ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ

0
982

ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ

ਕਿਰਪਾਲ ਸਿੰਘ (ਬਠਿੰਡਾ)-9855480797

ਸੰਨ 2003 ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਸਨ ਪਰ ਇਸ ਵਿੱਚ ਵੱਡਾ ਨੁਕਸ ਇਹ ਰਿਹਾ ਕਿ ਗੁਰਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਾ ਆਏ ਤੇ ਹਰ ਸਾਲ 10/11 ਤੋਂ ਲੈ ਕੇ 18/19 ਦਿਨ ਤੱਕ ਅੱਗੇ ਪਿੱਛੇ ਆਉਂਦੇ ਰਹਿੰਦੇ ਸਨ। ਦੂਸਰਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਸੂਰਜੀ ਅਤੇ ਚੰਦ੍ਰਮਾਂ ਦੋ ਪ੍ਰਣਾਲੀਆਂ ’ਤੇ ਅਧਾਰਤ ਹੈ। ਆਮ ਚੰਦ੍ਰ ਸਾਲ 354/355 ਦਿਨਾਂ ਦਾ ਅਤੇ ਹਰ ਦੂਜਾ ਜਾਂ ਤੀਜਾ ਸਾਲ 384/385 ਦਿਨਾਂ ਦਾ ਹੋ ਜਾਂਦਾ ਹੈ ਜਦੋਂ ਕਿ ਸੂਰਜੀ ਸਾਲ 365/366 ਦਿਨਾਂ ਦਾ ਹੁੰਦਾ ਹੈ। ਇਸੇ ਕਾਰਨ ਚੰਦਰ ਸਾਲ ਅਨੁਸਾਰ ਮਨਾਏ ਜਾਂਦੇ ਗੁਰ ਪੁਰਬ ਇਸ ਸਾਲ ਨਾਲੋਂ ਅਗਲੇ ਸਾਲ 10/11 ਦਿਨ ਪਹਿਲਾਂ ਆਉਣਗੇ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ। ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਇਸ ਵਾਰ ਇੱਕ ਵਾਧੂ ਮਹੀਨਾ ਜੋੜਨ ਨਾਲ ਸਾਲ ਦੇ 12 ਦੀ ਬਜਾਏ 13 ਚੰਦਰ ਮਹੀਨੇ ਬਣ ਜਾਂਦੇ ਹਨ। 19 ਸਾਲਾਂ ਵਿੱਚ 7 ਸਾਲ ਐਸੇ ਹੁੰਦੇ ਹਨ ਜਦੋਂ ਸਾਲ ਦੇ 13 ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਗੁਰ ਪੁਰਬ 29/30 ਦਿਨ ਪਛੜ ਕੇ ਆਉਣ ਕਾਰਨ ਉਸ ਸਾਲ ਉਹੀ ਗੁਰ ਪੁਰਬ 11 ਦਿਨ ਪਹਿਲਾਂ ਆਉਣ ਦੀ ਬਜਾਏ 18/19 ਦਿਨ ਪਛੜ ਕੇ ਆਵੇਗਾ। ਇਸ ਹਿਸਾਬ ਕੋਈ ਵੀ ਗੁਰ ਪੁਰਬ ਕਦੀ ਵੀ ਨਿਸ਼ਚਿਤ ਤਾਰੀਖਾਂ ਨੂੰ ਨਹੀਂ ਆ ਸਕਦਾ।

ਇਹ ਵੇਖਣ ਲਈ ਕਿ ਬਿਕ੍ਰਮੀ ਕੈਲੰਡਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਵਿੱਚੋਂ ਸਿੱਖਾਂ ਲਈ ਕਿਹੜਾ ਕੈਲੰਡਰ ਵੱਧ ਢੁੱਕਵਾਂ ਹੈ। ਆਓ, ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਅਨੁਸਾਰ ਜਾਰੀ ਕੀਤੇ ਪਿਛਲੇ ਚਾਰ ਕੁ ਸਾਲਾਂ ਦੇ ਕੈਲੰਡਰਾਂ ’ਤੇ ਪੰਛੀ ਝਾਤ ਮਾਰੀਏ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਨੂੰ ਮਨਾਏ ਜਾਣ ਕਰਕੇ 2014 ’ਚ 7 ਜਨਵਰੀ/24 ਪੋਹ ਨੂੰ ਆਇਆ ਸੀ ਅਤੇ ਦੁਬਾਰਾ 28 ਦਸੰਬਰ/13 ਪੋਹ ਨੂੰ ਫਿਰ ਆ ਗਿਆ ਸੀ, 2015 ਵਿੱਚ ਆਇਆ ਹੀ ਨਹੀਂ, 2016 ਵਿੱਚ 16 ਜਨਵਰੀ/3 ਮਾਘ, 2017 ਵਿੱਚ 5 ਜਨਵਰੀ/22 ਪੋਹ ਨੂੰ ਆਇਆ ਅਤੇ ਦੁਬਾਰਾ ਫਿਰ ਇਸੇ ਸਾਲ 25 ਦਸੰਬਰ/11 ਪੋਹ ਨੂੰ ਆ ਜਾਵੇਗਾ। ਇਸ ਵੇਰਵੇ ਤੋਂ ਪਤਾ ਲਗਦਾ ਹੈ ਕਿ ਸਾਡੀ ਕਿਤਨੀ ਅਜੀਬ ਸਥਿਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ; ਕਦੇ ਦਸੰਬਰ ਤੇ ਕਦੇ ਜਨਵਰੀ ਵਿੱਚ/ ਦੇਸੀ ਮਹੀਨਿਆਂ ਮੁਤਾਬਕ ਕਦੀ ਪੋਹ ਵਿੱਚ ਅਤੇ ਕਦੀ ਮਾਘ ਵਿੱਚ ਆ ਜਾਂਦਾ ਹੈ। ਸੰਨ 2014 ਤੋਂ 2017 ਤੱਕ ਭਾਵ ਚਾਰ ਸਾਲਾਂ ਵਿੱਚੋਂ ਦੋ ਸਾਲਾਂ ਵਿੱਚ ਦੋ-ਦੋ ਵਾਰ, ਇੱਕ ਸਾਲ ਵਿੱਚ ਇੱਕ ਵਾਰ ਅਤੇ ਇੱਕ ਸਾਲ ਵਿੱਚ ਆਇਆ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੇ ਦੇ ਗੁਰ ਪੁਰਬ ਦੀ ਕੇਵਲ ਉਦਾਹਰਨ ਦਿੱਤੀ ਹੈ, ਬਾਕੀ ਦੇ ਸਾਰੇ ਗੁਰ ਪੁਰਬਾਂ ਦਾ ਵੀ ਇਹੋ ਹਾਲ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਕਦੀ ਕੱਤਕ ਵਿੱਚ ਆਉਂਦਾ ਹੈ ਤੇ ਕਦੀ ਮੱਘਰ ਵਿੱਚ। ਬੰਦੀ ਛੋੜ ਦਿਵਸ ਕਦੀ ਅਕਤੂਬਰ ਵਿੱਚ ਅਤੇ ਕਦੀ ਨਵੰਬਰ ਮਹੀਨੇ ਵਿੱਚ ਆਉਂਦਾ ਹੈ।

ਗਾਂਧੀ ਦਾ ਜਨਮ ਦਿਨ 2 ਅਕਤੂਬਰ, ਨਹਿਰੂ ਦਾ ਜਨਮ ਦਿਨ 14 ਨਵੰਬਰ ਨਿਸ਼ਚਿਤ ਹੋਣ ਕਾਰਨ ਤਾਂ ਸਾਡੇ ਬੱਚਿਆਂ ਨੂੰ ਯਾਦ ਹੋ ਜਾਂਦਾ ਹੈ ਪਰ ਆਪਣੇ ਗੁਰੂ ਸਾਹਿਬਾਨਾਂ ਦੇ ਦਿਨ ਬੱਚਿਆਂ ਨੂੰ ਤਾਂ ਕੀ; ਕਿਸੇ ਵਿਦਵਾਨ ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਵੀ ਯਾਦ ਨਹੀਂ ਰਹਿ ਸਕਦੇ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਹਰ ਸਾਲ ਵਿੱਚ ਕੇਵਲ ਇੱਕ ਵਾਰ ਮਨਾਉਂਦੇ ਹਾਂ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ ਕਿਉਂ ਕਦੀ ਸਾਲ ਵਿੱਚ ਦੋ ਵਾਰ ਤੇ ਕਦੀ ਇੱਕ ਵਾਰ ਵੀ ਨਹੀਂ ਮਨਾਇਆ ਜਾਂਦਾ ?

ਦੂਸਰਾ ਤਰੁਟੀ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਧਾਰਿਮਕ ਅਤੇ ਸ਼ੁਭ ਦਿਹਾੜੇ ਚੰਦ੍ਰਮਾਂ ਸਾਲ ਅਤੇ ਇਤਿਹਾਸਕ ਦਿਹਾੜੇ ਸੂਰਜੀ ਸਾਲ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ ਭਾਵ ਦੋ ਬੇੜੀਆਂ (ਸੂਰਜੀ ਤੇ ਚੰਦਰਮਾ ਸਾਲ) ਵਿੱਚ ਪੈਰ ਰੱਖੇ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ੍ਰਮਾ ਤਿੱਥਾਂ ਅਨੁਸਾਰ ਪੋਹ ਸੁਦੀ 7; ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੂਰਜੀ ਤਾਰੀਖਾਂ ਅਨੁਸਾਰ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਤੇ ਕਦੀ ਬਾਅਦ ਵਿੱਚ ਆਉਂਦਾ ਹੈ, ਪਰ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕ ਦਿਨ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰ ਪੁਰਬ ਇਕੱਠੇ ਆਏ ਸਨ। ਸੰਨ 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਕੋ ਦਿਨ ਆਏ ਸਨ। ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੇ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨਾਂ ਵਿੱਚ ਭਾਵਨਾ ਅਤੇ ਸਮਾਗਮ ਦਾ ਮਾਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰਕੇ ਸਿੱਖ ਦੁਬਿਧਾ ਵਿੱਚ ਫਸ ਜਾਂਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਾਹੌਲ ਮੁਤਾਬਕ ਮਨਾਏ ਜਾਣ ? ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਹੀ 27 ਦਸੰਬਰ 2014 ਨੂੰ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤਖ਼ਤ ਦਮਦਮਾ ਸਾਹਿਬ ਵਿਖੇ ਨਗਰ ਕੀਰਤਨ ਕੱਢਿਆ ਗਿਆ ਸੀ ਤਾਂ ਉਥੋਂ ਦੇ ਮੁਕਾਮੀ ਜਥੇਦਾਰ ਗਿਆਨੀ ਨੰਦਗੜ੍ਹ ਸ਼ਾਮਲ ਨਹੀਂ ਹੋਏ ਸਨ ਤਾਂ ਬਜਾਏ ਉਨ੍ਹਾਂ ਦੇ ਸਹੀ ਇਤਰਾਜ਼ ’ਤੇ ਗੰਭੀਰਤਾ ਨਾਲ ਸੋਚ ਵੀਚਾਰ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੇ, ਉਨ੍ਹਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹੀ ਹਟਾ ਦਿੱਤਾ। ਅਜਿਹੀ ਘਟੀਆ ਕਾਰਵਾਈ ਨਾਲ਼ ਸਿਆਸੀ ਨੇਤਾਵਾਂ ਨੇ ਕੌਮ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜ਼ਮੀਰ ਦੀ ਅਵਾਜ਼ ਉਠਾਉਣ ਵਾਲੇ ਆਮ ਸਿੱਖ ਤਾਂ ਕੀ; ਸਤਾ ਦੇ ਨਸ਼ੇ ਵਿੱਚ ਮੱਤੇ ਸਿਆਸੀ ਆਗੂ; ਆਪਣੇ ਹੀ ਵੱਲੋਂ ਸਰਬਉਚ ਕਹੇ ਜਾਂਦੇ ਜਥੇਦਾਰਾਂ ਨੂੰ ਕਿਸ ਤਰ੍ਹਾਂ ਬੇਇੱਜ਼ਤ ਕਰ ਸਕਦੇ ਹਨ। ਬਿਕ੍ਰਮੀ ਕੈਲੰਡਰ ਵਿੱਚ ਗੁਰ ਪੁਰਬ ਅਤੇ ਸ਼ਹੀਦੀ ਦਿਹਾੜੇ ਇਕੱਠੇ ਆਉਣ ਦੀ ਪਹਿਲਾਂ ਵੀ ਐਸੀ ਸਮੱਸਿਆ ਕਈ ਵਾਰ ਆ ਚੁੱਕੀ ਹੈ ਅਤੇ ਅੱਗੋਂ ਵੀ ਆਉਂਦੀ ਰਹੇਗੀ ਜਿਹੜੀ ਕਿ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਹੀ ਹੱਲ ਹੋ ਸਕਦੀ ਹੈ।

ਇਸੇ ਤਰ੍ਹਾਂ 1984 ਈ: ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 3 ਜੂਨ ਨੂੰ ਸੀ। 3 ਜੂਨ ਨੂੰ ਹੀ ਭਾਰਤ ਸਰਕਾਰ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰਕੇ 4 ਜੂਨ ਨੂੰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ 6 ਜੂਨ ਦੀ ਸਵੇਰ ਤੱਕ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਸਮੇਤ ਹਜਾਰਾਂ ਸਿੰਘ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਸ਼ਹੀਦੀ ਗੁਰ ਪੁਰਬ ਮਨਾਉਣ ਆਈਆਂ ਸੰਗਤਾਂ ਵਿੱਚੋਂ ਬਜੁਰਗਾਂ, ਬੀਬੀਆਂ ਤੇ ਬੱਚਿਆਂ ਦੀ ਸੀ ਜਦਕਿ 1984 ਤੋਂ ਬਾਅਦ ਅੱਜ ਤੱਕ ਕਦੀ ਵੀ ਇਹ ਤਾਰੀਖਾਂ ਇਕੱਠੀਆਂ ਨਹੀਂ ਆਈਆਂ ਜਿਸ ਕਾਰਨ ਸਾਡੇ ਲਈ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਸਿੱਖਾਂ ਦਾ ਵੱਧ ਨੁਕਸਾਨ ਕਰਨ ਲਈ ਹੀ ਭਾਰਤ ਸਰਕਾਰ ਨੇ ਹਮਲੇ ਲਈ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੀ ਚੁਣਿਆ ਜਦੋਂ ਸ਼ਰਧਾਵਾਨ ਸੰਗਤਾਂ ਆਪਣੇ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਬਾਬਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਈਆਂ ਹੋਇਆ ਸਨ, ਕਿਉਂਕਿ ਸਾਡੇ ਬੱਚੇ ਪੁੱਛਦੇ ਹਨ ਕਿ 1984 ਵਿੱਚ ਇਹ ਦਿਹਾੜੇ ਇੱਕਠੇ ਕਿਵੇਂ ਆ ਗਏ; ਜਦੋਂ ਕਿ ਹੁਣ ਤਾਂ ਕਦੀ ਵੀ ਨਹੀਂ ਆਏ! ਇਸੇ ਮੁਸ਼ਕਲ ਨੂੰ ਹੱਲ ਕਰਨ ਹਿੱਤ ਸਿੱਖ ਜਗਤ ਵਿੱਚ ਇਹ ਲੋੜ ਮਹਿਸੂਸ ਹੋਣ ਲੱਗੀ ਕਿ ਸਿੱਖਾਂ ਦਾ ਕੋਈ ਐਸਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਸ਼ਚਿਤ ਤਾਰੀਖਾਂ ਨੂੰ ਹੀ ਆਉਣ ਜਿਨ੍ਹਾਂ ਨੂੰ ਯਾਦ ਰੱਖਣ ਵਿੱਚ ਅਸਾਨੀ ਰਹੇ। ਇਹ ਜ਼ਿੰਮੇਵਾਰੀ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਜੀ ਨੇ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਹੋਰ ਵਿਦਵਾਨਾਂ ਦੀ ਕਮੇਟੀ ਸ: ਪੁਰੇਵਾਲ ਦੀ ਸਹਾਇਤਾ ਅਤੇ ਸਹਿਯੋਗ ਕਰਨ ਲਈ ਬਣਾਈ।

ਸ: ਪੁਰੇਵਾਲ ਨੇ ਆਪਣੀਆਂ ਖੋਜਾਂ ਰਾਹੀਂ ਦੱਸਿਆ ਕਿ ਭਾਰਤ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਰੁਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਗੁਰਬਾਣੀ ਵਿੱਚ ਵਰਣਨ ਕੀਤੇ ਮੌਸਮਾਂ ਤੋਂ ਅਲਾਹਿਦਾ ਹੋ ਜਾਣਗੇ। ਉਪ੍ਰੋਕਤ ਕਾਰਨਾਂ ਕਰਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਾਰੀਖਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ; ਜਿਵੇਂ ਕਿ

ਈਸਵੀ 1699 ਦੀ ਵੈਸਾਖੀ 29 ਮਾਰਚ (ਯੂਲੀਅਨ) ਨੂੰ ਸੀ।

325 ਏਡੀ ਵਿੱਚ Nicaea (ਨੀਸੀਆ) ਸ਼ਹਿਰ ਵਿੱਚ ਈਸਾਈ ਪਾਦਰੀਆਂ, ਪਾਸਟਰਾਂ ਅਤੇ ਵਿਦਵਾਨਾਂ ਨੇ ਮੀਟਿੰਗ ਕਰਕੇ ਇਹ ਤੱਥ ਲੱਭਿਆ ਕਿ 21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਹਨ। ਤਦ ਤੋਂ ਹੀ ਈਸਾਈ ਜਗਤ 21 ਮਾਰਚ ਨੂੰ ਦਿਨ ਰਾਤ ਬਰਾਬਰ ਮੰਨ ਕੇ ਆਪਣੇ ਧਾਰਮਿਕ ਦਿਹਾੜੇ ਗੁੱਡ ਫਰਾਈਡੇ ਅਤੇ ਈਸਟਰ ਸੰਡੇ ਨਿਸ਼ਚਿਤ ਕਰਦਾ ਰਿਹਾ। ਯੂਲੀਅਨ ਸਾਲ (365.25 ਦਿਨ) ਰੁੱਤੀ ਸਾਲ (365.2422 ਦਿਨ) ਤੋਂ ਥੋੜ੍ਹਾ ਵੱਧ ਹੋਣ ਕਰਕੇ 16ਵੀਂ ਸਦੀ ਤੱਕ Equinox (ਦਿਨ ਰਾਤ ਬਰਾਬਰ ਹੋਣ ਦਾ ਦਿਨ) 21 ਮਾਰਚ ਤੋਂ ਖਿਸਕ ਕੇ 11 ਮਾਰਚ ਹੋ ਗਿਆ। ਆਪਣੇ ਧਾਰਮਿਕ ਦਿਹਾੜੇ ਰੁੱਤਾਂ ਨਾਲ ਜੋੜੀ ਰੱਖਣ ਲਈ ਪੋਪ ਗ੍ਰੈਗੋਰੀਅਨ ਨੇ 1582 ਵਿੱਚ ਸੋਧ ਕੀਤੀ ਜਿਸ ਕਾਰਨ ਵਧੇ ਹੋਏ 10 ਦਿਨ, ਖਤਮ ਕਰਕੇ 4 ਅਕਤੂਬਰ ਦਿਨ ਵੀਰਵਾਰ ਤੋਂ ਪਿਛੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਬਣਾ ਦਿੱਤਾ ਗਿਆ ਸੀ।

ਪਹਿਲਾਂ ਤਾਂ ਪ੍ਰੋਟੈਸਟੈਂਟ ਈਸਾਈ ਜਗਤ ਨੇ ਇਸ ਸੋਧ ਨੂੰ ਨਾ ਮੰਨਿਆ ਪਰ ਆਖ਼ਿਰ ਅਸਲੀਅਤ ਨੂੰ ਵੇਖਦੇ ਹੋਏ 170 ਸਾਲਾਂ ਬਾਅਦ ਉਨ੍ਹਾਂ ਨੂੰ ਵੀ ਇਸ ਸੋਧ ਨੂੰ ਸਵੀਕਾਰਨਾ ਪਿਆ। ਬ੍ਰਿਟਿਸ਼ ਕੈਲੰਡਰ ਐਕਟ 1751 ਅਨੁਸਾਰ ਇੰਗਲੈਂਡ ਨੇ 2 ਸਤੰਬਰ 1752 ਵਿੱਚ ਕੁਲ 11 ਦਿਨਾਂ ਦਾ ਫਰਕ ਕੱਢ ਕੇ ਇਸ ਨੂੰ ਅਪਣਾ ਲਿਆ ਭਾਵ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ 1752 ਐਲਾਨ ਦਿੱਤਾ (ਧਿਆਨ ਰਹੇ ਕਿ ਮੌਸਮੀ ਸਾਲ ਨਾਲੋਂ ਜੋ ਅੰਤਰ 1582 ’ਚ 10 ਦਿਨ ਸੀ ਉਹੀ ਅੰਦਰ 170 ਸਾਲਾਂ ਬਾਅਦ 1752 ਤੱਕ 11 ਦਿਨ ਬਣ ਚੁੱਕਾ ਸੀ।)।

ਭਾਰਤ, ਅੰਗਰੇਜਾਂ ਦੇ ਅਧੀਨ ਆਉਣ ਕਰਕੇ ਇੱਥੇ ਵੀ ਇਹ ਸੋਧ 1752 ਤੋਂ ਹੀ ਲਾਗੂ ਹੋਈ, ਜੋ 11 ਦਿਨਾਂ ਦੀ ਸੋਧ ਉਪਰੰਤ ਅਗਲੀਆਂ ਵੈਸਾਖੀਆਂ ਹੇਠ ਲਿਖੀਆਂ ਤਾਰੀਖਾਂ ਨੂੰ ਆਈਆਂ।

1753————–9 ਅਪ੍ਰੈਲ (ਗ੍ਰੈਗੋਰੀਅਨ)

1799————–10 ਅਪ੍ਰੈਲ (ਗ੍ਰੈਗੋਰੀਅਨ)

1899————–12 ਅਪ੍ਰੈਲ (ਗ੍ਰੈਗੋਰੀਅਨ)

1999—————–14 ਅਪ੍ਰੈਲ (ਗ੍ਰੈਗੋਰੀਅਨ)

2100—————–15 ਅਪ੍ਰੈਲ (ਗ੍ਰੈਗੋਰੀਅਨ)

2199—————–16 ਅਪ੍ਰੈਲ (ਗ੍ਰੈਗੋਰੀਅਨ)

ਉਪਰੋਕਤ ਦ੍ਰਿਸ਼ਟੀ ਤੋਂ ਤਕਰੀਬਨ 1100 ਸਾਲ ਬਾਅਦ ਬਿਕ੍ਰਮੀ ਸਾਲ ਦੇ ਵੈਸਾਖ ਮਹੀਨੇ ਦੀ ਪਹਿਲੀ ਤਾਰੀਖ ਭਾਵ ਵੈਸਾਖੀ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13,000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਏਗੀ। ਜਿਸ ਸਦਕਾ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਦੇ ਮਹੀਨਿਆਂ ਦੇ ਮੌਸਮਾਂ ਦਾ ਸੰਬੰਧ ਬਿਲਕੁਲ ਹੀ ਅਲੱਗ-ਥਲੱਗ ਹੋ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਪਰ 13,000 ਸਾਲ ਬਾਅਦ ਤਾਂ ਪੋਹ ਦੇ ਮਹੀਨੇ ਠੰਡ ਪੈਣ ਦੀ ਬਜਾਏ ਹਾੜ ਦੇ ਮਹੀਨੇ ਵਰਗੀ ਗਰਮੀ ਪੈਂਦੀ ਹੋਵੇਗੀ।

ਇਸ ਸਮੱਸਿਆ ਤੋਂ ਬਚਣ ਲਈ ਨਾਨਕਸ਼ਾਹੀ ਕੈਲੰਡਰ ਦਾ ਖਾਕਾ ਤਿਆਰ ਕੀਤਾ ਗਿਆ ਜਿਸ ਵਿੱਚ ਸਿਰਫ ਸੂਰਜੀ ਕੈਲੰਡਰ ਨੂੰ ਅਪਣਾਇਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨਜ਼ਦੀਕ (ਭਾਵ ਸਿਰਫ 26-27 ਕੁ ਸੈਕੰਡ ਦੇ ਫਰਕ) ਅਤੇ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਸਾਲ ਦੇ ਬਿਲਕੁਲ ਬਰਾਬਰ ਰੱਖੀ ਗਈ ਹੈ। ਇਸ ਕਰਕੇ ਮੌਸਮਾਂ ਦੇ ਇੰਨਾ ਨੇੜੇ ਜੁੜਿਆ ਰਹੇਗਾ ਕਿ 3300 ਸਾਲ ਵਿੱਚ ਕੇਵਲ ਇੱਕ ਦਿਨ ਦਾ ਹੀ ਫਰਕ ਪਏਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸ਼ਚਿਤ ਕਰ ਦਿੱਤੀ ਗਈ, ਜਿਸ ਅਨੁਸਾਰ ਸਾਲ ਦੇ ਪਹਿਲੇ 5 ਮਹੀਨੇ ਭਾਵ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ। ਇਨ੍ਹਾਂ ਤੋਂ ਬਾਅਦ 6 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ ਫੱਗਣ ਆਮ ਸਾਲਾਂ ਵਿੱਚ 30 ਦਿਨਾਂ ਦਾ, ਪਰ ਲੀਪ ਦੇ ਸਾਲ (ਜਿਸ ਵਿੱਚ ਫਰਵਰੀ ਮਹੀਨਾ 29 ਦਾ ਹੋਵੇਗਾ ਤਦ) ਫੱਗਣ ਮਹੀਨਾ ਵੀ 30 ਦੀ ਬਜਾਇ 31 ਦਿਨਾਂ ਦਾ ਹੋ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ ਦਾ ਅਰੰਭ ਨਿਸ਼ਚਿਤ ਤਾਰੀਖਾਂ ਨੂੰ ਹੀ ਹੋਵੇਗਾ; ਜਿਵੇਂ ਕਿ 1 ਚੇਤ/1 ਵੈਸਾਖ ਕ੍ਰਮਵਾਰ 14 ਮਾਰਚ/14 ਅਪ੍ਰੈਲ; ਜੇਠ/ਹਾੜ = 15 ਮਈ/15 ਜੂਨ; ਸਾਵਣ/ਭਾਦੋਂ = 16 ਜੁਲਾਈ/16 ਅਗਸਤ।

ਅਸੀਂ ਵੇਖ ਰਹੇ ਹਾਂ ਕਿ ਦੋ ਮਹੀਨਿਆਂ ਦਾ ਸੰਯੁਕਤ ਆਰੰਭਕ ਜੋੜ 14 ਤੋਂ ਸ਼ੁਰੂ ਹੋ ਕੇ 1-1 ਤਰੀਖ ਵਧਦੀ ਗਈ, ਜੋ 6 ਮਹੀਨੇ ਤੋਂ ਬਾਅਦ ਮੁੜ ਇਸੇ ਤਰ੍ਹਾਂ 1-1 ਤਾਰੀਖ ਘਟਦੀ ਜਾਏਗੀ। ਇਸ ਤਰ੍ਹਾਂ ਅੱਸੂ/ਕੱਤਕ = 15 ਸਤੰਬਰ/15 ਅਕਤੂਬਰ; ਮੱਘਰ/ਪੋਹ = 14 ਨਵੰਬਰ/14 ਦਸੰਬਰ; ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ ਨੂੰ ਹੋਵੇਗਾ। ਇਉਂ ਜਿੱਥੇ ਇਹ ਕੈਲੰਡਰ ਮੌਸਮੀ ਸਾਲ ਦੇ ਬਹੁਤ ਨੇੜੇ ਰਹੇਗਾ ਉੱਥੇ ਸਾਂਝੇ ਸਾਲ ਨਾਲ ਵੀ ਹਮੇਸ਼ਾਂ ਲਈ ਜੁੜਿਆ ਰਹੇਗਾ, ਇਉਂ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖਾਂ ਨੂੰ ਆਉਣਗੀਆਂ, ਜੋ ਸਮਝਣੀਆਂ-ਸਮਝਾਉਣੀਆਂ ਆਸਾਨ ਰਹਿਣਗੀਆਂ।

ਕਾਫੀ ਲੰਬੀ ਸੋਚ ਵੀਚਾਰ ਪਿੱਛੋਂ ਇਸ ਤਿਆਰ ਕੀਤੇ ਗਏ ਖਾਕੇ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ 2003 ਈਸਵੀ ਦੀ ਵੈਸਾਖੀ ਤੋਂ ਲਾਗੂ ਕਰਨ ਦਾ ਮਤਾ ਵੀ ਪਾਸ ਹੋਇਆ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੈਸਾਖੀ ਮੌਕੇ ਸੰਗਤਾਂ ਨਾਲ ਭਰੇ ਪੰਡਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਮੁਕਾਮੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੋਰਨਾਂ ਆਗੂਆਂ ਦੀ ਹਾਜਰੀ ਵਿੱਚ ਇਸ ਨੂੰ ਜਾਰੀ ਕੀਤਾ, ਜੋ ਸੰਨ 2010 ਤੱਕ ਨਿਰੰਤਰ 7 ਸਾਲ ਲਾਗੂ ਰਿਹਾ ਤੇ ਕੁਝ ਸੰਪ੍ਰਦਾਇ ਸੰਸਥਾਵਾਂ ਨੂੰ ਛੱਡ ਕੇ ਸਮੁੱਚੇ ਪੰਥ ਨੇ ਖੁਸ਼ੀ ਖੁਸ਼ੀ ਅਪਣਾ ਵੀ ਲਿਆ। ਇਸ ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ ਵੈਸਾਖੀ 1 ਵੈਸਾਖ/ 14 ਅਪ੍ਰੈਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਂਦੇ ਰਹੇ। ਇਸੇ ਤਰ੍ਹਾਂ ਬਾਕੀ ਦੇ ਸਾਰੇ ਹੀ ਗੁਰ ਪੁਰਬ ਨਿਸ਼ਚਿਤ ਤਾਰੀਖਾਂ ਨੂੰ ਆਉਂਦੇ ਰਹੇ ਜਦ ਕਿ 2010 ਤੋਂ ਬਾਅਦ ਸਿਆਸੀ ਵੋਟ ਨੂੰ ਪ੍ਰਾਪਤ ਕਰਨ ਲਈ ਮਿਲਗੋਭਾ ਕੀਤੇ ਗਏ ਬਿਕ੍ਰਮੀ ਕੈਲੰਡਰ ਵਿੱਚ ਇਹ ਤਾਰੀਖਾਂ ਹਰ ਸਾਲ ਹੀ ਬਦਲਦੀਆਂ ਆ ਰਹੀਆਂ ਹਨ ਤੇ ਅਗਾਂਹ ਵੀ ਬਦਲਣਗੀਆਂ।

ਪਰ ਜਿਹੜੇ ਸੰਪ੍ਰਦਾਈ ਵੀਰ ਕੈਲੰਡਰ ਵਿਗਿਆਨ, ਤਾਰਾ ਵਿਗਿਆਨ ਤੇ ਇਤਿਹਾਸਕ ਪੱਖ ਤੋਂ ਅਣਜਾਣ ਜਾਂ ਪ੍ਰਚਲਿਤ ਹਿੰਦੂ ਰਵਾਇਤਾਂ ਦੋ ਦੂਰ ਨਹੀਂ ਹੋਣਾ ਚਾਹੁੰਦੇ ਤੇ ਸਿਰਫ ਸੰਗ੍ਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੇ ਪਵਿੱਤਰ ਦਿਹਾੜੇ ਹੋਣ ਦੇ ਭ੍ਰਮ ਪਾਲ ਰਹੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਵਚਨ: ‘‘ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥’’ ਭਾਵ ਸੱਚੇ ਗੁਰਾਂ ਦੇ ਬਾਝੋਂ, ਘੁੱਪ ਅਨ੍ਹੇਰਾ ਹੈ। ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਅਪਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ ਅਤੇ ‘‘ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥’’ ਭਾਵ ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ ਤੌਰ ’ਤੇ ਸ਼ੁਭ ਅਤੇ ਪਵਿੱਤਰ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਅਗਿਆਨਤਾ ਦੇ ਖੂਹ ਵਿਚ ਡਿੱਗ ਰਿਹਾ ਹੈਂ।’ ਦਾ ਪਾਵਨ ਉਪਦੇਸ਼ ਵੀ ਸੁਣਨ ਸਮਝਣ ਨੂੰ ਤਿਆਰ ਨਹੀਂ ਹਨ ਕਿ ਸਿੱਖਾਂ ਦਾ ਸੰਗ੍ਰਾਂਦਾਂ ਨਾਲ ਕੋਈ ਸਬੰਧ ਨਹੀਂ। ਸੰਗ੍ਰਾਂਦ ਨਾਲ ਕੋਈ ਸੰਬੰਧ ਨਾ ਹੋਣ ਕਰਕੇ ਹੀ ਸ: ਪੁਰੇਵਾਲ ਨੇ ਇਨ੍ਹਾਂ ਦਾ ਤਿਆਗ ਕਰਕੇ ਹਰ ਨਾਨਕਸ਼ਾਹੀ ਮਹੀਨੇ ਦੇ ਆਰੰਭ ਹੋਣ ਦੀਆਂ ਭਾਵ ਪਹਿਲੀਆਂ ਤਾਰੀਖਾਂ ਸਾਂਝੇ ਕੈਲੰਡਰ ਦੇ ਮਹੀਨੇ ਦੀਆਂ ਤਰੀਖਾਂ ਨਾਲ ਪੱਕੇ ਤੌਰ ’ਤੇ ਜੋੜ ਦਿੱਤੀਆਂ, ਜਿਸ ਨੂੰ ਇਨ੍ਹਾਂ ਦੋ ਦੋ ਸੰਗ੍ਰਾਂਦਾਂ ਜਾਂ ਨਕਲੀ ਸੰਗ੍ਰਾਂਦਾਂ ਦਾ ਨਾਮ ਦੇ ਕੇ ਗ਼ਲਤ ਪ੍ਰਚਾਰ ਕੀਤਾ।

ਸਿੱਖ ਸੰਗਤ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸੂਰਜੀ ਸਿਧਾਂਤ ਵਾਲਾ ਜੋ ਬਿਕ੍ਰਮੀ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਉਸ ਨੂੰ ਉਤਰੀ ਭਾਰਤ ਦੇ ਵਿਦਾਵਾਨਾਂ ਨੇ 1964 ਵਿੱਚ ਸੋਧ ਕੇ ਦ੍ਰਿਕ ਗਣਿਤ ਅਨੁਸਾਰ ਤਿਆਰ ਕਰ ਲਿਆ ਸੀ, ਜਿਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਵਾਲੇ ਕੈਲੰਡਰ ਨਾਲੋਂ ਥੋੜ੍ਹੀ ਘੱਟ ਹੋਣ ਕਾਰਨ ਜਿੱਥੇ ਪਹਿਲਾਂ ਇਸ ਦਾ ਮੌਸਮੀ ਸਾਲ ਨਾਲੋਂ 24ਕੁ ਮਿੰਟ ਦਾ ਫਰਕ ਸੀ ਹੁਣ ਕੇਵਲ 20ਕੁ ਮਿੰਟ ਦਾ ਕਰ ਦਿੱਤਾ ਜਾਂ ਰਹਿ ਗਿਆ, ਜਿਸ ਨੂੰ ਇਨ੍ਹਾਂ (ਸੰਪ੍ਰਦਾਈ ਸਿੱਖਾਂ) ਨੇ ਖ਼ੁਸ਼ੀ-ਖ਼ੁਸ਼ੀ ਅਪਣਾ ਲਿਆ, ਜਦ ਕਿ ਇਸ ਸੋਧ ਨੂੰ ਦੱਖਣੀ ਭਾਰਤ ਦੇ ਪੰਡਿਤਾਂ ਨੇ ਨਹੀਂ ਮੰਨਿਆਂ ਜਿਸ ਕਾਰਨ ਉਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਛਪੀਆਂ ਵੱਖ ਵੱਖ ਜੰਤਰੀਆਂ ਵੇਖਣ ਤੋਂ ਪਤਾ ਚੱਲਦਾ ਹੈ ਕਿ 50 ਸਾਲਾਂ ਦੇ ਵਕਫੇ ਦੌਰਾਨ ਦੋਵਾਂ ਕੈਲੰਡਰਾਂ ਦੀਆਂ ਤਕਰੀਬਨ 4 ਕੁ ਸੰਗ੍ਰਾਂਦਾਂ ਦਾ ਆਪਸ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ ਹੈ। ਬਿਕ੍ਰਮੀ ਸੰਮਤ 2072 (2015-16ਈ:) ਵਿੱਚ ਸਾਵਣ, ਕੱਤਕ ਅਤੇ ਮੱਘਰ ਤਿੰਨ ਮਹੀਨਿਆਂ ਦੀਆਂ ਸੰਗ੍ਰਾਂਦਾਂ ਦਾ ਇੱਕ ਦਿਨ ਦਾ ਫਰਕ ਸੀ। ਇਸ ਤੋਂ ਪਿਛਲੇ ਸਾਲ ਸੰਮਤ 2071 ਵਿੱਚ ਚਾਰ ਸੰਗ੍ਰਾਂਦਾਂ ਦਾ ਫਰਕ ਸੀ। ਆਉਣ ਵਾਲੇ ਸਾਲਾਂ ਵਿੱਚ ਕਿੰਨੀਆਂ ਸੰਗ੍ਰਾਂਦਾਂ ਦਾ ਫਰਕ ਹੋਵੇਗਾ ਕੋਈ ਪਤਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਸੰਗ੍ਰਾਂਦਾ ਨਾਲ ਕੋਈ ਸੰਬੰਧ ਹੀ ਨਹੀਂ ਪਰ ਜੇ ਕਰਮਕਾਂਡੀ ਬਣਨ ਲਈ ਅਸੀਂ ਮੰਨ ਲਈਏ ਤਾਂ ਇਸ ਗੱਲ ਦਾ ਜਵਾਬ ਵੀ ਮੰਗਣਾ ਚਾਹੀਦਾ ਹੈ ਕਿ ਹਿੰਦੂ ਵਿਦਵਾਨਾਂ ਵੱਲੋਂ ਸੋਧ ਕਾਰਨ 1964 ਤੋਂ ਬਣੀਆਂ ਦੋ ਦੋ ਸੰਗ੍ਰਾਂਦਾਂ ਨੂੰ ਪ੍ਰਵਾਨ ਕਰਕੇ ਸਿੱਖਾਂ ਵੱਲੋਂ ਕੀਤੀ ਗਈ ਸੋਧ ਉਪਰੰਤ ਦੋ-ਦੋ ਸੰਗ੍ਰਾਂਦਾ ਆਖ ਕੇ ਭੰਡੀ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ ?

ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਾਜਨੀਤਕ ਸਿੱਖ ਆਗੂਆਂ, ਜਿਨ੍ਹਾਂ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਲਾਗੂ ਕਰਨ ਅਤੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਕੁਝ ਵੋਟਾਂ ਦੀ ਲਾਲਸਾ ਅਧੀਨ ਸੰਤ ਸਮਾਜ ਨਾਲ ਗਠਜੋੜ ਦੀ ਸ਼ਰਤ ਅਧੀਨ ਖੁਦ ਹੀ 2010 ਵਿੱਚ ਉਸ ਦਾ ਹੁਲੀਆ ਵਿਗਾੜਨਾ ਸ਼ੁਰੂ ਕਰ ਦਿੱਤਾ ਤੇ ਅਖੀਰ 2014 ਵਿੱਚ ਪੂਰੀ ਤਰ੍ਹਾਂ ਇਸ ਦਾ ਕਤਲ ਕਰਕੇ ਮੁੜ ਬਿਕ੍ਰਮੀ ਕੈਲੰਡਰ ਦੀਆਂ ਭੁੱਲ ਭੁਲਈਆਂ ਵਿੱਚ ਕੌਮ ਨੂੰ ਫਸਾ ਦਿੱਤਾ। ਹੁਣ ਇਹ ਜਾਗਰੂਕ ਗੁਰਸਿੱਖਾਂ ਨੇ ਸੋਚਣਾ ਹੈ ਕਿ ਇਸ ਭੁੱਲ ਭੁਲਈਆਂ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਇਆ ਜਾਏ ? ਜੇ ਰੋਮ ਵਾਸੀਆਂ ਵੱਲੋਂ 1582 ਵਿੱਚ ਕੀਤੀ ਗਈ ਸੋਧ ਨੂੰ ਅੰਤ ਇੰਗਲੈਂਡ ਨੇ ਵੀ 1752 ਵਿੱਚ ਲਾਗੂ ਕਰ ਲਿਆ ਸੀ ਤਾਂ ਉਸੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਨੂੰ ਵੀ ਇੱਕ ਨਾ ਇੱਕ ਦਿਨ ਰੱਦ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੰਤ ਸਮਾਜ ਅਤੇ ਅਜੋਕੇ ਸਾਡੇ ਸੁਆਰਥੀ ਰਾਜਨੀਤਕ ਆਗੂਆਂ ਨੂੰ ਜ਼ਰੂਰ ਮੰਨਣਾ ਹੀ ਪਏਗੀ, ਇਸ ਲਈ ਸੂਝਵਾਨ ਗੁਰਸਿੱਖਾਂ ਵੱਲੋਂ ਯਤਨ ਜਾਰੀ ਰੱਖਣੇ ਚਾਹੀਦੇ ਹਨ।