16 ਜੁਲਾਈ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ:

1
291

ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਗੁਰਪੁਰਬ ਅਤੇ ਹਰ ਸਿੱਖ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੀਤਾ ਫੈਸਲਾ:

16 ਜੁਲਾਈ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ: ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 10 ਜੁਲਾਈ (ਕਿਰਪਾਲ ਸਿੰਘ ਬਠਿੰਡਾ): ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਹਰ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਉਸ ਐਤਵਾਰ ਨੂੰ ਆਉਣ ਵਾਲੇ ਜਾਂ ਉਸ ਦੇ ਨੇੜੇ ਤੇੜੇ ਆਉਣ ਵਾਲੇ ਗੁਰਪੁਰਬ ਜਾਂ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੇ ਜਾਣਗੇ ਅਤੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਆ ਕਰਨਗੇ। ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਇੱਕ ਦੋ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਦੇ ਗੁਰਪੁਰਬ, ਭਗਤ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਇੱਕ ਅੱਧ ਨੂੰ ਛੱਡ ਕੇ ਬਾਕੀ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਮਨਾਏ ਜਾ ਰਹੇ ਇਸ ਲਈ ਸਾਡੀ ਨੌਜਵਾਨ ਪੀੜ੍ਹੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਗੌਰਵਮਈ ਇਤਿਹਾਸ ਤੋਂ ਤਕਰੀਬਨ ਨਾਵਾਕਫ਼ ਰਹਿਣ ਕਰਕੇ ਸਿੱਖੀ ਤੋਂ ਮੂੰਹ ਮੋੜ ਰਹੀ ਹੈ ਜੋ ਕਿ ਸਿੱਖ ਕੌਮ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਸਾਡੇ ਕੋਲ ਤਾਂ ਇਤਨੇ ਸ਼ਹੀਦ ਹਨ ਕਿ ਜੇ ਹਰ ਰੋਜ ਵੀ ਇੱਕ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਤਾਂ ਵੀ ਸਾਲ ਦੇ 365 ਦਿਨ ਥੋਹੜੇ ਪੈ ਜਾਂਦੇ ਹਨ। ਇਸ ਲਈ ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇ 365 ਦਿਨ ਨਹੀਂ ਤਾਂ ਘੱਟ ਤੋਂ ਘੱਟ ਸਾਲ ਵਿੱਚ ਆਉਣ ਵਾਲੇ 52 ਐਤਵਾਰ ਕਿਸੇ ਇੱਕ ਇਤਿਹਾਸਕ ਦਿਹੜੇ ਨੂੰ ਸਮਰਪਤ ਕਰਕੇ ਬਦਲਵੇਂ ਗੁਰਦੁਆਰੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਬਹੁਤ ਹੀ ਘੱਟ ਖਰਚੇ ਨਾਲ ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਆ ਕਰੇਗਾ ਜਿਸ ਵਿੱਚ ਸ਼ਹਿਰ ਦੇ ਬਾਕੀ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼ਹਿਰ ਦੀਆਂ ਸਮੁਚੀਆਂ ਜਥੇਬੰਦੀਆਂ ਨੂੰ ਆਪਣੀ ਸੰਗਤ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਭੇਟਾ ਰਹਿਤ ਪਰ ਬਹੁਤ ਹੀ ਵਧੀਆ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਦਾ ਪ੍ਰਬੰਧ ਪ੍ਰਚਾਰ ਸਭਾ ਵੱਲੋਂ ਕੀਤਾ ਜਾਵੇਗਾ ਅਤੇ ਕੇਵਲ ਦੇਗ, ਵਧੀਆ ਸਾਊਂਡ ਅਤੇ ਸੰਗਤਾਂ ਦੀ ਜਾਣਕਾਰੀ ਲਈ ਇਸ਼ਤਿਹਾਰਬਾਜ਼ੀ ਮੁਹਈਆ ਕਰਨ ਦੀ ਜਿੰਮੇਵਾਰੀ ਸਬੰਧਿਤ ਗੁਰਦੁਆਰਾ ਪ੍ਰਬੰਧਕਾਂ ਦੀ ਹੋਵੇਗੀ। ਲੰਗਰ ਦੀ ਕੋਈ ਲੋੜ ਨਹੀਂ ਕਿਉਂਕਿ ਲੰਗਰ ਦੇ ਖਰਚੇ ਤੋਂ ਬਚਣ ਲਈ ਪ੍ਰਬੰਧਕਾਂ ਨੇ ਸਮਾਗਮ ਦਾ ਸਮਾਂ ਸ਼ਾਮ 4.30 ਵਜੇ ਤੋਂ 6.30 ਵਜੇ ਤੱਕ ਰੱਖਿਆ ਹੈ ਕਿਉਂਕਿ ਇਸ ਸਮੇਂ ਲੰਗਰ ਦੀ ਕੋਈ ਲੋੜ ਹੀ ਨਹੀਂ ਹੁੰਦੀ। ਇਹ ਜਾਣਕਾਰੀ ਉਨ੍ਹਾਂ ਬੀਤੇ ਦਿਨ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਹਿਲਾਂ ਉਹ ਗੁਰਦੁਆਰਾ ਭਾਈ ਮਤੀਦਾਸ ਨਗਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਬਾਬਾ ਨਾਮਦੇਵ ਭਵਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ,  ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਨੂੰ ਸਮਰਪਤ ਸਮਾਗਮ ਕਰ ਚੁੱਕੇ ਹਨ ਅਤੇ ਅੱਜ ਦਾ ਸਮਾਗਮ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਸਮਰਪਤ ਗੁਰਦੁਆਰਾ ਪ੍ਰਬੰਧਕਾਂ ਦੇ ਭਰਵੇਂ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਗੁਰੂ ਕ੍ਰਿਪਾ ਦੁਆਰਾ ਹਰ ਸਮਾਗਮ ਵਿੱਚ ਸੰਗਤ ਦੀ ਹਾਜਰੀ ਲਗਾਤਾਰ ਵਧ ਰਹੀ ਹੈ ਅਤੇ ਆਉਣ ਵਾਲੀ 16 ਜੁਲਾਈ/ਇੱਕ ਸਾਉਣ ਭਾਵ ਸੰਗ੍ਰਾਂਦ ਵਾਲੇ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਅਤੇ 23 ਜੁਲਾਈ/8 ਸਾਵਣ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਚੀਫ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ (ਬਠਿੰਡਾ) ਵਿਖੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਪ੍ਰਚਾਰ ਵਿੱਚ ਸਮੁੱਚੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਜੇ ਅਸੀਂ ਸਮੂਹ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਹਰੇਕ ਦੁਰਦੁਆਰਾ ਸਾਹਿਬ ਵਿੱਚ ਨਹੀਂ ਮਨਾ ਸਕਦੇ ਤਾਂ ਘੱਟ ਤੋਂ ਘੱਟ ਇੱਕ ਗੁਰਦੁਆਰਾ ਸਾਹਿਬ ਵਿੱਚ ਤਾਂ ਸਾਰੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣਾ ਅਰੰਭ ਕਰ ਸਕੀਏ। ਉਨ੍ਹਾਂ ਤੋਂ ਪਹਿਲਾਂ ਡਾ: ਮੋਹਿੰਦਰਪਾਲ ਸਿੰਘ ਜੀ, ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਜੀ ਨੇ ਰਸ ਭਿੰਨਾ ਗੁਰਬਾਣੀ ਕੀਰਤਨ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਡਾ ਹਰਦੀਪ ਸਿੰਘ ਨੇ ਸੰਗਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ।

1 COMMENT

  1. Bathinda Sahib bahut vadia uprala h Ji.
    Waheguru ap Ji nu hor uddam bakhsis krn Ji,
    .Das BSDeol

Comments are closed.