ਗੁਰਬਾਣੀ ਵਿੱਚ ਅਮ੍ਰਿਤ ਦਾ ਸੰਕਲਪ

0
786

ਗੁਰਬਾਣੀ ਵਿੱਚ ਅਮ੍ਰਿਤ ਦਾ ਸੰਕਲਪ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

‘ਮ੍ਰਿਤ’ ਸ਼ਬਦ ਨਾਲ ‘ਅ’ ਅਗੇਤਰ ਲਗਾ ਕੇ ‘ਅਮ੍ਰਿਤ’ ਸ਼ਬਦ ਬਣਿਆ ਹੈ। ਇਹ ਮ੍ਰਿਤੂ ਜਾਂ ਮੌਤ ਦਾ ਨਾਂਹ ਵਾਚਕ ਸ਼ਬਦ ਹੈ, ਜਿਸ ਦਾ ਭਾਵ ਹੈ ਮੌਤ ਰਹਿਤ, ਮਿੱਟੀ ਰਹਿਤ, ਅਰਥਾਤ ਉਹ ਹਸਤੀ ਜੋ ਮਿੱਟੀ ਦੀ ਨਹੀਂ ਬਣੀ ਹੋਈ ਜਾਂ ਜਿਸ ਦੀ ਕਦੇ ਮ੍ਰਿਤੂ ਨਹੀਂ ਹੋਣੀ ਭਾਵ ‘ਪਰਮਾਤਮਾ’।

ਦੂਸਰਾ, ਅਮ੍ਰਿਤ ਉਸ ਪਦਾਰਥ ਨੂੰ ਵੀ ਕਹਿੰਦੇ ਹਨ ਜਿਸ ਦੇ ਖਾਧਿਆਂ ਜੀਵ ਦੇ ਅਮਰ ਹੋ ਜਾਣ ਦੀ ਕਲਪਨਾ ਕੀਤੀ ਜਾਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਦਾ ਹਰ ਇਕ ਪਦਾਰਥ ਮਿੱਟੀ ਤੋਂ ਪੈਦਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ (ਮਿੱਟੀ ਵਿੱਚ) ਨਾਸ਼ ਹੋ ਜਾਂਦਾ ਹੈ, ਅੰਤ ਮਿੱਟੀ ਦਾ ਰੂਪ ਧਾਰ ਕੇ ਮੁੜ ਮਿੱਟੀ ਵਿੱਚ ਸਮਾ ਜਾਂਦਾ ਹੈ। ਬਾਕੀ ਪਦਾਰਥਾਂ ਤੇ ਜੀਵਾਂ ਦੇ ਨਾਲ ਨਾਲ ਮਨੁੱਖੀ ਸਰੀਰਾਂ ’ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ:‘‘ਕਬੀਰਾ! ਧੂਰਿ ਸਕੇਲਿ ਕੈ, ਪੁਰੀਆ ਬਾਂਧੀ ਦੇਹ॥ ਦਿਵਸ ਚਾਰਿ ਕੋ ਪੇਖਨਾ, ਅੰਤਿ ਖੇਹ ਕੀ ਖੇਹ॥’’ (ਭਗਤ ਕਬੀਰ/੧੩੭੪)

ਕਾਦਰ ਦੀ ਰਚਨਾ ਵਿੱਚ ਪੈਦਾ ਹੋਏ ਮਨੁੱਖ ਨੇ ਜਦੋਂ ਅੱਖ ਖੋਲ੍ਹੀ ਤਾਂ ਕੁਦਰਤ ਦੀ ਸੁੰਦਰਤਾ ਨੇ ਇਸ ਨੂੰ ਐਸਾ ਮੋਹਿਆ ਕਿ ‘‘ਵਿਚਹੁ, ਗਰਭੈ ਨਿਕਲਿ ਆਇਆ॥ ਖਸਮੁ ਵਿਸਾਰਿ, ਦੁਨੀ ਚਿਤੁ ਲਾਇਆ॥’’ (ਮ:੫/੧੦੦੭) ਅਨੁਸਾਰ ‘‘ਹੁਕਮਿ ਰਜਾਈ ਚਲਣਾ॥’’ ਭੁੱਲ ਗਿਆ, ਅਤੇ ‘‘ਆਕੀ ਮਰਹਿ ਅਫਾਰੀ॥’’ ਦੇ ਮਾਰਗ ’ਤੇ ਚੱਲ ਕੇ, ਹੁਕਮ ਤੋਂ ਬਾਗ਼ੀ ਹੋ ਗਿਆ। ‘‘ਪਹਿਲਾ ਮਰਣ ਕਬੂਲਿ॥’’ ਕਰਕੇ ਆਇਆ ਮਨੁੱਖ ‘‘ਮਰਣੁ ਮਨਹੁ ਵਿਸਾਰਿਆ॥’’ ਹੋ ਗਿਆ। ਕੇਵਲ ਇਸ ਨੂੰ ‘‘ਖਾਣਾ ਪੀਣਾ ਹਸਣਾ ਸਉਣਾ॥’’ ਚੇਤੇ ਰਹਿ ਕੇ ‘‘ਵਿਸਰਿ ਗਇਆ ਹੈ ਮਰਣਾ॥’’ ਭਾਵ ਮੌਤ (ਜੀਵਨ ਦਾ ਅੰਤ) ਹੀ ਭੁੱਲ ਗਿਆ। ਮਨੁੱਖ ਹਰ ਉਹ ਉਪਰਾਲਾ ਸੋਚਣ ਤੇ ਕਰਨ ਲੱਗਾ ਜਿਸ ਨਾਲ ਇਸ ਨੂੰ ਮੌਤ ਦਾ ਸਾਹਮਣਾ ਨਾ ਕਰਨਾ ਪਵੇ, ਜ਼ਿੰਦਗੀ ਅੰਦਰ‘ਮ੍ਰਿਤੂ’ ਇਸ ਮਨੁੱਖ ਨੂੰ ਸਭ ਤੋਂ ਵੱਡਾ ‘ਦੁਸ਼ਮਣ’ ਜਾਪਣ ਲੱਗੀ। ਸ੍ਰਿਸ਼ਟੀ ਦੀਆਂ ਬਾਕੀ ਜੂਨਾਂ ਨੇ ਤਾਂ ਬੇਬਸੀ ਜਾਂ ਅਗਿਆਨਤਾ ਕਾਰਨ ਇਸ ਚੱਕਰ (ਮੌਤ-ਦੁਸ਼ਮਣ) ਤੋਂ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ ਪਰ ਮਨੁੱਖ ਨੇ ਜਦੋਂ ਆਪਣੇ ਆਲੇ ਦੁਆਲੇ ਮੌਤ ਵਾਪਰਦੀ ਵੇਖੀ ਤਾਂ ਇਸ ਨੂੰ ਗਿਆਨ ਹੋਇਆ ਕਿ ਸੰਸਾਰ ਵਿੱਚ ਇਹ ਵੀ ਕੇਵਲ ਚਾਰ ਦਿਨ ਦਾ ਹੀ ਪ੍ਰਾਹੁਣਾ ਹੈ, ਕਿਸੇ ਨਾ ਕਿਸੇ ਦਿਨ ਮੌਤ ਨੇ ਇਸ ਨੂੰ ਵੀ ਦਬੋਚ ਲੈਣਾ ਹੈ, ਤਾਂ ਮਨੁੱਖ ਮੌਤ ਤੋਂ ਰਾਖੀ ਕਰਨ ਵਾਲੀ ਕਿਸੇ ਵਸਤੂ ਦੀ ਖੋਜ ਕਰਨ ਵਿੱਚ ਰੁੱਝ ਗਿਆ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਵੱਖ-ਵੱਖ ਉਪਰਾਲੇ ਕੀਤੇ, ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਅਜਿਹੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲੇ ਉਸਾਰੇ, ਕਦੇ ਅਜਿਹੀਆਂ ਔਸ਼ਧੀਆਂ ਦੀ ਖੋਜ, ਕਦੇ ਧਨੰਤਰ ਵੈਦ ਨੂੰ ਲੱਭਣ ਦਾ ਯਤਨ ਕੀਤਾ। ਇੱਥੋਂ ਤਕ ਕਿ ‘ਅਮਰ ਕਰਨ ਵਾਲੇ ਅਮ੍ਰਿਤ’ ਦੀ ਖੋਜ ਲਈ ਦੇਵਤੇ ਤੇ ਦੈਂਤ ਵੀ ਵਿਆਕੁਲ ਹੀ ਰਹੇ, ਉਹਨਾਂ ਨੇ ‘ਅਮ੍ਰਿਤ’ ਦੀ ਪ੍ਰਾਪਤੀ ਲਈ ਖੀਰ ਸਮੁੰਦਰ ਰਿੜਕ ਛੱਡਿਆ। ਜਿਸ ਵਿੱਚੋਂ ‘ਅਮ੍ਰਿਤ’, ਧਨੰਤਰ ਵੈਦ ਸਹਿਤ ਚੌਦ੍ਹਾਂ ਰਤਨ ਕੱਢੇ ਤੇ ਭਾਈ ਗੁਰਦਾਸ ਜੀ ਨੇ ਇਸ ਮਿਥ ਨੂੰ ਵਾਰ ਨੰ: 26 ਦੀ ਪਉੜੀ ਨੰ: 23 ਵਿੱਚ ਇੰਝ ਅੰਕਿਤ ਕੀਤਾ ਹੈ: ‘‘ਖੀਰ ਸਮੁੰਦੁ ਵਿਰੋਲਿ ਕੈ, ਕਢਿ ਰਤਨ ਚਉਦਹ ਵੰਡਿ ਲੀਤੇ। ਮਣਿ ਲਖਮੀ ਪਾਰਜਾਤ ਸੰਖੁ, ਸਾਰੰਗ ਧਣਖੁ ਬਿਸਨੁ ਵਸਿ ਕੀਤੇ। ਕਾਮਧੇਣੁ ਤੇ ਅਪਛਰਾਂ, ਐਰਾਪਤਿ ਇੰਦ੍ਰਾਸਣਿ ਸੀਤੇ। ਕਾਲਕੂਟ ਤੇ ਅਰਧ ਚੰਦੁ, ਮਹਾਂਦੇਵ ਮਸਤਕਿ ਧਰਿ ਪੀਤੇ।ਘੋੜਾ ਮਿਲਿਆ ਸੂਰਜੈ, ਮਦੁ ਅੰਮ੍ਰਿਤ ਦੇਵ ਦਾਨਵ ਰੀਤੇ। ਕਰੇ ਧਨੰਤਰੁ ਵੈਦਗੀ, ਡਸਿਆ ਤੱਛਕਿ ਮਤਿ ਬਿਪਰੀਤੇ।’’ (ਵਾਰ ੨੬ ਪਉੜੀ ੨੩)

ਭਾਈ ਗੁਰਦਾਸ ਜੀ ਨੇ ਪਉੜੀ ਦੀਆਂ ਆਖਰੀ ਪੰਕਤੀਆਂ ਵਿੱਚ ਗੁਰਮਤਿ ਸਮਝਾਉਂਦਿਆਂ ਕਥਨ ਕੀਤਾ ਹੈ ਕਿ ਇਸ ਮਿੱਥ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਉਪਦੇਸ਼ ਰੂਪ ਸਾਗਰ ਵਿੱਚੋਂ ਕੇਵਲ ਚੌਦ੍ਹਾਂ ਰਤਨ ਨਹੀਂ ਬਲਕਿ ਅਣਗਿਣਤ ਦੈਵੀ ਗੁਣ ਰੂਪ ਰਤਨ ਸਿੱਖ ਦੀ ਮਤਿ ਵਿੱਚ ਪ੍ਰਗਟ ਹੁੰਦੇ ਹਨ ਇਸ ਲਈ ਸਿੱਖ ਤੇ ਸਤਿਗੁਰੂ ਜੀ ਦੀ ਹੀ ਸੱਚੀ ਪ੍ਰੀਤ ਹੈ। ਕਥਨ ਇੰਝ ਹੈ: ‘‘ਗੁਰ ਉਪਦੇਸੁ ਅਮੋਲਕਾ, ਰਤਨ ਪਦਾਰਥ ਨਿਧਿ ਅਗਣੀਤੇ। ਸਤਿਗੁਰ ਸਿਖਾ ਸਚੁ ਪਰੀਤੇ॥ ੨੩॥’’ (ਵਾਰ ੨੬ ਪਉੜੀ ੨੩)

ਉਪਰੋਕਤ ਬਿਆਨ ਕੀਤੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਮਨੁੱਖ ਹਰ ਵਾਰੀ ਮੌਤ ਅੱਗੇ ਹਾਰ ਜਾਂਦਾ ਰਿਹਾ। ਇਹ ਲੜਾਈ ਅੱਜ ਵੀ ਜਾਰੀ ਹੈ। ਸੰਸਾਰ ਅੰਦਰ ਦੋ ਤਰ੍ਹਾਂ ਦੀ ਵੀਚਾਰਧਾਰਾ ਦੇ ਲੋਕ ਹਨ ਇਕ ਉਹ ਜਿਹੜੇ ‘‘ਦਾਤਿ ਪਿਆਰੀ ਵਿਸਰਿਆ ਦਾਤਾਰਾ॥’’ (ਮ:੫/੬੭੬) ਅਨੁਸਾਰ ਪ੍ਰਮਾਤਮਾ ਅਤੇ ਮੌਤ ਵੱਲੋਂ ਅਚੇਤ ਹੋ ਕੇ ਜ਼ਿੰਦਗੀ ਜੀਅ ਰਹੇ ਹਨ, ਕੇਵਲ ਜਿਉਣਾ ਹੀ ਚਾਹੁੰਦੇ ਹਨ, ਮਰਨਾ ਨਹੀਂ। ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਨੂੰ ਸੰਸਾਰ ਰਿਸ਼ੀ ਮੁਨੀ ਦੇਵਤੇ ਮੰਨਦਾ ਹੈ, ਇਨ੍ਹਾਂ ਨੂੰ ਮਨੁੱਖਾ ਦੇਹੀ ਦਾ ਇਹ ਗਿਆਨ ਹੋਇਆ ਕਿ ਇਹ ਜੀਵ ‘‘ਕਹੁ ਕਬੀਰ ਹਮ ਰਾਮ ਕੀ ਅੰਸ॥’’ ਹੈ। ਜੀਵ ਨੂੰ ਮਨੁੱਖਾ ਜੀਵਨ ਤੋਂ ਪਹਿਲਾਂ ਕਈ ਜੂਨਾਂ ਵਿੱਚ ਭਟਕਣਾ ਪਿਆ ਹੈ। ਪਾਵਨ ਫੁਰਮਾਨ ਹੈ: ‘‘ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥’’ (ਮ:੫/੧੭੬)

ਗਿਆਨਵਾਨਾਂ ਨੂੰ ਇਹ ਸੋਝੀ ਹੋਈ ਕਿ ਜੋ ਮਨੁੱਖਾ ਦੇਹੀ ਮਿਲੀ ਹੈ, ਇਹ ਹੀ ਪ੍ਰਭੂ ਨੂੰ ਮਿਲਣ ਦੀ ਪਉੜੀ ਹੈ, ਜਿਹੜਾ ਬੰਦਾ ਇਸ ਪਉੜੀ ਤੋਂ ਤਿਲਕ (ਡਿੱਗ) ਪੈਂਦਾ ਹੈ ਉਹ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ॥’’ (ਮ:੫/੧੦੭੫) ਅਨੁਸਾਰ ਆਵਾਗਵਣ ਦੇ ਚੱਕਰ ਵਿੱਚ ਡਿੱਗ ਪੈਂਦਾ ਹੈ।

ਗੱਲ ਕੀ ਦੋਵੇਂ ਤਰ੍ਹਾਂ ਦੇ ਲੋਕ ਜਦੋਂ ਤੋਂ ਸੰਸਾਰ ਬਣਿਆ ਹੈ ਇਸ ‘ਅਮਰ ਕਰਨ ਵਾਲੇ ਅਮ੍ਰਿਤ’ ਦੀ ਖੋਜ ਕਰਦੇ ਆ ਰਹੇ ਹਨ। ‘ਅਮ੍ਰਿਤ’ ਜਾਂ ‘ਅਮ੍ਰਿਤ ਫਲ’ਦੀ ਖੋਜ ਵਿੱਚ ਮਨੁੱਖ ਨੇ ਸਮੁੰਦਰਾਂ ਪਰਬਤਾਂ ਜੰਗਲਾਂ ਆਦਿ ਨੂੰ ਗਾਹ ਮਾਰਿਆ ਅਤੇ ਹੁਣ ਵੀ ਸਾਇੰਸਦਾਨ ਇਸੇ ਦੀ ਖੋਜ ਵਿੱਚ ਲੱਗੇ ਹੋਏ ਹਨ। ਭੋਲੇ ਲੋਕ ਇਹ ਨਹੀਂ ਜਾਣਦੇ ਕਿ ‘ਅਮ੍ਰਿਤ’ ਰੂਪ ਵਸਤੂ, ਜੋ ਮਿੱਟੀ ਪਦਾਰਥ ਜਾਂ ਤੱਤਾਂ ਤੋਂ ਨਹੀਂ ਬਣੀ ਉਹ ਸਮੁੰਦਰਾਂ ਵਣਾਂ ਪਰਬਤਾਂ ਜਾਂ ਪਦਾਰਥਾਂ ਵਿੱਚੋਂ ਨਹੀਂ ਮਿਲ ਸਕਦੀ। ਸਮੁੰਦਰ ਵਿੱਚੋਂ ਮਿਲਿਆ ‘ਅਮ੍ਰਿਤ ਜਲ’ ਜਾਂ ਕਿਸੇ ਪਰਬਤ ਤੋਂ ਲੱਭੀ ‘ਸੰਜੀਵਨੀ ਬੂਟੀ’ ਜਾਂ ‘ਅਮ੍ਰਿਤ ਫਲ’ ਕਿਸੇ ਬੰਦੇ ਦੇ ਮਨੋਂ ‘ਮ੍ਰਿਤੂ’ ਨੂੰ ਭਾਵੇਂ ਕੁਝ ਸਮੇਂ ਲਈ ਟਾਲ ਦੇਣ ਪਰ ਉਹ ਅਖੌਤੀ ‘ਅਮ੍ਰਿਤ’ ਜਾਂ ‘ਅਮ੍ਰਿਤ-ਫਲ’ ਆਪ ਕਿਸੇ ਤੱਤ ਜਾਂ ਮਿੱਟੀ ਤੋਂ ਬਣਿਆ ਹੈ ਇਸ ਲਈ ਉਹ ਬੰਦੇ ਨੂੰ ਮਿੱਟੀ ਰਹਿਤ ਨਹੀਂ ਕਰ ਸਕਦਾ।

ਦੁਨੀਆਂ ਦਾ ਕੋਈ ਐਸਾ ਤੱਤ ਜਾਂ ਪਦਾਰਥ ਨਹੀਂ, ਜੋ ਦੂਸਰੇ ਤੱਤ ਨਾਲ ਮਿਲ ਕੇ ਆਪਣਾ ਤੇ ਦੂਸਰੇ ਦਾ ਵਿਨਾਸ਼ ਕਰ ਸਕੇ ਸਗੋਂ ਇਕ ਤੱਤ ਦੂਜੇ ਤੱਤ ਨਾਲ ਮਿਲ ਕੇ ਨਵੀਂ ਸਿਰਜਨਾ ਕਰ ਦਿੰਦਾ ਹੈ ਜਿਵੇਂ ਕਿ ‘ਹਾਈਡਰੋਜਨ ਗੈਸ’, ‘ਆਕਸੀਜਨ ਗੈਸ’ ਨਾਲ ਮਿਲ ਕੇ ‘ਪਾਣੀ’ ਨੂੰ ਪੈਦਾ ਕਰਦੀ ਹੈ। ‘ਕਾਸਟਕ ਸੋਡਾ’, ‘ਤੇਲ’ ਨਾਲ ਮਿਲ ਕੇ ‘ਸਾਬਣ’ ਬਣ ਜਾਂਦਾ ਹੈ।

ਇਸ ਲਈ ਦੁਨੀਆਂ ਅੰਦਰ ਅਜਿਹੇ ਪਦਾਰਥ ਤਾਂ ਹਨ, ਜੋ ਕਿਸੇ ਦੇ ਜੀਵਨ ਨੂੰ ਤੰਦਰੁਸਤ ਕਰ ਸਕਣ ਪਰ ਉਹ ਕਿਸੇ ਨੂੰ ‘ਅਬਿਨਾਸ਼ੀ’ ਨਹੀਂ ਬਣਾ ਸਕਦੇ, ਜਿਵੇ ਲੱਕੜੀ ਅਤੇ ਗਾਰੇ ਦੀ ਥਾਂ ‘ਸੀਮਿੰਟ’ ਅਤੇ ‘ਲੋਹਾ’ ਵਰਤਿਆਂ ਕਿਸੇ ‘ਮਕਾਨ’ ਦੀ ਉਮਰ ਬੇਸ਼ਕ ਵਧ ਜਾਂਦੀ ਹੈ ਪਰ ਉਹ (ਮਕਾਨ) ਕਦੇ ਅਬਿਨਾਸ਼ੀ ਹੋ ਸਕੇ, ਇਹ ਗੱਲ ਅਸੰਭਵ ਹੈ। ਇਹੀ ਕਾਰਨ ਹੈ ਕਿ ਅੱਜ ਤਕ ਕੋਈ ਪੀਰ, ਪੈਗੰਬਰ, ਰਾਜਾ, ਮਹਾਰਾਜਾ, ਸੂਰਬੀਰ ਆਦਿ ਮੌਤ ਜਾਂ ਕਾਲ ਨੂੰ ਨਹੀ ਜਿੱਤ ਸਕਿਆ। ‘ਹਰਨਾਕਸ਼’ ਤੇ ‘ਰਾਵਣ’ ਵਰਗਿਆਂ ਦੀ ਬੰਦਗੀ ਦਾ ਮਕਸਦ ਵੀ ਇਹੋ ਸੀ ਕਿ ਮੈਂ ਕਦੇ ਨਾਂ ਮਰਾਂ, ਹਰ ਵਾਰੀ ਇਹੋ ਜਿਹੇ ਲੋਕ ਮੌਤ ਅੱਗੇ ਹਾਰਦੇ ਗਏ। ਆਪੋ ਆਪਣੇ ਖਿਆਲਾਂ ਵਿੱਚ ਨਾਮ ਭਾਵੇ ਅਲੱਗ ਹਨ, ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਕਹੇ ਜਾਂ ਅਮ੍ਰਿਤ ਆਖਿਆ ਜਾਏ, ਪਰ ਭਾਵਨਾ ਸਭ ਪਿੱਛੇ ਇੱਕੋ ਹੀ ਹੈ ਕਿ ‘ਮ੍ਰਿਤੂ’ ਤੋਂ ਬਚਾਅ ਕਿਵੇਂ ਹੋਵੇ ?

ਗੁਰਮਤਿ ਦੀ ਰੋਸ਼ਨੀ ਵਿੱਚ ਜਿੱਥੇ ਹਰ ਅਸੂਲ ਰੱਬੀ ਰਜ਼ਾ ਅਨੁਸਾਰ ਚੱਲ ਰਿਹਾ ਹੈ ਉੱਥੇ ‘ਅਮ੍ਰਿਤ’ ਦੀ ਵੀਚਾਰਧਾਰਾ ਵੀ ਨਿਰਾਲੀ ਹੈ, ਜਦੋਂ ਸਿੱਖ;‘ਅਮ੍ਰਿਤ’ ਦੀ ਦਾਤਿ ਲੈਣ ਲਈ ਗੁਰੂ ਚਰਨਾਂ ਵਿੱਚ ਪੁੱਜਦਾ ਹੈ ਤਾਂ ਇਸ ਨੂੰ ਪਹਿਲਾ ਸਬਕ ਹੀ ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥’’ (ਮ:੫/੧੧੦੨) ਦਾ ਦਿੱਤਾ ਜਾਂਦਾ ਹੈ ਕਿ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ ਮੁੱਕ ਜਾਏਗੀ, ਇਹ ‘ਮੌਤ’ ਨਹੀਂ ਬਲਕਿ ਇਸ ਨੂੰ ਗੁਰਮਤਿ ਭਾਸ਼ਾ ਵਿੱਚ ‘ਨਿਜ ਘਰ’ ਜਾਣਾ ਆਖਿਆ ਗਿਆ ਹੈ। ਗੁਰਮਤਿ ਨੇ ਜਿੱਥੇ ਜੁਗਾਂ ਜੁਗੰਤਰਾਂ ਤੋਂ ਮੰਨੇ ਜਾਂਦੇ ‘ਅਮ੍ਰਿਤ’ ਦੀ ਗੱਲ ਕੀਤੀ ਹੈ, ਉੱਥੇ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ॥’’ ਫੁਰਮਾਨ ਕਰਕੇ ਸ਼ਪੱਸਟ ਕੀਤਾ ਹੈ ਕਿ ‘ਅਸਲ ਅਮ੍ਰਿਤ’ ਦੀ ਦਾਤਿ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਵੀ ਇਸ ਤਰ੍ਹਾਂ ਹੈ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ, ਗੁਰ ਪਾਹੀ ਜੀਉ॥’’ (ਮ:੧/੫੯੮) ‘ਅਮ੍ਰਿਤ’ ਦਾ ਧਾਰਨੀ ‘‘ਛੋਡਹੁ ਵੇਸੁ ਭੇਖ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀ ਜੀਉ॥’’ (ਮ:੧/੫੯੮) ਦਾ ਪਾਂਧੀ ਬਣਕੇ ਹੀ, ਬਣਿਆ ਜਾ ਸਕਦਾ ਹੈ। ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ, ਮਿਲਿ ਪੀਵਹੁ ਭਾਈ॥’’ (ਮ:੫/੩੧੮) ਅਨੁਸਾਰ ਪ੍ਰਭੂ ਨਾਮ ਹੀ ‘ਅਸਲ ਅਮ੍ਰਿਤ’ ਹੈ, ਇਸ ਦਾ ਟਿਕਾਣਾ ‘‘ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ॥ ਦੇਹੀ ਮਹਿ, ਇਸ ਕਾ ਬਿਸ੍ਰਾਮੁ॥’’ (ਮ:੫/੨੯੩) ਹੈ। ਸਾਡੀ ਇਸ ਦੇਹੀ ਵਿੱਚੋਂ ‘ਅਮ੍ਰਿਤ’ ਦੀ ਪ੍ਰਾਪਤੀ ਕਿਵੇਂ ਹੋਵੇ? ਇਸ ਸਵਾਲ ਅਤੇ ਪ੍ਰਾਪਤੀ ਦੇ ਸਾਧਨ ਨੂੰ, ਇੰਝ ਅੰਕਿਤ ਕੀਤਾ ਗਿਆ ਹੈ ‘‘ਕਾਇਆ ਨਗਰ ਮਹਿ ਰਾਮ ਰਸੁ ਊਤਮੁ, ਕਿਉ ਪਾਈਐ ਉਪਦੇਸੁ ਜਨ ਕਰਹੁ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ, ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ॥’’ (ਮ:੪/੮੦੦), ‘‘ਅੰਮ੍ਰਿਤ ਬਾਣੀ ਤਤੁ ਵਖਾਣੀ॥’’ ਜਾਂ ‘‘ਵਿਚਿ ਬਾਣੀ ਅੰਮ੍ਰਿਤੁ ਸਾਰੇ॥’’ ਅਨੁਸਾਰ ਬਾਣੀ ਹੀ ‘ਅਮ੍ਰਿਤ’ ਹੈ ਤੇ ਇਸ ਦੀ ‘ਸੰਭਾਲ’ ਵੀ ਗੁਰਬਾਣੀ ਵਿੱਚੋਂ ਹੀ ਕਰਨੀ ਹੈ। ਪੰਚਮ ਪਿਤਾ ਜੀ ਨੇ ਫ਼ੁਰਮਾਇਆ ਹੈ ਕਿ ‘‘ਹਮਾਰੀ ਪਿਆਰੀ ਅਮ੍ਰਿਤ ਧਾਰੀ; ਗੁਰਿ, ਨਿਮਖ ਨ ਮਨ ਤੇ ਟਾਰੀ ਰੇ॥’’ (ਮ:੫/੪੦੪)

ਮਨੁੱਖਤਾ ਨੂੰ ‘ਅਮ੍ਰਿਤ ਮਈ ਜੀਵਨ’ ਦੇਣ ਲਈ ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਤਕ ‘ਚਰਣ ਪਾਹੁਲ’ ਦੀ ਮਰਿਆਦਾ ਚੱਲਦੀ ਰਹੀ ‘‘ਚਰਨ ਧੋਇ ਰਹਿਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ॥’’ ਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਗੁਰਮਤਿ ਰੋਸ਼ਨੀ ਵਿੱਚ‘ਚਰਨ ਪਾਹੁਲ’ ਦਾ ਭਾਵ ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ, ਨਾਨਕ! ਬਾਂਧਿਓ ਪਾਲ॥’’ (ਮ:੫/੬੮੦) ਬੜਾ ਸਪਸ਼ਟ ਹੈ।

1699 ਦੀ ਵਿਸਾਖੀ ਨੂੰ ਦਸਮ ਪਿਤਾ ਜੀ ਨੇ ‘ਖੰਡੇ ਬਾਟੇ ਦੀ ਪਾਹੁਲ’ ਦਾ ਨਿਯਮ ਬਖਸ਼ਿਆ ਜੋ ‘ਗੁਰੂ ਗ੍ਰੰਥ’ ਤੇ ‘ਪੰਥ’ ਦੀ ਹਜ਼ੂਰੀ ਵਿੱਚ ‘ਸਿੱਖ’ ਨੂੰ ਬਖਸ਼ਿਸ਼ ਹੁੰਦਾ ਹੈ ਆਪ ਜੀ ਨੇ ਜਾਤਾਂ ਪਾਤਾਂ, ਅਮੀਰ ਗਰੀਬ, ਊਚ ਨੀਚ ਆਦਿ ਦਾ ਭੇਦ ਭਾਵ ਖ਼ਤਮ ਕਰ ਕੇ ਇੱਕੋ ਬਾਟੇ ਵਿੱਚ ਪੰਜ ਪਿਆਰਿਆਂ ਨੂੰ‘ਅਮ੍ਰਿਤਪਾਨ’ ਕਰਵਾਇਆ ਤੇ ਫਿਰ ਉਹੀ ਬਾਟਾ ਆਪ ਪੰਥ ਨਾਲ ਸਾਂਝਾ ਕੀਤਾ। ਜਿਹੜੇ ਲੋਕ ਕਦੀ ਨਿਮਾਣੇ ਤੇ ਨਿਤਾਣੇ ਸਨ ਅੱਜ ‘‘ਖਾਲਸਾ ਮੇਰੋ ਰੂਪ ਹੈ ਖਾਸ॥’’ ਬਣ ਗਏ। ਗੁਰੂ ਨੇ ਮਾਣ ਕੀਤਾ ‘‘ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ॥’’ ਕਹਿ ਕੇ ਨਿਵਾਜਿਆ। ਇਹ ‘‘ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਿਖਾਲਸ ਜਾਨੈ॥’’

ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ‘ਅਮ੍ਰਿਤ’ ਦੇ ਸੰਕਲਪ ਨੂੰ ਇੰਝ ਅੰਕਿਤ ਕੀਤਾ ਗਿਆ ਹੈ। ‘ਪਾਂਚ ਸਿੰਘ ਅਮ੍ਰਿਤ ਜੋ ਦੇਵੈਂ। ਤਾ ਕੋ ਸਿਰ ਧਰਿ ਛਕ ਪੁਨ ਲੇਵੈ॥ ਪੁੰਨ ਮਿਲਿ ਪਾਂਚਹੁ ਰਹਿਤ ਜੋ ਭਾਖੈਂ। ਤਾ ਕੋ ਮਨ ਮਹਿ ਦ੍ਰਿੜ ਕਰ ਰਾਖੈਂ।’ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਸਿੱਖ ‘‘ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ॥’’, ‘‘ਅੰਮ੍ਰਿਤ ਪੀਵੈ, ਅਮਰ ਸੁ ਹੋਇ॥’’ ਜਾਂ ‘‘ਪੀ ਅੰਮ੍ਰਿਤੁ ਆਘਾਨਿਆ; ਗੁਰਿ, ਅਮਰੁ ਕਰਾਇਆ॥’’ (ਮ:੫/੮੦੮) ਦੀ ਪਦਵੀ ਪ੍ਰਾਪਤ ਕਰਦਾ ਹੈ।

ਲੋੜ ਹੈ ਭੁੱਲੜ ਮਨੁੱਖ, ਆਪਣੇ ਮਨ ਨੂੰ ਸੰਸਾਰ ਤੇ ਸਰੀਰਕ ਮੋਹ ਤੋਂ ਹਟਾ ਕੇ ਪ੍ਰਭੂ ਵਲ ਲਗਾਵੇ, ਗੁਰਮਤਿ ਵਿੱਚ ਇਸੇ ਵੀਚਾਰ ਨੂੰ ‘ਅਮ੍ਰਿਤ’ ਕਿਹਾ ਗਿਆ ਹੈ। ਜਿਹੜੀ ਆਤਮਾ ‘ਗੁਰੂ ਸ਼ਬਦ ਰੂਪ ਅਮ੍ਰਿਤ’ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦੀ ਹੈ ਉਸ ਦੀ ‘ਗਤੀ’ ਹੋ ਜਾਂਦੀ ਹੈ ਭਾਵ ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਉਹ ਪਾਰਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ ਇਉਂ ‘ਪਰਮ ਅਨੰਦ’ ਦੀ ਪ੍ਰਾਪਤੀ ਕਰ ਲੈਂਦੀ ਹੈ।

ਸੋ, ਜੇ ਅਸੀਂ ‘ਅਮਰ’ ਹੋਣਾ ਲੋਚਦੇ ਹਾਂ, ਤਾਂ ਸਾਨੂੰ ਸਾਹਿਬ ਜੀ ਦੇ ਇਸ ਫ਼ੁਰਮਾਨ ਦੇ ਪਾਂਧੀ ਬਣਨਾ ਹੀ ਪਵੇਗਾ: ‘‘ਅੰਮ੍ਰਿਤ ਬਚਨ ਸਾਧ ਕੀ ਬਾਣੀ॥ ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ, ਨਿਤ ਰਸਨ ਬਖਾਨੀ॥’’ (ਮ:੫/੭੪੪)

21650cookie-checkਗੁਰਬਾਣੀ ਵਿੱਚ ਅਮ੍ਰਿਤ ਦਾ ਸੰਕਲਪ