JAP ਸ਼ਬਦ ਦਾ ਮਹੱਤਵ

0
1016

॥ ਜਪੁ॥ ਦਾ ਮਹੱਤਵ ਬਿਆਨ ਕਰਦੀ ਗੁਰਬਾਣੀ

‘ਜਪੁ’– ਇਹ ਸ਼ਬਦ ਗੁਰਬਾਣੀ ’ਚ ਤਿੰਨ ਰੂਪਾਂ ’ਚ ਦਰਜ ਮਿਲਦਾ ਹੈ:

(1). ‘ਜਪੁ’ (ਇੱਕ ਵਚਨ ਪੁਲਿੰਗ ਨਾਂਵ, 96 ਵਾਰ)।

(2). ‘ਜਪ’ (ਬਹੁ ਵਚਨ ਪੁਲਿੰਗ ਨਾਂਵ, 39 ਵਾਰ)।

(ਨੋਟ: ਉਕਤ ਦੋਵੇਂ ਸ਼ਬਦਾਂ ’ਚੋਂ ਗੁਰਬਾਣੀ ’ਚ ਦਰਜ ‘ਜਪੁ’ (ਅੰਤ ਔਂਕੜ, ਲਗਭਗ 92 ਵਾਰ) ਹਾਂ-ਸੂਚਕ (ਸਕਾਰਾਤਮਕ, ਗੁਰਮਤਿ ਅਨੁਸਾਰੀ ਭਾਵ ਸਵੀਕਾਰਨ-ਯੋਗ) ਹੈ ਜਦਕਿ ‘ਜਪੁ’ (4 ਵਾਰ) ਤੇ ‘ਜਪ’ (ਅੰਤ ਮੁਕਤਾ, 39 ਵਾਰ) ਨਾ-ਸੂਚਕ (ਨਕਾਰਾਤਮਕ, ਵਰਜਿਤ) ਪੱਖੋਂ ਦਰਜ ਕੀਤਾ ਗਿਆ ਹੈ।)

(3). ‘ਜਪਿ’ (ਕਿਰਿਆ ਵਿਸ਼ੇਸ਼ਣ ਤੇ ਹੁਕਮੀ ਭਵਿੱਖ ਕਾਲ ਕਿਰਿਆ, 440 ਵਾਰ); ਇਨ੍ਹਾਂ ਦੋਵੇਂ ਸ਼ਬਦ ਦੀ ਸੰਖੇਪ ’ਚ ਵਿਚਾਰ ਇੱਥੇ ਹੀ ਮੁਕੰਮਲ ਕੀਤੀ ਜਾ ਰਹੀ ਹੈ।

(ੳ). ‘ਜਪਿ’ ਕਿਰਿਆ ਵਿਸ਼ੇਸ਼ਣ ਦਾ ਅਰਥ ਹੈ: ‘ਜਪ ਕੇ’; ਜਿਵੇਂ

ਹਲਤਿ ਪਲਤਿ ਸੁਖੁ ਪਾਇਦੇ, ‘ਜਪਿ ਜਪਿ’ (ਕੇ) ਰਿਦੈ ਮੁਰਾਰਿ॥ (ਮ:੩/੩੦)

‘ਜਪਿ’ (ਕੇ) ਪੂਰਨ ਹੋਏ ਕਾਮਾ ॥ (ਮ: ੫/੨੧੮)

ਨਾਨਕ ! ‘ਜਪਿ ਜਪਿ’ (ਕੇ) ਜੀਵੈ, ਹਰਿ ਕੇ ਚਰਨ ॥’’ (ਮ:੫/੨੬੮), ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ ‘ਕਿਰਿਆ ਵਿਸ਼ੇਸ਼ਣ’ ਤੋਂ ਇਲਾਵਾ ‘ਮੂਲ ਕਿਰਿਆ’ ਹੋਣੀ ਅਤਿ ਜ਼ਰੂਰੀ ਹੈ ਜਿਵੇਂ ਕਿ ਉਕਤ ਤੁਕਾਂ ’ਚ ਤਰਤੀਬਵਾਰ ‘ਮੂਲ ਕਿਰਿਆ’ ਹੈ: ‘ਪਾਇਦੇ, ਹੋਏ, ਜੀਵੈ’।)

(ਅ). ‘ਜਪਿ’ ਹੁਕਮੀ ਭਵਿੱਖ ਕਾਲ ਕਿਰਿਆ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ, ਤੂੰ ਯਾਦ ਕਰ’; ਜਿਵੇਂ

ਮਨ ਮੇਰੇ ! ਸੁਖ ਸਹਜ ਸੇਤੀ, ‘ਜਪਿ’ ਨਾਉ॥ (ਮ:੫/੪੪)

‘ਜਪਿ’ ਮਨ ! ਨਾਮੁ ਏਕੁ ਅਪਾਰੁ॥ (ਮ:੫/੫੧)

‘ਜਪਿ’ ਮਨ ! ਮੇਰੇ ਗੋਵਿੰਦ ਕੀ ਬਾਣੀ॥’’ (ਮ:੫/੧੯੨), ਆਦਿ।

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ਤੁਕਾਂ ’ਚ (1). ਕੋਈ ਹੋਰ ‘ਮੂਲ ਕਿਰਿਆ’ ਨਹੀਂ ਹੁੰਦੀ। (2). ਇੱਕ ਵਚਨ ਪੁਲਿੰਗ ਨਾਂਵ ਨੂੰ ਸੰਬੋਧਨ ਕਰਨਾ ਲਾਜ਼ਮੀ ਹੁੰਦੀ ਹੈ; ਜਿਵੇ ਕਿ ‘ਹੇ ਮਨ ! ’)

ਮਹਾਨ ਕੋਸ਼ ਸਮੇਤ ਤਮਾਮ ਕੋਸ਼ਾਂ ’ਚ ‘ਜਪੁ’ ਜਾਂ ‘ਜਪ’ ਦੇ ਤਿੰਨ ਅਰਥ ਦਿੱਤੇ ਗਏ ਹਨ:

(ੳ). ‘ਜਪੁ’ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ (ਪ੍ਰਥਮ) ਬਾਣੀ ਦਾ ਨਾਮ (ਇੱਕ ਵਚਨ)।

(ਅ). ‘ਜਪੁ’ ਭਾਵ ‘ਸਿਮਰਨ, ਯਾਦ’ (ਇੱਕ ਵਚਨ)।

(ੲ). ‘ਜਪ’ ਭਾਵ ਮੰਤਰ ਪਾਠ, ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਰੱਟਣਾ (ਬਹੁ ਵਚਨ)।

ਉਕਤ ਕੀਤੀ ਗਈ ਵੰਡ ਮੁਤਾਬਕ ਨੰਬਰ 1 ’ਚ ਕੇਵਲ ਇੱਕ ਸ਼ਬਦ ਹੀ ਬਾਣੀ ਦੇ ਸਿਰਲੇਖ ਵਜੋਂ ਦਰਜ ਹੈ।, ਨੰਬਰ 2 ਦੀ ਵਿਚਾਰ ਵਿਸਥਾਰ ਮੰਗਦੀ ਹੈ ਤਾਂ ਜੋ ਨੰਬਰ 3, ਅਧਾਰਹੀਣ (ਕਰਮ-ਕਾਂਡ) ਲੱਗੇ।

ਇਤਿਹਾਸ ਮੁਤਾਬਕ ਗੁਰੂ ਅਮਰਦਾਸ ਜੀ ਕਈ ਸਾਲ ਸੱਚੇ ਗੁਰੂ ਦੀ ਤਲਾਸ਼ ਕਰਦੇ ਰਹੇ ਪਰ ਮਿਲਾਪ ਦੁਰਲੱਭ ਹੁੰਦਾ ਗਿਆ। ਆਖ਼ਰ ਜਦ ਸੱਚੇ ਗੁਰੂ (ਅੰਗਦ ਸਾਹਿਬ) ਨੂੰ ਮਿਲੇ ਤਦ ਜੋ ਰੁਤਬਾ ਹਾਸਲ ਹੋਇਆ ਉਸ ਦੇ ਰੂ-ਬਰੂ ਹੁੰਦਿਆਂ ਭੱਟ ਭਿਖਾ ਜੀ, ਗੁਰੂ ਅਮਰਦਾਸ ਜੀ ਦੀ ਪੂਰਵਲੀ ਤਾਂਘ ਮੁਤਾਬਕ ਉਨ੍ਹਾਂ ਦੀ ਉਪਮਾ ਇਉਂ ਪ੍ਰਗਟ ਕਰਦੇ ਹਨ: ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬)

ਉਕਤ ਸ਼ਬਦਾਵਲੀ ਰਾਹੀਂ ਸਪਸ਼ਟ ਹੁੰਦਾ ਹੈ ਕਿ ਜੋ ਸੰਵੇਦਨਾ (ਗੁਰੂ ਤੋਂ ਬਿਨਾਂ, ਗੁਰੂ) ਅਮਰਦਾਸ ਜੀ ਦੀ ਰਹੀ ਹੋਵੇਗੀ ਉਹੀ ਰੁਚੀ ਭਿਖਾ ਜੀ ਦੀ ਸੀ, ਪਰ ਇਹ ਖਿੱਚ ਕਾਹਦੀ ਸੀ, ਕਿਸ ਚੀਜ਼ ਦੀ ਸੀ ?

ਗੁਰੂ ਅਮਰਦਾਸ ਜੀ ਰੂਹਾਨੀਅਤ (ਸ਼ਾਂਤੀ) ਦੀ ਤਲਾਸ਼ ’ਚ ਕਈ ਸਾਲ ਹਰਿਦੁਆਰ ਆਦਿ ਤੀਰਥਾਂ ਉੱਤੇ ਜਾਂਦੇ ਰਹੇ ਪਰ ਸਫਲਤਾ ਨਾ ਮਿਲੀ। ਗੁਰੂ ਅੰਗਦ ਸਾਹਿਬ ਜੀ ਦੇ ਦਰ ਤੋਂ ਇਹ ਸਿੱਖਿਆ ਮਿਲਣੀ ਕਿ ਸ਼ਾਂਤੀ ਦੇ ਸੰਗ੍ਰਹਿ ਅਕਾਲ ਪੁਰਖ (ਨੂਰ, ਪ੍ਰਕਾਸ਼) ਦਾ ਨਿਵਾਸ ਸਥਾਨ ਹਿਰਦੇ ’ਚ ਹੁੰਦਾ ਹੈ, ਇਸ ਉਪਰੰਤ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਦੀ ਹੱਥੀਂ ਸੇਵਾ (ਤਪੁ) ਅਰੰਭ ਕੀਤੀ ਓਥੇ ਆਤਮ ਮੰਥਨ (ਜਪੁ) ਵੀ ਕੀਤਾ ਤਾਂ ਜੋ ਅੰਦਰੋਂ ਇਲਾਹੀ (ਈਸ਼ਵਰੀ) ਦਰਸ਼ਨ ਹੋ ਸਕਣ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਜਿੰਦ (ਜੀਵਨ) ਦੀ ਅੰਦਰੂਨੀ ਕਲਾ (ਬਨਾਵਟ) ਵੇਖੀ ਉਸ ਦਾ ਜ਼ਿਕਰ ਸਤਾ ਬਲਵੰਡ ਜੀ ਕਰਦੇ ਹਨ ਕਿ ‘‘ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥’’ (੯੬੮) ਭਾਵ ਗੁਰੂ ਅਮਰਦਾਸ ਜੀ ਵਰਗਾ ਵਿਸ਼ਲੇਸ਼ਕ ਹੀ ਅੰਦਰੂਨੀ ਤਰੰਗਾਂ ਨੂੰ ਪਹਿਚਾਨ ਸਕਦਾ ਹੈ, ਇਨ੍ਹਾਂ ਤਰੰਗਾਂ ’ਚੋਂ ਹੀ ਇਲਾਹੀ ਖ਼ਜ਼ਾਨਾ ਲੱਭ ਕੇ ‘‘ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ / ੯੬੮) ਪਰ ਇਸ ਮੰਜ਼ਲ ਦੀ ਪ੍ਰਾਪਤੀ ਇਸ ਸਵਾਲ ਤੋਂ ਸ਼ੁਰੂ ਹੁੰਦੀ ਹੈ: ‘‘ਕਿਸੁ ਹਉ ਸੇਵੀ ? ਕਿਆ ਜਪੁ ਕਰੀ ? ਸਤਗੁਰ ਪੂਛਉ ਜਾਇ ॥’’ (ਮ: ੩/੩੪) ਭਾਵ ਬੰਦਗੀ ਵਾਲ਼ਾ ਰਸਤਾ ਸੁਣਿਆ ਹੈ ਪਰ ਸੇਵਾ (ਤਪੁ) ਤੇ ਜਪੁ ਕਿਸ ਦਾ ਕੀਤਾ ਜਾਵੇ ? ਇਹ ਤਾਂ ਪਤਾ ਹੀ ਨਹੀਂ, ਤਾਂ ਤੇ ਗੁਰੂ ਨੂੰ ਪੁੱਛਦਾ ਹਾਂ। ਫਿਰ ਗੁਰੂ ਜੀ ਨੇ ਜੋ ਜਵਾਬ ਦਿੱਤਾ ਉਸ ਬਾਰੇ ਗੁਰੂ ਅਮਰਦਾਸ ਜੀ ਵਚਨ ਕਰਦੇ ਹਨ ਕਿ ਦਰਅਸਲ ਉਹੀ ਅਸਲ ‘ਜਪੁ’ (ਚਾਕਰੀ, ਮਾਲਕ ਦੀ ਅਧੀਨਗੀ) ਤੇ ‘ਤਪੁ’ (ਮਾਨਵਤਾ ਦੀ ਸੇਵਾ) ਹੈ, ਜੋ ਮਾਲਕ ਨੂੰ ਪਸੰਦ ਆ ਜਾਵੇ, ਪਰ ਇਹ ਭੇਤ ਗੁਰੂ ਦੀ ਕਿਰਪਾ ਨਾਲ ਉਹੀ ਸਮਝਦਾ ਹੈ, ਜਿਸ ਨੂੰ ਮਾਲਕ ਆਪ ਸੋਝੀ ਬਖ਼ਸ਼ੇ: ‘‘ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥ . ਨਾਨਕ ! ਗੁਰ ਪਰਸਾਦੀ, ਸੋ ਬੁਝਸੀ; ਜਿਸੁ ਆਪਿ ਬੁਝਾਵੈ ॥’’ (ਮ: ੩/੧੨੪੭)

ਗੁਰੂ ਅਮਰਦਾਸ ਜੀ ਨੇ ਗੁਰੂ ਦਰ ਤੋਂ ਪ੍ਰਾਪਤ ਹੋਏ ‘ਜਪੁ’ ਦੀ ਵਿਆਖਿਆ, ਵਿਲੱਖਣਤਾ, ਮਹੱਤਤਾ ਨੂੰ ਆਪਣੇ ਅਨੁਭਵ ’ਚੋਂ ਇਉਂ ਜ਼ਾਹਰ ਕੀਤਾ :

ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥ (ਮ: ੩/੫੧੬) ਭਾਵ ਗੁਰ ਦੇ ਸ਼ਬਦ ਨਾਲ ਵਿਚਾਰ ਵਿਚਾਰ ਕੇ ਰੁਜ਼ਾਨਾ ਹਰੀ ਦਾ ਜਪ (ਨਾਮ) ਜਪਣਾ ਚਾਹੀਦਾ ਹੈ।

ਸੋ, ਹਰਿ ਸਰਣਾਈ ਛੁਟੀਐ; ਜੋ ਮਨ ਸਿਉ ਜੂਝੈ ॥ ਮਨਿ ਵੀਚਾਰਿ, ਹਰਿ ਜਪੁ ਕਰੇ; ਹਰਿ ਦਰਗਹ ਸੀਝੈ ॥ (ਮ: ੩/੧੦੯੦)

ਜਪੁ ਤਪੁ ਸੰਜਮੁ; ਹੋਰੁ ਕੋਈ ਨਾਹੀ ॥ ਜਬ ਲਗੁ; ਗੁਰ ਕਾ ਸਬਦੁ ਨ ਕਮਾਹੀ ॥ (ਮ: ੩/੧੦੬੦)

ਅੰਤਰਿ ਜਪੁ ਤਪੁ ਸੰਜਮੋ; ਗੁਰ ਸਬਦੀ ਜਾਪੈ ॥… ਅੰਦਰੁ ਅੰਮ੍ਰਿਤਿ ਭਰਪੂਰੁ ਹੈ; ਚਾਖਿਆ ਸਾਦੁ ਜਾਪੈ ॥ (ਮ: ੩/੧੦੯੨), ਆਦਿ।

ਗੁਰੂ ਅਰਜਨ ਸਾਹਿਬ ਜੀ ‘ਜਪੁ ਤਪੁ’ ਦਾ ਸਕਾਰਾਤਮਕ ਤੇ ਨਕਾਰਾਤਮਕ ਪਹਿਲੂ ਸਮਝਾਉਂਦੇ ਹਨ ਕਿ ਇੱਕ (ਅਕਾਲ ਪੁਰਖ) ਨੂੰ ਸੱਜਣ ਬਣਾਉਣਾ ‘ਜਪੁ’ ਹੈ, ਉਸ ਦੀ ਔਲਾਦ ਸਮਝ ਕੇ ਸਭ ਲੁਕਾਈ ਨਾਲ ਹਮਦਰਦੀ ਜਤਾਉਣੀ ‘ਤਪੁ’ ਹੈ, ਇਸ ਦੇ ਵਿਪਰੀਤ ਇੱਕ (ਅਕਾਲ ਪੁਰਖ) ਤੋਂ ਦੂਰੀ ਬਣਾਉਣੀ, ਸਮਾਜਿਕ ਵਿਤਕਰੇ ਦਾ ਮੂਲ ਹੈ: ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ, ਸਭਿ ਵਾਦਿ (ਝਗੜਾ)॥’’ (ਮ: ੫/੯੫੭)

ਭਗਤ ਕਬੀਰ ਜੀ ਮੁਤਾਬਕ ਅੰਦਰ ਵੱਸਦੇ ਹਰੀ ਦੀ ਪ੍ਰੇਮਾ ਭਗਤੀ ਦੀ ਯੁਕਤੀ (ਸਮਝ) ਤੋਂ ਬਿਨਾਂ ਤਮਾਮ ਧਾਰਮਿਕ ਕਾਰਜ ਅਰਥਹੀਣ ਹਨ: ‘‘ਕਿਆ ਜਪੁ ? ਕਿਆ ਤਪੁ ਸੰਜਮੋ ? ਕਿਆ ਬਰਤੁ ? ਕਿਆ ਇਸਨਾਨੁ ? ॥ ਜਬ ਲਗੁ ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ॥’’ (ਭਗਤ ਕਬੀਰ/੩੩੭) ਇਸ ਰੱਬੀ ਪਿਆਰ ਰੂਪ ‘ਜਪੁ ਤਪੁ’ ਦੇ ਮੁਕਾਬਲੇ ਇੱਕ ਤੋਂ ਦੂਰੀ ਬਣਾਉਣੀ ਰੂਹਾਨੀਅਤ ਵਿਕਾਸ ’ਚ ਰੁਕਾਵਟ ਹੈ: ‘‘ਕਿਆ ਜਪੁ ? ਕਿਆ ਤਪੁ ? ਕਿਆ ਬ੍ਰਤ ਪੂਜਾ ? ॥ ਜਾ ਕੈ ਰਿਦੈ; ਭਾਉ ਹੈ ਦੂਜਾ ॥’’ (ਭਗਤ ਕਬੀਰ/੩੨੪) ਗੁਰਬਾਣੀ, ਹਰੀ ਨਾਲ ਪਿਆਰ ਪਾਉਣ ਲਈ ਕੀਤੇ ਗਏ ‘ਜਪੁ’ (ਸਿਮਰਨ) ਨੂੰ ਕਰਮ-ਕਾਂਡ ਨਹੀਂ ਮੰਨਦੀ ਬਲਕਿ ਉਸ ਤੋਂ ਦੂਰੀ ਬਣਾਉਣ ਵਾਲ਼ੇ ‘ਜਪੁ’ (ਮੰਤਰ ਪਾਠ) ਤੋਂ ਵਰਜਦੀ ਹੈ, ਮਨ੍ਹਾ ਕਰਦੀ ਹੈ।

ਭੱਟ ਭਿਖਾ ਜੀ ਨੇ ਵਚਨ ਕੀਤਾ ਕਿ: ‘‘ਹਰਿ ਨਾਮੁ (ਜਪੁ) ਛੋਡਿ ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ (ਸਵਈਏ ਮਹਲੇ ਤੀਜੇ ਕੇ /ਭਟ ਭਿਖਾ/੧੩੯੬) ਰੱਬ ਨੂੰ ਪਿਛਾਂਹ ਕਰਕੇ ਕੀਤੇ ਗਏ ਮੰਤਰ ਪਾਠ ਜੀਵਨ ਨੂੰ ਕਠੋਰ ਬਣਾ ਦਿੰਦੇ ਹਨ, ਜਿਸ ਦੀ ਇੱਕ ਸਾਲ ਪਰਖ ਉਪਰੰਤ ਭਿਖਾ ਜੀ ਨੇ ਕਿਹਾ: ‘‘ਤਿਨ੍ ਕੇ ਗੁਣ ਹਉ ਕਿਆ ਕਹਉ ? ॥’’ ਗੁਰੂ ਅਮਰਦਾਸ ਜੀ ਵੀ ‘ਜਪੁ’ ਦਾ ਫਲ਼ ਸੇਵਕ ਭਾਵਨਾ ਅਖ਼ਤਿਆਰ ਕਰਨਾ ਮੰਨਦੇ ਹੈ: ‘‘ਸੇਵਕ ਭਾਇ, ਸੇ ਜਨ ਮਿਲੇ; ਜਿਨ ਹਰਿ ਜਪੁ ਜਪਿਆ ॥’’ (ਮ: ੩/੭੮੭)

ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਭਗਤ ਬੇਣੀ ਜੀ ਆਦਿਕ ਸਭ ਦੇ ਵਿਚਾਰ ਹਨ ਕਿ ਇੱਕ (ਰੱਬ) ਤੋਂ ਦੂਰੀ ਬਣਾ ਕੇ ਕੀਤੇ ਗਏ ‘ਜਪੁ ਤਪੁ’ ਨਿਰਮੂਲ ਹੁੰਦੇ ਹਨ; ਜਿਵੇਂ:

ਗੁਰ ਦੀਖਿਆ ਲੇ; ਜਪੁ ਤਪੁ ਕਮਾਹਿ ॥ ਨਾ ਮੋਹੁ ਤੂਟੈ; ਨਾ ਥਾਇ ਪਾਹਿ (ਨਾ ਰੱਬੀ ਦਰ ਕਬੂਲ ਹੁੰਦੇ)॥ (ਮ: ੧/੩੫੬)
ਜਪੁ ਤਪੁ ਸੰਜਮੁ ਸਭੁ ਹਿਰਿ (ਚੁਰਾ) ਲਇਆ; (ਕਿਉਂਕਿ) ਮੁਠੀ ਦੂਜੈ ਭਾਇ (ਹੋਰ ਪਿਆਰ ਕਾਰਨ ਲੁਟ ਗਈ)॥ (ਮ: ੩/੬੪੮)

ਬਿਨੁ ਹਰਿ ਪ੍ਰੀਤਿ; ਹੋਰ ਪ੍ਰੀਤਿ ਸਭ ਝੂਠੀ; ਇਕ ਖਿਨ ਮਹਿ; ਬਿਸਰਿ ਸਭ ਜਾਇ ॥ (ਮ: ੪/੭੨੦)

ਜਪੁ ਤਪੁ ਸੰਜਮੁ ਛੋਡਿ (ਤੂੰ ਛੱਡ ਦਿੱਤਾ ਤੇ) ਸੁਕ੍ਰਿਤ ਮਤਿ; ਰਾਮ ਨਾਮੁ ਨ ਅਰਾਧਿਆ ॥ (ਭਗਤ ਬੇਣੀ/੯੩), ਆਦਿ। ਇਸ ਲਈ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਇਤਿਆਦਿਕ ਵਚਨ ਕਰਦੇ ਹਨ ਕਿ

ਅਹਿਨਿਸਿ ਰਾਮ (ਦੇ) ਰਹਹੁ ਰੰਗਿ ਰਾਤੇ (ਪ੍ਰੇਮ ’ਚ ਭਿੱਜੇ ਰਹੋ); ਏਹੁ ਜਪੁ ਤਪੁ ਸੰਜਮੁ ਸਾਰਾ (ਸ੍ਰੇਸ਼ਟ) ਹੇ ॥ (ਮ: ੧/੧੦੩੦)

ਪੰਡਿਤੁ, ਸਾਸਤ ਸਿਮ੍ਰਿਤਿ ਪੜਿਆ ॥ ਜੋਗੀ, ਗੋਰਖੁ ਗੋਰਖੁ ਕਰਿਆ ॥ ਮੈ ਮੂਰਖ; ਹਰਿ ਹਰਿ ‘ਜਪੁ’ ਪੜਿਆ ॥ (ਮ: ੪/੧੬੩)

ਹਰਿ ਹਰਿ ‘ਜਪੁ’ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥ (ਮ: ੫/੭੮੧) ਭਾਵ ‘ਜਪੁ’ ਕਰਨ ਉਪਰੰਤ ਅਡੋਲਤਾ ਨਸੀਬ ਹੁੰਦੀ ਹੈ, ਆਦਿ।

ਉਕਤ ਕੀਤੀ ਗਈ ਵਿਚਾਰ ਕਿ ਸੱਚੇ ਗੁਰੂ ਦੀ ਤਲਾਸ਼ ਮਨੁੱਖਾ ਜੀਵਨ ਦੀ ਸਰਬੋਤਮ ਪ੍ਰਾਪਤੀ ਹੈ। ਜਿਸ ਨੂੰ ਇਹ ਨਸੀਬ ਪ੍ਰਾਪਤ ਹੋਇਆ ਉਸ ਨੇ ਗੁਰੂ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਮਾਣ ਬਖ਼ਸ਼ਿਆ; ਜਿਵੇਂ

ਗੁਰੁ ਪਰਮੇਸਰੁ; ਗੁਰੁ ਗੋਬਿੰਦੁ ॥ ਗੁਰੁ ਕਰਤਾ; ਗੁਰੁ ਸਦ ਬਖਸੰਦੁ ॥ (ਮ: ੫/੧੦੮੦)

ਕੁਰਬਾਣੁ ਜਾਈ; ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ; ਹਰਿ ਹਰਿ ‘ਜਪੁ’ ਜਪਨੇ ॥ (ਮ: ੫/੧੩੪੦), ਆਦਿ।

ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਭੱਟ ਨਲੵ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਇਉਂ ਕੀਤੀ:

ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ (ਸਰਗੁਣ-ਨਿਰਗੁਣ ਬਰਾਬਰ) ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ ॥ (ਭਟ ਕਲੵ/੧੩੯੦) ਉਕਤ ਕੀਤੀ ਗਈ ਵਿਚਾਰ ਕਿ ‘ਜਪੁ’ ਦਾ ਫਲ਼ ਅਡੋਲਤਾ ਹੈ, ਇਸ ਲਈ ਇਸ ਤੁਕ ’ਚ ਕਲਸਹਾਰ ਜੀ ‘ਜਪੁ, ਸੁਜਸੁ’ ਦੇ ਮੁਕਾਬਲੇ ‘ਸਹਜੁ ਜੋਗੁ ਜਿਨਿ ਮਾਣਿਓ॥’ ਸ਼ਬਦ ਦਰਜ ਕਰ ਰਹੇ ਹਨ।

ਮੁਗਧ ਮਨ ! ਭ੍ਰਮੁ ਤਜਹੁ, ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ (ਰਾਮਦਾਸ), ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ (ਸਚਾਈ ਸਮਝ ਕੇ)॥ (ਭਟ ਨਲੵ /੧੪੦੦), ਆਦਿ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਜਿਸ ਨੇ ਵੀ ਹਰੀ ਦਾ ‘ਜਪੁ’ ਜਪਿਆ, ਉਸ ਦੀ ਮਤ ਗੁਰੂ ਵਾਙ ਉੱਚੀ ਤੇ ਅਡੋਲ ਹੋ ਗਈ: ‘‘ਜਿਨਿ ਜਪੁ ਜਪਿਓ; ਸਤਿਗੁਰ (ਦੀ) ਮਤਿ ਵਾ ਕੇ (ਉਸ ਦੇ ਅੰਦਰ) ॥’’ (ਮ: ੧/੧੦੪੨)

ਬਾਬਾ ਫੇਰੂ ਜੀ ਦੇ ਸਪੁੱਤਰ ਬਾਬਾ ਲਹਿਣਾ ਜੀ (‘ਲਹਣਾ’ ਦਾ ਅਰਥ ਹੈ: ਲੱਭਣਾ, ਗੁਰੂ ਦੀ ਤਲਾਸ਼) ਨੇ ਗੁਰੂ ਦੀ ਮਤ ਧਾਰਨ ਕੀਤੀ ਤਾਂ ਗੁਰੂ ਅੰਗਦ ਦੇਵ ਜੀ ਬਣ ਗਏ ਤੇ ‘ਜਪੁ ਤਪੁ’ ਦੀ ਕੀਤੀ ਕਮਾਈ ਨਾਲ ਜਦ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਪੀਰਾਂ, ਤਪਿਆਂ ਦੇ ਪ੍ਰਭਾਵ ਅਧੀਨ ਆਈ ਨਗਰੀ ਖਡੂਰ ਸਾਹਿਬ ਜਾ ਨਿਵਾਸ ਕੀਤਾ: ‘‘ਫੇਰਿ ਵਸਾਇਆ ਫੇਰੁਆਣਿ; ਸਤਿਗੁਰਿ ਖਾਡੂਰੁ ॥ ਜਪੁ ਤਪੁ ਸੰਜਮੁ ਨਾਲਿ ਤੁਧੁ; ਹੋਰੁ ਮੁਚੁ ਗਰੂਰੁ (ਬਾਕੀਆਂ ਪਾਸ ਬੜਾ ਹੰਕਾਰ)॥’’ (ਬਾਬਾ ਬਲਵੰਡ ਸਤਾ/੯੬੭) ਉਸ ਸ਼ਖ਼ਸੀਅਤ ਨੂੰ ਕਿਸ ਦਾ ਡਰ, ਜਿਸ ਦੇ ਹਿਰਦੇ ’ਚ ਗੁਰੂ ਨਾਨਕ ਸਾਹਿਬ ਜੀ ਮੁਤਾਬਕ ‘ਜਪੁ ਤਪੁ’ ਦੀ ਕਮਾਈ ਨਾਲ ਅੰਮ੍ਰਿਤ ਰਸ ਚੋਂਦਾ ਹੋਵੇ: ‘‘ਜਪੁ ਤਪੁ ਸੰਜਮੁ, ਹੋਹਿ ਜਬ ਰਾਖੇ; ਕਮਲੁ ਬਿਗਸੈ ਮਧੁ ਆਸ੍ਰਮਾਈ (ਮਾਨੋ ਸ਼ਹਿਦ ਚੋਂਦਾ ਹੈ)॥’’ (ਮ: ੧/੨੩)
ਗੁਰੂ ਨਾਨਕ ਦੇਵ ਜੀ ਰੂਹਾਨੀਅਤ ਤੋਂ ਸੱਖਣੇ ਪਰ ਆਪਣੇ ਆਪ ਨੂੰ ਗੁਣੀ-ਗਿਆਨੀ ਬਣੇ ਲੋਕਾਂ ਨੂੰ ਇੱਕ ਬੁਝਾਰਤ ਪਾਉਂਦੇ ਹਨ ਕਿ ਹੇ ਪ੍ਰਭੂ! ‘ਜਪੁ ਤਪੁ’ ਕਰਨ ਉਪਰੰਤ ਵੀ ਅਗਰ ਮੇਰੇ ਅੰਦਰ ਅਹੰਕਾਰ ਰਹਿ ਜਾਵੇ (ਭਾਵ ਤੈਥੋਂ ਪ੍ਰਭਾਵਤ ਨਾ ਹੋ ਸਕਿਆ) ਤਾਂ (ਸਮਝੋ) ਤੇਰੇ ਨਾਲ ਸੁਰਤ ਨਹੀਂ ਜੁੜੀ ਪਰ ਜਦ ਤੂੰ ਪ੍ਰਤੱਖ ਵਿਖਾਈ ਦੇਂਦਾ ਹੈਂ ਤਾਂ (ਤੇਰੀ ਅਸੀਮ ਸ਼ਕਤੀ ਦੇ ਮੁਕਾਬਲੇ ਮੇਰੀ ਤੁਛ ਹੋਂਦ) ਮੇਰੇ ਅੰਦਰੋਂ ਹਉਮੈ ਖਤਮ ਕਰ ਦਿੰਦੀ ਹੈ। ਹੇ ਗਿਆਨੀ ਮਨੁੱਖ ! ਮੇਰੇ ਅੰਦਰੋਂ ਮਾਲਕ ਨਾਲ ਹੋਈ ਇਹ ਅਕੱਥ-ਕਥਾ (ਵਾਰਤਾਲਾਪ) ਨੂੰ ਅਨੁਭਵ ਕਰਕੇ ਦੱਸ। ਬੇਸ਼ੱਕ ਵਰਣਨ ਰਹਿਤ ਰੱਬ ਸਭ ਅੰਦਰ ਵੱਸਦਾ ਹੈ, ਪਰ ਫਿਰ ਵੀ ਉਸ ਦੀ ਸਮਝ ਗੁਰੂ ਬਿਨਾਂ ਨਹੀਂ ਹੋ ਸਕਦੀ। ਉਹ (ਰੱਬ) ਮੇਰੇ ਅੰਦਰ ਹੈ ਤੇ ਮੈ ਉਸ ਦਾ ਰੂਪ ਹਾਂ, ਇਹ ਰੁਤਬਾ ਦੇਣ ਵਾਲ਼ਾ ‘ਜਪੁ’ ਜਦ ਜਪੋਗੇ ਤਾਂ ਇਕੱਲਾ ਤੂੰ ਹੀ ਨਹੀਂ ਬਲਕਿ ਤਿੰਨੇ ਲੋਕ ਹੀ ਉਸ (ਅਕਾਲ ਪੁਰਖ) ਵਿੱਚ ਲੀਨ ਹੋ ਜਾਣਗੇ: ‘‘ਹਉ ਮੈ ਕਰੀ, ਤਾਂ ਤੂ ਨਾਹੀ; ਤੂ ਹੋਵਹਿ, ਹਉ ਨਾਹਿ ॥ ਬੂਝਹੁ ਗਿਆਨੀ ! ਬੂਝਣਾ (ਪਹੇਲੀ); ਏਹ ਅਕਥ ਕਥਾ, ਮਨ ਮਾਹਿ ॥ ਬਿਨੁ ਗੁਰ ਤਤੁ ਨ ਪਾਈਐ; ਅਲਖੁ ਵਸੈ ਸਭ ਮਾਹਿ ॥ . ਨਾਨਕ ! ਸੋਹੰ ਹੰਸਾ ‘ਜਪੁ’ ਜਾਪਹੁ; ਤ੍ਰਿਭਵਣ ਤਿਸੈ ਸਮਾਹਿ ॥’’ (ਮ: ੧/੧੦੯੩)

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ‘ਜਪੁ’ ਵਿਸ਼ੇ ਨਾਲ ਸੰਬੰਧਿਤ ਤਿੰਨ ਭਾਗ ਉਜਾਗਰ ਹੁੰਦੇ ਹਨ:

(ਭਾਗ 1). ਗੁਰੂ ਉਪਮਾ (ਜੋ ‘ਜਪੁ’ ਜੀ ਸਾਹਿਬ ਬਾਣੀ ਦੀਆਂ ਪਹਿਲੀਆਂ 15 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਭਾਗ 2). ਰੱਬੀ ਸਿਮਰਨ (ਜੋ 15 ਤੋਂ 33 ਪਉੜੀਆਂ ਤੱਕ ਵਿਸ਼ਾ ਚੱਲਦਾ ਹੈ)।

(ਨੋਟ: ਗੁਰੂ ਅਰਜਨ ਸਾਹਿਬ ਜੀ ਨੇ ‘ਸੁਖਮਨੀ’ ਬਾਣੀ ਦੀ ਰਚਨਾ ਕੀਤੀ, ਜਿਸ ਦਾ ਮੂਲ ਵਿਸ਼ਾ ‘ਸਿਮਰਨ’ ਦੀ ਮਹਿਮਾ (ਜਾਂ ਫਲ਼) ਹੈ; ਜਿਵੇਂ ਕਿ ‘‘ਪ੍ਰਭ ਕੈ ਸਿਮਰਨਿ (ਨਾਲ), ਗਰਭਿ ਨ ਬਸੈ॥’’ (ਮ: ੫/੨੬੨) ਆਦਿ ਅਤੇ ਗੁਰਬਾਣੀ ‘ਜਪੁ, ਜਾਪੁ, ਸਿਮਰਨੁ, ਸਿਮਰਣੁ’ ਸ਼ਬਦ ਬਣਤਰ ਨੂੰ ਸਮਾਨੰਤਰ ਅਰਥਾਂ ’ਚ ਪ੍ਰਵਾਨ ਕਰਦੀ ਹੈ; ਜਿਵੇਂ

ਜਿਹ ਪ੍ਰਸਾਦਿ, ਸਭ ਕੀ ਗਤਿ ਹੋਇ॥ ਨਾਨਕ ! ‘ਜਾਪੁ’ ਜਪੈ ‘ਜਪੁ’ ਸੋਇ ॥ (ਗਉੜੀ ਸੁਖਮਨੀ/ ਮ: ੫/੨੭੦)

ਜਾ ਕੈ ‘ਸਿਮਰਣਿ’, ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥ ਸਾਸਿ ਗਿਰਾਸਿ ਜਪਹੁ ‘ਜਪੁ’ ਰਸਨਾ; ਨੀਤ ਨੀਤ ਗੁਣ ਗਾਈਐ ॥ (ਮ: ੫/੩੮੨) ਭਾਵ ਜਿਸ ਦੇ ਸਿਮਰਨ (ਯਾਦ ਕਰਨ) ਨਾਲ ਆਤਮਿਕ ਗਿਰਾਵਟ ਤੋਂ ਮੁਕਤੀ ਮਿਲੇ ਤੇ ਲੋਕ ਪ੍ਰਲੋਕ ’ਚ ਅਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਸਿਮਰਨ (ਜਪੁ) ਜੀਭ ਤੋਂ ਹਰ ਸੁਆਸ ਨਾਲ ਤੇ ਹਰ ਗਿਰਾਹੀ ਲੈਂਦਿਆਂ ਜਪੋ, ਹਮੇਸ਼ਾਂ ਉਸ ਦੇ ਗੁਣ ਗਾਉਣੇ ਚਾਹੀਦੇ ਹਨ।

  ਉਕਤ ਕੀਤੀ ਗਈ ਵਿਚਾਰ ਕਿ ‘ਸਿਮਰਨੁ, ਸਿਮਰਣੁ, ਜਪੁ, ਜਾਪੁ’ ਸ਼ਬਦ ਸਮਾਨੰਤਰ ਅਰਥ ਦਿੰਦੇ ਹਨ। ਇੱਥੇ ਇਹ ਵਿਚਾਰ ਵੀ ਅਤਿ ਜ਼ਰੂਰੀ ਹੈ ਕਿ ‘ਸੁਖਮਾਨੀ’ ਸਾਹਿਬ ’ਚ ਦਰਜ ਸ਼ਬਦ ‘ਸਿਮਰਨਿ’ (ਕਰਣ ਕਾਰਕ) ਦੀ ਬਜਾਏ ‘ਜਪਿ ਜਾਂ ਜਾਪਿ’ ਦਰਜ ਕਰਕੇ ‘‘ਪ੍ਰਭ ਕੈ ਜਪਿ (ਨਾਲ), ਗਰਭਿ ਨ ਬਸੈ॥’’ ਜਾਂ ‘‘ਪ੍ਰਭ ਕੈ ਜਾਪਿ (ਨਾਲ), ਗਰਭਿ ਨ ਬਸੈ॥’’ ਭਾਵਾਰਥ ਤਾਂ ਗੁਰਮਤਿ ਅਨੁਸਾਰੀ ਬਣ ਸਕਦੇ ਹਨ ਪਰ ਗੁਰਬਾਣੀ ਲਿਖਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਗੁਰਬਾਣੀ ’ਚ ‘ਜਪਿ’ (440 ਵਾਰ) ਤੇ ‘ਜਾਪਿ’ (38 ਵਾਰ) ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹਨ, ਜਿਨ੍ਹਾਂ ਨੂੰ ‘ਸਿਮਰਨਿ’ ਜਾਂ ‘ਸਿਮਰਣਿ’ ਸ਼ਬਦ ਸਰੂਪਾਂ ਵਾਙ ‘ਜਪਿ, ਜਾਪਿ’ (ਕਰਣ ਕਾਰਕ) ਬਣਾ ਕੇ ਰਲ਼ਗੱਡ (ਭੁਲੇਖਾ ਪਾਉ) ਨਹੀਂ ਕੀਤਾ ਜਾ ਸਕਦਾ। ਇਸ ਨਿਯਮ ਮੁਤਾਬਕ ਹੀ ਜਿਵੇਂ ‘ਨਾਮੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਨਾਮ ਜਪ ਜਾਂ ਨਾਮ ਜਪਣਾ’ (ਕਿਰਿਆ) ਅਤੇ ‘ਅਨੰਦੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਅਨੰਦ ਕਰ ਜਾਂ ਅਨੰਦ ਮਾਣਨਾ’ (ਕਿਰਿਆ) ਨਹੀਂ ਬਣ ਸਕਦੇ, ਉਸੇ ਤਰ੍ਹਾਂ ‘ਜਪੁ’ ਤੇ ‘ਜਾਪੁ’ (ਇੱਕ ਵਚਨ ਪੁਲਿੰਗ) ਦਾ ਅਰਥ: ‘ਯਾਦ ਕਰ ਜਾਂ ਚੇਤੇ ਕਰਨਾ’ (ਕਿਰਿਆ) ਨਹੀਂ ਹੋ ਸਕਦੇ। ਧਿਆਨ ਰਹੇ ਕਿ ‘ਸਿਮਰਨੁ’ (46 ਵਾਰ) ਤੇ ‘ਸਿਮਰਣੁ’ (5 ਵਾਰ, ਅੰਤ ਔਂਕੜ, ਇੱਕ ਵਚਨ ਪੁਲਿੰਗ) ਦਾ ਸਰੂਪ ‘ਸਿਮਰਨਿ’ (70 ਵਾਰ) ਤੇ ‘ਸਿਮਰਣਿ’ (9 ਵਾਰ, ਅੰਤ ਸਿਹਾਰੀ, ਕਰਣ ਕਾਰਕ) ਇਸ ਲਈ ਬਣ ਗਿਆ ਕਿਉਂਕਿ ਗੁਰਬਾਣੀ ’ਚ ‘ਸਿਮਰਨਿ’ ਤੇ ‘ਸਿਮਰਣਿ’ (ਕਰਣ ਕਾਰਕ) ਸ਼ਬਦ ਸਰੂਪ ਇੱਕ ਵਾਰ ਵੀ ਕਿਰਿਆ ਵਿਸ਼ੇਸ਼ਣ ਜਾਂ ਹੁਕਮੀ ਭਵਿੱਖ ਕਾਲ ਕਿਰਿਆ ’ਚ ਦਰਜ ਨਹੀਂ ਹਨ।

ਸੋ, ‘ਸਿਮਰਨ ਦੀ ਮਹਿਮਾ’ ਅਤੇ ‘ਸਿਮਰਨ’; ਦੋ ਭਿੰਨ-ਭਿੰਨ ਵਿਸ਼ੇ ਹਨ। ‘ਜਪੁ’ ਸਿਰਲੇਖ ਦਾ ਰੂਪਾਂਤਰਨ ‘ਸਿਮਰਨੁ’ ਮੰਨਣਾ ਵੀ ਗੁਰਮਤਿ ਅਨੁਸਾਰੀ ਹੈ। ‘ਸੁਖਮਨੀ’ ਬਾਣੀ ‘ਜਪੁ’ ਪੜ੍ਹਨ ਵੱਲ ਹੀ ਪ੍ਰੇਰਿਤ ਕਰਦੀ ਹੈ। ਇਹ ਵੱਖਰਾ ਵਿਸ਼ਾ ਹੈ ਕਿ ਅਸੀਂ ‘ਸੁਖਮਨੀ’ ਰਾਹੀਂ ਦਿੱਤੇ ਗਏ ਇਸ ਉਪਦੇਸ਼ ਦਾ ਕਿੰਨਾ ਕੁ ਪਾਲਣ ਕਰਦੇ ਹਾਂ ?)

(ਭਾਗ 3). ਰੂਹਾਨੀਅਤ ਦੀ ਵਿਆਖਿਆ (ਜੋ ‘ਜਪੁ’ ਦੀਆਂ 34 ਤੋਂ 37 ਪਉੜੀਆਂ ਤੱਕ ਕੀਤੀ ਗਈ ਹੈ)।

ਗੁਰਬਾਣੀ ’ਚ ਜਿੱਥੇ ‘ਸਿਮਰਨੁ’ (ਜਪੁ) ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਉੱਥੇ ਗੁਰਮਤਿ ਦੇ ਪ੍ਰਚਾਰਕਾਂ ਲਈ ਵੀ ਖ਼ਾਸ ਹਦਾਇਤਾਂ ਹਨ; ਜਿਵੇਂ ਕਿ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ‘ਜਪੁ’ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮ: ੫/੩੮੧) ਭਾਵ ਰਾਮ ਦੇ ਨਾਮ (ਗੁਣਾਂ) ਦਾ ‘ਜਪੁ’ ਹਿਰਦੇ ’ਚ ਜਪਣਾ ਚਾਹੀਦਾ ਹੈ ਇਉਂ ਪਹਿਲਾਂ ਆਪਣੇ ਮਨ ਨੂੰ ਕਾਬੂ ਕੀਤਾ ਜਾਵੇ (ਭਾਵ ਪਹਿਲਾਂ ‘‘ਚਉਦਹ ਰਤਨ ਨਿਕਾਲਿਅਨੁ’’) ਫਿਰ ਹੋਰਾਂ ਲਈ ਮੂੰਹੋਂ ਵਚਨ ਬੋਲੇ ਜਾਣ, ਪ੍ਰੇਰਿਤ ਕੀਤਾ ਜਾਵੇ, ਪਰ ਅੱਜ-ਕੱਲ ਸਿੱਖੀ ਦੀ ਗਿਰਾਵਟ ਦਾ ਮੂਲ ਕਾਰਨ ਜੀਵਨ ਵਿਹੂਣੇ ਪ੍ਰਚਾਰਕ ਹਨ, ਜਿਨ੍ਹਾਂ ’ਚੋਂ ਬਹੁਤਾਤ ‘‘ਰੋਟੀਆ ਕਾਰਣਿ ਪੂਰਹਿ ਤਾਲ ॥’’ (ਮ: ੧/੪੬੫) ਵਚਨਾਂ ’ਤੇ ਹੀ ਪਹਿਰਾ ਦੇਂਦੇ ਨਜ਼ਰ ਆਉਂਦੇ ਹਨ। ਇਹ ‘ਰੋਟੀਆਂ’ ਸਰੀਰ ਦਾ ਵਿਕਾਸ ਕਰਨ ਵਾਲ਼ੀਆਂ ਵੀ ਹੋ ਸਕਦੀਆਂ ਹਨ ਤੇ ਹਊਮੈ ਦਾ ਵਿਕਾਸ ਕਰਨ ਵਾਲ਼ੀਆਂ ਵੀ।

ਇੱਕ ਵਰਗ ਮੁਤਾਬਕ ਗੁਰਬਾਣੀ ਪੜ੍ਹਨੀ ਜਾਂ ਸੱਚੀ ਕਿਰਤ ਕਰਨੀ ਹੀ ‘ਸਿਮਰਨ’ ਹੈ। ਇਨ੍ਹਾਂ ਦੁਆਰਾ ਵਿਚਾਰ ਰੱਖਣ ਦਾ ਅੰਦਾਜ਼ ਹੀ ਇਨ੍ਹਾਂ ਨੂੰ ਗੁਰੂ ਜਾਂ ਰੱਬੀ ਡਰ-ਅਦਬ ਦੇ ਪ੍ਰਭਾਵ ਤੋਂ ਮੁਕਤ ਦਰਸਾਉਂਦਾ ਹੈ ਜਦਕਿ ਦੂਸਰੇ ਵਰਗ ਨੇ ਜਿੱਥੇ ਬੈਠ ਕੇ ਸਿਮਰਨ ਕੀਤਾ ਉੱਥੋਂ ਦੀਆਂ ਕੰਧਾਂ ਦਰਵਾਜ਼ੇ ਵੀ ਨਾਲ ਨਾਲ ‘ਸਿਮਰਨ’ ਕਰਨ ਲੱਗ ਪਏ, ਪ੍ਰਚਾਰਿਆ ਗਿਆ ਜਦਕਿ ਸਚਾਈ ਇਹ ਵੀ ਹੈ ਕਿ ਗੁਰਬਾਣੀ ’ਚ ਕੇਵਲ ਇੱਕ ਰਚਨਾ ਹੀ ਅਜਿਹੀ ਹੈ, ਜਿਸ ਦਾ ਸਿਰਲੇਖ ‘ਸਿਮਰਨ’ ਨਾਲ ਸੰਬੰਧਿਤ ‘ਜਪੁ’ ਹੈ ਪਰ ਸਾਡੀ ਅਗਿਆਨਤਾ ‘ਜਪੁ’ ਨੂੰ ਸਿਰਲੇਖ ਮੰਨਣ ਦੀ ਬਜਾਏ ॥ ਜਪੁ॥ ਸਮੇਤ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਸਲੋਕ ਨੂੰ ਵੀ ਮੂਲ ਮੰਤਰ ਦਾ ਭਾਗ ਬਣਾਉਣ ਲਈ ਜ਼ਿੱਦ ਕਰਦੀ ਹੈ, ਜੋ ‘ਸਿਮਰਨ’ ਦੀ ਕਮਾਈ (ਨਿਮਰਤਾ) ਦੇ ਵਿਪਰੀਤ ਹੈ ਜਦਕਿ ‘ਜਪੁ’ ਦੇ ਦੋਵੇਂ ਪਾਸੇ ਦੋ-ਦੋ ਡੰਡੇ ॥ ਜਪੁ॥ ਇਸ ਨੂੰ ਮੂਲ ਮੰਤਰ ਤੋਂ ਨਿਖੇੜ ਕੇ ਬਾਣੀ ਦਾ ਨਾਂ (ਸਿਰਲੇਖ) ਸਪਸ਼ਟ ਕਰਦੇ ਹਨ।

ਗੁਰਬਾਣੀ ਦੇ ਮੁੱਢਲੇ ਤਿੰਨ ਅਸੂਲ ਹਨ: ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ’; ਅਗਰ ‘ਕਿਰਤ ਕਰਨ’ ਨੂੰ ਹੀ ‘ਨਾਮ ਜਪਣਾ’ ਮੰਨ ਲਈਏ ਤਾਂ ਇਹ ਅਸੂਲ ਤਿੰਨ ਦੀ ਬਜਾਏ ਦੋ ਰਹਿ ਜਾਣਗੇ: ‘ਕਿਰਤ ਕਰਨੀ ਤੇ ਵੰਡ ਛਕਣਾ’, ਜੋ ਤਰਕਸ਼ੀਲ ਵਿਚਾਰਧਾਰਾ ਦਾ ਮੂਲ ਹੈ। ਉਨ੍ਹਾਂ ਲਈ ਅਦ੍ਰਿਸ਼ ਸ਼ਕਤੀ ਕੋਈ ਮਾਇਨਾ ਨਹੀਂ ਰੱਖਦੀ ਜਦਕਿ ‘ਜਪੁ’ ਦੀ ਕਮਾਈ ਰੱਬੀ ਬਖ਼ਸ਼ਸ਼ ਬਿਨਾਂ ਅਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਵਚਨ ਕਰਦੇ ਹਨ ਕਿ ਮਨੁੱਖ; ਚੰਚਲਤਾ (ਸੁਆਸ) ਰੋਕ ਕੇ ਮਨ ਵਿੱਚੋਂ ‘ਜਪੁ’ ਕਰਦਾ ਹੈ, ਸਿਰ ਪਰਨੇ ਵਿਚਰਦਾ ਹੈ, ਪਰ (ਗੁਰੂ ਤੇ ਇਲਾਹੀ ਮਦਦ ਤੋਂ ਬਿਨਾਂ) ਇਉਂ ਕਿਸ ਦੇ ਆਸਰੇ ਤੇ ਕਿਸ ਤਾਕਤ ਨਾਲ (ਸ਼ਾਂਤੀ) ਮਿਲੇ ? ਦਰਅਸਲ ਇਨ੍ਹਾਂ ਦਾ ਵੀ ਕੀ ਕਸੂਰ ? ਉੱਚਾ ਰੁਤਬਾ ਕਰਤਾਰ ਕਿਸ ਨੂੰ ਦੇਂਦਾ ਹੈ, ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹ ਸਭ ਨੂੰ ਆਪਣੇ ਹੁਕਮ ’ਚ ਰੱਖਦਾ ਹੈ ਪਰ ਮੂਰਖ ਇਸ ਭੇਤ ਨੂੰ ਸਮਝਣ ਦੀ ਬਜਾਏ ਆਪਣੇ ਆਪ (ਹਉਮੈ) ਨੂੰ ਤਰਜੀਹ ਦੇਂਦਾ ਹੈ: ‘‘ਪਉਣੁ ਮਾਰਿ, ਮਨਿ ਜਪੁ ਕਰੇ; ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ? ਕਿਸ ਨੋ ਜੋਰੁ ਕਰੇਇ ? ॥ ਕਿਸ ਨੋ ਕਹੀਐ ਨਾਨਕਾ ! ਕਿਸ ਨੋ ਕਰਤਾ ਦੇਇ ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧)

ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਵਚਨ ਹਨ ਕਿ ਪ੍ਰਮਾਤਮਾ ਆਪ ਹੀ ‘ਜਪੁ’ ਰਾਹੀਂ ਨਜ਼ਦੀਕੀਆਂ ਬਣਾਉਂਦਾ ਹੈ ਤੇ ਆਪ ਹੀ ‘ਜਪੁ’ ਸ਼ਸਤਰ (ਸ਼ਕਤੀ) ਤੋਂ ਦੂਰ ਕਰਦਾ ਹੈ:

ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ‘ਜਪੁ’ ਜਾਪੈ ॥ (ਮ: ੪/੬੦੫)

ਭਾਣੈ ਜਪ ਤਪ ਸੰਜਮੋ; ਭਾਣੈ ਹੀ ਕਢਿ ਲੇਇ ॥ (ਮ: ੫/੯੬੩) ਭਾਵ ਆਪਣੀ ਰਜ਼ਾ ’ਚ ਹੀ ਮੰਤਰ ਪਾਠ, ਧੂਣੀਆਂ ਤਪਾਉਣ ਤੇ ਇੰਦ੍ਰਿਆਂ ਨੂੰ ਕਾਬੂ ਕਰਵਾਉਣ ਵਾਲੀ ਕਠੋਰਤਾ ਵੱਲ ਪ੍ਰੇਰਦਾ ਹੈ ਤੇ ਆਪਣੀ ਰਜ਼ਾ ਮੁਤਾਬਕ ਹੀ ਇਨ੍ਹਾਂ ਨੂੰ ਵਿਕਾਰਾਂ ਤੋਂ ਮੁਕਤ ਕਰਵਾ ਲੈਂਦਾ ਹੈ।

ਤੁਮ ਤੇ ਸੇਵ, ਤੁਮ ਤੇ ਜਪ ਤਾਪਾ; ਤੁਮ ਤੇ ਤਤੁ ਪਛਾਨਿਓ ॥ (ਮ: ੫/੧੨੧੬) ਭਾਵ ਹੇ ਮਾਲਕ! ਤੇਰੀ ਮਿਹਰ ਨਾਲ ਹੀ ਸੇਵਾ ਹੋ ਸਕਦੀ ਹੈ, ‘ਜਪੁ ਤਪੁ’ ਹੋ ਸਕਦਾ ਹੈ ਤੇ ਤੇਰੀ ਕਿਰਪਾ ਨਾਲ ਹੀ ਅਸਲੀਅਤ (ਚੰਗੇ-ਮੰਦੇ) ਦੀ ਸਮਝ ਹੁੰਦੀ ਹੈ।

ਭਗਤ ਕਬੀਰ ਜੀ ਦੇ ਵਚਨ ਹਨ ਕਿ ਅਕਾਲ ਪੁਰਖ ਨੇ ਮੈਨੂੰ ਗੁਰੂ ਸੰਗਤ ’ਚ ਮਿਲਾ ਲਿਆ, ਪੰਜ ਕਾਮਾਦਿਕਾਂ ਤੋਂ ਬਚਾ ਲਿਆ। ਅੰਮ੍ਰਿਤ ਨਾਮ (ਜਪੁ) ਜੀਭ ਨਾਲ ਜਪਦਾ ਹਾਂ ਕਿਉਂਕਿ ਮਾਲਕ ਨੇ ਆਪਣਾ ਅਮੋਲਕ ਦਾਸ ਬਣਾਇਆ ਹੈ: ‘‘ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮ੍ਰਿਤ ਨਾਮੁ; ਜਪਉ ਜਪੁ ਰਸਨਾ ॥ ਅਮੋਲ ਦਾਸੁ; ਕਰਿ ਲੀਨੋ ਅਪਨਾ ॥’’ (ਭਗਤ ਕਬੀਰ/੩੩੧)

ਗੁਰੂ ਤੇਗ ਬਹਾਦਰ ਜੀ; ਮਨੁੱਖ ਨੂੰ ਹਿੰਮਤ ਬਖ਼ਸ਼ਦੇ ਹੋਏ ਵਚਨ ਕਰਦੇ ਹਨ ਕਿ ਹੇ ਪ੍ਰਭੂ! ਮੇਰੇ ਅੰਦਰ ਕੋਈ ਗੁਣ ਨਹੀਂ ਕਿਉਂਕਿ ਕੋਈ ‘ਜਪੁ ਤਪੁ’ ਨਹੀਂ ਕੀਤਾ, ਇਹ ਵੀ ਸਮਝ ਨਹੀਂ ਕਿ ਕੀ ਕੀਤਾ ਜਾਵੇ ? ਪਰ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਵਿਕਾਰਾਂ ਦਾ ਮੁਕਾਬਲਾ ਕਰਨ ਲਈ ਹੌਸਲਾ (ਹਿੰਮਤ) ਬਖ਼ਸ਼ਸ਼ ਕਰ: ‘‘ਨਾਹਿਨ ਗੁਨੁ, ਨਾਹਿਨ ਕਛੁ ਜਪੁ ਤਪੁ; ਕਉਨੁ ਕਰਮੁ ਅਬ ਕੀਜੈ ? ॥ ਨਾਨਕ ! ਹਾਰਿ ਪਰਿਓ ਸਰਨਾਗਤਿ; ਅਭੈ ਦਾਨੁ, ਪ੍ਰਭ ! ਦੀਜੈ ॥’’ (ਮ: ੯/੭੦੩)

ਸੋ, ਰੁਜ਼ਾਨਾ ਰਹਰਾਸਿ ’ਚ ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ, ਰਾਖਹੁ ਸਰਮਾ ॥’’ (ਮ: ੫/੧੨/੩੭੮) ਬੇਨਤੀ ਕਰਨ ਵਾਲ਼ਾ ਸਿੱਖ; ‘ਨਾਮ ਜਪਣ’ ਨੂੰ ‘ਕਿਰਤ ਕਰਨ’ ’ਚ ਤਬਦੀਲ ਕਰਕੇ ਰੱਬੀ ਬਖ਼ਸ਼ਸ਼ ਤੋਂ ਮੁਨਕਰ (ਇਨਕਾਰੀ) ਨਹੀਂ ਹੋ ਸਕਦਾ, ਇਹ ਕਿਸੇ ਅਸਿੱਖ ਪ੍ਰਚਾਰਕ ਦੀ ਸੋਚ ਹੋ ਸਕਦੀ ਹੈ।

ਗੁਰਬਾਣੀ ’ਚ 6 ਵਾਰ ‘ਜਪੁ’ ਤੇ ‘ਜਾਪਿ’ (ਸੰਯੁਕਤ) ਸ਼ਬਦ ਇੱਕੋਂ ਤੁਕ ’ਚ ਦਰਜ ਹਨ, ਜਿਨ੍ਹਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ‘ਜਪੁ’ ਨਾਂਵ ਹੈ ਜਦਕਿ ‘ਜਾਪਿ’ ਹੁਕਮੀ ਭਵਿੱਖ ਕਾਲ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ: ‘ਤੂੰ ਜਪ, ਤੂੰ ਸਿਮਰ’ ਭਾਵ ਹਰੀ ‘ਜਪੁ’ ਨੂੰ ਤੂੰ ਜਪ, ਹਰੀ ਸਿਮਰਨ ਨੂੰ ਤੂੰ ਸਿਮਰ’ ਆਦਿ (ਹੁਕਮੀ ਭਵਿੱਖ ਕਾਲ ਕਿਰਿਆ) ਅਤੇ ‘ਜਪ ਕੇ’ (ਕਿਰਿਆ ਵਿਸੇਸ਼ਣ); ਜਿਵੇਂ ਕਿ

ਬੂਝਹੁ ਹਰਿ ਜਨ ! ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ! ਹਰਿ ‘ਜਪੁ’ (ਨੂੰ) ਜਪਿ (ਤੂੰ ਜਪ) ਰਿਦੈ ਧਿਆਈ ਹੇ ॥ (ਮ: ੧/੧੦੨੫)

ਜਿਸ ਨੋ ਕ੍ਰਿਪਾ ਕਰੇ; ਸੋ ਧਿਆਵੈ ॥ ਨਿਤ ਹਰਿ ‘ਜਪੁ’ (ਨੂੰ) ਜਾਪੈ; ਜਪਿ (ਜਪ ਕੇ) ਹਰਿ ਸੁਖੁ ਪਾਵੈ ॥ (ਮ: ੪/੯੯੮)
ਮੇਰੇ ਮਨ ! ‘ਜਪੁ’ (ਨੂੰ) ਜਪਿ (ਤੂੰ ਸਿਮਰ) ਹਰਿ ਨਾਰਾਇਣ ॥ ਕਬਹੂ ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥ (ਮ: ੫/੯੭੯), ਆਦਿ।

ਗੁਰਬਾਣੀ ਲਿਖਤ ਦਾ ਇਹ ਪੱਕਾ ਨਿਯਮ ਹੈ ਕਿ ਜੋ ਸ਼ਬਦ ਕਿਸੇ ਸੰਬੰਧਕੀ ਚਿੰਨ੍ਹ ਦੇ ਦਰਜ ਹੋਣ ਨਾਲ ਅੰਤ ਮੁਕਤਾ ਹੋ ਜਾਵੇ ਉਹ ਇੱਕ ਵਚਨ ਪੁਲਿੰਗ ਹੁੰਦਾ ਹੈ; ਜਿਵੇਂ ਕਿ ‘ਜਪ ਤਪ ਕਾ’ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ (ਤੁਰੰਤ) ॥’’ (ਮ:੧/੭੨੯) ਭਾਵ ਜਪ (ਰੱਬੀ ਯਾਦ) ਅਤੇ ਤਪ (ਹੱਥੀਂ ਸੇਵਾ) ਕਰਨ ਨੂੰ ਸੋਹਣੀ ਕਿਸ਼ਤੀ (ਨੌਕਾ) ਬਣਾ, ਜਿਸ ਰਾਹੀਂ ਤੂੰ ਜਲਦੀ (ਸੰਸਾਰ ਸਮੁੰਦਰ) ਲੰਘ ਜਾਵੇਂਗਾ। ਇਸ ਤੁਕ ’ਚ ‘ਜਪੁ ਤਪੁ’ ਨੂੰ ‘ਕਾ’ ਸੰਬੰਧਕੀ ਚਿੰਨ੍ਹ ਨੇ ਅੰਤ ਮੁਕਤਾ ਕਰ ਦਿੱਤਾ, ਜੋ ਗੁਰਬਾਣੀ ’ਚ ਕੇਵਲ ਇੱਕ ਵਾਰ ਹੀ ਦਰਜ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਕੇਵਲ ‘ਜਪੁ’ (ਅੰਤ ਔਂਕੜ, ਸ਼ਬਦ) ਨਾਲ ਸੰਬੰਧਿਤ ਹੈ। ਇਸ ਲਈ ਗੁਰਬਾਣੀ ਮੁਤਾਬਕ ‘ਜਪ’ (ਅੰਤ ਮੁਕਤਾ, ਬਹੁ ਵਚਨ 39 ਵਾਰ) ਪੰਡਿਤਾਂ ਦੁਆਰਾ ਕੀਤਾ ਜਾਂਦਾ ਉਹ ਮੰਤਰ ਪਾਠ ਹੈ, ਜਿਸ ਵਿੱਚ ਰੱਬੀ ਪਿਆਰ ਸ਼ਾਮਲ ਨਹੀਂ, ਜਿਸ ਕਾਰਨ ਗੁਰਮਤਿ ਲਈ ਅਪ੍ਰਵਾਨ ਹੈ; ਜਿਵੇਂ

ਅਸੰਖ ‘ਜਪ’; ਅਸੰਖ ਭਾਉ ॥ (ਜਪੁ) (ਨੋਟ: ਇਸ ਤੁਕ ’ਚ ‘ਜਪ’ ਦਾ ਭਾਵਾਰਥ ‘ਭਾਉ’ (ਪ੍ਰੇਮ) ਨਹੀਂ ਬਲਕਿ ‘ਜਪ’ ਤੇ ‘ਭਾਉ’ ਭਿੰਨ-ਭਿੰਨ ਹਨ।)

ਅਨਿਕ ਬਰਖ; ਕੀਏ ‘ਜਪ’ ਤਾਪਾ ॥ ਗਵਨੁ ਕੀਆ; ਧਰਤੀ ਭਰਮਾਤਾ॥ ਇਕੁ ਖਿਨੁ ਹਿਰਦੈ ਸਾਂਤਿ ਨ ਆਵੈ; ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥ (ਮ:੫/੯੮)

ਪ੍ਰਭ ਕੈ ਸਿਮਰਨਿ, ‘ਜਪ’ ਤਪ ਪੂਜਾ ॥ (ਮ:੫/੨੬੨) (ਭਾਵ ਰੱਬੀ ਯਾਦ ’ਚ ਹੀ ਸਭ ਜਪ, ਤਪ ਆ ਗਏ, ਹੁਣ ਇਨ੍ਹਾਂ ਨੂੰ ਅਲੱਗ ਕਰਨ ਦੀ ਲੋੜ ਨਹੀਂ)

ਸਭਿ ‘ਜਪ’ ਸਭਿ ਤਪ; ਸਭ ਚਤੁਰਾਈ ॥ ਊਝੜਿ ਭਰਮੈ; ਰਾਹਿ ਨ ਪਾਈ॥ (ਮ:੧/੪੧੨)

‘ਜਪ’ ਤਪ ਸੰਜਮ ਕਰਮ ਨ ਜਾਨਾ, ਨਾਮੁ ਜਪੀ (ਜਪੀਂ ਭਾਵ ਜਪਦਾ ਹਾਂ) ਪ੍ਰਭ ! ਤੇਰਾ ॥ (ਮ:੧/੮੭੮)

ਇਕਿ (ਭਾਵ ਕਈ) ‘ਜਪ’ ਤਪ ਕਰਿ ਕਰਿ (ਕੇ) ਤੀਰਥ ਨਾਵਹਿ ॥ (ਪਰ ਇਨ੍ਹਾਂ ਦਾ ਕੀ ਕਸੂਰ ?) ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥ (ਮ:੧/੧੦੨੪)

ਹੋਮ ਜਗ, ‘ਜਪ’ ਤਪ ਸਭਿ ਸੰਜਮ, ਤਟਿ+ਤੀਰਥਿ (ਉੱਤੇ) ਨਹੀ ਪਾਇਆ ॥ (ਮ:੫/੧੧੩੯)

ਸਗਲੇ ਕਰਮ ਧਰਮ ਸੁਚਿ ਸੰਜਮ, ‘ਜਪ’ ਤਪ ਤੀਰਥ ਸਬਦਿ (’ਚ ਹੀ) ਵਸੇ ॥’’ (ਮ:੧/੧੩੩੨), ਆਦਿ।

ਭਗਤ ਨਾਮਦੇਵ ਜੀ ਹਿੰਦੂ ਫ਼ਿਲਾਸਫ਼ੀ ਦੇ ਚੰਗੇ ਗਿਆਤਾ ਸਨ, ਜਿਨ੍ਹਾਂ ਨੇ ਬ੍ਰਾਹਮਣਾਂ ਵੱਲੋਂ ਕੀਤੇ ਜਾਂਦੇ ਧਾਰਮਿਕ ਕਾਰਜਾਂ ਨੂੰ ਬਾਰੀਕੀ ਨਾਲ ਵਿਚਾਰਿਆ ਤੇ ‘ਜਪ’ਰਾਹੀਂ ਹੁੰਦੀ ਮਨ ਦੀ ਸ਼ੁੱਧਤਾ ਨੂੰ ਆਧਾਰ (ਸਾਰ ਭਾਵ ਰਹਾਉ) ਬਣਾ ਕੇ ਪਦੇ ਦੀ ਰਚਨਾ ਕੀਤੀ: ‘‘ਕਾਹੇ ਕਉ ਕੀਜੈ ਧਿਆਨੁ ਜਪੰਨਾ ? ॥ ਜਬ ਤੇ, ਸੁਧੁ ਨਾਹੀ; ਮਨੁ ਅਪਨਾ ॥੧॥ ਰਹਾਉ ॥ (ਭਗਤ ਨਾਮਦੇਵ/੪੮੫)  ਭਾਵ ‘‘ਧਿਆਨੁ ਜਪੰਨਾ’’ (ਭਾਵ ਜਪ ਦੌਰਾਨ ਅੱਖਾਂ ਬੰਦ ਕਰਨ ਵਾਲ਼ਾ ਧਿਆਨ) ਕਾਹੇ ਕਉ ਕੀਜੈ ?॥ ਜਬ ਤੇ (ਜਦ ਤੱਕ) ‘‘ਧਿਆਨੁ ਜਪੰਨਾ’’ ਰਾਹੀਂ ‘‘ਸੁਧੁ ਨਾਹੀ; ਮਨੁ ਅਪਨਾ॥’’ ਹੁੰਦਾ।

ਗੁਰੂ ਅਰਜਨ ਸਾਹਿਬ ਜੀ ਆਪਣੇ ਵਿਸ਼ੇ ਜਾਂ ‘ਸਾਰ’ (ਰਹਾਉ) ਰਾਹੀਂ ਤਮਾਮ ਜਪ, ਤਪ, ਸੁਚਿ, ਸੰਜਮ, ਬ੍ਰਤ, ਪੂਜਾ ਆਦਿ ਦਾ ਵਿਸ਼ਲੇਸ਼ਣ ਕਰਦਿਆਂ ਵਚਨ ਕਰਦੇ ਹਨ ਕਿ: ‘‘ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥ (ਮ:੫/੨੧੬) ਭਾਵ ਇਹ ਸਾਰੇ ਜਪ, ਤਪ, ਸੰਜਮ (ਇੰਦ੍ਰੀਆਂ ਨੂੰ ਕਾਬੂ ਕਰਨ ਦੀਆਂ ਯੁਕਤੀਆਂ) ਆਦਿ ਕਰਮ-ਕਾਂਡ ਰੱਬੀ ਦਰਗਹ (ਉੱਚੀ ਸੁਰਤ) ਵਿੱਚ ਪਹੁੰਚਣ ਤੋਂ ਪਹਿਲਾਂ (ਓਰੈ) ਹੀ ਲੁਟ ਲਏ ਜਾਂਦੇ ਹਨ ਭਾਵ ਇਨ੍ਹਾਂ ਦੀ ਸੀਮਾ ਮਾਇਆਵੀ ਪਕੜ ਤੋਂ ਉੱਚੀ ਨਹੀਂ।

ਸੋ, ਗੁਰਬਾਣੀ ’ਚ ਦਰਜ ‘ਜਪ’ (ਨਕਾਰਾਤਮਕ) ਤੇ ‘ਜਪੁ’ (ਸਕਾਰਾਤਮਕ) ਦੇ ਅੰਤਰ ਨੂੰ ਸਮਝਣਾ ਅਤਿ ਜ਼ਰੂਰੀ ਹੈ। ‘ਜਪੁ’ (ਹਾਂ-ਸੂਚਕ) ਦਾ ਪ੍ਰਚਾਰ ਤੇ ਪ੍ਰਸਾਰ:‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਰਨਾ ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ ॥’’ (ਮ: ੨/੪੭੪) ਉੱਘੜ ਕੇ ਗੁਰਮਤਿ ਦਾ ਮਜ਼ਾਕ ਉੱਡਾਏਗਾ। ਇਸ ਲਈ ਬੜਾ ਜ਼ਰੂਰੀ ਹੈ: ‘‘ਗੁਰ ਸਤਿਗੁਰ ਕਾ, ਜੋ ਸਿਖੁ ਅਖਾਏ; ਸੁ, ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ (ਗੁਰੂ-ਸ਼ਬਦ ਸਰੋਵਰ ’ਚ) ਨਾਵੈ ॥ ਉਪਦੇਸਿ ਗੁਰੂ, ਹਰਿ ਹਰਿ ‘ਜਪੁ’ ਜਾਪੈ; ਸਭਿ ਕਿਲਵਿਖ ਪਾਪ ਦੋਖ, ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ, ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ, ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ, ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)