ਮੂਲ ਮੰਤਰ ’ਚ ਦਰਜ ਸ਼ਬਦਾਂ ਦਾ ਮਹੱਤਵ ਬਿਆਨ ਕਰਦੀ ਗੁਰਬਾਣੀ
ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥
ਗਿਆਨੀ ਅਵਤਾਰ ਸਿੰਘ
‘ੴ’– ਇਹ ਸ਼ਬਦ ਗੁਰਬਾਣੀ ’ਚ 568 ਵਾਰ (ਕੇਵਲ ਮੂਲ ਮੰਤਰ ’ਚ) ਦਰਜ ਹੈ, ਜਿਸ ਦਾ ਅਰਥ ਹੈ: ‘ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਪਾਲਣਾ ਕਰਨ ਵਾਲ਼ਾ ਤੇ ਨਾਸ ਕਰਨ ਵਾਲ਼ਾ ਮਾਲਕ, ਕੇਵਲ ਇੱਕ ਹੈ ਤੇ ਕਣ-ਕਣ ’ਚ ਵਿਆਪਕ ਹੈ’। ‘ੴ’ ਦਾ ਉਚਾਰਨ ਹੈ: ‘ਇੱਕ ਓਅੰਕਾਰ’।
‘ਸਤਿ ਨਾਮੁ’-ਇਨ੍ਹਾਂ ਸੰਯੁਕਤ ਸ਼ਬਦ ’ਚ ‘ਸਤਿ’ ਨੂੰ ਲੱਗੀ ਅੰਤ ਸਿਹਾਰੀ ਅੱਧੇ ‘ਯ’ ਦਾ ਪ੍ਰਤੀਕ ਹੈ ਭਾਵ ‘ਸਤ੍ਯ’ ਤੋਂ ‘ਸਤਿ’ ਬਣਿਆ। ਇਸ ਬਣਤਰ ਤਬਦੀਲੀ ਦਾ ਕਾਰਨ ਇਹ ਹੈ ਕਿ ‘ਯ’ ਧੁਨੀ (ਮਾਤਰਾ) ‘ਇ+ਅ’ (ਧੁਨੀ) ਦੇ ਨਜ਼ਦੀਕ ਹੋਣ ਕਾਰਨ ਰੂਪਾਂਤਰਨ ਹੋ ਜਾਂਦੀ ਹੈ; ਜਿਵੇਂ ‘ਗਿਆਨ’ ਨੂੰ ‘ਗ੍ਯਾਨ’ ਜਾਂ ‘ਗੵਾਨ’ ਵੀ ਲਿਖਿਆ ਜਾਂਦਾ ਹੈ, ਜਿਸ ਵਿੱਚ ‘ਯ’ ਨੇ ਆਪਣੀ ਅੱਧੀ ਧੁਨੀ (ਇ) ਨਾਲ਼ ‘ਗ’ ਨੂੰ ‘ਗਿ’ ਕਰ ਦਿੱਤਾ ਤੇ ਅੱਧੀ ਧੁਨੀ (ਅ) ਨਾਲ਼ ‘ਆ’ ਬਣਾ ਦਿੱਤਾ।
ਗੁਰਬਾਣੀ ’ਚ ‘ਗਿਆਨ, ਧਿਆਨ’ ਦੇ ਬਦਲਵੇਂ ਰੂਪ ਹਨ: ‘ਗੵਾਨ’ ਤੇ ‘ਗੵਾਨੁ’ (7 ਵਾਰ), ‘ਧੵਾਨੁ, ਧੵਾਨ ਜਾਂ ਧੵਾਨੰ’ (10 ਵਾਰ); ਜਿਵੇਂ
ਦੇਖੌ ਭਾਈ ! ‘ਗੵਾਨ’ ਕੀ ਆਈ ਆਂਧੀ ॥ (ਭਗਤ ਕਬੀਰ/੩੩੧)
ਕਵਨੁ ਜੋਗੁ ? ਕਉਨੁ ‘ਗੵਾਨੁ ਧੵਾਨੁ’ ? ਕਵਨ ਬਿਧਿ, ਉਸ੍ਤਤਿ ਕਰੀਐ ? ॥ (ਮ: ੫/੧੩੮੬), ਆਦਿ।
ਸੋ, ਜੋ ਸ਼ਬਦ ਦੂਜੀ ਭਾਸ਼ਾ ’ਚੋਂ ਤਤਸਮ (ਦੂਜੀ ਬੋਲੀ ਦੇ ਮੂਲ ਰੂਪ ਸ਼ਬਦ ਨੂੰ ਅਪਣਾਉਣਾ ‘ਤਤਸਮ’ ਤੇ ਮੂਲ ਰੂਪ ਦਾ ਰੂਪਾਂਤਰਨ ਜਾਂ ਬਦਲਿਆ ਰੂਪ ‘ਤਦਭਵ’ ਅਖਵਾਉਂਦਾ ਹੈ) ਆਇਆ ਹੋਵੇ, ਉਸ ਦਾ ਦਰੁਸਤ ਉਚਾਰਨ ਸੰਬੰਧਿਤ ਭਾਸ਼ਾ ਵਾਲ਼ਾ ਹੀ ਰਹਿਣਾ ਸਹੀ ਹੋਵੇਗਾ, ਜਿਸ ਮੁਤਾਬਕ ‘ਸਤਿ’ ਦਾ ਉਚਾਰਨ ਥੋੜ੍ਹਾ ‘ਸਤ੍ਯ’ ਵੱਲ ਜਾਣਾ ਚਾਹੀਏ ਤਾਂ ਜੋ ਸਿਹਾਰੀ ਦਾ ਉਚਾਰਨ ਹੋ ਸਕੇ।
ਗੁਰਬਾਣੀ ’ਚ ‘ਸਤਿ ਨਾਮੁ’ (ਸੰਯੁਕਤ ਸ਼ਬਦ) 53 ਵਾਰ ਦਰਜ ਹਨ, ਜਿਨ੍ਹਾਂ ਵਿੱਚੋਂ 44 ਵਾਰ ਮੂਲ ਮੰਤਰ (ਭਾਵ ਖ਼ਾਸ ਸੰਦੇਸ਼ ਜਾਂ ਪ੍ਰਵਚਨਾਂ ਦਾ ਸਾਰ) ’ਚ ਦਰਜ ਹਨ ਤੇ ਬਾਕੀ 9 ਤੁਕਾਂ ’ਚ, ਜਿਨ੍ਹਾਂ ਰਾਹੀਂ ‘ਸਤਿ ਨਾਮੁ’ ਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਹੈ: ਜਿਵੇਂ
(1). ਜਗਤ ਰਚਨਾ ਉਪਰੰਤ ਮਨੁੱਖਾਂ ਨੇ ਸਮੇਂ ਦੇ ਪ੍ਰਭਾਵ ਅਧੀਨ ਮੌਤ ਹੁੰਦੀ ਵੇਖੀ, ਤਾਂ ਪ੍ਰਮਾਤਮਾ ਦਾ ਨਾਮ ‘ਅਕਾਲ’ (ਅਮੌਤ) ਰੱਖਿਆ ਗਿਆ, ਸਮਾਜਿਕ ਡਰ ਦੇ ਮੁਕਾਬਲੇ ਅਕਾਲ ਪੁਰਖ ਦਾ ਨਾਮ ‘ਨਿਡਰ’ (ਨਿਰਭਉ) ਬਣ ਗਿਆ, ਜੀਵਾਂ ਦੇ ਆਵਾਗਮਣ ਦੇ ਮੁਕਾਬਲੇ ਅਕਾਲ ਪੁਰਖ ਦਾ ਨਾਮ ‘ਅਜੂਨੀ’ ਸਵੀਕਾਰ ਲਿਆ ਗਿਆ, ਆਦਿ ਕਿਰਤਮ (ਬਣਾਉਟੀ, ਖ਼ਿਆਲੀ, ਫ਼ਰਜ਼ੀ) ਨਾਮ ਅਖਵਾਏ, ਪਰ ਇਹ ਤਮਾਮ ਨਾਮ ਅਸਥਿਰ (ਨਾਸ਼ਵਾਨ) ਕੁਦਰਤ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ। ਇਸ ਅਸਥਿਰਤਾ ਜਾਂ ਚਲਾਇਮਾਨ ਦਾ ਬਦਲ ‘ਸਥਿਰਤਾ’ ਭਾਵ ‘ਅਕਾਲ ਪੁਰਖ’ ਹੈ, ਇਸ ‘ਸਥਿਰਤਾ’ ਨੂੰ ‘ਸਤਿ’ (ਸਤ੍ਯ) ਕਿਹਾ ਗਿਆ, ਜੋ ਅਕਾਲ ਪੁਰਖ ਦਾ ‘ਆਦਿ ਨਾਮ’ (ਭਾਵ ਜਦ ਅਸਥਿਰ ਕੁਦਰਤ ਵੀ ਨਹੀਂ ਸੀ) ਪ੍ਰਸਿੱਧ ਹੋਇਆ। ਗੁਰੂ ਅਰਜਨ ਦੇਵ ਜੀ ਇਸ ਬਾਰੇ ਇਉਂ ਵਚਨ ਕਰ ਰਹੇ ਹਨ: ‘‘ਕਿਰਤਮ ਨਾਮ; ਕਥੇ ਤੇਰੇ, ਜਿਹਬਾ ॥ ‘ਸਤਿ ਨਾਮੁ’; ਤੇਰਾ ਪਰਾ ਪੂਰਬਲਾ (ਭਾਵ ਆਦਿ ਦਾ) ॥’’ (ਮ: ੫/੧੦੮੩)
ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਰਚਨਾ (ਸੁਖਮਨੀ) ’ਚ 2 ਵਾਰ ਹੋਰ ‘ਸਤਿ ਨਾਮੁ’ (ਸੰਯੁਕਤ ਸ਼ਬਦਾਂ) ਦਾ ਇਸਤੇਮਾਲ ਕੀਤਾ; ਜਿਵੇਂ ‘ਸਤਿ ਨਾਮੁ’; ਪ੍ਰਭ ਕਾ ਸੁਖਦਾਈ ॥ (ਮ: ੫/੨੮੪), ‘ਨਾਮੁ ਸਤਿ’; ਸਤਿ ਧਿਆਵਨਹਾਰ ॥ (ਮ: ੫/੨੮੫) ਭਾਵ ਜਿਸ ਤਰ੍ਹਾਂ ‘ਅਕਾਲ ਪੁਰਖ’ ਨੂੰ ਸਥਿਰਤਾ ਨਾਮ ਦਿੱਤਾ ਗਿਆ ਉਸੇ ਤਰ੍ਹਾਂ ਦੀ ਸਥਿਰਤਾ ਦੇ ਮਾਲਕ ਉਸ ਨੂੰ ਯਾਦ ਕਰਨ ਵਾਲ਼ੇ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਯਾਤਰਾ ਆਵਾਗਮਣ ਨਹੀਂ ਰਹਿ ਜਾਂਦੀ, ਜੋ ਅਸਥਿਰਤਾ ਦਾ ਆਧਾਰ (ਮੂਲ) ਹੈ।
(2). ਭੱਟ ਭਿਖਾ ਜੀ ਦੇ ਸਪੁੱਤਰ ਅਤੇ ਭੱਟ ਕੀਰਤ ਤੇ ਭੱਟ ਜਾਲਪ ਜੀ ਦੇ ਭਰਾ ਭੱਟ ਮਥੁਰਾ ਜੀ; ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ‘‘ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥’’ (ਭਟ ਮਥੁਰਾ/੧੪੦੯) ਵੇਖਿਆ, ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੇ ਹਿਰਦੇ ’ਚ ਸਦੀਵੀ ਸਥਿਰ (ਅਕਾਲ ਪੁਰਖ) ਦੀ ਯਾਦ (ਸਤਿ ਨਾਮੁ) ਦਾ ਪ੍ਰਤੱਖ ਨਿਵਾਸ ਦੱਸਿਆ: ‘‘ਸਤਿ ਰੂਪੁ, ‘ਸਤਿ ਨਾਮੁ’; ਸਤੁ ਸੰਤੋਖੁ ਧਰਿਓ ਉਰਿ (ਹਿਰਦੇ ’ਚ)॥’’ (ਸਵਈਏ ਮਹਲੇ ਪੰਜਵੇਂ ਕੇ, ਭਟ ਮਥੁਰਾ/੧੪੦੮)
(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ‘ਸਤੁ ਨਾਮੁ’ ਇਕ ਵਾਰ ਵੀ ਦਰਜ ਨਹੀਂ ਕਿਉਂਕਿ ‘ਸਤੁ’ ਸ਼ਬਦ; ‘ਨਾਮੁ’ ਦਾ ਵਿਸ਼ੇਸ਼ਣ ਬਣ ਜਾਣਾ ਸੀ ਜਦਕਿ ‘ਸਤਿ ਨਾਮੁ’ (ਸੰਯੁਕਤ) ਸ਼ਬਦਾਂ ’ਚ ‘ਨਾਮੁ’ ਦਾ ਵਿਸ਼ੇਸ਼ਣ ‘ਸਤਿ’ ਨਹੀਂ ਬਲਕਿ ‘ਸਤਿ’ ਦਾ ਵਜੂਦ ਜਾਂ ਨਾਂ: ‘ਨਾਮੁ’ ਹੈ, ਇਸ ਲਈ ਗੁਰਬਾਣੀ ’ਚ ‘ਸਤਿ’ ਨੂੰ ‘ਨਾਮੁ’ ਤੋਂ ਭਿੰਨ ਕਰਕੇ ‘ਗੁਰ ਪ੍ਰਸਾਦਿ’ (ਸੰਯੁਕਤ ਸ਼ਬਦਾਂ) ਨਾਲ਼ ਵੀ 524 ਵਾਰ ਦਰਜ ਕੀਤਾ ਗਿਆ ਹੈ; ਜਿਵੇਂ ਕਿ ‘‘ੴ ਸਤਿ ਗੁਰ ਪ੍ਰਸਾਦਿ ॥’’ ਭਾਵ ‘ਸਥਿਰ ੴ; ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ’, ਇਸ ਨੂੰ ‘‘ੴ ਸਤਿਗੁਰ ਪ੍ਰਸਾਦਿ ॥’’ ਸਵੀਕਾਰਨਾ ਗ਼ਲਤ ਹੈ ਕਿਉਂਕਿ ਜੋ ‘ਸਤਿਗੁਰ ਪ੍ਰਸਾਦਿ’ ਹੈ, ਉਹ ਸੰਪੂਰਨ ਮੂਲ ਮੰਤਰ ’ਚ 33 ਵਾਰ ‘ਗੁਰ ਪ੍ਰਸਾਦਿ’ ਕਿਵੇਂ ਰਹਿ ਗਿਆ ?)
(3). ਮੂਲ ਮੰਤਰ ’ਚ ‘ਨਿਰਭਉ’ ਪਦ ਨੂੰ ‘ਸਤਿ ਨਾਮੁ’ ਦੇ ਬਰਾਬਰ ਸਥਾਨ ਮਿਲਿਆ ਹੋਇਆ ਹੈ, ਜੋ ‘ੴ’ ਦੇ ਪ੍ਰਥਾਇ ਹਨ ਤੇ ਗੁਰੂ ਰਾਮਦਾਸ ਜੀ ਨੇ ‘ੴ’ ਦੀ ਅਸਲ ਹੋਂਦ ਆਕਾਰ ਨਹੀਂ ਬਲਕਿ ਨਿਰਾਕਾਰ ਹੈ, ਬਿਆਨ ਕੀਤੀ; ਜਿਵੇਂ ‘‘ਨਿਰਭਉ, ਨਿਰੰਕਾਰੁ; ‘ਸਤਿ ਨਾਮੁ’ ॥ (ਮ: ੪/੯੯੮), ਤਾਂ ਤੇ ‘‘ਜਪਿ ਮਨ ! ‘ਸਤਿ ਨਾਮੁ’, ਸਦਾ ‘ਸਤਿ ਨਾਮੁ’ ॥’’ (ਮ: ੪/੬੭੦)
ਭੱਟ ਸਾਹਿਬਾਨਾਂ ਦਾ ਗੁਰੂ ਦਰਬਾਰ ’ਚ ਪਹੁੰਚਣ ਦਾ ਸਮਾਂ ਲਗਭਗ ਉਹ ਸੀ ਜਦ ਗੁਰੂ ਰਾਮਦਾਸ ਜੀ ਅਕਾਲ ਚਲਾਣਾ ਕਰ ਚੁੱਕੇ ਸਨ ਤੇ ਗੁਰੂ ਗੱਦੀ ’ਤੇ ਪੰਜਵੇਂ ਪਾਤਿਸ਼ਾਹ ਜੀ ਬਿਰਾਜਮਾਨ ਸਨ; ਜਿਵੇਂ ਕਿ ਭੱਟ ਹਰਿਬੰਸ ਜੀ ਵਚਨ ਕਰਦੇ ਹਨ: ‘‘ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ? ॥’’ (ਭਟ ਹਰਿਬੰਸ/੧੪੦੯), ਇਸ ਲਈ ਭੱਟ ਮਥੁਰਾ ਜੀ, ਜੋ ਵਚਨ ਗੁਰੂ ਅਰਜਨ ਸਾਹਿਬ ਜੀ ਬਾਰੇ (ਕਿ ਉਨ੍ਹਾਂ ਦੇ ਹਿਰਦੇ ’ਚ ‘ਸਤਿ ਨਾਮੁ’ ਵੱਸਦਾ ਹੈ) ਕਰਦੇ ਹਨ ਉਹੀ ਵਚਨ (ਜੋਤੀ ਜੋਤਿ ਸਮਾ ਚੁੱਕੇ) ਗੁਰੂ ਰਾਮਦਾਸ ਜੀ ਬਾਰੇ ਕਰਦੇ ਹਨ: ‘‘ਸ੍ਰੀ ‘ਸਤਿ ਨਾਮੁ’ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥’’ (ਭਟ ਮਥੁਰਾ/੧੪੦੪)
(4). (ਅਸਥਿਰ) ਆਕਾਰ ਦੇ ਪੂਜਾਰੀਆਂ ਨੇ ਦੇਵਤਿਆਂ ਦੀ ਮ੍ਰਿਤੂ ਉਪਰੰਤ ਬਣਾਈ ਗਈ ਪੱਥਰ (ਮੂਰਤੀ) ਨੂੰ ਪ੍ਰਸੰਨ ਕਰਨ ਲਈ ਉਸ ਅੱਗੇ ਆਰਤੀ ਕਰਨੀ ਆਰੰਭ ਕੀਤੀ, ਸ਼ਾਇਦ ਭਗਤ ਰਵਿਦਾਸ ਜੀ ਪਹਿਲੇ ਸ਼ਖ਼ਸ ਹੋਣਗੇ ਜਿਨ੍ਹਾਂ ਵਚਨ ਕੀਤਾ ਕਿ ਹੇ ਨਿਰਾਕਾਰ ਹਰੀ ! ਤੇਰੀ ਸਥਿਰਤਾ (ਸਤਿ, ਸਤ੍ਯ) ਦੀ ਯਾਦ (ਭਾਵ ‘ਨਾਮੁ’) ਹੀ ਮੇਰੇ ਲਈ ਆਰਤੀ ਤੇ ਤੇਰੇ ਲਈ ਪ੍ਰਵਾਨਗੀ (ਭੋਗ) ਹੈ: ‘‘ਕਹੈ ਰਵਿਦਾਸੁ ਨਾਮੁ ਤੇਰੋ ਆਰਤੀ; ‘ਸਤਿ ਨਾਮੁ’ ਹੈ ਹਰਿ ! ਭੋਗ ਤੁਹਾਰੇ ॥’’ (ਭਗਤ ਰਵਿਦਾਸ/੬੯੪)
ਉਕਤ ਕੀਤੀ ਗਈ ਵਿਚਾਰ ਕਿ ‘ਸਤਿ ਨਾਮੁ’ (ਸੰਯੁਕਤ ਸ਼ਬਦ) ਮੂਲ ਮੰਤਰ ’ਚ 44 ਵਾਰ ਤੋਂ ਇਲਾਵਾ ਕੇਵਲ 9 ਤੁਕਾਂ ’ਚ ਹੀ ਦਰਜ ਹੈ, ਜਿਨ੍ਹਾਂ ਵਿੱਚੋਂ ਉਕਤ ਕੀਤੀ ਗਈ ਵਿਚਾਰ ਮੁਤਾਬਕ ਗੁਰੂ ਰਾਮਦਾਸ ਜੀ (3 ਵਾਰ), ਗੁਰੂ ਅਰਜਨ ਸਾਹਿਬ ਜੀ (3 ਵਾਰ), ਭੱਟ ਮਥੁਰਾ ਜੀ (2 ਵਾਰ) ਤੇ ਭਗਤ ਰਵਿਦਾਸ ਜੀ (1 ਵਾਰ) ਦੁਆਰਾ ‘ਸਤਿ ਨਾਮੁ’ ਦੀ ਮਹੱਤਤਾ ਨੂੰ ਰੂਪਮਾਨ ਕੀਤਾ ਗਿਆ ਹੈ।
ਪਹਿਲਾਂ ਵਿਚਾਰੇ ਮੁਤਾਬਕ ਕਿ ‘ਸਤਿ’ ਦਾ ਨਾਂ ਹੀ ‘ਨਾਮੁ’ ਹੈ, ਅਨੁਸਾਰ ਹੇਠਾਂ 4 ਤੁਕਾਂ ’ਚ ‘ਸਤਿ’ ਨੂੰ (‘ਨਾਮੁ’ ਤੋਂ) ਅਲੱਗ ਕਰਕੇ ਬਿਆਨ ਕੀਤਾ ਗਿਆ ਹੈ
‘ਸਤਿ ਸਤਿ’ ਸਤਿਗੁਰਿ (ਨੇ) ਨਾਮੁ ਦਿੜਾਇਆ; ਰਸਿ ਗਾਏ ਗੁਣ ਪਰਮਾਨੰਦਾ ॥ (ਮ: ੪/੩੬੭)
ਰਾਮੋ ਰਾਮ ਨਾਮੁ, ‘ਸਤੇ ਸਤਿ’; ਗੁਰਮੁਖਿ ਜਾਣਿਆ ਰਾਮ ॥ (ਮ: ੪/੪੪੪)
ਹਰਿ ਕਾ ਨਾਮੁ, ‘ਸਤਿ’ ਕਰਿ ਜਾਣੈ; ਗੁਰ ਕੈ ਭਾਇ ਪਿਆਰੇ ॥’’ (ਮ: ੩/੭੫੪)
ਸੋਈ ਏਕੁ ਨਾਮੁ, ਹਰਿ ਨਾਮੁ ‘ਸਤਿ’ ਪਾਇਓ; ਗੁਰ ਅਮਰ ਪ੍ਰਗਾਸੁ ॥’’ (ਭਟ ਨਲੵ /੧੩੯੯)
ਸੋ, ‘ਸਤਿ ਨਾਮੁ’ ਦਾ ਅਰਥ ਹੈ: ਸਦੀਵੀ ਸਥਿਰ ‘ੴ’ ਦਾ ਵਜੂਦ (‘ਨਾਮੁ’ ਜਾਂ ਨਾਂ) ਹੈ। ‘ਨਾਮੁ’ ਦਾ ਅੰਤ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ ਤੇ ‘ਸਤਿ’ ਦਾ ਉਚਾਰਨ ਹੈ: ‘ਥੋੜ੍ਹਾ ‘ਸਤ੍ਯ’ ਵਾਙ।
ਕਰਤਾ ਪੁਰਖੁ- ਇਹ ਸੰਯੁਕਤ ਸ਼ਬਦ ਗੁਰਬਾਣੀ ’ਚ 59 ਵਾਰ ਦਰਜ ਹਨ, ਜਿਨ੍ਹਾਂ ’ਚੋਂ 42 ਵਾਰ ਮੂਲ ਮੰਤਰ ਤੋਂ ਇਲਾਵਾ 17 ਵਾਰ (ਗੁਰੂ ਨਾਨਕ ਸਾਹਿਬ (3 ਵਾਰ), ਗੁਰੂ ਰਾਮਦਾਸ (7 ਵਾਰ), ਗੁਰੂ ਅਰਜਨ ਸਾਹਿਬ (4 ਵਾਰ) ਤੇ ਤਿੰਨ ਭੱਟ ਸਾਹਿਬਾਨਾਂ (ਕਲ੍ਹ, ਭਿਖਾ ਤੇ ਮਥੁਰਾ ਜੀ) ਵੱਲੋਂ ਦੂਜੇ, ਤੀਜੇ ਤੇ ਚੌਥੇ ਪਾਤਿਸ਼ਾਹ ਜੀ ਦੀ ਉਪਮਾ ਕਰਦਿਆਂ ਇਨ੍ਹਾਂ ਸੰਯੁਕਤ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ 17 ਤੁਕਾਂ ’ਚ ਦਰਜ ‘ਕਰਤਾ ਪੁਰਖੁ’ (ਸੰਯੁਕਤ ਸ਼ਬਦ) ਹੀ, ਇਨ੍ਹਾਂ ਦੇ ਮੂਲ ਮੰਤਰ ’ਚ ਦਰਜ ਕਰਨ ਦੇ ਮਹੱਤਵ ਨੂੰ ਸਪਸ਼ਟ ਕਰਦੇ ਹਨ; ਜਿਵੇਂ
(1). ਮੂਲ ਮੰਤਰ ’ਚ ਦਰਜ ‘ਕਰਤਾ ਪੁਰਖੁ’ ਸ਼ਬਦ; ‘ੴ’ ਦੇ ਪ੍ਰਥਾਇ ਦਰਜ ਕੀਤੇ ਗਏ ਹਨ ਤੇ ‘ੴ’ ਦਾ ਅਰਥ ਕੀ ਹੋ ਸਕਦਾ ਹੈ ? ਇਸ ਸਵਾਲ ਦਾ ਜਵਾਬ ਉਨ੍ਹਾਂ ਤਿੰਨ ਤੁਕਾਂ ’ਚ ਸਪਸ਼ਟ ਹੋ ਜਾਂਦਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਦਦ ਲੈ ਕੇ ਰਚੀਆਂ ਗਈਆਂ ਹਨ; ਜਿਵੇਂ
(ੳ). ਤੂੰ ‘ਕਰਤਾ ਪੁਰਖੁ’ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥ (ਮ: ੧/੧੩੮) ਭਾਵ ‘ੴ’ ਨੂੰ ‘ਤੂੰ’ ਕਹਿ ਕੇ ‘ਕਰਤਾ ਪੁਰਖੁ’ ਮੰਨਿਆ ਗਿਆ, ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਅਦ੍ਰਿਸ਼, ਸਥਿਰ) ਹੈ ਤੇ ਉਸ ਨੇ ਆਪ ਜਗਤ-ਰਚਨਾ (ਦ੍ਰਿਸ਼ਮਾਨ, ਅਸਥਾਈ) ਬਣਾਈ।
(ਅ). ਆਪੇ ‘ਕਰਤਾ ਪੁਰਖੁ’ ਬਿਧਾਤਾ (ਸਿਰਜਣਹਾਰ)॥ ਜਿਨਿ, ਆਪੇ ਆਪਿ ਉਪਾਇ; ਪਛਾਤਾ (ਸੰਭਾਲ਼ ਕੀਤੀ)॥ (ਮ: ੧/੧੦੨੫) ਭਾਵ ‘ੴ’ ਜਾਂ ‘ਕਰਤਾ ਪੁਰਖੁ’ ਆਪ ਹੀ (ਕੁਦਰਤ ਦਾ) ਸਿਰਜਣਹਾਰ ਹੈ, ਜਿਸ ਨੇ ਇਸ ਨੂੰ ਬਣਾ ਕੇ ਸੰਭਾਲ਼ ਕੀਤੀ ਭਾਵ ਰਿਜ਼ਕ ਦਾ ਪ੍ਰਬੰਧ ਕੀਤਾ।
(ੲ). ਤੂ ‘ਕਰਤਾ ਪੁਰਖੁ’ ਅਗੰਮੁ ਹੈ; ਰਵਿਆ ਸਭ ਠਾਈ ॥ (ਮ: ੧/੧੨੯੧) ਭਾਵ ‘ੴ’ ਨੂੰ ‘ਤੂੰ’ ਕਹਿ ਕੇ ‘ਕਰਤਾ ਪੁਰਖੁ’ ਨਾਮ ਰਾਹੀਂ ਕਣ ਕਣ ਵਿੱਚ ਵਿਆਪਕ ਤੇ ਫਿਰ ਵੀ ਜੀਵਾਂ ਦੀ ਪਹੁੰਚ ਤੋਂ ਅਛੋਹ ਵਰਣਨ ਕੀਤਾ ਗਿਆ।
ਸੋ, ਉਕਤ ਤਿੰਨੇ ਤੁਕਾਂ ’ਚ ਗੁਰੂ ਨਾਨਕ ਸਾਹਿਬ ਜੀ ‘ੴ’ ਦਾ ਅਰਥ: ‘ਜਗਤ-ਰਚਨਾ ਨੂੰ ਬਣਾਉਣ ਵਾਲ਼ਾ, ਸੰਭਾਲ਼ਨ ਵਾਲ਼ਾ ਤੇ ਕਣ ਕਣ ਵਿੱਚ ਵਿਆਪਕ’ ਮੰਨਦੇ ਹਨ।
(2). ਗੁਰੂ ਰਾਮਦਾਸ ਜੀ ਨੇ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਨੂੰ ਆਪਣੀ ਰਚਨਾ ’ਚ 7 ਵਾਰ ਦਰਜ ਕੀਤਾ, ਜਿਨ੍ਹਾਂ ’ਚ ‘ੴ’ ਜਾਂ ‘ਕਰਤਾ ਪੁਰਖੁ’ ਨੂੰ ਤਿੰਨ ਗੁਣਾਂ ਕਰਕੇ ਵਿਸ਼ੇਸ਼ ਮਹੱਤਵ ਦਿੱਤਾ:
(ੳ). ‘ਕਰਤਾ ਪੁਰਖੁ’ ਦੇ ਬਰਾਬਰ ਸ਼ਕਤੀ ਕਿਸੇ ਪਾਸ ਨਹੀਂ; ਜਿਵੇਂ
ਤੂੰ ਆਦਿ ‘ਪੁਰਖੁ’ ਅਪਰੰਪਰੁ ‘ਕਰਤਾ’ ਜੀ ! ਤੁਧੁ ਜੇਵਡੁ ਅਵਰੁ ਨ ਕੋਈ ॥ (ਮ: ੪/੧੧, ਮ: ੪/੩੪੮) (ਇਹ ਪੰਕਤੀ 2 ਵਾਰ ਦਰਜ ਹੈ)
ਤੂੰ ਆਦਿ ‘ਪੁਰਖੁ’ ਅਪਰੰਪਰੁ ‘ਕਰਤਾ’; ਤੇਰਾ ਪਾਰੁ ਨ ਪਾਇਆ ਜਾਇ ਜੀਉ ॥ (ਮ: ੪/੪੪੮) (ਇਹ ਪੰਕਤੀ ਵੀ 2 ਵਾਰ ਇੱਕੋ ਪੇਜ ’ਤੇ ਦਰਜ ਹੈ)
ਤੂ ‘ਕਰਤਾ ਪੁਰਖੁ’ ਅਗੰਮੁ ਹੈ; ਕਿਸੁ ਨਾਲਿ ਤੂ ਵੜੀਐ (ਤੁਲਨਾ ਦੇਈਏ)॥ (ਮ: ੪/੩੦੧)
(ਨੋਟ: ਉਕਤ ਪਹਿਲੀਆਂ 2 ਤੁਕਾਂ ’ਚ ਕਾਵਿ ਤੋਲ ਕਾਰਨ ‘ਕਰਤਾ’ ਤੇ ‘ਪੁਰਖੁ’ ਸ਼ਬਦ ਅਲੱਗ ਅਲੱਗ ਕੀਤੇ ਗਏ ਹਨ, ਨਾ ਕਿ ਭਾਵਾਰਥਾਂ ਕਰਕੇ। ਕਾਵਿ ਤੋਲ ਰਹਿਤ ਇਨ੍ਹਾਂ ਦੋਵੇਂ ਤੁਕਾਂ ਦੀ ਬਣਤਰ ਇਉਂ ਹੋ ਜਾਵੇਗੀ: ‘‘ਤੂੰ ਆਦਿ ‘ਕਰਤਾ ਪੁਰਖੁ’ ਅਪਰੰਪਰੁ ਜੀ ! ਤੁਧੁ ਜੇਵਡੁ ਅਵਰੁ ਨ ਕੋਈ ॥, ਤੂੰ ਆਦਿ ‘ਕਰਤਾ ਪੁਰਖੁ’ ਅਪਰੰਪਰੁ; ਤੇਰਾ ਪਾਰੁ ਨ ਪਾਇਆ ਜਾਇ ਜੀਉ ॥’’)
(ਅ). ‘ਕਰਤਾ ਪੁਰਖੁ’ ਦੀ ਸਿਆਣਪ ਦੇ ਮੁਕਾਬਲੇ ਸਾਰਾ ਸਮਾਜ ਨਾਸਮਝ ਹੈ; ਜਿਵੇਂ
ਸਜਣੁ ਮੇਰਾ ਏਕੁ ਤੂੰ; ‘ਕਰਤਾ ਪੁਰਖੁ’ ਸੁਜਾਣੁ (‘ਸੁ+ ਜਾਣੁ’ ਭਾਵ ਸਰਬੋਤਮ ਸਮਝ ਰੱਖਣ ਵਾਲ਼ਾ)॥ (ਮ: ੪/੭੫੯)
(ੲ). ਸਮਾਜਿਕ ਬੇਇਨਸਾਫ਼ੀ ’ਚ ਸੱਚਾ ਇਨਸਾਫ਼ ਕਰਨ ਵਾਲ਼ਾ ਕੇਵਲ ‘ਕਰਤਾ ਪੁਰਖੁ’ ਹੈ; ਜਿਵੇਂ
ਧਨੁ ਧਨੁ ਸੁਆਮੀ ‘ਕਰਤਾ ਪੁਰਖੁ’ ਹੈ; ਜਿਨਿ ਨਿਆਉ ਸਚੁ, ਬਹਿ ਆਪਿ ਕਰਾਇਆ ॥ (ਮ: ੪/੩੦੬)
(ਨੋਟ: ਉਕਤ ਤਮਾਮ (ੳ, ਅ, ੲ) ਤੁਕਾਂ ਰਾਹੀਂ ਗੁਰੂ ਰਾਮਦਾਸ ਜੀ ‘ੴ’ ਜਾਂ ‘ਕਰਤਾ ਪੁਰਖੁ’ ਸ਼ਕਤੀ ਨੂੰ ਅਸਥਾਈ ਸਮਾਜ ਨਾਲ਼ ਤੁਲਨਾਤਮਿਕ ਪੱਖੋਂ ਬਿਆਨ ਕਰ ਰਹੇ ਹਨ।)
(3). ਗੁਰੂ ਅਰਜਨ ਸਾਹਿਬ ਜੀ ਨੇ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਦਦ ਨਾਲ਼ 4 ਤੁਕਾਂ ਦਰਜ ਕੀਤੀਆਂ ਹਨ, ਜਿਨ੍ਹਾਂ ’ਚ ਕੇਵਲ ਸਮਾਜਿਕ ਸੰਘਰਸ਼ ਤੇ ਸਮਾਜਿਕ (ਨਾਸਵਾਨ) ਪਦਾਰਥਾਂ ਦੀ ਤੁਲ਼ਨਾ ਨੂੰ ਉਜਾਗਰ ਕੀਤਾ ਗਿਆ ਹੈ; ਜਿਵੇਂ
ਸਚੁ ਨਾਮੁ ‘ਕਰਤਾ ਪੁਰਖੁ’; ਏਹ ਰਤਨਾ ਖਾਣੀ (ਰਤਨਾਂ ਦੀ ਖਾਣ)॥ (ਮ: ੫/੩੧੯)
ਪਤਿਤ ਪੁਨੀਤ ‘ਕਰਤਾ ਪੁਰਖੁ’; ਨਾਨਕ ਸੁਣਾਵਉ ॥ (ਮ: ੫/੩੨੨) ਭਾਵ ਹੇ ਨਾਨਕ ! ਵਿਕਾਰਾਂ ’ਚ ਧਸਿਆਂ ਨੂੰ ਨਿਰਮਲ ਕਰਨ ਵਾਲ਼ਾ ‘ਕਰਤਾ ਪੁਰਖੁ’ ਹੈ, ਮੈ ਉਸ ਦੇ ਗੁਣ ਵਰਣਨ ਕਰਦਾ ਹਾਂ।
ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ; ‘ਕਰਤਾ ਪੁਰਖੁ’ ਮੁਰਾਰੀ ਰਾਮ ॥ (ਮ: ੫/੫੪੪)
‘ਮੁਰਾਰੀ’ ਦਾ ਮਤਲਬ: ‘ਮੁਰ (ਰਾਖਸ਼, ਵਿਕਾਰਾਂ) ਨੂੰ ਮਾਰਨ ਵਾਲ਼ਾ।’
ਵਿਚਿ ‘ਕਰਤਾ ਪੁਰਖੁ’, ਖਲੋਆ ॥ ਵਾਲੁ ਨ ਵਿੰਗਾ ਹੋਆ ॥ (ਮ: ੫/੬੨੩)
ਉਕਤ ਤਿੰਨ ਗੁਰੂ ਸਾਹਿਬਾਨਾਂ ਵੱਲੋਂ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਮਹੱਤਤਾ ਨੂੰ ਵਰਣਨ ਕੀਤਾ ਗਿਆ ਹੈ। ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ॥’’ (ਮ: ੧/੭੨੨) ਵਚਨ ਕਰਨ ਵਾਲ਼ੇ ਗੁਰੂ ਨਾਨਕ ਸਾਹਿਬ ਜੀ ਉੱਪਰ ‘ਕਰਤਾ ਪੁਰਖੁ’ ਦੀ ਬਖ਼ਸ਼ਸ਼ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ ?, ਭੱਟ ਕਲਸਹਾਰ ਜੀ ਇਸ ਦੀ ਪੁਸ਼ਟੀ ਕਰਦੇ ਹਨ: ‘‘ਸੋਈ ‘ਪੁਰਖੁ’ ਧੰਨੁ ‘ਕਰਤਾ’; ਕਾਰਣ ਕਰਤਾਰੁ, ਕਰਣ ਸਮਰਥੋ ॥ ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ ਧਰਿਓ ਜਿਨਿ ਹਥੋ ॥ (ਭਟ ਕਲੵ /੧੩੯੧) ਇਸ ਤੁਕ ’ਚ ਕਾਵਿ ਰਹਿਤ ਸੰਯੁਕਤ ਸ਼ਬਦ ਇਉਂ ਹੋਣੇ ਸਨ: ‘‘ਸੋਈ ‘ਕਰਤਾ ਪੁਰਖੁ’ ਧੰਨੁ.. ॥ (ਅਤੇ) ਸਤਿਗੁਰੂ ਨਾਨਕੁ ਧੰਨੁ; (ਕਿਉਂਕਿ) ਮਸਤਕਿ ਤੁਮ ਧਰਿਓ ਜਿਨਿ ਹਥੋ ॥’’
ਭੱਟ ਭਿਖਾ ਜੀ; ਗੁਰੂ ਅਮਰਦਾਸ ਜੀ ਨੂੰ ‘ਕਰਤਾ ਪੁਰਖੁ’ ਦਾ ਰੂਪ ਬਿਆਨ ਕਰਕੇ ਇਹ ਵਚਨ ਵੀ ਕਰਦੇ ਹਨ ਕਿ ਕਲਜੁਗ ’ਚ ਇਸ ਪਦਵੀ (ਕੌਤਕ) ਦੀ ਅਹਿਮੀਅਤ ਓਹੀ ਜਾਣਦਾ ਹੈ, ਜਿਸ ਨੇ ਇਹ ਖੇਲ ਰਚਿਆ: ‘‘ਕਲਿ ਮਾਹਿ, ਰੂਪੁ ‘ਕਰਤਾ ਪੁਰਖੁ’; ਸੋ ਜਾਣੈ, ਜਿਨਿ ਕਿਛੁ ਕੀਅਉ ॥ (ਭਟ ਭਿਖਾ/੧੩੯੫)
ਭੱਟ ਮਥੁਰਾ ਜੀ ‘ਕਰਤਾ ਪੁਰਖੁ’ ਦਾ ਨਿਵਾਸ, ਗੁਰੂ ਰਾਮਦਾਸ ਦੀ ਦੇ ਹਿਰਦੇ ’ਚ ਦੱਸਦੇ ਹਨ: ‘‘ਸ੍ਰੀ ਸਤਿ ਨਾਮੁ, ‘ਕਰਤਾ ਪੁਰਖੁ’; ਗੁਰ ਰਾਮਦਾਸ ਚਿਤਹ ਬਸੈ ॥੧॥ (ਭਟ ਮਥੁਰਾ/੧੪੦੪)
ਸੋ, ‘ਕਰਤਾ-ਪੁਰਖੁ’ ਜਾਂ ‘ੴ’ ਦੇ ਅਰਥ ਹਨ: ‘ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ ਕਰਨ ਵਾਲ਼ਾ ਕਰਤਾਰ ਸਰਬ ਵਿਆਪਕ ਹੈ।’
ਨਿਰਭਉ ਨਿਰਵੈਰ– ਗੁਰਬਾਣੀ ’ਚ ‘ਨਿਰਭਉ’ (163 ਵਾਰ) ਤੇ ‘ਨਿਰਵੈਰੁ’ (49 ਵਾਰ) ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 4 ਤੁਕਾਂ ‘ਗੁਰੂ ਨਾਨਕ ਸਾਹਿਬ (1 ਵਾਰ), ਗੁਰੂ ਰਾਮਦਾਸ ਸਾਹਿਬ (2 ਵਾਰ) ਤੇ ਭੱਟ ਨਲੵ ਜੀ (1 ਵਾਰ)’ ਵਿੱਚ, ਇਹ ਸੰਯੁਕਤ ਸ਼ਬਦ ਹਨ, ਜਿਨ੍ਹਾਂ ਰਾਹੀਂ ਬੋਧ ਹੁੰਦਾ ਹੈ ਕਿ ਜਿਸ ਦੇ ਹਿਰਦੇ ’ਚ ਵੈਰ-ਭਾਵਨਾ (ਪਾਪ) ਨਹੀਂ, ਉਹ ਕਿਸੇ ਤੋਂ ਡਰਦਾ ਵੀ ਨਹੀਂ, ਸਗੋਂ ਹਮੇਸ਼ਾਂ ਖਿੜਾਓ ’ਚ ਰਹਿੰਦਾ ਹੈ; ਗੁਰੂ ਰਾਮਦਾਸ ਜੀ ਦੇ ਵਚਨ ਹਨ: ‘‘ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮ: ੪/੮੪) ਪਰ ਸਮਾਜ ’ਚੋਂ ਅਜਿਹਾ ਕੋਈ ਲੱਭਣਾ ਅਤਿ ਮੁਸ਼ਕਲ ਹੈ, ਜੋ ਪੂਰਨ ਤੌਰ ’ਤੇ ਨਿਰਵੈਰ ਤੇ ਡਰ ਮੁਕਤ ਹੋਵੇ। ਇਸ ਲਈ ਗੁਰਬਾਣੀ ’ਚ ‘ਨਿਰਭਉ ਨਿਰਵੈਰ’ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਚਾਰੇ ਤੁਕਾਂ ਰਾਹੀਂ ‘ਨਿਰਭਉ ਨਿਰਵੈਰੁ’ ਅਵਸਥਾ ਨੂੰ ‘ਨਿਰਾਕਾਰੁ’ (ਆਕਾਰ ਰਹਿਤ) ਰੁਤਬੇ ਦੇ ਅਧੀਨ ਬਿਆਨ ਕੀਤਾ ਗਿਆ; ਜਿਵੇਂ
(ੳ). ਗੁਰੂ ਨਾਨਕ ਸਾਹਿਬ ਜੀ ਵਰਣਨ ਕਰਦੇ ਹਨ ਕਿ ਜੋ ਪੂਰਨ ਤੌਰ ’ਤੇ ਵੈਰ ਰਹਿਤ ਤੇ ਡਰ ਮੁਕਤ ਸ਼ਖ਼ਸੀਅਤ ਹੈ, ਉਹ ਨਿਰਾਕਾਰ ਹੈ ਤੇ ਕਣ ਕਣ ’ਚ ਉਸ ਦੀ ਜੋਤਿ (ਹੋਂਦ, ਮੌਜੂਦਗੀ) ਸਮਾਈ ਹੋਈ ਹੈ: ‘‘ਨਿਰਭਉ ਨਿਰੰਕਾਰੁ ਨਿਰਵੈਰੁ; ਪੂਰਨ ਜੋਤਿ ਸਮਾਈ ॥’’ (ਮ: ੧/੫੯੬)
(ਅ). ਗੁਰੂ ਨਾਨਕ ਸਾਹਿਬ ਵਾਙ ਹੀ ਗੁਰੂ ਰਾਮਦਾਸ ਜੀ ਵਚਨ ਕਰਦੇ ਹਨ ਕਿ ਉਹ ਵੈਰ ਤੇ ਡਰ ਮੁਕਤ ਨਿਰਾਕਾਰ ਮਾਲਕ ਜੋਤਿ ਸਰੂਪ ਹੋ ਕੇ ਹਰ ਸਰੀਰ ’ਚ ਵਿਆਪਕ ਹੈ: ‘‘ਕਾਇਆ ਨਗਰਿ ਬਸਤ ਹਰਿ ਸੁਆਮੀ; ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥’’ (ਮ: ੪/੭੨੦), ਪਰ ਗੁਰੂ ਜੀ ਇੱਕ ਹੋਰ ਭਰਮ ਵੀ ਦੂਰ ਕਰਦੇ ਹਨ ਕਿ ਵਿਆਪਕ ਹੋਣ ਦਾ ਮਤਲਬ ਕਾਲ ਜਾਂ ਮੌਤ ਅਧੀਨ ਨਹੀਂ ਬਲਕਿ ਸਦੀਵੀ ਸਥਿਰ ਤੇ ਨਿਰਮਲ ਹੋਣ ਕਾਰਨ ਅਮਰ ਹੈ: ‘‘ਹਰਿ ਸਤਿ ਨਿਰੰਜਨ ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥’’ (ਮ: ੪/੩੦੨)
ਭੱਟ ਨਲੵ ਜੀ; ਮੂਰਖ ਮਨ ਨੂੰ ਸੰਬੋਧਨ ਕਰਦੇ ਹੋਏ ਵਚਨ ਕਰਦੇ ਹਨ ਕਿ ‘ਨਿਰਵੈਰੁ ਨਿਰੰਕਾਰੁ ਨਿਰਭਉ’ ਨੂੰ ਜਪਣ ਵਾਲ਼ੇ, ਜੋ ਗੁਰੂ ਰਾਮਦਾਸ ਜੀ ਹਨ, ਉਨ੍ਹਾਂ ਨੂੰ ਹਮੇਸਾਂ ਯਾਦ ਕਰ: ‘‘ਸਦਾ ਨਿਰਵੈਰੁ ਨਿਰੰਕਾਰੁ ਨਿਰਭਉ ਜਪੈ; ਪ੍ਰੇਮ ਗੁਰ ਸਬਦ ਰਸਿ, ਕਰਤ ਦ੍ਰਿੜੁ ਭਗਤਿ ਹਰਿ ॥ ਮੁਗਧ ਮਨ ! ਭ੍ਰਮੁ ਤਜਹੁ, ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ, ਸਤਿ ਕਰਿ (ਅਸਲ ਮੰਨ ਕੇ ਭਾਵ ਸ਼ਰਧਾ ਨਾਲ਼) ॥’’ (ਭਟ ਨਲੵ /੧੪੦੦)
‘ਨਿਰਭਉ ਨਿਰਵੈਰੁ’ ਸ਼ਬਦਾਂ ਦੇ ਅਗੇਤਰ ਲੱਗਾ ‘ਨਿਰ’ ਇਨ੍ਹਾਂ ਦੇ ਅਰਥਾਂ ਨੂੰ ਨਕਾਰਾਤਮਕ (ਨਿਖੇਧੀ ਵਾਚਕ) ਬਣਾਉਂਦਾ ਹੈ, ਦਰਅਸਲ ਇਹ ਸ਼ਬਦ ਕਿਰਤਮ ਰੂਪ ’ਚ ‘ਭਉ’ ਤੇ ‘ਵੈਰੁ’ (ਇੱਕ ਵਚਨ ਪੁਲਿੰਗ ਨਾਂਵ) ਹਨ। ਗੁਰਬਾਣੀ ’ਚ ‘ਭਉ’ (296 ਵਾਰ) ਤੇ ‘ਵੈਰੁ’ (14 ਵਾਰ) ਦਰਜ ਹੈ; ਜਿਵੇਂ ਕਿ
ਮਨ ਰੇ ! ਸਚੁ ਮਿਲੈ; ‘ਭਉ’ ਜਾਇ ॥ (ਮ: ੧/੧੮)
ਵਵਾ; ‘ਵੈਰੁ’ ਨ ਕਰੀਐ ਕਾਹੂ ॥ (ਮ: ੫/੨੫੯), ਆਦਿ।
‘ਭਉ’ ਸ਼ਬਦ ਦਾ ਗੁਰਬਾਣੀ ’ਚ ਬਹੁ ਵਚਨ ਹੈ: ‘ਭਯ’ (2 ਵਾਰ) ਤੇ ‘ਭੈ’ (303 ਵਾਰ)। ਧਿਆਨ ਰਹੇ ਕਿ ‘ਭਉ’ (ਇੱਕ ਵਚਨ) ਨਾਲ਼ ਸੰਬੰਧਕੀ ਚਿੰਨ੍ਹ ਆਉਣ ਉਪਰੰਤ ਵੀ ‘ਭਉ’ ਦਾ ਸਰੂਪ ‘ਭੈ’ ਬਣ ਜਾਂਦਾ ਹੈ, ਜਿਸ ਨੂੰ ਬਹੁ ਵਚਨ ਨਹੀਂ ਕਿਹਾ ਜਾ ਸਕਦਾ; ਜਿਵੇਂ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਭੈ’ ਦਾ ਅਰਥ ਰੱਬੀ ਡਰ-ਅਦਬ (ਇੱਕ ਵਚਨ) ਹੈ, ਜੋ ਸੰਬੰਧਕੀ ਚਿੰਨ੍ਹ ਕਾਰਨ ‘ਭਉ’ ਤੋਂ ‘ਭੈ’ ਸਰੂਪ ਬਣਿਆ: ‘‘ਸਤਿਗੁਰੁ, ‘ਭੈ ਕਾ’ ਬੋਹਿਥਾ; ਨਦਰੀ ਪਾਰਿ ਉਤਾਰੁ॥ (ਮ:੧/੫੯), ਨਾਨਕ ! ‘ਭੈ ਵਿਣੁ’, ਜੇ ਮਰੈ; ਮੁਹਿ ਕਾਲੈ ਉਠਿ ਜਾਇ॥ (ਮ:੩/੧੪੯), ‘ਭੈ ਬਿਨੁ’, ਕੋਇ ਨ ਲੰਘਸਿ ਪਾਰਿ॥ (ਮ:੧/੧੫੧), ‘ਭੈ ਬਿਨੁ’, ਘਾੜਤ ਕਚੁ ਨਿਕਚ॥ (ਮ:੧/੧੫੧), ‘ਭੈ ਬਿਨੁ’, ਲਾਗਿ ਨ ਲਗਈ; ਨਾ ਮਨੁ ਨਿਰਮਲੁ ਹੋਇ॥’’ (ਮ:੩/੪੨੭), ਆਦਿ।
ਉਕਤ ਤਮਾਮ ਤੁਕਾਂ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਸਪੱਸ਼ਟ ਹੋ ਜਾਂਦਾ ਹੈ ਕਿ ਇੱਕ ਵਚਨ (ਭਉ ਜਾਂ ਭੈ) ਨੂੰ ਜ਼ਿਆਦਾਤਰ ਗੁਰੂ ਜਾ ਅਕਾਲ ਪੁਰਖ (ਇੱਕ ਵਚਨ) ਪ੍ਰਥਾਇ ਦਰਜ ਕੀਤਾ ਗਿਆ ਹੈ ਜਦਕਿ ਬਹੁ ਵਚਨ (ਭਯ ਜਾਂ ਭੈ) ਨੂੰ ਅਕਸਰ ਦੁਨਿਆਵੀ ਡਰ ਲਈ ਇਸਤੇਮਾਲ ਕੀਤਾ ਗਿਆ ਹੈ; ਜਿਵੇਂ ਕਿ ਹੇਠਲੀਆਂ ਤਮਾਮ ਤੁਕਾਂ ’ਚ ‘ਭੈ’ ਦਾ ਅਰਥ ਦੁਨਿਆਵੀ ਡਰ (ਬਹੁ ਵਚਨ) ਹੈ ਤੇ ਇਹ ਸਰੂਪ ਵੀ ਬਿਨਾਂ ਕਿਸੇ ਸੰਬੰਧਕੀ ਚਿੰਨ੍ਹ ਤੋਂ ਬਣਿਆ ਹੈ: ‘‘ਸੁਖਦਾਤਾ, ‘ਭੈ’ ਭੰਜਨੋ; ਤਿਸੁ ਆਗੈ ਕਰਿ ਅਰਦਾਸਿ॥ (ਮ:੫/੪੪), ‘ਭੈ’ ਭੰਜਨ ਮਿਹਰਵਾਨ, ਦਾਸ ਕੀ ਰਾਖੀਐ॥ (ਮ:੪/੯੧), ‘ਭਯ’ ਭੰਜਨੁ ਪਰ ਦੁਖ ਨਿਵਾਰੁ, ਅਪਾਰੁ ਅਨੰਭਉ॥’’ (ਭਟ ਕਲੵ /੧੪੦੭), ਆਦਿ।
ਉਕਤ ਕੀਤੀ ਗਈ ਵਿਚਾਰ ਕਿ ‘ਭਉ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਦਰਜ ਹੋਣ ਉਪਰੰਤ ‘ਭਉ’ ਦਾ ਸਰੂਪ ‘ਭੈ’ (ਬਹੁ ਵਚਨ ਵਾਙ) ਬਣ ਜਾਂਦਾ ਹੈ ਪਰ ਜਦ ‘ਭਉ’ ਦੇ ਅਗੇਤਰ ‘ਨਿਰ’ ਸ਼ਬਦ ਦਰਜ ਹੋਵੇ; ਜਿਵੇਂ ਕਿ ਵਿਚਾਰ ਅਧੀਨ ਸ਼ਬਦ ਹੈ: ‘ਨਿਰਭਉ’, ਤਾਂ ਇਸ ਨਾਲ਼ ਆਇਆ ਸੰਬੰਧਕੀ ਚਿੰਨ੍ਹ ਇਸ ਨੂੰ (1). ‘ਨਿਰਭੈ’ ’ਚ ਬਦਲ ਦਿੰਦਾ ਹੈ; ਜਿਵੇਂ ਕਿ (‘ਨਿਰਭੈ’ ਸ਼ਬਦ 16 ਵਾਰ ਦਰਜ ਹੈ ਪਰ ਸੰਬੰਧਕੀ ਸਮੇਤ ਕੇਵਲ 1 ਵਾਰ): ‘‘ਭਏ ਕ੍ਰਿਪਾਲ ਦਇਆਲ ਗੁਪਾਲਾ; ਤਾ ‘ਨਿਰਭੈ ਕੈ’ ਘਰਿ (ਭਾਵ ਪ੍ਰਭੂ ਚਰਨਾਂ ’ਚ) ਆਇਆ ॥’’ (ਮ: ੫/੪੯੬)
(2) ਆਪਣਾ ਮੂਲ ਸਰੂਪ ‘ਨਿਰਭਉ’ ਹੀ ਕਾਇਮ ਰੱਖਦਾ ਹੈ ਕਿਉਂਕਿ ‘ਉ’ ਨੂੰ ਭਾਸ਼ਾਈ ਨਿਯਮ, ਸੰਬੰਧਕੀ ਚਿੰਨ੍ਹ ਰਾਹੀਂ (ੳ) ਅੰਤ ਮੁਕਤਾ ਹੋਣ ਦੀ ਇਜਾਜ਼ਤ ਨਹੀਂ ਦਿੰਦੇ; ਜਿਵੇਂ (‘ਨਿਰਭਉ’ 163 ਵਾਰ ’ਚੋਂ ਸੰਬੰਧਕੀ ਸਮੇਤ ਕੇਵਲ 7 ਵਾਰ):
(1). ਤੁਮ ਗਾਵਹੁ; ਮੇਰੇ ‘ਨਿਰਭਉ ਕਾ’ ਸੋਹਿਲਾ ॥ (ਮ: ੧/੧੨, ਮ: ੧/੧੫੭) (ਇਹ ਤੁਕ 2 ਵਾਰ ਦਰਜ ਹੈ)
(2). ‘ਨਿਰਭਉ ਕੈ’ ਘਰਿ; ਤਾੜੀ ਲਾਵੈ ॥ (ਮ: ੧/੨੨੬)
(3). ਕਾਲ ਕਾ ਠੀਗਾ ਕਿਉ ਜਲਾਈਅਲੇ ? ਕਿਉ ਨਿਰਭਉ (ਦੇ) ਘਰਿ ਜਾਈਐ ? ॥ (ਮ: ੧/੯੪੦) (ਇਹ ਤੁਕ ’ਚ ‘ਦੇ’ ਲੁਪਤ ਹੈ)
(4). ‘ਨਿਰਭਉ ਕੈ’ ਘਰਿ; ਬਜਾਵਹਿ ਤੂਰ ॥ (ਭਗਤ ਕਬੀਰ/੯੭੧)
(5). ਅਨਹਦ ਰੁਣ ਝੁਣਕਾਰੁ (ਇੱਕ ਰਸ ਮਧੁਰ ਆਵਾਜ਼) ਸਦਾ ਧੁਨਿ; ‘ਨਿਰਭਉ ਕੈ’ ਘਰਿ ਵਾਇਦਾ (ਵਜਾਉਂਦਾ ਹੈ) ॥ (ਮ: ੧/੧੦੩੩)
(6). ਰਹੈ ਅਤੀਤੁ (ਨਿਰਲੇਪ), ਗੁਰਮਤਿ ਲੇ ਊਪਰਿ; ਹਰਿ ‘ਨਿਰਭਉ ਕੈ’ ਘਰਿ ਪਾਇਆ ॥ (ਮ: ੧/੧੦੪੧)
ਸੋ, ‘ਨਿਰਭਉ ਨਿਰਵੈਰੁ’ ਸ਼ਬਦਾਂ ਦਾ ਅਰਥ ਹੈ: ‘ਸਤਿ ੴ ਕਰਤਾ ਪੁਰਖੁ’; ਸਮੂਹਿਕ ਦੁਨਿਆਵੀ ਡਰਾਂ ਤੋਂ ਮੁਕਤ ਹੈ ਤੇ ਵੈਰ ਭਾਵਨਾ ਰਹਿਤ ਹੈ (ਇਸ ਲਈ ਜੋ ਵੀ ਉਸ ਨੂੰ ਯਾਦ ਕਰੇਗਾ, ਉਸ ਨਾਲ਼ ਹੀ ਉਹ ਪਿਆਰ ਕਰੇਗਾ)।
(ਨੋਟ: ਗੁਰਬਾਣੀ ’ਚ ਕਿਸੇ ਸ਼ਬਦ ਦਾ ਪਿਛੇਤਰ ‘ਉ’, ਅਗਰ ਉਸ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਉਸ ਉੱਤੇ ਕਨੌੜੇ ਵਾਙ ਧੁਨੀ ਪ੍ਰਗਟ ਕਰਦਾ ਹੈ, ਨਾ ਕਿ ਹੋੜੇ ਵਾਙ ਪਰ ਕਿਸੇ ਸ਼ਬਦ ਦਾ ਪਿਛੇਤਰ ‘ਹੁ’ ਆਪਣੇ ਤੋਂ ਪਹਿਲੇ ਅੱਖਰ ਉੱਤੇ, ਅਗਰ ਉਹ ਮੁਕਤਾ ਹੋਵੇ, ਤਾਂ ਹੋੜੇ ਵਾਙ ਧੁਨੀ ਦੇਵੇਗਾ, ਨਾ ਕਿ ਕਨੌੜੇ ਵਾਙ।)
ਅਕਾਲ ਮੂਰਤਿ, ਅਜੂਨੀ, ਸੈਭੰ– ਗੁਰਬਾਣੀ ’ਚ ਸੰਪੂਰਨ ਮੂਲ ਮੰਤਰ (33 ਵਾਰ) ਤੋਂ ਇਲਾਵਾ ‘ਅਕਾਲ ਮੂਰਤਿ’ (10 ਵਾਰ), ‘ਅਜੂਨੀ’ ਤੇ ‘ਆਜੂਨੀ’ (2-2 ਵਾਰ), ਅਜੋਨੀ (12 ਵਾਰ), ਆਜੋਨੀ (4 ਵਾਰ) ਤੇ ਅਜੋਨੀਉ (1 ਵਾਰ) ਦਰਜ ਹੈ। ‘ਸੈਭੰ’ ਸ਼ਬਦ ਕੇਵਲ ਸੰਪੂਰਨ ਮੂਲ ਮੰਤਰ ’ਚ ਹੀ 33 ਵਾਰ ਦਰਜ ਹੈ ਜਦਕਿ ਇਸ ਦਾ ਰੂਪਾਂਤਰਨ ‘ਸੰਭਉ’ (8 ਵਾਰ) ਦਰਜ ਹੈ।
ਇਨ੍ਹਾਂ ਚਾਰੇ ਸ਼ਬਦਾਂ ’ਚੋਂ ‘ਅਕਾਲ ਮੂਰਤਿ’ (ਸੰਯੁਕਤ ਸ਼ਬਦ) ਹਨ ਜਦਕਿ ‘ਅਜੂਨੀ’ ਤੇ ‘ਸੈਭੰ’ (ਜਾਂ ਸੰਭਉ) ਸੁਤੰਤਰ ਸ਼ਬਦ ਹਨ ਭਾਵ ਇਨ੍ਹਾਂ ਦੇ ਅਰਥ ਕਰਨ ਲੱਗਿਆਂ ਕਿਸੇ ਹੋਰ ਸ਼ਬਦ ਦੀ ਮਦਦ ਲੈਣ ਦੀ ਜ਼ਰੂਰਤ ਨਹੀਂ। ਇਨ੍ਹਾਂ ਚਾਰੇ ਸ਼ਬਦਾਂ ਦੀ ਵਿਚਾਰ ਇਕੱਠੀ ਕਰਨ ਦਾ ਮਤਲਬ ਗੁਰਬਾਣੀ ’ਚ ਇਨ੍ਹਾਂ ਦਾ ਇਕੱਠਾ ਦਰਜ ਹੋਣਾ ਹੈ।
ਮੂਲ ਮਤ੍ਰ ’ਚ ਦਰਜ ਤਮਾਮ ਸ਼ਬਦ; ‘ੴ’ ਦੇ ਪ੍ਰਥਾਇ ਰਚੇ ਗਏ, ਜਿਨ੍ਹਾਂ ਨੂੰ ਗੁਰਮਤਿ ਦਾ ਆਧਾਰ ਮੰਨ ਕੇ ਮਾਲ਼ਾ (ਮੂਲ ਮੰਤਰ) ਰੂਪ ’ਚ ਪਰੁੰਨਣ ਦਾ ਕਾਰਜ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਜੋ ਗੁਰਬਾਣੀ ’ਚ ਸੰਪੂਰਨ ਰੂਪ ਵਿੱਚ 33 ਵਾਰ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ‘ੴ’ ਦੇ ਪ੍ਰਥਾਇ ਅਜਿਹੇ ਹੀ ਸ਼ਬਦਾਂ ਦੀ ਮਾਲ਼ਾ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਪਰੋਈ ਹੈ; ਜਿਵੇਂ ਕਿ
(1). ਗੁਰੂ ਰਾਮਦਾਸ ਜੀ: ‘‘ਜਪਿ ਮਨ ! ਨਿਰਭਉ ॥ ਸਤਿ ਸਤਿ; ਸਦਾ ਸਤਿ ॥ ਨਿਰਵੈਰੁ, ਅਕਾਲ ਮੂਰਤਿ ॥ ਆਜੂਨੀ, ਸੰਭਉ ॥ ਮੇਰੇ ਮਨ ! ਅਨਦਿਨੁੋ ਧਿਆਇ ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥’’ (ਮ: ੪/੧੨੦੧)
ਭੱਟ ਕੀਰਤ, ਭੱਟ ਜਾਲਪ ਤੇ ਭੱਟ ਮਥੁਰਾ ਜੀ ਦੇ ਚਾਚਾ ਜੀ ਅਤੇ ਭੱਟ ਭਿਖਾ ਜੀ ਦੇ ਭਰਾ ਭੱਟ ਬਲੵ ਜੀ ਨੇ ਵੀ ਗੁਰੂ ਰਾਮਦਾਸ ਜੀ ਦੀ ਉਪਮਾ ਅਜਿਹੇ ਹੀ ਸ਼ਬਦਾਂ ਰਾਹੀਂ ਕੀਤੀ: ‘‘ਅਬਿਨਾਸੀ ਅਚਲੁ ਅਜੋਨੀ ਸੰਭਉ; ਪੁਰਖੋਤਮੁ ਅਪਾਰ ਪਰੇ ॥ ਕਰਣ ਕਾਰਣ ਸਮਰਥੁ ਸਦਾ ਸੋਈ; ਸਰਬ ਜੀਅ ਮਨਿ ਧੵਾਇਯਉ ॥ ਸ੍ਰੀ ਗੁਰ ਰਾਮਦਾਸ ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥’’ (ਭਟ ਬਲੵ /੧੪੦੫)
(2). ਗੁਰੂ ਅਰਜਨ ਸਾਹਿਬ ਜੀ: ‘‘ਅਮੋਘ ਦਰਸਨ; ਆਜੂਨੀ ਸੰਭਉ ॥ ਅਕਾਲ ਮੂਰਤਿ; ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ ! ਸਭੁ ਕਿਛੁ ਤੁਝ ਹੀ ਹੈ ਲਗਾ ॥’’ (ਮ: ੫/੧੦੮੨)
ਭੱਟ ਗਯੰਦ ਜੀ ਦੇ ਭਰਾ ਅਤੇ ਭੱਟ ਭਿਖਾ ਜੀ ਛੋਟੇ ਭਰਾ ਭੱਟ ਚੌਖਾ ਜੀ ਦੇ ਸਪੁੱਤਰ ਭੱਟ ਕਲਸਹਾਰ ਜੀ (ਜਿਨ੍ਹਾਂ ਦੇ ਗੁਰਬਾਣੀ ’ਚ ਨਾਮ ‘ਟਲ ਜਾਂ ਕਲੵ’ ਵੀ ਹਨ) ਨੇ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ਵੀ ਕੁਝ ਅਜਿਹੇ ਹੀ ਸ਼ਬਦਾਂ ਦੁਆਰਾ ਕੀਤੀ: ‘‘ਸਦ ਜੀਵਣੁ ਅਰਜੁਨੁ ਅਮੋਲੁ; ਆਜੋਨੀ, ਸੰਭਉ ॥ ਭਯ ਭੰਜਨੁ ਪਰ ਦੁਖ ਨਿਵਾਰੁ; ਅਪਾਰੁ ਅਨੰਭਉ (ਭਾਵ ਅਨੁਭਵ)॥’’ (ਭਟ ਕਲੵ /੧੪੦੭)
ਉਕਤ ਕੀਤੀ ਗਈ ਵਿਚਾਰ ਦਾ ਮਤਲਬ ਮੂਲ ਮੰਤਰ ’ਚ ਦਰਜ ਤਮਾਮ ਸ਼ਬਦਾਂ ਨੂੰ ਦਿੱਤੀ ਗਈ ਮਹੱਤਤਾ ਨੂੰ ਉਜਾਗਰ ਕਰਨਾ ਹੈ।
ਅਕਾਲ ਮੂਰਤਿ, ਅਜੂਨੀ, ਸੈਭੰ- ਇਨ੍ਹਾਂ ਚਾਰੇ (ਕਿਰਤਮ, ਬਣਾਉਟੀ) ਸ਼ਬਦਾਂ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਭਾਵਾਰਥਾਂ ’ਚ ਸਾਂਝ ਬਣਦੀ ਵਿਖਾਈ ਦੇਵੇਗੀ। ਸਮਾਜਿਕ ਜੀਵਾਂ ਨੂੰ ਸਭ ਤੋਂ ਵੱਧ ਡਰ, ਮੌਤ ਤੋਂ ਹੈ, ਮੌਤ ਉਪਰੰਤ ਅਗਲਾ ਜਨਮ ਤੇ ਫਿਰ ਮੌਤ। ਇਸ ਯਾਤਰਾ ਦੌਰਾਨ ਜਨਮ ਲੈਣਾ ਵੀ ਇੱਕ ਕੜੀ (ਪੜਾਅ) ਹੈ।
ਉਕਤ ‘ਕਰਤਾ ਪੁਰਖੁ’ (ਸੰਯੁਕਤ ਸ਼ਬਦਾਂ) ਦੀ ਵਿਚਾਰ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਕਰਤਾ ਪੁਰਖੁ’ ਸ਼ਬਦਾਂ ਨੂੰ ਆਧਾਰ ਬਣਾ ਕੇ ਰਚੀਆਂ ਗਈਆਂ ਤਿੰਨ ਤੁਕਾਂ ’ਚ ‘ੴ’ ਦੇ ਅਰਥ: ‘ਜਗਤ ਰਚਨਾ ਕਰਨੀ, ਸੰਭਾਲ਼ ਕਰਨੀ ਤੇ ਸਰਬ ਵਿਆਪਕ’ ਦਰਸਾਇਆ ਗਿਆ ਹੈ; ਜਿਵੇਂ ਕਿ
(ੳ). ਤੂੰ ‘ਕਰਤਾ ਪੁਰਖੁ’ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥ (ਮ: ੧/੧੩੮)
(ਅ). ਆਪੇ ‘ਕਰਤਾ ਪੁਰਖੁ’ ਬਿਧਾਤਾ (ਸਿਰਜਣਹਾਰ)॥ ਜਿਨਿ, ਆਪੇ ਆਪਿ ਉਪਾਇ; ਪਛਾਤਾ (ਸੰਭਾਲ਼ ਕੀਤੀ)॥ (ਮ: ੧/੧੦੨੫)
(ੲ). ਤੂ ‘ਕਰਤਾ ਪੁਰਖੁ’ ਅਗੰਮੁ ਹੈ; ਰਵਿਆ ਸਭ ਠਾਈ ॥ (ਮ: ੧/੧੨੯੧) ਪਰ ਇਨ੍ਹਾਂ ਤਿੰਨੇ ਤੁਕਾਂ ’ਚ ਸ੍ਰਿਸ਼ਟੀ ਦੀ ਮੌਤ ਬਾਰੇ ਕੋਈ ਜ਼ਿਕਰ ਨਹੀਂ, ਜਿਸ ਦੀ ਘਾਟ ਨੂੰ ‘ਅਕਾਲ ਮੂਰਤਿ, ਅਜੂਨੀ, ਸੈਭੰ’ ਸ਼ਬਦਾਂ ਰਾਹੀਂ ਪੂਰਾ ਕੀਤਾ ਗਿਆ ਹੈ।
ਸੋ, ਮੌਤ ਦੇ ਡਰ (ਪੜਾਅ) ਨੂੰ ਅਤਿ ਅਸਹਿਣਯੋਗ ਮੰਨ ਕੇ ਮਨੁੱਖ ਨੇ ‘ੴ’ ਦੀ ਹਸਤੀ (ਮੂਰਤਿ) ਨੂੰ ਅਕਾਲ (ਜਿਸ ਉੱਤੇ ਸਮੇਂ ਦਾ ਪ੍ਰਭਾਵ ਨਾ ਪਵੇ) ਨਾਮ ਦੇ ਦਿੱਤਾ, ਜੋ ਮਰੇਗਾ ਹੀ ਨਹੀਂ ਉਸ ਨੂੰ ਅਜੂਨੀ ਕਹਿਣਾ ਦਰੁਸਤ ਹੋਵੇਗਾ, ਪਰ ਜੋ ਅਜੂਨੀ ਹੈ ਉਹ ਬਣਿਆ ਕਿਵੇਂ ?, ਦਾ ਜਵਾਬ ਹੈ: ‘ਸੈਭੰ’ ਭਾਵ ‘ਸ੍ਵਯੰਭਵ, ਸ੍ਵਯੰਭੂ, ਸ੍ਵੈ+ ਭੂ’, ਜਿਨ੍ਹਾਂ ’ਚੋਂ ‘ਸ੍ਵੈ’ ਦਾ ਅਰਥ ਹੈ: ‘ਆਪਣੇ ਆਪ’ ਅਤੇ ‘ਭੂ’ ਦਾ ਅਰਥ ਹੈ: ‘ਹੋਣਾ’ ਭਾਵ ‘ਆਪਣੇ ਆਪ ਬਣਨਾ’, ਜਿਸ ਦਾ ਕੋਈ ਮਾਤਾ-ਪਿਤਾ ਨਹੀਂ।
ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤਾ ਕਿ ‘ਸਤਿ ੴ ਕਰਤਾ ਪੁਰਖੁ, ਅਜੋਨੀ, ਸੈਭੰ’ ਦੀ ਨਾ ਕੋਈ ਉੱਚੀ-ਨੀਵੀਂ ਜਾਤ ਹੈ, ਨਾ ਉਸ ਦਾ ਕਿਸੇ ਖ਼ਾਸ ਨਾਲ਼ ਪਿਆਰ ਹੈ, ਨਾ ਕੋਈ ਭਰਮ-ਭੁਲੇਖਾ ਹੈ: ‘‘ਜਾਤਿ ਅਜਾਤਿ ਅਜੋਨੀ ਸੰਭਉ; ਨਾ ਤਿਸੁ ਭਾਉ, ਨ ਭਰਮਾ ॥’’ (ਮ: ੧/੫੯੭)
ਗੁਰੂ ਰਾਮਦਾਸ ਜੀ ਵਚਨ ਕਰਦੇ ਹਨ ਕਿ ਜਿਸ (ਜੀਵ ਇਸਤ੍ਰੀ) ਨੇ ‘ਅਕਾਲ ਮੂਰਤਿ’ ਨੂੰ ਪਤੀ ਬਣਾ ਲਿਆ ਉਹ ‘ਅਜੂਨੀ’ ਹੋ ਕੇ ‘ਸੈਭੰ’ ’ਚ ਲੀਨ ਹੋ ਗਈ: ‘‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ, ਨ ਜਾਇਆ (ਜੰਮਦਾ)॥ (ਮ: ੪/੭੮)
ਗੁਰੂ ਅਰਜਨ ਸਾਹਿਬ ਜੀ ਮੂਲ ਮੰਤਰ (ਸ਼ਬਦ ਸੰਗ੍ਰਹਿ) ਨੂੰ ਆਧਾਰ ਬਣਾ ਕੇ ਭਗਤਾਂ ਨੂੰ ਉਤਸ਼ਾਹਿਤ ਕਰਨ ਵਾਲ਼ੇ ਤਿੰਨ ਵਚਨ ਕਰਦੇ ਹਨ:
(ੳ). ‘ਅਕਾਲ ਮੂਰਤਿ’ ਸ਼ਕਤੀ ਭੂਤ, ਵਰਤਮਾਨ ਤੇ ਭਵਿੱਖ ’ਚ ਕਾਇਮ ਰਹੇਗੀ: ‘‘ਸਫਲ ਦਰਸਨੁ, ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥’’ (ਮ: ੫/੬੦੯)
(ਅ). ਮੈ ਉਸ ਨੂੰ ਯਾਦ ਕਰਕੇ ਬਲਦੀ ਅੱਗ ਉੱਤੇ ਵੀ ਸ਼ਾਂਤ-ਚਿੱਤ ਰਹਿੰਦਾ ਹਾਂ: ‘‘ਅਕਾਲ ਮੂਰਤਿ ਅਜੂਨੀ ਸੰਭੌ; ਮਨਿ ਸਿਮਰਤ, ਠੰਢਾ ਥੀਵਾਂ ਜੀਉ ॥’’ (ਮ: ੫/੯੯)
(ੲ). ਅੰਧਕਾਰ ਕਲਜੁਗ ਵਿੱਚ ਪ੍ਰਕਾਸ਼ ਦੀ ਕਿਰਨ ‘ਸਤਿ ੴ’ ਹੈ: ‘‘ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ ਦੀਪਾਈ (ਦੀਵਾ, ਚਿਰਾਗ਼)॥’’ (ਮ: ੫/੯੧੬) ਤਾਂ ਤੇ ਅਸ਼ਾਂਤ ਚਿੱਤ ਲਈ ਅਤਿ ਜ਼ਰੂਰੀ ਹੈ: ‘‘ਸਤਿ ਪੁਰਖ ਅਕਾਲ ਮੂਰਤਿ; ਰਿਦੈ ਧਾਰਹੁ ਧਿਆਨੁ ॥ ਨਾਮੁ ਨਿਧਾਨੁ ਲਾਭੁ; ਨਾਨਕ ! ਬਸਤੁ ਇਹ ਪਰਵਾਨੁ ॥’’ (ਮ: ੫/੧੧੨੧)
ਗੁਰਬਾਣੀ ’ਚ ‘ਕਾਲੁ’ (ਮੌਤ) ਦੇ ਮੁਕਾਬਲੇ ‘ਅਕਾਲੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਵੀ ਦਰਜ ਹੈ, ਜਿਸ ਦਾ ਅਰਥ ਹੈ: ‘ਮੌਤ ਰਹਿਤ’; ਜਿਵੇਂ ‘ਕਾਲੁ ਅਕਾਲੁ’ ਖਸਮ ਕਾ ਕੀਨ੍ਾ; ਇਹੁ ਪਰਪੰਚੁ ਬਧਾਵਨੁ (ਭਾਵ ਜਗਤ ਬੰਧਨ ਹੈ) ॥ (ਭਗਤ ਕਬੀਰ/੧੧੦੪), ਪਰ ਵਿਚਾਰ ਅਧੀਨ ਸ਼ਬਦ ‘ਅਕਾਲ ਮੂਰਤਿ’ ’ਚ ‘ਮੂਰਤਿ’ (ਇਸਤ੍ਰੀ ਲਿੰਗ) ਹੋਣ ਕਾਰਨ ਇਸ ਦਾ ਵਿਸ਼ੇਸ਼ਣ ‘ਅਕਾਲ’ (ਅੰਤ ਮੁਕਤਾ) ਹੈ ਤੇ ਅਰਥ ਉਹੀ ਹੈ: ‘ਮੌਤ ਰਹਿਤ’।
ਸੋ, ‘ਅਕਾਲ ਮੂਰਤਿ, ਅਜੂਨੀ, ਸੈਭੰ’ ਦਾ ਅਰਥ ਹੈ: ‘ਸਤਿ ੴ ਕਰਤਾ ਪੁਰਖੁ’ ਦੀ ਮੂਰਤਿ (ਨੈਣ-ਨਕਸ਼, ਸ਼ਕਲ, ਹੋਂਦ) ਮੌਤ ਰਹਿਤ, ਆਵਾਗਮਣ ਰਹਿਤ ਤੇ ਆਪਣੇ ਆਪ ਬਣੀ ਹੈ।
ਗੁਰ ਪ੍ਰਸਾਦਿ॥– ਗੁਰਬਾਣੀ ’ਚ ‘ਗੁਰੁ’ (774 ਵਾਰ), ਗੁਰ (3401 ਵਾਰ), ਗੁਰਿ (594 ਵਾਰ), ਪਰਸਾਦ ਤੇ ਪਰਸਾਦੁ (2-2 ਵਾਰ), ਪ੍ਰਸਾਦ (1 ਵਾਰ), ਪ੍ਰਸਾਦੁ (6 ਵਾਰ), ਪਰਸਾਦਿ (83 ਵਾਰ), ਪ੍ਰਸਾਦਿ (736 ਵਾਰ) ਦਰਜ ਹੈ ਜਦਕਿ ਇਹ ਦੋਵੇਂ ਸੰਯੁਕਤ ਰੂਪ ’ਚ ‘ਗੁਰ ਪ੍ਰਸਾਦਿ (114 ਵਾਰ), ਗੁਰ ਪਰਸਾਦਿ (69 ਵਾਰ), ਗੁਰ ਪਰਸਾਦੀ (212 ਵਾਰ) ਅਤੇ ਗੁਰ ਪ੍ਰਸਾਦੀ (7 ਵਾਰ)’ ਦਰਜ ਹਨ ਅਤੇ ਇਨ੍ਹਾਂ ਦੇ ਕਾਰਕੀ ਚਿੰਨ੍ਹਾਂ ਤੋਂ ਬਿਨਾਂ ਅਰਥਾਂ ’ਚ ਬਿਲਕੁਲ ਵੀ ਅੰਤਰ ਨਹੀਂ, ਸਿਵਾਏ ਭਗਤ ਰਵਿਦਾਸ ਜੀ ਦੁਆਰਾ ਇੱਕ ਵਾਰ ਦਰਜ ਕੀਤੇ ਗਏ ‘ਪ੍ਰਸਾਦ’ (ਬਹੁ ਵਚਨ) ਸ਼ਬਦ ਦੇ, ਜਿਸ ਦਾ ਉਚਾਰਨ ਹੈ: ‘ਪ੍ਰਸ਼ਾਦ’ ਤੇ ਅਰਥ ਹੈ: ‘ਦੇਵ ਪੂਜਾ ਸਮਝ ਕੇ ਮੂਰਤੀ ਅੱਗੇ ਸਮਰਪਿਤ ਕੀਤੀ ਜਾਣ ਵਾਲ਼ੀ ਸਮੱਗਰੀ’; ਜਿਵੇਂ ਕਿ ‘‘ਜੇ ਓਹੁ ਅਨਿਕ ‘ਪ੍ਰਸਾਦ’ ਕਰਾਵੈ ॥ ਭੂਮਿ ਦਾਨ; ਸੋਭਾ ਮੰਡਪਿ (ਸੰਸਾਰ ’ਚ) ਪਾਵੈ ॥ ਅਪਨਾ ਬਿਗਾਰਿ (ਖ਼ਰਾਬ ਕਰਕੇ), ਬਿਰਾਂਨਾ ਸਾਂਢੈ (ਹੋਰਾਂ ਦਾ ਸਵਾਰੇ, ਪਰ)॥ ਕਰੈ ਨਿੰਦ; ਬਹੁ ਜੋਨੀ ਹਾਂਢੈ (ਭਟਕਦਾ ਹੈ)॥’’ (ਭਗਤ ਰਵਿਦਾਸ/੮੭੫)
ਉਕਤ ਸੰਯੁਕਤ ਸ਼ਬਦ ਬਣਤਰ ਨੂੰ ਗਹੁ ਨਾਲ਼ ਵਿਚਾਰਨ ਉਪਰੰਤ ਬੋਧ ਹੁੰਦਾ ਹੈ ਕਿ ‘ਗੁਰ’ ਸਦਾ ਅੰਤ ਮੁਕਤਾ ਹੈ ਤੇ ‘ਪਰਸਾਦਿ’ ਜਾਂ ‘ਪ੍ਰਸਾਦਿ’ ਨੂੰ ਅੰਤ ਸਿਹਾਰੀ, ਜੋ ਵਿਸ਼ੇਸ਼ ਧਿਆਨ ਮੰਗਦੇ ਹਨ ਕਿਉਂਕਿ ਇਨ੍ਹਾਂ ਸੰਯੁਕਤ ਸ਼ਬਦਾਂ ਬਾਰੇ ਅਸਮਝ ਹੀ ਮੂਲ ਮੰਤਰ ਨੂੰ ‘‘ਨਾਨਕ ਹੋਸੀ ਭੀ ਸਚੁ॥੧॥’’ ਤੱਕ ਲੈ ਜਾ ਰਹੀ ਹੈ।
ਗੁਰਬਾਣੀ ’ਚ ਦਰਜ ‘ਗੁਰੁ’ ਤੇ ‘ਪ੍ਰਸਾਦੁ’ (ਦੋਵੇਂ ਇੱਕ ਵਚਨ ਪੁਲਿੰਗ) ਸ਼ਬਦ ਹਨ, ਜਿਨ੍ਹਾਂ ’ਚੋਂ ‘ਗੁਰੁ’ ਦਾ ਅਰਥ ਹੈ ‘ਅਗਿਆਨਤਾ ਨੂੰ ਦੂਰ ਕਰਨ ਵਾਲ਼ਾ’ ਤੇ ‘ਪ੍ਰਸਾਦੁ’ ਦਾ ਅਰਥ ਹੈ: ‘ਕਰਮ, ਫ਼ਜ਼ਲ’ (ਪੁਲਿੰਗ) ਤੇ ਇਸਤ੍ਰੀ ਲਿੰਗ ਅਰਥ ਹਨ: ‘ਮਿਹਰ, ਕਿਰਪਾ, ਦਇਆ’ ਆਦਿ; ਜਿਵੇਂ
‘‘ਕਰਿ ਪ੍ਰਸਾਦੁ (ਮਿਹਰ); ਦਇਆ ਪ੍ਰਭਿ (ਨੇ) ਧਾਰੀ ॥’’ (ਮ: ੫/੨੯੫) ਵਿਚਾਰਨਯੋਗ ਹੈ ਕਿ ‘ਪ੍ਰਸਾਦੁ’ (ਅੰਤ ਔਂਕੜ) ਮੂਲ ਮੰਤਰ ’ਚ ‘ਪ੍ਰਸਾਦਿ’ (ਅੰਤ ਸਿਹਾਰੀ) ਕਿਉਂ ਬਣਿਆ ?
ਗੁਰਬਾਣੀ ਲਿਖਤ ’ਚ ਕਿਸੇ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਔਂਕੜ ਦੀ ਬਜਾਏ ਅੰਤ ਸਿਹਾਰੀ 4 ਨਿਯਮਾਂ (ਕਾਰਕਾਂ) ਕਾਰਨ ਆਉਂਦੀ ਹੈ। ਉਹ 4 ਕਾਰਕ ਹਨ: ‘ਕਰਤਾ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨੇ’), ‘ਕਰਣ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨਾਲ਼, ਰਾਹੀਂ, ਦੁਆਰਾ’), ‘ਅਪਾਦਾਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਤੋਂ’) ਅਤੇ ‘ਅਧਿਕਰਣ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਵਿੱਚ, ਉੱਤੇ’)।
ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ ‘ਗੁਰੁ’ (ਅੰਤ ਔਂਕੜ); 3 ਨਿਯਮਾਂ (ਕਾਰਕਾਂ) ਕਾਰਨ ‘ਗੁਰ’ (ਅੰਤ ਮੁਕਤਾ) ’ਚ ਬਦਲ ਜਾਂਦਾ ਹੈ। ਉਹ 3 ਕਾਰਕ (ਨਿਯਮ) ਹਨ: ‘ਸੰਪਰਦਾਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਨੂੰ, ਲਈ’), ‘ਸੰਬੰਧ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਦਾ, ਦੇ , ਦੀ’ ਆਦਿ) ਅਤੇ ‘ਸੰਬੋਧਨ ਕਾਰਕ’ (ਜਿਸ ਦਾ ਚਿੰਨ੍ਹ ਹੈ: ‘ਹੇ, ਓਇ’ ਆਦਿ)।
ਉਕਤ ਦੋਵੇਂ ਨਿਯਮਾਂ ਨੂੰ ਮਿਲਾ ਕੇ ‘ਗੁਰ ਪ੍ਰਸਾਦਿ’ ਦਾ ਅਰਥ ਬਣਦਾ ਹੈ: ‘ਗੁਰੂ ਦੀ ਕਿਰਪਾ ਨੇ’, ਗੁਰੂ ਦੀ ਕਿਰਪਾ ਨਾਲ਼, ਗੁਰੂ ਦੀ ਕਿਰਪਾ ਤੋਂ, ਗੁਰੂ ਦੀ ਕਿਰਪਾ ਵਿੱਚ’।
ਸੋ, ‘ਗੁਰ ਪ੍ਰਸਾਦਿ’ ਦਾ ਸਰਲ ਅਰਥ ਹੈ: ‘‘ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ’’ ਗੁਰ ਦੀ ਕਿਰਪਾ ਨਾਲ਼ ਪ੍ਰਾਪਤ ਹੁੰਦਾ ਹੈ। ਗੁਰਬਾਣੀ ’ਚ ‘ਪ੍ਰਸਾਦਿ’ (ਅੰਤ ਸਿਹਾਰੀ) ਦੇ ਅਰਥ: ‘ਕਿਰਪਾ ਨਾਲ਼’ (ਕਰਣ ਕਾਰਕ) ਹਰ ਜਗ੍ਹਾ ਮਿਲਦੇ ਹਨ; ਜਿਵੇਂ ‘‘ਜਿਹ ਪ੍ਰਸਾਦਿ, ਛਤੀਹ ਅੰਮ੍ਰਿਤ ਖਾਹਿ॥ (ਮ:੫/੨੬੯) ਭਾਵ ਜਿਸ ਦੀ ਮਿਹਰ ਨਾਲ਼ 36 ਪ੍ਰਕਾਰ ਦੇ ਭੋਜਨ ਖਾਂਦਾ ਹੈਂ।
ਮੂਲ ਮੰਤਰ ਨੂੰ ‘‘ਨਾਨਕ ਹੋਸੀ ਭੀ ਸਚੁ॥੧॥’’ ਤੱਕ ਮੰਨਣ ਵਾਲ਼ੇ ਕੁਝ ਸੱਜਣ ‘ਗੁਰ ਪ੍ਰਸਾਦਿ’ ਦੇ ਅਰਥ ਕਰਦੇ ਹਨ ਕਿ ‘ੴ’ ਵੱਡਾ ਹੈ, ਮਿਹਰਬਾਨ ਹੈ’ ਕਿਉਂਕਿ ‘ਗੁਰ’ ਦਾ ਅਰਥ ‘ਵੱਡਾ’ ਵੀ ਹੁੰਦਾ ਹੈ, ਪਰ ਅਗਰ ‘ਗੁਰ ਪ੍ਰਸਾਦਿ’ ਦਾ ਮਤਲਬ ਇਸ ਤਰ੍ਹਾਂ ਹੁੰਦਾ ਤਾਂ ਇਨ੍ਹਾਂ ਸੰਯੁਕਤ ਸ਼ਬਦਾਂ ਦੀ ਬਣਤਰ ਵੀ ‘ਨਾਮੁ, ਪੁਰਖੁ, ਨਿਰਭਉ, ਨਿਰਵੈਰੁ’ ਵਾਙ ਅੰਤ ਔਂਕੜ ਚਾਹੀਦੀ ਸੀ; ਜਿਵੇਂ ‘‘ਕਰਿ ‘ਪ੍ਰਸਾਦੁ’ (ਮਿਹਰ) ਇਕੁ ਖੇਲੁ ਦਿਖਾਇਆ ॥’’ (ਮ: ੩/੧੧੨੮), ਨਾ ਕਿ ‘ਪ੍ਰਸਾਦਿ’ (ਅੰਤ ਸਿਹਾਰੀ) ਤੇ ‘ਗੁਰ’ (ਅੰਤ ਮੁਕਤਾ) ਦਾ ਸਰੂਪ ਵੀ ‘ਗੁਰੁ’ (ਅੰਤ ਔਂਕੜ) ਹੋਣਾ ਸੀ; ਜਿਵੇਂ ‘ਗੁਰੁ’ ਈਸਰੁ, ‘ਗੁਰੁ’ ਗੋਰਖੁ ਬਰਮਾ, ‘ਗੁਰੁ’ ਪਾਰਬਤੀ ਮਾਈ॥
ਸੋ, ‘ਗੁਰ ਪ੍ਰਸਾਦਿ॥’ (ਸੰਯੁਕਤ ਸ਼ਬਦਾਂ) ਦੇ ਅੰਤ ’ਚ ਆਏ ਦੋ ਡੰਡੇ; ਸੰਪੂਰਨ ਮੂਲ ਮੰਤਰ ਦੀ ਸਮਾਪਤੀ ਨੂੰ ਦਰਸਾਉਂਦੇ ਹਨ ਤੇ ਅਜਿਹਾ ਸਰੂਪ ਗੁਰਬਾਣੀ ’ਚ 33 ਵਾਰ ਦਰਜ ਹੈ। ਇਸ ਤੋਂ ਬਾਅਦ ਦਰਜ ‘‘ਜਪੁ॥’’ ਦੇ ਅੰਤ ’ਚ ਦੋ ਡੰਡੇ ਬਾਣੀ ਦੇ ਸਿਰਲੇਖ (ਨਾਂ) ਦਾ ਸੂਚਕ ਹਨ।