਇਸ ਮਿਥ ਨੂੰ ਵਾਰ ਨੰ: 26 ਦੀ ਪਉੜੀ ਨੰ: 23 ਵਿੱਚ ਇੰਝ ਅੰਕਿਤ ਕੀਤਾ ਹੈ: ‘‘ਖੀਰ ਸਮੁੰਦੁ ਵਿਰੋਲਿ ਕੈ, ਕਢਿ ਰਤਨ ਚਉਦਹ ਵੰਡਿ ਲੀਤੇ। ਮਣਿ ਲਖਮੀ ਪਾਰਜਾਤ ਸੰਖੁ, ਸਾਰੰਗ ਧਣਖੁ ਬਿਸਨੁ ਵਸਿ ਕੀਤੇ। ਕਾਮਧੇਣੁ ਤੇ ਅਪਛਰਾਂ, ਐਰਾਪਤਿ ਇੰਦ੍ਰਾਸਣਿ ਸੀਤੇ। ਕਾਲਕੂਟ ਤੇ ਅਰਧ ਚੰਦੁ, ਮਹਾਂਦੇਵ ਮਸਤਕਿ ਧਰਿ ਪੀਤੇ।ਘੋੜਾ ਮਿਲਿਆ ਸੂਰਜੈ, ਮਦੁ ਅੰਮ੍ਰਿਤ ਦੇਵ ਦਾਨਵ ਰੀਤੇ। ਕਰੇ ਧਨੰਤਰੁ ਵੈਦਗੀ, ਡਸਿਆ ਤੱਛਕਿ ਮਤਿ ਬਿਪਰੀਤੇ।’’ (ਵਾਰ ੨੬ ਪਉੜੀ ੨੩)

ਭਾਈ ਗੁਰਦਾਸ ਜੀ ਨੇ ਪਉੜੀ ਦੀਆਂ ਆਖਰੀ ਪੰਕਤੀਆਂ ਵਿੱਚ ਗੁਰਮਤਿ ਸਮਝਾਉਂਦਿਆਂ ਕਥਨ ਕੀਤਾ ਹੈ ਕਿ ਇਸ ਮਿੱਥ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਉਪਦੇਸ਼ ਰੂਪ ਸਾਗਰ ਵਿੱਚੋਂ ਕੇਵਲ ਚੌਦ੍ਹਾਂ ਰਤਨ ਨਹੀਂ ਬਲਕਿ ਅਣਗਿਣਤ ਦੈਵੀ ਗੁਣ ਰੂਪ ਰਤਨ ਸਿੱਖ ਦੀ ਮਤਿ ਵਿੱਚ ਪ੍ਰਗਟ ਹੁੰਦੇ ਹਨ ਇਸ ਲਈ ਸਿੱਖ ਤੇ ਸਤਿਗੁਰੂ ਜੀ ਦੀ ਹੀ ਸੱਚੀ ਪ੍ਰੀਤ ਹੈ। ਕਥਨ ਇੰਝ ਹੈ: ‘‘ਗੁਰ ਉਪਦੇਸੁ ਅਮੋਲਕਾ, ਰਤਨ ਪਦਾਰਥ ਨਿਧਿ ਅਗਣੀਤੇ। ਸਤਿਗੁਰ ਸਿਖਾ ਸਚੁ ਪਰੀਤੇ॥ ੨੩॥’’ (ਵਾਰ ੨੬ ਪਉੜੀ ੨੩)

ਉਪਰੋਕਤ ਬਿਆਨ ਕੀਤੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਮਨੁੱਖ ਹਰ ਵਾਰੀ ਮੌਤ ਅੱਗੇ ਹਾਰ ਜਾਂਦਾ ਰਿਹਾ। ਇਹ ਲੜਾਈ ਅੱਜ ਵੀ ਜਾਰੀ ਹੈ। ਸੰਸਾਰ ਅੰਦਰ ਦੋ ਤਰ੍ਹਾਂ ਦੀ ਵੀਚਾਰਧਾਰਾ ਦੇ ਲੋਕ ਹਨ ਇਕ ਉਹ ਜਿਹੜੇ ‘‘ਦਾਤਿ ਪਿਆਰੀ ਵਿਸਰਿਆ ਦਾਤਾਰਾ॥’’ (ਮ:੫/੬੭੬) ਅਨੁਸਾਰ ਪ੍ਰਮਾਤਮਾ ਅਤੇ ਮੌਤ ਵੱਲੋਂ ਅਚੇਤ ਹੋ ਕੇ ਜ਼ਿੰਦਗੀ ਜੀਅ ਰਹੇ ਹਨ, ਕੇਵਲ ਜਿਉਣਾ ਹੀ ਚਾਹੁੰਦੇ ਹਨ, ਮਰਨਾ ਨਹੀਂ। ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਨੂੰ ਸੰਸਾਰ ਰਿਸ਼ੀ ਮੁਨੀ ਦੇਵਤੇ ਮੰਨਦਾ ਹੈ, ਇਨ੍ਹਾਂ ਨੂੰ ਮਨੁੱਖਾ ਦੇਹੀ ਦਾ ਇਹ ਗਿਆਨ ਹੋਇਆ ਕਿ ਇਹ ਜੀਵ ‘‘ਕਹੁ ਕਬੀਰ ਹਮ ਰਾਮ ਕੀ ਅੰਸ॥’’ ਹੈ। ਜੀਵ ਨੂੰ ਮਨੁੱਖਾ ਜੀਵਨ ਤੋਂ ਪਹਿਲਾਂ ਕਈ ਜੂਨਾਂ ਵਿੱਚ ਭਟਕਣਾ ਪਿਆ ਹੈ। ਪਾਵਨ ਫੁਰਮਾਨ ਹੈ: ‘‘ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥’’ (ਮ:੫/੧੭੬)

ਗਿਆਨਵਾਨਾਂ ਨੂੰ ਇਹ ਸੋਝੀ ਹੋਈ ਕਿ ਜੋ ਮਨੁੱਖਾ ਦੇਹੀ ਮਿਲੀ ਹੈ, ਇਹ ਹੀ ਪ੍ਰਭੂ ਨੂੰ ਮਿਲਣ ਦੀ ਪਉੜੀ ਹੈ, ਜਿਹੜਾ ਬੰਦਾ ਇਸ ਪਉੜੀ ਤੋਂ ਤਿਲਕ (ਡਿੱਗ) ਪੈਂਦਾ ਹੈ ਉਹ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ॥’’ (ਮ:੫/੧੦੭੫) ਅਨੁਸਾਰ ਆਵਾਗਵਣ ਦੇ ਚੱਕਰ ਵਿੱਚ ਡਿੱਗ ਪੈਂਦਾ ਹੈ।

ਗੱਲ ਕੀ ਦੋਵੇਂ ਤਰ੍ਹਾਂ ਦੇ ਲੋਕ ਜਦੋਂ ਤੋਂ ਸੰਸਾਰ ਬਣਿਆ ਹੈ ਇਸ ‘ਅਮਰ ਕਰਨ ਵਾਲੇ ਅਮ੍ਰਿਤ’ ਦੀ ਖੋਜ ਕਰਦੇ ਆ ਰਹੇ ਹਨ। ‘ਅਮ੍ਰਿਤ’ ਜਾਂ ‘ਅਮ੍ਰਿਤ ਫਲ’ਦੀ ਖੋਜ ਵਿੱਚ ਮਨੁੱਖ ਨੇ ਸਮੁੰਦਰਾਂ ਪਰਬਤਾਂ ਜੰਗਲਾਂ ਆਦਿ ਨੂੰ ਗਾਹ ਮਾਰਿਆ ਅਤੇ ਹੁਣ ਵੀ ਸਾਇੰਸਦਾਨ ਇਸੇ ਦੀ ਖੋਜ ਵਿੱਚ ਲੱਗੇ ਹੋਏ ਹਨ। ਭੋਲੇ ਲੋਕ ਇਹ ਨਹੀਂ ਜਾਣਦੇ ਕਿ ‘ਅਮ੍ਰਿਤ’ ਰੂਪ ਵਸਤੂ, ਜੋ ਮਿੱਟੀ ਪਦਾਰਥ ਜਾਂ ਤੱਤਾਂ ਤੋਂ ਨਹੀਂ ਬਣੀ ਉਹ ਸਮੁੰਦਰਾਂ ਵਣਾਂ ਪਰਬਤਾਂ ਜਾਂ ਪਦਾਰਥਾਂ ਵਿੱਚੋਂ ਨਹੀਂ ਮਿਲ ਸਕਦੀ। ਸਮੁੰਦਰ ਵਿੱਚੋਂ ਮਿਲਿਆ ‘ਅਮ੍ਰਿਤ ਜਲ’ ਜਾਂ ਕਿਸੇ ਪਰਬਤ ਤੋਂ ਲੱਭੀ ‘ਸੰਜੀਵਨੀ ਬੂਟੀ’ ਜਾਂ ‘ਅਮ੍ਰਿਤ ਫਲ’ ਕਿਸੇ ਬੰਦੇ ਦੇ ਮਨੋਂ ‘ਮ੍ਰਿਤੂ’ ਨੂੰ ਭਾਵੇਂ ਕੁਝ ਸਮੇਂ ਲਈ ਟਾਲ ਦੇਣ ਪਰ ਉਹ ਅਖੌਤੀ ‘ਅਮ੍ਰਿਤ’ ਜਾਂ ‘ਅਮ੍ਰਿਤ-ਫਲ’ ਆਪ ਕਿਸੇ ਤੱਤ ਜਾਂ ਮਿੱਟੀ ਤੋਂ ਬਣਿਆ ਹੈ ਇਸ ਲਈ ਉਹ ਬੰਦੇ ਨੂੰ ਮਿੱਟੀ ਰਹਿਤ ਨਹੀਂ ਕਰ ਸਕਦਾ।

ਦੁਨੀਆਂ ਦਾ ਕੋਈ ਐਸਾ ਤੱਤ ਜਾਂ ਪਦਾਰਥ ਨਹੀਂ, ਜੋ ਦੂਸਰੇ ਤੱਤ ਨਾਲ ਮਿਲ ਕੇ ਆਪਣਾ ਤੇ ਦੂਸਰੇ ਦਾ ਵਿਨਾਸ਼ ਕਰ ਸਕੇ ਸਗੋਂ ਇਕ ਤੱਤ ਦੂਜੇ ਤੱਤ ਨਾਲ ਮਿਲ ਕੇ ਨਵੀਂ ਸਿਰਜਨਾ ਕਰ ਦਿੰਦਾ ਹੈ ਜਿਵੇਂ ਕਿ ‘ਹਾਈਡਰੋਜਨ ਗੈਸ’, ‘ਆਕਸੀਜਨ ਗੈਸ’ ਨਾਲ ਮਿਲ ਕੇ ‘ਪਾਣੀ’ ਨੂੰ ਪੈਦਾ ਕਰਦੀ ਹੈ। ‘ਕਾਸਟਕ ਸੋਡਾ’, ‘ਤੇਲ’ ਨਾਲ ਮਿਲ ਕੇ ‘ਸਾਬਣ’ ਬਣ ਜਾਂਦਾ ਹੈ।

ਇਸ ਲਈ ਦੁਨੀਆਂ ਅੰਦਰ ਅਜਿਹੇ ਪਦਾਰਥ ਤਾਂ ਹਨ, ਜੋ ਕਿਸੇ ਦੇ ਜੀਵਨ ਨੂੰ ਤੰਦਰੁਸਤ ਕਰ ਸਕਣ ਪਰ ਉਹ ਕਿਸੇ ਨੂੰ ‘ਅਬਿਨਾਸ਼ੀ’ ਨਹੀਂ ਬਣਾ ਸਕਦੇ, ਜਿਵੇ ਲੱਕੜੀ ਅਤੇ ਗਾਰੇ ਦੀ ਥਾਂ ‘ਸੀਮਿੰਟ’ ਅਤੇ ‘ਲੋਹਾ’ ਵਰਤਿਆਂ ਕਿਸੇ ‘ਮਕਾਨ’ ਦੀ ਉਮਰ ਬੇਸ਼ਕ ਵਧ ਜਾਂਦੀ ਹੈ ਪਰ ਉਹ (ਮਕਾਨ) ਕਦੇ ਅਬਿਨਾਸ਼ੀ ਹੋ ਸਕੇ, ਇਹ ਗੱਲ ਅਸੰਭਵ ਹੈ। ਇਹੀ ਕਾਰਨ ਹੈ ਕਿ ਅੱਜ ਤਕ ਕੋਈ ਪੀਰ, ਪੈਗੰਬਰ, ਰਾਜਾ, ਮਹਾਰਾਜਾ, ਸੂਰਬੀਰ ਆਦਿ ਮੌਤ ਜਾਂ ਕਾਲ ਨੂੰ ਨਹੀ ਜਿੱਤ ਸਕਿਆ। ‘ਹਰਨਾਕਸ਼’ ਤੇ ‘ਰਾਵਣ’ ਵਰਗਿਆਂ ਦੀ ਬੰਦਗੀ ਦਾ ਮਕਸਦ ਵੀ ਇਹੋ ਸੀ ਕਿ ਮੈਂ ਕਦੇ ਨਾਂ ਮਰਾਂ, ਹਰ ਵਾਰੀ ਇਹੋ ਜਿਹੇ ਲੋਕ ਮੌਤ ਅੱਗੇ ਹਾਰਦੇ ਗਏ। ਆਪੋ ਆਪਣੇ ਖਿਆਲਾਂ ਵਿੱਚ ਨਾਮ ਭਾਵੇ ਅਲੱਗ ਹਨ, ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਕਹੇ ਜਾਂ ਅਮ੍ਰਿਤ ਆਖਿਆ ਜਾਏ, ਪਰ ਭਾਵਨਾ ਸਭ ਪਿੱਛੇ ਇੱਕੋ ਹੀ ਹੈ ਕਿ ‘ਮ੍ਰਿਤੂ’ ਤੋਂ ਬਚਾਅ ਕਿਵੇਂ ਹੋਵੇ ?

ਗੁਰਮਤਿ ਦੀ ਰੋਸ਼ਨੀ ਵਿੱਚ ਜਿੱਥੇ ਹਰ ਅਸੂਲ ਰੱਬੀ ਰਜ਼ਾ ਅਨੁਸਾਰ ਚੱਲ ਰਿਹਾ ਹੈ ਉੱਥੇ ‘ਅਮ੍ਰਿਤ’ ਦੀ ਵੀਚਾਰਧਾਰਾ ਵੀ ਨਿਰਾਲੀ ਹੈ, ਜਦੋਂ ਸਿੱਖ;‘ਅਮ੍ਰਿਤ’ ਦੀ ਦਾਤਿ ਲੈਣ ਲਈ ਗੁਰੂ ਚਰਨਾਂ ਵਿੱਚ ਪੁੱਜਦਾ ਹੈ ਤਾਂ ਇਸ ਨੂੰ ਪਹਿਲਾ ਸਬਕ ਹੀ ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥’’ (ਮ:੫/੧੧੦੨) ਦਾ ਦਿੱਤਾ ਜਾਂਦਾ ਹੈ ਕਿ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ ਮੁੱਕ ਜਾਏਗੀ, ਇਹ ‘ਮੌਤ’ ਨਹੀਂ ਬਲਕਿ ਇਸ ਨੂੰ ਗੁਰਮਤਿ ਭਾਸ਼ਾ ਵਿੱਚ ‘ਨਿਜ ਘਰ’ ਜਾਣਾ ਆਖਿਆ ਗਿਆ ਹੈ। ਗੁਰਮਤਿ ਨੇ ਜਿੱਥੇ ਜੁਗਾਂ ਜੁਗੰਤਰਾਂ ਤੋਂ ਮੰਨੇ ਜਾਂਦੇ ‘ਅਮ੍ਰਿਤ’ ਦੀ ਗੱਲ ਕੀਤੀ ਹੈ, ਉੱਥੇ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ॥’’ ਫੁਰਮਾਨ ਕਰਕੇ ਸ਼ਪੱਸਟ ਕੀਤਾ ਹੈ ਕਿ ‘ਅਸਲ ਅਮ੍ਰਿਤ’ ਦੀ ਦਾਤਿ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਵੀ ਇਸ ਤਰ੍ਹਾਂ ਹੈ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ, ਗੁਰ ਪਾਹੀ ਜੀਉ॥’’ (ਮ:੧/੫੯੮) ‘ਅਮ੍ਰਿਤ’ ਦਾ ਧਾਰਨੀ ‘‘ਛੋਡਹੁ ਵੇਸੁ ਭੇਖ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀ ਜੀਉ॥’’ (ਮ:੧/੫੯੮) ਦਾ ਪਾਂਧੀ ਬਣਕੇ ਹੀ, ਬਣਿਆ ਜਾ ਸਕਦਾ ਹੈ। ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ, ਮਿਲਿ ਪੀਵਹੁ ਭਾਈ॥’’ (ਮ:੫/੩੧੮) ਅਨੁਸਾਰ ਪ੍ਰਭੂ ਨਾਮ ਹੀ ‘ਅਸਲ ਅਮ੍ਰਿਤ’ ਹੈ, ਇਸ ਦਾ ਟਿਕਾਣਾ ‘‘ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ॥ ਦੇਹੀ ਮਹਿ, ਇਸ ਕਾ ਬਿਸ੍ਰਾਮੁ॥’’ (ਮ:੫/੨੯੩) ਹੈ। ਸਾਡੀ ਇਸ ਦੇਹੀ ਵਿੱਚੋਂ ‘ਅਮ੍ਰਿਤ’ ਦੀ ਪ੍ਰਾਪਤੀ ਕਿਵੇਂ ਹੋਵੇ? ਇਸ ਸਵਾਲ ਅਤੇ ਪ੍ਰਾਪਤੀ ਦੇ ਸਾਧਨ ਨੂੰ, ਇੰਝ ਅੰਕਿਤ ਕੀਤਾ ਗਿਆ ਹੈ ‘‘ਕਾਇਆ ਨਗਰ ਮਹਿ ਰਾਮ ਰਸੁ ਊਤਮੁ, ਕਿਉ ਪਾਈਐ ਉਪਦੇਸੁ ਜਨ ਕਰਹੁ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ, ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ॥’’ (ਮ:੪/੮੦੦), ‘‘ਅੰਮ੍ਰਿਤ ਬਾਣੀ ਤਤੁ ਵਖਾਣੀ॥’’ ਜਾਂ ‘‘ਵਿਚਿ ਬਾਣੀ ਅੰਮ੍ਰਿਤੁ ਸਾਰੇ॥’’ ਅਨੁਸਾਰ ਬਾਣੀ ਹੀ ‘ਅਮ੍ਰਿਤ’ ਹੈ ਤੇ ਇਸ ਦੀ ‘ਸੰਭਾਲ’ ਵੀ ਗੁਰਬਾਣੀ ਵਿੱਚੋਂ ਹੀ ਕਰਨੀ ਹੈ। ਪੰਚਮ ਪਿਤਾ ਜੀ ਨੇ ਫ਼ੁਰਮਾਇਆ ਹੈ ਕਿ ‘‘ਹਮਾਰੀ ਪਿਆਰੀ ਅਮ੍ਰਿਤ ਧਾਰੀ; ਗੁਰਿ, ਨਿਮਖ ਨ ਮਨ ਤੇ ਟਾਰੀ ਰੇ॥’’ (ਮ:੫/੪੦੪)

ਮਨੁੱਖਤਾ ਨੂੰ ‘ਅਮ੍ਰਿਤ ਮਈ ਜੀਵਨ’ ਦੇਣ ਲਈ ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਤਕ ‘ਚਰਣ ਪਾਹੁਲ’ ਦੀ ਮਰਿਆਦਾ ਚੱਲਦੀ ਰਹੀ ‘‘ਚਰਨ ਧੋਇ ਰਹਿਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ॥’’ ਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਗੁਰਮਤਿ ਰੋਸ਼ਨੀ ਵਿੱਚ‘ਚਰਨ ਪਾਹੁਲ’ ਦਾ ਭਾਵ ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ, ਨਾਨਕ! ਬਾਂਧਿਓ ਪਾਲ॥’’ (ਮ:੫/੬੮੦) ਬੜਾ ਸਪਸ਼ਟ ਹੈ।

1699 ਦੀ ਵਿਸਾਖੀ ਨੂੰ ਦਸਮ ਪਿਤਾ ਜੀ ਨੇ ‘ਖੰਡੇ ਬਾਟੇ ਦੀ ਪਾਹੁਲ’ ਦਾ ਨਿਯਮ ਬਖਸ਼ਿਆ ਜੋ ‘ਗੁਰੂ ਗ੍ਰੰਥ’ ਤੇ ‘ਪੰਥ’ ਦੀ ਹਜ਼ੂਰੀ ਵਿੱਚ ‘ਸਿੱਖ’ ਨੂੰ ਬਖਸ਼ਿਸ਼ ਹੁੰਦਾ ਹੈ ਆਪ ਜੀ ਨੇ ਜਾਤਾਂ ਪਾਤਾਂ, ਅਮੀਰ ਗਰੀਬ, ਊਚ ਨੀਚ ਆਦਿ ਦਾ ਭੇਦ ਭਾਵ ਖ਼ਤਮ ਕਰ ਕੇ ਇੱਕੋ ਬਾਟੇ ਵਿੱਚ ਪੰਜ ਪਿਆਰਿਆਂ ਨੂੰ‘ਅਮ੍ਰਿਤਪਾਨ’ ਕਰਵਾਇਆ ਤੇ ਫਿਰ ਉਹੀ ਬਾਟਾ ਆਪ ਪੰਥ ਨਾਲ ਸਾਂਝਾ ਕੀਤਾ। ਜਿਹੜੇ ਲੋਕ ਕਦੀ ਨਿਮਾਣੇ ਤੇ ਨਿਤਾਣੇ ਸਨ ਅੱਜ ‘‘ਖਾਲਸਾ ਮੇਰੋ ਰੂਪ ਹੈ ਖਾਸ॥’’ ਬਣ ਗਏ। ਗੁਰੂ ਨੇ ਮਾਣ ਕੀਤਾ ‘‘ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ॥’’ ਕਹਿ ਕੇ ਨਿਵਾਜਿਆ। ਇਹ ‘‘ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਿਖਾਲਸ ਜਾਨੈ॥’’

ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ‘ਅਮ੍ਰਿਤ’ ਦੇ ਸੰਕਲਪ ਨੂੰ ਇੰਝ ਅੰਕਿਤ ਕੀਤਾ ਗਿਆ ਹੈ। ‘ਪਾਂਚ ਸਿੰਘ ਅਮ੍ਰਿਤ ਜੋ ਦੇਵੈਂ। ਤਾ ਕੋ ਸਿਰ ਧਰਿ ਛਕ ਪੁਨ ਲੇਵੈ॥ ਪੁੰਨ ਮਿਲਿ ਪਾਂਚਹੁ ਰਹਿਤ ਜੋ ਭਾਖੈਂ। ਤਾ ਕੋ ਮਨ ਮਹਿ ਦ੍ਰਿੜ ਕਰ ਰਾਖੈਂ।’ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਸਿੱਖ ‘‘ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ॥’’, ‘‘ਅੰਮ੍ਰਿਤ ਪੀਵੈ, ਅਮਰ ਸੁ ਹੋਇ॥’’ ਜਾਂ ‘‘ਪੀ ਅੰਮ੍ਰਿਤੁ ਆਘਾਨਿਆ; ਗੁਰਿ, ਅਮਰੁ ਕਰਾਇਆ॥’’ (ਮ:੫/੮੦੮) ਦੀ ਪਦਵੀ ਪ੍ਰਾਪਤ ਕਰਦਾ ਹੈ।

ਲੋੜ ਹੈ ਭੁੱਲੜ ਮਨੁੱਖ, ਆਪਣੇ ਮਨ ਨੂੰ ਸੰਸਾਰ ਤੇ ਸਰੀਰਕ ਮੋਹ ਤੋਂ ਹਟਾ ਕੇ ਪ੍ਰਭੂ ਵਲ ਲਗਾਵੇ, ਗੁਰਮਤਿ ਵਿੱਚ ਇਸੇ ਵੀਚਾਰ ਨੂੰ ‘ਅਮ੍ਰਿਤ’ ਕਿਹਾ ਗਿਆ ਹੈ। ਜਿਹੜੀ ਆਤਮਾ ‘ਗੁਰੂ ਸ਼ਬਦ ਰੂਪ ਅਮ੍ਰਿਤ’ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦੀ ਹੈ ਉਸ ਦੀ ‘ਗਤੀ’ ਹੋ ਜਾਂਦੀ ਹੈ ਭਾਵ ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਉਹ ਪਾਰਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ ਇਉਂ ‘ਪਰਮ ਅਨੰਦ’ ਦੀ ਪ੍ਰਾਪਤੀ ਕਰ ਲੈਂਦੀ ਹੈ।

ਸੋ, ਜੇ ਅਸੀਂ ‘ਅਮਰ’ ਹੋਣਾ ਲੋਚਦੇ ਹਾਂ, ਤਾਂ ਸਾਨੂੰ ਸਾਹਿਬ ਜੀ ਦੇ ਇਸ ਫ਼ੁਰਮਾਨ ਦੇ ਪਾਂਧੀ ਬਣਨਾ ਹੀ ਪਵੇਗਾ: ‘‘ਅੰਮ੍ਰਿਤ ਬਚਨ ਸਾਧ ਕੀ ਬਾਣੀ॥ ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ, ਨਿਤ ਰਸਨ ਬਖਾਨੀ॥’’ (ਮ:੫/੭੪੪)

ਆਜੁ ਹਮਾਰੈ ਗਿ੍ਰਹਿ ਬਸੰਤ॥

0

ਆਜੁ ਹਮਾਰੈ ਗ੍ਰਿਹਿ ਬਸੰਤ ॥

  ਪ੍ਰਿੰ. ਬਲਜੀਤ ਸਿੰਘ-94170-18531

ੴ ਸਤਿ ਗੁਰ ਪ੍ਰਸਾਦਿ ॥  ਬਸੰਤੁ ਮਹਲਾ ੫ ਘਰੁ ੧ ਦੁਤੁਕੇ 

ਗੁਰੁ ਸੇਵਉ ਕਰਿ ਨਮਸਕਾਰ ॥  ਆਜੁ ਹਮਾਰੈ ਮੰਗਲਚਾਰ ॥

ਆਜੁ ਹਮਾਰੈ ਮਹਾ ਅਨੰਦ ॥  ਚਿੰਤ ਲਥੀ ਭੇਟੇ ਗੋਬਿੰਦ ॥੧॥

ਆਜੁ ਹਮਾਰੈ ਗ੍ਰਿਹਿ ਬਸੰਤ ॥  ਗੁਨ ਗਾਏ ਪ੍ਰਭ  ! ਤੁਮ੍ ਬੇਅੰਤ ॥੧॥ ਰਹਾਉ ॥ 

ਆਜੁ ਹਮਾਰੈ; ਬਨੇ ਫਾਗ ॥  ਪ੍ਰਭ ਸੰਗੀ ਮਿਲਿ; ਖੇਲਨ ਲਾਗ ॥ 

ਹੋਲੀ ਕੀਨੀ; ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ 

ਮਨੁ ਤਨੁ ਮਉਲਿਓ; ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ 

ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥ 

ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ 

ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ ॥ ਜਨ ਨਾਨਕ  ! ਹਰਿ ਹਰਿ, ਹਰਿ ਧਿਆਇ ॥੪॥ (ਬਸੰਤੁ, ਮ: ੫, ਪੰਨਾ ੧੧੮੦)

ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1180 ’ਤੇ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਬਸੰਤ ਰਾਗ ਵਿਚ ਅੰਕਤ ਹੈ। ਸ਼ਬਦ ਦਾ ਕੇਂਦਰੀ ਭਾਵ ‘‘ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ! ਤੁਮ ਬੇਅੰਤ॥’’ ਰਹਾਉ ॥ ਵਾਲੀ ਪੰਗਤੀ ਵਿੱਚ ਹੈ ਕਿ ਹੇ ਬੇਅੰਤ ਪ੍ਰਭੂ ! ਤੇਰੇ ਗੁਣ ਗਾਉਣ ਸਦਕਾ ਅੱਜ ਸਾਡੇ ਹਿਰਦੇ ਰੂਪ ਘਰ ਵਿੱਚ ਬਸੰਤ ਰੁੱਤ ਦਾ ਸੁਹਾਵਣਾ ਮਾਹੌਲ ਬਣਿਆ ਪਿਆ ਹੈ। ਮਨੁੱਖ ਦੀ ਮੁੱਢ ਕਦੀਮੀ ਇੱਛਾ ਰਹੀ ਹੈ ਕਿ ਉਹ ਹਮੇਸ਼ਾਂ ਅਨੰਦਿਤ ਜੀਵਨ ਜੀਵੇ, ਚਾਹੀਦਾ ਵੀ ਹੈ ਕਿਉਂਕਿ ਪ੍ਰਭੂ ਦੀ ਕੀਤੀ ਸਮੁੱਚੀ ਰਚਨਾ ਵਿੱਚੋਂ ਮਨੁੱਖਾ ਜੀਵਨ ਹੀ ਸਭ ਤੋਂ ਸ਼੍ਰੇਸਟ ਹੈ। ਇਸ ਲਈ ਇਹ ਆਤਮਿਕ ਖੇੜੇ ਜਾਂ ਅਨੰਦ ਦਾ ਪੂਰਨ ਹੱਕਦਾਰ ਹੈ ਪਰ ਅੱਜ ਜਦੋਂ ਅਸੀਂ ਮਨੁੱਖ ਦੇ ਹਿਰਦੇ ਨੂੰ ਖੋਜਦੇ ਹਾਂ ਤਾਂ ਅੰਨ੍ਹੇਰਾ ਹੀ ਹੱਥ ਲੱਗਦਾ ਹੈ। ਮਨੁੱਖ ਦੇ ਜੀਵਨ ਅੰਦਰ ਧਿਆਨ ਮਾਰਿਆ ਜਾਏ ਤਾਂ ਸਿਵਾਏ ਮੌਤ ਦੇ ਕੁੱਝ ਵੀ ਨਹੀਂ ਦਿੱਸਦਾ।  ਸਾਡਾ ਹਿਰਦਾ ਕੀ ਚਾਹੁੰਦਾ ਹੈ ?  ਸਾਡੇ ਪ੍ਰਾਣਾਂ ਦੀ ਪਿਆਸ ਕੀ ਹੈ ? ਸਾਡੇ ਸੁਆਸਾਂ ਦੀ ਤਲਾਸ਼ ਕੀ ਹੈ ? ਕੀ ਅਸੀਂ ਆਪਣੇ ਆਪ ਤੋਂ ਕਦੀ ਇਹ ਪ੍ਰਸ਼ਨ ਪੁੱਛੇ ਹਨ ? ਜੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਗੁਰਮਤਿ ਤੋਂ ਪੁੱਛਿਆ ਜਾਏ ਤਾਂ ਗੁਰੂ ਅਰਜੁਨ ਸਾਹਿਬ ਜੀ ਇੰਝ ਫੁਰਮਾਉਂਦੇ ਹਨ। ‘‘ਤੂੰ ਪੇਡੁ, ਸਾਖ ਤੇਰੀ ਫੂਲੀ॥ ਤੂੰ ਸੂਖਮੁ, ਹੋਆ ਅਸਥੂਲੀ॥ ਤੂੰ ਜਲਨਿਧਿ, ਤੂੰ ਫੇਨੁ ਬੁਦਬੁਦਾ, ਤੁਧੁ ਬਿਨੁ, ਅਵਰੁ ਨ ਭਾਲੀਐ ਜੀਉ॥’’ (ਮ:੫/੧੦੨) ਭਾਵ ਅਸੀਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਸ ਦੀ ਪ੍ਰਾਪਤੀ ਤੋਂ ਬਾਅਦ ਫਿਰ ਹੋਰ ਪ੍ਰਾਪਤੀ ਦੀ ਇੱਛਾ ਨ ਰਹੇ। ਕੀ ਇਹ ਪ੍ਰਸ਼ਨ ਸਾਡੀ ਆਤਮਾ ਵਿੱਚ ਉੱਠਦਾ ਹੈ ? ਆਤਮਾ ਅਨੰਦ ਚਾਹੁੰਦੀ ਹੈ। ਪੂਰਨ ਅਨੰਦ ਨਾਲ ਸਾਰੀਆਂ ਇੱਛਾਵਾਂ ਨੂੰ ਵਿਸਰਾਮ ਮਿਲ ਸਕਦਾ ਹੈ। ਆਤਮਾ ਸਾਰੀਆਂ ਇੱਛਾਵਾਂ ਦੀ ਸਮਾਪਤੀ ਮੰਗਦੀ ਹੈ ਕਿਉਂਕਿ ਇੱਛਾਵਾਂ ਦਾ ਅੰਤ ਹੀ ਪੂਰਨ ਅਨੰਦ ਹੈ।

ਭਾਰਤ ਵਰਸ਼ ਵਿੱਚ ਅਨੰਦ ਦੀ ਪ੍ਰਾਪਤੀ ਦੇ ਕਈ ਸਾਧਨ ਹੋਂਦ ਵਿਚ ਲਿਆਂਦੇ ਗਏ, ਜਿਵੇਂ ਕਿ ਘਰ-ਬਾਰ ਦਾ ਤਿਆਗ, ਤੀਰਥਾਂ ਦਾ ਰਟਨ ਜਾਂ ਮਿੱਥੇ ਹੋਏ ਕੁੱਝ ਤਿਉਹਾਰ ਤੇ ਮੇਲੇ, ਜਿਨ੍ਹਾਂ ਵਿੱਚ ਹੋਲ਼ੀ ਵੀ ਭਾਰਤ ਵਾਸੀਆਂ ਦਾ ਪ੍ਰਸਿੱਧ ਤਿਉਹਾਰ ਹੈ। ਪੁਰਾਤਨ ਸੰਸਕ੍ਰਿਤੀ ਅਨੁਸਾਰ ਇਹ ਤਿਉਹਾਰ ਫੱਗਣ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ।  ਪੁਰਾਣਾਂ ਅਨੁਸਾਰ ਪ੍ਰਹਿਲਾਦ ਦੀ ਭੂਆ ਢੁੰਡਾ ਸ਼ਿਵ ਜੀ ਦੇ ਵਰ ਨਾਲ ਅੱਗ ਵਿੱਚ ਸੜ ਨਹੀਂ ਸਕਦੀ ਸੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਢੁੰਡਾ ਦੀ ਗੋਦੀ ’ਚ ਬੈਠਾ ਕੇ ਕਾਠ ਦੇ ਢੇਰ ਨੂੰ ਅੱਗ ਲਗਵਾ ਦਿੱਤੀ। ਕਰਤਾਰ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਤੇ ਉਸ ਦੀ ਭੂਆ ਸੜ ਗਈ ਇਸ ਲਈ ਹੋਲੀ ਵਾਲੇ ਦਿਨ ਲੋਕੀਂ ਢੁੰਡਾ ਦੀ ਚਿਤਾ ਦੀ ਸ਼ਕਲ ਬਣਾ ਕੇ ਸਾੜਦੇ ਹਨ ਅਤੇ ਉਸ ਦੀ ਸੁਆਹ ਉਡਾਂਦੇ ਹਨ ਤੇ ਹੋਲੀ ਪੂਜਨ ਕੀਤਾ ਜਾਂਦਾ ਹੈ। ਇਹ ਸਾਰੀ ਘਟਨਾ ਮੁਲਤਾਨ ਸ਼ਹਿਰ ਪਾਕਿਸਤਾਨ ਵਿੱਚ ਹੋਈ ਕਹੀ ਜਾਂਦੀ ਹੈ, ਪਰ ਹੌਲ਼ੀ-ਹੌਲ਼ੀ ਪ੍ਰਹਿਲਾਦ ਭਗਤ ਦੀ ਉੱਚਤਾ, ਨਿਰਭੈਤਾ ਵੀ ਇੱਕ ਦੂਜੇ ’ਤੇ ਸੁਆਹ ਛੁੱਟਣੀ, ਰੰਗ ਛੁੱਟਣਾ, ਦੰਗੇ, ਸ਼ਰਾਬ ਵਿੱਚ ਬਦਲ ਗਈ। ਇਸ ਲਈ ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਦੀ ਸਦੀਵੀ ਹੋਲੀ ਕਿਵੇਂ ਖੇਡੀ ਜਾਏ, ਸਦੀਵੀ ਆਤਮਿਕ ਰੰਗ ਕਿਵੇਂ ਪ੍ਰਾਪਤ ਹੋਵੇ, ਜੀਵਨ ਖੇੜਾ (ਅਨੰਦ) ਕਿਵੇਂ ਪ੍ਰਾਪਤ ਹੋਵੇ ਦੁਨਿਆਵੀ ਖੇਡੀ ਜਾਂਦੀ ਹੋਲੀ ਤੋਂ ਉੱਪਰ ਉੱਠ ਕੇ ਨਾਮ ਰੰਗ ਦੀ ਰੰਗਣ ਚਾੜਨ ਲਈ ਇਸ ਸ਼ਬਦ ਰਾਹੀਂ ਉਪਦੇਸ਼ ਕੀਤਾ ਹੈ; ਜਿਵੇਂ ‘ਰਹਾਉ’ ਦੀ ਪੰਗਤੀ ’ਚ ਫ਼ੁਰਮਾਨ ਹੈ, ‘‘ਆਜੁ, ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ! ਤੁਮ ਬੇਅੰਤ॥’’ ਭਾਵ ਹੇ ਬੇਅੰਤ ਪ੍ਰਭੂ !  ਜਦੋਂ ਤੋਂ ਮੈਂ ਤੇਰੀ ਸਿਫਤ ਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਆਤਮਕ ਅਨੰਦ ਬਣਿਆ ਰਹਿੰਦਾ ਹੈ। ਸ਼ਬਦ ਦੇ ਪਹਿਲੇ ਬੰਦ ਅੰਦਰ ਫ਼ੁਰਮਾਇਆ ਗਿਆ ਹੈ, ‘‘ਗੁਰੁ ਸੇਵਉ ਕਰਿ ਨਮਸਕਾਰ॥ ਆਜੁ, ਹਮਾਰੈ ਮੰਗਲਚਾਰ॥ ਆਜੁ, ਹਮਾਰੈ ਮਹਾਂ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥’’  ਭਾਵ ਹੇ ਭਾਈ !  ਰੱਬੀ ਗੁਣ ਗਾਉਣ ਦੀ ਬਰਕਤ ਨਾਲ ਮੈਨੂੰ ਗੋਬਿੰਦ ਪ੍ਰਭੂ ਜੀ ਮਿਲ ਪਏ ਹਨ ਹੁਣ ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ ਕਿਉਂਕਿ ਮੇਰੇ ਹਿਰਦੇ ਵਿੱਚ ਬੜਾ ਅਨੰਦ ਬਣਿਆ ਪਿਆ ਹੈ, ਮੇਰੇ ਅੰਦਰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। ਹੇ ਭਾਈ ! ਇਹ ਸਾਰੀ ਮਿਹਰ ਗੁਰੂ ਜੀ ਦੀ ਹੈ, ਇਸ ਲਈ ਮੈਂ ਗੁਰੂ ਜੀ ਅੱਗੇ ਸਿਰ ਨਿਵਾ ਕੇ ਸੇਵਾ-ਭਗਤੀ ਕਰਦਾ ਹਾਂ।

ਸ਼ਬਦ ਦੇ ਦੂਸਰੇ ਬੰਦ ਵਿੱਚ ‘‘ਨਾਨਕ ! ਭਗਤਾ ਸਦਾ ਵਿਗਾਸ॥’’ ਦੀ ਵਿਧੀ ਦਰਸਾਉਂਦੇ ਹੋਏ ਫ਼ੁਰਮਾਇਆ ਗਿਆ ਹੈ ਕਿ ‘‘ਆਜੁ, ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥’’ ਭਾਵ ਹੇ ਭਾਈ ! ਪ੍ਰਮਾਤਮਾ ਦੀ ਸਿਫ਼ਤ ਸਲਾਹ ਦੀ ਬਰਕਤ ਨਾਲ ਮੇਰੇ ਅੰਦਰ, ਮਾਨੋ ਫੱਗਣ ਦੀ ਹੋਲੀ ਬਣੀ ਪਈ ਹੈ। ਪ੍ਰਭੂ ਜੀ ਦੇ ਸੰਤ ਜਨ ਸਾਧ ਸੰਗਤ ਨਾਲ ਮਿਲ ਕੇ ਇਹ ਹੋਲੀ ਖੇਡਣ ਲੱਗ ਪਏ ਹਨ। ਹੇ ਭਾਈ ! ਇਹ ਹੋਲੀ ਕੀ ਹੈ ? ਗੁਰਮੁਖ ਸੰਤ ਜਨਾਂ ਦੀ ਸੇਵਾ ਹੀ ਅਸਲ ਹੋਲੀ ਹੈ। ਇਸ ਦੀ ਬਦੌਲਤ ਮੇਰੇ ਅੰਦਰ ਪ੍ਰਮਾਤਮਾ ਦਾ ਗੂੜ੍ਹਾ ਆਤਮਕ ਰੰਗ ਚੜ੍ਹ ਗਿਆ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਜੀ ਮਨ ਨੂੰ ਹਰਾ ਭਰਾ ਕਰਨ ਦਾ ਸਾਧਨ ਦਰਸਾਉਂਦੇ ਹੋਏ ਬਖ਼ਸ਼ਸ਼ ਕਰਦੇ ਹਨ, ‘‘ਮਨੁ ਤਨੁ ਮਉਲਿਓ ਅਤਿ ਅਨੂਪ॥ ਸੂਕੈ, ਨਾਹੀ ਛਾਵ ਧੂਪ॥ ਸਗਲੀ ਰੂਤੀ ਹਰਿਆ ਹੋਇ॥ ਸਦ ਬਸੰਤ, ਗੁਰ ਮਿਲੇ ਦੇਵ॥’’ ਭਾਵ ਹੇ ਭਾਈ ! ਮੇਰਾ ਮਨ ਸੋਹਣਾ ਖਿੜ ਪਿਆ ਹੈ। ਮੇਰਾ ਤਨ ਵੀ ਸੋਹਣਾ ਖਿੜਾਉ ਵਿੱਚ ਹੈ। ਹੁਣ ਸੁਖ ਹੋਵੇ ਭਾਵੇਂ ਦੁੱਖ, ਮੇਰੇ ਮਨ ਤਨ ਵਿੱਚ ਆਤਮਕ ਖਿੜਾਉ ਦੀ ਸੁਗੰਧੀ ਕਦੇ ਮੁੱਕਦੀ ਨਹੀਂ। ਹੁਣ ਮੇਰਾ ਮਨ ਸਾਰੇ ਸਮਿਆਂ ਵਿੱਚ ਹੀ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ। ਮੈਨੂੰ ਗੁਰਦੇਵ ਜੀ ਮਿਲ ਪਏ ਹਨ। ਮੇਰੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ। ਸ਼ਬਦ ਦੇ ਚੌਥੇ ਤੇ ਆਖ਼ਰੀ ਬੰਦ ਰਾਹੀਂ ਸਾਹਿਬ ਜੀ ‘‘ਪਾਰਜਾਤੁ ਇਹੁ, ਹਰਿ ਕੋ ਨਾਮ॥’’ (ਮ:੫/੨੬੫) ਰੂਪ ਰੁੱਖ ਹਿਰਦੇ ’ਚ ਪ੍ਰਗਟ ਹੋਣ ਨਾਲ ਮਿਲੀ ਤ੍ਰਿਪਤੀ ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਜੀ ਫ਼ੁਰਮਉਂਦੇ ਹਨ, ‘‘ਬਿਰਖੁ ਜਮਿਓ ਹੈ ਪਾਰਜਾਤ॥ ਫੂਲ ਲਗੇ ਫਲ ਰਤਨ ਭਾਂਤਿ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ॥ ਜਨ ਨਾਨਕ ! ਹਰਿ ਹਰਿ ਹਰਿ ਧਿਆਇ॥’’ ਭਾਵ ਹੇ ਭਾਈ ! ਸਿਫਤ ਸਾਲਾਹ ਦੀ ਬਰਕਤ ਨਾਲ ਮੇਰੇ ਅੰਦਰ ਮਾਨੋ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਸਵਰਗੀ ਪਾਰਜਾਤ ਰੁੱਖ ਉੱਗ ਪਿਆ ਹੈ। ਜਿਸ ਨੂੰ ਭਾਂਤ ਭਾਂਤ ਦੇ ਕੀਮਤੀ ਫਲ਼ ਅਤੇ ਫੁੱਲ ਲੱਗੇ ਹੋਏ ਹਨ। ਹੇ ਦਾਸ ਨਾਨਕ ! ਆਖ ਕਿ ਹੇ ਭਾਈ ! ਸਦਾ ਪ੍ਰਮਾਤਮਾ ਦਾ ਨਾਮ ਸਿਮਰ ਕੇ ਹਰੀ ਦੇ ਗੁਣ ਗਾ-ਗਾ ਕੇ ਮਨੁੱਖ ਮਾਇਆ ਵੱਲੋਂ ਰੱਜ ਜਾਂਦੇ ਹਨ। ਫਿਰ ਉਨ੍ਹਾਂ ਉੱਤੇ ਗੁਰੂ ਜੀ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਪ੍ਰਭੂ ਨਾਮ ਰੰਗਣ ਤੋਂ ਸਿਵਾ ਹੋਰ ਕੋਈ ਇੱਛਾ ਬਾਕੀ ਨਹੀਂ ਰਹਿੰਦੀ; ਜਿਵੇਂ ਭਾਈ ਨੰਦ ਲਾਲ ਸਿੰਘ ਜੀ ਨੇ ਕਥਨ ਕੀਤਾ ਹੈ, ‘ਕਸੇ ਕੋ ਦੀਦ ਦੀਦਾਰੇ ਮੁਕਦਸ। ਮੁਰਾਦੇਂ ਉਮਰ ਰਾ ਹਾਸਿਲ ਨਿਕੋ ਕਰਦ।’ ਭਾਵ ਜਿਸ ਨੇ ਇਸ ਸਮੇਂ ਆਪਣੇ ਪਿਆਰੇ ਦੇ ਦਰਸ਼ਨ ਦੀਦਾਰੇ ਕੀਤੇ ਉਸ ਦੀ ਸਾਰੀ ਉਮਰ ਦੀਆਂ ਆਸਾਂ ਪੂਰੀਆਂ ਹੋ ਗਈਆਂ ‘ਸ਼ਵਦ ਕੁਰਬਾਨਿ ਖ਼ਾਕੇ ਰਾਹੇ ਸੰਗਤ। ਦਿਲੇ ‘ਗੋਯਾ’ ਹਮੀਂ ਬਸ ਆਰਜੂ ਕਰਦ।’ ਅਰਥ:- ਮੈਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਹੋ ਜਾਵਾਂ ਇਹੀ ਮੇਰਾ ਦਿਲ ਚਾਹੁੰਦਾ ਹੈ ਭਾਵ ਮੈਂ ਦੁਨੀਆਵੀ ਹੋਲੀਆਂ ਖੇਡਣ ਦੀ ਥਾਂ ‘‘ਰੰਗ ਲਾਗਾ ਅਤਿ ਲਾਲ ਦੇਵ॥’’ ਵਿਚ ਹੀ ਲੀਨ ਹੋਣਾ ਲੋਚਦਾ ਹਾਂ। ਇਹ ਤਦ ਹੀ ਹੋ ਸਕਦਾ ਹੈ ਜੇਕਰ ‘‘ਨਾਨਕ ! ਤਿਨਾ ਬਸੰਤੁ ਹੈ, ਜਿਨ੍ ਘਰਿ ਵਸਿਆ ਕੰਤੁ॥’’ (ਮ:੩/੭੯੧) ਵਾਲੀ ਅਵਸਥਾ ਪ੍ਰਾਪਤ ਹੋ ਗਈ ਭਾਵ ਅਸੀਂ ਗੁਰੂ ਵਾਲੇ ਬਣ ਗਏ। ਆਓ, ਗੁਰੂ ਦੇ ਉਪਦੇਸ਼ਾਂ ਅਨੁਸਾਰ ਪ੍ਰਭੂ ਜੀ ਦੀ ਪੈਦਾ ਕੀਤੀ ਖ਼ਲਕਤ ਦੀ ਸੇਵਾ ਅਤੇ ਪ੍ਰਭੂ ਸਿਮਰਨ ਵਿੱਚ ਲਿਵ ਜੋੜ ਲਈਏ ਤਾਂ ਜੋ ਸਾਡੇ ਜੀਵਨ ਦੀ ਵੀ ਇਹ ਮੁਰਾਦ ਪੂਰੀ ਹੋ ਸਕੇ, ‘‘ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ, ਅਤਿ ਲਾਲ ਦੇਵ॥’’

ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਆਦਰਸ਼ਕ ਜੀਵਨ

0

ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਆਦਰਸ਼ਕ ਜੀਵਨ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਜਿਵੇਂ ਹਵਾ, ਪਾਣੀ, ਧਰਤੀ ਆਦਿ ਸਾਰੀ ਮਾਨਵਤਾ ਲਈ ਸਾਂਝੇ ਅਤੇ ਸਰਬ ਲਈ ਸੁਖਦਾਈ ਹਨ, ਤਿਵੇਂ ਹੀ ਮਨੁੱਖਤਾ ਨੂੰ ਪਾਪ ਕਰਮ ਤੋਂ ਬਚਾ ਕੇ ਸਦਾਚਾਰੀ ਜੀਵਨ ਜੀਊਣ ਦਾ ਰਾਹ ਕੇਵਲ ਸਚਿਆਰ ਜੀਵਨ ਹੈ_‘‘ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ (ਪੰਨਾ ੪੬੮) ਦੇ ਨਿਯਮ ਹੀ ਸਭ ਤੇ ਲਾਗੂ ਹੁੰਦਾ ਹੈ ਸਾਰੀ ਮਾਨਵਤਾ ਲਈ ‘‘ਕਿਵ ਸਚਿਆਰਾ ਹੋਈਐ॥’’ ਸਾਂਝਾ ਮਸਲਾ ਜਾਂ ਪ੍ਰਸ਼ਨ ਹੈ, ਹੁਕਮਿ ਰਜਾਈ ਚਲਣਾ ਹੀ ਸਰਬ ਸਾਂਝਾ ਹੱਲ ਹੈ।‘ਘਰ ਘਰ ਅੰਦਰ ਧਰਮਸਾਲ’ ਸਾਜਣ ਦਾ ਨਰੋਆ ਢੰਗ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਰਾਹੀਂ ਇਸੇ ਸਿਧਾਂਤ ਦਾ ਪ੍ਰਚਾਰ ਕੀਤਾ ਫਿਰ ਮਨੁੱਖਤਾ ਨੂੰ ਸਚਿਆਰ ਜੀਵਨ ਦਾ ਅਮਲੀ ਜਾਮਾ ਪਹਿਨਾਉਣ ਲਈ ਕਰਤਾਰਪੁਰ ਬੈਠ ਕਰਕੇ ‘‘ਗਿਆਨ ਗੋਸਟਿ ਚਰਚਾ ਸਦਾ ਅਨਹਦਿ ਸਬਦ ਉਠੇ ਧੁਨਕਾਰਾ॥ ਸੋ ਦਰੁ ਆਰਤੀ ਗਾਈਐ ਅੰਮਿ੍ਰਤ ਵੇਲੇ ਜਾਪ ਉਚਾਰਾ॥’’ (ਵਾਰ ਭਾਈ ਗੁਰਦਾਸ ਜੀ) ਰਾਹੀਂ ‘‘ਸਚਹੁ ਓਰੈ ਸਭੁ ਕੋ, ਉਪਰਿ ਸਚ ਆਚਾਰ॥’’ ਦੀ ਜੀਵਨ ਜਾਚ ਸਮਝਾਈ। ਸਾਰੇ ਗੁਰੂ ਸਾਹਿਬਾਨ ਨੇ ਇਸ ਆਦਰਸ਼ ਨੂੰ ਕਾਰਜ-ਖੇਤਰ ਮੰਨਿਆ। ਪਰ ਇਸ ਸਦ ਆਚਾਰ ਜੀਵਨ ਜਾਚ ਪਿੱਛੇ ਬੜੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਜੀਵਨ ਜਾਚ ਕਿਸੇ ਦੇਹਧਾਰੀ ਰੂਪ ਵਿਚ ਨਹੀਂ ਬਲਕਿ ਸ਼ਬਦ ਗੁਰੂ ਦੇ ਰਾਹੀਂ ਦਿ੍ਰੜ੍ਹ ਕਰਵਾਈ ਗਈ। ‘‘ਜਿਨ ਸਬਦਿ ਗੁਰੁ ਸੁਣਿ ਮੰਨਿਆ, ਤਿਨ ਮਨਿ ਧਿਆਇਆ ਹਰਿ ਸੋਇ॥ (ਪੰਨਾ 27) ਦੇ ਸਿਧਾਂਤ ਨੂੰ ਪਰਪੱਕ ਕਰ ਦਿੱਤਾ। ਸ਼ਬਦ-ਗੁਰੂ ਨੂੰ ਪੋਥੀ ਸਾਹਿਬ ਦਾ ਰੂਪ ਪਾਤਸਾਹੀ ਪਹਿਲੀ ਨੇ ਹੀ ਦੇ ਦਿੱਤਾ, ਫਿਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ‘‘ਸਬਦ ਗੁਰੂ ਪਰਕਾਸਿਉ’’ ਦਾ ਪਰਉਪਕਾਰ ਕਰ ਦਿੱਤਾ ਤਾਂ ਕਿ ਸਦੀਵ ਕਾਲ ਹੀ ਮਾਨਵਤਾ, ਸ਼ਬਦ ਗੁਰੂ ਤੋਂ ਸਦਾਚਾਰੀ ਆਦਰਸ਼ਕ ਜੀਵਨ ਦੀ ਅਗਵਾਈ ਪ੍ਰਾਪਤ ਕਰਦੀ ਰਹੇ।

ਧਰਮ ਤੇ ਸਦਾਚਾਰੀ ਦੇ ਉਦੇਸ਼ਾਂ ਵਿਚ ਇਕ ਬੁਨਿਆਦੀ ਸਾਂਝ ਹੈ, ਮਨੁੱਖੀ ਉੱਤਮਤਾ ਦੇ ਮਨੋਰਥ ਦੀ ਸਾਂਝ, ਧਰਮ ਦਾ ਅਧਿਆਤਮਕ ਸੰਦੇਸ਼, ਸਰਬ ਕਲਿਆਣ ਹਿੱਤ ਸ਼ਰਧਾ ਤੇ ਵਿਸ਼ਵਾਸ ਦਾ ਮਾਰਗ ਦਰਸਾਂਦਾ ਹੈ। ਇਹ ਮਨੁੱਖ ਅੰਦਰੋਂ ਹਉਮੈ, ਤੰਗ-ਦਿਲੀ ਨੂੰ ਖਤਮ ਕਰਦਾ ਹੈ। ਮਨੁੱਖ ਅੰਦਰ ਦੈਵੀ ਦਿ੍ਰਸ਼ਟੀ ਅਤੇ ਵਿਸ਼ਵਾਸ ਵਿਕਸਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਦਾਚਾਰ ਦਾ ਮਾਰਗ ਸੁਚੇਤ ਕਰਮ ਅਤੇ ਸਵੈ-ਭਰੋਸੇ ਦਾ ਮਾਰਗ ਹੈ। ਇਹ ਵਿਅਕਤੀ ਨੂੰ ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਸੇਧ ਦਿੰਦਾ ਹੈ ਅਤੇ ਇਸ ਨੂੰ ਸੁਆਰਥੀ ਹਿਤਾਂ ਤੋਂ ਉੱਪਰ ਉਠ ਕੇ ਯਤਨਸ਼ੀਲ ਹੋਣ ਲਈ ਪ੍ਰੇਰਨਾ ਕਰਦਾ ਹੈ। ਧਰਮ ਉਪਦੇਸ਼ ਅਤੇ ਨੈਤਿਕ ਸਿੱਖਿਆ ਦੋਵੇਂ ਮਨੁੱਖ ਦੇ ਵਿਅਕਤੀਗਤ ਤੇ ਸਮੂਹਿਕ ਜੀਵਨ ਨੂੰ ਵਧੇਰੇ ਸੁਚੱਜਾ, ਉੱਤਮ ਅਤੇ ਸਾਰਥਕ ਬਣਾਉਣ ਦਾ ਉਪਰਾਲਾ ਹਨ।

ਗੁਰਬਾਣੀ ਆਦਰਸਕ ਵਿਅਕਤੀ ਨੂੰ ਬ੍ਰਹਮ ਗਿਆਨੀ, ਗੁਰਮੁਖ, ਸਾਧ, ਸੰਤ ਜਾਂ ਪੰਚ ਕਹਿ ਕੇ ਸੰਕੇਤ ਕਰਦੀ ਹੈ, ਅਜਿਹੇ ਆਦਰਸ਼ਕ ਜੀਵਨ ਵਾਲੇ ਵਿਅਕਤੀ ਦਾ ਅਤਿ ਸ੍ਰੇਸ਼ਟ ਲੱਛਣ ਜੀਵਨ ਮੁਕਤੀ ਦੀ ਅਵਸਥਾ ਹੈ, ਉਸ ਨੇ ਅਜਿਹੀ ਜੀਵਨ ਜਾਚ ਕਬੂਲੀ ਹੈ ਜੋ ਇਕ ਪਾਸੇ ਅੰਦਰਲੇ ਸੁਰਤੀ ਦੁਆਰ ਨੂੰ ਖੋਲ੍ਹਦੀ ਹੈ, ਦੂਜੇ ਪਾਸੇ ਸ਼ੁੱਭ ਕਰਮਾਂ ਲਈ ਉਤਸ਼ਾਹਿਤ ਕਰਦੀ ਹੈ। ਇਸ ਜੀਵਨ ਜੁਗਤੀ ਵਿਚ ਮੋਢਾ ਪਿੱਛੇ ਮੋੜਨ ਦੀ ਫੁਰਸਤ ਨਹੀਂ, ‘‘ਅਗਾਹਾ ਕੂ ਤ੍ਰਾਂਘ’’ ਹੀ ਪ੍ਰਬਲ ਹੁੰਦੀ ਹੈ। ਉਹ ਆਤਮਿਕ ਬਲ ਰਾਹੀਂ ‘‘ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਾ ਅੰਤਰਿ ਸੁਰਤਿ ਗਿਆਨ॥ (ਪੰਨਾ ੧੪੧੩) ਦਾ ਜੀਵਨ ਜੀਊਂਦੇ ਹੋਏ ‘‘ਸਾਈਕਾਰ’’ ਦੀ ਕਮਾਈ ਕਰਦੇ ਹਨ, ਉਨ੍ਹਾਂ ਲਈ ‘‘ਸਚੁ ਵਰਤ ਸੰਤੋਖ ਤੀਰਥੁ, ਗਿਆਨੁ ਧਿਆਨੁ ਇਸਨਾਨ॥ ਦਇਆ ਦੇਵਤਾ ਖਿਮਾ ਜਪਮਾਲੀ, ਤੇ ਮਾਣਸ ਪਰਧਾਨੁ॥ (ਪੰਨਾ ੧੨੪੫) ਨੈਤਿਕ ਗੁਣਾਂ ਦਾ ਨਿਚੋੜ ਹੁੰਦਾ ਹੈ।

ਗੁਰਬਾਣੀ ਦੁਆਰਾ ਸਿਰਜਿਆ ਬ੍ਰਹਮ ਗਿਆਨੀ, ਸੰਤ ਜਾਂ ਮਹਾਂਪੁਰਖ ਗੁਰਮੁਖ ਅਧਿਆਤਮਕ ਤੇ ਨੈਤਿਕ ਭਾਵਨਾ ਵਾਲਾ ਆਦਰਸ਼ਕ ਵਿਅਕਤੀ ਹੈ ਪਰ ਨਾਲ ਹੀ ਉਹ ਪ੍ਰਭੂ-ਭਗਤੀ ਉਸ ਦੇ ਪ੍ਰੇਮ ਵਿਚ ਰੱਤਾ ਉਸਦਾ ਰਹੱਸ ਮਾਨਣ ਵਾਲਾ ਰਸੀਆ ਵੀ ਹੈ। ਗੁਰਬਾਣੀ ਦਾ ਆਦਰਸ਼ਕ ਵਿਅਕਤੀ ਗਿਆਨਵਾਨ ਵੀ ਹੈ, ਸਦਾਚਾਰੀ ਵੀ ਅਤੇ ਪ੍ਰਭੂ ਦਾਤਿ ਭੋਗਣਹਾਰ ਵੀ ਹੈ। ਦੁਨੀਆਂ ਅੰਦਰ ਵਿੱਦਿਆ ਦੇ ਚਾਨਣ ਦੀ ਪ੍ਰਭੂਸੱਤਾ ਦੀ ਕੀਮਤ ਹੈ ਜਿਸ ਦੀ ਕਮਾਈ ਸਧਾਰਨ ਵਿਅਕਤੀ ਦੇ ਜੀਵਨ ਵਿਚ ਗਿਆਨ ਦਾ ਉਜਾਲਾ ਪੈਦਾ ਕਰਦੀ ਹੈ। ਕਬੀਰ ਜੀ ਨੇ ਇਸ ਕੀਮਤ ਵੱਲ ਇੰਜ ਸੰਕੇਤ ਕੀਤਾ ਹੈ : ‘‘ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (ਪੰਨਾ ੩੪੦) ਪਰ ਨਾਲ ਹੀ ਸੁਚੇਤ ਕੀਤਾ ਹੈ_‘‘ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ ਪਰਮਗਤਿ ਪਾਵੈ॥ (ਪੰਨਾ ੧੯੭) ਆਦਰਸ਼ਕ ਜੀਵਨ ਜਾਚ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਵਿੱਦਿਆ ਨੇ ਹਉਮੈ ਦੀ ਝਖਣਾ ਝਾਖ ਦੂਰ ਨਹੀਂ ਕੀਤੀ, ਪੜ੍ਹ-ਪੜ੍ਹ ਕੇ ਢੇਰ ਲਗਾਉਣ ਦਾ ਵੀ ਕੀ ਅਰਥ ਹੈ ਪਰ ਫਿਰ ਵੀ ਵਿੱਦਿਆ ਅਤੇ ਰੋਸ਼ਨ ਬੁੱਧੀ ਨੂੰ ਗੁਰਬਾਣੀ ਵਿਚ ਉੱਚ-ਸਥਾਨ ਮਿਲਿਆ ਹੈ, ਜਿਨ੍ਹਾਂ ਨੂੰ ਜਗਤ ਅਤੇ ਜੀਵਨ ਦੀ ਸੱਚਾਈ ਬਾਰੇ ਕੋਈ ਸੁੱਧ-ਬੁੱਧ ਨਹੀਂ, ਜੋ ਸਿਰਿਓਂ ਹੀ ਅਕਲ ਤੋਂ ਕੋਰੇ ਹਨ, ਜੋ ਅੱਖਰ ਦਾ ਭੇਦ ਨਹੀਂ ਜਾਣਦੇ ਉਹ ਮਨੁੱਖ, ਗੁਰੂ ਨਾਨਕ ਸਾਹਿਬ ਜਾਂ ਗੁਰਬਾਣੀ ਦੀਆਂ ਨਜ਼ਰਾਂ ਵਿਚ ਖੋਤੇ ਤੋਂ ਵੱਧ ਨਹੀਂ। ਪ੍ਰਭੂ ਸੇਵਾ ਅਤੇ ਸਿਮਰਨ ਲਈ ਵੀ ਅਕਲ ਦੀ ਲੋੜ ਹੈ। ਗੁਰਬਾਣੀ ਦਾ ਅਟੱਲ ਫੁਰਮਾਨ ਹੈ : ਇਕਨਾਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ ਨ ਲਹੰਤਿ॥ ਨਾਨਕ ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤ॥ (ਪੰਨਾ ੧੨੪੬) ਅਤੇ ਅੰਮਿ੍ਰਤ ਬਚਨ ‘‘ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ (ਵਾਰ ਸਾਰੰਗ, ਪੰਨਾ ੧੨੪੫) ਗੁਰਬਾਣੀ ਦਾ ਆਦਰਸ਼ ਦਰਸਾਉਂਦਾ ਹੈ। ‘‘ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’’ (ਪੰਨਾ ੬੬੦) ਪਰ ਨਾਲ ਹੀ ਇਹ ਸੂਝ ਹੋਵੇ, ‘‘ਸੰਤ ਮਿਲੈ ਕਿਛੁ ਸੁਨੀਐ ਕਹੀਐ॥ ਮਿਲੈ ਅਸੰਤ ਮਸਟਿ ਕਰਿ ਰਹੀਐ॥ (ਪੰਨਾ ੮੭੦) ਬ੍ਰਹਿਮੰਡ ਦੇ ਪਸਾਰੇ ਦੀ ਥਾਹ ਜਾਨਣ ਲਈ ਅੱਖਰੀ ਗਿਆਨ ਲਾਜ਼ਮੀ ਹੈ। ਭਾਸ਼ਾ ਦੀ ਸੋਝੀ ਤੋਂ ਬਿਨਾਂ ਧਰਮ ਗ੍ਰੰਥਾਂ ਦਾ ਅਧਿਐਨ ਕਿਵੇਂ ਕੀਤਾ ਤੇ ਸਮਝਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਪਾਪਾਂ ਨਾਲ ਭਰੀ ਮੱਤ ਦੀ ਸਫਾਈ ਕਿੰਝ ਹੋ ਸਕਦੀ ਹੈ। ਇਸੇ ਲਈ ਫੁਰਮਾਨ ਹੈ : ‘‘ਦੀਵਾ ਬਲੈ ਅੰਧੇਰਾ ਜਾਇ ਬੇਦ ਪਾਠ ਮਤਿ ਪਾਪਾਂ ਖਾਇ॥ ਉਗਵੈ ਸੂਰ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥’ (ਪੰਨਾ ੭੯੧) ਦੇਖੋ ਭਾਈ ਗੵਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥’’ (ਗਉੜੀ ਭਗਤ ਕਬੀਰ ਜੀ, ਪੰਨਾ ੩੩੧)

ਇਸ ਲਈ ‘‘ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ॥’’ (ਪੰਨਾ ੪੨੫) ਹਕੀਕਤ ਦੀ ਟੋਹ ਆਪਣੇ ਅੰਦਰੋਂ ਲਾਉਣ ਵਾਲਾ ਹੀ ਗਿਆਨਵਾਨ ਹੈ। ‘‘ਆਪ ਬੀਚਾਰੇ ਸੁ ਗਿਆਨੀ ਹੋਇ॥’’ (ਪੰਨਾ ੧੫੨) ਫਿਰ ਜੇਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥’’ (੧੩੭੨) ਵੀ ਅਟੱਲ ਸੱਚਾਈ ਹੈ। ਪਰਉਪਕਾਰੀ ਤੇ ਆਦਰਸ਼ਕ ਜੀਵਨ ਦੀ ਇਸ ਤੋਂ ਸੰਖੇਪ ਅਤੇ ਭਰਪੂਰ ਪਰਿਭਾਸ਼ਾ ਕੀ ਹੋ ਸਕਦੀ ਹੈ ਕਿ ‘‘ਵਿਦਿਆ ਵਿਚਾਰੀ ਤਾ ਪਰਉਪਕਾਰੀ॥’’ਅੱਖਰ ਦਾ ਭੇਦ ਪਾ ਕੇ ਵੀ ਜੇ ਆਚਰਣ ਨਾ ਸੁਧਰੇ ਤਾਂ ਵਿੱਦਿਆ ਵਿਅਰਥ ਹੈ। ‘‘ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥’’ (ਪੰਨਾ ੪੭੩) ਆਦਰਸ਼ਕ ਜੀਵਨ ਜਾਚ ਹੈ। ਗੁਰਬਾਣੀ ਵਿਚ ਮਾਨਵਵਾਦ ਦਾ ਅਤੇ ਈਸ਼ਵਰਵਾਦ ਦਾ ਸੁਮੇਲ ਹੈ। ਈਸ਼ਵਰ ਦਾ ਪ੍ਰੇਮ ਫਿਰ ਮਨੁੱਖਤਾ ਵਿਚ ਈਸ਼ਵਰ ਨੂੰ ਦੇਖਣ ਦਾ ਮਨੁੱਖ ਨੂੰ ਪਿਆਰਨ ਦਾ ਵਸੀਲਾ ਹੈ। ਮਨੁੱਖਤਾ ਦਾ ਪ੍ਰੇਮ ਮਨੁੱਖੀ ਹਿਰਦਿਆਂ ਵਿਚ ਵਿਆਪਕ ਪ੍ਰਭੂ ਦੇ ਪ੍ਰੇਮ ਦਾ ਸਾਧਨ ਹੈ, ਫਿਰ ਸੋਝੀ ਹੁੰਦੀ ਹੈ। ‘‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’’ (ਪੰਨਾ ੧੩) ‘‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗ ਉਪਜਿਆ, ਕਉਨ ਭਲੇ ਕੋ ਮੰਦੇ॥ (ਪੰਨਾ ੧੩੪੯) ਜਾਂ ‘‘ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈਨ ਦਿਸਹਿ ਬਾਹਰਾ ਜੀਉ॥’’ ਗੁਰਬਾਣੀ ਦੀ ਵਿਸਮਾਦਤਾ ‘‘ਮਹਾ ਅਨੰਦੁ ਗੁਰ ਸਬਦੁ ਵੀਚਾਰਿ॥’’ ਹੀ ਹੈ। ਬ੍ਰਹਮ ਗਿਆਨ ਦਾ ਆਦਰਸ਼ ਹੈ। ‘‘ਮਨੁ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਮਣ ਬ੍ਰਹਮ ਗਿਆਨੀ ਹੋਇ॥ (ਪੰਨਾ ੨੭੨), ‘‘ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰੁ’’ ਜਾਂ ‘‘ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥’’ ਦੇ ਆਦਰਸ਼ਕ ਭੇਦ ਨੂੰ ਖੋਲ੍ਹਦਾ ਹੈ। ‘‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ (ਪੰਨਾ ੨੭੩) ਦੀ ਜੀਵਨ-ਜਾਚ ਸਿਖਾਉਂਦਾ ਹੈ। ਅਜਿਹਾ ਆਦਰਸ਼ਕ ਜੀਵਨ ਸੰਤੁਲਨ, ਸਮਦਰਸ਼ੀ ‘‘ਨਾ ਕੋ ਬੈਰੀ ਨਹੀਬਿਗਾਨਾ॥’’ ਦਾ ਧਾਰਨੀ ਹੈ। ਉਹ ਸਦਾ ਨਿਰਲੇਪ ਅਤੇ ਨਿਰਦੋਖ ਹੈ, ਨਿਰਭੈਤਾ ਉਸ ਦਾ ਅਨਿੱਖੜਵਾਂ ਲੱਛਣ ਹੈ। ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥’’ (ਪੰਨਾ ੬੩੩) ਗੁਰਬਾਣੀ ਦੀ ਵਿਚਾਰਧਾਰਾ ਵਿਚ ਜੀਵਨ ਮੁਕਤੀ ਮਨੁੱਖੀ ਜ਼ਿੰਦਗੀ ਦਾ ਸਰਵੋਤਮ ਅਵਸਥਾ ਹੈ। ਮਰਨ ਤੋਂ ਬਾਅਦ ਮੁਕਤੀ ਦੀ ਲਾਲਸਾ ਨਹੀ ਬਲਕਿ ਜਿਊਂਦੇ ਜੀਅ ਜੀਵਨ ਮੁਕਤ ਵਿਅਕਤੀ ਆਪਣੇ ਨਿੱਜੀ ਲਾਭ ਲਈ ਕੁਝ ਨਹੀਂ ਮੰਗਦਾ। ‘‘ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥’’ (ਪੰਨਾ ੧੦੭੭) ਅਨੁਸਾਰ ਮੁਕਤੀ ਵੀ ਨਹੀਂ ਮੰਗਦਾ, ਕੇਵਲ ਪ੍ਰਭੂ ਪ੍ਰੀਤ ਦਾ ਪਾਤਰ ਬਣਨਾ ਲੋਚਦਾ ਹੈ। ‘‘ਰਾਜੁ ਨ ਚਾਹਉਂ ਮੁਕਤਿ ਨ ਚਾਹਉਂ ਮਨਿ ਪ੍ਰੀਤਿ ਚਰਨ ਕਮਲਾਰੇ॥’’ (ਪੰਨਾ ੫੩੪) ਉਸ ਨੇ ਆਪਣੇ ਹਿਰਦੇ ਤੋਂ ਹਉਮੈ ਨਾਸ਼ ਕਰ ਲਈ ਹੈ_‘‘ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ (ਪੰਨਾ ੧੦੦੯) ‘‘ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ (ਪੰਨਾ ੧੪੨੭) ਹੀ ਉਸ ਦੀ ਜੀਵਨ ਜੁਗਤੀ ਹੈ। ਉਸ ਨੇ ਅਜਿਹੀ ਜੀਵਨ ਜੁਗਤੀ ਲੱਭ ਲਈ ਹੈ, ਜਿਸ ਦੁਆਰਾ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਵੰਦਿਆ ਵਿਚੇ ਹੋਵੈ ਮੁਕਤਿ॥’’ (ਪੰਨਾ ੫੨੨) ਉੱਚਤਮ ਜੀਵਨ ਜਾਚ ਹੈ। ‘‘ਦਿਲਹੁ ਮੁਹਬਤਿ ਜਿਨ ਸੇਈ ਸਚਿਆ॥’’ ਉਸ ਦੀ ਪਹਿਚਾਨ ਹੈ। ਅਜਿਹਾ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥’’ (ਪੰਨਾ ੫੨੨) ਰਾਹੀਂ ਮਹਾਨ ਉੱਦਮੀ ਮਨੁੱਖ ਹੈ। ‘‘ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥’’ ਅਨੁਸਾਰ ਸੰਜਮੀ ‘‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ ੧੪੨) ਨੂੰ ਸਮਝ ਕੇ ਸੰਤੋਖੀ ਹੈ। ‘‘ਮਨਿ ਸੰਤੋਖ ਸਰਬ ਜੀਅ ਦਇਆ॥ ਇਨ ਬਿਧਿ ਬਰਤੁ ਸੰਪੂਰਨ ਭਇਆ॥’’ (ਪੰਨਾ ੨੯੯) ਅਨੁਸਾਰ ਖਿਮਾ ਤੇ ਦਇਆ ਦਾ ਪੁੰਜ ਹੈ। ‘‘ਜਗਿ ਗਿਆਨੀ, ਵਿਰਲਾ ਆਚਾਰੀ॥ ਜਗਿ ਪੰਡਿਤੁ, ਵਿਰਲਾ ਵੀਚਾਰੀ॥’’ (੪੧੨) ਤਾਂ ‘‘ਸੋ ਜਾਗੈ ਜੋ ਤਤੁ ਬੀਚਾਰੈ॥’’ ਦਾ ਗਿਆਨ ਰੱਖਦਾ ਹੋਇਆ ਆਦਰਸ਼ਕ ਦਾਸ ਪੁਰਸ਼ ਹੈ। ‘‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥’’ (ਪੰਨਾ ੪੭੦) ਤੇ ‘‘ਜਿਥੈ ਜਾਇ ਬਹੀਐ ਭਲਾ ਕਹੀਐ॥’’ (ਪੰਨਾ ੭੬੮) ਹੀ ਉਸ ਦੀ ਨਿਮਰਤਾ ਦਾ ਆਦਰਸ਼ ਹੈ। ‘‘ਮਨ ਰੇ! ਸਚੁ ਮਿਲੈ ਭਉ ਜਾਇ॥’’ ਉਸ ਦੀ ਨਿਰਭੈਤਾ ਹੈ। ‘‘ਜੈਸੇ ਜਲ ਮਹਿ ਕਮਲ ਨਿਰਾਲਮ॥’’ ਉਸ ਦੀ ਨਿਰਲੇਪਤਾ ਹੈ, ਉਹ ਥੋਥੇ ਨਸ਼ਿਆਂ ਤੋਂ ਨਿਰਲੇਪ ਰਹਿ ਕੇ ‘‘ਹਰਿ ਰਸੁ ਪੀਵੈ ਅਲਮਸਤੁ ਮਤਵਾਰਾ॥ ਆਨ ਰਸਾ ਸਭਿ ਹੋਛੇ ਰੇ॥ ੧॥’’ (ਪੰਨਾ ੩੭੭) ਜਾਂ ‘‘ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ॥’’ (ਪੰਨਾ ੩੮੫) ਉਸ ਦੇ ਜੀਵਨ ਦੀ ਅਰੋਗਤਾ ‘‘ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥’’ ਹੀ ਹੈ। ਗੁਰਬਾਣੀ ਦੀ ਆਦਰਸ਼ਕ ਜੀਵਨ ਜੁਗਤੀ ਨੂੰ ਮਨੁੱਖ ਮਾਤਰ ਨੂੰ ‘‘ਪਾਖੰਡਿ, ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥’’ (ਪੰਨਾ ੬੩੯) ਦਾ ਪਵਿੱਤਰ ਮਾਰਗ ਦਰਸਾਇਆ ਹੈ। ‘‘ਬਿਨੁ ਕਰਤੂਤੀ ਮੁਕਤਿ ਨ ਪਾਈਐ॥’’ ਦੀ ਭਾਵਨਾ ਦਿੱਤੀ ਹੈ। ‘‘ਜੇਹੇ ਕਰਮ ਕਮਾਇ ਤੇਹਾ ਹੋਇਸੀ’’ ਵਲੋਂ ਖਾਸ ਸੁਚੇਤ ਕੀਤਾ ਗਿਆ ਹੈ। ਗੱਲ ਕੀ ਆਦਰਸ਼ ਮਨੁੱਖਤਾ ਸਾਹਮਣੇ ਰੱਖੇ ਹਨ।

  1. ਸਾਚੀ ਬਾਣੀ ਸੂਚਾ ਹੋਇ॥ ਗੁਣ ਤੇ ਨਾਮ ਪਰਾਪਤਿ ਹੋਇ॥ (ਪੰਨਾ ੩੬੧)
  2. ਸੋ ਸੂਚਾ ਜਿ ਕਰੋਧੁ ਨਿਵਾਰੈ॥ ਸਬਦੇ ਬੂਝੈ ਆਪ ਸਵਾਰੇ॥ (ਪੰਨਾ ੧੦੮੯)
  3. ਸੇਵਾ : ਸਗਲ ਸਿਆਣਪ ਛਾਡਿ॥ ਕਰਿ ਸੇਵਾ ਸੇਵਕ ਸਾਜਿ॥ (ਪੰਨਾ ੮੯੮)
  4. ਦਇਆ : ਦੂਖ ਨ ਦੇਈ ਕਿਸੈ ਜੀਅ, ਪਤਿ ਸਿਉ ਘਰਿ ਜਾਵਉ॥ (ਪੰਨਾ ੩੨੨)
  5. ਵੀਚਾਰ : ਸੁਣਿ ਪੰਡਿਤ ਕਰਮਾਕਾਰੀ॥ ਜਿਤੁ ਕਰਮਿ ਸੁਖ ਉਪਜੈ ਭਾਈ! ਸੁ ਆਤਮ ਤਤੁ ਬੀਚਾਰੀ॥ (ਪੰਨਾ ੬੩੫)
  6. ਕਿਰਤ : ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣੈ ਸੇਇ॥ (ਪੰਨਾ ੧੨੪੫)
  7. ਊਚ ਨੀਚ : ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥ (ਪੰਨਾ ੬੨)
  8. ਸੰਗਤ : ਕਬੀਰ ਸਾਕਤ ਸੰਗੁ ਨ ਕੀਜੀਐ, ਦੂਰਹਿ ਜਾਈਐ ਭਾਗਿ॥ (ਪੰਨਾ ੧੩੭੧)
  9. ਅਭਿਮਾਨ : ਜਾ ਰਹਣਾ ਨਾਹੀ ਐਤੁ ਜਗਿ, ਤਾ ਕਾਇਤੁ ਗਾਰਬਿ ਹੰਢੀਐ॥ (ਪੰਨਾ ੪੭੩)
  10. ਬੋਲੀ : ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (ਪੰਨਾ ੪੮੮)

ਸੱਚ ਇਹ ਹੈ ਕਿ ਅਧਿਆਤਮਕ ਦਿ੍ਰਸ਼ਟੀਕੋਣ ਤੋਂ ਗੁਰਬਾਣੀ ਦੀ ਨੈਤਿਕਤਾ ਆਦਰਸ਼ਕ ਜੀਵਨ ਦੀਆਂ ਅੰਤ੍ਰੀਵ ਕੀਮਤਾਂ ਦੀ ਸੇਧ ਦਾ ਮਾਰਗ ਹੈ। ਇਹ ਸੱਚ ਨੂੰ ਜਾਨਣ ਦੀ ਜੁਗਤੀ ਹੈ, ਹਿਰਦੇ ਦੀ ਸਵੱਛਤਾ ਮਾਨਣ ਦੀ, ਕੂੜ ਦੀ ਮੈਲ ਉਤਾਰਨ ਦੀ ਜੁਗਤੀ ਹੈ, ਸਰੀਰ ਰੂਪ ਧਰਤੀ ਨੂੰ ਸਾਧ ਕੇ ਇਸ ਵਿਚ ਨਾਮ ਰਸ ਦਾ ਬੀਜ ਬੀਜਣ ਦਾ ਵੱਤਰ ਵੇਲਾ ਹੈ। ਨਿਰੋਲ ਨੈਤਿਕ ਦਿ੍ਰਸ਼ਟੀਕੋਣ ਤੋਂ ਗੁਰਬਾਣੀ ਵਿਚਲੇ ਸਦਾਚਾਰਕ ਤੱਤ, ਇਸ ਦੀ ਗਿਆਨ ਪ੍ਰੀਤ ਤੇ ਮਾਨਵਵਾਦੀ ਰੁਚੀ ਅਤੇ ਸਦ-ਗੁਣਾਂ ਦੀ ਪ੍ਰੇਰਨਾ ਮਨੁੱਖ ਦੀ ਵਿਅਕਤੀਗਤ ਅਤੇ ਭਾਈਚਾਰਕ (ਪੰਥਕ) (ਸਮਾਜੀ) ਜੀਵਨ ਦੀ ਉੱਤਮਤਾ ਦਾ ਨਿੱਗਰ ਆਧਾਰ ਹਨ। ਉਹ ਗੁਰਮੁਖ ਵਿਅਕਤੀ ਜਿਨ੍ਹਾਂ ਨੇ ਆਪਾ ਸੋਧ ਲਿਆ, ਉਹ ਹੀ ਕਿਸੇ ਸੋਧੇ ਸੰਵਰੇ ਹੋਏ ਸਾਂਝੀਵਾਲ ਸਮਾਜ ਦੀ ਸਿਰਜਨਾ ਕਰ ਸਕਦੇ ਹਨ। ਨੈਤਿਕਤਾ ਕੇਵਲ ਅਧਿਆਤਮਕ ਕਲਿਆਣ ਦੀ ਕੁੰਜੀ ਹੀ ਨਹੀਂ ਸਗੋਂ ਸ਼ੁੱਭ ਕਰਮਾਂ ਦੀ ਮਰਯਾਦਾ ਅਤੇ ਸਰਬੱਤ ਦੇ ਭਲੇ ਦੀ ਦਿ੍ਰਸ਼ਟੀ ਨਾਲ ਓਤਪੋਤ ਉਚੇਰੀ ਜੀਵਨ ਜਾਚ ਵੀ ਹੈ। ਬਸ ਅਖੀਰ ਵਿਚ ਇਹ ਆਦਰਸ਼ ਇੰਞ ਬਿਆਨਿਆ ਜਾ ਸਕਦਾ ਹੈ।

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ, ਸਭੁ ਜਗੁ ਤੇਰਾ ਹੋਇ॥ (ਪੰਨਾ ੧੩੮੨)

ਮਾਨੈ ਹੁਕਮੁ, ਸੋਹੈ ਦਰਿ ਸਾਚੈ.. ॥

0

ਮਾਨੈ ਹੁਕਮੁ ਸੋਹੈ ਦਰਿ ਸਾਚੈ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਸਰਵ ਸ਼ਕਤੀਮਾਨ ਪਿਤਾ ਅਕਾਲ ਪੁਰਖ ਨੇ ‘ਕੀਤਾ ਪਸਾਉ’ ਏਕੋ ਕਵਾਉ ਰਾਹੀਂ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ ਤੇ ਬੱਸ ਇਸ ਤਰ੍ਹਾਂ ਹੁਕਮ ਹੋਂਦ ਵਿਚ ਆਇਆ ਜੇ ਸ਼ਬਦ ਕੋਸ਼ (ਡਿਕਸ਼ਨਰੀ) ਵਿਚੋਂ ‘ਹੁਕਮ’ ਸ਼ਬਦ ਦੇ ਅਰਥਾਂ ਨੂੰ ਸਮਝੀਏ ਤਾਂ ਉਹ ‘ਆਗਿਆ’ ਆਦੇਸ਼ ਫੁਰਮਾਨ ਜਾਂ ਰਜ਼ਾ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਸੋ ਸ਼ਬਦ ਕੋਸ਼ ਦੇ ਆਧਾਰ ਤੇ ਵੀ ‘ਹੁਕਮ’ ਦੇ ਅਰਥ ਅਕਾਲ ਪੁਰਖ ਦੇ ਸਰਬ ਸ੍ਰੇਸ਼ਟ ਫੁਰਮਾਨ ਹੀ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਅਸੀਂ ਅਸਚਰਜ ਤਾਂ ਹੋ ਸਕਦੇ ਹਾਂ ਪਰ ‘ਹੁਕਮ ਨ ਕਹਿਆ ਜਾਈ॥’ ਅਨੁਸਾਰ ਪ੍ਰਭੂ ਦਾ ਇਹ ਹੁਕਮ ਮਨੁੱਖੀ ਬਿਆਨ ਤੋਂ ਬਾਹਰ ਦੀ ਗੱਲ ਹੈ। ਹੀਲ ਹੁੱਜਤ ਨਾਲ ਮਨੁੱਖ ਉਸ ਅਸੀਮ ਸ਼ਕਤੀ ਦੀ ਕ੍ਰਿਪਾ ਦਾ ਪਾਤਰ ਨਹੀਂ ਬਣ ਸਕਦਾ। ਸਗੋਂ ‘ਤਾ ਕਉ ਕੀਜੈ ਸਦ ਨਮਸਕਾਰਾ’ ਰਾਹੀਂ ਇਲਾਹੀ ਹੁਕਮ ਅੱਗੇ ਸਿਰ ਝੁਕ ਜਾਣਾ ਹੀ ਸ਼ੋਭਨੀਕ ਹੈ। ਇਹ ਝੁਕਣਾ ‘ਬਧਾ ਚਟੀ’ ਨਹੀਂ ਸਗੋਂ ਆਪਣੇ ਪਿਤਾ ਪਰਮਾਤਮਾ ਜਾਂ ਗੁਰੂ ਦੀ ਕਦਮ ਬੋਸੀ ਕਰਨ ਜਾਂ ਆਪਣਾ ਸਤਿਕਾਰ ਵਿਅਕਤ ਕਰਨ ਦੀ ਮਨਮੋਹਕ ਇੱਛਾ ਦਾ ਦਿਲੋਂ ਉਮੜਿਆ ਉਮਾਹ ਹੈ ਜੋ ਅਨੰਦਦਾਯਕ ਤੇ ਸੁਖਦਾਈ ਹੈ। ਹੁਕਮਾਂ ਨੂੰ ਬਿਨਾਂ ਹੀਲ ਹੁੱਜਤ ਕੀਤਿਆਂ ਪ੍ਰਵਾਨ ਕਰਨਾ ਉਸ ਦੇ ਉੱਚੇ ਸੁੱਚੇ ਨਾਮ ਵਿਚ ਲੀਨ ਹੋਣ ਦੀ ਅਮਲੀ ਕਿਰਿਆ ਹੈ। ‘‘ਹੁਕਮੁ ਤੇਰਾ ਖਰਾ ਭਾਰਾ (ਅੰਕ ੪੪੧) ਅਨੁਸਾਰ ਬੜੀ ਔਖੀ ਖੇਡ ਹੈ, ਪਰ ‘‘ਏਕੋ ਨਾਮੁ ਹੁਕਮੁ ਹੈ, ਨਾਨਕ ਸਤਿਗੁਰ ਦੀਆ ਬੁਝਾਇ ਜੀਉ॥’’ (ਅੰਕ ੭੨) ਅਨੁਸਾਰ ਉਸ ਦੇ ਭਗਤਾਂ ਲਈ ਆਮ ਖੇਡ ਹੋ ਜਾਂਦੀ ਹੈ। ਮਨੁੱਖ ਇਸ ਮਾਇਆ ਜਾਲ ਵਿਚ ਫਸ ਕੇ ਭਟਕ ਨਾ ਜਾਏ ਉਸ  ਨੂੰ ਸੁਚੇਤ ਕਰਨ ਲਈ ਫੁਰਮਾਨ ਹੈ, ‘‘ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜ਼ਾਨੈ॥ ਖੋਟੇ ਠਵਰ ਨ ਪਾਇਨੀ ਰਲੇ ਜੂਠਾਨੇ॥’’ ਗੁਰੂ ਅੰਗਦ ਦੇਵ ਜੀ ਅਨੁਸਾਰ ਅੰਨ੍ਹਾ ਵਿਅਕਤੀ ਉਹ ਨਹੀਂ ਜੋ ਨੇਤਰਹੀਣ ਹੈ ਬਲਕਿ ਅੰਨ੍ਹਾ ਉਹ ਹੈ ਜੋ ਅਕਾਲ ਪੁਰਖ ਗੁਰੂ ਦੇ ਹੁਕਮ ਦੀ ਪਛਾਣ ਨਹੀਂ ਕਰਦਾ। ਫੁਰਮਾਨ ਹੈ_

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥

ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ॥ (ਅੰਕ ੯੫੪)

ਤੀਜੇ ਪਾਤਸ਼ਾਹ ਨੇ ‘‘ਹੁਕਮੁ ਮੰਨੇ ਸੋ ਜਨੁ ਪਰਵਾਣੁ॥ ਗੁਰ ਕੈ ਸਬਦਿ ਨਾਮਿ ਨੀਸਾਣੁ॥’’ ਦਾ ਸਿਧਾਂਤ ਬਖਸ਼ਿਆ ਹੈ। ਗੁਰੂ ਰਾਮਦਾਸ ਜੀ ਨੇ ਮਨ ਰੂਪੀ ਥੜੇ ਦੀ ਤਿਆਰੀ ਕਰਕੇ ਗੁਰੂ ਨੂੰ ਸੁਸ਼ੋਭਿਤ ਕਰ ਲਿਆ ‘ਸੋ ਥਾਨੁ ਸੁਹਾਵਾ’ ਹੋ ਗਿਆ। ਹੁਕਮ ਮੰਨਣ ਦੀ ਤਾਕੀਦ ਕਰਦਿਆਂ ‘‘ਹਮਰੈ ਮਸਤਕਿ ਦਾਗੁ ਦਗਾਨਾ ਹਮ ਕਾਰਜ ਗੁਰੂ ਬਹੁ ਸਾਂਢੇ॥’’ ਰਾਹੀਂ ਮਨੁੱਖਤਾ ਨੂੰ ਝੰਜੋੜਿਆ। ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਕਿ ਧਰਮੀ ਮਨੁੱਖ ਦੀ ਨਿਸ਼ਾਨੀ ਇਹ ਨਹੀਂ ਕਿ ਉਹ ਰੱਬ ਨੂੰ ਅੱਲਾ ਖੁਦਾ ਰਾਮ ਵਾਹਿਗੁਰੂ ਕਹਿ ਕੇ ਚੇਤੇ ਕਰਦਾ ਹੈ। ਹਜ ਜਾਂ ਯਾਤਰਾ ਕਰਦਾ ਹੈ ਕੱਪੜੇ ਨੀਲੇ ਜਾਂ ਚਿੱਟੇ ਪਹਿਨਦਾ ਹੈ ਸਗੋਂ ਉਸ ਦੇ ਜੀਵਨ ਦੀ ਕਸਵੱਟੀ ‘‘ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥’’ ਹੀ ਹੈ। ਇਹ ਹੁਕਮ ਮੰਨਣ ਦਾ ਸਿਧਾਂਤ ਦਸਮ ਪਾਤਸ਼ਾਹ ਜੀ ਤੱਕ ਲੋਕਾਈ ਨੂੰ ਸਿਖਾਇਆ ਗਿਆ ਤੇ ਸਿੱਖ ਪ੍ਰਤੀ ਹੁਕਮ ਕੀਤਾ ‘‘ਰਹਿਣੀ ਰਹੈ ਸੋਈ ਸਿੱਖ ਮੇਰਾ॥ ਉਹ ਸਾਹਿਬ ਮੈਂ ਉਸ ਕਾ ਚੇਰਾ॥’’ ਜੇ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਜਿਹੀਆਂ ਸ਼ਾਨਦਾਰ ਮਿਸਾਲਾਂ ਹਰ ਪੰਨੇ ਤੇ ਮਿਲ ਸਕਦੀਆਂ ਹਨ। ਜਿੱਥੇ ਗੁਰਸਿੱਖ ਸੂਰਬੀਰ ਯੋਧਿਆਂ ਬੀਬੀਆਂ ਤੇ ਬੱਚਿਆਂ ਨੇ ਹਰ ਪ੍ਰਕਾਰ ਦੇ ਤਸੀਹੇ ਖੁਸ਼ੀ-ਖੁਸ਼ੀ ਝੱਲ ਕੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਿਨ੍ਹਾਂ ਤੇ ਹਰੇਕ ਯੁੱਗ ਵਿਚ ਹਰ ਕੋਈ ਮਾਣ ਕਰਦਾ ਹੈ ਤੇ ਕਰਦਾ ਰਹੇਗਾ। ਅਕਾਲ ਪੁਰਖ ਦੀ ਰਜ਼ਾ ਨੂੰ ਇਲਾਹੀ ਫੁਰਮਾਨ ਸਮਝਦਿਆਂ ਹੋਇਆਂ ਹੱਕ ਇਨਸਾਫ ਖਾਤਰ ਚੜ੍ਹਦੀ ਕਲਾ ਵਿਚ ਵਿਚਰਦਾ ਹੋਇਆ ਆਪਣੇ ਪ੍ਰਾਨਾਂ ਦੀ ਆਹੂਤੀ ਦੇ ਕੇ ਵੀ ਮਾਨਵਤਾ ਵਿਚ ਨੇਕ ਕਦਰਾਂ ਕੀਮਤਾਂ ਨੂੰ ਬਲਵਾਨ ਬਣਾਉਣ ਵਿਚ ਪਿੱਛੇ ਨਹੀਂ ਹਟੇਗਾ।

ਪਰ ਜਿਹੜਾ ਅਗਿਆਨੀ ਦੁਨੀਆਂ ਵਿਚ ਮਾਇਕ ਪ੍ਰਾਪਤੀਆਂ ਜਾਂ ਮਾਨ ਮਾਨਤਾਵਾਂ ਕਾਰਨ ਆਪਣੇ ਆਪ ਨੂੰ ਪਰਮ ਸ੍ਰੇਸ਼ਟ ਸਮਝ ਕੇ ਰੱਬ ਜਾਂ ਗੁਰੂ ਦੇ ਮੁਕਾਬਲੇ ਆ ਖੜ੍ਹਾ ਹੁੰਦਾ ਹੈ ਉਹ ਭਟਕਣਾ ਵਿਚ ਪੈ ਕੇ ਕਿਸੇ ਪਾਸੇ ਤੋਂ ਢੋਈ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਸਦੀ ਹਾਲਤ ਹੀ ਐਸੀ ਹੈ_

ਮਨਮੁਖ ਜੇ ਸਮਝਾਈਐ ਭੀ ਉਝੜਿ ਜਾਇ॥

ਬਿਨੁ ਹਰਿ ਨਾਮ ਨ ਛੁਟਸੀ ਮਰਿ ਨਰਕ ਸਮਾਇ॥

ਆਮ ਮਨੁੱਖ ਤਾਂ ਕਿਤੇ ਰਿਹਾ ਜੇ ਕਿਸੇ ਗੁਰੂ ਵੰਸ਼ੀ ਸਾਹਿਬਜ਼ਾਦੇ ਨੇ ਅਭਿਮਾਨੀ ਬਿਰਤੀ ਵਿਚ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਉਹ ਗੁਰਮਤਿ ਦੇ ਮਾਰਗ ਵਿਚ ਪਰਵਾਨ ਨਹੀਂ ਕੀਤਾ। ਸਗੋਂ ਉਹ ਜ਼ਰੂਰ ਮਾਰਗ ਤੋਂ ਭਟਕ ਕੇ ਚੋਟਾਂ ਖਾਣ ਦਾ ਭਾਗੀ ਬਣਿਆ। ਭਾਈ ਗੁਰਦਾਸ ਜੀ ਨੇ ਕੁਝ ਕੁ ਜ਼ਿਕਰ ਵਾਰ ਨੰਬਰ 26 ਦੀ ਪਉੜੀ ਨੰਬਰ 33 ਵਿਚ ਇਸ ਤਰ੍ਹਾਂ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਬਾਬਾ ਸਿਰੀਚੰਦ ਜੀ ਨੇ ਵਿਰਕਤ ਮਾਰਗ ਅਪਨਾਇਆ, ਰਾਵੀ ਕੰਢੇ ਬਾਬੇ ਨਾਨਕ ਦਾ ਦੇਹੁਰਾ ਬਣਾ ਕੇ ਬੈਠ ਗਏ ਦੂਜੇ ਪੁੱਤਰ ਤੋਂ ਪੈਦਾ ਹੋਏ ਧਰਮ ਚੰਦ ਨੇ ਪੋਤਾ ਹੋਣ ਦਾ ਮਾਣ ਕਰਦਿਆਂ ਆਪਾ-ਭਾਵ ਨਹੀਂ ਗੁਆਇਆ। ਦਾਸੂ ਨੂੰ ਗੋਇੰਦਵਾਲ ਸਾਹਿਬ ਮੰਜੀ ’ਤੇ ਬਿਠਾ ਦਿੱਤਾ ਤੇ ਦਾਤੂ ਜੀ ਆਪ ਹੀ ਸਿੰਘਾਸਨ ਲਾ ਬੈਠੇ ਭਾਵ ਦੋਵੇਂ ਪੁੱਤਰ ਗੱਦੀ ਦੀ ਜ਼ਿੰਮੇਵਾਰੀ ਲਾਇਕ ਨਾ ਬਣ ਸਕੇ। ਬਾਬਾ ਮੋਹਰੀ ਚਉਬਾਰੇ ਦੀ ਟਹਲ ਕਰਨ ਲੱਗਾ। ਪ੍ਰਿਥੀਆ ਮੀਣਾ ਅਰਥਾਤ ਕਪਟੀ ਨਿਕਲਿਆ ਤੇ ਝੱਲਪੁਣੇ ਵਿਚ ਹੀ ਰਿਹਾ। ਮਹਾਂਦੇਉ ਨੇ ਵੀ ਹੰਕਾਰ ਹੀ ਕੀਤਾ। ਪ੍ਰਿਥੀਏ ਨੇ ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। ਇਹ ਸਾਰੇ ਸਾਹਿਬਜ਼ਾਦੇ ਅਭਿਮਾਨੀ ਹੋਣ ਕਰਕੇ ਗੁਰੂ ਰੂਪ ਚੰਦਨ ਕੋਲ ਬਾਂਸ ਦੀ ਤਰ੍ਹਾਂ ਹੀ ਰਹੇ ਜੋ ਕਠੋਰਤਾ ਕਾਰਨ ਸੁਗੰਧਤ ਨਹੀਂ ਹੋ ਸਕੇ। ਕਥਨ ਹੈ_

ਬਾਲਜਤੀ ਸਿਰੀਚੰਦ ਹੈ ਬਾਬਾਣਾ ਦੇਹੁਰਾ ਬਣਾਇਆ

ਲਖਿਸੀ ਦਾਸਹੁ ਧਰਮਦਾਸ ਪੋਤਾ ਹੋਇਕੈ ਆਪੁ ਬਣਾਇਆ

ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ

ਮੋਹਨ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ॥

ਮੀਣਾ ਹੋਆ ਪਿਰਥੀਆ ਕਰਿ ਕਰਿ ਟੇਡਕ ਬਰਲ ਚਲਾਇਆ॥

ਮਹਾਂਦੇਉ ਅਹੰਮੇਉ ਕਰਿ ਬੇਮੁਖ ਕੁੱਤਾ ਭਉਕਾਇਆ॥

ਚੰਦਨ ਵਾਸੁ ਨ ਬਾਂਸ ਬੋਹਾਇਆ॥ ੨੬॥ ੩੩॥

ਇਸ ਲਈ ਦੁਨੀਆਂ ਦਾ ਕੋਈ ਮਨੁੱਖ ਹੋਵੇ ‘‘ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ॥’’ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਦੋਂ ਤੱਕ ਉਹ ਕਰਮ ਅਨੁਸਾਰੀ ਨਹੀਂ ਹੁੰਦਾ। ਪਰ ਦੂਜੇ ਪਾਸੇ ‘‘ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥’’ ਦੀ ਵਡਿਆਈ ਕਲਗੀਧਰ ਦੇ ਲਾਲਾਂ ਚਾਰੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ (ਮਾਤਾ ਗੁਜਰੀ ਜੀ) ਨੂੰ ਪ੍ਰਾਪਤ ਹੋਈ ਹੈ ਕਿਉਂਕਿ ਜਿੱਥੇ ਬਾਬਾ ਸਿਰੀਚੰਦ (ਤੇ ਲਖਮੀ ਦਾਸ) ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥’ ਆਦਿ ਬਚਨ ਹਨ, ਉੱਥੇ ਚੌਹਾਂ ਸਾਹਿਬਜ਼ਾਦਿਆਂ ਨੇ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ’’ ਦੇ ਵੱਡਮੁੱਲੇ ਸਿਧਾਂਤ ਨੂੰ ਕਮਾਇਆ। ਅੱਲਾ ਯਾਰ ਖਾਂ ਦੇ ਕਹਿਣ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਔਕੜਾਂ ਦਾ ਸਾਹਮਣਾ ਕਰਦੇ ਚਮਕੌਰ ਸਾਹਿਬ ਨੇੜੇ ਪੁੱਜੇ ਤਾਂ ਕੱਚੀ ਗੜ੍ਹੀ ਨੂੰ ਵੇਖ ਕੇ ਇਸ ਤਰ੍ਹਾਂ ਉਤਸ਼ਾਹਿਤ ਹੋਏ ਤੇ ਫੁਰਮਾਇਆ :

ਹਮ ਨੇ ਇਸ ਜਗਾ ਪੇ ਜਾਨਾ ਹੈ ਜਲਦਤਰ

ਕਟਾਨੇ ਪੜੇਂਗੇ ਜਹਾਂ ਆਪ ਕੋ ਸਰ।

ਰਹਿ ਜਾਊਂਗਾ ਇਕੇਲਾ ਕਲ ਤਕ ਲੁਟਾ ਕੇ ਘਰ

ਪਹਿਲੇ ਪਿਤਾ ਕਟਾਯਾ ਅਬ ਬੱਚੇ ਕਟਾਊਂਗਾ

ਨਾਨਕ ਕਾ ਬਾਗ ਖ਼ੂਨ ਜਿਗਰ ਸੇ ਖਿਲਾਊਂਗਾ।

ਬੁਰਜ ਜਿੱਥੇ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਉਮਰ 9 ਸਾਲ ਅਤੇ 7 ਸਾਲ ਨੂੰ ਧਰਮ ਤੋਂ ਕੁਰਬਾਨ ਹੋਣ ਲਈ ‘ਪਿਉ ਦਾਦੇ ਦੇ ਰਾਹਿ ਚਲੰਦਾ’ (ਭਾਈ ਗੁਰਦਾਸ) ਦੀ ਸਿੱਖਿਆ ਦ੍ਰਿੜ੍ਹ ਕਰਵਾ ਰਹੀ ਹੈ ਤਾਂ ਹੀ ਉਨ੍ਹਾਂ ਨੰਨ੍ਹੇ ਬੱਚਿਆਂ ਨੇ ਨੀਹਾਂ ਵਿਚ ਆਪਾ ਚਿਣਾ ਕੇ ਸਿੱਖੀ ਦੇ ਮਹਲ ‘ਸਚੁ ਕੋਟੁ ਸਤਾਣੀ ਨੀਵ ਦੈ’ ਨੂੰ ਹੋਰ ਬਲਵਾਨ ਕਰ ਦਿੱਤਾ। ਮਾਤਾ ਜੀ ਵੀ ਸ਼ਹੀਦੀ ਪਾ ਗਏ। ਮੁਗਲ ਹਕੂਮਤ ਦੀਆਂ ਨੀਹਾਂ ਪੁੱਟੀਆਂ ਗਈਆਂ। ਇਹ ਸ਼ਹੀਦੀ 1710 ਵਿਚ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰੂਪ ਵਿਚ ਪੰਥ ਦਾ ਤਾਜ ਬਣ ਗਈ। ਮੁਗਲਾਂ ਦੀ ਰਾਜਧਾਨੀ ‘‘ਜੋਗੀ ਜੀ ਹੂਈ ਅਭੀ ਕੁਝ ਦੇਰ ਥੀ (ਕਿ) ਬਸਤੀ ਸਰਹਿੰਦ ਕੀ ਈਟੋਂ ਕਾ ਢੇਰ ਥੀ।’’ ਜਿਸ ਨੂੰ ਅੱਜ ਵੀ ਥੇਹ ਰੂਪ ਵਿਚ ਅੱਖੀਂ ਵੇਖ ਸਕਦੇ ਹਾਂ। ਜਿਹੜੇ ਗੁਰੂ ਸੰਤਾਨ ਹੋ ਕੇ ਵੀ ‘ਦਿਲਿ ਖੋਟੈ ਆਕੀ ਫਿਰਨਿ’’ ਜਾਂ ‘‘ਆਕੀ ਮਰਹਿ ਅਫਾਰੀ॥’’ ਦੀ ਅਵਸਥਾ ਵਿਚ ਰਹੇ ਪੰਥ ਉਨ੍ਹਾਂ ਨੂੰ ਚੇਤੇ ਨਹੀਂ ਕਰਦਾ ਪਰ ਸਾਡੀ ਪੰਥਕ ਅਰਦਾਸ ਅੰਦਰ ਗੁਰੂ ਸਾਹਿਬਾਨ, ਪੰਜ ਪਿਆਰਿਆਂ ਤੋਂ ਬਾਅਦ ਜੇ ਕੋਈ ਜ਼ਿਕਰ ਹੈ ਉਹ ‘ਚਾਰ ਸਾਹਿਬਜ਼ਾਦਿਆਂ’ ਦਾ ਹੈ ਜਿਨ੍ਹਾਂ ਨੇ ‘ਪਿਤਾ ਜਾਤਿ ਤਾ ਹੋਈਐ ਗੁਰ ਤੁਠਾ ਕਰੇ ਪਸਾਉ’ (੮੨) ਦੇ ਹੁਕਮ ਨੂੰ ਪਹਿਚਾਣਿਆ ਤੇ ਮੰਨਿਆ। ਸਰਬੰਸ ਦਾਨੀ ਪਿਤਾ ਦੀ ਇਸ ਕੁਰਬਾਨੀ ਨੇ ਪੰਥ ਨੂੰ ਐਸਾ ਬਲਵਾਨ ਕਰ ਦਿੱਤਾ ਕਿ ਪੰਥ ਅੱਜ ਤੱਕ ਕਿਸੇ ਜ਼ੁਲਮ ਅੱਗੇ ਨਹੀਂ ਝੁਕਿਆ। ਜਦੋਂ ਭਾਈ ਸੁਬੇਗ ਸਿੰਘ ਜੀ ਨੂੰ ਜ਼ਕਰੀਆ ਖਾਂ ਦੀ ਹਕੂਮਤ ਨੇ ਉਨ੍ਹਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣ ਕੇ ਆਪਣੀ ਅੰਸ਼ ਬਚਾ ਸਕਦਾ ਹੈ ਕਿਹਾ ਤਾਂ ਕਲਗੀਧਰ ਜੀ ਵਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਸਿੱਖੀ ਸਿਦਕ ਨਿਭਾਉਂਦੇ ਹੋਏ ਹੱਸ ਹੱਸ ਚਰਖੜੀਆਂ ਤੇ ਚੜ੍ਹਨਾ ਕਬੂਲ ਕੀਤਾ ਤੇ ਆਖਿਆ, ‘‘ਸਿਖਨ ਕਾਜ ਸੋ ਗੁਰੂ ਹਮਾਰੇ॥ ਸੀਸ ਦੀਉ ਨਿਜ ਸਣ ਪਰਵਾਰੇ॥ ਹਮ ਕਾਰਨਿ ਗੁਰਿ ਕੁਲਹ ਗਵਾਈ॥ ਹਮ ਕੁਲ ਰਾਖਹਿ ਕਵਨ ਵਡਾਈ॥’’ (ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ) ਅੱਜ ਸਿੱਖ ਜਗਤ ਅੰਦਰ ਜਿਸ ਪੱਧਰ ’ਤੇ ਦੁਨਿਆਵੀ ਸਵਾਰਥਾਂ ਲਈ ਪਤਿਤਪੁਣੇ ਦੀ ਲਹਿਰ ਵਗ ਰਹੀ ਹੈ, ਉਸ ਨੂੰ ਵੇਖ ਕੇ ਸ਼ਰਮ ਨਾਲ ਸਿਰ ਝੁਕਦਾ ਹੈ ਜਦ ਕਿ ਸਤਿਗੁਰੂ ਨੇ ਇਨ੍ਹਾਂ ਤੇ ਮਾਣ ਕੀਤਾ ਸੀ ਕਿ ‘‘ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੁਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥’’

ਆਓ, ਅਸੀਂ ਗੁਰੂ ਦੇ ਸਿਧਾਂਤ ਵਿਚ ਪਰਪੱਕ ਹੋ ਕੇ ਖ਼ਾਲਸਾਈ ਆਚਰਨ ਨੂੰ ਉਜਾਗਰ ਕਰੀਏ। ਫਿਰ ਖ਼ਾਲਸੇ ਦੀ ਜਾਂ ਸਿੱਖ ਜਗਤ ਦੀ ਸੋਭਾ ਵੀ ਸਾਹਿਬਜ਼ਾਦਿਆਂ ਦੀ ਤਰ੍ਹਾਂ ਹੀ ਚਮਕੇਗੀ ਕਿਉਂਕਿ ‘‘ਮੰਨੈ ਹੁਕਮੁ ਸੁ ਪਰਗਟੁ ਜਾਇ॥ ਸਚ ਨੀਸਾਣੈ ਠਾਕ ਨ ਪਾਇ॥’’ (੩੫੫) ਜਾਂ ‘‘ਮਾਨੈ ਹੁਕਮੁ ਸੋਹੈ ਦਰਿ ਸਾਚੈ’’ ਰੂਪ ਫੁਰਮਾਨ ਅਟੱਲ ਸੱਚਾਈ ਹੈ। ਅੰਤ ਵਿਚ ਸ਼ਹੀਦਾਂ ਨੂੰ ਲੱਖ-ਲੱਖ ਪ੍ਰਣਾਮ ਹੈ।

ਸਚੁ ਵਾਪਾਰੁ ਕਰਹੁ ਵਾਪਾਰੀ।।

0

ਸਚੁ ਵਾਪਾਰੁ ਕਰਹੁ ਵਾਪਾਰੀ।।

ਪ੍ਰਿੰ. ਬਲਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)

ੴ ਸਤਿਗੁਰ ਪ੍ਰਸਾਦਿ।। 

ਗੁਰਮਤਿ ਵਿਚ ਕਿਰਤ ਤੇ ਕਿਰਤੀ ਮਨੁੱਖ ਨੂੰ ਸਤਿਕਾਰਿਆ ਗਿਆ ਹੈ। ਵੇਹਲੜ ਜਾਂ ਮਖੱਟੂ ਕਿਸਮ ਦੇ ਲੋਕਾਂ ਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਾਹੰਗ ਰਾਗ ਅੰਦਰ ‘‘ਗਿਆਨ ਵਿਹੂਣਾ, ਗਾਵੈ ਗੀਤ।। ਭੁਖੇ ਮੁਲਾਂ, ਘਰੇ ਮਸੀਤਿ।। ਮਖਟੂ ਹੋਇ ਕੈ, ਕਨ ਪੜਾਏ।। ਫਕਰੁ ਕਰੇ, ਹੋਰ ਜਾਤਿ ਗਵਾਏ।।’’ ਮ:੧/੧੨੪੫।। ਬਚਨਾਂ ਰਾਹੀਂ ਉਨ੍ਹਾਂ ਵੇਹਲੜਾਂ ਨੂੰ ਨਿਜ ਸ੍ਵਾਰਥ ਦੀ ਪੂਰਤੀ ਲਈ ਧਾਰਮਿਕ ਭੇਖੀ ਮੰਨਿਆ ਅਤੇ ‘‘ਗੁਰੁ ਪੀਰੁ ਸਦਾਏ, ਮੰਗਣ ਜਾਇ।। ਤਾ ਕੈ, ਮੂਲਿ ਨ ਲਗੀਐ ਪਾਇ।।’’ ਮ:੧/੧੨੪੫।। ਦਾ ਪਵਿਤ੍ਰ ਉਪਦੇਸ਼ ਦੇ ਕੇ ਉਨ੍ਹਾਂ ਦੀ ਸ਼ਰਨ ਲੈਣ ’ਤੋਂ ਮਨੁੱਖਤਾ ਨੂੰ ਸੁਚੇਤ ਕੀਤਾ ਸਗੋਂ ਇਸ ਦੀ ਬਜਾਇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ।। ਨਾਨਕ ! ਰਾਹੁ ਪਛਾਣਹਿ ਸੇਇ।।’’ ਮ:੧/੧੨੪੫।। ਦੀ ਮਹਾਨ ਜੀਵਨ ਜਾਂਚ ਸਿਖਾਈ ਤਾਂ ਕਿ ਹਰ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ! ਉਤਰੀ ਚਿੰਤ।।’’ ਮ:੫/੫੨੨।। ਅਨੁਸਾਰ ਅਨੰਦ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕੇ।

ਉੱਚੀ ਨੀਵੀਂ ਕਿਰਤ ਦੇ ਵਿਤਕਰੇ ’ਤੋਂ ਨਿਰਲੇਪ ਹੋ ਕੇ ਵੱਖ ਵੱਖ ਕਿੱਤਿਆਂ ਨਾਲ ਸਬੰਧਤ ਕਿਰਤੀ ਭਗਤਾਂ ਨੂੰ ਆਪਣੇ ਬਰਾਬਰ ਦਾ ਸਥਾਨ ਦਿੱਤਾ ਇਸ ਤਰ੍ਹਾਂ ਕਿਰਤ ਅਤੇ ਕਿਰਤੀ ਨਾਲ ਇਨਸਾਫ਼ ਕਰਨ ਦੀ ਪਿਰਤ ਪਾ ਦਿੱਤੀ।

ਉਧਰ ਘਰ-ਬਾਰ ਨੂੰ ਤਿਆਗ ਚੁੱਕੇ ਲੋਕਾਂ ਦੀ ਵਿਚਾਰਧਾਰ ਸੀ, ਕਿ ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ।। ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ।। ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ।। ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ।।੧।।’’ ਮ:੧/੯੩੯।। ਇਸ ਦੇ ਉੱਤਰ ਵਿੱਚ ਗੁਰਮਤਿ ਦ੍ਰਿੜ੍ਹ ਕਰਾਉਦਿਆਂ ਗੁਰਦੇਵ ਜੀ ਨੇ ‘‘ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ, ਚਿਤੁ ਨ ਡੁੋਲਾਈ।। ਬਿਨ ਨਾਵੈ, ਮਨੁ ਟੇਕ ਨ ਟਿਕਈ, ਨਾਨਕ! ਭੂਖ ਨ ਜਾਈ।। ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ।। ਖੰਡਿਤ ਨਿਦ੍ਰਾ, ਅਲਪ ਅਹਾਰੰ, ਨਾਨਕ ! ਤਤੁ ਬੀਚਾਰੋ।।’’ ਮ:੧/੯੩੯।। ਦਾ ਮਹਾਨ ਉਪਦੇਸ਼ ਦੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ ’ਤੋਂ ਮੁਕਤ ਕਰ ਦਿੱਤਾ। ਹਿਰਦੇ ਘਰ ਦੇ ਸ਼ਹਿਰ ਵਿਚ ‘‘ਸਹਜੇ ਸਚੁ ਵਾਪਾਰੋ’’ ਨੂੰ ਅਪਣਾ ਕੇ ਸਮਝ ਸਕੇ ਕਿ ਜ਼ਿੰਦਗੀ ਦਾ ਮਕਸਦ ਕਿਸੇ ਵਿਹਲੇ ਸਮੇਂ ’ਤੇ ਨਹੀਂ ਸੁਟ ਦੇਣਾ। ਸ਼ੁਗਲ ਦੀ ਖ਼ਾਤਰ ਨਹੀਂ ਵਰਤਣਾ, ਇਸ ਲਈ ਇਉਂ ਹੀ ਮਿਹਨਤ ਕਰਨੀ ਹੈ ਜਿਵੇਂ ਇਕ ਜ਼ਿਮੀਦਾਰ ਨੇ ਖੇਤੀ ਵਿੱਚ, ਦੁਕਾਨਦਾਰ ਨੇ ਹੱਟੀ ਵਿੱਚ, ਵਾਪਾਰੀ ਨੇ ਵਾਪਾਰ ਵਿੱਚ ਅਤੇ ਇਕ ਮੁਲਾਜ਼ਮ ਨੇ ਮੁਲਾਜ਼ਤ ਵਿੱਚ ਕਰਨੀ।

ਸੋਰਠਿ ਰਾਗ ਅੰਦਰ ‘‘ਮਨੁ ਹਾਲੀ, ਕਿਰਸਾਣੀ ਕਰਣੀ।।’’…, ‘‘ਹਾਣੁ ਹਟੁ ਕਰਿ ਆਰਜਾ।।’’…., ‘‘ਸੁਣਿ ਸਾਸਤ ਸਉਦਾਗਰੀ।।’’…, ਲਾਇ ਚਿਤੁ ਕਰਿ ਚਾਕਰੀ।।’’..ਮ:੧/੫੯੫।। ਰਾਹੀਂ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਇਨ੍ਹਾਂ ਕਿਰਤਾਂ ਰਾਹੀਂ ਧਨ ਤਾਂ ਕਮਾਇਆ ਜਾਇ ਪਰ ‘‘ਬਾਬਾ! ਮਾਇਆ ਸਾਥਿ ਨ ਹੋਇ।।’’ ਮ:੧/੫੯੫।। ਦੀ ਅਟਲ ਸਚਾਈ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਏ। ਤਾਂ ਕਿ ‘‘ਨਾਨਕ ! ਵੇਖੈ ਨਦਰਿ ਕਰਿ, ਚੜੈ ਚਵਗਣ ਵੰਨੁ।।’’ ਮ:੧/੫੯੬।। ਭਾਵ ਚੜ੍ਹਦੀ ਕਲਾ ਨਾਲ ਪ੍ਰਭੂ ਨਾਮ ਦੀ ਰੰਗਣ ਵਿਚ ਰੰਗਿਆ ਹੋਇਆ ‘‘ਤਾ ਸੁਖਿ ਲਹਹਿ ਮਹਲੁ।।’’ ਮ:੧/੫੯੬।। ਭਾਵ ਪਰਮਾਤਮਾ ਦੀ ਹਜੂਰੀ ਦਾ ਅਨੰਦ ਮਾਣਿਆ ਜਾ ਸਕੇ।

ਵਾਪਾਰ ਦਾ ਭਾਵ ਹੈ ਕਿਸੇ ਵਸਤੂ ਨੂੰ ਇਕ ਥਾਂ ’ਤੋਂ ਖਰੀਦ ਕੇ ਕਿਸੇ ਦੂਜ਼ੀ ਥਾਂ ’ਤੇ ਵੇਚਣਾ ਅਤੇ ਲਾਭ ਪ੍ਰਾਪਤ ਕਰਨਾ। ਆਮ ਲੋਕਾਂ ਦੀ ਧਾਰਨਾ ਮੁਤਾਬਕ ਸਾਰੀਆਂ ਕਿਰਤਾਂ ਵਿਚੋਂ ਵਾਪਾਰ ਸਭ ’ਤੋਂ ਉਤਮ ਕਿਰਤ ਹੈ, ਰਾਜ ਨੀਤੀ ਪੰਚ ਤੰਤ੍ਰ ਵਿਚ ਲਿਖਿਆ ਹੈ:-‘ਮੰਗਣ ਨੀਚ, ਕਠਿਨ ਕਿਰਸਾਨੀ, ਕਾਰ ਹਥ ਦੀ ਉਞ ਨਿਮਾਣੀ।। ਪਰ ਅਧੀਨ ਹੈ ਸ਼ਾਹ ਬਲੋਟੀ, ਜਾਨਣ ਸਭ ਨੌਕਰੀ ਖੋਟੀ।। ਸਭਨੀ ਗੱਲੀਂ ਵਣਜ ਚੰਗੇਰਾ, ਓਡਾ ਲਾਹਾ ਜੇਡਾ ਜੇਰਾ।।’
ਸਾਹਿਬ ਗੁਰੂ ਨਾਨਕ ਸਾਹਿਬ ਜੀ, ਬਾਕੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਨੇ ਧਰਮ ਨੂੰ, ਕੇਵਲ ਸ੍ਵਰਗ ਨਰਕ ਨਾਲ ਹੀ ਸੰਬੰਧਤ ਨਹੀਂ ਕੀਤਾ ਸਗੋਂ ਜੀਵਨ ਜੀਉਣ ਦਾ ਆਧਾਰ ਬਣਾਇਆ ਤਾਂ ਕਿ ‘‘ਧਰਮ ਸੇਤੀ ਵਾਪਾਰੁ ਨ ਕੀਤੋ, ਕਰਮੁ ਨ ਕੀਤੋ ਮਿਤੁ।। ਕਹੁ ਨਾਨਕ ਤੀਜੈ ਪਹਰੈ ਪ੍ਰਾਣੀ! ਧਨ ਜੋਬਨ ਸਿਉ ਚਿਤੁ।।’’ ਮ:੧/੭੫।। ਦੀ ਖ਼ੁਆਰੀ ਤੋਂ ਮੁਕਤ ਹੋ ਸਕੇ ਅਤੇ ਸਮਝ ਸਕੇ। ‘‘ਵਾਪਾਰੀ ਵਣਜਾਰਿਆ! ਆਏ ਵਜਹੁ ਲਿਖਾਇ।। ਕਾਰ ਕਮਾਵਹਿ ਸਚ ਕੀ, ਲਾਹਾ ਮਿਲੈ ਰਜਾਇ।।’’ ਮ:੧/੫੯।।

ਪਹਿਲੇ ਜਾਮੇ ਵਿੱਚ ਹੀ ਸਾਹਿਬ ਜੀ ਨੇ ਗੁਰਮਤਿ ਦੇ ਮਹਾਨ ਸਿਧਾਂਤਾਂ ਨੂੰ ਮਨੁੱਖਤਾ ਤੱਕ ਪਹੁੰਚਾਣ ਹਿਤ ਲੰਮੇ ਪਰਚਾਰ ਦੋਰੇ ਕੀਤੇ ਉਥੇ ਖੇਤੀ, ਦੁਕਾਨ ਦਾਰੀ ਅਤੇ ਮੋਦੀ ਖ਼ਾਨੇ ਵਿੱਚ ਲਗਭਗ ਤਿੰਨ ਸਾਲ ਸੇਵਾ ਕਰਕੇ ਵਾਪਾਰ ਕਰਨ ਦਾ ਢੰਗ ਤਰੀਕਾ ਵੀ ਦਰਸਾ ਦਿੱਤਾ। ਗ੍ਰਿਹਸਤੀ ਨੇ ਕਿਵੇਂ ਮਾਇਆ ਵਿੱਚ ਨਿਰਲੇਪ ਰਹਿਣਾ ਹੈ। ਇਹ ਆਪਣੇ ਅਮਲੀ ਜੀਵਨ ਰਾਹੀਂ ਪੂਰਨੇ ਪਾ ਦਿੱਤੇ।

ਪਿਤਾ ਮਹਿਤਾ ਕਾਲੂ ਜੀ ਅਤੇ ਸਾਹਿਬਾਂ ਦੀ ਆਪਸੀ ਵਾਰਤਾਲਾਪ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਜਗਤ ਸਾਹਮਣੇ ਪਰਗਟ ਕੀਤਾ।

‘ਦ੍ਵੈ ਘਟਿਕਾ ਜਬ ਬੀਤ ਗਈ, ਤਿਹ ਕਾਲ ਮੈ ਕਾਲੂ ਨੇ ਬਾਣੀ ਅਲਾਈ।। ਬਹੁ ਕਾਲ ਭਯੋ, ਸੁਲਤਾਨ ਪੁਰੇ, ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ ਕਮਾਈ।। ਸੁਨਿ ਪੰਕਜ ਲੋਕਨ ਬੈਣ ਭਣੇ, ਬਹੁ ਆਨਿ ਕਮਾਈ ਕਰੀ ਇਹ ਥਾਂਈ।। ਨਹਿ ਹਾਥ ਮੈ ਆਥਿ ਕਰੈ ਥਿਰਤਾ, ਉਤਆਵਤ ਹੈ, ਇਹ ਯੌਂ ਚਲ ਜਾਈ।। ਕਰ ਏਕ ਬਿਰਾਟਕਾ, ਸੰਚਿ ਕਰੀ ਨਹਿ, ਆਮਦ ਔ ਖਰਚੀ ਸਮਤਾਈ।।’ ੩੯।

ਆਪ ਜੀ ਦੀ ਚਰਨ ਛੋਹ ’ਤੋਂ ਭਾਈ ਭਗੀਰਥ, ਭਾਈ ਮਨਸੁਖ, ਸਾਲਸ ਰਾਇ ਜੌਹਰੀ ਅਤੇ ਭਾਈ ਮੂਲਾ ਜੀ ਵਰਗੇ ਵਾਪਾਰੀ ਜੀਵਨ ਵਣਜ ਵਿੱਚ ਵੀ ਲਾਭ ਪ੍ਰਾਪਤ ਕਰ ਗਏ, ਭਾਈ ਸਜਣ ਵਰਗਿਆਂ ਨੂੰ ‘‘ਚਾਕਰੀਆ ਚੰਗਿਆਈਆ, ਅਵਰ ਸਿਆਣਪ ਕਿਤੁ।। ਨਾਨਕ! ਨਾਮੁ ਸਮਾਲਿ ਤੂੰ, ਬਧਾ ਛੁਟਹਿ ਜਿਤੂ।।’’ ਮ:੧/੭੨੯।। ਦਾ ਉਪਦੇਸ਼ ਦੇ ਬੰਧਨ ਮੁਕਤ ਕੀਤਾ।

ਸਾਹਿਬ ਜੀ ਨੇ ਫ਼ੁਰਮਾਇਆ ਕਿ ਦੁਨਿਆਵੀ ਵਾਪਾਰ ਦੇ ਨਾਲ ‘‘ਪ੍ਰਾਣੀ! ਤੂੰ ਆਇਆ ਲਾਹਾ ਲੈਣਿ।।’’ ਮ:੫/੪੩।। ਦਾ ਪਵਿਤ੍ਰ ਸੰਦੇਸ਼ ਨਹੀਂ ਭੁਲਣਾ ‘‘ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ।।’’ ਮ:੧/੭੬੫।। ਦਾ ਵਾਪਾਰ ਕਰਨਾ ਹੈ ਕਿਉਂਕਿ ‘‘ਜੇ ਗੁਣ ਹੋਵਹਿ ਗੰਠੜੀਐ, ਮੇਲੇਗਾ ਸੋਈ।।’’ ਮ:੧/੭੨੯।। ਅਨੁਸਾਰ ਪ੍ਰਭੂ ਦਾ ਮਿਲਾਪ ਮਨੁੱਖ ਨੂੰ ਹੋ ਸਕਦਾ ਹੈ।

ਮਨੁੱਖੀ ਜਿੰਦਗੀ ਦਾ ਫ਼ਰਜ਼ ਦਰਸਾਉਦਿਆਂ ਸਾਹਿਬ ਜੀ ਨੇ ਫ਼ੁਰਮਾਇਆ ਕਿ ਜਿਵੇਂ ਜਗਤ ਅੰਦਰ ਪੈਦਾ ਹੋਇਆ ਹਰ ਮਨੁੱਖ ਧਨਵਾਨ ਹੋਣਾ ਲੋਚਦਾ ਹੈ, ਵਡਿਆਈ ਦੀ ਇੱਛਾ ਰੱਖਦਾ ਹੈ ਉਸੇ ਤਰ੍ਹਾਂ ਆਤਮਿਕ ਨਾਮ ਧਨ ਪ੍ਰਾਪਤ ਕਰ ਕੇ ‘‘ਜਿਨ੍ਰ ਕੈ ਹਿਰਦੈ ਤੂ ਵਸਹਿ, ਤੇ ਨਰ ਗੁਣੀ ਗਹੀਰ।।’’ ਮ:੧/੧੨੮੭।। ਦੀ ਪਦਵੀ ਪ੍ਰਾਪਤ ਕਰਨੀ ਹੈ। ਇਸ ਲਈ ਗੁਰਮਤਿ ਨੇ ਹਰ ਮਨੁੱਖ ਮਾਤ੍ਰ ਨੂੰ ਸੰਸਾਰ ਵਿੱਚ ਆਇਆ ਇਕ ਵਣਜਾਰਾ ਕਰਕੇ ਲਿਖਿਆ ਹੈ ਜਿਵੇਂ ਫ਼ੁਰਮਾਨ ਹੈ:-

‘‘ਵਣਜੁ ਕਰਹੁ ਵਣਜਾਰਿਹੋ ! ਵਖਰੁ ਲੇਹੁ ਸਮਾਲਿ ।। ਤੈਸੀ ਵਸਤੁ ਵਿਸਾਹੀਐ, ਜੈਸੀ ਨਿਬਹੈ ਨਾਲਿ।। ਅਗੈ ਸਾਹੁ ਸੁਜਾਣ ਹੈ, ਲੈਸੀ ਵਸਤੁ ਸਮਾਲਿ।।’’ ਮ:੧/੨੨।।
‘‘ਭਾਈ ਰੇ! ਰਾਮ ਕਹਹੁ ਚਿਤੁ ਲਾਇ।। ਹਰਿ ਜਸੁ ਵਖਰੁ ਲੈ ਚਲਹੁ, ਸਹੁ ਦੇਖੈ ਪਤੀਆਏ।।’’ ਮ:੧/੨੨।।

ਵਣਜ ਕਰਨ ਤੋਂ ਪਹਿਲਾਂ ਇਹ ਵੀਚਾਰ ਜ਼ਰੂਰ ਕਰਨੀ ਬਣਦੀ ਹੈ ਕਿ ‘‘ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖੁ ਹੋਇ।। ਖੋਟੈ ਵਣਜਿ ਵਣੰਜਿਐ, ਮਨੁ ਤਨੁ ਖੋਟਾ ਹੋਇ।।’’ ਮ:੧/੨੩।। ਜੇ ਸਿਧਾਂਤ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਏ ਤਾਂ ‘‘ਬੰਧਨ ਸਉਦਾ ਅਣਵੀਚਾਰੀ’’ ਮ:੧/੪੧੬।। ਬਣ ਜਾਂਦਾ ਹੈ ਤਾਂ ਤੇ ਸਾਹਿਬਾਂ ਦਾ ਇਹ ਫ਼ੁਰਮਾਨ ਹਰ ਸਮੇਂ ਯਾਦ ਰੱਖਣ ਜੋਗ ਹੈ ਕਿ ‘‘ਪਹਿਲਾ ਵਸਤੁ ਸਿਞਾਣਿ ਕੈ, ਤਾਂ ਕੀਚੈ ਵਾਪਾਰੁ।।’’ ਮ:੧/੧੪੧੦।।

ਗੁਰਮੁਖਾਂ ਨੇ ਸਤਿਗੁਰਾਂ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਮਾ ਕੇ ਪ੍ਰਭੂ ਨਾਮ ਨੂੰ ਵਣਜਿਆ ਹੈ ਅਥਵਾ ਗੁਣਾਂ ਦੀ ਪੂੰਜੀ ਵਿੱਚ ਵਾਧਾ ਕੀਤਾ ਹੈ। ਉਹ ਹਰੀ ਨਾਮ ਦੇ ਵਿਆਪਾਰੀ ਹਨ। ਕਬੀਰ ਸਾਹਿਬ ਜੀ ਦਾ ਫ਼ੁਰਮਾਨ ਹੈ:-

‘‘ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲਉਗ ਸੁਪਾਰੀ।। ਸੰਤਹੁ ਬਨਜਿਆ ਨਾਮੁ ਗੋਬਿੰਦ ਕਾ, ਐਸੀ ਖੇਪ ਹਮਾਰੀ।।੧।। ਹਰਿ ਕੇ ਨਾਮ ਕੇ ਬਿਆਪਾਰੀ।। ਹੀਰਾ ਹਾਥਿ ਚੜਿਆ ਨਿਰਮੋਲਕੁ, ਛੂਟਿ ਗਈ ਸੰਸਾਰੀ।। ਰਹਾਉ।।੧।। ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਬਿਉਹਾਰੀ।। ਸਾਚੀ ਬਸਤੁ ਕੇ ਭਾਰੁ ਚਲਾਏ, ਪਹੁਚੇ ਜਾਇ ਭੰਡਾਰੀ।।’’ ੧੧੨੩।।

ਸਤਿਗੁਰ ਨਾਨਕ ਸਾਹਿਬ ਜੀ ਫ਼ੁਰਮਾਂਦੇ ਹਨ ਕਿ ਚੰਦ ਸੂਰਜ ਜਗਤ ਦੇ ਮਾਨੋ ਦੋ ਦੀਵੇ ਹਨ ਚੌਦਾਂ ਲੋਕ ਬਾਜ਼ਾਰ ਹਨ, ਜਿਤਨੇ ਜੀਵਨ ਹਨ ਉਤਨੇ ਹੀ ਮਾਤ ਲੋਕ ਦੇ ਵਾਪਾਰੀ ਹਨ। ਜਦੋਂ ਜਗਤ ਰਚਨਾ ਵਿੱਚ ਹੱਟ ਖੁਲੇ, ਵਾਪਾਰ ਹੋਣ ਲਗ ਪਿਆ, ਜੋ ਵਾਪਾਰੀ ਇਥੇ ਪਹੁੰਚਦਾ ਹੈ ਉਹ ਖੋਟਾ ਖਰਾ ਵਾਪਾਰ ਕਰਕੇ ਚਲਣ ਵਾਲਾ ਬਣਦਾ ਹੈ। ਧਰਮ ਰੂਪ ਦਲਾਲ, ਜੀਵਾਂ ਦੇ ਅਮਲਾਂ (ਭਾਵ ਕਰਮਾਂ) ਅਨੁਸਾਰ ਨਿਸ਼ਾਨ ਪਾਈ ਜਾਂਦਾ ਹੈ। ਗੁਰੂੂ ਜੀ ਫ਼ੁਰਮਾਂਦੇ ਹਨ ਕਿ ਪ੍ਰਭੂ ਦੇ ਹੱਟ ’ਤੇ ਨਾਮ ਰੂਪ ਲਾਭ ਹੀ ਪਰਵਾਣ ਹੈ। ਜਿਹੜੇ ਮਨੁੱਖ ਨਾਮ ਦਾ ਲਾਹਾ ਖੱਟ ਕੇ ਨਿਜ ਘਰ (ਭਾਵ ਨਿਜ ਸਰੂਪ) ਵਿਚ ਆਏ ਉਨਾਂ ਨੂੰ ਵਧਾਈ ਅਤੇ ਸਚ ਨਾਮ ਦੀ ਵਡਿਆਈ ਮਿਲਦੀ ਹੈ। ਫ਼ੁਰਮਾਨ ਹੈ:-

‘‘ਦੁਇ ਦੀਵੇ, ਚਉਦਹ ਹਟਨਾਲੇ।। ਜੇਤੇ ਜੀਅ ਤੇਤੇ ਵਣਜਾਰੇ।। ਖੁਲ੍ਰੇ ਹਟ, ਹੋਆ ਵਾਪਾਰੁ।। ਜੋ ਪਹੁਚੈ, ਸੋ ਚਲਣਹਾਰੁ।। ਧਰਮੁ ਦਲਾਲੁ ਪਾਏ ਨੀਸਾਣੁ।। ਨਾਨਕ! ਨਾਮੁ ਲਾਹਾ ਪਰਵਾਣੁ।। ਘਰਿ ਆਏ ਵਜੀ ਵਾਧਾਈ।। ਸਚ ਨਾਮ ਕੀ ਮਿਲੀ ਵਡਿਆਈ।।’’ ਮ:੩/੭੮੯।।

ਭਾਈ ਗੁਰਦਾਸ ਜੀ ਆਪਣੀ ਰਚਨਾ ਵਿਚ ਵਾਰ ਨੰ.13 ਦੀ ਪਉੜੀ ਨੰ.21 ਰਾਹੀਂ ਵੀ ਦਰਸਾਉਦੇਂ ਹਨ ਕਿ ਸੱਚਾ ਸਉਦਾ ਸੱਚੇ ਪਾਤਿਸ਼ਾਹ ਦੀ ਹੱਟ ’ਤੋਂ ਹੀ ਮਿਲਦਾ ਹੈ। ਕਥਨ ਹੈ:- ‘‘ਸਉਦਾ ਇਕਤੁ ਹਟਿ ਹੈ, ਸਾਹੁ ਸਤਿਗੁਰੁ ਪੂਰਾ।। ਅਉਗੁਣ ਲੈ ਗੁਣ ਵਿਕਣੈ, ਵਚਨੈ ਦਾ ਸੂਰਾ।। ਸਫਲੁ ਕਰੈ ਸਿੰਮਲੁ ਬਿਰਖੁ, ਸੋਵਰਨੁ ਮਨੂਰਾ।। ਵਾਸੁ ਸੁਵਾਸੁ ਨਿਵਾਸੁ ਕਰਿ, ਕਾਉ ਹੰਸੁ ਨ ਊਰਾ।। ਘੁਘੂ ਸੁਝ ਸੁਝਇਦਾ, ਸੰਖ ਮੋਤੀ ਚੂਰਾ।। ਵੇਦ ਕਤੇਬਹੁ ਬਾਹਰਾ, ਗੁਰ ਸਬਦੁ ਹਜੂਰਾ।।’’ (੧੩/੨੧)

ਗੁਰੂ ਅਮਰਦਾਸ ਜੀ ਨੇ ਵੀ ਜੀਵ ਨੂੰ ਆਤਮਿਕ ਜੀਵਨ ਦੀ ਉਨਤੀ ਵਲ ਪ੍ਰੇਰਦਿਆਂ ਉਪਦੇਸ਼ ਕੀਤਾ ‘‘ਹਰਿ ਰਾਸਿ ਮੇਰੀ, ਮਨੁ ਵਣਜਾਰਾ।। ਹਰਿ ਰਾਸਿ ਮੇਰੀ ਮਨੁ ਵਣਜਾਰਾ, ਸਤਿਗੁਰ ਤੇ ਰਾਸਿ ਜਾਣੀ।।’’ ਮ:੩/੯੨੧।।

ਪਰਮਾਤਮਾ ਆਦਰਸ਼ ਗੁਣਾਂ ਦਾ ਪ੍ਰਤੀਕ ਹੈ, ਮਨ ਵਿਚ ਉਨਤੀ ਕਰਨ ਲਈ ਸ਼ਕਤੀ ਹੈ। ਮਨ ਉਨ੍ਹਾਂ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਪਰ ਇਹ ਪ੍ਰਾਪਤੀ ਇਕ ਦਿਨ ਵਿੱਚ ਨਹੀਂ ਹੋਣੀ ਬਲਕਿ ਇਕ ਵਾਪਾਰੀ ਦੀ ਤਰ੍ਹਾਂ ਲਗਾਤਾਰ ਯਤਨ ਕਰਨ ਨਾਲ ਹੋਣੀ ਹੈ। ਹਰ ਰੋਜ਼ ਪੜਤਾਲ ਕਰਨੀ ਪੈਣੀ ਹੈ ਕਿ ਅੱਜ ਮੇਰੀ ਆਤਮਿਕ ਤੌਰ ’ਤੇ ਕਿੰਨ੍ਰੀ ਉਨਤੀ ਹੋਈ ਹੈ। ਅੱਜ ਜੀਵਨ ’ਤੋਂ ਕੀ ਲਾਭ ਪ੍ਰਾਪਤ ਹੋਇਆ ਹੈ। ਫ਼ੁਰਮਾਨ ਕੀਤਾ ਹੈ:-‘‘ਹਰਿ ਹਰਿ ਨਿਤ ਜਪਿਹੁ ਜੀਅਹੁ, ਲਾਹਾ ਖਟਿਹੁ ਦਿਹਾੜੀ।।’’ ਮ:੩/੯੨੧।। ਇਸ ਤਰ੍ਹਾਂ ਜਿਨ੍ਹਾਂ ਨੇ ਸਚੇ ਨਾਮ ਦੇ ਵਾਪਾਰ ਨੂੰ ਖਰੀਦਿਆ ਹੈ ਉਨ੍ਹਾਂ ਪਰਥਾਏ ਗੁਰਬਾਣੀ ਨੇ ਇਸ ਤਰ੍ਹਾਂ ਫ਼ੁਰਮਾਇਆ ਹੈ:-‘‘ਇਹੁ ਵਾਪਾਰੁ ਵਿਰਲਾ ਵਾਪਾਰੈ।। ਨਾਨਕ! ਤਾ ਕੈ, ਸਦ ਬਲਿਹਾਰੈ।। ਮ:੫/੨੮੩।।….. ‘‘ਸਤ ਕੈ ਖਟਿਐ, ਦੁਖੁ ਨਹੀ ਪਾਇਆ।।’’ ਮ:੫/੩੭੨।।…… ‘‘ਕਹੁ ਨਾਨਕ! ਕਿਰਪਾ ਕਰੇ, ਜਿਸ ਨੋ ਇਹ ਵਥ ਦੇਇ।। ਜਗ ਮਹਿ ਉਤਮ ਕਾਢੀਅਹਿ, ਵਿਰਲੇ ਕੇਈ ਕੇਇ।।’’ ਮ:੫/੫੧੭।।

‘‘ਕਰ ਮਨ ਮੇਰੇ! ਸਤ ਬਿਉਹਾਰ।।’’ ਦੇ ਪਵਿਤ੍ਰ ਉਪਦੇਸ਼ ਰਾਹੀਂ ਅਜਿਹਾ ਆਤਮਿਕ ਵਣਜ ਕਰਨ ਵਾਲੇ ਜਗਿਆਸੂਆਂ ਨੂੰ ਦੁਨਿਆਵੀ ਰੂਪ ਵਿੱਚ ਵੀ ਚੰਗੇ ਬਿਉਹਾਰ ਦੀ ਸਮਝ ਆ ਗਈ ਜਿਵੇਂ ਪ੍ਰੇਮ ਸੁਮਾਰਗ ਗ੍ਰੰਥ ਵਿੱਚ ਅੰਕਤ ਹੈ ਕਿ: ‘ਕਿਰਤ ਜੋ ਕਰੇ ਧਰਮ ਦੀ ਕਰੇ, ਸਭ ਤੇ ਉਤਮ ਕਿਰਤ ਸਉਦਾਗਰੀ ਹੈ। ਉਸ ਤੇ ਖੇਤੀ ਹੈ। ਬਿਉਹਾਰ ਮੈ ਲੈਣੇ ਦੇਣੇ ਮੈ ਏਕ ਹੀ ਬਾਤ ਕਰੈ, ਦੂਸਰੀ ਨ ਕਰੈ, ਮਿਥਿਆ ਬਿਉਹਾਰ ਨ ਕਰੈ, ਅਰ ਕੋਈ ਕਿਸੀ ਕੋ ਕਸਬ ਕਰਨੇ ਤੇ ਅਬੈ ਨ ਰਖੈ, ਕਸਬ ਕਰਨਾ, ਕਿਆ ਉਤਮ? ਕਿਆ ਮਧਮ? ਕਿਆ ਨੀਚ? ਬਡੀ ਭਗਤੀ ਹੈ, ਇਸ ਬਰਾਬਰ ਔਰ ਭਗਤਿ ਨਾਹੀ, ਜੋ ਕਸਬ ਕਰ ਕੈ ਬੰਦਗੀ ਕਰੈ।।’

ਅਜਿਹੇ ਧਰਮੀ ਮਨੁਖਾਂ ਦੇ ਦੁਨਿਆਵੀ ਵਾਪਾਰ ਦੁਆਰਾ ਕਮਾਇਆ ਧਨ ਅਤੇ ਹੋਰ ਸਾਧਨ ਪਵਿਤ੍ਰ ਹੋ ਜਾਂਦੇ ਹਨ ਜੋ ਖ਼ਲਕਤ ਦੇ ਭਲੇ ਹਿਤ ਵਰਤੀਦੇ ਹਨ। ਸਾਹਿਬਾਂ ਦਾ ਫ਼ੁਰਮਾਨ ਹੈ:-‘‘ਗੁਰਮੁਖਿ ਸਭ ਪਵਿਤੁ ਹੈ, ਧਨੁ ਸੰਪੈ ਮਾਇਆ।। ਹਰਿ ਅਰਥਿ ਜੋ ਖਰਚਦੇ, ਦੇਂਦੇ ਸੁਖੁ ਪਾਇਆ।।’’ ਮ:੪/੧੨੪੬।।
ਮਨੁੱਖ ਨੇ ਜਿਥੇ ਦੁਨੀਆਵੀ ਵਾਪਾਰ ਵਿੱਚ ਉਨਤੀ ਦੀ ਰਾਹ ਵੇਖਣੀ ਹੈ ਉੱਥੇ ਪਰਮਾਤਮਾ ਵੱਲੋਂ ਮੂਲ ਧਨ ਦੀ ਤਰ੍ਹਾਂ ਪ੍ਰਾਪਤ ਹੋਈ ਸੁਆਸਾਂ ਦੀ ਪੂੰਜੀ ਨਾਲ ਨਾਮ ਸਿਮਰਨ ਕਰਦਿਆਂ ਗੁਰਬਾਣੀ ਸਮਝਣ ਸਮਝਾਉਣ ਦਾ ਉਪਰਾਲਾ ਕਰਨਾ ਹੈ। ਗੁਰੂ ਅਰਜਨ ਸਾਹਿਬ ਜੀ ਫ਼ੁਰਮਾਨ ਕਰਦੇ ਹਨ ਕਿ ‘‘ਹਮ ਧਨਵੰਤ ਭਾਗਠ ਸਚ ਨਾਇ।।’’ ਮ:੫/੧੮੫।। ਦੀ ਪ੍ਰਾਪਤੀ ਤਾਂ ਹੋਈ ਹੈ ਜਦੋਂ ਮੈ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ।। ਤਾ, ਮੇਰੈ ਮਨਿ, ਭਇਆ ਨਿਧਾਨਾ।। ਰਤਨ ਲਾਲ, ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ ਅਤੋਲ।। ਖਾਵਹਿ ਖਰਚਹਿ, ਰਲਿ ਮਿਲਿ ਭਾਈ।। ਤੋਟਿ ਨ ਆਵੈ, ਵਧਦੋ ਜਾਈ।।’’ ਮ:੫/੧੮੬।।

ਇਹ ਗੁਰਬਾਣੀ ਦਾ ਖਜ਼ਾਨਾ ਐਨਾ ਅਖੁਟ ਹੈ ਕਿ ‘‘ਤਿਚਰੁ ਮੂਲਿ ਨ ਖੜੀਂਦੋ, ਜਿਚਰੁ ਆਪਿ ਕ੍ਰਿਪਾਲੁ।। ਸਬਦੁ ਅਖੁਟੁ ਬਾਬਾ ਨਾਨਕਾ, ਖਾਹਿ ਖਰਚਿ ਧਨ ਮਾਲ।।’’ ਮ:੫/੧੪੨੬।।

ਜਗਤ ਰਚਨਾ ਵਿਚ ਸਪੁਤ੍ਰ ਹੋਣ ਦਾ ਮਾਣ ਉੱਸੇ ਨੂੰ ਪ੍ਰਾਪਤ ਹੁੰਦਾ ਹੈ ਜੋ ਪਿਤਾ ਵੱਲੋਂ ਦਿੱਤੀ ਪੂੰਜੀ ਨਾਲ ਲਾਭ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਜੀ ਦੇ ਕਥਨ ਹੈ: ‘‘ਬਨਜ ਬਿਉਹਾਰ ਲਗਿ ਜਾਤ ਹੈ ਬਿਦੇਸਿ ਪ੍ਰਾਨੀ, ਕਹੀਏ ਸਪੂਤ ਲਾਭ ਲਭਤ ਕੈ ਆਨੀਐ।। ਕਬਿੱਤ-੧੧੮/ਭਾਈ ਗੁਰਦਾਸ ਜੀ।
ਮਨੁੱਖ ਵਣਜਾਰੇ ਨੂੰ ਆਤਮਿਕ ਸੂਝ ਦਿੰਦਿਆਂ ਵੀ ਸਾਹਿਬਾਂ ਨੇ ਫ਼ੁਰਮਾਇਆ ਹੈ:-‘‘ਵਣਜੁ ਕਰਹੁ ਮਖਸੂਦੁ ਲੈਹੁ, ਮਤ ਪਛੋਤਾਵਹੁ।।…. ਤਾਂ ਵਾਪਾਰੀ ਜਾਣੀਅਹੁ, ਲਾਹਾ ਲੈ ਜਾਵਹੁ।।’’ ਮ:੧/੪੧੮।।

ਸੋ ਆਉ ਗੁਰਬਾਣੀ ਵਿੱਚੋਂ ਵਾਪਾਰ ਦੇ ਇਸ ਸੰਕਲਪ ਨੂੰ ਸਮਝੀਏ ਤਾਂ ਕਿ ਸਾਹਿਬਾਂ ਦੁਆਰਾ ਦਿੱਤਾ ਪਵਿੱਤ੍ਰ ਉਪਦੇਸ਼ ਸਾਡੇ ਅੰਦਰ ਵਸ ਜਾਏ ਅਤੇ ਅਸੀਂ ਪ੍ਰਭੂ ਜੀ ਦੀ ਦਰਗਾਹ ਵਿੱਚ ਪਰਵਾਨ ਹੋਣ ਵਾਲੀ ਪੂੰਜੀ (ਖੇਪ) ਇੱਕਠੀ ਕਰ ਸਕੀਏ ਤਾਂ ਤੇ ਦ੍ਰਿੜ੍ਹ ਕਰਨਾ ਹੀ ਪਵੇਗਾ: ‘‘ਸਚੁ ਵਾਪਾਰੁ ਕਰਹੁ ਵਾਪਾਰੀ।। ਦਰਗਹ ਨਿਬਹੈ ਖੇਪ ਤੁਮਾਰੀ।।’’ ਮ:੫/੨੯੩।।

ਜਿਸ ਅੰਦਰਿ ਰੰਗੁ ਸੋਈ ਗੁਣ ਗਾਵੈ॥

0

ਜਿਸ ਅੰਦਰਿ ਰੰਗੁ ਸੋਈ ਗੁਣ ਗਾਵੈ॥

ਗਿਆਨੀ ਬਲਜੀਤ ਸਿੰਘ ਜੀ

ਗੁਰਮਤਿ ਨੇ ਪਰਮਾਤਮਾ ਦੇ ਦਰਬਾਰ ਨੂੰ ਸੰਗੀਤ ਰੂਪ ਮੰਨਿਆ ਹੈ, ਜਿੱਥੇ ਰਾਗ, ਪਰੀ ਸਮੇਤ ਉਸ ਦੀ ਉਸਤਤਿ ਕਰ ਰਹੇ ਹਨ ‘ਸੋ ਦਰੁ’ ਦੀ ਹਰ ਗੱਲ ਸੰਗੀਤ ਵਿੱਚ ਹੈ।  ਸੁੰਦਰਤਾ ਧਰਮ ਹੈ, ਸਰੀਰਕ, ਮਾਨਸਿਕ ਬੌਧਿਕ, ਆਤਮਿਕ, ਕਲਾਤਮਿਕ ਹਰ ਪ੍ਰਕਾਰ ਦੀ ਸੁੰਦਰਤਾ ਮਨੁੱਖਤਾ ਨੂੰ ਸੰਪੂਰਨਤਾ ਦਿੰਦੀ ਹੈ ਅਤੇ ਪਰਮਾਤਮਾ ਨਾਲ ਅਭੇਦ ਕਰਦੀ ਹੈ, ‘‘ਸਰਮ ਖੰਡ ਕੀ ਬਾਣੀ ਰੂਪ॥’’ ਹੈ, ਭਗਤੀ, ਸਿਮਰਨ, ਸਰਮ ਹੈ, ਉਦਮ ਜਾਂ ਮਿਹਨਤ ਘਾਲਣਾ ਹੈ, ਗਿਆਨ ਮਾਰਗ ਵੀ ਸਰਮ ਭਾਵ ਘਾਲਣਾ ਦਾ ਮਾਰਗ ਹੈ ਜਿੱਥੇ ਰੂਪ ਘੜ੍ਹਿਆ ਜਾਂਦਾ ਹੈ, ‘‘ਤਿਥੈ ਘਾੜਤਿ ਘੜੀਐ, ਬਹੁਤੁ ਅਨੂਪੁ॥’’ ਸਰਮ ਖੰਡ ਵਿੱਚ ਅਤਿਅੰਤ ਸੁੰਦਰ ਘਾੜਤ ਘੜੀ ਜਾਂਦੀ ਹੈ, ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ, ਸੁਰਾਂ ਸਿਧਾ ਕੀ ਸੁਧਿ॥’’  ਅਨੁਸਾਰ ਸ਼ਖ਼ਸੀਅਤ ਦੇ ਸਾਰੇ ਅੰਗ (ਪੱਖ) ਹੀ ਘੜੇ ਜਾਂਦੇ ਹਨ।

ਆਤਮਕ ਉਸਾਰੀ ਹੈ ਹੀ ਸ਼ਖ਼ਸੀਅਤ ਦੀ ਉਸਾਰੀ, ਜਿਉਂ ਜਿਉਂ ਸ਼ਖ਼ਸੀਅਤ ਵਿੱਚ ਸੰਗੀਤ ਪੈਦਾ ਹੁੰਦਾ ਹੈ, ਸੁੰਦਰਤਾ ਬਣਦੀ ਜਾਂਦੀ ਹੈ, ਕਰਮਸ਼ੀਲਤਾ ਮਨੁੱਖ ਨੂੰ ਹੋਰ ਸੁੰਦਰ ਬਣਾਉਂਦੀ ਹੈ।  ਜਿਉਂ ਜਿਉਂ ਕੋਈ ਸੇਵਾ ਵਿੱਚ ਲੱਗਦਾ ਹੈ, ਉਹ ਸੁੰਦਰ ਹੁੰਦਾ ਜਾਂਦਾ ਹੈ। ਉਹ ‘‘ਜਾ ਕਉ ਹਰਿ ਰੰਗੁ ਲਾਗੋ ਇਸੁ ਜਗੁ ਮਹਿ, ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ ਸਗਲ ਵਸਿ ਤਾ ਕੈ, ਜਾ ਕਾ ਸਤਿਗੁਰੁ ਪੂਰਾ॥’’ ਦੀ ਪਦਵੀ ’ਤੇ ਪੁੱਜ ਜਾਂਦਾ ਹੈ, ਇਸ ਲਈ ਜੋਧੇ ਮਹਾਂਵਲੀ ਸੂਰਮੇ ਦਾ ਧਰਮ ਉਹੀ ਕਮਾ ਸਕਦਾ ਹੈ, ਜੋ ਆਪਣੇ ਆਲੇ ਦੁਆਲੇ ਨੂੰ ਸੋਹਣਾ ਬਣਾਉਂਦਾ ਹੈ, ਜਿਸ ਦਾ ਵੀਚਾਰ ਸੁੱਚਾ ਸੁੰਦਰ, ਜਿਸ ਦੀ ਰਹਿਣੀ ਵਿੱਚ ਸੁਹੱਪਣ ਹੁੰਦਾ ਹੈ, ਜਿਸ ਦੇ ਬਚਨਾਂ ’ਚ ਸੁੰਦਰਤਾ ਹੁੰਦੀ ਹੈ, ਜਿਸ ਦਾ ਵਰਤੋਂ ਵਿਹਾਰ ਸੁੰਦਰ ਹੈ, ਅਜਿਹੇ ਸੂਰਮੇ ਦੇ ਆਦਰਸ਼ ਜੀਵਨ-ਘਾੜਤ ਦੀ ਵਿਆਖਿਆ, ਗੁਰੂ ਅਰਜਨ ਸਾਹਿਬ ਜੀ ਨੇ ਇੰਝ ਬਖਸ਼ਸ਼ ਕੀਤੀ ਹੈ, ‘‘ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾਹੰ ਤਨਿ ਨਿੰਮ੍ਰਤਾਹ॥ ਆਵਧਹ ਗੁਣ ਗੋਬਿੰਦ ਰਮਣੰ, ਓਟ ਗੁਰ ਸਬਦ ਕਰ ਚਰਮਣਹ॥ ਆਰੂੜਤੇ ਅਸ੍ਵ ਰਥ ਨਾਗਹ, ਬੁਝੰਤੇ ਪ੍ਰਭ ਮਾਰਗਹ॥ ਬਿਚਰਤੇ ਨਿਰਭਯੰ ਸਤ੍ਰੁ ਸੈਨਾ, ਧਾਯੰਤੇ ਗੁੋਪਾਲ ਕੀਰਤਨਹ॥ ਜਿਤਤੇ ਬਿਸ੍ਵ ਸੰਸਾਰਹ, ਨਾਨਕ ! ਵਸੵੰ ਕਰੋਤਿ ਪੰਚ ਤਸਕਰਹ॥’’ (ਮ: ੫/੧੩੫੬)

ਅਜਿਹਾ ਸੂਰਮਾ ਜਿੱਥੇ ‘‘ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ॥’’ ਦੀ ਦ੍ਰਿੜ੍ਹਤਾ ਭਰਿਆ ਜੀਵਨ ਜੀਉਂਦਾ ਹੈ, ਉੱਥੇ ਆਤਮਕ ਜੇਤੂ ਹੁੰਦਾ ਹੋਇਆ ‘‘ਨਾਨਕ ! ਸੋ ਸੂਰਾ ਵਰੀਆਮੁ; ਜਿਨਿ, ਵਿਚਹੁ ਦੁਸਟ ਅਹੰਕਰਣ ਮਾਰਿਆ॥’’ ਦੀ ਜੀਵਨ ਜਾਚ ਦਾ ਪਾਂਧੀ ਪਹਿਲਾਂ ਹੈ, ‘‘ਠਾਕੁਰ ਗਾਈਐ ਆਤਮ ਰੰਗਿ॥’’ ਦੀ ਜੀਵਨ ਜਾਚ ਸਿਖਾਉਂਦਿਆਂ ਭਾਈ ਗੁਰਦਾਸ ਜੀ ਨੇ ਇਸ ਤਰ੍ਹਾ ਕਥਨ ਕੀਤਾ ਹੈ, ‘‘ਨਦੀਆ ਨਾਲੇ ਵਾਹੜੇ, ਗੰਗਿ ਸੰਗਿ ਗੰਗੋਦਕ ਹੋਈ। ਅਸਟ ਧਾਤੁ ਇਕ ਧਾਤ ਹੋਇ, ਪਾਰਸ ਪਰਸੈ ਕੰਚਨੁ ਸੋਈ। ਚੰਦਨ ਵਾਸੁ ਵਣਾਸਪਤਿ; ਅਫਲ, ਸਫਲ ਕਰ ਚੰਦਨੁ ਗੋਈ। ਛਿਅ ਰੁਤਿ ਬਾਰਹ ਮਾਹ ਕਰਿ, ਸੁਝੈ ਸੁਝ ਨ ਦੂਜਾ ਕੋਈ। ਚਾਰਿ ਵਰਨਿ ਛਿਅ ਦਰਸਨਾ, ਬਾਰਹ ਵਾਟ ਭਵੈ ਸਭੁ ਲੋਈ। ਗੁਰਮੁਖਿ ਦਰਸਨੁ ਸਾਧਸੰਗੁ, ਗੁਰਮੁਖਿ ਮਾਰਗਿ ਦੁਬਿਧਾ ਖੋਈ। ਇਕ ਮਨਿ, ਇਕ ਅਰਾਧਨਿ ਓਈ॥’’ (ਵਾਰ ੫, ਪਉੜੀ ੯)

ਗਿਆਨਵਾਨ ਆਤਮ ਰੰਗ ਵਿੱਚ ਰੰਗੇ ਮਨੁੱਖ ਨੂੰ ਕਹੇ ਸੁਣੇ ਦੀ ਲਾਜ ਹੁੰਦੀ ਹੈ, ਉਸ ਦੀ ‘‘ਇਕਿ ਕਹਿ ਜਾਣਹਿ, ਕਹਿਆ ਬੁਝਹਿ; ਤੇ ਨਰ ਸੁਘੜ ਸਰੂਪ॥’’ ਵਾਲੀ ਅਵਸਥਾ ਹੁੰਦੀ ਹੈ, ਉਹ ਜੋ ਕੁਝ ਧਾਰਮਕ ਗ੍ਰੰਥਾਂ ਤੋਂ, ਪੋਥੀ ਪੁਰਾਣ ਤੋਂ ਪੜ੍ਹਦਾ ਹੈ, ਉਸ ਨੂੰ ਸਮਝਣ ਅਤੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਦਾ ਹੈ, ਉਹ ਕਹਿਣੀ ਅਤੇ ਰਹਿਣੀ ਦਾ ਬਿਰਦ ਪਾਲਦਾ ਹੈ, ਇਸ ਤਰ੍ਹਾਂ ਆਪਣੇ ਆਪ ਦੀ ਸਾਧਨਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ।

ਕਲਗੀਧਰ ਪਾਤਿਸ਼ਾਹ ਜੀ ਹਾਸ ਰਸ ਦੇ ਕੌਤਕਾਂ ਰਾਹੀਂ ਕਈ ਵਾਰੀ ਸਿੱਖਾਂ ਨੂੰ ਸਿੱਖੀ ਦ੍ਰਿੜ੍ਹ ਕਰਵਉਂਦੇ ਸਨ। ਇੱਕ ਵਾਰੀ ਨਿਕਟਵਰਤੀ ਹਜ਼ੂਰੀ ਸਿੱਖਾਂ ਨੂੰ ਹੁਕਮ ਕੀਤਾ ਗਿਆ ਕਿ ਜਿਹੜੇ ਮਾਈ ਭਾਈ ਆਨੰਦਪੁਰ ਸਾਹਿਬ ਦਰਸ਼ਨ ਕਰਨ ਆਉਣ, ਉਨ੍ਹਾਂ ਨੂੰ ਆਖੀ ਚੱਲੋ ਕਿ ਸਾਡੀ ਆਗਿਆ ਤੋਂ ਬਿਨਾਂ ਕੋਈ ਸਿੱਖ ਇੱਥੋਂ ਵਾਪਸ ਨਾ ਜਾਏ। ਇਹ ਹੁਕਮ ਸੁਣ ਕੇ ਸੰਗਤ ਆਨੰਦਪੁਰ ਸਾਹਿਬ ਹੀ ਟਿਕੀ ਰਹੀ ਪਰ ਕੰਮਾਂ ਕਾਰਾਂ ਵਾਲੇ ਆਖ਼ਿਰ ਉਤਾਵਲੇ ਹੋ ਗਏ, ਜਾਣ ਦੀ ਆਗਿਆ ਮੰਗਣ ਲਈ ਕਿਸੇ ਦਾ ਹੀਆ ਨਾ ਪਵੇ। ਕੁਝ ਕੁ ਨੇ ਰਲ਼ ਕੇ ਵਿਉਂਤ ਸੋਚੀ ਕਿ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਹੈ, ਆਪਣੇ ਨਗਰ ਲਿਜਾ ਕੇ ਉਸ ਦਾ ਸੰਸਕਾਰ ਕਰਨਾ ਹੈ, ਪਤਾ ਲੱਗਣ ’ਤੇ ਸਾਹਿਬ ਜੀ ਨੇ ਹੁਕਮ ਕੀਤਾ ਕਿ ਸੰਸਕਾਰ ਦਾ ਪ੍ਰਬੰਧ ਏਥੇ ਹੀ ਕੀਤਾ ਜਾਏ। ਚਿਖਾ ਤਿਆਰ ਹੋ ਗਈ, ਮੁਰਦਾ ਚਿਖਾ ’ਤੇ ਰੱਖਣ ਹੀ ਲਗੇ ਸਨ ਕਿ ਅਜਾਈਂ ਚੰਦਰੀ ਮੌਤ ਆਉਂਦੀ ਵੇਖ ਕੇ ਉਹ ਸਿੰਘ ਉੱਠ ਖੜੋਤਾ, ਬੜੇ ਪਛਤਾਵੇ ਵਿੱਚ ਰੋ ਕੇ ਸਤਿਗੁਰ ਜੀ ਦੇ ਚਰਣੀ ਢਹਿ ਪਿਆ।  ਕਿਸੇ ਸਿੱਖ ਨੇ ਬੇਨਤੀ ਕਰ ਕੇ ਪੁੱਛਿਆ ਪਾਤਸ਼ਾਹ  ! ਇਹ ਰੋਣ ਵਾਲੇ ਬਖ਼ਸ਼ੇ ਗਏ ਹਨ, ਤਾਂ ਸੌ ਸਾਖੀ ਅਨੁਸਾਰ ਕਲਗੀਧਰ ਜੀ ਨੇ ਫ਼ਰਮਾਇਆ : – ਰੋਵਤ ਰੀਝਿ ਪਰੈ ਗੁਰਦੇਵ !  ਤਉ ਮੂਏ ਕਉ ਰੋਵਤ, ਗ੍ਰਾਮ ਕੀ ਨਾਰੀ।  ਕੀਰਤਨ ਤੇ ਜਉ ਰੀਝਿ ਪਰੈ, ਤਉ ਕੀਰ ਕਪੋਤ ਪੁਕਾਰ ਉਚਾਰੀ। ਨਾਵੈ ਦਾਦਰ, ਮੌਨ ਸੁ ਬ੍ਰਿਛ ਹੈ, ਬਾਨਰ ਜੰਗਲ ਬਾਸ ਬਨਾਰੀ। ਪ੍ਰੀਤਿ ਪ੍ਰਤੀਤਿ ਕੀ ਲੇਸ ਬਿਨਾ, ਸਿਖ ਪੰਡਿਤੁ ਗਾਇਕ ਜਾਵਤ ਹਾਰੀ।

ਸੁਲਤਾਨਪੁਰ ਵਿਖੇ ਪਹਿਲੇ ਜਾਮੇ ਵਿੱਚ ਪੇਸ਼ੀ ਦੀ ਨਿਮਾਜ ਸਮੇਂ ਵੀ ਸਾਹਿਬ ਜੀ ਨੇ ਪ੍ਰੀਤ ਪ੍ਰਤੀਤਿ ਜਾਂ ‘‘ਠਾਕੁਰੁ ਗਾਈਐ ਆਤਮ ਰੰਗਿ॥’’  ਦੀ ਜੀਵਨ ਜਾਚ ਹੀ ਬਖ਼ਸ਼ੀ ਸੀ, ‘‘ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ, ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ ?॥’’ (ਮ:੪/੪੫੦)

ਇਸ ਲਈ ਕੀਰਤੀ ਜਾਂ ਕੀਰਤਨ, ਰਾਗ ਦੁਆਰਾ ਮਸ਼ੀਨੀ ਉਚਾਰਨ (ਅਲਾਪ) ਹੀ ਕੀਰਤਨ ਨਹੀਂ ਬਲਕਿ ਇਹ ਅਲਾਪ ਪ੍ਰੇਮ ਭਾਵਨਾ ਵਿੱਚ ਗੁੱਧਾ ਹੋਣਾ ਹੀ ਕੀਰਤਨ ਬਣਦਾ ਹੈ। ਪ੍ਰਭੂ ਨਾਲ ਇੱਕ ਸੁਰ ਹੋ ਕੇ ਕੀਤੇ ਗਾਇਨ ਦਾ ਭਾਵ ਹੀ ਕੀਰਤਨ ਹੈ, ‘‘ਗਾਵੀਐ, ਸੁਣੀਐ, ਮਨਿ ਰਖੀਐ ਭਾਉ॥’’ ਵਾਲ਼ੀ ਉੱਚ ਅਵਸਥਾ ਹੈ।

ਉਸਤਤੀ ਗਾਉਂਦਿਆ ਸੁਣਦਿਆਂ ਮਨ ਪਿਆਰ ਨਾਲ ਗੜੂੰਦ ਹੋਣਾ ਹੀ ਜੀਵਨ ਸਫਲਾ ਹੈ। ਇੱਕ ਸੁਰ ਹੋ ਕੇ ਗਾਇਨ ਕੀਤੀ ਕੀਰਤੀ ਦੇ ਖੰਭ ਇੰਨੇ ਸਕਤੀਸ਼ਾਲੀ ਹੁੰਦੇ ਹਨ ਕਿ ਪ੍ਰਭੂ ਮਿਲਾਪ ਵਿੱਚ ਸਹਾਈ ਹੁੰਦੇ ਹਨ ਫਿਰ ਉਹ ਪ੍ਰਭੂ ਦੂਰ ਨਹੀਂ, ਨੇੜੇ ਪ੍ਰਤੀਤ ਹੁੰਦਾ ਹੈ।  ਉਹ ਬਾਹਰ ਨਹੀਂ, ਅੰਦਰ ਅਨੁਭਵ ਹੁੰਦਾ ਹੈ, ਮਨ ਬਿਸਮ (ਅਸਚਰਜ) ਹੋ ਪੈਂਦਾ ਹੈ, ਇਹ ਪ੍ਰੇਮ ਹੀ ਹੈ ਜਿਹੜਾ ਪ੍ਰਭੂ ਦਰ ਨੂੰ ਖੋਲ੍ਹਦਾ ਹੈ, ਉਸ ਦੇ ਸੁੱਖ ਮਹਿਲ ਵਿੱਚ ਪ੍ਰਵੇਸ਼ ਕਰੀਦਾ ਹੈ। ਤੀਸਰੇ ਪਾਤਸ਼ਾਹ ਜੀ ਦਾ ਪਾਵਨ ਵੀਚਾਰ ਹੈ ਕਿ ਜਿਹੜੇ ਬਿਨਾਂ ਪਿਆਰ ਦੇ ਗਾਉਂਦੇ ਹਨ, ਉਨ੍ਹਾਂ ਨੂੰ ਕੋਈ ਆਤਮਕ ਰਸ ਨਹੀਂ ਆਉਂਦਾ ਸਗੋਂ ਜੀਵਨ ਦਾ ਸਮਾਂ ਵਿਅਰਥ ਗੁਆਉਂਦੇ ਹਨ, ਪਾਵਨ ਫ਼ਰਮਾਨ ਹੈ – ‘‘ਇਕਿ ਗਾਵਤ ਰਹੇ, ਮਨਿ ਸਾਦੁ ਨ ਪਾਇ॥ ਹਉਮੈ ਵਿਚਿ ਗਾਵਹਿ, ਬਿਰਥਾ ਜਾਇ॥ ਗਾਵਣਿ ਗਾਵਹਿ, ਜਿਨ ਨਾਮ ਪਿਆਰੁ॥ ਸਾਚੀ ਬਾਣੀ, ਸਬਦ ਬੀਚਾਰੁ॥’’ (ਮ:੩/੧੫੮) ਲੋਭ ਲਾਲਚ ਲਈ ਗਾਵਿਆ ਵੀ ਇੱਕ ਵਗਾਰ (ਮਜਦੂਰੀ) ਹੀ ਹੈ ਨਿਸ਼ਚਾ, ਪ੍ਰੇਮ ਜਾਂ ਸ਼ਰਧਾ ਨਾਲ ਗਾਉਣਾ ਹੀ ਗੁਣਕਾਰੀ ਹੈ। ਚੌਥੇ ਪਾਤਸ਼ਾਹ ਜੀ ਦਾ ਫ਼ਰਮਾਨ ਹੈ : – ‘‘ਜਿਸ ਨੋ ਪਰਤੀਤਿ ਹੋਵੈ, ਤਿਸ ਕਾ ਗਾਵਿਆ ਥਾਇ ਪਵੈ, ਸੋ ਪਾਵੈ ਦਰਗਹ ਮਾਨੁ॥’’ (ਮ: ੪/੭੩੪), ਕੀਰਤੀ ਜਾਂ ਪ੍ਰਭੂ ਗੁਣਾਂ ਦਾ ਗਾਇਨ ਓਹੀ ਕਰ ਸਕਦਾ ਹੈ, ਜਿਸ ਦਾ ਅੰਦਰ ਪ੍ਰੇਮ ਨਾਲ ਰੰਗਿਆ ਹੋਵੈ ਕਿਉਂਕਿ ਅਟਲ ਨਿਯਮ ਹੈ ਕਿ ‘‘ਜਿਸੁ ਅੰਦਰਿ ਰੰਗੁ, ਸੋਈ ਗੁਣ ਗਾਵੈ॥ ਗੁਰ ਕੈ ਸਬਦਿ, ਸਹਜੇ ਸੁਖਿ ਸਮਾਵੈ॥’’ (ਮ: ੩/੧੧੪)

ਅੱਜ ਜੇ ਮਨੁੱਖਤਾ ਜਾਂ ਖਾਸ ਕਰ ਸਿੱਖ ਕੌਮ ਆਪਣੇ ਬਜ਼ੁਰਗਾਂ, ਸ਼ਹੀਦਾਂ ਨੂੰ ਅਰਦਾਸ ਰਾਹੀਂ ਯਾਦ ਕਰਦੀ ਹੈ ਕਿ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ !  ਬੋਲੋ ਜੀ ! ਵਾਹਿਗੁਰੂ।  ਇਹ ਸਾਰੇ ਗੁਰੂ ਪਿਆਰੇ ਆਤਮਕ ਰੰਙਣ ਵਿੱਚ ਹੀ ਰੰਗੇ ਹੋਏ ਸਨ।

ਸੋ, ਐਸੀ ਨਿਮ੍ਰਤਾ, ਦ੍ਰਿੜ੍ਹਤਾ, ਸੂਰਮਤਾ ਤਦੋਂ ਹੀ ਬਣਦੀ ਹੈ ਜਦੋਂ ਅਸੀ ਸਮਝਦੇ ਹਾਂ, ‘‘ਜਿਸੁ ਅੰਦਰਿ ਰੰਗੁ, ਸੋਈ ਗੁਣ ਗਾਵੈ॥ ਗੁਰ ਕੈ ਸਬਦਿ, ਸਹਜੇ ਸੁਖਿ ਸਮਾਵੈ॥’’ (ਮ: ੩/੧੧੪)

ਆਰ. ਐਸ. ਐਸ. ਸੋਚ ਦਾ ਦੂਸਰਾ ਨਾਮ ਹੈ: ‘ਹਰਦੇਵ ਸਿੰਘ ਜੰਮੂ’ (ਭਾਗ-1)

0

ਆਰ. ਐਸ. ਐਸ. ਸੋਚ ਦਾ ਦੂਸਰਾ ਨਾਮ ਹੈ: ‘ਹਰਦੇਵ ਸਿੰਘ ਜੰਮੂ’ (ਭਾਗ-1)

ਗਿਆਨੀ ਅਵਤਾਰ ਸਿੰਘ

ਕਿਸੇ ਵੀ ਕੌਮ ਦੀ ਫ਼ਿਲਾਸਫ਼ੀ ਨੂੰ ਸਮੂਹ ਮਾਨਵਤਾ ਦੀ ਭਲਾਈ ਲਈ ਆਪਣੀ (ਮਨੁੱਖੀ ) ਯੋਗਤਾ (ਸਮਝ) ਅਨੁਸਾਰ ਸਦੀਵੀ ਜਿਉਂ ਦਾ ਤਿਉਂ ਬਣਾਏ ਰੱਖਣ ਲਈ ਕੀਤੇ ਜਾਂਦੇ ਤਮਾਮ ਯਤਨ ਤਾਂ ਹੀ ਸਾਰਥਕ ਹੋ ਸਕਦੇ ਹਨ ਅਗਰ ਉਸ ਕੌਮ ਦੇ ਵਿਦਵਾਨ ਆਪਣੀਆਂ ਸੇਵਾਵਾਂ ਪਾਰਦਰਸੀ ਭਾਵਨਾ ਨਾਲ ਨਿਭਾਉਣ ਭਾਵ ਕਿਸੇ ਵਿਦਵਾਨ (ਆਪਣੀ ਫ਼ਿਲਾਸਫ਼ੀ ਦੀ ਪੂਰਨ ਸਮਝ ਰੱਖਣ ਵਾਲਾ) ਦਾ ਆਦਰਸ ਜੀਵਨ ਉਸ ਦੀ ਨਿਜੀ ਜਿੰਦਗੀ ਨਾਲ ਪੂਰਨ ਤੌਰ ’ਤੇ ਮੇਲ ਖਾਂਦਾ ਹੋਵੇ। ਇਸ ਲਈ ਇਹ ਹੱਕ ਪਾਠਕਾਂ ਲਈ ਅਤਿ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਆਪਣੇ ਵਲੋਂ ਮੰਨੇ ਜਾ ਰਹੇ ਕਿਸੇ ਵੀ ਵਿਦਵਾਨ ਦੀ ਜੀਵਨਸ਼ੈਲੀ ਨੂੰ ਚੰਗੀ ਤਰ੍ਹਾਂ ਘੋਖ-ਪੜਤਾਲ ਕਰ ਲੈਣ।

ਵਿਦਵਾਨਾਂ ਦੇ ਆਪਸੀ ਵੀਚਾਰਾਂ ’ਚ ਮਤਭੇਦ ਹੋਣਾ ਸੁਭਾਵਕ ਗੱਲ ਹੁੰਦੀ ਹੈ ਪਰ ਅਗਰ ਕੋਈ ਇੱਕ ਲੇਖਕ ਦੂਸਰੇ ਲੇਖਕ ਨਾਲ 99% ਵੀਚਾਰ ਮਿਲਣ ਤੋਂ ਉਪਰੰਤ ਵੀ 1% ਨਾ ਮਿਲਣ ਵਾਲੇ ਆਪਸੀ ਵੀਚਾਰਾਂ ਨੂੰ 99% ਬਣਾ ਕੇ ਆਪਣੀ ਵਿਦਵਤਾ ਵਿਖਾਉਣ ਦਾ ਯਤਨ ਕਰਦਾ ਹੋਵੇ ਤਾਂ ਉਸ ਲੇਖਕ ਦੀ ਮਨਸ਼ਾ ’ਤੇ ਸਵਾਲ ਉੱਠਾਉਣੇ ਜ਼ਰੂਰੀ ਬਣ ਜਾਂਦੇ ਹਨ।

ਮੈ ਖੁਦ ਇਕ ਮੈਗਜੀਨ (ਮਿਸ਼ਨਰੀ ਸੇਧਾਂ) ਦਾ ਸੰਪਾਦਕ ਹੋਣ ਦੇ ਕਾਰਨ, ਗੁਰਮਤਿ ਫ਼ਿਲਾਸਫ਼ੀ ਨਾਲ ਸੰਬੰਧਤ ਲਗਭਗ 50 ਤੋਂ ਵਧੀਕ ਲੇਖਕਾਂ ਦੀ ਵੀਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਪਿੱਛਲੇ ਲਗਭਗ 3 ਸਾਲਾਂ ’ਚ ਮੈਂ 50,000 ਤੋਂ ਵੱਧ ਖਰਚਾ ਕੇਵਲ ਫੋਨ ਦੀ ਰਾਹੀਂ ਇਸ ਅਧਾਰ ’ਤੇ ਕਰ ਦਿੱਤਾ ਹੈ ਤਾਂ ਜੋ ਵਿਦਵਾਨਾਂ ਦੇ ਆਪਸੀ ਵੀਚਾਰਾਂ ’ਚ ਵੱਧ ਤੋਂ ਵੱਧ ਏਕਤਾ ਨੂੰ ਬਣਾਏ ਰੱਖਿਆ ਜਾ ਸਕੇ। ਮੇਰੀ ਨਿਜੀ ਸੋਚ ਅਨੁਸਾਰ ਸਿੱਖ ਸਮਾਜ ’ਚ ਬਹੁਤੀ ਦੁਬਿਧਾ ਦਾ ਕਾਰਨ ਇਹ ਲੇਖਕ ਹੀ ਹਨ, ਲੇਖਕਾਂ ਦਾ ਸੁਆਰਥ ਹੀ ਹੈ।

ਵਰਤਮਾਨ ਦੇ ਸਮੇਂ (ਜ਼ਮੀਨੀ ਹਾਲਾਤਾਂ) ਨੂੰ ਗਹੁ ਨਾਲ ਵੀਚਾਰਿਆਂ ਗੁਰਮਤਿ ਫ਼ਿਲਾਸਫੀ ’ਤੇ ਉਚਿਤ ਪਹਿਰਾ ਦੇਣ ਵਾਲੇ ਪੰਥ ਦਰਦੀਆਂ ਸਾਹਮਣੇ ਤਿੰਨ ਪ੍ਰਕਾਰ ਦੀਆਂ ਮੁੱਖ ਸਮੱਸਿਆਵਾਂ (ਚਨੌਤੀਆਂ) ਹਨ:

(1). ਬ੍ਰਾਹਮਣੀ ਅੰਧਵਿਸਵਾਸ ਨੂੰ ਬਢਾਵਾ ਦੇਣ ਵਾਲੀ ਸ਼ਕਤੀ ਦਾ ਦਿਨ ਪ੍ਰਤੀ ਦਿਨ ਮਜਬੂਤ ਹੋਣਾ, ਇਸ ਸੋਚ ਦਾ ਗੁਰਬਾਣੀ ਇਸ ਆਧਾਰ ’ਤੇ ਖੰਡਨ ਕਰਦੀ ਹੈ ਕਿਉਂਕਿ ਇਹ ਸਮਾਜਿਕ ਏਕਤਾ (ਸ਼ਾਂਤੀ) ਨੂੰ ਬਣਾਏ ਰੱਖਣ ਲਈ ਸਭ ਤੋਂ ਵੱਡੀ ਰੁਕਾਵਟ ਹੈ।

(2). ਸੁਆਰਥੀ ਰਾਜਨੀਤਿਕ ਸੋਚ (ਸ਼ਕਤੀ), ਜਿਸ ਨੇ ਧਰਮ (ਗੁਰਮਤਿ ਫ਼ਿਲਾਸਫ਼ੀ) ਨੂੰ ਆਪਣੇ ਨਿਜੀ ਸੁਆਰਥ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ।

(3). ਵਿਗਿਆਨਕ ਯੁਗ (ਸੋਚ ਦੇ ਪ੍ਰਭਾਵ) ਅਧੀਨ ਕੀਤੀ ਜਾ ਰਹੀ ਉਨ੍ਹਾਂ ਅਦਿ੍ਰਸ਼ ਵਿਸ਼ਿਆਂ ਦੀ ਵਿਆਖਿਆ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ‘‘ਕੁਦਰਤਿ ਕਵਣ, ਕਹਾ ਵੀਚਾਰੁ॥’’ ਭਾਵ ਮੇਰੀ ਕੀ ਤਾਕਤ ਹੈ ਕਿ ਤੇਰੇ ਸੰਪੂਰਨ ਵਿਸਥਾਰ ਬਾਰੇ ਜਾਣ ਸਕਾਂ, ਨੂੰ ਸੀਮਤ ਮਨੁੱਖਾ ਬੁਧੀ ਰਾਹੀਂ ਅੰਤ ਪਾਉਣ ਦਾ ਯਤਨ ਕਰਨਾ। ਆਦਿ।

ਉਪਰੋਕਤ ਬਿਆਨ ਕੀਤੀਆਂ ਗਈਆਂ ਤਿੰਨੇ ਚਨੌਤੀਆਂ ਤੋਂ ਕੌਮੀ ਭਾਈਚਾਰੇ (ਸਿੱਖ ਸਮਾਜ) ਨੂੰ ਸੁਚੇਤ ਕਰਨਾ, ਕੌਮੀ ਵਿਦਵਾਨਾਂ ਦੁਆਰਾ ਨਿਭਾਈਆਂ ਜਾਂਦੀਆਂ ਸੇਵਾਵਾਂ ਦੇ ਅਧੀਨ ਆਉਂਦਾ ਹੈ ਪਰ ਵਿਦਵਾਨਾਂ ਦੇ ਵੀਚਾਰਾਂ ’ਚ ਆ ਰਿਹਾ ਆਪਸੀ ਵਿਰੋਧਾਵਾਸ ਇਸ ਸਮੱਸਿਆ ਨਾਲ ਇਕ ਜੁਟ ਹੋ ਕੇ ਲੜਨ ਲਈ ਸਭ ਤੋਂ ਵੱਡੀ ਰੁਕਾਵਟ ਹੈ।

ਵਿਦਵਾਨਾਂ ਦੇ ਵੀਚਾਰਾਂ ’ਚ ਵਿਰੋਧਾਵਾਸ ਹੋਣ ਦੇ ਕੁਝ ਮੂਲ ਕਾਰਨ ਹਨ:

(1). ਆਪਣੀ-ਆਪਣੀ ਦੁਨਿਆਵੀ ਸਮਝ ਅਨੁਸਾਰ ਗੁਰਬਾਣੀ ਦੇ ਕੀਤੇ ਜਾ ਰਹੇ ਪਦ-ਅਰਥ ਅਤੇ ਭਾਵ-ਅਰਥ।

(2). ਨਿਜੀ ਸੁਆਰਥ ਕਾਰਨ ਉਪਰੋਕਤ ਵਿਸ਼ਿਆਂ ਵਿੱਚੋਂ ਕੁਝ ਨੂੰ ਜ਼ਰੂਰਤ ਤੋਂ ਜ਼ਿਆਦਾ ਉਠਾਉਣਾ ਅਤੇ ਕੁਝ ’ਤੇ ਆਪਣੇ ਸੁਆਰਥ ਕਾਰਨ ਚੁਪੀ ਧਾਰੀ ਰੱਖਣਾ,ਆਦਿ।

ਗੁਰਬਾਣੀ ਦੇ ਅਰਥਾਂ ’ਚ ਵਿਰੋਧਾਵਾਸ ਤਾਂ ਗੁਰਬਾਣੀ ਦੀ ਲਿਖਤ ਤੋਂ ਸੇਧ ਲੈ ਕੇ ਦੂਰ ਕੀਤਾ ਜਾ ਸਕਦਾ ਹੈ ਪਰ ਨਿਜੀ ਸੁਆਰਥ ਕਾਰਨ ਕਿਸੇ ਵਿਸ਼ੇ ’ਤੇ ਧਾਰੀ ਚੁੱਪੀ ਅਤੇ ਉਸ ਮਕਸਦ ਅਧੀਨ ਹੀ ਦੂਸਰੇ ਵਿਸ਼ੇ ਨੂੰ ਜ਼ਰੂਰਤ ਤੋਂ ਜ਼ਿਆਦਾ ਉਠਾਉਣਾ, ਕਿਸੇ ਤਰ੍ਹਾਂ ਵੀ ਕੌਮੀ ਏਕਤਾ ਲਈ ਪ੍ਰਵਾਨ ਨਹੀਂ, ਗੁਰਮਤਿ ਫ਼ਿਲਾਸਫ਼ੀ ਦੇ ਅਨੁਕੂਲ ਨਹੀਂ।

ਗੁਰਬਾਣੀ ਦੀ ਲਿਖਤ ਨੂੰ ਆਮ ਸੰਗਤ ਸਾਹਮਣੇ ਸਰਲ ਤਰੀਕੇ ਨਾਲ ਰੱਖਣ ਵਾਲਾ ਵਿਸ਼ਾ ਪਹਿਲੀ ਵਾਰ ਕੇਵਲ ਮੈਂ ਹੀ ਨਹੀਂ ਉੱਠਾ ਰਿਹਾ ਬਲਕਿ ਸਿੱਖ ਬੁਧੀਜੀਵੀਆਂ ਦੁਆਰਾ ਇਸ ਸਮੱਸਿਆ ਦਾ ਹੱਲ ਉਸ ਸਮੇਂ ਤੋਂ ਨਿਰੰਤਰ ਜਾਰੀ ਹੈ ਜਦ ਤੋਂ ਗੁਰਬਾਣੀ ਦੀ ਸੰਗਲੀ ਲਿਖਤ ਨੂੰ ਪਹਿਲੀ ਵਾਰ ਪਦ ਸੇਧ ਕੀਤਾ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਸੰਗਲੀ ਬੀੜ ਦੀ ਲਿਖਤ ਅਨੁਸਾਰ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੋਈ ਹੀ ਮਿਲਦੀ ਹੈ। ਜਿਵੇਂ ਕਿ ‘‘ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥’’ (ਭ. ਨਾਮਦੇਵ/੬੯੪) ਆਦਿ।

ਸਮੇਂ ਦੀ ਮੰਗ ਨੂੰ ਮੁਖ ਰੱਖਦਿਆਂ ਟਕਸਾਲੀ, ਅਖੰਡ ਕੀਰਤਨੀਏ, ਮਿਸ਼ਨਰੀ ਆਦਿ ਸਿੱਖ ਸਮਾਜ ਨਾਲ ਸੰਬੰਧਤ ਤਮਾਮ ਜਥੇਬੰਦੀਆਂ ਨੇ ਆਪਣੇ ਵਿਦਿਆਰਥੀਆਂ ਅਤੇ ਆਮ ਸਿੱਖ ਸਮਾਜ ਦੀ ਸੁਵਿਧਾ ਨੂੰ ਮੁਖ ਰੱਖਦਿਆਂ ਗੁਰਬਾਣੀ ਲਿਖਤ ਨੂੰ ਪੜ੍ਹਾਉਣ ਅਤੇ ਨਿਤਨੇਮ ਦੇ ਗੁਟਕਿਆਂ ਰਾਹੀਂ ਇਉਂ ਲਿਖ ਕੇ ਦੇਣਾ ਆਰੰਭ ਕਰ ਦਿੱਤਾ ਗਿਆ:

‘‘ਤਜਿ ਆਨ, ਸਰਣਿ ਗਹੀ॥ ਬਿਲਾਵਲੁ (ਮ:੫/੮੩੭)

ਤਜਿ, ਆਨ ਕਤਹਿ ਨ ਜਾਹਿ॥ ਬਿਲਾਵਲੁ (ਮ:੫/੮੩੭), ਆਦਿ। ਤਾਂ ਜੋ ਆਮ ਸਿੱਖ ਨੂੰ ਵੀ ਗੁਰਬਾਣੀ ਦੀ ਸਮਝ ਆ ਸਕੇ ਅਤੇ ਆਪਸੀ ਵੀਚਾਰਾਂ ’ਚ ਸਾਂਝ ਨੂੰ ਬਣਾਏ ਰੱਖਿਆ ਜਾ ਸਕੇ। ਪਰ ਅੱਜ 21 ਵੀਂ ਸਦੀ ਵਿੱਚ ਵੀ ਕੁਝ ਅਜਿਹੇ ਵਿਦਵਾਨ ਅਖਵਾਉਣ ਵਾਲੇ ਮੌਜ਼ੂਦ ਹਨ ਜਿਨ੍ਹਾਂ ਵੱਲੋਂ ਇਸ ਸਰਲ ਤਰੀਕੇ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਵੀ ਗੁਰੂ ਲਿਖਤ ਦਾ ਅਪਮਾਨ ਬਿਆਨ ਕਰਦਿਆਂ ਸਿੱਖ ਸੰਗਤ ਨੂੰ ਗੁਮਰਾਹ ਕਰਨ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਈ ਜਾ ਰਹੀ ਹੈ। ਅਜਿਹੇ ਵਿਦਿਵਾਨਾਂ ਵਿੱਚੋਂ ਇੱਕ ਹਨ ‘ਸ. ਹਰਦੇਵ ਸਿੰਘ ਜੰਮੂ’।

ਮੈਂ ਆਪਣੀ ਉਪਰੋਕਤ ਭਾਵਨਾ (ਮੇਰੇ ਸੰਪਰਕ ’ਚ ਆਏ ਤਮਾਮ ਲੇਖਕਾਂ ਦੇ ਵੀਚਾਰਾਂ ’ਚ ਜ਼ਿਆਦਾ ਤੋਂ ਜ਼ਿਆਦਾ ਆਪਸੀ ਏਕਤਾ ਨੂੰ ਬਣਾਏ ਰੱਖਣ ਲਈ ਕੀਤੀ ਜਾ ਰਹੀ ਫੋਨ ਸੰਪਰਕ ਵਾਰਤਾਲਾਪ) ਅਨੁਸਾਰ ਸ. ਹਰਦੇਵ ਸਿੰਘ ਜੀ ਨੇ ਹੁਣ ਤੱਕ ਲਗਭਗ 1000 ਲੇਖ (ਕੇਵਲ ਵਾਰਤਕ ’ਚ) ਲਿਖੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਵਲ ਤਤ ਗੁਰਮਤਿ ਲਿਖਾਰੀਆਂ ਦੇ ਪ੍ਰਥਾਏ ਹੀ ਹਨ। ਵਰਤਮਾਨ ਸਮੇਂ ਦੀਆਂ ਦੋ ਹੋਰ ਮੁੱਖ ਚੁਨੌਤੀਆਂ (ਬ੍ਰਾਹਮਣਵਾਦ ਅਤੇ ਸੁਆਰਥੀ ਰਾਜਨੀਤੀ) ਪ੍ਰਤੀ ਸ. ਹਰਦੇਵ ਸਿੰਘ ਜੀ ਦੁਆਰਾ ਕੋਈ ਵੀ ਲੇਖ ਨਹੀਂ ਲਿਖਿਆ ਗਿਆ ਹੈ। ਮੇਰੇ ਵੱਲੋਂ ਇਸ ਦਾ ਕਾਰਨ ਪੁੱਛਣ ’ਤੇ ਸ. ਹਰਦੇਵ ਸਿੰਘ ਜੀ ਦਾ ਜਵਾਬ ਸੀ ਕਿ ਮੈਂ ਸਰਕਾਰੀ ਮੁਲਾਜਮ ਹਾਂ ਜਿਸ ਕਾਰਨ ਮੇਰੀਆਂ ਕੁਝ ਮਜ਼ਬੂਰੀਆਂ ਹਨ। ਮੇਰੇ ਸਮੇਤ ਹਰ ਇੱਕ ਵਿਅਕਤੀ ਨੂੰ ਇਸ ਜਵਾਬ ਤੋਂ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ ਪਰ ਅਗਾਂਹ ਬਿਆਨ ਕੀਤੇ ਜਾ ਰਹੇ ਕੁਝ ਪੰਥਕ ਮੁੱਦੇ ਇਨ੍ਹਾਂ ਦੀ ਲਿਖਤ ਪ੍ਰਤੀ ਕਈ ਸਵਾਲ ਖੜੇ ਕਰ ਰਹੇ ਹਨ ਜਿਵੇਂ ਕਿ:

ਕੁਝ ਦਿਨਾਂ ਉਪਰੰਤ, ਅਖੰਡਪਾਠ ਦੀ ਸੇਵਾ ਨਿਭਾਉਂਦਿਆਂ ਨਾਨਕਸਰ ਸੰਸਥਾ ਦੇ ਕੁਝ ਸੁਤੇ ਪਏ ਪਾਠੀਆਂ ਬਾਰੇ ਸ. ਹਰਦੇਵ ਸਿੰਘ ਜੀ ਦੇ ਵੀਚਾਰ ਲੈਣੇ ਚਾਹੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਵੀ ਕਈ ਵਾਰ ਗੱਡੀ ਚਲਾਉਂਦਾ ਸੌਂ ਜਾਂਦਾ ਹਾਂ (ਭਾਵ ਇਸ ਵਿੱਚ ਕਿਹੜੀ ਖ਼ਾਸ ਅਵੱਗਿਆ ਹੋ ਗਈ ?)

ਸ. ਹਰਦੇਵ ਸਿੰਘ ਜੀ ਨੇ ਸ. ਪੁਰੇਵਾਲ ਜੀ ਦੁਆਰਾ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਉਪਰ ਆਪਣੀ ਲਿਖਤ ਰਾਹੀਂ ਕਈ ਵਾਰ ਸਵਾਲ ਖੜੇ ਕੀਤੇ ਹਨ ਪਰ ਬਿਕ੍ਰਮੀ ਕੈਲੰਡਰ ਉਪਰ ਉਸ ਨੂੰ ਕੋਈ ਸ਼ੰਕਾ ਨਹੀਂ। ਜਦ ਮੈਂ ਸੰਨ 2014 ’ਚ ਆਏ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ (1 ਜੂਨ 2014) ਤੋਂ 10 ਦਿਨ ਉਪਰੰਤ 11 ਜੂਨ 2014 (ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦਿਵਸ) ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ, ਬਾਰੇ ਪੁੱਛਿਆ ਤਾਂ ਉਹ ਇਨ੍ਹਾਂ (ਅੱਗੇ-ਪਿੱਛੇ) ਆਈਆਂ ਤਾਰੀਕਾਂ ਨੂੰ ਹੀ ਸਹੀ ਮੰਨਦੇ ਹਨ।

ਜਦ ਕੋਈ ਲਿਖਾਰੀ ਕਿਸੇ ਇੱਕ ਵਿਸ਼ੇ ਨੂੰ ਹੀ ਜ਼ਰੂਰਤ ਤੋਂ ਜ਼ਿਆਦਾ ਤਰਜੀਹ ਦੇਈ ਬੈਠਾ ਹੋਵੇ ਅਤੇ ਉਸ ਕੋਲ ਕੋਈ ਵੀ ਦੂਸਰਾ ਪੰਥਕ ਮੁੱਦਾ ਉਠਾਇਆਂ ਜਵਾਬ ਨਾ ਮਿਲ ਰਿਹਾ ਹੋਵੇ ਤਾਂ ਸਹਿਜੇ ਹੀ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਹ ਵਿਦਵਾਨ ਕਿਸ ਲਈ ਕੰਮ ਕਰ ਰਹੇ ਹਨ? ਕੀ ਇਹ ਰਾਜਨੀਤਿਕ ਲੋਕਾਂ ਦੀ ਬੋਲੀ ਬੋਲਣ ਕਾਰਨ ਹੀ ਸਿੱਖ ਸਮਾਜ ’ਚ ਵਿਦਵਾਨ ਬਣ ਕੇ ਵਿਚਰ ਰਹੇ ਹਨ?

ਮੈਂ ਆਰ.ਐਸ. ਐਸ. ਦੀ ਸੋਚ ਅਤੇ ਸ. ਹਰਦੇਵ ਸਿੰਘ ਜੰਮੂ ਜੀ ਦੀ ਸੋਚ ਨੂੰ ਸਮਾਨੰਤਰ ਇਸ ਅਧਾਰ ’ਤੇ ਮੰਨ ਰਿਹਾ ਹਾਂ:

(1). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਦੋਵੇਂ ਹੀ ਬ੍ਰਾਹਮਣਵਾਦ ਦੇ ਵਿਰੁਧ ਕੁਝ ਵੀ ਨਹੀਂ ਬੋਲ ਰਹੇ ਹਨ।

(2). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਸੁਆਰਥੀ ਰਾਜਨੀਤਿਕ ਦੇ ਵਿਰੁਧ ਬਿਲਕੁਲ ਵੀ ਨਹੀਂ ਬੋਲ ਰਹੇ ਹਨ। ਪਿੱਛੇ ਜਿਹੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਪੱਦ ਤੋਂ ਹਟਾਉਣਾ ਅਤੇ ਦੂਸਰੇ ਨੂੰ ਲਗਾਉਣ ਬਾਰੇ ਸ. ਹਰਦੇਵ ਸਿੰਘ ਜੀ ਕੁਝ ਵੀ ਨਹੀਂ ਲਿਖ ਰਹੇ ਹਨ।

(3). ਆਰ.ਐਸ. ਐਸ. ਅਤੇ ਸ. ਹਰਦੇਵ ਸਿੰਘ ਜੰਮੂ ਸਿੱਖ ਸਮਾਜ ਨਾਲ ਸੰਬੰਧਤ ਜਾਗਰੂਕ ਵਰਗ ਨਾਲ ਨਿਜੀ ਰੰਜਸ਼ ਰੱਖਦੇ ਹਨ, ਜਿਸ ਦੀ ਉਦਾਹਰਨ ਸ. ਹਰਦੇਵ ਸਿੰਘ ਜੀ ਦੁਆਰਾ ਲਿਖੇ ਗਏ ਇਸ ਵੀਚਾਰ ਤੋਂ ਭਲੀ ਭਾਂਤੀ ਸਮਝ ਆ ਜਾਂਦੀ ਹੈ:

ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਣਗੇ ?

ਜਵਾਬ ਆਸਾਨ ਹੈ। ਆਪਣੇ ਸਵਾਲ, ਸ਼ੱਕ ਅਤੇ ਯਕੀਨ ਨਾਲ !
ਪਹਿਲਾਂ ਉਹ ਗੁਰੂ ਦੀ ਪ੍ਰਮਾਣਿਕਤਾ ਬਾਰੇ ਸਵਾਲ ਕਰਨਗੇ, ਫਿਰ ਉਹੀ ਸਵਾਲ ਸ਼ੱਕ ਵਿਚ ਬਦਲਣਗੇ ਅਤੇ ਫ਼ਿਰ ਸ਼ੱਕ ਯਕੀਨ ਵਿਚ ! ਬਸ ਖ਼ਤਮ ਹੋਣ ਲਈ ਸਵਾਲ, ਸ਼ੱਕ ਅਤੇ ਭਰੋਸੇ ਦੀ ਲੋੜ ਹੈ। ਬਹੁਤੀ ਵਿਦੇਸ਼ੀ ਪ੍ਰਚਾਰ ਮਾਰਕੀਟ ਵਿਚ ਅੱਜ ਕਲ ਇਹੀ ਸਮਾਨ ਵਿੱਕ ਰਿਹਾ ਹੈ। ਹੁਣ ਇਸ ਦੀਆਂ ਕੁੱਝ ਦੁਕਾਨਾਂ ਦੇਸ਼ ਵਿਚ ਵੀ ਖੁੱਲ ਗਈਆਂ ਹਨ।

ਹਰਦੇਵ ਸਿੰਘ, ਜੰਮੂ-27-01-2015

(ਨੋਟ: ਸ. ਹਰਦੇਵ ਸਿੰਘ ਜੀ ਨੇ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਅਰਥਾਂ ਸਮੇਤ ਨਹੀਂ ਕੀਤਾ ਹੈ ਇਹ ਗੱਲ ਮੈਂ ਪੂਰਨ ਵਿਸਵਾਸ ਨਾਲ ਕਹਿ ਰਿਹਾ ਹਾਂ। ਕੇਵਲ ਇੱਕ ਅੱਖ ਨਾਲ ਵੇਖਣ ਵਾਲਾ ਵਿਅਕਤੀ ਹੀ ਹਮੇਸ਼ਾ ਇਸ ਤਰ੍ਹਾਂ ਦੀ ਈਰਖਾ ਦਾ ਸ਼ਿਕਾਰ ਹੁੰਦਾ ਹੈ। ਭਗਤ ਨਾਮਦੇਵ ਜੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ ‘‘ਹਿੰਦੂ ਅੰਨ੍ਹਾ ਤੁਰਕੂ ਕਾਣਾ॥’’ (ਭਗਤ ਨਾਮਦੇਵ/੮੭੫)

ਮਿਸ਼ਨਰੀਆਂ ਪ੍ਰਤੀ ਮੰਦੀ ਸੋਚ ਰੱਖਣ ਵਾਲਾ ਕੋਈ ਵੀ ਵਿਅਕਤੀ ਸਿੱਖ ਸਮਾਜ ਨੂੰ ਇਹ ਦੱਸੇ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਕਿਤਨੀਆਂ ਸਿੱਖ ਰਹਿਤ ਮਰਿਆਦਾ ਛਪਵਾ ਕੇ ਵੰਡੀਆਂ ਹਨ? ਜਦਕਿ ਮਿਸ਼ਨਰੀਆਂ ਨੇ ਸ੍ਰੋਮਣੀ ਕਮੇਟੀ ਤੋਂ ਬਾਅਦ ਤਮਾਮ ਜਥੇਬੰਦੀਆਂ ਤੋਂ ਵੱਧ, ਪੰਖਕ ਏਕਤਾ ਨੂੰ ਬਣਾਏ ਰੱਖਣ ਲਈ ਲੱਖਾਂ ਦੀ ਤਾਦਾਦ ’ਚ ਸਿੱਖ ਰਹਿਤ ਮਰਿਆਦਾਵਾਂ ਆਪਣੀ ਛਪਵਾ ਕੇ ਵੰਡੀਆਂ ਹਨ।)

ਗਿਆਨੀ ਅਵਤਾਰ ਸਿੰਘ

ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’ (ਭਾਗ-2)

0

ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’ (ਭਾਗ-2)

ਗਿਆਨੀ ਅਵਤਾਰ ਸਿੰਘ

ਮੇਰੇ ਵੱਲੋਂ ਸ. ਹਰਦੇਵ ਸਿੰਘ ਜੀ ਦੀ ਸੋਚ ਬਾਰੇ ਲਿਖੇ ਲੇਖ ਕਿ ‘ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’, ਦੇ ਜਵਾਬ ਵਿੱਚ ਹਰਦੇਵ ਸਿੰਘ ਜੀ ਨੇ ਦੋ ਵਿਸ਼ਿਆਂ ਨਾਲ ਸਬੰਧਤ ਆਪਣੇ ਵੀਚਾਰ ਸੰਗਤਾਂ ਸਾਹਮਣੇ ਰੱਖੇ ਹਨ:

(1). ਮੈਂ ਗੁਰਬਾਣੀ ਦੀ ਲਿਖਤ ਵਿੱਚ ਵਾਧੂ ਚਿੰਨ੍ਹ ਲਗਾ ਕੇ ਗੁਰਬਾਣੀ ਦਾ ਨਿਰਾਦਰ ਕਰ ਰਿਹਾ ਹਾਂ ਅਤੇ (2). ਮੈਂ ਹੰਕਾਰੀ ਬ੍ਰਿਤੀ ਦਾ ਮਾਲਕ ਹਾਂ।

ਇਹ ਦੋਵੇਂ ਵੀਚਾਰ ਕਿਸ ਸੋਚ ’ਚੋਂ ਪ੍ਰਗਟ ਹੋਏ ਹਨ, ਨੂੰ ਵੀਚਾਰਨ ਦੀ ਜ਼ਰੂਰਤ ਹੈ।

ਪਹਿਲਾ ਵਿਸ਼ਾ ਕਿ ਮੈਂ ਗੁਰਬਾਣੀ ਲਿਖਤ ’ਚ ਵਾਧੂ ਚਿੰਨ੍ਹ ਲਗਾ ਰਿਹਾ ਹਾਂ- ਸ. ਹਰਦੇਵ ਸਿੰਘ ਜੀ ਪਿੱਛਲੇ ਲਗਭਗ 2 ਸਾਲ ਤੋਂ ਮੇਰੇ ਸੰਪਰਕ ਵਿੱਚ ਇਤਨੇ ਜੁੜੇ ਹੋਏ ਹਨ ਕਿ ਇਨ੍ਹਾਂ ਨੇ 2 ਸਾਲ ’ਚ ਘੱਟੋ-ਘੱਟ 100 ਘੰਟੇ ਫੋਨ ਰਾਹੀਂ ਮੇਰੇ ਨਾਲ ਵਾਰਤਾਲਾਪ ਕੀਤੀ ਹੈ, ਜਿਸ ਦੌਰਾਨ ਇਨ੍ਹਾਂ ਨੇ ਗੁਰਬਾਣੀ ਦੇ ਅਰਥ ਸਮਝਣੇ, ਕਿਸੇ ਪੰਕਤੀ ਬਾਰੇ ਪੁੱਛਣਾ ਕਿ, ਕੀ ਇਹ ਪੰਕਤੀ ਗੁਰਬਾਣੀ ਵਿੱਚੋਂ ਹੈ? ਆਦਿ ਵਿਸ਼ਿਆਂ ’ਤੇ ਚਰਚਾ ਕੀਤੀ ਗਈ ਪਰ ਕਦੇ ਇੱਕ ਵਾਰ ਵੀ ਹਰਦੇਵ ਸਿੰਘ ਵੱਲੋਂ ਇਹ ਸਵਾਲ ਨਾ ਪੁੱਛਣਾ ਕਿ ਤੁਸੀਂ ਗੁਰਬਾਣੀ ਲਿਖਤ ’ਚ ਵਾਧੂ ਚਿੰਨ੍ਹ ਕਿਉਂ ਲਗਾ ਰਹੇ ਹੋ? ਇਨ੍ਹਾਂ ਦੀ ਇਸ ਵਿਸ਼ੇ ਬਾਰੇ ਗੰਭੀਰਤਾ ਨੂੰ ਦਰਸਾਉਂਦਾ ਹੈ।

ਸ. ਹਰਦੇਵ ਸਿੰਘ ਦੁਆਰਾ ਪਿਛਲੇ ਦਿਨੀਂ ਫੋਨ ਰਾਹੀਂ ਸ. ਸੁਰਜਨ ਸਿੰਘ ਮੁਹਾਲੀ ਤੋਂ ਇਹ ਪੁੱਛਣਾ ਕਿ ਤੁਹਾਡੀ ਉਸ ਲਿਖਤ ’ਚ ਵਿਸ਼ਰਾਮ ਚਿੰਨ੍ਹ ਕਿਸ ਨੇ ਲਗਾਏ ਜੋ ਗੁਰ ਪਰਸਾਦ ਡਾੱਟ ਕਮ ’ਤੇ ਛਪੀ ਹੈ ?, ਬਾਰੇ ਹਰਦੇਵ ਸਿੰਘ ਜੀ ਦੀ ਸੋਚ ਦੇ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਵਿਸਰਾਮ ਚਿੰਨ੍ਹ ਤਾਂ ਮੈਂ ਉਸ ਲਿਖਤ ਵਿੱਚ ਵੀ ਲਗਾਉਂਦਾ ਆ ਰਿਹਾ ਹਾਂ ਜੋ ਖੁਦ ਹਰਦੇਵ ਸਿੰਘ ਜੀ ਦੀ ਪਿਛਲੇ ਤਿੰਨ ਸਾਲਾਂ ਤੋਂ ‘ਮਿਸ਼ਨਰੀ ਸੇਧਾਂ’ ਮੈਗਜ਼ੀਨ ’ਚ ਛਪਦੀ ਆ ਰਹੀ ਹੈ ਅਤੇ ਹਰ ਮਹੀਨੇ ਹਰਦੇਵ ਸਿੰਘ ਦੇ ਘਰੇਲੂ ਪਤੇ ’ਤੇ ਡਾਕ ਰਾਹੀਂ ਭੇਜੀ ਵੀ ਜਾ ਰਹੀ ਹੈ ਅਗਰ ਹਰਦੇਵ ਸਿੰਘ ਨੂੰ ਕੋਈ ਸਿਕਾਇਤ ਹੁੰਦੀ ਤਾਂ ਇਕ ਵਾਰ ਵੀ ਬਿਆਨ ਕਰਨੀ ਚਾਹੀਦੀ ਸੀ ਅਤੇ ਹੁਣ ਅਚਾਨਕ ਇਹ ਕਹਿਣਾ ਸ਼ੁਰੂ ਕਰ ਦੇਣਾ ਕਿ ਇਸ ਤਰ੍ਹਾਂ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ, ਹੋਰ ਵੀ ਸ਼ੰਕੇ ਖੜ੍ਹੇ ਕਰ ਰਿਹਾ ਹੈ।

ਆਖਿਰ ਇਹ ਮਸਲਾ ਕੀ ਹੈ? ਜੋ ਪਿਛਲੇ ਦਿਨੀਂ ਮੇਰੇ ਵੱਲੋਂ ‘ਆਰ. ਐਸ. ਐਸ ਸੋਚ ਦਾ ਦੂਸਰਾ ਨਾਮ ‘ਹਰਦੇਵ ਸਿੰਘ ਜੰਮੂ’, ਵਿਸ਼ਾ ਉੱਠਾਏ ਜਾਣ ਤੋਂ ਪਹਿਲਾਂ (27 ਜਨਵਰੀ 2015 ਨੂੰ) ਹੀ ਹਰਦੇਵ ਸਿੰਘ ਮੇਰੇ ਪ੍ਰਤੀ ਨਫਰਤ ਬਣਾ ਬੈਠਾ ?, ਨੂੰ ਵੀਚਾਰਨਾ ਜ਼ਰੂਰੀ ਹੈ।

ਦਰਅਸਲ, ਪਿਛਲੇ ਸਾਲ 19 ਦਸੰਬਰ 2014 ਨੂੰ ਮੇਰੇ ਵੱਲੋਂ ਇਸ ਵੈੱਬ ਸਾਇਟ ਨੂੰ ਆਰੰਭ ਕਰਦਿਆਂ ਲਿਖਿਆ/ਦੱਸਿਆ ਗਿਆ ਸੀ ਕਿ ਇਸ ਵੈੱਬ ਸਾਇਟ ਰਾਹੀਂ ਗੁਰਬਾਣੀ ਦੀ ਆਰੰਭ ਤੋਂ ਅਖੀਰ ਤੱਕ ਵਿਸਥਾਰ ਨਾਲ ਸ਼ਬਦ ਵੀਚਾਰ ਕੀਤੀ ਜਾਵੇਗੀ, ਅਜੋਕੇ ਵਿਦਵਾਨਾਂ ਦੁਆਰਾ ਕੀਤੇ ਜਾ ਰਹੇ ਗੁਰਬਾਣੀ ਦੇ ਅਰਥਾਂ ਨੂੰ ਵੀਚਾਰਿਆ ਜਾਵੇਗਾ ਪਰ ਕਿਸੇ ਵੀ ਵਾਦ-ਵਿਵਾਦ ਵਾਲੇ ਵਿਸ਼ੇ ’ਤੇ ਚਰਚਾ ਕਰਨੀ ਇਸ ਵੈੱਬ ਸਾਇਟ ਨੂੰ ਆਰੰਭ ਕਰਨ ਦਾ ਮਕਸਦ ਨਹੀਂ ਹੈ ਅਤੇ ਨਾ ਹੀ ਹੋਵੇਗਾ।

ਉਪਰੋਕਤ ਭਾਵਨਾ ਨੂੰ ਅਗਾਂਹ ਵਧਾਉਂਦਿਆਂ 1 ਜਨਵਰੀ 2015 ਨੂੰ ਸ. ਹਰਦੇਵ ਸਿੰਘ ਦੁਆਰਾ ਮੇਰੇ ਨਾਲ ਕੀਤੇ ਗਏ ਫੋਨ ਰਾਹੀਂ ਸੰਪਰਕ ਦੌਰਾਨ, ਮੈਂ ਉਨ੍ਹਾਂ ਸਾਹਮਣੇ ਵੀਚਾਰ ਰੱਖਦਿਆਂ ਕਿਹਾ ਕਿ ਤੁਹਾਡਾ ਦਿ੍ਰਸ਼ਟੀਕੋਣ ਸਿਖ ਸਮਾਜ ਵਿੱਚ, ਕੇਵਲ ਜਾਗਰੂਕ ਵਰਗ ਦੇ ਪ੍ਰਥਾਏ ਹੀ ਲਿਖੇ ਹੋਏ ਲੇਖਾਂ ਤੋਂ ਪ੍ਰਗਟ ਹੁੰਦਾ ਹੈ ਇਸ ਲਈ ਕੁਝ ਹੋਰ ਵਿਸ਼ਿਆਂ ’ਤੇ ਵੀ ਲੇਖ ਲਿਖਿਆ ਕਰੋ।

(ਇੱਥੇ ਮੈਂ ਹਰਦੇਵ ਸਿੰਘ ਦੁਆਰਾ ਲਿਖੇ ਗਏ ਕੁਝ ਕੁ ਲੇਖਾਂ ਦੇ ਕੇਵਲ ਸਿਰਲੇਖ ਹੀ ਦੇ ਰਿਹਾ ਹਾਂ ਤਾਂ ਜੋ ਉਕਤ ਮੇਰੇ ਵੀਚਾਰ ਅਤੇ ਹਰਦੇਵ ਸਿੰਘ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਹਰਦੇਵ ਸਿੰਘ ਦੇ ਲਿਖੇ ਲੇਖ ਹਨ: ‘ਬਾਟੇ ਦੇ ਅਖਰੋਟ, ਗਿਆਨੀ ਭਾਗ ਸਿੰਘ ਅੰਬਾਲਾ ਦੀ ਮੁਆਫ਼ੀ ਸਬੰਧੀ ਪੜਚੋਲ, ਅਸੀਂ ਕਿਹੜੇ ਬ੍ਰਾਹਮਣ ਦੇ ਵਿਰੋਧ ਵਿੱਚ ਹਾਂ?, ਨੀਮ ਹਕੀਮ ਖ਼ਤਰਾ ਏ ਜਾਨ, ਫ਼ਾਸ ਹੁੰਦੇ ਪਰਦੇ, ਕੁਦਰਤ ਪਰਸਤ ਪੂਜਾਰੀ, ਅਰਦਾਸ ਦਾ ਵਾਸਤਾ, ਮੀਣਿਆਂ ਦੀ ਵਾਪਸੀ, ਤੱਤ ਪੰਡਿਤ ਪਰਿਵਾਰ ਜਾਂ ਫ਼ੈਂਮਲੀ ਕਲਬ?, ਨਾਨਕਸ਼ਾਹੀ ਕਲੈਂਡਤ ਸਬੰਧੀ ਪੁਰੇਵਾਲ ਜੀ ਦਾ ਪੱਖ, ਪਥ ਭ੍ਰਿਸ਼ਟ ਸੱਜਣ, ਜੇ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ?, ਖੰਡੇ ਦਾ ਅੰਮ੍ਰਿਤ/ਪਾਹੁਲ ਇਕ ਸਾਜਿਸ਼?, ਆਚਾਰੀਆ ਜੀ ਦੇ ਅਰਥ, ਦੋ ਤੀਰ ਇਕ ਨਿਸ਼ਾਨਾ, ਅੰਨੇ ਗੁਰੂ ਦੇ ਚੇਲੇ, ਸਿੱਖ ਆਪਣੇ ਆਪ ਨੂੰ ਕਿਵੇਂ ਖ਼ਤਮ ਕਰਨਗੇ? ਆਦਿ ਸੈਂਕੜੇ ਲੇਖ।’ ਇਹ ਸਾਰੇ ਲੇਖ ਕੇਵਲ ਸਿੱਖ ਸਮਾਜ ਨਾਲ ਸਬੰਧਤ ਜਾਗਰੂਕ ਵਰਗ ਪ੍ਰਤੀ ਹੀ ਲਿਖੇ ਗਏ ਹਨ। ਇਹੀ ਹੈ ਹਰਦੇਵ ਸਿੰਘ ਜੀ ਦੀ ਅਸਲ ਯੋਗਤਾ ਕਿਉਂਕਿ ਇਨ੍ਹਾਂ ਦੀ ਸੋਚ ਅਨੁਸਾਰ ਬ੍ਰਹਮਣਵਾਦ ਤੇ ਗੰਦੀ ਰਾਜਨੀਤੀ ਅਜੋਕੇ ਸਮੇਂ ’ਚ ਗੁਰੂ ਸਿਧਾਂਤ ਲਈ ਕੋਈ ਖਤਰਾ ਨਹੀਂ।)

ਮੇਰੇ ਉਕਤ ਸੁਝਾਵ (ਕਿ ਹਰ ਵਿਸ਼ੇ ’ਤੇ ਲੇਖ ਲਿਖਿਆ ਕਰੋ) ਤੋਂ ਉਪਰੰਤ ਹਰਦੇਵ ਸਿੰਘ ਨੇ ਮੈਨੂੰ 1 ਜਨਵਰੀ 2015 ਨੂੰ ‘ਧਰਮ ਦੀ ਆਤਮਾ’ ਲੇਖ ਭੇਜਿਆ ਜੋ ਮੈਂ ਵੈੱਬ ਸਾਇਟ ’ਤੇ ਉਸ ਦਿਨ ਹੀ ਪਾ ਦਿੱਤਾ (ਪਰ ਇਕ ਵਰਗ ਪ੍ਰਤੀ ਵਾਰ-2 ਲਿਖਣ ਕਾਰਨ ਈਰਖਾ ਦਾ ਸ਼ਿਕਾਰ ਹੋਏ) ਸ. ਹਰਦੇਵ ਸਿੰਘ ਨੇ 3 ਜਨਵਰੀ 2015 ਨੂੰ ਫਿਰ ਲੇਖ ਭੇਜਿਆ ‘ਅੰਨੇ ਗੁਰੂ ਦੇ ਚੇਲੇ’, ਜਿਸ ਨੂੰ ਮੈਂ ਉਸ ਦਿਨ ਵੈੱਬ ਸਾਇਟ ’ਤੇ ਪਾ ਤਾਂ ਦਿੱਤਾ ਪਰ ਅਸਲ ਮੁੱਦਾ ਵੀ ਯਾਦ ਕਰਵਾਇਆ ਤਾਂ ਫਿਰ ਹਰਦੇਵ ਸਿੰਘ ਨੇ ਲੇਖ ਭੇਜਿਆ ‘ਅਨੰਦ ਕਾਰਜ ਅਤੇ ਦਿਸਾਵਾਂ’ ਜੋ ਮੈਂ 5-1-15 ਨੂੰ ਫਿਰ ਪਾ ਦਿੱਤਾ। ਇਸ ਤੋਂ ਉਪਰੰਤ ਵੀ ਕਈ ਲੇਖ ਅਜਿਹੇ ਆਏ ਜੋ ਕੇਵਲ ਇਕ ਵਰਗ ਪ੍ਰਤੀ ਹੀ ਸਨ, ਮੈਂ ਨਹੀਂ ਪਾਏ। ਇਸ ਤੋਂ ਇਲਾਵਾ ਉਨ੍ਹਾਂ ਪਾਸ ਕਿਸੇ ਹੋਰ ਵਿਸ਼ੇ ਨਾਲ ਸਬੰਧਤ ਕੋਈ ਲੇਖ ਵੀ ਨਹੀਂ ਸੀ।

ਉਪਰੋਕਤ ਉਦਾਹਰਣ ਅਨੁਸਾਰ ਸ. ਹਰਦੇਵ ਸਿੰਘ ਦੀ ਭਾਵਨਾ, ਮੇਰੇ ਵੱਲੋਂ ਆਰੰਭ ਕੀਤੀ ਗਈ ਵੈੱਬ ਸਾਇਟ (ਕਿ ਵਾਦ-ਵਿਵਾਦ ਵਾਲੇ ਮੁੱਦੇ ਨਹੀਂ) ’ਚ ਸਭ ਤੋਂ ਵੱਡੀ ਰੁਕਾਵਟ ਸੀ। ਇਸ ਲਈ ਮੈਂ ਹਰਦੇਵ ਸਿੰਘ ਦੇ ਲੇਖ ਵੈੱਬ ਸਾਇਟ ’ਤੇ ਪਾਉਣੇ ਬੰਦ ਕਰ ਦਿੱਤੇ। ਇਸ ਤੋਂ ਬਾਅਦ ਵੀ ਹਰਦੇਵ ਸਿੰਘ ਨੇ ਮੈਨੂੰ ਕਈ ਲੇਖ ਭੇਜੇ ਪਰ ਮੈਂ ਨਹੀਂ ਪਾਏ ਕਿਉਂਕਿ ਉਨ੍ਹਾਂ ਦਾ ਵਿਸ਼ਾ ਇਕ ਤਰਫਾ ਸੀ। ਮੇਰੇ ਵੱਲੋਂ ਹਰਦੇਵ ਸਿੰਘ ਦਾ ਆਖਰੀ ਲੇਖ 7-1-2015 ਨੂੰ ਪਾਇਆ ਗਿਆ ਹੈ ਜਿਸ ਨੂੰ ਤਮਾਮ ਪਾਠਕ ਵੈੱਬ ਸਾਇਟ ’ਤੇ ਵੇਖ ਸਕਦੇ ਹਨ। 7 ਜਨਵਰੀ 2015 ਤੋ 27 ਜਨਵਰੀ 2015 ਤੱਕ ਹਰਦੇਵ ਸਿੰਘ ਨੇ ਆਪਣੇ ਹੋਰ ਲੇਖ ਵੈੱਬ ਸਾਇਟ ’ਤੇ ਪਾਏ ਜਾਣ ਦਾ ਇੰਤਜਾਰ ਕੀਤਾ। ਜਦ ਉਸ ਨੂੰ ਅਹਿਸਾਸ ਹੋ ਗਿਆ ਕਿ ਮੇਰਾ ਕੋਈ ਵੀ ਲੇਖ ਅਗਾਂਹ ਵਾਸਤੇ ਇਸ ਵੈੱਬ ਸਾਇਟ ’ਤੇ ਪੈਣ ਵਾਲਾ ਨਹੀਂ ਤਾਂ ਹਰਦੇਵ ਸਿੰਘ ਨੇ ਆਪਣੀ ਯੋਗਤਾ (ਕੇਵਲ ਕਿਸੇ ਦੀ ਲਿਖਤ ਦੇ ਪ੍ਰਥਾਏ ਲਿਖਣ ਵਾਲੀ ਯੋਗਤਾ ਕਿਉਂਕਿ ਹਰਦੇਵ ਸਿੰਘ ਦੇ ਤਮਾਮ ਲੇਖ ਕਿਸੇ ਦੇ ਸਬੰਧ ਵਿੱਚ ਹੀ ਲਿਖੇ ਹੋਏ ਹਨ) ਅਨੁਸਾਰ ਮੇਰੇ ਵਿਰੁਧ ਵੀ ਗੁਰਬਾਣੀ ਦੀ ਲਿਖਤ ਨਾਲ ਛੇੜ-ਛਾੜ ਕਰਨ ਦਾ ਆਰੋਪ ਲਗਾਉਣਾ ਸ਼ੁਰੂ ਕਰ ਦਿੱਤਾ।

ਹੁਣ ਵੀਚਾਰ ਦਾ ਵਿਸ਼ਾ ਇਹ ਹੈ ਕਿ ਅਗਰ ਮੇਰੀ ਲਿਖਤ ਨਾਲ ਹਰਦੇਵ ਸਿੰਘ ਅਸਹਿਮਤ ਸਨ ਤਾਂ ਉਸ ਨੇ ਆਪਣਾ ਲੇਖ 19 ਦਸੰਬਰ 2014 ਨੂੰ ਤਦ ਲਿਖਣਾ ਸੀ ਜਦ ਮੈਂ ਪਹਿਲੇ ਦਿਨ ਹੀ ਇਸ ਪ੍ਰਕਾਰ ਦੀ ਲਿਖਤ (ਵੈੱਬ ਸਾਇਟ ’ਤੇ) ਲਿਖਣੀ ਆਰੰਭ ਕੀਤੀ ਸੀ। ਅੱਜ ਲਗਭਗ 50 ਦਿਨਾਂ ਬਾਅਦ ਕਿਸ ਸਾਜਿਸ਼ ਅਧੀਨ ਇਹ ਵਿਸ਼ਾ ਚੁੱਕ ਕੇ ਸ. ਹਰਦੇਵ ਸਿੰਘ ਅਸਲ ਮੁੱਦੇ ਤੋਂ ਸੰਗਤ ਦਾ ਧਿਆਨ ਹਟਾ ਰਹੇ ਹਨ ?

ਮੇਰੇ ਵੱਲੋਂ ਲਿਖੀ ਗਈ ‘ਜਪੁ’ ਸਟੀਕ, ‘ਮਿਸ਼ਨਰੀ ਸੇਧਾਂ’ ’ਚ ਲੰਮੇ ਲਮੇਂ ਤੋਂ ਛਪਦੀ ਆ ਰਹੀ ਹੈ। ਉਸ ਵਿੱਚ ਵੀ ਤਮਾਮ ਇਹੀ ਲਿਖਤ ਵਰਤੀ ਗਈ ਹੈ ਅਤੇ ਉਸ ਦੀ ਇਕ ਕਾਪੀ ਹਰਦੇਵ ਸਿੰਘ ਦੇ ਘਰ ਵੀ ਪਿਛਲੇ 2 ਸਾਲ ਤੋਂ ਨਿਰੰਤਰ ਜਾ ਰਹੀ ਹੈ ਜਿਸ ਯੁਕਤੀ ਬਾਰੇ ਹਰਦੇਵ ਸਿੰਘ ਨੇ ਕਦੇ ਕੋਈ ਸਿਕਾਇਤ ਨਹੀਂ ਕੀਤੀ।

ਦੂਸਰਾ ਵਿਸ਼ਾ ਹੈ ਕਿ ਮੈਂ ਹੰਕਾਰੀ ਬਿ੍ਰਤੀ ਦਾ ਮਾਲਕ ਹਾਂ-ਮੇਰੇ ਵੱਲੋਂ ਹਰਦੇਵ ਸਿੰਘ ਪ੍ਰਤੀ ਦੋ ਗੱਲਾਂ ਕਹੀਆਂ ਗਈਆਂ ਸਨ ਇਕ ਇਹ ਕਿ ਸ. ਹਰਦੇਵ ਸਿੰਘ ਆਰ. ਐਸ. ਐਸ ਦੀ ਸੋਚ ’ਤੇ ਪਹਿਰਾ ਦੇ ਰਿਹਾ ਹੈ ਅਤੇ ਦੂਸਰਾ ਇਹ ਕਿ ਹਰਦੇਵ ਸਿੰਘ ਨੂੰ ਗੁਰਬਾਣੀ ਦਾ ਉਤਨਾ ਗਿਆਨ ਨਹੀਂ ਜਿਸ ਯੋਗਤਾ ਨਾਲ ਉਹ ਜਾਗਰੂਕ ਅਖਵਾਉਣ ਵਾਲੇ ਵਰਗ ’ਤੇ ਸ਼ੰਕੇ ਕਰ ਰਿਹਾ ਹੈ।

ਮੇਰੇ ਵੱਲੋਂ ਉਪਰੋਕਤ ਬਿਆਨ ਕੀਤੇ ਗਏ ਦੋਵੇਂ ਸ਼ੰਕਿਆਂ ਵਿੱਚੋਂ, ਪਹਿਲਾ ਕਿ ਹਰਦੇਵ ਸਿੰਘ ਆਰ. ਐਸ. ਐਸ ਸੋਚ ’ਤੇ ਪਹਿਰਾ ਦੇ ਰਿਹਾ ਹੈ, ਆਰੋਪ ਅਨੁਸਾਰ ਕੋਈ ਵੀ ਸਬੰਧਤ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਮੈਂ ਹੰਕਾਰੀ ਹਾਂ ਪਰ ਦੂਸਰਾ ਸਵਾਲ ਕਿ ਹਰਦੇਵ ਸਿੰਘ ਨੂੰ ਗੁਰਬਾਣੀ ਗਿਆਨ ਦੀ ਬਹੁਤੀ ਸਮਝ ਨਹੀਂ, ਆਰੋਪ ਅਨੁਸਾਰ ਹੀ ਕੋਈ ਵਿਅਕਤੀ ਮੇਰੇ ’ਤੇ ਇਹ ਆਰੋਪ ਲਗਾ ਸਕਦਾ ਹੈ ਜਿਵੇਂ ਕਿ ਸ. ਹਰਦੇਵ ਸਿੰਘ ਜੀ ਕਹਿ ਰਹੇ ਹਨ।

ਲੇਖਕ ਦੀ ਲਿਖਤ ਰਾਹੀਂ ਉਸ ਦੀ ਜੀਵਨਸ਼ੈਲੀ ਨੂੰ ਸਮਝਣ ਵਾਲੇ ਲਈ, ਕਿਸੇ ਬਾਹਰੀ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਪਾਠਕ-ਜਨ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ। ਸ. ਹਰਦੇਵ ਸਿੰਘ ਦੀ ਲਿਖਤ ਹੀ ਉਸ ਨੂੰ ਈਰਖਾਲੂ ਸਾਬਤ ਕਰ ਰਹੀ ਹੈ। ਹਰਦੇਵ ਸਿੰਘ ਵਰਗੇ, ਜਿਨ੍ਹਾਂ ਨੂੰ ਇਹ ਵੀ ਪਤੀ ਨਹੀਂ ਕਿ ਕਿਹੜਾ ਸ਼ਬਦ ਗੁਰਬਾਣੀ ਹੈ, ਕਿਹੜਾ ਨਹੀਂ ?, ਵੀ ਸਿੱਖ ਕੌਮ ਵਿਚ ਵਿਦਵਾਨ ਬਣ ਕੇ ਵਿਚਰ ਰਹੇ ਹਨ ਅਤੇ ਸਿੱਖ ਸਮਾਜ ਦੀ ਏਕਤਾ ਪ੍ਰਤੀ ਖਤਰਾ ਬਣੇ ਹੋਏ ਹਨ। ਇਹ ਕਹਿਣਾ ਕਿ ਮੈਂ ਹੰਕਾਰੀ ਬਿ੍ਰਤੀ ਦਾ ਮਾਲਕ ਹਾਂ, ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਲਾ ਹਥਕੰਡਾ ਹੈ। ਮੈਂ ਇਸ ਗੱਲ ਦਾ ਕਦੀ ਵੀ ਵਿਰੋਧ ਨਹੀਂ ਕਰਦਾ ਕਿ ਜਿਸ ਵਿਸ਼ੇ ਨੂੰ ਸ. ਹਰਦੇਵ ਸਿੰਘ ਆਪਣੀ ਹਰ ਲਿਖਤ ਰਾਹੀਂ ਉੱਠਾਉਣਾ ਚਾਹ ਰਹੇ ਹਨ ਉਹ ਕੋਈ ਵਿਸ਼ਾ ਹੀ ਨਹੀਂ ਪਰ ਸਿੱਖ ਕੌਮ ਵਿੱਚ ਕੇਵਲ ਇਹੀ ਵਿਸ਼ੇ ਵੀ ਨਹੀਂ ਜਿਨ੍ਹਾਂ ਬਾਰੇ ਚਿੰਤਤ ਹੋਇਆ ਜਾ ਸਕੇ।

ਅਗਰ ਸ. ਹਰਦੇਵ ਸਿੰਘ ਵਰਗੇ ਆਪਣੇ ਝੂਠੇ ਆਰੋਪਾਂ ਨੂੰ ਕਿਲੇ ਬੰਦਾ ਰਾਹੀਂ ਮਜਬੂਤ ਕਰਨ ਦੀ ਬਜਾਏ ਇਹ ਮੰਨ ਲੈਣ ਕਿ ਬ੍ਰਹਮਣਵਾਦ ਅਤੇ ਗੰਦੀ ਰਾਜਨੀਤੀ ਵੀ ਸਿੱਖ ਸਮਾਜ ਲਈ ਨੁਕਸਾਨਦੇਹ ਹੈ ਅਤੇ ਆਪਣੀਆਂ ਲਿਖਤ ਰਾਹੀਂ ਇਸ ਦਾ ਅਹਿਸਾਸ ਆਪਣੇ ਪਾਠਕਾਂ ਨੂੰ ਕਰਵਾਉਣ ਤਾਂ ਜੋ ਮੇਰੇ ਵਰਗਿਆਂ ਦੁਆਰਾ ਲਗਾਏ ਗਏ ਆਰੋਪ ਆਪਣੇ ਆਪ ਹੀ ਝੂਠੇ ਸਾਬਤ ਹੋ ਜਾਣ ਅਤੇ ਇਹ ਸਾਰੀ ਵਾਦ-ਵਿਵਾਦ ਚਰਚਾ ਖਤਮ ਹੋ ਜਾਵੇ ਪਰ ਇਹ ਸਭ ਕੁਝ ਸ. ਹਰਦੇਵ ਸਿੰਘ ਵਰਗੇ ਨਹੀਂ ਕਰ ਸਕਦੇ ਅਤੇ ਆਰ. ਐਸ. ਐਸ ਦੀ ਸੋਚ ’ਤੇ ਪਹਿਰਾ ਦੇਣ ਵਾਲਾ ਆਰੋਪ ਵੀ ਆਪਣੇ ਉਪਰ ਨਹੀਂ ਲੈਣਾ ਚਾਹੁੰਦੇ। ਇਸ ਦੇ ਕੀ ਕਾਰਨ ਹਨ ? ਇਨ੍ਹਾਂ ਸਵਾਲਾਂ ਦਾ ਜਵਾਬ ਤਮਾਮ ਸਿੱਖ ਬੁਧੀਜੀਵੀਆਂ ਨੇ ਲੱਭਣਾ ਹੈ।

ਜਦ ਅਸੀਂ ਇਹ ਕਹਿ ਰਹੇ ਹੁੰਦੇ ਹਾਂ ਕਿ ਇਹ ਅਧਿਕਾਰ ਕਿਸ ਨੇ ਕਿਸ ਨੂੰ ਦਿੱਤਾ ? , ਦਾ ਜਵਾਬ ਕੀ ਉਸ ਸਿੱਖ ਸੰਗਤ ਦੀ ਰਾਹੀਂ ਨਹੀਂ ਮਿਲ ਰਿਹਾ ਜੋ ਪਿਛਲੇ 50 ਦਿਨਾਂ ’ਚ ਹੀ ਲਗਭਗ 20, 000 ਤੋਂ ਵੱਧ ਗੁਰ ਪਰਸਾਦ ਵੈੱਬ ਸਾਇਟ ’ਤੇ ਆਪਣਾ ਵਿਜ਼ਿਟ (ਦੌਰਾ) ਕਰ ਚੁੱਕੀ ਹੈ? ਰੌਜ਼ਾਨਾ ਵਧ ਰਹੀ ਇਸ ਗਿਣਤੀ ਨੂੰ ਹਰ ਇੱਕ ਗੁਰੂ ਪਿਆਰਾ ਵੈੱਬ ਸਾਇਟ ਦੇ ਹੋਮ ਪੇਜ ’ਤੇ ਵੇਖ ਸਕਦਾ ਹੈ। ਵੈੱਬ ਸਾਇਟ ਨੂੰ ਆਰੰਭ ਕਰਨ ਦੇ ਸਬੰਧ ’ਚ 2 ਦਰਜਨ ਤੋਂ ਵੱਧ ਗੁਰੂ ਪਿਆਰਿਆਂ ਨੇ ਮੈਨੂੰ ਵਧਾਈ ਸੰਦੇਸ਼ ਭੇਜੇ ਹਨ, ਕੀ ਉਹ ਸਿੱਖ ਨਹੀਂ ?, ਇਸ ਦੇ ਬਾਵਜੂਦ ਹਰਦੇਵ ਸਿੰਘ ਵਰਗੇ ਤੋਂ ਮਨਜੂਰੀ ਲੈਣੀ ਜ਼ਰੂਰੀ ਹੈ ?

ਇਹ ਵੀ ਹੋ ਸਕਦਾ ਹੈ ਕਿ ਕੇਵਲ ਇੱਕ ਥਾਂ ਸਰਕਾਰੀ ਡਿਉਟੀ ਨੂੰ ਬਣਾਏ ਰੱਖਣ ਵਾਲੀ ਮਜਬੂਰੀ ਦਾ ਲਾਭ ਉਠਾਉਂਦਿਆਂ ਕੋਈ ਸਾਨੂੰ ਆਪਸ ਵਿੱਚ ਲੜਾ ਰਿਹਾ ਹੋਵੇ ਕਿਉਂਕਿ ਪਿਛਲੇ ਦਿਨੀ ਹੀ ਸ. ਹਰਦੇਵ ਸਿੰਘ ਜੀ ਦੀ ਬਦਲੀ ਜੰਮੂ ਤੋਂ ਦੂਰ ਹੋ ਗਈ ਸੀ, ਜੋ ਬਾਅਦ ਵਿੱਚ ਕਿਸੇ ਦੀ ਸਿਫਾਰਸ ਰਾਹੀਂ ਰੁਕਵਾਉਣੀ ਪਈ। ਅਜਿਹੀਆਂ ਅਨੇਕਾਂ ਚਨੌਤੀਆਂ ਸਿੱਖ ਸਮਾਜ ਸਾਹਮਣੇ ਹਨ।

ਅੰਤ ਵਿੱਚ ਤਮਾਮ ਪੰਥ ਦਰਦੀਆਂ ਸਾਹਮਣੇ ਇਹ ਸਵਾਲ ਛੱਡ ਰਿਹਾ ਹਾਂ ਕਿ, ਕੀ ਬ੍ਰਹਮਣਵਾਦ ਅਤੇ ਗੰਦੀ ਰਾਜਨੀਤੀ ਗੁਰਮਤਿ ਫਿਲਾਸਫੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਤਮਾਨ ’ਚ ਕੋਈ ਚਨੌਤੀ ਹੈ? ਕਿਉਂਕਿ ਇਕ ਤਰਫ ਪੰਥ ਦੋਖੀ ਸ਼ਕਤੀਆਂ ਮਜਬੂਤ ਹੋ ਰਹੀਆਂ ਹਨ ਦੂਸਰਾ ਆਪਣੇ ਹੀ ਲੋਕ ਕਿਸੇ ਸੁਆਰਥ ਕਾਰਨ ਸਮਝੋਤੇ ਕਰ ਰਹੇ ਹਨ। ਕੀ ਤਮਾਮ ਪੰਥ ਦਰਦੀ ਅਖਵਾਉਣ ਵਾਲੇ ਲੇਖਕਾਂ ਦੁਆਰਾ, ਹਰ ਵਿਸ਼ੇ (ਚਨੌਤੀ) ਨੂੰ ਬਰਾਬਰ ਉਠਾਉਣਾ ਕੌਮੀ ਏਕਤਾ ਨੂੰ ਨਹੀਂ ਦਰਸਾਉਂਦਾ ?

ਅਗਰ ਕਿਸੇ ਲੇਖਕ ਦੀ ਵੀਚਾਰਧਾਰਾ ਨਾਲ ਕੌਮ ਵਿੱਚ ਨਵਾਂ ਮੁੱਦਾ ਜਨਮ ਲੈ ਰਿਹਾ ਹੋਵੇ, ਨੂੰ ਛਾਪਣ ਤੋਂ ਇਨਕਾਰ ਕਰਨ ਦੇ ਉਪਰੰਤ ਆਰੋਪ ਕਿਸੇ ਹੋਰ ਵਿਸ਼ਿਆਂ ਨੂੰ ਸਾਹਮਣੇ ਰੱਖ ਕੇ ਲਗਾਉਣਾ, ਕੀ ਗੁਰਬਾਣੀ ਦੇ ਇਸ ਵਾਕ ਦਾ ਨਿਰਾਦਰ ਨਹੀਂ ‘‘ਜਿਨ੍ ਮਨਿ ਹੋਰੁ, ਮੁਖਿ ਹੋਰੁ, ਸਿ ਕਾਂਢੇ ਕਚਿਆ॥’’ (ਬਾਬਾ ਫਰੀਦ/੪੮੮) ?

ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸਰਾਮ ਚਿੰਨ੍ਹਾਂ ਦਾ ਮਹੱਤਵ

0

ਗੁਰਬਾਣੀ ਦੇ ਸੰਥਿਆ ਪਾਠ ਵਿੱਚ ਵਿਸਰਾਮ ਚਿੰਨ੍ਹਾਂ ਦਾ ਮਹੱਤਵ

ਗਿਆਨੀ ਜਗਤਾਰ ਸਿੰਘ ਜਾਚਕ-098552-05089

ਭਾਸ਼ਾ ਵਿਗਿਆਨੀਆਂ ਦਾ ਕਥਨ ਹੈ ਕਿ ਕਿਸੇ ਵੀ ਭਾਸ਼ਾ ਦੇ ਵਾਕਾਂ ਦੀ ਸਹੀ ਵੰਡ ਤੋਂ ਬਿਨਾਂ ਅਰਥਾਂ ਨੂੰ ਸਪਸ਼ਟ ਕਰ ਸਕਣਾ ਅਸੰਭਵ ਹੈ । ਅਸਲ ਵਿੱਚ ਇਹੀ ਕਾਰਣ ਹੈ ਕਿ ਗੱਲਬਾਤ ਕਰਨ ਵੇਲੇ ਵਾਕਾਂ ਦੇ ਅੰਤ ਵਿੱਚ ਅਤੇ ਵਾਕਾਂ ਦੇ ਖਾਸ ਖਾਸ ਹਿੱਸਿਆਂ ’ਤੇ ਠਹਿਰਿਆ ਜਾਂਦਾ ਹੈ, ਤਾਂ ਕਿ ਕਹੀ ਜਾ ਰਹੀ ਗੱਲ ਠੀਕ ਤਰ੍ਹਾਂ ਸਮਝੀ ਜਾ ਸਕੇ । ਲਿਖਤੀ ਵਾਕਾਂ ਵਿੱਚ ਇਸ ਗੱਲ ਨੂੰ ਪ੍ਰਗਟ ਕਰਨ ਲਈ, ਕਿ ਕਿੱਥੇ ਅਤੇ ਕਿੰਨਾ ਕੁ ਚਿਰ ਠਹਿਰਨਾ ਹੈ ਖਾਸ ਨਿਸ਼ਾਨ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਵਿਸਰਾਮ-ਚਿੰਨ੍ਹ (Punctuation Marks) ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼ ਵਿੱਚ ਵਿਸਰਾਮ ਚਿੰਨ੍ਹ ਦਾ ਅਰਥ ‘ਵਿਆਕਰਣ ਦੇ ਠਹਿਰਾਉ ਸੂਚਕ ਚਿੰਨ੍ਹ’ ਕੀਤਾ ਗਿਆ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਵਾਕ ਵੰਡ ਲਈ ਕੇਵਲ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਹੋਈ ਹੈ। ਉਦਾਰਹਣ ਵਜੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿਚਾਰੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਅਰਧ ਵਿਸਰਾਮ, ਸੰਬੋਧਨ ਕਾਰਕੀ (ਵਿਸਮੀ) ਤੇ ਪ੍ਰਸ਼ਨਵਾਚਕ ਚਿੰਨ੍ਹਾਂ ਦੀ ਥਾਂ ਵੀ ਦੋ ਡੰਡੀਆਂ (ਹੱਦਾਂ) ਦੀ ਵਰਤੋਂ ਕੀਤੀ ਗਈ ਹੈ :

ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ॥ (ਅੰਗ ੬੯੪)

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ॥ ਮੋ ਕਉ ਦੇਹੁ ਦਾਨਾ॥ (ਅੰਗ ੧੦੦੫)

ਕਿਉਂਕਿ, ਉਸ ਵੇਲੇ ਗੁਰਮੁਖੀ ਸਮੇਤ ਕਿਸੇ ਵੀ ਹਿੰਦੋਸਤਾਨੀ ਲਿਪੀ ਵਿੱਚ ਕੋਈ ਵਿਸਰਾਮ ਚਿੰਨ ਨਹੀਂ ਸਨ ; ਸਿਵਾਏ ਇੱਕ ਖੜੀ ਲੀਕ (।) ਦੇ, ਜੋ ਅੰਗਰੇਜ਼ੀ ਦੇ ਫ਼ੁਲਸਟਾਪ (.) ਦੀ ਥਾਂ ’ਤੇ ਹੈ । ਇਸ ਨੂੰ ਪੰਜਾਬੀ ਵਾਲੇ ਡੰਡੀ ਜਾਂ ਹੱਦ ਆਖਦੇ ਹਨ। ਕਿਉਂਕਿ, ਇਸ ਚਿੰਨ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਆਮ ਤੌਰ ’ਤੇ ਵਾਕ ਦੇ ਅੰਤ ਉੱਤੇ ਹੁੰਦੀ ਚੱਲੀ ਆ ਰਹੀ ਹੈ। ਇਹ ਚਿੰਨ ਲਗਭਗ ਤਿੰਨ ਹਜ਼ਾਰ ਸਾਲ ਪੁਰਾਣਾ ਹੈ। ਕਿਉਂਕਿ, ਹਜ਼ਰਤ ਈਸਾ ਮਸੀਹ ਤੋਂ ਨੌ ਸਦੀਆਂ ਪਹਿਲਾਂ ਦੇ ਫ਼ਿਨੀਸ਼ਨ (Phoenician) ਲਿਪੀ ਵਿੱਚ ਲਿਖੇ ਗਏ ਮੁਬਾਈਟ ਸਟੋਨ (Moabite Stone) ਉਤੇ ਵੀ ਚਿੰਨ ਡੰਡੀ (।) ਦੀ ਵਰਤੋਂ ਇਸੇ ਹੀ ਮਤਲਬ ਲਈ ਹੋਈ ਮਿਲਦੀ ਹੈ ।

ਜਿਉਂ ਜਿਉਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਤਿਉਂ ਤਿਉਂ ਪੰਜਾਬੀ ਦੇ ਸੂਝਵਾਨ ਲਿਖਾਰੀਆਂ ਨੇ ਲਿਖਤ ਦੀ ਸਪਸ਼ਟਤਾ ਲਈ ਅੰਗਰੇਜ਼ੀ ਦੇ ਵਿਸਰਾਮ ਚਿੰਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ। ਜਿਵੇਂ ਕਾਮਾ (, Comma), ਬਿੰਦੀ ਕਾਮਾ (;Cemecolon), ਦੁਬਿੰਦੀ (:Colon), ਪ੍ਰਸ਼ਨ ਚਿੰਨ੍ਹ (? Interrogataion), ਵਿਸਮੀ ਚਿੰਨ੍ਹ (! Exclamation), ਪੁਠੇ ਕਾਮੇ (‘ ’ Inverted commas ), ਤੇ ਜੋੜਨੀ (-Hyphon) ਆਦਿਕ । ਅੱਜ-ਕਲ ਤਾਂ ਅਜਿਹੀ ਵਰਤੋਂ ਆਮ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੋਕੀਆਂ ਪਦ-ਛੇਦ ਬੀੜਾਂ ਤੋਂ ਪਹਿਲਾਂ ਜੁੜਵੇਂ ਅੱਖਰਾਂ ਵਾਲੀਆਂ (ਲੜੀਦਾਰ) ਬੀੜਾਂ ਹੀ ਪ੍ਰਚਲਿਤ ਸਨ । ਅਭਿਆਸ ਹੀਣ ਪਾਠੀਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਨੂੰ ਠੀਕ ਪਦ-ਛੇਦ ਨਾ ਕਰਨ ਕਰਕੇ ਅਤੇ ਠੀਕ ਥਾਂ ਵਿਸ਼ਰਾਮ ਨਾ ਲਗਾਉਣ ਕਰਕੇ ਬੇਅੰਤ ਭੁਲਾਂ ਹੁੰਦੀਆਂ ਸਨ। ਪਦ-ਛੇਦ ਬੀੜਾਂ ਛਪਣ ਨਾਲ ਤੁਕਾਂ ਨੂੰ ਪਦ-ਛੇਦ ਕਰਨ ਦੀ ਸਮਸਿਆ ਤਾਂ 99% ਹੱਲ ਹੋ ਗਈ, ਪਰ ਵਿਸਰਾਮਾਂ ਦੀ ਸਮਸਿਆ ਓਵੇਂ ਹੀ ਕਾਇਮ ਰਹੀ। ਗੁਰਸਿੱਖ ਵਿਦਵਾਨਾਂ ਦੀ ਦਿਸ਼੍ਰਟੀ ਵਿੱਚ ਇਸ ਦਾ ਇੱਕੋ ਇੱਕ ਹੱਲ ਸੀ ਕਿ ਗੁਰਬਾਣੀ ਦੇ ਸ਼ੁਧ ਉਚਾਰਨ ਦੀਆਂ ਸੰਥਾ-ਪੋਥੀਆਂ ਤੇ ਟੀਕਿਆਂ ਵਿੱਚ ਠੀਕ ਥਾਂ ਲੋੜੀਂਦੇ ਵਿਸਰਾਮ ਚਿੰਨ ਲਗਾ ਦਿੱਤੇ ਜਾਣ। ਇਹੀ ਕਾਰਣ ਹੈ ਕਿ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇਕਾਰਾਂ ਤੇ ਸੰਥਿਆ ਕਰਾਉਣ ਵਾਲੇ ਵਿਦਵਾਨਾਂ ਵਲੋਂ ਹੁਣ ਸਾਰੇ ਵਿਸਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿਉਂਕਿ, ਪਾਠਕਾਂ ਤੇ ਸ਼੍ਰੋਤਿਆਂ ਨੂੰ ਗੁਰਬਾਣੀ ਦੇ ਸ਼ੁਧ ਉਚਾਰਨ ਤੇ ਅਰਥ ਭਾਵਾਂ ਤੋਂ ਜਾਣੂ ਕਰਾਉਣ ਲਈ ਅਜਿਹੀ ਵਰਤੋਂ ਅਤਿ ਜ਼ਰੂਰੀ ਹੈ। ਪਰ, ਇਸ ਤੋਂ ਵੀ ਜ਼ਰੂਰੀ ਹੈ ਵਿਸਰਾਮ ਠੀਕ ਥਾਂ ਦੇਣਾ। ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗ਼ਲਤ ਹੋ ਜਾਂਦੇ ਹਨ । ਜਿਵੇਂ :

ਠੀਕ : ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥ (ਅੰਗ ੧੪੦੭)

ਗ਼ਲਤ : ਗੁਰੁ ਅਰਜੁਨੁ ਘਰਿ, ਗੁਰ ਰਾਮਦਾਸ ; ਭਗਤ ਉਤਰਿ ਆਯਉ॥

ਇਸ ਤੁਕ ਦਾ ਸਹੀ ਅਰਥ ਹੈ: ਗੁਰੂ ਰਾਮਦਾਸ ਦੇ ਘਰ ਵਿੱਚ ਗੁਰੂ ਅਰਜੁਨ (ਰੱਬ ਦਾ) ਭਗਤ ਜੰਮ ਪਿਆ। ਇਹ ਇੱਕ ਇਤਿਹਾਸਕ ਸੱਚ ਹੈ । ਪਰ, ਜੇ ਅਣਗਹਿਲੀ ਕਾਰਨ ਵਿਸਰਾਮ ‘ਅਰਜੁਨੁ’ ਦੀ ਥਾਂ ‘ਘਰਿ’ ਤੇ ਲੱਗ ਜਾਏ ਤਾਂ ਸ਼੍ਰੋਤਾ ਸਮਝੇਗਾ ਕਿ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਭਗਤ ਪੈਦਾ ਹੋ ਪਏ। ਅਜਿਹੇ ਅਰਥ ਇਤਿਹਾਸਕ ਪੱਖੋਂ ਵੀ ਗ਼ਲਤ ਹਨ ਤੇ ਵਿਆਕਰਣਿਕ ਪੱਖੋਂ ਵੀ। ਕਿਉਂਕਿ, ‘ਅਰਜੁਨੁ’ ਨਾਂਵ ਦੇ ਨੰਨੇ ਨੂੰ ਲੱਗਾ ਔਂਕੜ ‘ਗੁਰੂ ਅਰਜੁਨ ਦੇ ਘਰ’ ਵਾਲੇ ਸਬੰਧਕੀ ਅਰਥ ਨਹੀਂ ਹੋਣ ਦਿੰਦਾ।

ਠੀਕ : ਸਾਚਾ, ਮਰੈ ਨ ਆਵੈ ਜਾਇ॥ ਨਾਨਕ! ਗੁਰਮੁਖਿ ਰਹੈ ਸਮਾਇ॥ (ਅੰਗ ੨੨੯)

ਗ਼ਲਤ : ਸਾਚਾ ਮਰੈ, ਨ ਆਵੈ ਜਾਇ॥ ਨਾਨਕ ਗੁਰਮੁਖਿ ਰਹੈ ਸਮਾਇ॥

ਇਨ੍ਹਾਂ ਤੁਕਾਂ ਦਾ ਸਹੀ ਅਰਥ ਹੈ: ਹੇ ਨਾਨਕ (ਆਖ) ! ਗੁਰੂ ਦੀ ਰਾਹੀਂ (ਮਨੁਖ ਉਸ ਅਕਾਲਪੁਰਖ ਵਿੱਚ) ਸਮਾਇਆ ਰਹਿੰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜੰਮਦਾ ਮਰਦਾ ਨਹੀਂ। ਪਰ, ਜੇ ਪਾਠੀ ਵੱਲੋਂ ਬੇਧਿਆਨੀ ਨਾਲ ਵਿਸਰਾਮ ‘ਮਰੈ’ ਲਫ਼ਜ਼ ’ਤੇ ਲਾਇਆ ਜਾਏ ਅਤੇ ‘ਨਾਨਕ’ ਨਾਂਵ ’ਤੇ ਵਿਸਰਾਮ ਨਾ ਲਾਇਆ ਜਾਏ ਤਾਂ ਸ਼੍ਰੋਤੇ ਸਮਝਣਗੇ : ਨਾਨਕ ਗੁਰਮੁਖ ਉਸ ਵਿੱਚ ਸਮਾਇਆ ਰਹਿੰਦਾ ਹੈ, ਜਿਹੜਾ ਸਚਾ ਰੱਬ ਮਰਦਾ ਹੈ, ਆਉਂਦਾ ਜਾਂਦਾ ਨਹੀਂ। ਅਜਿਹੇ ਅਰਥ ਸਿਧਾਂਤਕ ਤੇ ਵਿਆਕਰਣਿਕ ਪੱਖੋਂ ਗ਼ਲਤ ਸਿੱਧ ਹੋਣਗੇ। ਕਿਉਂਕਿ, ਜੋ ਸੱਚਾ ਹੈ, ਉਹ ਮਰਦਾ ਨਹੀਂ। ਤੇ ਜੋ ਮਰਦਾ ਹੈ, ਉਸ ਬਾਰੇ ‘ਨ ਆਵੈ ਜਾਇ’ ਵਾਕਾਂਸ਼ ਨਹੀਂ ਕਿਹਾ ਜਾ ਸਕਦਾ। ‘ਗੁਰਮੁਖ ਨਾਨਕ’ ਅਰਥ ਗੁਰਬਾਣੀ ਵਿਆਕਰਣ ਮੁਤਾਬਿਕ ਤਾਂ ਹੀ ਬਣ ਸਕਦੇ ਹਨ, ਜੇ ‘ਨਾਨਕ’ ਨਾਂਵ ਦੇ ਕੱਕੇ ਨੂੰ ਅਤੇ ਗੁਰਮੁਖ ਦੇ ਖੱਖੇ ਨੂੰ ਔਂਕੜ ਹੋਣ। ਪਰ, ਤੁਸੀਂ ਹੈਰਾਨ ਹੋਵੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖਿ ਸ਼ਬਦ ’ਚ ਖੱਖੇ ਔਂਕੜ ਵਾਲਾ ਰੂਪ ਹੀ ਨਹੀਂ ਹੈ ।

ਤਜਿ ਆਨ, ਸਰਣਿ ਗਹੀ ॥ (ਅੰਗ ੮੩੭)

ਤਜਿ, ਆਨ ਕਤਹਿ ਨ ਜਾਹਿ ॥ (ਅੰਗ ੮੩੭)

ਇਨ੍ਹਾਂ ਦੋਹਾਂ ਤੁਕਾਂ ਵਿੱਚ ਜਮਕੀ ਵਿਸਰਾਮ ਖਾਸ ਧਿਆਨ ਮੰਗਦੇ ਹਨ। ਪਹਿਲੀ ਤੁਕ ਵਿੱਚ ‘ਆਨ’ ’ਤੇ ਵਿਸਰਾਮ ਹੈ। ਜਿਸ ਦਾ ਅਰਥ ਹੈ ਕਿ (ਹੇ ਪ੍ਰਭੂ! ਮੈਂ) ਹੋਰਨਾ ਨੂੰ ਛੱਡ ਕੇ ਤੇਰੀ ਸ਼ਰਨ ਪਕੜੀ ਹੈ। ਦੂਜੀ ਤੁਕ ਵਿੱਚ ਵਿਸਰਾਮ ‘ਤਜਿ’ ਤੋਂ ਬਾਅਦ ਹੈ। ਅਰਥ ਹੈ ਕਿ (ਹੇ ਪ੍ਰਭੂ! ਤੈਨੂੰ) ਛੱਡ ਕੇ, ਅਸੀਂ ਹੋਰ ਕਿਤੇ ਨਹੀਂ ਜਾਂਦੇ। ਜੇ ਕਰ ਦੋਹਾਂ ਤੁਕਾਂ ਦੇ ਵਿਸਰਾਮ ਆਪਸ ਵਿੱਚ ਬਦਲ ਦਿੱਤੇ ਜਾਣ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ ।

ਪ੍ਰੋ: ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਅਰਧ ਵਿਸਰਾਮ ਵਜੋਂ ਕੇਵਲ ਕਾਮਿਆਂ ਦੀ ਵਰਤੋਂ ਕੀਤੀ ਹੈ । ਗਿਆਨੀ ਹਰਬੰਸ ਸਿੰਘਪਟਿਆਲੇ ਵਾਲਿਆਂ ਨੇ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਵਿੱਚ ਕਾਮਿਆਂ ਤੋਂ ਅੱਗੇ ਵਧ ਕੇ ਵਿਸਮਕ ਚਿੰਨ੍ਹ (!) ਨੂੰ ਸੰਬੋਧਨੀ ਚਿੰਨ੍ਹ ਵਜੋਂ ਆਮ ਵਰਤਿਆ ਹੈ । ਜਿਵੇਂ :

ਗੁਰਾ ! ਇਕ ਦੇਹਿ ਬੁਝਾਈ ॥ (ਦੇਖੋ, ਦਰਸ਼ਨ ਨਿਰਣੈ ਸਟੀਕ, ਪੰਨਾ ੧੦੪)

ਬਾਬਾ ! ਜੈ ਘਰਿ, ਕਰਤੇ ਕੀਰਤਿ ਹੋਇ ॥ (ਦਰਸ਼ਨ ਨਿਰਣੈ ਸਟੀਕ, ਪੰਨਾ ੨੨੪)

ਪਰ, ਇਸ ਪੱਖੋਂ ਕਮਾਲ ਦੀ ਪਹਿਲ ਕੀਤੀ ਹੈ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਧ ਉਚਾਰਨ ਦੀ ਸੰਥਿਆ ਦਿੰਦਿਆਂ, ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਏ। ਹੋਰ ਉਪਕਾਰ ਕੀਤਾ ਗਿਆਨੀ ਮੋਹਣ ਸਿੰਘ ਜੀ (ਸੰਪਰਦਾਈ ਮੁਖੀ, ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ) ਵਾਲਿਆਂ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ। ਟਕਸਾਲ ਮਹਿਤਾ ਕਲਾਂ ਵਲੋਂ ਇਹੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਛਾਪੀ ਜਾ ਰਹੀ ਹੈ ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵਖ ਵਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ ਹੈ। ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ। ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ। ਇਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ। ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਬਾਰੇ ਸੇਧਾਂ ਦਿਤੀਆਂ ਹੋਈਆਂ ਹਨ ਅਤੇ ਪਾਠਾਂਤਰ ਵੀ ਲਿਖੇ ਹਨ। ਉਦਾਹਰਣ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ । ਜਿਵੇਂ :

ਸੋਚੈ, ਸੋਚਿ ਨ ਹੋਵਈ ; ਜੇ ਸੋਚੀ ਲਖ ਵਾਰ ॥ (ਲੱਖ ਪੜ੍ਹੋ) -ਅੰਗ ੧

ਤੇਰਾ ਸਬਦੁ, ਤੂੰਹੈ ਹਹਿ ਆਪੇ ; ਭਰਮੁ ਕਹਾ ਹੀ ॥ (ਕਹਾਂ ਬੋਲਣਾ)- ਅੰਗ ੧੬੨

‘ਅਹੰ-ਬੁਧਿ’ ਪਰ ਬਾਦ ਨੀਤ ; ਲੋਭ ਰਸਨਾ ਸਾਦਿ ॥ (੨) ਪਰਬਾਦ -ਅੰਗ ੮੧੦

ਤੂ ਅਜਰਾ-ਵਰੁ ਅਮਰੁ ਤੂ ; ਸਭ ਚਾਲਣ-ਹਾਰੀ ॥ ਅੰਗ ੧੦੦੮

ਅਖੰਡ ਕੀਰਤਨੀ ਜਥੇ ਦੇ ਮੁਖੀ ਵਿਦਵਾਨ ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਜਪੁ ਜੀ ਸਾਹਿਬ ਦੀ ਸਰਲ ਸਟੀਕ ਵਿੱਚ ਤੁਕਾਂ ਵਿਚਕਾਰ ਵਿਸਰਾਮ ਵਜੋਂ ਕਾਮੇ ਵੀ ਵਰਤੇ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਾਂਗ ਮੂਲਿਕ ਲਫ਼ਜ਼ਾਂ ’ਤੇ ਵਿਸ਼ੇਸ਼ ਹਿੰਦਸੇ ਪਾ ਕੇ ਪਦ-ਅਰਥ ਤੇ ਸ਼ੁਧ ਉਚਾਰਣ ਵੀ ਦੱਸੇ ਹਨ। ‘ਗੁਰਬਾਣੀ ਦਾ ਸਰਲ ਵਿਆਕਰਣ-ਬੋਧ’ ਨਾਮੀ ਪੁਸਤਕ ਵਿੱਚ ਸੈਂਕੜੇ ਤੁਕਾਂ ਹਨ, ਜਿਨ੍ਹਾਂ ਵਿੱਚ ਵਿਸਰਾਮ ਚਿੰਨਾਂ ਤੋਂ ਇਲਾਵਾ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਾਂਗ ਗੁਰਬਾਣੀ ਦੀਆਂ ਤੁਕਾਂ ਵਿਚਕਾਰੋਂ ਲਫ਼ਜ਼ਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਨ ਲਈ ਪੁੱਠੇ ਕਾਮੇ ਵੀ ਵਰਤੇ ਹਨ। ਕਿਉਂਕਿ, ਪਾਠਕਾਂ ਨੂੰ ਬਾਣੀ ਦੀ ਸੋਝੀ ਕਰਾਉਣ ਲਈ ਅਜਿਹੀ ਜੁਗਤਿ ਅਪਨਾਉਣੀ ਲਾਜ਼ਮੀ ਹੈ। ਜਿਵੇਂ, ਪੰਨਾ ੬੨੪ ’ਤੇ ਪੰਕਤੀ ਉਲੇਖ ਇਸ ਪ੍ਰਕਾਰ ਹੈ :

‘ਗਾਵਿਆ’, ‘ਸੁਣਿਆ’ ਤਿਨ ਕਾ ਹਰਿ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ (ਅੰਗ ੬੬੯)

ਤਲਵਾੜਾ ਜੀ ਨੇ ਇਹ ਵੀ ਲਿਖਿਆ ਹੈ ਕਿ ਵਿਸਰਾਮ ਚਿੰਨ੍ਹ ਤਾਂ ਭਾਵੇਂ ਗੁਰਬਾਣੀ ਦੀਆਂ ਛੋਟੀਆਂ ਛੋਟੀਆਂ ਤੁਕਾਂ ਵਿੱਚ ਵੀ ਅਤਿ ਲੋੜੀਂਦੇ ਹਨ। ਪਰ ਫਿਰ ਵੀ ਪੜਤਾਲ ਵਾਲੇ ਚਉਪਦਿਆਂ, ਛੰਤਾਂ ਅਤੇ ਸਵੱਈਆਂ ਵਿੱਚ ਜਿਹੜੀਆਂ ਤੁਕਾਂ ਬਹੁਤ ਲੰਮੀਆਂ ਲੰਮੀਆ ਹਨ, ਉਨ੍ਹਾਂ ਵਿੱਚ ਵਿਸਰਾਮ ਦੇ ਕੇ ਪਾਠ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ, ਜੇ ਐਸੀਆਂ ਤੁਕਾਂ ਨੂੰ ਕੁਝ ਭਾਗਾਂ ਵਿੱਚ ਵੰਡ ਕੇ ਅਤੇ ਯੋਗ ਥਾਵਾਂ ਤੇ ਰਤਾ ਕੁ ਵਿਸਰਾਮ ਦੇ ਕੇ ਉਚਾਰਣ ਕੀਤਾ ਜਾਵੇ ਤਾਂ ਜਿਥੇ ਪਾਠ ਦੀ ਲੈਅ ਰਸਦਾਇਕ ਹੋ ਜਾਂਦੀ ਹੈ, ਉਥੇ ਅਰਥ ਭਾਵ ਵੀ ਸਪਸ਼ਟ ਹੋ ਜਾਂਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਜੋਗਿੰਦਰ ਸਿੰਘ ‘ਵੇਦਾਂਤੀ’, ਗੁਰਬਾਣੀ ਵਿਆਕਰਣ ਦੀ ਰੌਸ਼ਨੀ ਵਿੱਚ ਸ਼ੁਧ-ਉਚਾਰਣ ਸਮਝਾਉਣ ਵਾਲੇ ਵਿਦਵਾਨਾਂ ਵਿਚੋਂ ਮੋਹਰੀ ਮੰਨੇ ਜਾਂਦੇ ਹਨ। ਉਹ ਵੀ ਤਲਵਾੜਾ ਜੀ ਦੇ ਵਿਚਾਰਾਂ ਨਾਲ ਸੌ ਫੀਸਦੀ ਸਹਿਮਤ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪਤਰ ‘ਗੁਰਮਤਿ ਪ੍ਰਕਾਸ਼’ ਜੁਲਾਈ ੨੦੧੨ ਵਾਲੇ ਅੰਕ ਵਿੱਚ ਜਥੇਦਾਰ ਵੇਦਾਂਤੀ ਜੀ ਦਾ ਲਿਖਿਆ ਲੇਖ ‘ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ: ਖੋਜ ਤੇ ਸੰਭਾਵਨਾ’ ਇਸ ਪੱਖੋਂ ਪੜ੍ਹਣ ਯੋਗ ਹੈ ।

‘ਸ਼ਬਦ-ਵੀਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਕਰਤਾ ਡਾ: ਓਅੰਕਾਰ ਸਿੰਘ ਜੀ ਨੇ ਤੁਕਾਂ ਦੇ ਵਿਚਕਾਰ ਵਿਸਰਾਮ ਵਜੋਂ ਕਾਮਿਆਂ ਦੀ ਵਰਤੋਂ ਕਰਦਿਆਂ ਬ੍ਰੈਕਟਾਂ ਪਾ ਕੇ ਸ਼ਬਦਾਂ ਦੇ ਸ਼ੁਧ ਉਚਾਰਨ ਦੱਸਣ ਦਾ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ । ਜਿਵੇਂ :

ਕੀਟਾ (ਕੀਟਾਂ) ਅੰਦਰਿ (ਅੰਦਰ) ਕੀਟੁ (ਕੀਟ), ਕਰਿ (ਕਰ) ਦੋਸੀ (ਦੋਸ਼ੀ), ਦੋਸੁ (ਦੋਸ਼) ਧਰੇ ॥ ਪੋਥੀ ਭਾਗ ਪਹਿਲਾ, ਪੰਨਾ ੧੪’

ਸਿਧਾ (ਸਿਧਾਂ) ਪੁਰਖਾ (ਪੁਰਖਾਂ) ਕੀਆ (ਕੀਆਂ) ਵਡਿਆਈਆ॥ (ਵਡਿਆਈਆਂ)- ਪੋਥੀ ਭਾਗ ਪਹਿਲਾ, ਪੰਨਾ ੮੪’

ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਜੂਦਾ ਮੁਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਹੁਰਾਂ ਵੱਲੋਂ, ਇਸ ਪੋਥੀ ਦੇ ਆਰੰਭ ਵਿੱਚ ਅਸੀਸ ਵਜੋਂ ਇੱਕ ਇੱਕ, ਦੋ ਦੋ ਪੰਨੇ ਦੇ ਪ੍ਰਸੰਸਾ ਪੱਤਰ ਵੀ ਲਿਖੇ ਗਏ ਹਨ ।

ਧੰਨਵਾਦੀ ਹਾਂ ਡਾ; ਕੁਲਬੀਰ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਰਾੜੇ ਵਾਲਿਆਂ ਦਾ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦੀ ਆਗਿਆ ਦੁਆਰਾ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਨਾਂ ’ਤੇ ‘ਈਸ਼ਰ ਮੈਕਰੋਮੀਡੀਆ ਵੈਬਸਾਈਟ’ ਰਾਹੀਂ ਗੁਰਬਾਣੀ ਪਾਠ-ਬੋਧ ਕਰਾਉਣ ਲਈ ਵਿਸਰਾਮਾਂ ਵਜੋਂ ਕਾਮੇ ਤੇ ਬਿੰਦੀ ਕਾਮੇ ਦੀ ਵਰਤੋਂ ਦੇ ਨਾਲ ਪ੍ਰਸ਼ਨ ਚਿੰਨ੍ਹ (?) ਅਤੇ ਵਿਸਮੀ ਚਿੰਨ੍ਹਾਂ (!) ਦੀ ਵਰਤੋਂ ਖੁਲ੍ਹ ਕੇ ਕੀਤੀ ਹੈ, ਜਿਨ੍ਹਾਂ ਦੀ ਬਦੌਲਤ ਪਾਠਕਾਂ ਤੇ ਸ਼੍ਰੋਤਿਆਂ ਲਈ ਅਰਥ ਭਾਵ ਸਮਝਣੇ ਅਤਿ ਸੁਖਾਲੇ ਹੋ ਗਏ ਹਨ । ਜਿਵੇਂ :

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥ (ਅੰਗ ੧)

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥ (ਅੰਗ ੬)

ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ ਕਿ ਉਪਰੋਕਤ ਲੇਖ ਦੇ ਆਰੰਭ ਵਿੱਚ ਗੁਰਬਾਣੀ ਦੀਆਂ ਜਿਹੜੀਆਂ ਦੋ ਤੁਕਾਂ ਵਿਸਰਾਮਾਂ ਦੀ ਥਾਂ ਦੋ ਡੰਡੀਆਂ (ਹੱਦਾਂ) ਦਰਸਾਉਣ ਲਈ ਪ੍ਰਮਾਣ ਵਜੋਂ ਲਿਖੀਆਂ ਗਈਆਂ ਹਨ; ਉਨ੍ਹਾਂ ਦੇ ਵਿਸ਼ਰਾਮ ਸਮਝਾਉਣ ਲਈ ਤਰਤੀਬਵਾਰ ਕਰਮਸਰ ਰਾੜਾ ਵਾਲਿਆਂ ਦੀ ਵੈਬਸਾਈਟ ‘ਈਸ਼ਰ ਮੈਕਰੋਮੀਡੀਆ’ ਅਤੇ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਦੇ ਪੰਨਾ484 ’ਤੇ ਤੁਕ ਹੇਠਾਂ ਬ੍ਰੈਕਟ ਵਿੱਚ ਨੋਟ ਲਿਖ ਕੇ ਇਉਂ ਪ੍ਰਗਟ ਕੀਤਾ ਗਿਆ ਹੈ :

ਤੂ ਕੁਨੁ ਰੇ ?॥ ਮੈ ਜੀ !॥ ਨਾਮਾ॥ ਹੋ ਜੀ !॥

ਆਲਾ ਤੇ ਨਿਵਾਰਣਾ, ਜਮ ਕਾਰਣਾ॥ (ਅੰਗ ੬੯੪)

ਮੋਹਨੁ ਲਾਲੁ ਮੇਰਾ; ਪ੍ਰੀਤਮ ਮਨ ਪ੍ਰਾਨਾ॥ ਮੋ-ਕਉ, ਦੇਹੁ ਦਾਨਾ॥ (ਅੰਗ ੧੦੦੫)

(ਇਹ ਇਕੋ ਹੀ ਤੁਕ ਹੈ, ਬਿਸ੍ਰਾਮ ਵਾਲੀ ਜਗ੍ਹਾ ਹੱਦਾਂ ਲਾ ਕੇ ਦੋ ਤੁਕਾਂ ਬਣਾਈਆਂ ਹਨ, ਸ਼ੁਧ ਇਕੋ ਹੀ ਤੁਕ ਹੈ ।)

ਜਾਗਰੂਕ ਧਿਰਾਂ ਤੇ ਵਿਗਿਆਨਕ ਯੁੱਗ ਦੇ ਹਾਣੀ ਅਖਵਾਉਣ ਵਾਲੇ ਸਿੱਖ ਮਿਸ਼ਨਰੀ ਕਾਲਜ, ਆਪਣੀਆਂ ਵੈਬਸਾਈਟਾਂ ਤੇ ਵੀਡੀਓ ਕੈਸਟਾਂ ਰਾਹੀਂ ਗੁਰਬਾਣੀ ਪਾਠ ਦੀ ਸੋਝੀ ਕਰਵਾਉਣ ਲਈ ਯਤਨਸ਼ੀਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਜੂਦਾ ਜਥੇਦਾਰ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਹੋਰ ਪੁਸਤਕਾਂ ਰਾਹੀਂ ਸੰਥਿਆ ਪਾਠ ਨੂੰ ਵਧੇਰੇ ਸੁਖਾਲਾ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਲਿਖਤੀ ਰੂਪ ਵਿੱਚ ਸ਼ਲਾਘਾ ਕਰ ਰਹੇ ਹਨ ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਦਾ ਕਥਨ ਹੈ ਕਿ ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਮੂਲ-ਪਾਠ ਨੂੰ ਕਾਇਮ ਰੱਖ ਕੇ ਸ਼ਬਦਾਰਥ ਵਾਂਗ ਤੁਕ-ਵਾਰ ਸ਼ਬਦਾਂ ਦਾ ਸਰਲ ਉਚਾਰਣਤਮਿਕ ਰੂਪ ਲਿਖ ਕੇ ਸੰਥਾ ਪੋਥੀਆਂ ਤਿਆਰ ਕਰ ਦੇਵੇ, ਤਾਂ ਕਿ ਪਾਠਕਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੌਖਾ ਹੋ ਸਕਦਾ ਹੈ। ਆਸ ਹੈ ਕਿ ਗੁਰਸਿੱਖ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਵਾਲੇ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਹਰਿਭਜਨ ਸਿੰਘ ਚੰਡੀਗੜ, ਗਿਆਨੀ ਹਰਿਬੰਸ ਸਿੰਘ ਪਟਿਆਲਾ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਡਾ: ਕੁਲਬੀਰ ਸਿੰਘ ਥਿੰਦ ਤੇ ਡਾ: ਓਅੰਕਾਰ ਸਿੰਘ ਵਰਗੇ ਪਰਉਪਕਾਰੀ ਗੁਰਸਿੱਖ ਵਿਦਵਾਨਾਂ ਵਲੋਂ ਬਖਸ਼ੀਆਂ ਸੇਧਾਂ ਨੂੰ ਅਧਾਰ ਬਣਾ ਕੇ ਇਸ ਪੱਖੋਂ ਹੋਰ ਉਪਰਾਲੇ ਕਰਨਗੇ ; ਤਾਂ ਜੋ ਹਰੇਕ ਮਨੁੱਖ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਸਦਕਾ ਆਪਣੇ ਹਿਰਦੇ ਦੇ ਅਗਿਆਨਮਈ ਅੰਧੇਰੇ ਨੂੰ ਦੂਰ ਕਰਕੇ ਰੱਬ-ਰੂਪ ਸਚਿਆਰ ਬਣ ਸਕੇ ।

ਸਾਡੇ ਲਈ ਇਹ ਵੀ ਇੱਕ ਖੁਸ਼ਖ਼ਬਰੀ ਹੀ ਮੰਨੀ ਜਾ ਸਕਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਅਸਟ੍ਰੇਲੀਆ) ਵੱਲੋਂ ਦਾਸ (ਜਾਚਕ) ਦੁਆਰਾ ਤਿਆਰ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਸੂਚਨਾ ਕੇਂਦਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਅਰਦਾਸ ਕਰਕੇ ਚੜ੍ਹਦੀਕਲਾ ਟਾਈਮ ਟੀ.ਵੀ.’ਤੇ ਸ਼ੁਰੂ ਕਰਵਾਇਆ ਵਿਆਕਰਣਿਕ ਸੰਥਿਆ ਪਾਠ, ਜਿਹੜਾ ਹਰ ਰੋਜ਼ ਸਵੇਰੇ 10-30 ਤੋਂ 11 ਵਜੇ ਤੱਕ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ, ਉਸ ਨੂੰ ਸਮੁੱਚੇ ਸਿੱਖ ਜਗਤ ਵੱਲੋਂ ਸਲਾਹਿਆ ਜਾ ਰਿਹਾ ਹੈ । ਨਿਹੰਗ ਸਿੰਘ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਤੋਂ ਇਲਾਵਾ ਸੇਵਾ ਪੰਥੀ ਤੇ ਨੀਲਧਾਰੀ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਵੀ ਉਪਰੋਕਤ ਪਾਠ ਨੂੰ ਟੀ.ਵੀ. ਚੈਨਲ ਲਈ ਸੰਪੌਸਰ ਕੀਤਾ ਜਾ ਚੁੱਕਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬਰਨ ਵਾਲੇ ਸੰਥਿਆ ਪੈਟਰਨ ’ਤੇ ਅਧਾਰਿਤ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵੱਲੋਂ ਟਾਈਮ ਟੀ.ਵੀ. ’ਤੇ ਪਾਠ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਕਿਉਂਕਿ, ਹੁਣ ਗੁਰਬਾਣੀ ਸੰਥਿਆ ਪਾਠ ਦੀ ਪ੍ਰਚਲਿਤ ਵਿਸਰਾਮਿਕ ਵਿਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਸਮੁੱਚੇ ਪੰਥ ਵੱਲੋਂ ਪ੍ਰਵਾਣਿਤ ਕੀਤਾ ਜਾ ਚੁੱਕਾ ਹੈ ।

ਸਿੱਖ ਜਗਤ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ (ਚੌਤਾ ਕਲਾਂ) ਰੋਪੜ ਵੱਲੋਂ ਚਲਾਏ ਜਾ ਰਹੇ ‘ਮਿਸ਼ਨਰੀ ਸੇਧਾਂ’ ਮਾਸਿਕ ਪੱਤਰ ਦੇ ਸੁਘੜ ਸੰਪਾਦਿਕ ਗਿਆਨੀ ਅਵਤਾਰ ਸਿੰਘ ਜੀ ਨੇ ਮਾਸਿਕ ਪਤਰ ਤੋਂ ਇਲਾਵਾ ਆਪਣੇ ਵੱਲੋਂ ਚਲਾਈ ਜਾ ਰਹੀ ਵੈਬਸਾਈਟ ‘ਗੁਰ ਪ੍ਰਸਾਦਿ’ ਦੁਆਰਾ ਪੰਥ ਪ੍ਰਵਾਣਿਤ ਉਪਰੋਕਤ ਵਿਸਰਾਮਿਕ ਸੰਥਿਆ ਵਿਧੀ ਅਪਨਾਅ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਪਾਠ-ਬੋਧ ਕਰਾਉਣ ਦਾ ਉਦਮ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਹਜ਼ਾਰਾਂ ਹੀ ਪਾਠਕ ਇਸ ਦਾ ਲਾਭ ਲੈ ਰਹੇ ਹਨ। ਪਰ, ਦੁੱਖ ਭਰੀ ਹੈਰਾਨੀ ਦੀ ਗੱਲ ਹੈ ਕਿ ਹਰਦੇਵ ਸਿੰਘ ਜੰਮੂ ਵਰਗੇ ਇੱਕ ਚੇਤੰਨ ਸੱਜਣ ਵੱਲੋਂ ਪ੍ਰਸੰਸਾ ਕਰਨ ਦੀ ਥਾਂ ਸੰਥਿਆ ਦੀ ਇਸ ਵਿਸਰਾਮਿਕ ਵਿਧੀ ’ਤੇ ਫ਼ਜੂਲ ਕਿਸਮ ਦੇ ਸੁਆਲ ਉਠਾ ਕੇ ਸ਼ਰਧਾਲੂ ਗੁਰਸਿੱਖਾਂ ਦੇ ਮਨਾਂ ਵਿੱਚ ਸੰਸੇ ਪੈਦਾ ਕੀਤੇ ਜਾਣ ਲੱਗੇ ਹਨ। ਜਦੋਂ ਕਿ ਪਿਛਲੇ ਇੱਕ ਸਾਲ ਤੋਂ ‘ਮਿਸ਼ਨਰੀ ਸੇਧਾਂ’ ਮਾਸਿਕ ਪੱਤਰ ਵਿੱਚ ਇਸੇ ਸੱਜਣ ਦੇ ਕਈ ਲੇਖ ਛਪ ਚੁੱਕੇ ਹਨ, ਜਿਨ੍ਹਾਂ ਵਿੱਚਲੀਆਂ ਗੁਰਬਾਣੀ ਦੀਆਂ ਤੁੱਕਾਂ ਅੰਦਰ ਉਸੇ ਤਰ੍ਹਾਂ ਸਾਰੇ ਵਿਸਰਾਮ ਲੱਗੇ ਦੇਖੇ ਜਾ ਸਕਦੇ ਹਨ, ਜਿਸ ਢੰਗ ਨਾਲ ਗਿਆਨੀ ਜੀ ਆਪਣੀਆਂ ਲਿਖਤਾਂ ਰਾਹੀਂ ਪਾਠ-ਬੋਧ ਕਰਵਾ ਰਹੇ ਹਨ। ਸ਼ਾਇਦ ਵੀਰ ਜੰਮੂ ਦੇ ਵਿਚਾਰਾਂ ਵਿੱੱਚ ਆਈ ਇਸ ਅਚਾਨਿਕ ਤਬਦੀਲੀ ਨੂੰ ਧਿਆਨ ਵਿੱਚ ਰੱਖ ਕੇ ਹੀ ਗਿਆਨੀ ਜੀ ਦੇ ਮਨ ਵਿੱਚ ਉਨ੍ਹਾਂ ਦੀ ਸੋਚ ਪ੍ਰਤੀ ਸ਼ੰਕਾ ਪੈਦਾ ਹੋਈ ਹੈ।

ਮੈਨੂੰ ਈ-ਮੇਲ ਰਾਹੀਂ ਮਿਲੇ ਇੱਕ ਲੇਖ ਵਿੱਚ ਵੀਰ ਜੰਮੂ ਨੇ ਗਿਆਨੀ ਜੀ ਨੂੰ ਸੰਬੋਧਨ ਹੁੰਦਿਆਂ ਇੱਕ ਮੁੱਖ ਸੁਆਲ ਇਹ ਖੜਾ ਕੀਤਾ ਹੈ ਕਿ ਉਨ੍ਹਾਂ ਨੂੰ ‘ਗੁਰਬਾਣੀ ਦੇ ਲਿਖਤੀ ਸਰੂਪ ਨੂੰ ਬਦਲਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ?’ ਪਾਠਕਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਸੁਆਲ ਸ਼ਰਧਾਲੂ ਸਿੱਖਾਂ ਦੇ ਜਜ਼ਬਾਤ ਨੂੰ ਭੜਕਾਉਣ ਵਾਲੀ ਇੱਕ ਕੋਝੀ ਤੇ ਗੁੰਮਰਾਹਕੁਨ ਚਾਲ ਤੋਂ ਬਗੈਰ ਹੋਰ ਕੁਝ ਵੀ ਨਹੀਂ। ਕਿਉਂਕਿ, ਗੁਰਬਾਣੀ ਦਾ ਸ਼ੁਧ ਉਚਾਰਣ ਸਮਝਣ ਸਮਝਾਉਣ ਲਈ ਗੁਰਬਾਣੀ ਦੇ ਟੀਕਿਆਂ ਤੇ ਸੰਥਾ ਪੋਥੀਆਂ ਜਾਂ ਵੈਬ ਸਾਈਟਾਂ ਵਿੱਚ ਵਿਸਰਾਮ ਚਿੰਨ ਲਗਾਉਣੇ ਕੋਈ ਨਵੀਂ ਗੱਲ ਨਹੀਂ। 20ਵੀਂ ਸਦੀ ਵਿੱਚ ਤਿਆਰ ਹੋਏ ਸਾਰੇ ਟੀਕਿਆਂ ਵਿੱਚ ਵਿਸਰਾਮ ਚਿੰਨ ਵੇਖੇ ਜਾ ਸਕਦੇ ਹਨ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾਂ ਵੱਲੋਂ ਕੀਤੇ ਗਏ ਟੀਕਾ ਪੋਥੀਆਂ ਵਿੱਚ ਵੀ ਅਰਥ ਕਰਨ ਵੇਲੇ ਤੁਕਾਂ ਵਿੱਚ ਵਿਸਰਾਮ ਲਗਾਏ ਗਏ ਹਨ।

ਇਸ ਲਈ ਕਦਾਚਿੱਤ ਵੀ ਨਹੀਂ ਮੰਨਿਆ ਜਾ ਸਕਦਾ ਕਿ ਗਿਆਨੀ ਜੀ ਵੱਲੋਂ ਪਾਠ-ਬੋਧ ਕਰਾਉਣ ਲਈ ਅਪਨਾਈ ਗਈ ਵਿਧੀ ਗੁਰਬਾਣੀ ਦੇ ਲਿਖਤੀ ਸਰੂਪ ਨੂੰ ਬਦਲਣ ਵਾਲੀ ਗੱਲ ਹੈ ਕਿਉਂਕਿ, ਇਹ ਸੰਥਿਆ ਵਿਧੀ ਸਦੀਆਂ ਤੋਂ ਪੰਥਕ ਖੇਤਰ ਵਿੱਚ ਪ੍ਰਚਲਿਤ ਹੋਣ ਕਾਰਣ ਪੰਥ ਪ੍ਰਵਾਣਿਤ ਹੈ। ਹਾਂ ! ਜੇ ਕੋਈ ਸੰਸਥਾ ਜਾਂ ਸੱਜਣ ਵਿਸਰਾਮਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦੀ ਹਿਕਾਮਤ ਕਰੇ ਤਾਂ ਸੁਆਲ ਉਠਾਇਆ ਜਾ ਸਕਦਾ ਕਿ ਇਹ ਢੰਗ ਗੁਰਬਾਣੀ ਦੇ ਸਰੂਪ ਨੂੰ ਬਦਲਣ ਵਾਲਾ ਹੈ। ਗ਼ਲ਼ਤ ਹੈ। ਪਰ, ਪਾਠ-ਬੋਧ ਕਰਾਉਣ ਵਾਲੀਆਂ ਪੋਥੀਆਂ ਜਾਂ ਵੈਬ ਸਾਈਟਾਂ ਵਿੱਚ ਅਪਨਾਈ ਵਿਸਰਾਮਿਕ ਸੰਥਿਆ ਜੁਗਤਿ ਪ੍ਰਤੀ ਅਜਿਹਾ ਸੁਆਲ ਖੜ੍ਹਾ ਕਰਨਾ ਪੰਥਕ ਹਿੱਤਾਂ ਵਿੱਚ ਨਹੀਂ। ਨੁਕਸਾਨ ਦਾਇਕ ਹੈ। ਅੱਛਾ ਹੁੰਦਾ ਜੇਕਰ ਗਿਆਨੀ ਜੀ ਵੀ ਵੀਰ ਜੰਮੂ ’ਤੇ ਦੋਸ਼ ਅਰੋਪਿਤ ਕਰਨ ਤੋਂ ਬਗੈਰ ਹੀ ਠੋਕਵਾਂ ਜੁਆਬ ਦਿੰਦੇ। ਉਹ ਉੱਤਰ ਦੇਣ ਵਿੱਚ ਸਮਰਥ ਹਨ। ਭਾਈ ਹਰਦੇਵ ਸਿੰਘ ਜੰਮੂ ਸਿਆਣੇ ਸੱਜਣ ਹਨ। ਮੈਨੂੰ ਪੂਰਨ ਉਮੀਦ ਹੈ ਕਿ ਉਪਰੋਕਤ ਸਾਰੀ ਵਿਚਾਰ ਨੂੰ ਪੜ੍ਹ ਕੇ ਇਸ ਨਵੇਂ ਵਿਵਾਦ ਨੂੰ ਹੋਰ ਅੱਗੇ ਨਹੀਂ ਵਧਾਉਣਗੇ ਕਿਉਂਕਿ, ਅਸੀਂ ਤਾਂ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕੇ ਹਾਂ। ਇਕ ਸ਼ਾਇਰ ਦੇ ਬੋਲ ਹਨ- ‘ਇੱਕ ਚਾਕ ਹੋ ਤੋ ਸੀਲੂੰ ਗਰੇਬਾਂ ਅਪਨਾ, ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ।

ਭੁਲ-ਚੁਕ ਮੁਆਫ਼।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ (ਅਸਟ੍ਰੇਲੀਆ) ।

Most Viewed Posts