ਤੈ ਮੈ ਕੀਆ, ਸੁ ਮਾਲੂਮ ਹੋਈ॥

0
359

ਤੈ ਮੈ ਕੀਆ, ਸੁ ਮਾਲੂਮ ਹੋਈ॥

ਗੁਰਇੰਦਰਦੀਪ ਸਿੰਘ (ਬਠਿੰਡਾ), ਵਿਦਿਆਰਥੀ ਸਾਹਿਬਜ਼ਾਦਾ ਜੁਝਾਰ ਸਿੰਘ, ਗੁਰਮਤਿ ਮਿਸ਼ਨਰੀ ਕਾਲਜ (ਰੋਪੜ)- 84379-24568

ਹੱਥਲੇ ਲੇਖ ਦਾ ਸਿਰਲੇਖ ‘‘ਤੈ ਮੈ ਕੀਆ, ਸੁ ਮਾਲੂਮੁ ਹੋਈ ॥’’ ਪੰਕਤੀ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਅੰਗ 1351 ’ਤੇ ਪ੍ਰਭਾਤੀ ਰਾਗ ’ਚ ਸੁਸ਼ੋਭਿਤ ਹੈ ਅਤੇ ਭਗਤ ਨਾਮਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ, ਜੋ ਪੂਰੇ ਸ਼ਬਦ ਦਾ ‘ਸਾਰ’ (ਰਹਾਉ) ਵੀ ਹੈ।

ਜਦੋ ਕਿਸੇ ਵਿਅਕਤੀ ’ਤੇ ਮੁਸੀਬਤ ਬਣ ਜਾਵੇ ਤਾਂ ਉਹ ਅਰਦਾਸ ਦਾ ਸਹਾਰਾ ਲੈਂਦਾ ਹੋਇਆ ਆਖਦਾ ਹੈ ਕਿ, ਹੇ ਰੱਬਾ ! ਮੈਨੂੰ ਇਸ ਮੁਸੀਬਤ ’ਚੋਂ ਬਚਾ ਲੈ। ਇਸ ਦੁਖਦਾਈ ਘੜੀ ’ਚ ਉਹ ਰੱਬ ਨੂੰ ਆਪਣੇ ਹਾਜ਼ਰ-ਨਾਜ਼ਰ ਸਮਝਦਾ, ਪਹਿਚਾਣਦਾ ਤੇ ਮਹਿਸੂਸ ਕਰਦਾ ਹੁੰਦਾ ਹੈ ਪਰ ਜਦੋਂ ਮਨੁੱਖ, ਕੋਈ ਪਾਪ ਕਰਮ ਕਰਨ ਬਾਰੇਸੋਚਦਾ ਹੈ, ਪਾਪ ਕਰਮ ਕਰਨ ਲਗਦਾ ਹੈ ਜਾਂ ਪਾਪ ਕਰਮ ਕਰ ਚੁੱਕਾ ਹੁੰਦਾ ਹੈ ਤਾਂ ਪੁੱਛਿਆਂ ਜਵਾਬ ਮਿਲਦਾ ਹੈ ਕਿ ਮੈਂ ਇਹ ਕਰਮ ਨਹੀਂ ਕੀਤਾ ਜਾਂ ਇਸ ਬਾਰੇ ਨਹੀਂ ਸੋਚ ਸਕਦਾ ਕਿਉਂਕਿ ਤਦ ਉਸ ਨੂੰ ਇਹ ਚੇਤੇ ਹੁੰਦਾ ਹੈ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ ਸੀ, ਜਾਂ ਦੇਖਦਾ ਹੈ। ਇਹ ਦੋਵੇਂ ਅਵਸਥਾਵਾਂ (ਭਾਵ ਰੱਬ ਨੂੰ ਮਹਿਸੂਸ ਕਰਨਾ ਤੇ ਰੱਬ ਨੂੰ ਭੁੱਲ ਜਾਣਾ) ਮਨੁੱਖੀ ਸੁਭਾਅ ਦੀ ਆਸਤਿਕਤਾ ਤੇ ਨਾਸਤਿਕਤਾ ਨੂੰ ਨਿਰਧਾਰਿਤ ਕਰਦੀਆਂ ਹਨ। ਵੈਸੇ ਰੱਬ ਤਾਂ ਹਮੇਸ਼ਾਂ ਹਰ ਕਿਸੇ ਦੁਆਰਾ ਕੀਤੇ ਜਾ ਰਹੇ ਤਮਾਮ ਕੰਮਾਂ ਨੂੰ ਵੇਖਦਾ ਹੈ ਤੇ ਬੋਲੇ ਜਾਣ ਵਾਲੇ ਬਚਨਾਂ ਨੂੰ ਸੁਣਦਾ ਵੀ ਹੈ। ਇਸ ਬਾਰੇ ਗੁਰੂ ਅਮਰਦਾਸ ਜੀ ਸਪੱਸ਼ਟ ਕਰਦੇ ਹਨ: ‘‘ਏ ਮਨ  ! ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖੁ ਹਦੂਰਿ॥ ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ ॥’’

ਗੁਰੂ ਜੀ ਵਾਂਗ ਹੀ ਹੱਥਲੇ ਸ਼ਬਦ ਰਾਹੀਂ ਭਗਤ ਨਾਮਦੇਵ ਜੀ ਮਨੁੱਖ ਦਾ ਇਹ ਭੁਲੇਖਾ ਦੂਰ ਕਰਦੇ ਹਨ ਕਿ ਸਾਨੂੰ ਕੋਈ ਨਹੀਂ ਵੇਖਦਾ: ‘‘ਤੈ ਮੈ ਕੀਆ, ਸੁ ਮਾਲੂਮ ਹੋਈ॥’’ ਭਾਵ ਅਸੀਂ ਤੁਸੀਂ ਜੀਵ ਜੋ ਕੁਝ ਵੀ ਕਰਦੇ ਹਾਂ ਉਸ ਸਭ ਬਾਰੇ ਪ੍ਰਭੂ ਨੂੰ ਪਤਾ ਲਗ ਜਾਂਦਾ ਹੈ ਕਿਉਕਿ ਉਹ ‘‘ਘਟ ਘਟ ਕੇ ਅੰਤਰ ਕੀ ਜਾਨਤ॥ ਭਲੇ ਬੁਰੇ ਕੀ ਪੀਰ ਪਛਾਨਤ॥’’ ਸ਼ਕਤੀ ਦਾ ਮਾਲਕ ਹੈ।

ਇਕ ਚੋਰ ਵੀ ਇਸ ਭੁਲੇਖੇ ਵਿਚ ਹੁੰਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਤੇ ਇਸੇ ਕਾਰਨ ਹੀ ਉਹ ਚੋਰੀ ਕਿੱਤੇ ਨੂੰ ਅਪਣਾ ਲੈਂਦਾ ਹੈ। ਇਸ ਸਚਾਈ ਬਾਰੇ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ: ‘‘ਹਟ ਪਟਣ ਬਿਜ ਮੰਦਰ ਭੰਨੈ, ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ, ਪਿਛਹੁ ਦੇਖੈ, ਤੁਝ ਤੇ ਕਹਾ ਛਪਾਵੈ॥’’ (ਪੰਨਾ ੧੫੬)

ਸੰਸਾਰ ਦੇ ਜਿੰਨੇ ਵੀ ਮੰਦੇ ਕਰਮ ਹਨ ਉਹ ਸਾਰੇ ਦੇ ਸਾਰੇ ਪਰਦੇ ਪਿੱਛੇ ਭਾਵ ਲੁਕ ਕੇ ਹੀ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਫੜੇ ਜਾਣ ਤੇ ਬਦਨਾਮੀ ਦਾ ਡਰ ਹੈ। ਜਦੋ ਕੋਈ ਪੁਲਿਸ ਦੁਆਰਾ ਫੜ ਲਿਆ ਜਾਦਾਂ ਹੈ ਤਾਂ ਉਹ ਆਪਣਾ ਮੂੰਹ ਲੋਕਾਂ ਤੋਂ ਛੁਪਾਉਣ ਦਾ ਯਤਨ ਕਰਦਾ ਹੈ। ਅੱਜ ਪੂਰਾ ਸੰਸਾਰ ਨਿਰੰਕਾਰ ਦੀ ਸਰਬ ਵਿਆਪਕਤਾ ਨੂੰ ਭੁੱਲ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ’ਚ ਤਬਦੀਲ ਕਰਨ ਯਤਨ ਕਰ ਰਿਹਾ ਹੈ। ਅਪਰਾਧੀ ਖੁੱਲੇ ਘੁੰਮ ਰਹੇ ਹਨ ਤੇ ਬੇਕਸੂਰਾਂ ਨੂੰ ਫਾਂਸੀ ’ਤੇ ਲਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲੋਕਤੰਤਰੀ ਪ੍ਰਣਾਲੀ (ਢੰਗ) ਵਿਚ ‘‘ਅੰਧੀ ਰਯਤਿ, ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ ॥’’ (ਮ: ੧/੪੬੯) ਭਾਵ ਜਨਤਾ ਵੱਲੋਂ ਕੋਈ ਵਿਰੋਧੀ ਸੁਰ ਨਾ ਉੱਠਦੀ ਵੇਖਦਿਆਂ ਅਦਾਲਤਾਂ, ਜੱਜ, ਵਕੀਲ, ਗਵਾਹ, ਸਭ ਰੁਪਏ ਪਿੱਛੇ ਲੱਗੇ ਜਾਂ ਵਿਕੇਹੋਏ, ਜਾਪਦੇ ਹਨ। ਇਨਸਾਫ਼ ਦੀ ਉਡੀਕ ਵਿਚ ਲੋਕ ਆਪਣੀ ਉਮਰ ਹੰਢਾ ਕੇ ਮਰ ਜਾਂਦੇ ਹਨ ਜਿਵੇਂ ਅੱਜ ਵੀ 32 ਸਾਲ ਪਹਿਲਾਂ ਹੋਏ 84 ਦੇ ਕਤਲੇਆਮ ਦਾਇਨਸਾਫ਼ ਨਹੀਂ ਮਿਲ ਸਕਿਆ।

ਗੁਰਬਾਣੀ ਦਾ ਇਹ ਫੈਂਸਲਾ ਕਿ ਦੁਨੀਆਂ ’ਚ ਸਭ ਨੂੰ ਬੇਵਕੂਫ਼ ਬਣਾਇਆ ਜਾ ਸਕਦਾ ਹੈ ਪਰ ਸ੍ਰਿਸ਼ਟੀ ਦੇ ਮਾਲਕ ਸਾਹਮਣੇ ਇਹ ਚਤੁਰਾਈ ਨਹੀਂ ਚੱਲ ਸਕਦੀ, ਸਭ ਨੂੰ ਯਾਦ ਰੱਖਣਾ ਚਾਹੀਦਾ ਹੈ। ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਇਉਂ ਕਰਦੇ ਹਨ:‘‘ਮਾਣਸਾ ਕਿਅਹੁ ਦੀਬਾਣਹੁ, ਕੋਈ ਨਸਿ ਭਜਿ ਨਿਕਲੈ, ਹਰਿ ਦੀਬਾਣਹੁ, ਕੋਈ ਕਿਥੈ ਜਾਇਆ॥’’ (ਪੰਨਾ ੫੯੧)

ਇੱਕ ਮਿਥਿਹਾਸਕ ਗਾਥਾ ਧਿਆਨ ਮੰਗਦੀ ਹੈ, ਜਿਸ ਮੁਤਾਬਕ ਇੱਕ ਰਾਜੇ ਦੇ ਦੇਸ਼ ਵਿੱਚ ਚੋਰੀਆਂ ਹੋਣ ਲੱਗ ਪਈਆਂ। ਰਾਜਾ ਆਪਣੀ ਜਿੰਮੇਵਾਰ ਨੂੰ ਸਮਝਦਾ ਸੀ, ਉਸ ਨੇ ਇਕ ਤਰੀਕਾ ਲੱਭਿਆ ਕਿ ਉਹ ਆਪ ਵੀ ਚੋਰਾਂ ਵਾਲਾ ਭੇਸ ਬਣਾ ਕੇ ਘੁੰਮਣ ਲੱਗ ਪਿਆ। ਕੁਦਰਤੀ ਉਸ ਨੂੰ ਪੰਜ ਚੋਰ ਮਿਲ ਗਏ। ਰਾਜਾ ਉਨ੍ਹਾਂ ਨੂੰ ਕਹਿੰਦਾ ਕਿ ਮੈ ਚੋਰ ਹਾਂ ਉਹਨਾਂ ਨੇ ਰਾਜੇ ਨੂੰ ਵੀ ਆਪਣੇ ਨਾਲ ਮਿਲਾ ਲਿਆ। ਸਾਰੇ ਆਪਣੋ ਆਪਣੀ ਖੂਬੀ ਦੱਸਣ ਲੱਗੇ ਇੱਕ ਆਖਦਾ ਹੈ ਕਿ ਮੈ ਰਾਤ ਦੇ ਹਨੇਰੇ ਵਿੱਚ ਬੰਦਾ ਵੇਖ ਲਵਾਂ ਤਾਂ ਸਵੇਰੇ ਪਛਾਣ ਕੇ ਦੱਸ ਸਕਦਾ ਹਾਂ ਭਾਵ ਹਨੇਰੀ ਰਾਤ ਵਿੱਚ ਵੀ ਪੂਰਾ ਦਿਸਦਾ ਹੈ। ਦੂਜਾ ਆਖਦਾ ਹੈ ਕਿ ਮੇਰੇ ਵਿਚ ਹਾਥੀ ਜਿੰਨਾ ਬਲ ਹੈ।ਤੀਸਰਾ ਕਹਿੰਦੈ ਕਿ ਮੈਂ ਪਹਾੜ ਜਿੰਨੀ ਉੱਚੀ ਦੀਵਾਰ ’ਤੇ ਚੜ੍ਹ ਸਕਦਾ ਹਾਂ। ਚੌਥਾ ਆਖਦਾ ਹੈ ਕਿ ਮੈਂ ਕੁੱਤੇ ਦੀ ਆਵਾਜ਼ ਪਛਾਣ ਕੇ ਦੱਸ ਸਕਦਾ ਹਾਂ ਕਿ ਉਹ ਕੀ ਕਹਿਣਾ ਚਾਹੁੰਦਾ ਹੈ। ਪੰਜਵਾਂ ਆਖਦਾ ਹੈ ਕਿ ਮੈਂ ਧਰਤੀ ਨੂੰ ਸੁੰਘ ਕੇ ਦੱਸ ਸਕਦਾ ਹਾਂ ਕਿ ਧਰਤੀ ਹੇਠਾਂ ਕੀ ਦੱਬਿਆ ਪਿਆ ਹੈ। ਰਾਜੇ ਨੂੰ ਵੀ ਉਹਨਾਂ ਪੁੱਛ ਲਿਆ ਕਿਆਪਣੀ ਖ਼ੂਬੀ ਦੇਸੋ, ਰਾਜੇ ਨੇ ਆਖਿਆ ਕਿ ਜੇ ਕੋਈ ਮਨੁੱਖ ਫਾਂਸੀ ਲੱਗ ਰਿਹਾ ਹੋਵੇ ਤਾਂ ਮੈ ਦਾੜੀ ਹਿਲਾ ਦੇਵਾਂ ਤਾਂ ਉਹ ਬਰੀ ਹੋ ਸਕਦਾ ਹੈ। ਸਾਰੇ ਕਹਿਣ ਲੱਗੇ ਕਿ ਤੇਰੇ ਵਿਚ ਬਹੁਤ ਵੱਡੀ ਖ਼ੂਬੀ ਹੈ, ਤੂੰ ਸਾਡਾ ਮਿੱਤਰ ਹੋਇਆ। ਸਾਰੇ ਰਲ ਕੇ ਕਸਮ ਚੁੱਕੋ ਕਿ ਅਸੀਂ ਆਪਸ ਵਿੱਚ ਧ੍ਰੋਹ ਨਹੀਂ ਕਰਾਂਗੇ ਤੇ ਧੋਖਾ ਨਹੀਂ ਦੇਵਾਂਗੇ। ਅਸੀਂ ਮਿਲ ਕੇ ਬਾਕੀ ਲੋਕਾਂ ਦੇ ਘਰ ਹੀ ਚੋਰੀ ਕਰਾਂਗੇ, ਆਪਣੇ ਨਹੀਂ ਤੇ ਚੋਰੀ ਕੀਤੇ ਮਾਲ ਬਾਰੇ ਆਪਸ ਵਿੱਚ ਇੱਕ ਦੂਸਰੇ ਨਾਲ ਬੇਈਮਾਨੀ ਨਹੀਂ ਕਰਾਂਗੇ। ਸਾਰੇ ਸਹਿਮਤ ਗਏ।

ਰਾਤ ਨੂੰ ਚੋਰਾਂ ਨੇ ਚੋਰੀ ਕਰਕੇ ਰਾਜੇ ਦਾ ਖਜ਼ਾਨਾ ਹੀ ਲੁੱਟ ਲਿਆ। ਰਾਜੇ ਨੇ ਸਭ ਕੁਝ ਆਪਣੀ ਅੱਖੀਂ ਵੇਖਿਆ ਪਰ ਉਸ ਵੇਲੇ ਉਸ ਨੇ ਚੋਰਾਂ ਨੂੰ ਕੁਝ ਵੀ ਨਾ ਕਿਹਾ।ਉਹਨਾਂ ਨੇ ਵਾਪਸ ਆਪਣੇ ਟਿਕਾਣੇ ’ਤੇ ਆ ਕੇ ਈਮਾਨਦਾਰੀ ਨਾਲ ਰਾਜੇ ਨੂੰ ਉਸ ਦਾ ਬਣਦਾ ਹਿੱਸਾ ਦੇ ਦਿੱਤਾ। ਰਾਜੇ ਨੇ ਸੈਨਿਕਾਂ ਨੂੰ ਸੰਦੇਸ਼ਾ ਭੇਜ ਕੇ ਚੋਰਾਂ ਨੂੰ ਕੈਦ ਕਰਵਾ ਦਿੱਤਾ ਤੇ ਪੰਜਾਂ ਨੂੰ ਫਾਂਸੀ ਲਗਾਉਣ ਦਾ ਹੁਕਮ ਦੇ ਦਿੱਤਾ। ਕਿਸੇ ਗਵਾਹ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਚੋਰੀ ਕਰਦਿਆਂ ਮੈ ਆਪ ਵੇਖਿਆ ਹੈ।

ਫਾਂਸੀ ਤਿਆਰ ਹੋ ਗਈ। ਜੋ ਕਹਿੰਦਾ ਸੀ ਕਿ ਮੈਂ ਰਾਤ ਦੇ ਹਨੇਰੇ ਵਿਚ ਵੇਖਿਆ ਬੰਦਾ ਪਛਾਣ ਸਕਦਾ ਹਾਂ ਉਸ ਨੇ ਰਾਜੇ ਨੂੰ ਵੇਖ ਕੇ ਕਿਹਾ ਕਿ ਇਹ ਤਾਂ ਸਾਡਾ ਰਾਤ ਵਾਲਾ ਸਾਥੀ ਹੈ। ਰਾਜੇ ਨੂੰ ਚੋਰਾਂ ਨੇ ਕਿਹਾ, ਮਿੱਤਰਾ ! ਹੁਣ ਤੂ ਦਾੜੀ ਹਿਲਾ ਤਾਂ ਜੋ ਸਾਡੀ ਜਾਨ ਬਚ ਜਾਵੇ। ਰਾਜਾ ਅਜੇ ਚੋਰਾਂ ਵਾਲੇ ਭੇਸ ਵਿਚ ਹੀ ਸੀ। ਰਾਜੇ ਨੇ ਦਾੜੀ ਹਿਲਾ ਦਿੱਤੀ, ਚੋਰਾਂ ਨੂੰ ਫਾਂਸੀ ਤੋ ਬਚਾ ਲਿਆ ਗਿਆ। ਰਾਜ ਦਰਬਾਰ ਵਿੱਚ ਬੁਲਾ ਕੇ ਰਾਜੇ ਨੇ ਉਨ੍ਹਾਂ ਨੂੰ ਕਿਹਾ ਕਿ ਰਾਤੀ ਅਸੀਂ ਇਕ ਵਾਅਦਾ ਕੀਤਾ ਸੀ ਕਿ ਅਸੀਂ ਸਭ ਮਿੱਤਰ ਹਾਂ, ਕਸਮ ਵੀ ਚੁੱਕੀ ਸੀ ਕਿ ਮਿੱਤਰਾਂ ਦੇ ਘਰ ਚੋਰੀ ਨਹੀਂ ਕਰਾਂਗੇ। ਮੈਂ ਤਾਂ ਆਪਣੀ ਮਿੱਤਰਤਾ ਦਾ ਸਬੂਤ ਦੇ ਦਿੱਤਾ ਹੈ, ਪਰ ਤੁਸੀਂ ਦੱਸੋ ਤੁਹਾਡਾ ਕੀ ਇਰਾਦਾ ਹੈ ਕਿਉਂਕਿ ਇਹ ਦੇਸ਼ ਮੇਰਾ ਘਰ ਹੈ, ਕੀ ਤੁਸੀਂ ਆਪਣੇ ਮਿਤਰ ਦੇ ਘਰ (ਦੇਸ਼ ਵਿੱਚ) ਚੋਰੀ ਕਰੋਗੇ ? ਸਭ ਨੇ ਆਪਣੇ ਵਾਅਦੇ ਮੁਤਾਬਕ ਚੋਰੀ ਕਰਨੀ ਛੱਡ ਦਿੱਤੀ।

ਅਸਲ ਵਿਚ ਉਹ ਰਾਜਾ, ਪ੍ਰਭੂ ਆਪ ਹੈ ਤੇ ਅਸੀਂ ਸਾਰੇ ਚੋਰ ਹਾਂ ਉਸ ਦੇ ਸਾਹਮਣੇ ਹੀ ਉਸ ਦੇ ਖਜ਼ਾਨੇ ਨੂੰ ਲੁੱਟਦੇ ਹਾਂ, ਉਸ ਦੇ ਸਾਹਮਣੇ ਹੀ ਔਗੁਣ ਕਰਦੇ ਹਾਂ।ਸਾਨੂੰ ਅਹਿਸਾਸ ਨਹੀਂ ਕਿ ਉਹ ਖੜ੍ਹਾ ਸਭ ਕੁੱਝ ਦੇਖ ਰਿਹਾ ਹੈ, ਜਦਕਿ ‘ਜਪੁ’ ਬਾਣੀ ’ਚ ਰੋਜ਼ਾਨਾ ਪੜ੍ਹਦੇ ਵੀ ਹਾਂ ਕਿ: ‘‘ਓਹੁ ਵੇਖੈ, ਓਨਾ ਨਦਰਿ ਨ ਆਵੈ.. ॥’’ ਸਾਨੂੰ ਦੰਡ ਦੇਣ ਲੱਗਿਆਂ ਉਸ ਨੂੰ ਕਿਸੇ ਦੀ ਗਵਾਹੀ ਦੀ ਲੋੜ ਨਹੀਂ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਹਨ ਕਿ ਉਹ ਹਾਜ਼ਰ-ਨਾਜ਼ਰ ਹੈ: ‘‘ਲੂਕਿ ਕਮਾਵੈ ਕਿਸ ਤੇ, ਜਾਂ ਵੇਖੈ ਸਦਾ ਹਦੂਰਿ ?॥’’ (ਮ: ੫/੪੮)

ਗੁਰੂ ਅਰਜਨ ਸਾਹਿਬ ਜੀ ਦੇ ਸਤਸੰਗੀ ਭਾਈ ਗੁਰਦਾਸ ਜੀ ਇਹ ਵੀ ਸਮਝਾ ਰਹੇ ਹਨ ਕਿ ਉਹ (ਰਾਜਾ) ਬੜਾ ਦਿਆਲੂ ਹੈ। ਜੇਕਰ ਸੁਭ੍ਹਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਿਹਾ ਜਾਂਦਾ। ਅਸੀਂ ਆਪਣੇ ਦੁਆਰਾ ਕੀਤੇ ਗੁਨਾਹਾਂ ਤੋਂ ਤੋਬਾ ਕਰਕੇ ਅੱਗੇ ਤੋਂ ਸੁਧਰ ਜਾਈਏ ਤਾਂ ਉਹ ਮੁਆਫ਼ ਵੀ ਕਰਦਿੰਦਾ ਹੈ: ‘‘ਭਗਤ ਵਛਲ ਸੁਨਿ ਹੋਤ ਨਿਰਾਸ ਰਿਦੈ, ਪਤਿਤ ਪਾਵਨ ਸੁਨਿ, ਆਸਾ ਉਰਿ ਧਾਰਿ ਹੌਂ॥ ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ, ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰਿ ਹੌ॥ ਜਲਧਰ ਸੰਗਮ ਕੈ (ਭਾਵ ਪਾਣੀ ਨਾਲ ਵੀ) ਅਫਲ ਸੈਬਲ ਦ੍ਰੁਮ (ਸਿੰਬਲ ਰੁੱਖ ਉੱਤੇ ਫਲ ਨਹੀਂ ਲੱਗਦੇ, ਪਰ), ਚੰਦਨ ਸੁਗੰਧ ਸਨਬੰਧ (ਨਾਲ) ਮਲਗਾਰ ਹੌ (ਸਿੰਬਲ ਵੀ ਸੁਗੰਧੀ ਦੇਦੈ)॥ ਅਪਨੀ ਕਰਨੀ ਕਰਿ ਨਰਕ ਹੂੰ ਨ ਪਾਵਉ ਠਉਰ, (ਪਰ, ਹੇ ਪ੍ਰਭੂ !) ਤੁਮਰੇ ਬਿਰਦ (ਕਿ ਤੂ ਭਗਤਾਂ ਨੂੰ ਪਿਆਰ ਕਰਦਾ ਹੈਂ) ਕਰਿ ਆਸਰੋ ਸਮ੍ਹਾਰ ਹੌ (ਤੱਕਿਆ ਹੈ)॥’’ (ਕਬਿੱਤ ਨੰ: 503) ਸ਼ਬਦ ਦਾ ਭਾਵ ਸਾਰ ਇਸ ਪ੍ਰਕਾਰ ਹੈ ਕਿ ਜਦ ਮੈਂ ਇਹ ਸੁਣਦਾ ਹਾਂ ਕਿ ਤੂੰ ਅੰਦਰ ਦੀਆਂ ਜਾਨਣਹਾਰ ਹੈਂ, ਮੇਰਾ ਅੰਦਰ ਡਰ ਨਾਲ ਕੰਬ ਜਾਦਾ ਹੈ ਪਰ ਤੂੰ ਦੀਨ-ਦੁਖੀਆਂ ’ਤੇ ਦਇਆ ਕਰਨ ਵਾਲਾ ਹੈ, ਇਹ ਸੁਨ ਕੇ ਮੈਂ ਫਿਰ ਤੇਰੇ ਉੱਤੇ ਭਰੋਸਾ ਰੱਖ ਲੈਂਦਾ ਹਾਂ।

ਸੋ ਆਉ, ਗੁਰੂ ਚਰਨਾਂ ’ਚ ਅਰਦਾਸ ਕਰੀਏ ਕਿ ਉਹ ਸਾਨੂੰ ਆਪਣੀ ਤੇ ਪ੍ਰਭੂ ਦੀ ਮੌਜੂਦਗੀ ਦਾ ਅਹਿਸਾਸ ਹਰ ਵੇਲੇ ਕਰਵਾਉਂਦੇ ਰਹਿਣ ਤਾਂ ਜੋ ਸਾਡੀਆਂ ਅੱਖਾਂ ਪਰਾਇਆ ਰੂਪ, ਪਰਾਇਆ ਧਨ, ਪਰਾਈ ਈਰਖਾ (ਨਫ਼ਰਤ), ਪਰਾਇਆ ਨੁਕਸਾਨ ਕਰਨ ਵੱਲ ਸਹਿਯੋਗ ਨਾ ਦੇਣ। ਸਾਡੇ ਪੈਰ ਮੰਦੀਆਂ ਥਾਵਾਂ ਉੱਤੇ ਜਾ ਕੇ ਭੈੜੀ ਸੰਗਤ ਨਾ ਕਰਨ। ਸਾਡੇ ਕੰਨ ਗੰਦੇ ਗੀਤ ਜਾਂ ਕਿਸੇ ਦੀ ਚੁਗਲੀ ਸੁਣਨ ਦੀ ਬਜਾਏ ਪ੍ਰਕ੍ਰਿਤੀ ਦੇ ਮਾਲਕ (ਰਾਜੇ) ਦੀ ਤਾਰੀਫ਼ ਸੁਣਨ ਤੇ ਜੀਭ ਉਸ ਦੀ ਸਿਫ਼ਤ-ਸਾਲਾਹ ਕਰਦੀ ਰਹੇ, ਜੋ ‘‘ਸਦਾ ਅੰਗ ਸੰਗੇ, ਅਭੰਗੰ ਬਿਭੂਤੇ॥’’ (ਜਾਪ) ਹੈ।