ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥

0
355

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ੴ ਸਤਿ ਗੁਰ ਪ੍ਰਸਾਦਿ॥

ਭਾਰਤੀ ਵੀਚਾਰਧਾਰਾ ਵਿੱਚ ਅਜਿਹੇ ਆਦਰਸ਼ਾਂ ਦੀ ਵਧੇਰੇ ਪ੍ਰਧਾਨਤਾ ਰਹੀ ਹੈ, ਜਿਸ ਵਿੱਚ ਨਿਰੋਲ ਆਤਮਿਕ ਜਾਂ ਅੰਤਰੀਵ ਜੀਵਨ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਪਰ ਸਮਾਜਿਕ ਵਿਕਾਸ ਤੇ ਰਾਜ ਪ੍ਰਬੰਧ ਸੰਗਠਨ ਕਰਨ ਵੱਲ ਬਿਲਕੁਲ ਬੇਪਰਵਾਹੀ ਵਰਤੀ ਗਈ ਹੈ ਇਸ ਉਦਾਰਤਾ ਦੇ ਚਾਲੇ ਨੇ ਮਨੁੱਖੀ ਜੀਵਨ ਤਾਣੀ ਨੂੰ ਇਤਨਾ ਉਲਝਾਇਆ ਕਿ ਅਸੀਂ ਜੀਵਨ ਸੰਗ੍ਰਾਮ ਵਿੱਚ ਜੂਝਣ ਦੇ ਯੋਗ ਹੀ ਨਾ ਰਹੇ ਤੇ ਭਾਰਤੀ ਸਭਿਅਤਾ ਸਮਾਜਿਕ ਗੁਣਾਂ ਤੋਂ ਸੱਖਣੀ ਹੋ ਕੇ ਨਿਰੀ ਪੁਰੀ ਅੰਤਰੀਵੀ ਤੇ ਵਿਅਕਤੀਵਾਦੀ ਬਣ ਕੇ ਨਿਰਜਿੰਦ ਹੋ ਗਈ। ਅਜਿਹੇ ਸੰਕਟਕਾਲ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਨਵੀਂ ਰੋਸ਼ਨੀ ਅਤੇ ਨਵੀਂ ਅਗਵਾਈ ਦੇ ਕੇ ਸਿੱਖ ਧਰਮ ਦੀ ਬੁਨਿਆਦ ਰੱਖੀ। ਮਿ. ਕਨਿੰਘਮ ਦੇ ਸ਼ਬਦਾਂ ਵਿੱਚ ਇਹ ਸੇਹਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਰ ਹੀ ਸਜਿਆ ਕਿ ਉਹ ਸੁਧਾਰ ਦੇ ਸੱਚੇ ਤੇ ਸਹੀ ਸਿਧਾਂਤਾਂ ਦਾ ਅਨੁਭਵ ਕਰਨ ਅਤੇ ਅਜਿਹੀਆਂ ਨੀਹਾਂ ਰੱਖਣ, ਜਿਸ ’ਤੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਗੋਬਿੰਦ ਸਾਹਿਬ ਕੌਮੀਅਤ ਦੀ ਉਸਾਰੀ ਕਰ ਸਕਣ। ਉਹ ਅੱਗੇ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਉਨ੍ਹਾਂ ਗ਼ਲਤੀਆਂ ਤੋਂ ਬਚਾ ਲਿਆ, ਜਿਨ੍ਹਾਂ ਦਾ ਭਾਰਤਵਾਸੀ ਸਦੀਆਂ ਤੋਂ ਸ਼ਿਕਾਰ ਹੁੰਦੇ ਆ ਰਹੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪ੍ਰਭੂ ਭਗਤੀ ਤੇ ਪਵਿੱਤਰ ਆਚਰਨ ਦੀ ਤਾਲੀਮ ਦਿੱਤੀ ਤੇ ਇਉਂ ਉਹ ਆਪਣੇ ਸਿੱਧੇ ਸਾਦੇ ਸੁਤੰਤਰ, ਬੇ ਤਅੱਸੁਬ ਅਤੇ ਫੋਕੀਆਂ ਰੀਤਾਂ ਰਸਮਾਂ ਤੋਂ ਆਜ਼ਾਦ ਸ਼ਰਧਾਲੂਆਂ ਦਾ ਸੋਹਣਾ ਪੰਥ ਬਣਾ ਗਏ, ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੀ ਮਹੱਤਤਾ ਨੂੰ ਇੰਜ ਸਥਾਪਿਤ ਕੀਤਾ ‘‘ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੨)

ਮਹਾਂਪੁਰਸ਼ਾਂ ਦੇ ਦਿਲਾਂ, ਦਿਮਾਗ਼ਾਂ ਜਾਂ ਪੁਸਤਕਾਂ, ਗ੍ਰੰਥਾਂ ਵਿੱਚ ਪਏ ਵੀਚਾਰ, ਵੀਚਾਰ ਹੀ ਹੁੰਦੇ ਹਨ ਪਰ ਜਦੋਂ ਇਹ ਵੀਚਾਰ ਆਮ ਜਨਤਾ ਦੀ ਸੋਚ ਵਿੱਚ ਧਸ ਜਾਣ ਤਾਂ ਉਹ ਇੱਕ ਭਾਰੀ ਇਨਕਲਾਬੀ ਤਾਕਤ ਦਾ ਰੂਪ ਧਾਰਨ ਕਰ ਲੈਂਦੇ ਹਨ, ਇਸ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹੋ ਬਾਣੀ ਭਾਵ ਸ਼ਬਦ ਹੀ ਗੁਰੂ ਹੈ, ਜਿਸ ਨੇ ਸਭ ਨੂੰ ਅਗਵਾਈ ਦੇਣੀ ਹੈ, ਫ਼ੁਰਮਾਨ ਕੀਤਾ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥’’ (ਮ:੧/੬੩੫)

ਗੁਰੂ ਅੰਗਦ ਦੇਵ ਜੀ ਨੇ ‘‘ਅੰਮ੍ਰਿਤ ਬਾਣੀ, ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ॥’’ (ਮ:੨/੧੨੪੩) ਰਾਹੀਂ ਇਸ ਆਦਰਸ਼ ਨੂੰ ਪ੍ਰਚਾਰਿਆ, ਤੀਸਰੇ ਸਤਿਗੁਰੂ ਜੀ ਨੇ ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ, ਲਾਗਿ ਸਵਾਰੀਆ॥’’ (ਮ:੩/੯੧੭) ਹੋਕਾ ਬਜਾਇਆ, ਪਾਤਿਸ਼ਾਹੀ ਚੌਥੀ ਨੇ‘‘ਸਤਿਗੁਰ ਬਚਨ, ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ॥’’ (ਮ:੪/੧੩੦੯) ਦੀ ਸਿੱਖਿਆ ਦਿੱਤੀ, ਪੰਜਵੇਂ ਗੁਰਦੇਵ ਗੁਰੂ ਅਰਜੁਨ ਦੇਵ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਦਾ ਹੋਕਾ ਦਿੱਤਾ ਕਿ ਭਾਈ ਮੈਨੂੰ, ਜੋ ਵੀ ਜੀਵਨ ਮਿਲਿਆ ਹੈ, ਉਸ ਦਾ ਸਾਧਨ ‘‘ਪੀਊ ਦਾਦੇ ਕਾ, ਖੋਲਿ ਡਿਠਾ ਖਜਾਨਾ॥ ਤਾ, ਮੇਰੈ ਮਨਿ; ਭਇਆ ਨਿਧਾਨਾ॥ (ਮ:੫/੧੮੬) ਹੀ ਹੈ।

ਇਸ ਲਈ ਆਪ ਜੀ ਨੇ ਜਿੱਥੇ ਮਾਨਵ ਭਲੇ ਹਿਤ ਧਰਮ ਪ੍ਰਚਾਰ ਨਾਲ ਪੀੜਤਾਂ ਦੀ ਸੇਵਾ-ਸੰਭਾਲ, ਨਗਰਾਂ ਦੀ ਉਸਾਰੀ ਤੇ ਹੋਰ ਸੇਵਾਵਾਂ ਨਿਭਾਈਆਂ, ਉੱਥੇ ਕੌਮ ਦੇ ਸਦੀਵ ਕਾਲ ਲਈ, ਸੱਚੀ ਆਦਰਸ਼ਵਾਦੀ ਸਿਰਜਣਾ ਵਾਸਤੇ ਕਦਮ ਉਠਾਦਿਆਂ ਹੋਇਆਂ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਸ਼ਬਦ ਦਾ ਸੰਗ੍ਰਹਿ ਕਰਕੇ ਪ੍ਰਕਾਸ਼ਨਾ, ਦਾ ਮਹਾਨ ਕਾਰਜ ਕੀਤਾ ਕਿਉਂਕਿ ਗੁਰੂ ਅਰਜੁਨ ਸਾਹਿਬ ਜੀ ਦੇ ਸਮੇਂ ਸਿੱਖਾਂ ਦੀ ਇੱਕ ਚੰਗੀ ਤਕੜੀ ਨਰੋਈ ਤੇ ਨਵੀਂ ਕਿਸਮ ਦੀ ਦੁਨੀਆ ਬਣ ਗਈ ਸੀ, ਜੋ ਹਿੰਦੂਆਂ ਤੇ ਮੁਸਲਮਾਨਾਂ ਤੋਂ ਬਿਲਕੁਲ ਨਿਵੇਕਲੀ ਤਰ੍ਹਾਂ ਦੀ ਸੀ। ਇਨ੍ਹਾਂ ਦੇ ਸਾਲਾਨਾ ਜੋੜ-ਮੇਲੇ, ਰੋਜ਼ਾਨਾ ਕਥਾ ਕੀਰਤਨ, ਸਾਂਝੇ ਲੰਗਰ ਆਦਿ ਸਭ ਧਰਮ ਕਰਮ ਨਿਰਾਲੇ ਹੀ ਦਿਸ ਰਹੇ ਸਨ, ਇਸ ਲਈ ਲੋੜ ਸੀ ਇੱਕ ‘ਸਾਂਝੇ ਧਰਮ ਮੰਦਿਰ’ ਅਤੇ ‘ਸਾਂਝੇ ਪਵਿੱਤਰ ਧਰਮ ਗ੍ਰੰਥ’ਦੀ। ਸਿੱਖ, ਠਾਕੁਰ ਦੁਆਰਿਆਂ, ਮਸਜਿਦਾਂ ਜਾਂ ਤੀਰਥ ਇਸਨਾਨਾਂ ਤੋਂ ਬਿਲਕੁਲ ਨਿਰਾਲੇ ਹੋ ਚੁੱਕੇ ਸਨ। ਉਨ੍ਹਾਂ ਨੂੰ ਲੋੜ ਸੀ, ਆਪਣੇ ਜੀਵਨ ਆਦਰਸ਼ਾਂ ਵਾਲੇ ਗ੍ਰੰਥ ਦੀ, ਭਾਵੇਂ ਸਿੱਖ ਸੰਗਤਾਂ ਕੋਲ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਮੌਜੂਦ ਸੀ, ਪਰ ਉਸ ਵਿੱਚ ਮਿਲਾਵਟ ਕੀਤੇ ਜਾਣ ਦਾ ਸਿਲਸਿਲਾ ਤੀਸਰੇ ਪਾਤਿਸ਼ਾਹ ਜੀ ਦੇ ਸਮੇਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਹੀ ਆਪ ਜੀ ਨੇ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ! ਗਾਵਹੁ ਸਚੀ ਬਾਣੀ॥ (ਮ:੩/੯੨੦)ਵਾਲੀ ਦ੍ਰਿੜ੍ਹਤਾ, ਸਿੱਖਾਂ ਅੰਦਰ ਪੈਦਾ ਕੀਤੀ, ਉੱਥੇ ਨਾਲ ਹੀ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ; ਕਚਂੀ, ਆਖਿ ਵਖਾਣੀ॥’’ (ਮ:੩/੯੨੦) ਦਾ ਐਲਾਨ ਵੀ ਕੀਤਾ, ਜਿਸ ਨੂੰ ਚੌਥੇ ਗੁਰਦੇਵ ਜੀ ਨੇ ‘‘ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ॥’’ (ਮ:੪/੩੦੪), ਦਾ ਨਿਰਣਾ ਦਰਜ ਕੀਤਾ ਗਿਆ। ਜਿੱਥੇ ਕਾਹਨਾ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿ ਅਖੌਤੀ ਭਗਤਾਂ ਨੇ ਗੁਰ ਸਾਹਿਬਾਨਾਂ ਦੁਆਰਾ ਉਚਾਰਨ ਕੀਤੀ ਗਈ ਬਾਣੀ ਤੇ ਅਸਲ ਭਗਤ ਬਾਣੀ ਦੇ ਆਦਰਸ਼ਾਂ ਨੂੰ ਮਿਲਗੋਭਾ, ਧੁੰਦਲਾ ਕਰਨ ਦਾ ਯਤਨ ਕੀਤਾ, ਉੱਥੇ ਘਰ ਵਿੱਚੋਂ ਹੀ ਵੱਡੇ ਭਰਾਤਾ ਬਾਬਾ ਪ੍ਰਿਥੀਚੰਦ ਜੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਗੁਰੂ ਘਰ ਦੀ ਨਾਕਾਬੰਦੀ, ਆਪਣੇ ਆਪ ਨੂੰ ਗੁਰੂ ਸਥਾਪਤ ਕਰਨ ਦਾ ਉਪਰਾਲਾ ਆਦਿ ਅਸਫਲ ਯਤਨ ਕੀਤੇ। ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਮੀਣਾ ਕਰਕੇ ਲਿਖਿਆ ਹੈ, ਜਿਸ ਦਾ ਅਰਥ ਹੈ ‘ਮਿਨ੍ਹਾ ਕਪਟੀ, ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ’, ਪਰ ਇਸ ਦੀ ਇਹ ਇੱਛਾ ਆਕਾਲ ਪੁਰਖ ਨੇ ਪੂਰੀ ਨਾ ਹੋਣ ਦਿੱਤੀ ਕਿਉਂਕਿ ਕੇਵਲ ਬਾਹਰਲੇ ਭੇਖ ਨਾਲ ਹੀ ਕੋਈ ‘ਗੁਰੂ’ ਨਹੀਂ ਬਣ ਜਾਂਦਾ। ਭਾਈ ਗੁਰਦਾਸ ਜੀ ਬਾਬਾ ਪ੍ਰਿਥੀ ਚੰਦ ਦੀ ਹਾਲਤ ਨੂੰ ਇੰਜ ਕਥਨ ਕਰਦੇ ਹਨ ‘‘ਪਹਿਨੇ ਪੰਜੇ ਕਪੜੇ ਪੁਰਸਾਵਾਂ ਵੇਸੁ। ਮੁਛਾ ਦਾੜ੍ਹੀ ਸੋਹਣੀ, ਬਹੁ ਦੁਰਬਲ ਵੇਸੁ। ਸੈ ਹਥਿਆਰੀ ਸੂਰਮਾ ਪੰਚੀਂ ਪਰਵੇਸੁ। ਮਾਹਰੁ ਦੜ ਦੀਬਾਣ ਵਿਚਿ, ਜਾਣੈ ਸਭੁ ਦੇਸੁ। ਪੁਰਖੁ ਨ ਗਣਿ ਪੁਰਖਤੁ ਵਿਣੁ, ਕਾਮਣਿ ਕਿ ਕਰੇਸੁ। ਵਿਣ ਗੁਣ, ਗੁਰੂ ਸਦਾਇਦੇ; ਕਉਣ ਕਰੈ ਅਦੇਸੁ॥’’ (ਭਾਈ ਗੁਰਦਾਸ ਜੀ, ਵਾਰ ੩੬ ਪਉੜੀ ੧੧)

ਇਸ ਕਰਕੇ ਬੰਸਾਵਲੀ ਨਾਮੇ ਦਾ ਕਰਤਾ ਭਾਈ ਕੇਸਰ ਸਿੰਘ ਛਿਬਰ ਲਿਖਦਾ ਹੈ ‘ਡੂਮ ਲਗੇ ਸਬਦ ਮੀਣਿਆ ਦੇਮਾਵਣ, ਦੁਯਾ ਦਰਬਾਰ ਵਡਾ ਗੁਰਿਆਈ ਦਾ ਲਗੇ ਲਾਵਣ। ਮੀਣਿਆ ਭੀ ਇਕ ਪੁਸਤਕ ਗ੍ਰੰਥ ਬਣਾਇਆ, ਚਹੁ ਪਾਤਸ਼ਾਹੀਆਂ ਦੇ ਸ਼ਬਦ ਬਾਣੀ ਲਿਖ ਪਾਇਆ।’

ਪਰ ਇਕ ਸਦੀਵੀ ਸੱਚ ਇਹੋ ਜਿਹੇ ਲਿਖਾਰੀਆਂ, ਅਖੌਤੀ ਵਿਦਵਾਨਾਂ ਬਾਰੇ ਸਾਹਿਬ ਜੀ ਨੇ ਉਜਾਗਰ ਕੀਤਾ ਹੈ ‘‘ਲਿਖਦਿਆ ਲਿਖਦਿਆ ਕਾਗਦ ਮਸੁ ਖੋਈ॥ ਦੂਜੈ ਭਾਇ, ਸੁਖੁ ਪਾਏ ਨ ਕੋਈ॥ ਕੂੜੁ ਲਿਖਹਿ ਤੈ ਕੂੜੁ ਕਮਾਵਹਿ, ਜਲਿ ਜਾਵਹਿ ਕੂੜਿ ਚਿਤੁ ਲਾਵਣਿਆ॥’’ (ਮ:੩/੧੨੩)

ਗੁਰੂ ਨਾਨਕ ਸਾਹਿਬ ਜੀ ਦੇ ‘‘ਸਬਦੁ ਗੁਰੁ ਪੀਰਾ॥’’ ਬਾਰੇ ਗੁਰੂ ਅਮਰਦਾਸ ਜੀ ਨੇ ‘ਸੋਰਠਿ ਕੀ ਵਾਰ’ ਵਿੱਚ ਬਚਨ ਕੀਤੇ ਕਿ ਹੇ ਭਾਈ! ਇਸ ਖਜ਼ਾਨੇ ਬਾਰੇ ਮੈ ਇਹ ਕਹਿਣਾ ਚਾਹੁੰਦਾ ਹਾਂ ਕਿ ‘‘ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭੋਜਨੁ ਅੰਮ੍ਰਿਤੁ ਸਾਰੁ॥ ਜਿਤੁ ਖਾਧੈ, ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ॥ ਇਹੁ ਭੋਜਨੁ ਅਲਭੁ ਹੈ; ਸੰਤਹੁ! ਲਭੈ, ਗੁਰ ਵੀਚਾਰਿ॥’’ (ਮ:੩/੬੪੫)

ਗੁਰੂ ਅਰਜੁਨ ਸਾਹਿਬ ਜੀ ਨੇ ਵੀ ਇਸ ਵੀਚਾਰ ਨੂੰ ਦੁਹਰਾਉਂਦਿਆਂ ‘ਮੁੰਦਾਵਣੀ’ ਦਰਜ ਕੀਤੀ, ਫ਼ੁਰਮਾਇਆ ਕਿ ‘‘ਥਾਲ ਵਿਚਿ ਤਿੰਨਿ ਵਸਤੂ ਪਈਓ,ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ॥’’ ਅਤੇ ਇਸ ਦੇ ਨਾਲ ਹੀ ਪ੍ਰੇਰਨਾ ਕੀਤੀ ਕਿ ‘‘ਏਹ ਵਸਤੁ, ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ॥’’ ਇਸ ਤੋਂ ਅਜਿਹੀ ਪਵਿੱਤਰ ਸੋਚਣੀ, ਦ੍ਰਿਸ਼ਟੀ ਮਿਲੇਗੀ, ਜਿਸ ਨਾਲ ‘‘ਤਮ ਸੰਸਾਰੁ ਚਰਨ ਲਗਿ ਤਰੀਐ, ਸਭੁ ਨਾਨਕ ਬ੍ਰਹਮ ਪਸਾਰੋ॥’’ (ਮ:੫/੧੪੨੯) ਨਜ਼ਰ ਆਏਗਾ।

ਇਸ ਬਾਣੀ ਦੀ ਨਿਰੋਲਤਾ ਨੂੰ ਕਾਇਮ ਰੱਖਣ ਲਈ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਸੰਚਤ ਕਰਕੇ ਇੱਕ ਬੀੜ ਬੰਨ੍ਹਣ ਦਾ ਉਪਰਾਲਾ ਕੀਤਾ। ਇਹ ਕਾਰਜ 1590 ਈ: ਵਿੱਚ ਹੀ ਆਰੰਭ ਕਰ ਦਿੱਤਾ ਗਿਆ ਸੀ। ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿੱਚ ‘ਭਾਈ ਹਰੀਆ, ਭਾਈ ਸੰਤਦਾਸ, ਭਾਈ ਸੁੱਖਾ ਤੇ ਭਾਈ ਮਨਸਾ ਰਾਮ ਜੀ’ (ਚਾਰ ਲਿਖਾਰੀ) ਲਿਖਣ ਦਾ ਕੰਮ ਕਰਦੇ ਸਨ। ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਵਿੱਚ ਪੋਥੀਆਂ ਲਿਖੀਆਂ ਜਾਣ ਦੇ ਕਾਰਜ ਨੂੰ, ਬੜਾ ਮਹੱਤਵ ਪੂਰਨ ਅੰਕਿਤ ਕੀਤਾ ‘‘ਗੁਰਮੁਖਿ ਹਥਿ ਸਕਥ ਹਨਿ, ਸਾਧਸੰਗਤਿ ਗੁਰ ਕਾਰ ਕਮਾਵੈ। .. ਗੁਰਬਾਣੀ ਲਿਖਿ ਪੋਥੀਆ, ਤਾਲ ਮ੍ਰਿਦੰਗ ਰਬਾਬ ਵਜਾਵੈ।’’ (ਭਾਈ ਗੁਰਦਾਸ ਜੀ, ਵਾਰ ੬ ਪਉੜੀ ੧੨), ‘‘ਪਾਂਧਾ ਬੂਲਾ ਜਾਣੀਐ, ਗੁਰਬਾਣੀ ਗਾਇਣੁ ਲੇਖਾਰੀ।’’ (ਭਾਈ ਗੁਰਦਾਸ ਜੀ, ਵਾਰ ੧੧ ਪਉੜੀ ੧੬)

ਇਹ ਸੀ ਮਹਾਨ ਕਾਰਜ, ਜੋ ਵਰਿਆਂ ਬੱਧੀ ਮਿਹਨਤ ਕਰਕੇ ਸੰਪੂਰਨ ਕੀਤਾ ਤੇ ਇਸ ਬਾਰੇ ਫ਼ੁਰਮਾਇਆ ਗਿਆ ਕਿ ਇਹ ਅੰਮ੍ਰਿਤ ਭੋਜਨ ਹੈ, ਜਿਸ ਨੂੰ ਧਾਰਨ ਕੀਤਿਆਂ ਹਮੇਸ਼ਾ ਤ੍ਰਿਪਤੀ ਮਿਲੇਗੀ। ਇਹ ਵਸਤੂ ਕਿਸੇ ਭੀ ਸਮੇਂ ਵਿਸਾਰੀ ਨਹੀਂ ਜਾ ਸਕੇਗੀ। ਦੁਨੀਆ ਦੇ ਗੁਰੂ ਪੀਰ ਜੰਮਦੇ ਮਰਦੇ ਰਹਿਣਗੇ ਪਰ ਇਹ ਬਾਣੀ ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ॥’’ (ਮ:੧/੬੬੦) ਅਤੇ ‘‘ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨਾ ਜਾਇ॥’’ (ਮ:੪/੭੫੯) ਦਾ ਡੰਕਾ ਬਜਾਉਂਦੀ ਰਹੇਗੀ, ਇਉਂ ਗੁਰੂ ਅਰਜੁਨ ਦੇਵ ਜੀ ਨੇ, ਜਿਨ੍ਹਾਂ ਮਹਾਨ ਆਦਰਸ਼ਾਂ ਦਾ ਜ਼ਿੰਦਗੀ ਭਰ ਪ੍ਰਚਾਰ ਕੀਤਾ, ਉਨ੍ਹਾਂ ਨੂੰ ਗ੍ਰੰਥ (ਪੋਥੀ ਰੂਪ) ਵਿੱਚ ਸਜਾਇਆ ਤੇ ਇਸ ਅਨੁਸਾਰ ਹੀ ਆਪਣਾ ਸਾਰਾ ਜੀਵਨ ਜੀਵਿਆ।

ਅਸੀਂ ਉਨ੍ਹਾਂ ਦੀ ਸ਼ਹੀਦੀ ਦੇ ਕੁਝ ਕਾਰਨ, ਜਿਵੇਂ ਕਿ ਬ੍ਰਾਹਮਣ, ਬੀਰਬਲ (ਮਹੇਸ਼ ਦਾਸ) (1528 ਤੋਂ 1585), ਸਖੀ ਸਰਵਰ ਦੀ ਗੱਦੀ, ਅਖੌਤੀ ਭਗਤ, ਚੰਦੂ ਸ਼ਾਹ, ਪ੍ਰਿਥੀ ਚੰਦ ਆਦਿ ਕਾਰਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਤਾਂ ਗੁਰਬਾਣੀ ਦੇ ਆਦਰਸ਼ਕ ਸਿਧਾਂਤ ਹਨ, ਜੋ ਸਰਬਤ ਦੇ ਭਲੇ ਭਾਵ ਸਾਂਝੀਵਾਲਤਾ ਲਈ ਹਨ, ਦੀ ਨਿਰੋਲਤਾ, ਪਵਿੱਤਰਤਾ ’ਤੇ ਕਾਇਮ ਰਹਿਣਾ ਹੀ ਸੀ। ਗੁਰੂ ਜੀ ਦਾ ਜੀਵਨ ਆਸ਼ਾ ਤਾਂ ‘‘ਪ੍ਰਭ ਜੀ!ਤਉ ਪ੍ਰਸਾਦਿ, ਭ੍ਰਮੁ ਡਾਰਿਓ॥ ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ, ਮਨ ਮਹਿ ਇਹੈ ਬੀਚਾਰਿਓ॥’’ (ਮ:੫/੫੨੯) ਦੇ ਸ਼ਬਦਾਂ ਵਿੱਚ ਬੜਾ ਨਿਰੋਲ ਤੇ ਪਵਿੱਤਰ ਸਪਸ਼ਟ ਹੈ। ਇਹ ਸਿਧਾਂਤ ਉਨ੍ਹਾਂ ਲਈ ਕੇਵਲ ਦਿਮਾਗ਼ੀ ਸਿਧਾਂਤ ਮਾਤ੍ਰ ਹੀ ਨਹੀਂ ਸਨ ਸਗੋਂ ਉਨ੍ਹਾਂ ਆਪਣੇ ਬਲਿਦਾਨ, ਕੁਰਬਾਨੀ ਰਾਹੀਂ ਇਹ ਸਪਸ਼ਟ ਕਰ ਦਿੱਤਾ ਕਿ ਬਾਣੀ ਦੇ ਇਨ੍ਹਾਂ ਆਦਰਸ਼ਾਂ ਲਈ ਕੇਵਲ ਜੀਵਿਆ ਹੀ ਨਹੀਂ ਜਾ ਸਕਦਾ ਬਲਕਿ ਮਰਿਆ ਵੀ ਜਾ ਸਕਦਾ ਹੈ ਤੇ ਸੱਚ ਮੁੱਚ ਤਸੀਹੇ ਸਹਾਰਦਿਆਂ ਤੇ ‘‘ਤੇਰਾ ਕੀਆ, ਮੀਠਾ ਲਾਗੈ॥’’ (ਮ:੫/੩੯੪) ਉਚਾਰਦਿਆਂ ਆਪਣੀ ਕੁਰਬਾਨੀ ਦਿੱਤੀ।

ਪੁਰਾਣੇ ਮੰਗੋਲੀਆ ਲੋਕ ਆਪਣੇ ਵਹਿਸ਼ੀਪੁਣੇ ਲਈ ਪ੍ਰਸਿੱਧ ਸਨ, ਉਨ੍ਹਾਂ ਦੀ ਰਾਜ ਡੰਡਾਵਲੀ, ਜੋ 1218 ਵਿੱਚ ਚੰਗੇਜ਼ ਖ਼ਾਂ ਵੱਲੋਂ ਬਣਾਈ ਗਈ ਨੂੰ, ਯਾਸਾ ਆਖਦੇ ਸਨ, ਇਸ ਕਾਨੂੰਨ ਦੀ ਖ਼ਾਸ ਗੱਲ ਇਹ ਸੀ ਕਿ ਕਿਸੇ ਧਾਰਮਿਕ ਵਡਿਆਈ ਵਾਲੇ ਮਨੁੱਖ ਦਾ ਲਹੂ ਨਾ ਡੋਲਿਆ ਜਾਵੇ, ਜੇ ਦੰਡ ਦੇਣਾ ਪਵੇ ਤਾਂ ਪਾਣੀ ਵਿੱਚ ਉਬਾਲ ਕੇ, ਦਰਿਆ ਵਿੱਚ ਰੋੜ ਕੇ, ਅੱਗ ਵਿੱਚ ਸਾੜ ਕੇ, ਮਾਰ ਮੁਕਾ ਦਿੱਤਾ ਜਾਵੇ। ਗੁਰੂ ਸਾਹਿਬ ਜੀ ਲਈ ਇਹੋ ਢੰਗ ਵਰਤਿਆ ਗਿਆ ਸੀ।

ਸਾਡੇ ਸਮਝਣ ਲਈ ਇਹ ਬੜੀ ਮਹੱਤਵ ਪੂਰਨ ਗੱਲ ਹੈ ਕਿ ਸਿੱਖੀ ਦਾ ਮੁੱਢ ਮੂਲ ਗੁਰਬਾਣੀ ਹੈ, ਦੂਜਾ ਇਤਿਹਾਸ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਨੇ ਜਾਂ ਸਾਡੇ ਪੁਰਖਿਆਂ ਨੇ ਪਿੱਛੇ ਕੀ ਕੀਤਾ ਤੇ ਸਿੱਖੀ ਦੀ ਸ਼ਾਨ ਕਾਇਮ ਰੱਖਣ ਲਈ ਕੀ ਨਹੀਂ ਕੀਤਾ। ਸਿੱਖ ਇਤਿਹਾਸ ਕੋਈ ਰਾਜੇ-ਰਾਣਿਆਂ ਦੀ ਕਹਾਣੀ ਨਹੀਂ ਹੈ, ਸਗੋਂ ਇਹ ਤਾਂ ਸਿੱਖੀ ਸਿਧਾਂਤਾਂ ਦਾ ਅਮਲੀ ਰੂਪ ਪੇਸ਼ ਕਰਕੇ ਦੱਸਦਾ ਹੈ ਕਿ ਇਸ ਦੇ ਪੈਰੋਕਾਰਾਂ ਨੇ ਨਾਮ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ, ਕਿਹੋ ਜਿਹੇ ਆਦਰਸ਼ਕ ਸ਼ਾਨਦਾਰ ਕਾਰਨਾਮੇ ਕੀਤੇ ਹਨ। ਸਾਨੂੰ ਇਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਾਡੇ ਬਜ਼ੁਰਗ ਕਿਵੇਂ ਜੀਵਨ ਦੀ ਸੁਤੰਤਰਤਾ, ਸਮਾਨਤਾ, ਸਵੈਮਾਨ ਤੇ ਸਰਬ ਕਲਿਆਣ ਹਿਤ, ਆਪਾ ਵਾਰਦੇ ਰਹੇ ਹਨ ਤੇ ਦੀਨ ਦੁਖੀਆਂ ਨੂੰ ਉਬਾਰਦੇ ਰਹੇ ਹਨ ‘‘ਆਪਿ ਮਰੈ, ਅਵਰਾ ਨਹ ਮਾਰੀ॥’’ (ਮ:੧/੩੫੬) ਦਾ ਗੁਰੂ ਸੰਦੇਸ਼, ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਸੀ, ਉਹ ਸਦਾ ਜ਼ਿੰਦਗੀ ਦੀ ਪ੍ਰਫੁੱਲਤਾ, ਪ੍ਰਸੰਨਤਾ, ਵਿਕਾਸ ਤੇ ਸਰਬਤ ਦੇ ਭਲੇ ਵਿੱਚ ਵਿਸਵਾਸ਼ ਰੱਖਦੇ ਸਨ।

ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ, ਸਿੱਖੀ ਦੀ ਨਿਰੋਲਤਾ, ਮਨੁੱਖੀ ਭਾਈਚਾਰੇ ਦੀ ਸਾਂਝੀਵਾਲਤਾ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ, ਜਿਸ ਨੇ ਮਨੁੱਖ, ਖ਼ਾਸ ਕਰਕੇ ਸਿੱਖੀ ਅੰਦਰ ਇੱਕ ਕ੍ਰਾਂਤੀ ਲੈ ਆਂਦੀ। ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ ਨੇ ਸਿੱਧ ਕਰ ਦਿੱਤਾ ਕਿ ਜਦੋਂ ਸਿੱਖ ਧਰਮ ਉੱਤੇ ਸਮਕਾਲੀ ਸਰਕਾਰ ਵੱਲੋਂ ਵਾਰ ਹੋਣ ਲੱਗੇ, ਤਦੋਂ ਲੋਕ ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆਇਆ, ਤਾਂ ਗੁਰੂ ਅਰਜੁਨ ਦੇਵ ਜੀ ਨੇ, ਲੋਕ ਵੈਰੀਆਂ ਦੀ ਧਾਰਮਿਕ ਤੰਗਦਿਲੀ ਨੂੰ ਹਲੂਣਿਆ, ਜ਼ਬਰ ਦਾ ਟਾਕਰਾ ਸਬਰ ਨਾਲ ਕਰਕੇ ਮਨੁੱਖਤਾ ਨੂੰ ਨਵੀਂ ਜੀਵਨ ਜਾਚ ਸਿਖਾਉਂਦੇ ਹੋਏ, ਆਪਣੇ ਸੱਚੇ ਆਦਰਸ਼ ਲਈ ਸ਼ਹੀਦ ਹੋ ਗਏ। ਮਨੁੱਖਤਾ ਦੇ ਇਤਿਹਾਸ ਵਿੱਚ ਇਹ ਸ਼ਹੀਦੀ ਇੱਕ ਇਨਕਲਾਬੀ ਮੋੜ ਦੀ ਸੂਚਕ ਸੀ/ਹੈ।

ਸਤਿਗੁਰੂ ਜੀ ਦੇ ਬਲਿਦਾਨ ਨੇ ਸੁੱਤੀ ਹੋਈ ਜਨਤਾ ਨੂੰ ਹਿਲੂਣ ਕੇ ਜਗਾ ਦਿੱਤਾ। ਆਪਣੇ ਹੱਕ ਦੀ ਰਾਖੀ, ਆਪ ਕਰਨ ਲਈ ਤਿਆਰ ਕਰ ਦਿੱਤਾ। ਲੋਕ ਇਸ ਨਤੀਜੇ ’ਤੇ ਪਹੁੰਚ ਗਏ ਕਿ ਨੇਕੀ ਤੇ ਧਰਮ ਦੀ ਰੱਖਿਆ ਲਈ ਤਾਕਤ ਤੇ ਸਿਆਸਤ ਦਾ ਲੋਕ ਹੱਥਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ।

ਜਿੱਥੇ ਗੁਰੂ ਜੀ ਨੇ ਆਪਣੇ ਜੀਵਨ ਭਰ ‘‘ਉਗਵਣਹੁ ਤੈ ਆਥਵਣਹੁ, ਚਹੁ ਚਕੀ ਕੀਅਨੁ ਲੋਆ॥’’ (ਬਲਵੰਡ ਸਤਾ/੯੬੮) ਅਨੁਸਾਰ ਗੁਰਮਤਿ ਦਾ ਪ੍ਰਕਾਸ਼ ਕੀਤਾ, ਉੱਥੇ ‘‘ਪ੍ਰਗਟ ਭਈ ਸਗਲੇ ਜੁਗ ਅੰਤਰਿ, ਗੁਰ ਨਾਨਕ ਕੀ ਵਡਿਆਈ॥’’ (ਮ:੫/੬੧੧) ਨੂੰ ਹੋਰ ਰੁਸ਼ਨਾ ਦਿੱਤਾ।

ਆਉ, ਅੱਜ ਅਸੀਂ ਵੀ ਪ੍ਰਣ ਕਰੀਏ ਕਿ ਜਿਹੜੀਆਂ ਤਾਕਤਾਂ ਗੁਰਮਤਿ ਆਦਰਸ਼ ਨੂੰ ਅੱਜ ਭੀ ਧੁੰਦਲਾ, ਮਿਲਗੋਭਾ ਤੇ ਨੇਸਤੋ-ਨਬੂਦ ਕਰਨ ਲਈ ਤੁਲੀਆਂ ਹੋਈਆਂ ਹਨ, ਉਨ੍ਹਾਂ ਤੋਂ ਕੌਮ ਨੂੰ ਬਚਾਉਣ ਲਈ ਯਤਨਸ਼ੀਲ ਹੋਈਏ। ਸਾਡੀ ਜ਼ਿੰਦਗੀ ਦਾ ਆਦਰਸ਼ ਵੀ ‘‘ਸੇਵਕ ਕੀ, ਓੜਕਿ ਨਿਬਹੀ ਪ੍ਰੀਤਿ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ॥’’ (ਮ:੫/੧੦੦੦) ਬਣ ਸਕੇ।