ਮੁੰਡਾ ਤੇ ਰੰਬਾ ..
ਲੋੜ ਕਾਢ ਦੀ ਮਾਂ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ। ਜਿਹੜੀ ਮਨੁੱਖ ਦੇ ਮਨ ਦੀ ਸੋਚ ਹੁੰਦੀ ਹੈ, ਉਹ ‘ਹਕੀਕਤ’ ਨੂੰ ਅਕਾਰ ਦੇ ਦਿੰਦੀ ਹੈ। ਕੁਝ ਸਿੱਖਣ ਲਈ , ਕੁਝ ਗੁਆਉਣਾ ਪੈਂਦਾ ਹੈ, ਕੁਝ ਪ੍ਰਯੋਗਾਂ ਨੂੰ ਸਫਲ ਬਣਾਉਣ ਲਈ, ਕਈ ਪ੍ਰਯੋਗ ਕਰਨੇ ਪੈਂਦੇ ਹਨ, ਬਹੁਤ ਕੁਝ ਨਸ਼ਟ ਹੁੰਦਾ ਹੈ, ਫਿਰ ਮਨੁੱਖਤਾ ’ਚ ਵਿਚਰਨ ਲਈ ਹੀ ਮਨੁੱਖ ਬਣਦਾ ਹੈ।
ਸਿਆਣੇ ਆਖਦੇ ਹਨ ਕਿ ਗੁਆਚੀ ਚੀਜ਼ ਦੇ ਮੁੱਲ ਦਾ ਬਾਅਦ ਵਿੱਚ ਪਤਾ ਲਗਦਾ ਹੈ, ਜਿੰਨਾ ਦੇ ਮਾਂ-ਪਿਉ, ਭਰਾ ਜਾਂ ਭੈਣ ਇਸ ਦੁਨੀਆਂ ਵਿੱਚ ਨਹੀਂ ਰਹੇ, ਉਹ ਇਨ੍ਹਾਂ ਰਿਸ਼ਤਿਆਂ ਦੀ ਕੀਮਤ ਨੂੰ ਬਾ-ਖ਼ੂਬੀ ਸਮਝਦੇ ਹਨ। ਕੁਝ ਸਿਖਾਉਣ ਲਈ ਮਾਂ ਦਾ ਝਿੜਕਣਾ, ਪਿਉ ਦਾ ਥੱਪੜ ਮਾਰਨਾ, ਅਧਿਆਪਕਾ ਤੋਂ ਡੰਡੇ ਖਾਣੇ, ਅੱਜ ਵੀ ਜਦੋਂ ਇਹ ਯਾਦ ਆਉਂਦਾ ਹੈ ਤਾਂ ਇਹਨਾਂ ਰਿਸ਼ਤਿਆਂ ਅੱਗੇ ਆਪ ਮੁਹਾਰੇ ਹੀ ਸਿਰ ਝੁਕ ਜਾਂਦਾ ਹੈ ਤੇ ਅਸੀਂ ਸਹਿਜ-ਸੁਭਾਅ ਕਹਿ ਉਠਦੇ ਹਾਂ ਕਿ ਕਾਸ਼ ! ਜੇ ਕੁੱਟ ਨਾ ਪਈ ਹੁੰਦੀ ਤਾਂ ਅਸੀ ਬੰਦੇ ਵੀ ਨਹੀਂ ਸੀ ਬਣਨਾ। ਇਸ ਸਭ ਦੇ ਉਲਟ ਦੋ ਹਜ਼ਾਰ ਸੰਨ ਤੋਂ ਬਾਅਦ ਸਭ ਕੁਝ ਉਲਟ ਹੋ ਰਿਹਾ ਹੈ। ਬੱਚੇ ਆਪਣੇ ਮਾਂ-ਬਾਪ ਨੂੰ ਕੁੱਟ ਹੀ ਨਹੀਂ ਰਹੇ ਸਗੋਂ ਬਿਰਧ ਆਸ਼ਰਮਾ ’ਚ ਘਿਸ-ਘਿਸ ਕੇ ਮਰਨ ਲਈ ਸੁੱਟ ਵੀ ਰਹੇ ਹਨ। ਬੱਚੇ ਅਧਿਆਪਕਾਂ ਦਾ ਸਤਿਕਾਰ ਕਰਨਾ ਬੰਦ ਕਰ ਰਹੇ ਹਨ। ਮਾਂ-ਬਾਪ ਉਲਟਾ ਬੱਚੇ ਨੂੰ ਸ਼ਹਿ ਦੇ ਰਹੇ ਹਨ ਤੇ ਅਧਿਆਪਕ ਦੀ ਸ਼ਿਕਾਇਤ ਸਕੂਲ ਦੀ ਕਮੇਟੀ ਕੋਲ ਕਰਦੇ ਤੇ ਆਖਦੇ ਹਨ ਕਿ ‘ਇਹ ਕੌਣ ਹੁੰਦੈ, ਸਾਡੇ ਬੱਚੇ ਨੂੰ ਮਾਰਨ ਵਾਲਾ, ਅਸੀਂ ਤੇ ਕਦੀ ਘਰੇ ਚਪੇੜ ਨਹੀਂ ਮਾਰੀ’ ਕਈ ਮਾਂ-ਬਾਪ ਤੇ ਇੱਥੋਂ ਤੱਕ ਵੀ ਆਖ ਦਿੰਦੇ ਹਨ ਕਿ ਤੁਹਾਨੂੰ ਫੀਸ ਬੱਚੇ ਪੜਾਉਣ ਦੀ ਦਿੰਦੇ ਹਾਂ, ਕੁਟਵਾਉਣ ਦੀ ਨਹੀਂ। ਫਿਰ ਦੱਸੋ ਅਧਿਆਪਕ ਕੀ ਕਰੇ ਸਿਵਾਏ ਏਸ ਦੇ ਕਿ ਉਹ ਕਹੇ ‘ਮੈਨੂੰ ਕੀ ! ਮੈਂ ਕੀ ਲੈਣਾ ਥੱਪੜ ਮਾਰ ਕੇ’, ਪੜ੍ਹੇ ਭਾਵੇਂ ਨਾ ਪੜ੍ਹੇ।
ਇਸ ਸਭ ਦੇ ਪਿੱਛੇ ਵੱਡਾ ਕਸੂਰ ਮਾਂ-ਬਾਪ ਦਾ ਹੀ ਹੁੰਦਾ ਹੈ, ਇੱਕੋ-ਇੱਕ ਬੱਚਾ ਹੋਣਾ ਵੀ ਇਸ ਦਾ ਮੁੱਖ ਕਾਰਨ ਹੈ। ਖੁਰਾਕ ਵਿੱਚ ਪਰੋਸਿਆ ਜਾਂਦਾ ਯੂਰੀਆ ਵੀ ਵੱਡਾ ਕਾਰਨ ਹੈ। ਧਾਰਮਿਕ ਤੌਰ ’ਤੇ ਵੀ ਸਾਡੀ ਸੋਚ ਸੁੰਗੜ ਗਈ ਹੈ। ਮਨੁੱਖ, ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਚੁਫੇਰਿਉਂ ਨੂੜਿਆ ਪਿਆ ਹੈ ਪਰ ਇਸ ਸਭ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਗੁਰੂ ਸਜ਼ਾ ਨਹੀਂ ਦੇ ਸਕਦਾ, ਤਲਵਾਰ ਤਿੱਖੀ ਚੰਡ ਕੇ ਹੀ ਹੋ ਸਕਦੀ ਹੈ, ਪਹਿਲੇ-ਪਹਿਲ ਇਹ ਅਖੌਤ ਆਮ ਕਹੀ ਜਾਂਦੀ ਸੀ ਕਿ-
ਮੁੰਡਾ ਤੇ ਰੰਬਾ , ਜਿੰਨਾ ਚੰਡੋ ਓਨਾ ਚੰਗਾ।
ਬੱਚਿਆਂ ਦਾ ਪੜ੍ਹਾਈ ਤੋਂ ਕੰਨੀ ਕਤਰਾਉਣਾ, ਘਰੋਂ ਭੱਜ ਕਿ ਕੋਰਟ ਮੈਰਿਜਾਂ ਕਰਵਾਉਣੀਆਂ, ਮਾਂ-ਬਾਪ ਅੱਗੇ ਬੋਲਣਾ, ਗੈਰ-ਮਿਆਰੀ ਕੰਮ ਕਰਨੇ, ਮਾਮੂਲੀ ਮੁਸੀਬਤ ਵੇਲੇ ਬੱਚਿਆਂ ਦਾ ਆਤਮ-ਹੱਤਿਆ ਵਰਗਾ ਬੁਝਦਿਲਾਨਾ ਕਦਮ ਚੁੱਕਣਾ, ਇਸ ਸਭ ਲਈ ਮਾਪੇ ਖ਼ੁਦ ਜ਼ਿੰਮੇਵਾਰ ਹਨ। ਬੱਚਿਆਂ ਨੂੰ ਬੇਲੋੜਾ ਪਿਆਰ ਕਰਨਾ, ਬਿਨਾਂ ਮਤਲਬ ਲਈ ਸ਼ਹਿ ਦੇਣੀ, ਕੀਮਤੀ ਤੋਹਫ਼ੇ ਦੇਣੇ ਤੇ ਇਹ ਕਹਿ ਕਿ ਆਤਮ-ਨਿਰਭਰਤਾ ਹੋਣ ਤੋ ਰੋਕਣਾ ਕਿ ‘ਅਜੇ ਤੇ ਇਹ ਬੱਚਾ ਹੈ’।
ਬੱਚਿਆਂ ਨੂੰ ਛੁੱਟੀਆਂ ਵਿੱਚ ਆਪਣੇ ਵਿਰਸੇ ਅਤੇ ਅਸਲੀ ਸਭਿਆਚਾਰ ਨਾਲ ਜੋੜੋ, ਸਹਿਣਸ਼ੀਲਤਾ ਲਿਆਉਣ ਲਈ ਛੋਟੇ-ਛੋਟੇ ਕੰਮ ਦੇ ਰੁਝੇਵੇਂ ਦਿਓ। ਜੇਕਰ ਤੁਸੀਂ ਨਿਰਾ ਪਿਆਰ ਹੀ ਕਰੋਗੇ ਤਾਂ ਬੱਚੇ ਵਿਗੜ ਜਾਣਗੇ ਕਿਉਕਿ ਪੱਛਮੀ ਸੱਭਿਆਚਾਰ ਤੇ ਸਾਡੇ ਸਭਿਆਚਾਰ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਾਡੇ ਬਜ਼ੁਰਗਾਂ ਦੇ, ਸਾਨੂੰ ਮਾਰੇ ਹੋਏ ਲਫੇੜ੍ਹੇ, ਧੱਫੇ ਤੇ ਥੱਪੜ ਅੱਜ ਵੀ ਯਾਦ ਆਉਂਦੇ ਨੇ ਤੇ ਅਸੀਂ ਤਰਸਦੇ ਵੀ ਹਾਂ ਕਿ ਕਾਸ਼ ! ਕੋਈ ਸਮਾਂ ਰਹਿੰਦੇ ਸਾਨੂੰ ਧਾਫੜਣ (ਸਮਝਾਉਣ) ਵਾਲਾ ਹੁੰਦਾ ਤਾਂ ਅਸੀਂ ਹੋਰ ਵੀ ਤਰੱਕੀ ਕਰ ਕੇ ਮਨੁੱਖਤਾ ਦੇ ਕੰਮ ਆ ਸਕਦੇ ਸੀ। ਅਖ਼ੀਰ ਵਿੱਚ ਬੱਚਿਆਂ ਨੂੰ ਬੇਨਤੀ ਹੈ ਕਿ ਜਿੰਨਾ ਸਹੋਗੇ, ਓਨਾ ਹੀ ਸਿੱਖੋਗੇ। ਸੋਨਾ ਅੱਗ ’ਚ ਤਪਣ ਤੋਂ ਬਾਅਦ ਹੀ ਗਹਿਣਾ ਬਣਦਾ ਹੈ। ਗੁਰੂ ਮਿਹਰ ਕਰੇ।
ਬਲਵਿੰਦਰ ਸਿੰਘ ਪੁੜੈਣ