ਨਵਾਬ ਕਪੂਰ ਸਿੰਘ ਜੀ

0
778

ਨਵਾਬ ਕਪੂਰ ਸਿੰਘ ਜੀ

ਰਣਜੀਤ ਸਿੰਘ ਲੁਧਿਆਣਾ

ਨਾਦਰਸ਼ਾਹ ਲਹੌਰ ਤੋਂ ਦਿੱਲੀ ਨੂੰ ਲੁੱਟਣ ਦੀ ਨੀਯਤ ਨਾਲ ਸੰਨ 1738 ਦੇ ਅਖੀਰ ਵਿੱਚ ਆਪਣੀ 12000 ਫੌਜ ਲੈ ਕੇ ਚੱਲਿਆ। ਉਸ ਸਮੇਂ ਦਿੱਲੀ ਦੇ ਤਖ਼ਤ ’ਤੇ ਮੁਹੰਮਦਸ਼ਾਹ ਰੰਗੀਲਾ ਰਾਜ ਕਰ ਰਿਹਾ ਸੀ। ਉਹ ਵੀ ਆਪਣੀ ਇੱਕ ਲੱਖ ਵੀਹ ਹਜਾਰ ਫੌਜ ਲੈ ਕੇ ਦਿੱਲੀ ਤੋਂ ਕਰਨਾਲ ਪਹੁੰਚਿਆ ਤਾਂ ਜੋ ਨਾਦਰ ਸ਼ਾਹ ਦੀ ਫੌਜ ਨੂੰ ਠੱਲ ਪਾਈ ਜਾ ਸਕੇ। ਮੁਹੰਮਦਸ਼ਾਹ ਦੀਆਂ ਫੌਜਾਂ ਬੁਰੀ ਤਰ੍ਹਾਂ ਹਾਰ ਗਈਆਂ। ਉਸ ਨੇ ਮੁਹੰਮਦ ਸ਼ਾਹ ਤੋਂ 25 ਕਰੋੜ ਰੁਪਏ ਲੜਾਈ ਦਾ ਖਰਚਾ ਮੰਗਿਆ। ਮੁਹੰਮਦਸ਼ਾਦ ਉਸ ਨੂੰ ਦਿੱਲੀ ਲੈ ਆਇਆ ਤੇ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ। ਲੁੱਟ ਤੋਂ ਇਲਾਵਾ ਨਾਦਰਸ਼ਾਹ ਨੇ ਦਿੱਲੀ ਵਿੱਚ ਕਤਲੇਆਮ ਸ਼ੁਰੂ ਕਰ ਦਿੱਤੀ ਤੇ ਲੱਗਭੱਗ ਇੱਕ ਲੱਖ ਵੀਹ ਹਜਾਰ ਬੱਚੇ ਇਸਤ੍ਰੀਆਂ ਤੇ ਪੁਰਸ਼ਾਂ ਨੂੰ ਕਤਲ ਕਰ ਦਿੱਤਾ।

ਦਿੱਲੀ ਤੋਂ ਲੁੱਟ ਦਾ ਸਮਾਨ ਅਤੇ ਦੋ ਹਜ਼ਾਰ ਨੌਜਵਾਨ ਲੜਕੀਆਂ ਲੈ ਕੇ ਜਦੋਂ ਨਾਦਰਸ਼ਾਹ ਵਾਪਸ ਜਾ ਰਿਹਾ ਸੀ ਤਾਂ ਚਨਾਬ ਦੇ ਕੰਢੇ ਅਖਨੂਰ ਵਿਖੇ ਇੱਕ ਬਹਾਦਰ ਸੂਰਮੇ ਦੀ ਅਗਵਾਈ ਹੇਠ ਸਿੰਘਾਂ ਦੀ ਫੌਜ ਨੇ ਨਾਦਰਸ਼ਾਹ ’ਤੇ ਹਮਲਾ ਕਰਕੇ ਉਸ ਦਾ ਜਿੱਥੇ ਭਾਰ ਹੌਲਾ ਕੀਤਾ ਉੱਥੇ ਨੌਜਵਾਨ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਇਆ। ਇਹ ਬਹਾਦਰ ਸੂਰਮਾ ਹੋਰ ਕੋਈ ਨਹੀਂ ਸੀ ਉਹ ਸੀ ‘ਨਵਾਬ ਕਪੂਰ ਸਿੰਘ’।

ਨਵਾਬ ਸ੍ਰ: ਕਪੂਰ ਸਿੰਘ ਜੀ ਅਠਾਰਵੀਂ ਸਦੀ ਦੇ ਇੱਕ ਮਹਾਨ ਜੰਗੀ ਜਰਨੈਲ ਹੋਏ ਹਨ। ਉਹ ਕੇਵਲ ਜੰਗੀ ਜਰਨੈਲ ਹੀ ਨਹੀਂ ਸਨ ਸਗੋਂ ਸੰਗਤਾਂ ਦੀ ਤਨ, ਮਨ, ਧਨ ਨਾਲ ਸੇਵਾ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੇ ਸਨ। ਸੇਵਾ ਦੀ ਗੁੜ੍ਹਤੀ ਉਹਨਾਂ ਨੂੰ ਵਿਰਸੇ ਵਿੱਚ ਆਪਣੇ ਮਾਤਾ ਪਿਤਾ ਤੋਂ ਮਿਲੀ ਸੀ। ਜਦੋਂ ਆਪ ਸੱਤ ਸਾਲ ਦੀ ਉਮਰ ਦੇ ਸਨ ਤਾਂ ਇਕ ਦਿਨ ਆਪਣੀ ਮਾਤਾ ਨੂੰ ਪੁੱਛਣ ਲੱਗੇ ਕਿ ਮਾਂ ਜਦੋਂ ਤੇਰੇ ਕੋਲੋਂ ਪੁੱਛਦਾ ਹਾਂ ਪਿਤਾ ਜੀ ਕਿੱਥੋਂ ਆਏ ਹਨ ਤਾਂ ਤੇਰਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਸੇਵਾ ਕਰ ਕੇ ਆਏ ਹਨ। ਇਹ ਸੇਵਾ ਕੀ ਹੁੰਦੀ ਹੈ ? ਮੈਂ ਵੀ ਸੇਵਾ ਕਰਨੀ ਚਾਹੁੰਦਾ ਹਾਂ। ਧਾਰਮਕ ਬਿਰਤੀ ਨਾਲ ਭਰਪੂਰ ਮਾਂ ਨੇ ਕਿਹਾ ਪੁੱਤਰ ਸੇਵਾ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਆਪਣਾ ਤਨ, ਮਨ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਸਤਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ ਆਪੁ ਗਵਾਇ ’’ (ਮਹਲਾ /੨੭)

ਸੱਤ ਸਾਲ ਦੇ ਬੱਚੇ ਨੇ ਸੇਵਾ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਸ਼ੁਰੂ ਕਰ ਦਿੱਤਾ। ਅਜੇ ਉਮਰ ਕੇਵਲ 11 ਸਾਲ ਦੀ ਸੀ ਕਿ ਸ਼ਸਤਰ ਵਿਦਿਆ ਦੇ ਦੌਰਾਨ ਇੱਕ ਸਹਿਪਾਠੀ ਕੋਲੋਂ ਇਸ ਦੇ ਸੱਜੇ ਮੋਢੇ ’ਤੇ ਬਹੁਤ ਡੂੰਘਾ ਜ਼ਖਮ ਲੱਗਾ। ਬਚਣ ਦੀ ਆਸ ਵੀ ਘੱਟ ਸੀ ਪਰ ਪ੍ਰਮਾਤਮਾ ਦੀ ਮਿਹਰ ਨਾਲ ਸਮਾਂ ਪਾ ਕੇ ਜ਼ਖਮ ਠੀਕ ਹੋ ਗਿਆ, ਪਰ ਬੱਚੇ ਦੇ ਇਰਾਦੇ ਵਿੱਚ ਕੋਈ ਤਬਦੀਲੀ ਨਾ ਆਈ।

ਇਸ ਬੱਚੇ ਦਾ ਜਨਮ ਸੰਨ 1697 ਈਸਵੀ ਨੂੰ ਚੌਧਰੀ ਦਲੀਪ ਸਿੰਘ ਦੇ ਘਰ ਪਿੰਡ ਕਾਲੋਕੇ ਪਰਗਨਾ ਸ਼ੇਖੂਪੁਰਾ ਵਿੱਚ ਹੋਇਆ। ਆਪ ਦੇ ਪਿਤਾ ਪਿੰਡ ਦੀ ਅਲੋਕੀ ਪੱਤੀ ਦੇ ਪੱਤੀਦਾਰ ਸਨ ਅਤੇ ਗੁਰੂ ਘਰ ਦੇ ਅਨਿਨ ਸੇਵਕ ਸਨ। ਪਿਤਾ ਜੀ ਆਪਣੇ ਬੇਟੇ ਕਪੂਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਦਮਦਮਾ ਸਾਹਿਬ ਲਿਆਏ ਅਤੇ ਗੁਰੂ ਪਾਤਸ਼ਾਹ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਪਿਤਾ ਬਾਅਦ ਵਿੱਚ ਪਿੰਡ ਫੈਜ਼ਲਪੁਰ ਵਿਖੇ ਆ ਵਸੇ। ਇਹ ਪਿੰਡ ਮੁਗਲ ਜਰਨੈਲ ਫੈਜ਼ਲ ਉਲਾ ਨੇ ਵਸਾਇਆ ਸੀ। ਜ਼ਕਰੀਆ ਖ਼ਾਨ ਦੀ ਭੈਣ ਉਸ ਨਾਲ ਵਿਆਹੀ ਹੋਈ ਸੀ। ਫੈਜ਼ਲ ਉਲਾ ਨੇ ਅਮਨ ਅਮਾਨ ਨਾਲ ਵਸਦੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ। ਸ੍ਰ : ਕਪੂਰ ਸਿੰਘ ਦਾ ਪਰਵਾਰ ਬਚ ਕੇ ਅੰਮ੍ਰਿਤਸਰ ਆ ਗਿਆ।

ਸੰਨ 1721 ਵਿੱਚ ਸ੍ਰ: ਕਪੂਰ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਜੱਥੇ ਪਾਸੋਂ ਅੰਮ੍ਰਿਤਸਰ ਵਿਖੇ ਅੰਮ੍ਰਿਤਪਾਨ ਕੀਤਾ। ਆਪ ਦੇ ਜੀਵਨ ਕਾਲ ਵਿੱਚ ਸਿੱਖਾਂ ਉੱਤੇ ਅੰਤਾਂ ਦਾ ਜ਼ੁਲਮ ਹੁੰਦਾ ਰਿਹਾ। ਸਿੰਘਾਂ ਦੀਆਂ ਖੋਪਰੀਆਂ ਉਤਾਰਨਾ, ਬੰਦ ਬੰਦ ਕੱਟਣੇ, ਚਰਖੜੀਆਂ ’ਤੇ ਚਾੜਨਾ, ਮੂੰਗਲੀਆਂ ਨਾਲ ਸਿਰ ਫੇਹਣੇ, ਹਾਥੀਆਂ ਦੇ ਪੈਰਾਂ ਨਾਲ ਬੰਨ੍ਹ ਕੇ ਸਰੀਰ ਨੂੰ ਦੁਫਾੜ ਕਰਨਾ, ਮਸੂਮ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੀਆਂ ਝੋਲ਼ੀਆਂ ਵਿੱਚ ਪਾਉਣੇ। ਅਜਿਹੇ ਮੁਸ਼ਕਲ ਸਮੇਂ ਵਿੱਚ ਆਪ ਨੇ ਕੌਮ ਨੂੰ ਸੁਚੱਜੀ ਅਗਵਾਈ ਦਿੱਤੀ। ਸੰਨ 1726 ਵਿੱਚ ਭਾਈ ਤਾਰਾ ਸਿੰਘ ‘ਵਾ’ ਦੀ ਸ਼ਹੀਦੀ ਨੇ ਖਾਲਸੇ ਦੇ ਭਵਿੱਖ ਦਾ ਪ੍ਰੋਗਰਾਮ ਉਲੀਕਿਆ। ਹਜ਼ਾਰਾਂ ਗੁਰਸਿੱਖ ਆਪਣੇ ਕੰਮ ਧੰਦੇ ਛੱਡ ਕੇ ਪੰਥਕ ਸੇਵਾ ਲਈ ਇਕੱਠੇ ਹੋ ਗਏ। ਇਸ ਸਮੇਂ ਸ੍ਰ : ਕਪੂਰ ਸਿੰਘ ਜੀ ਅੰਮ੍ਰਿਤਸਰ ਪਹੁੰਚ ਸ੍ਰ: ਦਰਬਾਰਾ ਸਿੰਘ ਦੇ ਜੱਥੇ ਵਿੱਚ ਸੇਵਾ ਲਈ ਸ਼ਾਮਲ ਹੋ ਗਏ।

ਸਾਰੇ ਹਾਲਾਤ ਉੱਤੇ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਖਾਲਸੇ ਦਾ ਇੱਕ ਇਤਿਹਾਸਕ ਇਕੱਠ ਹੋਇਆ। ਫੈਸਲਾ ਇਹ ਕੀਤਾ ਗਿਆ ਕਿ ਸਰਕਾਰੀ ਖਜ਼ਾਨੇ, ਹਥਿਆਰ ਤੇ ਸ਼ਾਹੀ ਘੋੜੇ ਆਦਿ ਲੁੱਟੇ ਜਾਣ ਤੇ ਸਰਕਾਰ ਦੇ ਜਬਰ ਦਾ ਮੁਕਾਬਲਾ ਕੀਤਾ ਜਾਵੇ। ਸ੍ਰ : ਕਪੂਰ ਸਿੰਘ ਦੀ ਯੋਗਤਾ ਨੂੰ ਵੇਖਦਿਆਂ ਹੋਇਆਂ ਸ੍ਰ: ਦਰਬਾਰਾ ਸਿੰਘ ਨੇ ਇੱਕ ਜੱਥਾ ਸ੍ਰ : ਕਪੂਰ ਸਿੰਘ ਦੀ ਜੱਥੇਦਾਰੀ ਵਿੱਚ ਤਿਆਰ ਕੀਤਾ, ਜਿਸ ਦਾ ਮੁੱਖ ਕੰਮ ਦੁਸ਼ਮਣਾਂ ਦੀਆਂ ਖਬਰਾਂ ਹੈਡ ਕਵਾਟਰ ਪਹੁੰਚਾਉਣ ਦਾ ਸੀ।

ਉਲੀਕੇ ਪ੍ਰੋਗਰਾਮ ਅਨੁਸਾਰ 400 ਸਿੰਘਾਂ ਨੇ ਰਲ਼ ਕੇ ਲਗਭਗ ਚਾਰ ਲੱਖ ਰੁਪਏ ਦਾ ਪਹਿਲਾ ਸ਼ਾਹੀ ਖ਼ਜਾਨਾ, ਜੋ ਮੁਲਤਾਨ ਤੋਂ ਲਾਹੌਰ ਜਾ ਰਿਹਾ ਸੀ, ਨੂੰ ਲੁੱਟਿਆ ਤੇ ਵੈਰੀਆਂ ਦੇ ਘੋੜੇ ਤੇ ਸ਼ਸਤਰ ਵੀ ਖੋਹ ਲਏ। ਦੂਜੀ ਵਾਰੀ ਲਾਹੌਰ ਤੋਂ ਨਸੂਰ ਜਾ ਰਿਹਾ ਇੱਕ ਲੱਖ ਰੁਪਏ ਦਾ ਸਰਕਾਰੀ ਖ਼ਜਾਨਾ ਲੁੱਟਿਆ। ਤੀਜੇ ਹਮਲੇ ਵਿੱਚ ਸਿੰਘਾਂ ਨੇ ਸੰਨ 1726 ਵਿੱਚ ਕਈ ਸੈਂਕੜੇ ਘੋੜੇ ਤੇ ਹਥਿਆਰਾਂ ਦਾ ਜਖੀਰਾ, ਜੋ ਕਾਬਲ ਤੋਂ ਦਿੱਲੀ ਜਾ ਰਿਹਾ ਸੀ, ਲੁੱਟਿਆ। ਇਹਨਾਂ ਲੁੱਟਾਂ ਦੇ ਦੌਰਾਨ ਇੱਕ ਵਾਰੀ ਗਲਤੀ ਨਾਲ ਸੇਠ ਪ੍ਰਤਾਪ ਚੰਦ ਦਾ ਲੱਖਾਂ ਰੁਪਿਆ ਦਾ ਮਾਲ, ਜੋ ਉਹ ਦਿੱਲੀ ਵੇਚਣ ਲਈ ਜਾ ਰਿਹਾ ਸੀ, ਲੁੱਟਿਆ ਗਿਆ। ਜਦੋਂ ਇਸ ਗੱਲ ਦਾ ਪਤਾ ਸ੍ਰ: ਦਰਬਾਰਾ ਸਿੰਘ, ਸ੍ਰ : ਕਪੂਰ ਸਿੰਘ ਤੇ ਸ੍ਰ: ਹਰੀ ਸਿੰਘ ਹਜੂਰੀਏ ਨੂੰ ਲੱਗਾ ਤਾਂ ਉਹਨਾਂ ਨੇ ਸਾਰਾ ਮਾਲ ਸੇਠ ਨੂੰ ਵਾਪਸ ਕਰਾ ਦਿੱਤਾ।

ਸਿੰਘਾਂ ਦੇ ਅਜਿਹੇ ਲੁੱਟ ਮਾਰ ਦੇ ਹਮਲਿਆਂ ਤੋਂ ਦੁਖੀ ਹੋ ਕੇ ਜ਼ਕਰੀਆ ਖ਼ਾਨ ਨੇ ਹੋਰ ਸਖਤੀ ਕਰ ਦਿੱਤੀ। ਸਿੱਖਾਂ ਦਾ ਕਤਲੇਆਮ ਹੋਣ ਲੱਗਾ। ਸਿੰਘਾਂ ਨੇ ਵੀ ਲੁੱਟਮਾਰ ਜਾਰੀ ਰੱਖੀ। ਅਖੀਰ ਤੰਗ ਆ ਕੇ ਜ਼ਕਰੀਆ ਖਾਨ ਨੇ ਸੰਨ 1733 ਵਿੱਚ ਦਿੱਲੀ ਦੇ ਬਾਦਸ਼ਾਹ ਅੱਗੇ ਸਾਰੇ ਹਾਲਾਤ ਬਿਆਨ ਕੀਤੇ ਅਤੇ ਕਿਹਾ ਕਿ ਕੋਈ ਹੋਰ ਚਾਲ ਚੱਲ ਕੇ ਜਾਂ ਸਿੱਖਾਂ ਨੂੰ ਲਾਲਚ ਦੇ ਕੇ ਆਪਸ ਵਿੱਚ ਲੜਾਇਆ ਜਾਵੇ। ਇਸ ਸਕੀਮ ਤਹਿਤ ਸਿੱਖਾਂ ਤੋਂ ਸਾਰੀਆਂ ਬੰਦਸ਼ਾਂ ਹਟਾ ਲਈਆਂ ਗਈਆਂ ਅਤੇ ਸ੍ਰ: ਸੁਬੇਗ ਸਿੰਘ ਦੇ ਰਾਹੀਂ ਖਾਲਸੇ ਨੂੰ ਨਵਾਬੀ ਤੋਂ ਇਲਾਵਾ ਇੱਕ ਲੱਖ ਰੁਪਏ ਦਾ ਪਰਗਨਾ ਦੀਪਾਲਪੁਰ, ਕੰਗਣਵਾਲ ਅਤੇ ਝਬਾਲ ਆਦਿ ਪਿੰਡਾਂ ਦੀ ਜਗੀਰ ਅਤੇ ਖਿੱਲਤ ਪੇਸ਼ ਕੀਤੀ। ਗੁਰਧਾਮਾਂ ਦੀ ਯਾਤਰਾ ਲਈ ਪਾਬੰਦੀ ਵੀ ਹਟਾ ਦਿੱਤੀ ਗਈ। ਸਾਰੀ ਵਿਚਾਰ ਕਰਨ ਉਪਰੰਤ ਖਾਲਸੇ ਨੇ ਇਸ ਨੂੰ ਪ੍ਰਵਾਨ ਕਰ ਲਿਆ, ਪਰ ਨਵਾਬੀ ਲੈਣ ਲਈ ਕੋਈ ਵੀ ਤਿਆਰ ਨਾ ਹੋਇਆ। ਅਖੀਰ ਪੰਜ ਪਿਆਰਿਆਂ ਨੇ ਹੁਕਮ ਜਾਰੀ ਕੀਤਾ ਕਿ ਨਵਾਬੀ ਸ੍ਰ : ਕਪੂਰ ਸਿੰਘ ਜੀ ਨੂੰ ਦਿੱਤੀ ਜਾਵੇ, ਜੋ ਉਸ ਵੇਲੇ ਸੰਗਤ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ।

ਸ੍ਰ: ਕਪੂਰ ਸਿੰਘ ਨੇ ਕਿਹਾ ਕਿ ਪੰਜਾਂ ਪਿਆਰਿਆਂ ਦੇ ਹੁਕਮ ਦੀ ਮੈਂ ਅਵੱਗਿਆ ਤਾਂ ਨਹੀਂ ਕਰ ਸਕਦਾ, ਪਰ ਇਹ ਨਵਾਬੀ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾ ਕੇ ਬਖਸ਼ੀ ਜਾਵੇ ਅਤੇ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਦੀ ਸੇਵਾ ਤੇ ਸੰਗਤਾਂ ਵਿੱਚ ਪੱਖੇ ਦੀ ਸੇਵਾ ਨਾ ਖੋਹੀ ਜਾਵੇ। ਨਵਾਬੀ ਦੀ ਖਿਲਅਤ ਦੇ ਨਾਲ ਸ਼ਾਲ ਦੀ ਪੱਗ, ਇਕ ਜੜਾਊ ਕਲਗੀ, ਜਿਗ੍ਹਾ, ਸੁਨਿਹਰੀ ਕੰਗਨਾ ਦੀ ਜੋੜੀ, ਕੈਂਠਾ, ਇਕ ਬਹੁਮੁੱਲੇ ਮੋਤੀਆਂ ਦੀ ਮਾਲਾ, ਕੀਨਖਵਾਬ ਦਾ ਜਾਮਾ ਤੇ ਇੱਕ ਹੀਰੇ ਜੜੀ ਸ਼ਮਸ਼ੀਰ ਸੀ। ਸ੍ਰ: ਕਪੂਰ ਸਿੰਘ ਏਨੇ ਸੂਝਵਾਨ ਸਨ ਕਿ ਉਹ ਹਕੂਮਤ ਨਾਲ ਇਸ ਮੇਲ ਜੋਲ ਨੂੰ ਥੋੜ੍ਹ ਚਿਰਾ ਹੀ ਸਮਝਦੇ ਸਨ, ਪਰ ਨਾਲ ਇਹ ਵੀ ਕਹਿੰਦੇ ਸਨ ਕਿ ਜਿੰਨਾ ਸਮਾਂ ਮਿਲਿਆ ਹੈ ਉਹ ਬਹਮੁੱਲਾ ਸਮਝ ਕੇ ਪੂਰਾ ਪੂਰਾ ਲਾਭ ਉਠਾਇਆ ਜਾਵੇ। ਸਭ ਤੋਂ ਪਹਿਲਾਂ ਉਹਨਾਂ ਨੇ ਖਾਲਸੇ ਦਾ ਅੰਮ੍ਰਿਤਸਰ ਵਿਖੇ ਇਕੱਠ ਬੁਲਾਇਆ ਅਤੇ ਖਾਲਸੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਬੁੱਢਾ ਦਲ’ ਤੇ ‘ਤਰੁਣਾ ਦਲ’। ਚਾਲੀ ਸਾਲ ਤੋਂ ਵੱਧ ਉਮਰ ਵਾਲੇ ਬੁੱਢਾ ਦਲ ਵਿੱਚ ਅਤੇ ਚਾਲੀ ਸਾਲ ਤੋਂ ਘੱਟ ਵਾਲੇ ਤਰੁਣਾ ਦਲ ਵਿੱਚ ਸ਼ਾਮਲ ਕੀਤੇ। ਬੁੱਢਾ ਦਲ ਦੇ ਜੁੰਮੇ ਗੁਰਧਾਮਾਂ ਦੀ ਦੇਖਭਾਲ, ਸਿੱਖ ਧਰਮ ਦਾ ਪ੍ਰਚਾਰ ਅਤੇ ਲੋੜ ਪੈਣ ਤੇ ਤਰੁਣਾ ਦਲ ਦੀ ਯੁੱਧ ਸਮੇਂ ਮਦਦ ਕਰਨਾ ਸੀ। ਤਰੁਣਾ ਦਲ ਦਾ ਮੁੱਖ ਕੰਮ ਬਾਹਰਲੇ ਹਮਲਾਵਾਰਾਂ ਦਾ ਮੁਕਾਬਲਾ ਕਰਨਾ, ਦੀਨ ਦੁਖੀਆਂ ਦੀ ਸਹਾਇਤਾ ਅਤੇ ਸਿੱਖ ਰਾਜ ਸਥਾਪਤ ਕਰਨਾ ਸੀ। ਦੋਹਾਂ ਦਲਾਂ ਲਈ ਇਹ ਵੀ ਨਿਯਮ ਸੀ ਕਿ ਜੋ ਵੀ ਮਾਇਆ ਆਵੇਗੀ ਉਹ ਸਾਂਝੇ ਖਜ਼ਾਨੇ ਵਿੱਚ ਜਮਾਂ ਹੋਵੇਗੀ ਅਤੇ ਦੋਹਾਂ ਜੱਥਿਆਂ ਦੀ ਹਥਿਆਰਾਂ, ਘੋੜਿਆਂ ਤੇ ਸ਼ਸਤਰਾਂ ਦੀ ਲੋੜ ਇਸ ਸਾਂਝੇ ਖਜ਼ਾਨੇ ਵਿੱਚੋਂ ਪੂਰੀ ਹੋਵੇਗੀ। ਲੰਗਰ ਵੀ ਦੋਹਾਂ ਦਲਾਂ ਦਾ ਸਾਂਝਾ ਬਣਦਾ ਸੀ।

ਜਦੋਂ ਤਰੁਨਾ ਦਲ ਦੀ ਗਿਣਤੀ 12000 ਤੋਂ ਵੀ ਵਧ ਗਈ ਤਾ ਸ੍ਰ: ਨਵਾਬ ਕਪੂਰ ਸਿੰਘ ਜੀ ਨੇ ਸਾਰੇ ਮੁਖੀਆਂ ਦੀ ਇਕੱਤਰਤਾ ਕਰਕੇ ਇਸ ਨੂੰ ਪੰਜ ਜੱਥਿਆਂ ਵਿੱਚ ਵੰਡ ਦਿੱਤਾ। ਇਹਨਾਂ ਦੇ ਮੁੱਖੀ ਸਨ – (1) ਬਾਬਾ ਦੀਪ ਸਿੰਘ (2) ਸ੍ਰ: ਕਰਮ ਸਿੰਘ ਤੇ ਸ੍ਰ: ਧਰਮ ਸਿੰਘ (3) ਬਾਬਾ ਕਾਹਨ ਸਿੰਘ ਤੇ ਬਿਨੋਦ ਸਿੰਘ (4) ਭਾਈ ਦਸੌਂਧਾ ਸਿੰਘ (5) ਭਾਈ ਵੀਰ ਸਿੰਘ ਤੇ ਜੀਵਨ ਸਿੰਘ। ਬਾਅਦ ਵਿੱਚ ਇਹਨਾਂ ਪੰਜਾਂ ਜੱਥਿਆਂ ਦੀਆਂ ਬਾਰ੍ਹਾਂ ਮਿਸਲਾਂ ਬਣਾਈਆਂ ਗਈਆਂ। ਇਸ ਸਮੇਂ ਦੌਰਾਨ ਹੀ ਨਵਾਬ ਕਪੂਰ ਸਿੰਘ ਜੀ ਨੂੰ ਮਾਤਾ ਸੁੰਦਰ ਕੌਰ ਜੀ ਦਾ ਹੁਕਮਨਾਮਾ ਪੁੱਜਾ ਕਿ ਸ੍ਰ: ਜੱਸਾ ਸਿੰਘ ਸਾਡਾ ਪੁੱਤਰ ਜਾਣ ਕੇ ਇਸ ਨੂੰ ਹਰ ਪੱਖੋਂ ਨਿਪੁੰਨ ਕਰ ਦਿਓ।

ਨਵਾਬੀ ਦੇ ਦੌਰਾਨ ਸ੍ਰ : ਕਪੂਰ ਸਿੰਘ ਜੀ ਨੇ ਖਾਲਸੇ ਦੀ ਖਿੰਡੀ ਹੋਈ ਤਾਕਤ ਨੂੰ ਇਕੱਠਾ ਕੀਤਾ। ਸਰਕਾਰ ਦੇ ਨਵਾਬੀ ਦੇਣ ਦੇ ਮਨਸੂਬੇ ਕਾਮਯਾਬ ਨਾ ਹੋਏ ਤਾਂ 1735 ਵਿੱਚ ਲਾਹੌਰ ਹਕੂਮਤ ਨੇ ਫੌਜ ਭੇਜ ਕੇ ਖਾਲਸੇ ਨੂੰ ਦਿੱਤੀ ਹੋਈ ਜਗੀਰ ’ਤੇ ਕਬਜ਼ਾ ਕਰ ਲਿਆ। ਸ੍ਰ : ਕਪੂਰ ਸਿੰਘ ਜੀ ਨੇ ਖਾਲਸੇ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਹੁਣ ਸਾਰਾ ਪੰਜਾਬ ਹੀ ਖਾਲਸੇ ਦੀ ਜਗੀਰ ਹੋਵੇਗਾ। ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁੁਰਾ ਖੋਜ ਮਿਟਾਉਣ ਲਈ ਸਾਰੇ ਇਲਾਕਿਆਂ ਵਿੱਚ ਗਸ਼ਤੀ ਫੌਜ ਭੇਜ ਦਿੱਤੀ। ਸਿੱਖਾਂ ਦੇ ਸਿਰਾਂ ’ਤੇ ਇਨਾਮ ਰੱਖ ਦਿੱਤੇ। ਇਹ ਸਮਾਂ ਏਨਾ ਭਿਆਨਕ ਸੀ ਕਿ ਕੁੱਝ ਸਮੇਂ ਲਈ ਸਿੱਖ ਪੰਜਾਬ ਛੱਡ ਕੇ ਜੰਗਲ਼ਾਂ, ਪਹਾੜਾਂ ਤੇ ਰੇਤਲੇ ਇਲਾਕੇ ਵਿੱਚ ਚਲੇ ਗਏ।

ਅਜਿਹੇ ਭਿਆਨਕ ਸਮੇਂ ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਕੌਤਕ ਰਚਿਆ। ਉਹਨਾਂ ਨੇ 20 ਸੂਰਬੀਰ ਸਿੰਘ ਆਪਣੇ ਨਾਲ ਲਏ ਤੇ ਬੇਖੌਫ ਹੋ ਕੇ ਲਾਹੌਰ ਜਾ ਵੜੇ। ਜਿਸ ਨੇ ਵੀ ਰਾਹ ਰੋਕਿਆ ਉਸ ਨੂੰ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਨਵਾਬ ਜੀ ਸਿੱਧਾ ਕੋਤਵਾਲੀ ਜਾ ਪਹੁੰਚੇ। ਸਾਰੇ ਹਥਿਆਰ ਕਬਜ਼ੇ ਵਿੱਚ ਕਰ ਲਏ ਤੇ ਕੋਤਵਾਲ ਨੂੰ ਹੁਕਮ ਦਿੱਤਾ ਕਿ ਸਾਰਾ ਖਜ਼ਾਨਾ ਸਿੰਘਾਂ ਦੇ ਹਵਾਲੇ ਕੀਤਾ ਜਾਵੇ ਤੇ ਕੈਦੀ ਰਿਹਾਅ ਕਰ ਦਿੱਤੇ ਜਾਣ। ਕੋਤਵਾਲ ਨੇ ਤੁਰੰਤ ਹੁਕਮ ਮੰਨਿਆ ਅਤੇ ਉਸ ਨੂੰ ਕਹਿ ਦਿੱਤਾ ਕਿ ਹਕੂਮਤ ਨੂੰ ਕਹਿ ਦੇਣਾ ਕਿ ਨਵਾਬ ਕਪੂਰ ਸਿੰਘ ਆਇਆ ਸੀ ਤੇ ਉਸ ਦੇ ਹੁਕਮ ਨਾਲ ਹੀ ਇਹ ਸਭ ਕੁੱਝ ਹੋਇਆ ਹੈ। ਸੰਨ 1736 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਖਾਲਸੇ ਨੇ ਸਰਹਿੰਦ ’ਤੇ ਹਮਲਾ ਕੀਤਾ। ਮੁਗਲ ਫੌਜ ਦੇ ਸਿਪਾਹੀ ਖਾਲਸੇ ਦੀ ਫੌਜ ਅੱਗੇ ਟਿੱਕ ਨਾ ਸਕੇ ਤੇ ਮੈਦਾਨ ਛੱਡ ਕੇ ਭੱਜ ਗਏ। ਖਾਲਸੇ ਨੇ ਸ਼ਾਹੀ ਖਜ਼ਾਨਾ ਲੁੱਟਿਆ ਤੇ ਗੁਰਦੁਆਰਿਆਂ ਦੀ ਉਸਾਰੀ ਕੀਤੀ।

ਸਰਹਿੰਦ ਦੇ ਹਮਲੇ ਤੋਂ ਜ਼ਕਰੀਆ ਖਾਨ ਘਬਰਾ ਗਿਆ। ਕਾਜ਼ੀ ਅਬਦੁਲ ਰਹਿਮਾਨ ਦੇ ਕਹਿਣ ਤੇ ਜ਼ਕਰੀਆ ਖਾਨ ਨੇ ਹਰਿਮੰਦਰ ਸਾਹਿਬ ’ਤੇ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਸਿੱਖ ਸਰੋਵਰ ਵਿੱਚ ਇਸ਼ਨਾਨ ਕਰਕੇ ਇੱਥੋਂ ਸ਼ਕਤੀ ਨਾ ਪ੍ਰਾਪਤ ਕਰ ਸਕੇ। ਇਸ ਦੇ ਜਵਾਬ ਵਿੱਚ ਨਵਾਬ ਕਪੂਰ ਸਿੰਘ ਨੂੰ ਕੁੱਝ ਚੋਣਵੇ ਸਿੱਖਾਂ ਨੇ ਹੁਕਮ ਕੀਤਾ ਕਿ ਭਾਂਵੇ ਸੀਸ ਚਲਾ ਜਾਵੇ ਪਰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਜਰੂਰ ਕਰਨਾ ਹੈ। ਇਹਨਾਂ ਸੂਰਮਿਆਂ ਨੇ ਕੇਵਲ ਇਸ਼ਨਾਨ ਹੀ ਨਹੀਂ ਕੀਤਾ ਸਗੋਂ ਜੈਕਾਰੇ ਗਜਾਉਂਦੇ ਹੋਏ ਸੁਨੇਹਾ ਦੇ ਗਏ ਕਿ ਸਿੱਖ ਆਪਣੇ ਗੁਰਧਾਮਾਂ ’ਤੇ ਹਰ ਕੀਮਤ ਪਹੁੰਚ ਸਕਦੇ ਹਨ।

ਸੰਨ 1734 ਵਿੱਚ ਕੌਮ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ ਜਿੱਥੇ ਸਿੱਖ ਕੌਮ ਅੰਤਾਂ ਦੀ ਦਿਆਲੂ ਹੈ, ਉੱਥੇ ਹੈਂਕੜਬਾਜ਼ ਜ਼ਾਲਮਾਂ ਤੋਂ ਬਦਲੇ ਲਏ ਬਿਨਾਂ ਚੈਨ ਨਾਲ ਨਹੀਂ ਬੈਠਦੀ। ਸ੍ਰ : ਕਪੂਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਨੀ ਸਿੰਘ ਜੀ ਦੇ ਕਾਤਲ ਸਮੱਦ ਖਾਨ ਨੂੰ ਘੇਰ ਲਿਆ ਅਤੇ ਘੋੜਿਆਂ ਦੇ ਮਗਰ ਬੰਨ ਕੇ ਖ਼ੂਬ ਦੁੜਾਇਆ ਤੇ ਕੀਤੇ ਦੀ ਸਜ਼ਾ ਦਿੱਤੀ।

ਹੁਣ ਸਿੰਘਾਂ ਨੇ ਨਾਦਰਸ਼ਾਹ ਨੂੰ ਸੋਧਣ ਦਾ ਪ੍ਰੋਗਰਾਮ ਉਲੀਕਿਆ। ਇਸ ਨੇ ਸੰਨ 1738 ਵਿੱਚ ਦਿੱਲੀ ਵਿੱਚ ਲਗਭਗ ਇੱਕ ਲੱਖ ਵੀਹ ਹਜ਼ਾਰ ਬੱਚੇ, ਜਵਾਨ, ਬੁੱਢੇ ਅਤੇ ਔਰਤਾਂ ਨੂੰ ਕਤਲ ਕੀਤਾ ਸੀ। ਮੁਹੰਮਦ ਸ਼ਾਹ ਰੰਗੀਲੇ ਨੇ ਇਸ ਕੋਲੋਂ ਹਾਰ ਖਾ ਕੇ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ। ਸਾਰੇ ਨਾਦਰ ਸ਼ਾਹ ਕੋਲੋਂ ਥਰ ਥਰ ਕੰਬਦੇ ਸਨ। ਦਿੱਲੀ ਦੀ ਲੁੱਟ ਵਿੱਚ ਉਸ ਨੇ ਸੱਤਰ ਕਰੋੜ ਰੁਪਏ ਦਾ ਸੋਨਾ ਤੇ ਹੀਰੇ ਜਵਾਹਰਾਤ, 25 ਕਰੋੜ ਦਾ ਤਾਵਾਨ-ਜੰਗ, 1000 ਹਾਥੀ, 7000 ਘੋੜੇ, 1000 ਊਠ, 200 ਕਾਰੀਗਰ ਤਰਖਾਣ, 200 ਲੌਹਾਰ, 300 ਰਾਜ ਮਿਸਤਰੀ, 200 ਪੱਥਰ ਘਾੜੇ, 130 ਖੁਸ਼ਨਵੀਸ਼, 100 ਹੀਜੜੇ ਹਰਮਾਂ ਦੀ ਸੇਵਾ ਲਈ ਤੇ 2000 ਨੌਜਵਾਨ ਹਿੰਦੂ ਲੜਕੀਆਂ ਲੈ ਕੇ ਚੱਲ ਪਿਆ।

ਜਦੋਂ ਇਹ ਖਬਰ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਹਮਲਾ ਕਰਨ ਦਾ ਪ੍ਰੋਗਰਾਮ ਬਣਾਇਆ। ਜਦੋ ਨਾਦਰਸ਼ਾਹ ਨੇ ਚਨਾਬ ਦੇ ਕੰਢੇ ਅਖਨੂਰ ਵਿਖੇ ਮੁਕਾਮ ਕੀਤਾ ਤਾਂ ਸਿੰਘਾਂ ਨੇ ਹਮਲਾ ਕਰਕੇ ਕੈਦੀ ਇਸਤਰੀਆਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ ਤੇ ਲੁੱਟ ਦੇ ਮਾਲ ਦਾ ਭਾਰ ਵੀ ਹੌਲਾ ਕੀਤਾ।

ਨਾਦਰਸ਼ਾਹ ਲੋਹਾ ਲਾਖਾ ਹੋ ਕੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ ਕਿ ਇਹ ਸਿੱਖ ਕੌਣ ਹਨ ਤੇ ਕਿੱਥੇ ਰਹਿੰਦੇ ਹਨ। ਮੈਂ ਇਹਨਾਂ ਦੇ ਘਰ-ਘਾਟ ਉਜਾੜ ਦੇਵਾਂਗਾ। ਜ਼ਕਰੀਆ ਖਾਨ ਕਹਿਣ ਲੱਗਾ ਕਿ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਹੀ ਹਨ। ਜਦੋਂ ਨਾਦਰ ਨੇ ਸਿੰਘਾਂ ਬਾਰੇ ਹੋਰ ਜਾਣਕਾਰੀ ਲਈ ਤਾਂ ਹਉਕਾ ਲੈ ਕੇ ਕਹਿਣ ਲੱਗਾ ਕਿ ਜੇ ਇਹ ਸੱਚ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਮੁਲਕ ਦੇ ਬਾਦਸ਼ਾਹ ਬਣਨਗੇ।

ਅੰਮ੍ਰਿਤਸਰ ’ਤੇ ਪਹਿਰਾ ਅਜੇ ਵੀ ਜਾਰੀ ਸੀ। ਸਿੰਘਾਂ ਨੇ ਹਮਲਾ ਕਰਕੇ ਕਾਜ਼ੀ ਅਬਦੁਲ ਰਹਿਮਾਨ ਨੂੰ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਮੱਸਾ ਰੰਘੜ 1738 ਤੋਂ 1740 ਤੱਕ ਅੰਮ੍ਰਿਤਸਰ ਦਾ ਕੋਤਵਾਲ ਰਿਹਾ। ਇਸ ਨੂੰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦਿਨ ਦਿਹਾੜੇ ਕਤਲ ਕੀਤਾ। ਸੰਨ 1745 ਵਿੱਚ ਜ਼ਕਰੀਆ ਖਾਨ ਮਰ ਗਿਆ। ਸੰਨ 1747 ਦੇ ਅਖੀਰ ਵਿੱਚ ਸਲਾਬਤ ਖਾਨ ਅੰਮ੍ਰਿਤਸਰ ਦੀ ਸ਼ਾਹੀ ਫੌਜ ਦਾ ਹਾਕਮ ਬਣਿਆ। ਇਸ ਨੇ ਪਹਿਰਾ ਏਨਾ ਸਖ਼ਤ ਕਰ ਦਿੱਤਾ ਕਿ ਜਿਹੜਾ ਵੀ ਸਿੱਖ ਸਰੋਵਰ ਦੇ ਨੇੜੇ ਪਹੁੰਚਦਾ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ। ਨਵਾਬ ਕਪੂਰ ਸਿੰਘ ਨੇ ਇਸ ਨੂੰ ਸੋਧਣ ਲਈ ਤੇ ਅੰਮ੍ਰਿਤਸਰ ਨੂੰ ਅਜ਼ਾਦ ਕਰਾਉਣ ਲਈ ਦੋਹਾਂ ਦਲਾਂ ਨੂੰ ਇਕੱਠਾ ਕਰਕੇ ਫੈਸਲਾ ਲਿਆ। ਮਾਰਚ 1748 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਡਟ ਕੇ ਮੁਕਾਬਲਾ ਹੋਇਆ। ਸਲਾਬਤ ਖਾਨ, ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੇ ਇੱਕੋ ਵਾਰ ਨਾਲ ਟੋਟੇ ਹੋ ਗਿਆ। ਉਸ ਦਾ ਭਤੀਜਾ ਨਜ਼ਾਬਤ ਖਾਨ ਸ੍ਰ: ਜੱਸਾ ਸਿੰਘ ’ਤੇ ਵਾਰ ਕਰਨ ਲੱਗਾ ਸੀ ਕਿ ਨਵਾਬ ਕਪੂਰ ਸਿੰਘ ਦੇ ਇੱਕ ਤੀਰ ਨੇ ਹੀ ਇਸ ਨੂੰ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਖਾਲਸੇ ਦਾ ਅੰਮ੍ਰਿਤਸਰ ’ਤੇ ਕਬਜਾ ਹੋ ਗਿਆ।

ਸੰਨ 1753 ਵਿੱਚ ਅੰਮ੍ਰਿਤਸਰ ਵਿਖੇ ਇੱਕ ਵੱਡਾ ਇਕੱਠ ਹੋਇਆ। ਸ੍ਰ : ਕਪੂਰ ਸਿੰਘ ਨੇ ਖਾਲਸੇ ਨੂੰ ਕਿਹਾ ਕਿ ਮੇਰਾ ਅੰਤਮ ਸਮਾਂ ਹੁਣ ਨੇੜੇ ਹੈ। ਆਪ ਨੇ ਇੱਕ ਮੁੱਠ ਹੋ ਕੇ ਰਹਿਣਾ। ਮੇਰੇ ਤੋਂ ਬਾਅਦ ਖਾਲਸਾ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੀ ਜੱਥੇਦਾਰੀ ਹੇਠ ਹੀ ਅਗਵਾਈ ਲਵੇਗਾ। ਇਸ ਉਪਰੰਤ ਸ੍ਰ : ਕਪੂਰ ਸਿੰਘ ਨੇ ਕਲਗੀਧਰ ਦੇ ਗਾਤਰੇ ਦੀ ਸ੍ਰੀ ਸਾਹਿਬ ਜੋ ਆਪ ਨੂੰ ਮਾਤਾ ਸੁੰਦਰ ਕੌਰ ਜੀ ਤੋਂ ਪ੍ਰਾਪਤ ਹੋਈ ਸੀ, ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਪੰਥ ਦੀ ਜੱਥੇਦਾਰੀ ਸੌਂਪ ਕੇ ਆਪ ਚੜ੍ਹਾਈ ਕਰ ਗਏ। ਆਪ ਜੀ ਦਾ ਸਸਕਾਰ ਬਾਬਾ ਅਟਲ ਜੀ ਦੇ ਗੁਰਦੁਆਰੇ ਕੋਲ ਕੀਤਾ ਗਿਆ।

ਗੋਕਲ ਚੰਦ ਨਾਰੰਗ ਨੇ ਲਿਖਿਆ ਹੈ ਕਿ ਨਵਾਬ ਕਪੂਰ ਸਿੰਘ ਦੀ ਬਹਾਦਰੀ ਦਾ ਸਿੱਕਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਮੰਨਿਆ ਜਾਂਦਾ ਸੀ। ਗਿਆਨ ਗਿਆਨ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਆਪਣੇ ਆਪ ਵਿੱਚ ਵੱਡੇ ਹੌਂਸਲੇ ਵਾਲਾ ਤੇ ਬਹਾਦਰ ਜਰਨੈਲ ਸੀ। ਉਹ ਜੰਗ ਦੇ ਮੈਦਾਨ ਵਿੱਚ ਮਸਤ ਹਾਥੀ ਦੀ ਤਰ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਹੀਂ ਸੀ ਕਰਦਾ। ਅਸਲ ਵਿੱਚ ਸਾਰੇ ਹੀ ਇਤਿਹਾਸਕਾਰ ਭਾਵੇਂ ਉਹ ਜਨੂੰਨੀ ਵੀ ਸਨ, ਨਵਾਬ ਕਪੂਰ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕੇ। ਸਾਡੇ ਅੱਜ ਦੇ ਆਗੂਆਂ ਨੂੰ ਵੀ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।