ਚਿੱਠੀ ਨੰ: 8 ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ (ਮਿਤੀ 31.3.2018)

0
335

ਚਿੱਠੀ ਨੰ: 8  ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ (ਮਿਤੀ 31.3.2018)

ਸਤਿਕਾਰਯੋਗ ਕਰਨਲ ਨਿਸ਼ਾਨ ਸਾਹਿਬ ਜੀਉ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਕੈਲੰਡਰ ਸਬੰਧੀ ਮੇਰੇ ਮਨ ਵਿੱਚ ਉੱਠੇ ਸ਼ੰਕੇ ਦੂਰ ਕਰਨ ਲਈ ਆਪ ਜੀ ਵੱਲੋਂ ਈ-ਮੇਲ ਰਾਹੀਂ ਦਿੱਤੇ ਜਵਾਬ ਮਿਲੇ। ਜਵਾਬ ਦਿੱਤੇ ਜਾਣ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਮੇਰੀ ਆਪ ਜੀ ਦੇ ਜਵਾਬ ਰਾਹੀਂ ਤਸੱਲੀ ਨਹੀਂ ਹੋਈ। ਤਸੱਲੀ ਨਾ ਹੋਣ ਦੇ ਕਾਰਨ ਨੁਕਤਾ ਵਾਈਜ਼ ਹੇਠਾਂ ਦਿੱਤੇ ਜਾ ਰਹੇ ਹਨ ਆਸ ਹੈ ਆਪ ਜੀ ਮੇਰੀ ਹੀ ਨਹੀਂ ਬਲਕਿ ਸਮੁੱਚੇ ਸਿੱਖ ਕੌਮ ਦੇ ਸ਼ੰਕਿਆਂ ਦੀ ਨਿਰਵਿਰਤੀ ਕਰਨ ਦੀ ਖੇਚਲ ਜਰੂਰ ਝੱਲੋਗੇ ।

ਮੈਂ ਤੁਹਾਡੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਗੁਰਸਿੱਖ ਲਈ ਕੋਈ ਮਹੀਨਾ ਮਲ ਮਾਸ ਜਾਂ ਗੰਦਾ ਮਹੀਨਾ ਨਹੀਂ, ਸਾਰੇ ਮਹੀਨੇ ਹੀ ਭਲੇ ਹਨ ਇਸ ਲਈ ਇਤਿਹਾਸਕ ਘਟਨਾ ਨੂੰ ਮਲ ਮਾਸ ਦੇ ਭੁਲੇਖੇ ਕਾਰਨ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਖ਼ੁਦ ਆਪਣੇ ਹੀ ਕਥਨ ’ਤੇ ਪੂਰੇ ਨਹੀਂ ਉੱਤਰ ਰਹੇ ਕਿਉਂਕਿ ਤੁਸੀਂ ਆਪਣੀ ਪੁਸਤਕ ਵਿਚ ਗੁਰ ਪੁਰਬਾਂ ਦੀਆਂ ਤਰੀਖਾਂ ਨਿਸਚਿਤ ਕਰਨ ਸਮੇਂ ਬਹੁਤ ਵਾਰੀ ਮਲ ਮਾਸ ਦਾ ਖ਼ਿਆਲ ਰੱਖ ਕੇ ਗੁਰ ਪਰਬਾਂ ਦੀਆਂ ਤਰੀਖਾਂ 29/30 ਦਿਨ ਪਿੱਛੇ ਕੀਤੀਆਂ ਹਨ, ਜਿਨ੍ਹਾਂ ਦਾ ਵੇਰਵਾ ਤੁਸੀਂ ਖ਼ੁਦ ਆਪ ਹੀ ਚੰਗੀ ਤਰ੍ਹਾਂ ਜਾਣਦੇ ਹੋ। ਜੇਕਰ ਤੁਸੀਂ ਮਲ ਮਾਸ ਦਾ ਖ਼ਿਆਲ ਨਹੀਂ ਰੱਖਦੇ ਤਾਂ ਐਸਾ ਕਿਉਂ ਹੈ ਕਿ ਕਦੀ ਮਲ ਮਾਸ ਦਾ ਖ਼ਿਆਲ ਰੱਖ ਲਿਆ ਤੇ ਕਦੀ ਭ੍ਰਮ ਤੋੜ ਸੁੱਟਿਆ ? ਕਿਉਂ ਨਹੀਂ ਬਿਕ੍ਰਮੀ ਕੈਲੰਡਰ ਦੇ ਮਲ ਮਾਸ ਜਾਂ ਚੰਗੇ ਮਾੜੇ ਦਿਨਾਂ ਦਾ ਹਮੇਸ਼ਾਂ ਲਈ ਫਸਤਾ ਵੱਡ ਕੇ ਸੂਰਜੀ ਕੈਲੰਡਰ ਅਪਣਾ ਲਿਆ ਜਾਂਦਾ ? ਕਿਉਂਕਿ ਜੇ ਮਲ ਮਾਸ ਵਾਲੇ ਕੈਲੰਡਰ ਦਾ ਫਾਹਾ ਕੌਮ ਦੇ ਗਲ਼ ਪਿਆ ਰਿਹਾ ਤਾਂ ਸਿੱਖਾਂ ਵਿੱਚ ਹਮੇਸ਼ਾਂ ਵਿਵਾਦ ਖੜ੍ਹੇ ਹੁੰਦੇ ਰਹਿਣਗੇ ਜਿਵੇਂ ਕਿ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਤੁਸੀਂ ਮਲ ਮਾਸ ਦਾ ਖ਼ਿਆਲ ਰੱਖੇ ਬਿਨਾਂ 19 ਮਈ ਨਿਸਚਿਤ ਕਰ ਦਿੱਤਾ ਅਤੇ ਸ਼੍ਰੋਮਣੀ ਕਮੇਟੀ ਨੇ ਬਿਕ੍ਰਮੀ ਕੈਲੰਡਰ ਦੇ ਨਿਯਮਾਂ ਦਾ ਧਿਆਨ ਰੱਖ ਕੇ 17 ਜੂਨ ਮਿਥ ਲਿਆ। ਤੁਸੀਂ ਮਾਰਤੰਡ ਪੰਚਾਂਗ ਅਤੇ ਮੁਫ਼ੀਦਆਲਮ ਜੰਤਰੀਆਂ ਦੀ ਸਹਾਇਤਾ ਨਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਦਿਹਾੜਾ ਚੇਤ ਸੁਦੀ 14 ਮੁਤਾਬਕ 30 ਮਾਰਚ ਨੂੰ ਨਿਸਚਿਤ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਨੇ ਪਿੰਗਲਵਾੜੇ ਦੀ ਜੰਤਰੀ ਤੋਂ ਨਕਲ ਮਾਰ ਕੇ 29 ਮਾਰਚ ਦਰਜ ਕਰ ਦਿੱਤਾ। ਇਸ ਫਰਕ ਦਾ ਕਾਰਨ ਪੁੱਛੇ ਜਾਣ ਲਈ ਆਪ ਜੀ ਨੂੰ ਲਿਖੇ ਪੱਤਰ ਵਿੱਚ ਸ: ਸਰਬਜੀਤ ਸਿੰਘ ਸੈਕਰਾਮੈਂਟੋ ਟਾਈਪ ਦੀ ਗਲਤੀ ਜਾਂ ਬੇਧਿਆਨੀ ਕਾਰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ 19 ਮਈ ਦੀ ਥਾਂ 29 ਮਈ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਥਾਂ ਗੁਰੂ ਹਰਿਰਾਏ ਸਾਹਿਬ ਜੀ ਦਾ ਨਾਮ ਲਿਖ ਬੈਠੇ। ਤੁਸੀਂ ਸਰਬਜੀਤ ਸਿੰਘ ਦੀ 19 ਮਈ ਦੀ ਥਾਂ 29 ਮਈ ਦੀ ਗਲਤੀ ਤਾਂ ਫੜ ਲਈ ਪਰ ਗੁਰੂ ਸਾਹਿਬ ਜੀ ਦੇ ਨਾਮ ਦੀ ਗਲਤੀ ਤੁਸੀਂ ਵੀ ਹੁਣ ਤੱਕ ਦੁਹਰਾਉਂਦੇ ਆ ਰਹੇ ਹੋ; ਜਿਸ ਦਾ ਸਬੂਤ ਹੈ ਕਿ ਤੁਹਾਡੇ ਵੱਲੋਂ ਸਰਬਜੀਤ ਸਿੰਘ ਨੂੰ ਤਿੰਨ ਈ-ਮੇਲ ਭੇਜੀਆਂ ਗਈਆਂ ਅਤੇ ਤਿਨ੍ਹਾਂ ਵਿੱਚ ਹੀ ਤੁਸੀਂ ਸਰਬਜੀਤ ਸਿੰਘ ਦੀ ਮਾਰੀ ਨਕਲ ਕਾਰਨ ਗੁਰੂ ਹਰਿ ਰਾਏ ਸਾਹਿਬ ਜੀ ਹੀ ਲਿਖਦੇ ਆ ਰਹੇ ਹੋ; ਜਿਹੜੀ ਕਿ 19/29 ਦੇ ਫਰਕ ਨਾਲੋਂ ਬਹੁਤ ਵੱਡੀ ਇਤਿਹਾਸਕ ਗਲਤੀ ਹੈ।

ਮੇਰਾ ਸਵਾਲ ਹੈ ਕਿ ਜੇ ਸਾਡੀ ਸਰਬਉੱਚ ਨੁੰਮਾਇੰਦਾ ਸੰਸਥਾ ਕਹੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਤੁਸੀਂ ਤੇ ਸਰਬਜੀਤ ਸਿੰਘ ਦੋਵੇਂ ਹੀ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ ਤੁਹਾਡੀਆਂ ਤਿੰਨਾਂ ਦੀਆਂ ਗਲਤੀਆਂ ਤੁਹਾਡੇ ਸਾਹਮਣੇ ਹਨ ਤਾਂ ਆਮ ਸਿੱਖ ਸੰਗਤ ਲਈ ਗੁਰ ਪੁਰਬਾਂ ਦੇ ਦਿਹਾੜਿਆਂ ਦੀਆਂ ਤਰੀਖਾਂ ਯਾਦ ਅਤੇ ਨਿਸਚਿਤ ਕਰਨੀਆਂ ਕਿੰਨੀਆਂ ਕਠਿਨ ਹੋਣਗੀਆਂ ਇਸ ਸਬੰਧੀ ਤੁਹਾਨੂੰ ਜਰੂਰ ਸੋਚਣਾ ਚਾਹੀਦਾ ਹੈ।

ਤੁਸੀਂ ਇਸ ਦਲੀਲ ’ਤੇ ਵੀ 100 ਪ੍ਰਤੀਸ਼ਤ ਪੂਰੇ ਨਹੀਂ ਉੱਤਰ ਸਕੋਗੇ ਕਿ ਇਤਿਹਾਸ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਤੋਂ 11 ਦਿਨ ਬਾਅਦ ਹੋਣ ਕਰ ਕੇ ਤੁਹਾਡੇ ਵੱਲੋਂ ਨਿਸਚਿਤ ਕੀਤੀ ਤਰੀਖ 19 ਮਈ ਬਿਲਕੁਲ ਠੀਕ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਿਸਚਿਤ ਕੀਤੀ ਤਰੀਖ 17 ਜੂਨ ਵਿੱਚ 40 ਦਿਨਾਂ ਦਾ ਅੰਤਰ ਹੈ। ਕਰਨਲ ਸਾਹਿਬ ਜੀ ! ਤੁਸੀਂ ਭਲੀ ਭਾਂਤ ਜਾਣੂ ਹੋ ਕਿ ਕਿਸੇ ਸਾਲ ਐਸਾ ਵੀ ਹੋ ਸਕਦਾ ਹੈ ਕਿ ਗੁਰਗੱਦੀ ਅਤੇ ਸ਼ਹੀਦੀ ਦਿਹਾੜੇ ਦੇ ਸਮੇਂ ਦੌਰਾਨ ਇੱਕੋ ਤਿੱਥ ਲਗਾਤਾਰ ਦੋ ਦਿਨ ਵੀ ਆ ਸਕਦੀ ਹੈ ਜਾਂ ਦੋ ਤਿੱਥਾਂ ਇੱਕੋ ਦਿਨ ਵੀ ਆ ਸਕਦੀਆਂ ਹਨ ਜਿਵੇਂ ਕਿ 10 ਮਾਰਚ 2018 ਨੂੰ ਵੀ ਚੇਤ ਵਦੀ 9 ਹੈ ਅਤੇ 11 ਮਾਰਚ ਨੂੰ ਵੀ ਚੇਤ ਵਦੀ 9 ਹੈ ਪਰ 25 ਮਾਰਚ/ 12 ਚੇਤ ਨੂੰ ਚੰਦਰ ਮਹੀਨੇ ਦੀਆਂ ਇਕੱਠੀਆਂ ਹੀ ਦੋ ਤਿੱਥਾਂ ਚੇਤ ਸੁਦੀ 8 ਅਤੇ 9 ਆ ਗਈਆਂ ਹਨ। ਜੇ ਐਸਾ ਹੋ ਜਾਵੇ ਤਾਂ ਕੀ ਗੁਰਗੱਦੀ ਅਤੇ ਸ਼ਹੀਦੀ ਦਿਹਾੜੇ ਦਾ ਅੰਤਰ 11 ਦਿਨਾਂ ਦੀ ਬਜਾਏ ਕਦੀ 10 ਦਿਨ ਅਤੇ ਕਦੀ 12 ਦਿਨ ਨਹੀਂ ਹੋ ਜਾਵੇਗਾ ?

ਦੂਸਰਾ ਸਵਾਲ ਹੈ ਕਿ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਚੇਤੇ ਰੱਖ ਲਿਆ ਕਿ ਇਤਿਹਾਸ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਤੋਂ 11 ਦਿਨ ਬਾਅਦ ਹੋਈ ਸੀ ਇਸ ਲਈ ਕੈਲੰਡਰ ਦੇ ਨਿਯਮਾਂ ਨੂੰ ਭੰਗ ਕਰ ਕੇ ਤੁਹਾਡੇ ਵੱਲੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ 8 ਮਈ ਤੋਂ  11 ਦਿਨ ਬਾਅਦ 19 ਮਈ ਰੱਖੇ ਜਾਣਾ ਬਿਲਕੁਲ ਦਰੁਸਤ ਹੈ। ਪਰ ਤੁਸੀਂ ਆਪਣੇ ਅੱਖੀਂ ਵੇਖੀ ਇਹ ਘਟਨਾ ਚੇਤੇ ਕਿਉਂ ਨਹੀਂ ਰੱਖ ਰਹੇ ਕਿ 1984 ਵਿੱਚ ਜਦੋਂ 3 ਜੂਨ ਨੂੰ ਸਿੱਖ ਕੌਮ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਉਸ ਸਮੇਂ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ 4 ਜੂਨ ਨੂੰ ਦਰਬਾਰ ਸਾਹਿਬ ’ਤੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਅਤੇ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਨ ਤੋਂ ਇਲਾਵਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਹਜਾਰਾਂ ਸਿੰਘ ਸ਼ਹੀਦ ਕਰ ਦਿੱਤੇ; ਜਿਸ ਨੂੰ ਤੀਜੇ ਘੱਲੂਘਾਰੇ ਦੇ ਨਾਮ ਨਾਲ ਚੇਤੇ ਕਰਦੇ ਹਾਂ। ਅੱਜ ਜੇ ਸਾਡੇ ਕੌਮੀ ਕੈਲੰਡਰ ਵਿੱਚ ਤੀਜੇ ਘੱਲੂਘਾਰੇ ਦੀ ਤਰੀਖ 6 ਜੂਨ ਦਰਜ ਕੀਤੀ ਜਾਂਦੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਿਉਂ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ ?

ਮਿਸਾਲ ਦੇ ਤੌਰ ’ਤੇ ਇੱਕ ਅਣਹੋਈ ਘਟਨਾ ਨੂੰ ਉਦਾਹਰਨ ਦੇ ਤੌਰ ’ਤੇ ਪੇਸ਼ ਕਰਨ ਦੀ ਮੁਆਫੀ ਮੰਗਣਾ ਚਾਹਾਂਗਾ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਨੂੰ ਹੋਈ ਸੀ। ਜੇਕਰ ਐਸਾ ਭਾਣਾ ਵਰਤ ਜਾਂਦਾ ਕਿ ਪੰਜ ਪਿਆਰੇ ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੜ੍ਹੀ ਵਿੱਚੋਂ ਬਾਹਰ ਜਾਣ ਲਈ ਹਦਾਇਤ ਨਾ ਕਰਦੇ ਅਤੇ ਅਖੀਰਲੇ ਦਮ ਤੱਕ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬਾਨ ਉਥੇ (ਚਮਕੌਰ ਦੀ ਗੜ੍ਹੀ ਵਿੱਚ) ਹੀ 9 ਪੋਹ ਨੂੰ ਸ਼ਹੀਦੀ ਜ਼ਾਮ ਪੀ ਜਾਂਦੇ ਤਾਂ ਫਿਰ ਸ਼੍ਰੋਮਣੀ ਕਮੇਟੀ ਸਮੇਤ ਤੁਸੀਂ ਤਾਂ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪਤਾ ਨਹੀਂ ਕਿਹੜੀ ਪੋਹ ਸੁਦੀ ਜਾਂ ਪੋਹ ਵਦੀ ਨੂੰ ਤੈਅ ਕਰਦੇ ਪਰ ਇੱਕ ਗੱਲ ਪੱਕੀ ਹੈ ਕਿ ਇਹ ਦੋਵੇਂ ਇਤਿਹਾਸਕ ਦਿਹਾੜੇ ਕਦੀ ਵੀ ਇੱਕ ਦਿਨ ਦੇ ਫਰਕ ਨਾਲ ਨਹੀਂ ਸੀ ਆਉਣੇ ? ਇੱਥੇ ਦੱਸੋ ਇਤਿਹਾਸਕ ਤੌਰ ’ਤੇ ਤੁਸੀਂ ਕੌਮ ਦੀ ਤਸੱਲੀ ਕਿਵੇਂ ਕਰਵਾਉਂਦੇ ?

ਸਿੱਖ ਇਤਿਹਾਸ ਵਿੱਚ ਸੈਂਕੜੇ ਅਜੇਹੀਆਂ ਉਦਾਹਰਨਾਂ ਹੋਰ ਮਿਲ ਸਕਦੀਆਂ ਹਨ ਜਿੱਥੇ ਬਿਕ੍ਰਮੀ ਕੈਲੰਡਰ ਦੇ ਨਿਯਮਾਂ ਕਾਰਨ ਇਤਿਹਾਸਕ ਤੌਰ ’ਤੇ ਅੱਗੇ ਪਿੱਛੇ ਹੋ ਰਹੀਆਂ ਹਨ। ਮਿਸਾਲ ਦੇ ਤੌਰ ’ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 18ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਯੂਲੀਅਨ) ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਇੱਕ ਥੜੇ ਦੀ ਉਸਾਰੀ ਕੀਤੀ, ਜਿਸ ’ਤੇ ਬਾਅਦ ਵਿੱਚ ਅਕਾਲ ਬੁੰਗਾ ਉਸਾਰਿਆ ਗਿਆ, ਜੋ ਅੱਜ ਕੱਲ੍ਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ‘ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ’ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ।  ਥੜੇ ਦੀ ਉਸਾਰੀ ਉਪ੍ਰੰਤ ਗੁਰੂ ਸਾਹਿਬ ਜੀ ਨੇ ਉੱਥੇ ਢਾਡੀ ਵਾਰਾਂ ਗਵਾਉਣੀਆਂ ਸ਼ੁਰੂ ਕਰਵਾਈਆਂ ਤੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਵਧੀਆ ਘੋੜੇ ਤੇ ਸ਼ਸਤਰ ਭੇਟਾ ਵਜੋਂ ਲੈ ਕੇ ਆਉਣ । ਇਸ ਤਰ੍ਹਾਂ 6 ਸਾਵਣ ਨੂੰ ਥੜ੍ਹਾ ਸਾਹਿਬ ’ਤੇ ਹੋਈ ਵਿਸ਼ਾਲ ਇਕੱਤ੍ਰਤਾ ਦੌਰਨ ਗੁਰੂ ਸਾਹਿਬ ਜੀ ਦੇ ਆਦੇਸ਼ ’ਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ, ਜਿਸ ਕਾਰਨ ਸਿੱਖ ਇਤਿਹਾਸ ਵਿੱਚ 6 ਸਾਵਣ ‘ਮੀਰੀ ਪੀਰੀ ਦਿਵਸ, ਵਜੋਂ ਮਨਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ, ਆਪਣੇ ਕੈਲੰਡਰਾਂ ਵਿੱਚ ਸ਼੍ਰੀ ਅਕਾਲ ਤਖ਼ਤ ਦਾ ਸਿਰਜਣਾ ਦਿਵਸ ਤਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ 18 ਹਾੜ ਦਰਸਾਉਂਦੀ ਹੈ ਜਦੋਂ ਕਿ ਮੀਰੀ ਪੀਰੀ ਦਿਵਸ 6 ਸਾਵਣ ਦੀ ਬਜਾਇ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਹਾੜ ਸੁਦੀ 10 ਮਨਾਉਂਦੀ ਹੈ, ਇਸੇ ਕਾਰਨ ਇਨ੍ਹਾਂ ਦਿਹਾੜਿਆਂ ਦੀਆਂ ਵੱਖ ਵੱਖ ਸਾਲਾਂ ਵਿੱਚ ਬਦਲਦੀਆਂ ਤਰੀਖਾਂ ਇਸ ਚਾਰਟ ਵਿੱਚ ਵੇਖੀਆਂ ਜਾ ਸਕਦੀਆਂ ਹਨ :

ਤੁਸੀਂ ਸ਼ਾਇਦ ਇਸ ਗੋਰਖ ਧੰਦੇ ਨੂੰ ਸਮਝਦੇ ਹੋਏ ਪੁਸਤਕ ਵਿੱਚ ਇਨ੍ਹਾਂ ਦੋਵਾਂ ਮਹਾਨ ਇਤਿਹਾਸਕ ਘਟਨਾਵਾਂ ਦਾ ਜਿਕਰ ਤੱਕ ਨਹੀਂ ਕੀਤਾ ਜਦੋਂ ਕਿ ਰੱਖੜ ਪੁੰਨਿਆ ਦੀਆਂ ਤਰੀਕਾਂ ਨਾਨਕਸ਼ਾਹੀ ਸੰਮਤ 547 ਤੋਂ ਲੈ ਕੇ 632 ਤੱਕ ਭਾਵ 86 ਸਾਲਾਂ ਦੀਆਂ ਜਰੂਰ ਦੇ ਦਿੱਤੀਆਂ ਹਨ। ਹੋ ਸਕਦਾ ਹੈ ਕਿ ਤੁਹਾਡੇ ਲਈ ਰੱਖੜ ਪੁੰਨਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਮੀਰੀ ਪੀਰੀ ਦੇ ਸਿਧਾਂਤ ਨਾਲੋਂ ਵੱਧ ਮਹੱਤਵ ਪੂਰਨ ਹੋਵੇ, ਪਰ ਬੇਨਤੀ ਹੈ ਕਿ ਇਹ ਦੱਸਣ ਦੀ ਖੇਚਲ ਜਰੂਰ ਕਰ ਦੇਣੀ ਕਿ ਇਸ ਦਿਹਾੜੇ ਦਾ ਸਿੱਖ ਇਤਿਹਾਸ ਨਾਲ ਮਲ ਮਾਸ ਦੇ ਮਹੀਨੇ ਦੇ ਭਰਮ ਵਾਂਗ ਕੀ ਸਬੰਧ ਹੈ ?  ਇਹ ਦੱਸਣ ਦੀ ਵੀ ਜਰੂਰ ਖੇਚਲ ਕਰਨੀ ਕਿ ਇਤਿਹਾਸ ਮੁਤਾਬਕ ਉਕਤ ਦੋਵੇਂ ਦਿਹਾੜਿਆਂ ਦਾ ਆਪਸ ਵਿੱਚ ਕਿੰਨੇ ਦਿਨਾਂ ਦਾ ਅੰਤਰ ਹੈ ਅਤੇ ਸ਼੍ਰੋਮਣੀ ਕਮੇਟੀ ਹਰ ਸਾਲ ਹੀ ਮੀਰੀ-ਪੀਰੀ ਦਿਹਾੜੇ ਦੀਆਂ ਤਰੀਖਾਂ ਬਦਲ ਕੇ ਸਿੱਖ ਕੌਮ ਨੂੰ ਕਿਹੜੇ ਭੰਬਲਭੂਸੇ ਵਿੱਚ ਪਾਉਣਾ ਚਾਹੁੰਦੀ ਹੈ ? ਤੁਸੀਂ ਉਨ੍ਹਾਂ ਦੀ ਇਸ ਗਲਤੀ ਨੂੰ ਨਜ਼ਰਅੰਦਾਜ਼ ਕਰਨ ਤੋਂ ਇਲਾਵਾ ਇਨ੍ਹਾਂ ਦੋਵੇਂ ਦਿਹਾੜਿਆਂ ਦੀਆਂ ਤਰੀਖਾਂ ਕਿਉਂ ਨਹੀਂ ਦਿੱਤੀਆਂ ?

ਆਖਰੀ ਪਰ ਜਰੂਰੀ ਸਵਾਲ ਹਨ ਕਿ

1.  ਕੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ, ਤੁਸੀਂ ਖ਼ੁਦ ਅਤੇ ਤੁਹਾਡਾ ਦੋਵਾਂ ਦਾ ਵੱਡਾ ਸਮਰਥਕ ਸਮੁੱਚਾ ਸੰਤ ਸਮਾਜ ਇਸ ਗੱਲ ਲਈ ਕਿਉਂ ਬਜ਼ਿਦ ਹੈ ਕਿ ਸ਼ੁੱਧ ਕੈਲੰਡਰ ਉਹ ਹੀ ਜਿਸ ਵਿੱਚ ਕੁਝ ਤਰੀਖਾਂ ਚੰਦਰ ਸਾਲ ਦੀਆਂ ਅਤੇ ਕੁਝ ਸੂਰਜੀ ਸਾਲ ਦੀਆਂ ਲੈ ਕੇ ਹਮੇਸ਼ਾਂ ਅੱਗੇ ਪਿੱਛੇ ਹੋਣ ਦੇ ਚੱਕਰ ਵਿੱਚ ਸਮੁੱਚੀ ਕੌਮ ਫਸੀ ਰਹੇ। ਕੀ ਤੁਹਾਡੀ ਪਿਛਲੇ 20 ਸਾਲਾਂ ਦੀ ਜ਼ਿਦ ਕਾਰਨ ਸਮੁੱਚੇ ਪੰਥ ਦੇ ਬੁੱਧੀਜੀਵੀ ਵਰਗ ਅਤੇ ਮੇਰੇ ਵਰਗੇ ਵਰਕਰਾਂ ਨੂੰ ਬੇਲੋੜੀ ਦਿਮਾਗੀ ਅਤੇ ਮਾਨਸਿਕ ਕਸਰਤ ਨਹੀਂ ਕਰਵਾ ਰਹੇ ?

2. ਬੇਨਤੀ ਹੈ ਕਿ ਜੇਕਰ ਸੂਰਜੀ ਅਤੇ ਚੰਦਰ ਦੋ ਪ੍ਰਣਾਲੀਆਂ ’ਤੇ ਅਧਾਰਿਤ ਕੈਲੰਡਰ ਬਨਾਉਣ ਦੀ ਤੁਸੀਂ ਜ਼ਿਦ ਛੱਡ ਦੇਣ ਲਈ ਸਹਿਮਤ ਹੋ ਜਾਵੋ ਤਾਂ ਬੁੱਧੀਜੀਵੀ ਵਰਗ ਆਪਣੀਆਂ ਖੋਜਾਂ ਰਾਹੀਂ ਪੰਥ ਵਿੱਚ ਚਿਰਾਂ ਤੋਂ ਦੁਬਿਧਾ ਅਤੇ ਵੰਡੀਆ ਪੈਦਾ ਕਰਨ ਵਾਲੇ ਇਤਿਹਾਸ ਤੇ ਗੁਰਬਾਣੀ ਦੇ ਅਰਥ ਭਾਵਾਂ ਦੀ ਸੁਧਾਈ ਦਾ ਕੰਮ ਕਰਨ ਲਈ ਸਮਾਂ ਕੱਢ ਸਕਦੇ ਹਨ ਤੇ ਮੇਰੇ ਵਰਗੇ ਨਿਸ਼ਕਾਮ ਵਰਕਰ ਬੱਚਿਆਂ ਦੀਆਂ ਕਾਲਾਸਾਂ ਲਾ ਕੇ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦੀ ਸੇਵਾ ਕਰ ਸਕਦੇ ਹਨ ਪਰ ਹੁਣ ਤਾਂ ਕਲਾਸਾਂ ਵਿੱਚ ਬੱਚੇ ਸਾਥੋਂ ਪੁੱਛਦੇ ਹਨ “ਕੀ ਕਾਰਨ ਹੈ ਕਿ 2016 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਮਨਾਇਆ ਗਿਆ ਸੀ ਤੇ 2017 ਵਿੱਚ ਪਿੱਛੋਂ। 2017 ਵਿੱਚ ਮੀਰੀ ਪੀਰੀ ਦਿਵਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਨਾ ਦਿਵਸ ਤੋਂ 1 ਦਿਨ ਪਿੱਛੋਂ ਮਨਾਇਆ ਗਿਆ ਸੀ ਅਤੇ ਹੁਣ 2018 ਵਿੱਚ 20 ਦਿਨ ਪਿੱਛੋਂ ਮਨਾਵਾਂਗੇ ?

3.  ਆਪ ਜੀ ਨੇ ਦੱਸਿਆ ਹੈ ਕਿ 2028 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਦਸੰਬਰ ਨੂੰ ਹੋਵੇਗਾ। ਕ੍ਰਿਪਾ ਕਰ ਕੇ ਇਹ ਵੀ ਦੱਸ ਦੇਣਾ ਜੀ ਕਿ ਉਸ ਦਿਨ ਕੀ ਵਾਕਿਆ ਹੀ ਪੋਹ ਸੁਦੀ 7 ਹੋਵੇਗੀ ?

4. ਜੇ ਇਤਿਹਾਸ ਨੂੰ ਛੱਡ ਕੇ ਗੁਰਬਾਣੀ ਪੜ੍ਹਾਉਣ ਵੱਲ ਹੁੰਦੇ ਹਾਂ ਤਾਂ “ਨਾਵਣ ਚਲੇ ਤੀਰਥੀ, ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾ ਚੋਰ ॥” (ਮ: ੧ / ੭੮੯) ਅਤੇ “ਸੰਗਤਿ ਮੀਤ ਮਿਲਾਪੁ, ਪੂਰਾ ਨਾਵਣੋ ॥ ਗਾਵੈ ਗਾਵਣਹਾਰੁ, ਸਬਦਿ ਸੁਹਾਵਣੋ ॥ ਸਾਲਾਹਿ ਸਾਚੇ, ਮੰਨਿ ਸਤਿਗੁਰੁ, ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ, ਸਹਜਿ ਨਾਵੈ, ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ, ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ, ਕਰਿ ਨਦਰਿ ਮੇਲਿ ਮਿਲਾਇਆ ॥” (ਮ: ੧ / ੬੮੮), ਆਦਿਕ ਸ਼ਬਦਾਂ ਦੇ ਅਰਥ ਦੱਸਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਬੱਚੇ ਪੁੱਛਦੇ ਹਨ ਕਿ “ਜੀ ! ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰ ਪੁਰਬ ’ਤੇ ਗਏ ਸੀ ਉੱਥੇ ਤਾਂ ਰਾਗੀ ਸਿੰਘ ਬੜੇ ਵਜ਼ਦ ਵਿੱਚ ਆ ਕੇ ਗਾ ਰਹੇ ਸਨ “ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥ ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥” ਭਾਵ ਬੱਚੇ ਪੁੱਛਦੇ ਹਨ ਕਿ ਦੱਸੋ ਜਿਹੜੇ ਅਰਥ ਤੁਸੀਂ ਗੁਰਬਾਣੀ ਦੇ ਦੱਸ ਰਹੇ ਹੋ ਉਹ ਠੀਕ ਹਨ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਮੰਨੀ ਜਾਂਦੀ ਬਾਣੀ ਠੀਕ ਹੈ ਜਿਸ ਵਿੱਚ ਉਹ ਲਿਖ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਵੱਲ ਜਾ ਕੇ ਭਾਂਤ ਭਾਂਤ ਦੇ ਤੀਰਥਾਂ ਦਾ ਇਸ਼ਨਾਨ ਕੀਤਾ ਤੇ ਤ੍ਰਿਬੈਣੀ ਜਾ ਕੇ ਕਈ ਦਿਨ ਪੁੰਨ ਦਾਨ ਕਰਨ ਵਿੱਚ ਹੀ ਬਿਤਾ ਦਿੱਤੇ !

ਤੁਸੀਂ ਕਦੀ ਬਠਿੰਡੇ ਆਓ ਤਾਂ ਤੁਹਾਨੂੰ ਬੱਚਿਆਂ ਦੀ ਕਲਾਸ ਵਿੱਚ ਲੈ ਕੇ ਜਾਈਏ ਤਾਂ ਤੁਸੀਂ ਵੇਖੋਗੇ ਕਿ ਉਹ ਕਿਸ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਜਿਨ੍ਹਾਂ ਸਾਹਮਣੇ ਕੇਵਲ ਸ਼ਰਮਿੰਦਾ ਹੋਣ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਹੁੰਦਾ। ਇਹ ਸਭ ਕੁਝ ਸੰਤ ਸਮਾਜ ਸਮੇਤ ਤੁਹਾਡੀ ਅਤੇ ਡਾ: ਅਨੁਰਾਗ ਸਿੰਘ ਵਰਗੇ ਵਿਦਵਾਨਾਂ ਦੀ ਜ਼ਿਦ ਕਾਰਨ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਆਪਣੀ ਜ਼ਿਦ ਨਹੀਂ ਛੱਡ ਸਕਦੇ ਤਾਂ ਕੌਮ ਨੂੰ ਘੱਟ ਤੋਂ ਘੱਟ ਇਹ ਤਾਂ ਦੱਸ ਦੇਵੋ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਕੁਝ ਦਿਹਾੜੇ ਚੰਦਰ ਤਰੀਖਾਂ ਨਾਲ ਅਤੇ ਕੁਝ ਦਿਹਾੜੇ ਸੂਰਜੀ ਤਰੀਖਾਂ ਨਾਲ ਮਨਾਉਣਾ ਹੀ ਅਸਲ ਗੁਰਮਤਿ ਹੈ ਅਤੇ ਜੇ ਸਾਰੇ ਦਿਹਾੜੇ ਸਦਾ ਸਥਿਰ ਰਹਿਣ ਵਾਲੀਆਂ ਸੂਰਜੀ ਤਰੀਕਾਂ ਨਾਲ ਮੰਨਾ ਲਏ ਜਾਣ ਤਾਂ ਗੁਰਮਤਿ ਅਤੇ ਇਤਿਹਾਸ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚੇਗਾ ?

ਆਪ ਜੀ ਦੇ ਪੱਤਰ ਦੀ ਉਡੀਕ ਵਿੱਚ

ਕਿਰਪਾਲ ਸਿੰਘ ਬਠਿੰਡਾ 98554-80797