ਮੁੱਖ ਵਾਕ ਪੰਨਾ ਨੰਬਰ 602

0
367

ਮੁੱਖ ਵਾਕ ਪੰਨਾ ਨੰਬਰ 602

(ਨੋਟ: ਹੇਠਾਂ ਦਿੱਤੇ ਅਰਥਾਂ ਨੂੰ ਧਿਆਨ ਨਾਲ਼ ਵਾਚਣਾ ਕਿਉਂਕਿ ਸੰਖੇਪਤਾ ਸਮੇਤ ਵਿਆਕਰਨ ਨਿਯਮਾਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ।

ਸੋਰਠਿ ਮਹਲਾ ੩ ॥

ਸੋ ਸਿਖੁ, ਸਖਾ ਬੰਧਪੁ ਹੈ, ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ ॥

ਹੇ ਭਾਈ! ਉਹੀ ਸਿੱਖ (ਗੁਰੂ ਦਾ) ਪਿਆਰਾ ਤੇ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੀ ਰਜ਼ਾ ’ਚ ਜੀਵਨ ਨਿਰਬਾਹ ਕਰਦਾ ਹੈ।

ਆਪਣੈ ਭਾਣੈ, ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ॥ ਉਚਾਰਨ ਸੇਧ: ਚੋਟਾਂ।

ਜੋ (ਸਿੱਖ) ਆਪਣੀ ਮਨਮਰਜ਼ੀ ’ਚ ਚੱਲਦਾ ਹੈ ਉਹ (ਗੁਰੂ ਮਰਜ਼ੀ/ਉਪਦੇਸ਼ ਤੋਂ) ਦੂਰ ਹੋ ਕੇ (ਵਿਕਾਰਾਂ ਦੀ) ਮਾਰ ਝੱਲਦਾ ਹੈ।

ਬਿਨੁ ਸਤਿਗੁਰ, ਸੁਖੁ ਕਦੇ ਨ ਪਾਵੈ, ਭਾਈ ! ਫਿਰਿ ਫਿਰਿ ਪਛੋਤਾਵੈ ॥੧॥

(ਕਿਉਂਕਿ) ਹੇ ਭਾਈ! ਗੁਰੂ ਤੋਂ ਬਿਨਾਂ ਸ਼ਾਂਤੀ/ਸਥਿਰਤਾ ਨਹੀਂ ਮਿਲਦੀ ਤੇ (ਦੁਖੀ ਹੁੰਦਾ ਬੰਦਾ) ਵਾਰ ਵਾਰ ਪਛੁਤਾਉਂਦਾ ਹੈ।

ਹਰਿ ਕੇ ਦਾਸ ਸੁਹੇਲੇ, ਭਾਈ ! ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ; ਆਪੇ ਮੇਲਿ ਮਿਲਾਈ ॥ ਰਹਾਉ ॥        ਉਚਾਰਨ ਸੇਧ: ਦੁੱਖ, ਕਾੱਟੇ।

ਹੇ ਭਾਈ! ਹਰੀ ਦੇ ਸੇਵਕ (ਸ਼ਾਂਤੀ/ਸਥਿਰਤਾ ਕਾਰਨ) ਸਦਾ ਸੁਖਾਲੇ ਰਹਿੰਦੇ ਹਨ ਕਿਉਂਕਿ ਅਕਾਲ ਪੁਰਖ ਨੇ ਆਪ ਹੀ ਗੁਰੂ ਮਿਲਾਪ ਦੁਆਰਾ ਕਈ ਜਨਮਾਂ ਦੇ ਪਾਪ/ਕਲੇਸ਼ ਕੱਟ ਕੇ ਆਪਣੇ ਨਾਲ਼ ਮਿਲਾ ਲਿਆ।

ਇਹੁ ਕੁਟੰਬੁ ਸਭੁ ਜੀਅ ਕੇ ਬੰਧਨ, ਭਾਈ ! ਭਰਮਿ ਭੁਲਾ ਸੈਂਸਾਰਾ ॥            ਉਚਾਰਨ ਸੇਧ: ਇਹ, ਜੀ..।

ਹੇ ਭਾਈ! (ਹਰੀ ਮੇਲ਼ ਬਿਨਾਂ) ਇਹ ਸਾਰਾ ਪਰਿਵਾਰਕ ਰਿਸ਼ਤਾ; (ਨਿਮਰਲ ਰਹਿਣ ਵਾਲ਼ੀ ਇਹੁ ਰਾਮ ਕੀ ਅੰਸੁ ॥’ ਭਾਵ) ਜੀਵਾਤਮਾ ਲਈ ਬੰਧਨ ਬਣ ਜਾਂਦਾ ਹੈ (ਕਿਉਂਕਿ) ਭੁਲੇਖੇ (ਦੁਬਿਧਾ, ਬੇਚੈਨੀ) ਕਾਰਨ ਸੰਸਾਰ ਕੁਰਾਹੇ ਪਿਆ ਰਹਿੰਦਾ ਹੈ।

ਬਿਨੁ ਗੁਰ, ਬੰਧਨ ਟੂਟਹਿ ਨਾਹੀ; ਗੁਰਮੁਖਿ ਮੋਖ ਦੁਆਰਾ ॥            ਉਚਾਰਨ ਸੇਧ: ਟੂਟਹਿਂ, ਨਾਹੀਂ।

ਗੁਰੂ ਦੀ ਮਦਦ ਬਿਨਾਂ ਇਹ ਬੰਧਨ ਨਹੀਂ ਖੁੱਲ੍ਹਦੇ (ਇਸ ਲਈ) ਗੁਰੂ ਵੱਲ ਮੁੱਖ ਰੱਖਣ ਵਾਲ਼ਾ ਹੀ (ਬੰਧਨ) ਮੁਕਤ-ਦਰ ਪਾਉਂਦਾ ਹੈ।

ਕਰਮ ਕਰਹਿ, ਗੁਰ ਸਬਦੁ ਨ ਪਛਾਣਹਿ; ਮਰਿ ਜਨਮਹਿ ਵਾਰੋ ਵਾਰਾ ॥੨॥             ਉਚਾਰਨ ਸੇਧ: ਕਰਹਿਂ, ਪਛਾਣਹਿਂ, ਜਨਮੈ।

ਜੋ ਲੋਕ; ਕੇਵਲ ਸਮਾਜਿਕ ਧੰਦੇ ਹੀ ਕਰਦੇ ਹੋਣ ਤੇ ਗੁਰੂ ਉਪਦੇਸ਼ ਨੂੰ ਨਾ ਸਮਝਦੇ ਉਹ ਵਾਰ-ਵਾਰ (ਆਤਮਕ ਮੌਤ) ਮਰ ਕੇ ਜਨਮਦੇ ਰਹਿੰਦੇ ਹਨ ਭਾਵ ਕਦੇ ਖ਼ੁਸ਼ੀ ਤੇ ਕਦੇ ਗ਼ਮੀ।

ਹਉ ਮੇਰਾ ਜਗੁ ਪਲਚਿ ਰਹਿਆ, ਭਾਈ ! ਕੋਇ ਨ ਕਿਸ ਹੀ ਕੇਰਾ ॥           ਉਚਾਰਨ ਸੇਧ: ਹਉਂ।

ਹੇ ਭਾਈ ! (ਸਮਾਜਿਕ ਧੰਦਿਆਂ ਦੀ ਪਕੜ ਕਾਰਨ) ਜਗਤ ਮੈਂ-ਮੈਂ, ਮੇਰਾ-ਮੇਰਾ (ਦਵੈਤ, ਭਰਮ) ’ਚ ਖਚਿਤ ਰਹਿੰਦਾ ਹੈ (ਜਿੱਥੇ) ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ।

ਗੁਰਮੁਖਿ ਮਹਲੁ ਪਾਇਨਿ, ਗੁਣ ਗਾਵਨਿ; ਨਿਜ ਘਰਿ ਹੋਇ ਬਸੇਰਾ ॥           ਉਚਾਰਨ ਸੇਧ: ਪਾਇਨ੍, ਗਾਵਨਿ੍।

ਗੁਰੂ ਪਿਆਰੇ (ਰੱਬੀ) ਦਰਬਾਰ (ਮਿਲਾਪ) ਪਾ ਲੈਂਦੇ ਹਨ, ਉਸ ਦੇ ਗੁਣ ਗਾਉਂਦੇ ਹਨ, (ਭਰਮ ਮੁਕਤ ਹੋ) ਆਪਣੇ ਹਿਰਦੇ-ਘਰ ਵਿੱਚ ਟਿਕ ਜਾਂਦੇ ਹਨ।

ਐਥੈ ਬੂਝੈ, ਸੁ ਆਪੁ ਪਛਾਣੈ; ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥

ਜੋ ਇਸ (ਮਨੁੱਖਾ ਜੀਵਨ ਦੌਰਾਨ ਅਸਲੀਅਤ ਨੂੰ) ਪਰਖਦਾ ਹੈ ਉਹੀ ਆਪਣੇ ਆਪ ਨੂੰ ਘੋਖ-ਪੜਤਾਲਦਾ ਹੈ। ਅਕਾਲ ਪੁਰਖ ਵੀ ਉਸੇ ਦਾ ਸਾਥੀ ਹੈ (ਜਿੱਥੇ ਕੋਇ ਨ ਕਿਸ ਹੀ ਕੇਰਾ ॥)।

ਸਤਿਗੁਰੂ ਸਦਾ ਦਇਆਲੁ ਹੈ, ਭਾਈ ! ਵਿਣੁ ਭਾਗਾ ਕਿਆ ਪਾਈਐ ? ॥             ਉਚਾਰਨ ਸੇਧ: ਭਾਗਾਂ।

ਹੇ ਭਾਈ ! ਸਤਿਗੁਰੂ ਤਾਂ ਸਦਾ ਮਿਹਰ ਦਾ ਝਰਨਾ ਹੈ, ਪਰ ਨਸੀਬਾਂ ਤੋਂ ਬਿਨਾਂ ਕੋਈ ਕੀ ਲੈ ਸਕਦਾ ਹੈ?

ਏਕ ਨਦਰਿ ਕਰਿ ਵੇਖੈ ਸਭ ਊਪਰਿ; ਜੇਹਾ ਭਾਉ, ਤੇਹਾ ਫਲੁ ਪਾਈਐ ॥              ਉਚਾਰਨ ਸੇਧ: ਫਲ਼।

ਗੁਰੂ; ਸਾਰਿਆਂ ਉੱਤੇ ਹੀ ਸਮਦ੍ਰਿਸ਼ਟੀ ਰੱਖਦਾ ਹੈ (ਪਰ ਮਨੁੱਖ ਅੰਦਰ, ਗੁਰੂ ਪ੍ਰਤੀ) ਜਿਤਨਾ ਪਿਆਰ ਭਾਵ ਹੋਵੇ ਵੈਸਾ ਹੀ ਲਾਭ ਪ੍ਰਾਪਤ ਹੁੰਦਾ ਹੈ।

ਨਾਨਕ ! ਨਾਮੁ ਵਸੈ, ਮਨ ਅੰਤਰਿ; ਵਿਚਹੁ ਆਪੁ ਗਵਾਈਐ ॥੪॥੬॥ ਸੋਰਠਿ (ਮ: ੩/੬੦੨)         ਉਚਾਰਨ ਸੇਧ: ਵਿਚੋਂ।

ਹੇ ਨਾਨਕ! (ਆਖ ਕਿ ਗੁਰੂ ਦੀ ਸਮਦ੍ਰਿਸ਼ਟੀ ਨਾਲ਼ ਜਿਸ ਦੇ) ਮਨ ’ਚ (ਰੱਬੀ) ਯਾਦ ਵੱਸ ਜਾਂਦੀ ਹੈ ਉਸ ਅੰਦਰੋਂ ਅਹੰਕਾਰ (ਆਪੁ, ਹਉ ਮੇਰਾ) ਦੂਰ ਹੋ ਜਾਂਦਾ ਹੈ।