ਪੱਤਰ ਨੰ: 7 ਸਰਬਜੀਤ ਸਿੰਘ ਵੱਲੋਂ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ ਮਿਤੀ 30.03.2018

0
196

ਪੱਤਰ ਨੰ: 7 ਸਰਬਜੀਤ ਸਿੰਘ ਵੱਲੋਂ  ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਪੱਤਰ ਮਿਤੀ 30.03.2018

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਨਿਸ਼ਾਨ ਜੀ, ਮੇਰੇ 27 ਮਾਰਚ ਦੇ ਪੱਤਰ ਦੇ ਜਵਾਬ ਵਿੱਚ, 28 ਮਾਰਚ ਨੂੰ ਤੁਹਾਡੀ ਈ ਮੇਲ ਮਿਲੀ, ਜਿਸ ਵਿੱਚ ਆਪ ਨੇ ਲਿਖਿਆ ਹੈ,

I have seen the letter of S. Ajit Singh. I am sorry to say that I can not use such language or participate in any discussion any more. 

I have seen your letter also. It appears you still accept Mal Maas theory. Please read my answer to question 27 again. I believe that calander can not shift the historical date and Mal Mass has no place in Gurmat.

 ਤੁਹਾਡੀ ਈ ਮੇਲ ਪੜ੍ਹਨ ਤੋਂ ਪਿਛੋਂ ਮੈਂ ਸ. ਅਜੀਤ ਸਿੰਘ ਦੀ ਈ ਮੇਲ ਪੜ੍ਹੀ। ਉਸ ਵਿੱਚ ਕੋਈ ਖਾਸ ਗੱਲ ਤਾਂ ਨਹੀਂ ਹੈ। ਹਰ ਵਿਅਕਤੀ ਦਾ ਆਪਣਾ-ਆਪਣਾ ਤਰੀਕਾ ਹੁੰਦਾ ਹੈ ਗੱਲ ਕਰਨ ਦਾ, ਜਿਸ ਲਈ ਉਹ ਖ਼ੁਦ ਹੀ ਜਿੰਮੇਵਾਰ ਹੁੰਦਾ ਹੈ। ਮੈਂ ਸ. ਅਜੀਤ ਸਿੰਘ ਜੀ ਨੂੰ ਈ-ਮੇਲ ਰਾਹੀਂ ਹੀ ਜਾਣਦਾ ਹਾਂ। ਉਨ੍ਹਾਂ ਦੀ ਮੇਲ ਹਫ਼ਤੇ ਵਿੱਚ ਦੋ-ਤਿੰਨ ਵਾਰੀ ਆ ਜਾਂਦੀ ਹੈ, ਪਰ ਮੇਰੀ ਦਿਲਚਸਪੀ ਸਿਰਫ ਕੈਲੰਡਰ ਨਾਲ ਸਬੰਧਿਤ ਮੇਲ ਵਿੱਚ ਹੀ ਹੁੰਦੀ ਹੈ। ਇਸੇ ਕਰ ਕੇ ਹੀ ਮੈਂ ਉਨ੍ਹਾਂ ਨੂੰ ਇਸ ਗਰੁੱਪ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਨੂੰ ਬੇਨਤੀ ਹੈ ਕਿ ਅੱਗੋਂ ਤੋਂ ਕੋਈ ਵੀ ਅਜੇਹਾ ਸ਼ਬਦ ਨਾ ਵਰਤਣ ਜਿਸ ਨਾਲ ਕਿਸੇ ਦੇ ਮਾਣ-ਸਨਮਾਨ ਨੂੰ ਕੋਈ ਠੇਸ ਪੁੱਜ ਸਕਦੀ ਹੋਵੇ।

ਕਰਨਲ ਨਿਸ਼ਾਨ ਜੀ ! ਤੁਹਾਡੇ ਗਰੁੱਪ ਦੇ ਮੈਂਬਰ ਅਨੁਰਾਗ ਸਿੰਘ ਵੱਲੋਂ ਮੇਰੇ ਲਈ ਵਰਤੀ ਸ਼ਬਦਾਵਲੀ ਵੇਖੋ, ਪੁਰੇਵਾਲ ਦੇ ਕਾਮਰੇਡ ਸਮਰਥਕ,  ਪੁਰੇਵਾਲ ਦੇ ਪੇਟੀ ਬੰਦ ਦਿਮਾਗ ਸਮਰਥਕ, ਹੁਣ ਵਾਰੀ ਹੈ ਕਾਮਰੇਡ ਪੁਰੇਵਾਲ ਦੇ ਭਾੜੇ ਦੇ ਟੱਟੂਆਂ ਦੀ, ਮੇਰੇ ਵੱਲੋਂ ਪਾਲ ਸਿੰਘ ਅਤੇ ਉਨ੍ਹਾਂ ਦੇ ਖਰੀਦੇ ਭਗਤਾਂ ਨੂੰ ਚੁਣੌਤੀ, ਪੁਰੇਵਾਲ ਦੇ ਪੱਕੇ ਅਤੇ ਢੀਠ ਸਮਰਥਕ, ਇਲਤੀ ਟੋਲਾ, ਸ਼ਰਾਰਤੀ ਕਾਮਰੇਡ, ਇਲਤੀ ਚੌਧਰੀ, ਸਰਕਾਰੀ ਪਿੱਠੂਆਂ ਦੀ ਟੋਲੀ, ਆਦਿ।

ਮੈਂ ਇਕ ਵਾਰ ਬੇਨਤੀ ਕੀਤੀ ਸੀ ਕਿ ਅਜੇਹੀ ਭਾਸ਼ਾ ਵਰਤਣ ਤੋਂ ਸੰਕੋਚ ਕੀਤਾ ਜਾਵੇ, ਪਰ ਅਨੁਰਾਗ ਸਿੰਘ ਉਤੇ ਮੇਰੀ ਬੇਨਤੀ ਦਾ ਕੋਈ ਅਸਰ ਨਹੀਂ ਹੋਇਆ ਜਾਪਦਾ ਹੈ।  ਹੁਣ ਮੈਂ ਉਨ੍ਹਾਂ ਦੀ ਭਾਸ਼ਾ ਵੱਲ ਧਿਆਨ ਨਹੀਂ ਦਿੰਦਾ, ਉਸ  ਦੇ ਸਵਾਲ, ਜਿਨ੍ਹਾਂ ਨੂੰ ਢੁੱਚਰਾਂ ਕਹਿਣਾ ਜਿਆਦਾ ਠੀਕ ਹੈ, ਦੇ ਜਵਾਬ ਦੇ ਕੇ, ਸਵਾਲ ਕਰਦਾ ਹਾਂ। ਜਿਨ੍ਹਾਂ ਦਾ ਉਸ ਨੇ ਕਦੇ ਜਵਾਬ ਨਹੀਂ ਦਿੱਤਾ।

 ਕਰਨਲ ਨਿਸ਼ਾਨ ਜੀ ! ਮੇਰੇ ਪਹਿਲੇ ਪੱਤਰ (21 ਮਾਰਚ) ਦੇ ਜਵਾਬ ਵਿੱਚ  22 ਮਾਰਚ ਨੂੰ ਸ. ਅਜੀਤ ਸਿੰਘ ਨੇ ਟਿੱਪਣੀ ਕੀਤੀ ਸੀ। ਤੁਸੀਂ ਮੇਰੇ ਪੱਤਰ ਦਾ ਜਵਾਬ 25 ਮਾਰਚ ਨੂੰ ਦਿੱਤਾ ਸੀ ਉਸ ਵੇਲੇ ਤੁਸੀਂ ਉਨ੍ਹਾਂ ਦੀ ਭਾਸ਼ਾ ਉਤੇ ਕੋਈ ਇਤਰਾਜ਼ ਨਹੀਂ ਕੀਤਾ, 26 ਮਾਰਚ ਨੂੰ ਤੁਸੀਂ ਆਪਣਾ ਪੱਤਰ ਫਿਰ ਭੇਜ ਦਿੱਤਾ। ਜਿਸ ਦਾ ਕਾਰਨ ਤੁਸੀਂ ਇਹ ਲਿਖਿਆ ਸੀ ਕਿ, ਮੈਂ ਕਲ ਈਮੇਲ ਕੀਤੀ ਸੀ ਪਰ ਫਿਰ ਵਾਪਸ ਆ ਗਈ ਅੱਜ ਦੁਬਾਰਾ ਭੇਜ ਰਿਹਾ ਹਾਂ”। 27 ਤਾਰੀਖ ਨੂੰ ਉਹੀ ਪੱਤਰ ਇਹ ਲਿਖ ਕੇ ਫਿਰ ਭੇਜ ਦਿੱਤਾ, “ਮੈਂ ਕਲ ਈਮੇਲ ਕੀਤੀ ਸੀ ਪਰ ਫਿਰ ਵਾਪਸ ਆ ਗਈ ਅੱਜ ਦੁਬਾਰਾ ਭੇਜ ਰਿਹਾ ਹਾਂ”। ਉਸ ਵੇਲੇ ਵੀ ਤੁਸੀਂ ਭਾਸ਼ਾ ਸਬੰਧੀ ਕੋਈ ਇਤਰਾਜ਼ ਨਹੀਂ ਕੀਤਾ। ਜਦੋਂ ਮੈਂ 28 ਤਾਰੀਖ ਨੂੰ ਸਵਾਲ ਕੀਤਾ ਤਾਂ ਤੁਸੀਂ ਲਿਖ ਦਿੱਤਾ, “I have seen the letter of S. Ajit Singh. I am  sorry to say that I can not use such language or participate in any discussion any more”।. 

ਨਿਸ਼ਾਨ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ ਮੇਰੇ ਵੱਲੋਂ  ਸਵਾਲ ਕਰਨ ਤੋਂ ਪਿੱਛੇ (ਇਕ ਹਫ਼ਤਾ ਪਿਛੋਂ) ਹੀ ਤੂਹਾਨੂੰ ਸ. ਅਜੀਤ ਸਿੰਘ ਦੀ ਭਾਸ਼ਾ ਇਤਰਾਜ਼ ਯੋਗ ਕਿਉਂ ਮਹਿਸੂਸ ਹੋਈ ਹੈ ?

ਮਲ ਮਾਸ ਬਾਰੇ ਤੁਸੀਂ ਆਪਣੀ ਰਾਏ ਤੇ ਕਾਇਮ ਹੋ, “Please read my answer to question 27 again. I believe that calander can not shift the historical date and Mal Mass has no place in Gurmat”. ਤੂਹਾਨੂੰ ਪੂਰਾ ਹੱਕ ਹੈ ਆਪਣੀ ਰਾਏ ਰੱਖਣ ਦਾ, ਮੈਂ ਤੁਹਾਡੇ ਅਧਿਕਾਰ ਦਾ ਸਤਿਕਾਰ ਕਰਦਾ ਹਾਂ, ਪਰ ਕਰਨਲ ਨਿਸ਼ਾਨ ਜੀ ! ਮਲ ਮਾਸ ਦਾ, ਆਪਣੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਸਬੰਧ ਨਹੀਂ ਹੈ। ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਵਿਧਾਨ ਹੈ। ਇਕ ਸੂਰਜੀ ਦਿਨ ਵਿਚ ਚੰਦ ਦੀਆਂ ਦੋ ਤਿੱਥਾਂ, ਦੋ ਸੂਰਜੀ ਦਿਨਾਂ ਵਿੱਚ ਇਕ ਤਿੱਥ, ਚੰਦ ਦੇ ਸਾਲ ਦਾ ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਾਰਨ ਪਿੱਛੇ ਰਹਿ ਜਾਣਾ, ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਕ ਹੋਰ ਮਹੀਨਾ ਜੋੜਨਾ। ਇਹ ਕੈਲੰਡਰ ਦੀ ਬਣਤਰ ਹੈ। ਇਸ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ। ਜੇ ਇਸ ਕੈਲੰਡਰ ਮੁਤਾਬਕ ਚੱਲਣਾ ਹੈ ਤਾਂ ਸਭ ਕੁਝ ਮੰਨਣਾ ਪਵੇਗਾ। ਜੇ ਮਲ ਮਾਸ ਨਹੀਂ ਮੰਨਣਾ ਤਾਂ ਇਸ ਕੈਲੰਡਰ ਦਾ ਤਿਆਗ ਕਰੋ।

 ਤੁਸੀਂ ਆਪਣੀ ਕਿਤਾਬ ਵਿੱਚ ਚੰਦਰ-ਸੂਰਜੀ ਬਿਕ੍ਰਮੀ ਦੇ ਹਿਸਾਬ ਨਾਲ 86 ਸਾਲ (2015-2100) ਦਾ ਕੈਲੰਡਰ ਬਣਾਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਦਰਜ ਕਰਨ ਵੇਲੇ ਤੁਸੀਂ ਗਲਤੀ ਕੀਤੀ ਹੈ ਜਦੋਂ ਕਿ ਬਹੁਤ ਸਾਰੀਆਂ ਤਾਰੀਖ਼ਾਂ ਤੁਸੀਂ ਇਸ ਕੈਲੰਡਰ ਦੇ ਅਨੁਸਾਰ ਹੀ ਦਰਜ ਕੀਤੀਆਂ ਹਨ। ਇਸ ਦਾ ਜਿਕਰ ਮੈਂ ਆਪਣੇ ਪਿਛਲੇ ਪੱਤਰ ਵਿੱਚ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਤੁਸੀਂ ਪੜਤਾਲ ਕਰਦੇ, ਪਰ ਤੁਸੀਂ ਆਪਣਾ ਜਵਾਬ (ਨੰਬਰ 27) ਪੜ੍ਹਨ ਦੀ ਹਦਾਇਤ ਕੀਤੀ ਹੈ।

ਸ. ਕਿਰਪਾਲ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਵੀ ਤੁਸੀਂ ਇਹ ਹਦਾਇਤ ਹੀ ਕੀਤੀ ਹੈ,

ਤੁਸੀਂ ਆਪਣੇ ਦਾਅਵੇ ਨੂੰ ਇਨ੍ਹਾਂ ਸ਼ਬਦਾਂ ਵਿੱਚ ਦੁਹਰਾਇਆ ਹੈ, “ਮੈਂ ਇਸੇ ਲਈ ਗੁਰ ਪੁਰਬ ਦਰਪਣ ਵਿਚ 19 ਮਈ 2018 ਦਰਜ ਕੀਤਾ ਹੈ ਕਿਸੇ ਮਲ ਮਾਸ ਦੇ ਅਣਜਾਣਪੁਣੇ ਵਿਚ ਨਹੀਂ”।

ਨਿਸ਼ਾਨ ਜੀ ! ਚੰਗਾ ਹੁੰਦਾ ਜੇ ਤੁਸੀਂ ਮੇਰੇ ਪੱਤਰ ਨੂੰ ਧਿਆਨ ਨਾਲ ਪੜ੍ਹ ਲੈਂਦੇ। ਮੈਂ  ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦੀ ਤਾਰੀਖ ਬਾਰੇ ਉਦਾਹਰਨ ਦਿੱਤੀ ਸੀ, ਜੋ ਤੁਸੀਂ ਨਹੀਂ ਪੜੀ।  ਹੁਣ ਮੈਂ ਤੂਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਵਾਲ-ਜਵਾਬ (ਨੰਬਰ 27) ਨੂੰ ਖ਼ੁਦ ਪੜ੍ਹੋ ਅਤੇ ਭਾਦੋਂ ਸੁਦੀ 2 ਮੁਤਾਬਕ 2031 ਈ:, 2050 ਈ: ਅਤੇ 2096 ਈ: (ਪੰਨਾ 53) ਵਿੱਚ ਦੱਸੋ ਤੁਸੀਂ ਕਿੰਨੀ ਤਾਰੀਖ ਦਰਜ ਕੀਤੀ ਹੈ ?

ਚੇਤ ਸੁਦੀ 14 ਮੁਤਾਬਕ 2029, 2048, 2067 ਅਤੇ 2086 ਈ: (ਪੰਨਾ 66) ਕਿਹੜੀ ਤਾਰੀਖ ਦਰਜ ਕੀਤੀ ਹੈ ?

ਕਰਨਲ ਨਿਸ਼ਾਨ ਜੀ ! ਆਪਣੀ ਤਿੰਨ ਨੁਕਤਿਆਂ ਉਤੇ ਵਿਚਾਰ ਆਰੰਭ ਹੋਈ ਸੀ, ਜਿਸ ਵਿੱਚੋਂ ਇਕ ਨੁਕਤਾ  “ਚੇਤ ਸੁਦੀ 14 ਮੁਤਾਬਕ 30 ਮਾਰਚ”  ਤੁਹਾਡੀ ਤਾਰੀਖ ਸਹੀ ਪਾਈ ਗਈ ਹੈ। ਦੂਜਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਚਾਰ ਚੱਲ ਰਹੀ ਹੈ ਤੀਜਾ ਨੁਕਤਾ ਸੀ ਨਾਨਕਸ਼ਾਹੀ 550 ਦਾ ਆਰੰਭ, ਉਸ ਬਾਰੇ ਤੁਸੀਂ ਜਿਕਰ ਨਹੀਂ ਕੀਤਾ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਇਸ ਦਾ 1 ਚੇਤ (14 ਮਾਰਚ) ਨੂੰ ਹੋਇਆ ਸੀ ਜਾਂ ਨਹੀਂ, ਜੇ ਨਹੀਂ ਤਾਂ ਕਿਉਂ ?

ਪਿਛਲੇ ਪੱਤਰ ਵਿੱਚ ਮੈਂ ਇਹ ਸਵਾਲ ਕੀਤਾ ਸੀ ਕਿ ਜੇ ਚੰਦ ਦੇ ਕੈਲੰਡਰ ਨੂੰ  ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਮੁਤਾਬਕ ਹੀ ਆਪਣੇ  ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਮੰਨਾਏ ਜਾਣ ?

ਤੁਹਾਡੀ ਕੀਮਤੀ ਰਾਏ ਦੀ ਉਡੀਕ ਵਿੱਚ ਸਰਵਜੀਤ ਸਿੰਘ ਸੈਕਰਾਮੈਂਟੋ ਸੰਪਰਕ ਨੰ: +1 916-529-4775   ਮਿਤੀ 30 ਮਾਰਚ 2018

ਨੋਟ- ਕਰਨਲ ਨਿਸ਼ਾਨ ਜੀ,  ਪੰਜ ਸਵਾਲ ਹਨ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਹਨ ।