ਨਾਸਕੀ-ਚਿੰਨ੍ਹ ‘ਟਿੱਪੀ’
‘ਟਿੱਪੀ’ ਨਾਸਕੀ ਧੁਨੀ ਦਾ ਪ੍ਰਤੀਕ-ਚਿਨ੍ਹ ਹੈ। ਇਸ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਉਪਰ ਹੁੰਦੀ ਹੈ। ਗੁਰਬਾਣੀ ਵਿੱਚ ‘ਟਿੱਪੀ’ ਵਤ ਸ਼ਬਦ ਪੁਲਿੰਗ ਨਾਵ ਅਤੇ ਇਸਤਰੀ-ਲਿੰਗ ਨਾਵ ਆਪਣੇ ਮੂਲ-ਸਰੂਪ ਅਨੁਸਾਰ ਮਿਲਦੇ ਹਨ ਜਿਵੇਂ -:
‘ਗੋਬਿੰਦ, ਸੰਦੇਸਾ, ਅੰਧਾ, ਡੰਡਾ, ਖੰਡਾ, ਖੰਡ, ਧੰਧਾ’ ਆਦਿ ਲਫਜ਼ ਪੁਲਿੰਗ ਨਾਵ ਹਨ।
‘ਕੂੰਜ, ਧੁੰਧ, ਬੂੰਦ, ਗੂੰਜ, ਚਿੰਜ’ ਆਦਿ ਲਫਜ਼ ਇਸਤਰੀ-ਲਿੰਗ ਨਾਵ ਹਨ।
1. ਗੁਰਬਾਣੀ ਵਿਚ ਟਿੱਪੀ ਦੀ ਵਰਤੋਂ ਬਿੰਦੀ ਦੀ ਬਦਲ ਵਿਚ ਭੀ ਕੀਤੀ ਗਈ ਹੈ :
‘‘ਦਾਸੰੀ, ਹਰਿ ਕਾ ਨਾਮੁ ਧਿਆਇਆ॥’’ (ਪੰਨਾ ੬੮੪)
ਦਾਸੰੀ-ਭਾਵ ਦਾਸੀਂ-ਕਰਤਾ ਕਾਰਕ ਬਹੁ ਵਚਨ ਨਾਵ, ਸੰਬੰਧਕੀ ਰੂਪ ‘ਦਾਸਾਂ ਨੇ’।
‘‘ਲਿੰਉ ਲਿੰਉ ਕਰਤ ਫਿਰੈ, ਸਭੁ ਲੋਗੁ॥’’ (ਪੰਨਾ ੩੪੨)
ਲਿੰਉ-ਭਾਵ ਲਿਂਉ, ਕਿਰਿਆਵਾਚੀ ਸ਼ਬਦ, ਜਿਸ ਦਾ ਅਰਥ ਹੈ ‘ਮੈਂ ਹਾਸਲ ਕਰ ਲਵਾਂ।
‘‘ਪੰਦ੍ਰਹ ਥਿਤੰੀ ਸਾਤ ਵਾਰ॥’’ (ਪੰਨਾ ੩੪੩)
ਥਿਤੰੀ-ਭਾਵ ਥਿਤਂੀਂ-ਬਹੁ ਵਚਨ-ਨਾਵ, ਜਿਸ ਦਾ ਅਰਥ ਹੈ ਚੰਦ੍ਰਮਾ ਨਾਲ ਸਬੰਧਤ ‘ਥਿਤਾਂ’।
‘‘ਸੇਵੀ ਸਾਹਿਬੁ ਆਪਣਾ, ਅਵਰੁ ਨ ਜਾਚੰਉ ਕੋਇ॥’’ (ਪੰਨਾ ੬੬੦)
ਜਾਚੰਉ-ਜਾਚਂਉ-ਉਤਮ ਪੁਰਖ ਇੱਕ ਵਚਨ ਕਿਰਿਆ ਵਰਤਮਾਨ ਕਾਲ, ਅਰਥ ਹੈ ‘ਮੈਂ ਮੰਗਦਾ ਹਾਂ’।
2. ਅਨੁਨਾਸਕ- ਅੱਖਰ ਙ, ਞ, ਣ, ਨ ਅਤੇ ਮ’ ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ’ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ,ਜਿਵੇਂ ਕਿ
‘‘ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੜਾਨੀਅਹੁ॥’’ (ਪੰਨਾ ੧੪੦੦)
ਅੰਨ– ਸ਼ਬਦ ’ਚ ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ। ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।
‘‘ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥’’ (ਪੰਨਾ ੫੬)
ਪੁੰਨ-ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ।
‘‘ਨਾਨਕ! ਸੁਤੀ ਪੇਈਐ, ਜਾਣੁ ਵਿਰਤੀ ਸੰਨਿ॥ (ਪੰਨਾ ੨੩)
‘ਸੰਨਿ’ ਸ਼ਬਦ ਦੇ ‘ਸ’ ਉਪਰ ਅੱਧਕ ਉਚਾਰਨ ਹੋਵੇਗੀ।
‘‘ਸੋ ਨਰੁ ਜੰਮੈ ਨਾ ਮਰੈ, ਨਾ ਆਵੈ ਨਾ ਜਾਇ॥’’ (ਪੰਨਾ ੧੯)
‘ਜੰਮੈ’ ਸ਼ਬਦ ਭੀ ‘ਜੱਮੈ’ ਵਾਂਙ ਪੜ੍ਹਿਆ ਜਾਵੇਗਾ।
‘‘ਝਰਹਿ ਕਸੰਮਲ ਪਾਪ ਤੇਰੇ ਮਨੂਆ॥’’ (ਪੰਨਾ ੨੫੫)
‘ਕਸੰਮਲ’ ਸ਼ਬਦ ਦਾ ਉਚਾਰਨ ‘ਕਸੱਮਲ’ ਵਾਂਙ।
3. ਗੁਰਬਾਣੀ ਕਾਵਿ-ਰੂਪ ਵਿਚ ਹੈ ਇਸ ਕਰਕੇ ਕਾਵਿਕ-ਨਿਯਮ ਲਾਗੂ ਹੁੰਦੇ ਹਨ। ਪਿੰਗਲ ਅਨੁਸਾਰ ‘ਟਿੱਪੀ’ ਦੀ ਇਕ ਮਾਤ੍ਰਾ ਗਿਣੀ ਜਾਂਦੀ ਹੈ, ਮਾਤ੍ਰਾ ਨੂੰ ਵਧਾਉਣ ਹਿਤ ‘ਟਿੱਪੀ’ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਕਿ
‘‘ਨਾਨਕ! ਸੇਈ ਤੰਨ ਫੁਟੰਨਿ, ਜਿਨਾ ਸਾਂਈ ਵਿਸਰੈ॥’’ (ਪੰਨਾ ੩੨੩)
ਇਸ ਪੰਗਤੀ ਵਿਚ ਲਫਜ਼ ‘ਤਨ’ ਦੋ ਮਾਤ੍ਰੀਆ ਲਫਜ਼ ਸੀ, ਤਿੰਨ ਮਾਤ੍ਰੀਆ ਬਨਾਉਣ ਲਈ ਉਕਤ ਲਫਜ਼ ਉਪਰ ਟਿੱਪੀ ਵਰਤੀ ਗਈ ਹੈ।
‘‘ਚਬਣ ਚਲਣ ਰਤੰਨ, ਸੇ ਸੁਣੀਅਰ ਬਹਿ ਗਏ॥’’ (ਪੰਨਾ ੧੩੮੧)
ਰਤੰਨ– ਤਿੰਨ ਮਾਤ੍ਰੀਆ ਤੋਂ ਚਾਰ ਮਾਤ੍ਰੀਆ ਬਨਾਇਆ ਗਿਆ ਹੈ।
ਮਾਤਿ੍ਰਕ ਛੰਦ ਅਨੁਸਾਰ ਜਿੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਨਾਲ ਮਾਤ੍ਰਾ ਵਿਚ ਨਾ ਵਾਧਾ ਹੁੰਦਾ ਹੋਵੇ, ਉੱਥੇ ‘ਟਿੱਪੀ’ ਦਾ ਪ੍ਰਯੋਗ ਕਰਨ ਵਿੱਚ ਕੋਈ ਹਰਜ ਨਹੀਂ। ਪਰ ਜਿੱਥੇ ਮਾਤ੍ਰਾ ਦੀ ਗਿਣਤੀ ਵਧ ਜਾਏ ਉੱਥੇ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਜਿਵੇਂ ਕਿ
‘‘ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ॥’’ (ਪੰਨਾ ੧੦)
ਉਪਰੋਕਤ ਪੰਗਤੀ ਵਿੱਚ ਲਫਜ਼ ‘ਅਗਮਾ, ਅਗਮ’ ਉਪਰ ਟਿੱਪੀ ਦਾ ਪ੍ਰਯੋਗ ਨਹੀਂ ਹੋ ਸਕਦਾ ਕਿਉਂਕਿ ਮਾਤ੍ਰਾ ਵਧ ਰਹੀ ਹੈ ਇਸ ਕਰਕੇ ਉਕਤ ਲਫਜ਼ਾਂ ਨੂੰ ਕੇਵਲ ‘ਅ’ ਅਗੇਤਰ ਕਰਕੇ ‘ਅ-ਗਮਾ’ ਅਤੇ ‘ਅ-ਗਮ’ ਉਚਾਰਨ ਕਰਨਾ ਚਾਹੀਦਾ ਹੈ। ਜੋ ਸੱਜਨ ਇੱਥੇ ‘ਟਿਪੀ’ ਦਾ ਪ੍ਰਯੋਗ ਕਰਦੇ ਹਨ, ਉਹਨਾ ਨੂੰ ਉਪਰੋਕਤ ਕਾਵਿਕ ਨਿਯਮ ਸਮਝਣੇ ਚਾਹੀਦੇ ਹਨ।
ਭੁੱਲ-ਚੁਕ ਦੀ ਖਿਮਾ