ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ

0
237

ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ

ਸਮੂਹ ਬੰਦੀ ਸਿੰਘ

 ਗੁਰੂਆਂ ਭਗਤਾਂ ਸ਼ਹੀਦਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ’ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਇਲਾਕਿਆਂ ਵਿੱਚ ਮਾੜੇ ਸਮਾਜਿਕ ਅਨਸਰਾਂ ਵੱਲੋਂ ਹੋਈ ਘੋਰ ਬੇਅਦਬੀ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਸੰਘਰਸ਼ ਕਰ ਰਹੀਆਂ ਸੰਗਤਾਂ ਉੱਪਰ ਪੰਜਾਬ ਦੇ ਤਾਨਾਸ਼ਾਹੀ ਰਾਜੇ ਪ੍ਰਕਾਸ਼ ਸਿੰਹੁ ਬਾਦਲ ਅਤੇ ਸੈਂਕੜੈ ਸ਼ਹੀਦ ਸਿੰਘਾਂ ਦੇ ਖੂਨ ਨਾਲ ਲਿਬੜੇ ਸੁਮੇਧ ਸੈਣੀ ਵਲੋਂ ਅੰਨੇਵਾਹ ਕੀਤੀ ਫਾਇਰਿੰਗ ਨਾਲ ਦੋ ਸਿੰਘ ਸ਼ਹੀਦ ਅਤੇ ਸੈਂਕੜੇ ਸੰਗਤਾਂ ਫੱਟੜ ਹੋਣ ਦੀ ਪਰਜ਼ੋਰ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਹੋਈ ਬੇ-ਅਦਬੀ ਨੂੰ ਰੋਕਣ ਵਿੱਚ ਨਾਕਾਮ ਹੋਈ ਸਰਕਾਰ ਤੇ ਪ੍ਰਸ਼ਾਸਮਿਕ ਅਹੁਦੇਦਾਰਾਂ, ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ।

ਇਸੇ ਹੀ ਸੰਦਰਭ ਵਿੱਚ ਕੌਮੀ ਜਜਬਾ ਰੱਖਣ ਵਾਲੀਆਂ ਸਿੱਖ ਸੰਗਤਾਂ ਵਿੱਚੋਂ ਇਕ-ਦੋ ਜਥੇਬੰਦੀਆਂ ਵੱਲੋਂ ਰੱਖੇ ਗਏ ਪ੍ਰੋਗਰਾਮ ‘ਸਰਬੱਤ ਖਾਲਸਾ’ ਦੇ ਨਾਂ ’ਤੇ ਸਿੱਖ ਸੰਗਤਾਂ ਨੇ ਬਹੁਤ ਹੀ ਏਕਤਾ ਦਾ ਸਬੁਤ ਦਿੰਦਿਆਂ ਇਕੱਠ ਕੀਤਾ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਵਿਸ਼ਵ ਭਰ ਵਿੱਚ ਰਹਿ ਰਹੇ ਕੌਮੀ ਜਜਬੇ ਵਾਲੇ ਸਿੱਖਾਂ ਨੂੰ ਗੁੰਮਰਾਹ ਕੀਤਾ ਹੈ। ‘ਸਰਬਤ ਖਾਲਸਾ’ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਇਕ ਵਿਸ਼ੇਸ਼ ਸੰਸਥਾ ਹੈ, ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ, ਕੌਮੀ ਮਸਲਿਆਂ ਨੂੰ ਨਜਿੱਠਣ ਲਈ, ਸਨਮਾਨਯੋਗ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਸੇਵਾ, ਕਾਰਜਕਾਲ ਅਦਿ ਵਾਸਤੇ ਇਕੋ-ਇਕ ਅਤੇ ਅਹਿਮ ਰੋਲ ਅਦਾ ਕਰਦੀ ਹੈ। ਇਸ ਸਰਬੱਤ ਖਾਲਸਾ ਲਫਜ਼ ਦੀ ਕੀਤੀ ਗਈ ਕਿਸੇ ਵੀ ਸੰਸਥਾ ਵੱਲੋਂ ਦੁਰਵਰਤੋਂ ਸਿੱਖ ਕੌਮ ਨੂੰ ਹੋਰ ਭਾਰੀ ਸੰਕਟ ਵਿੱਚ ਪਾ ਸਕਦੀ ਹੈ, ਜਿਸ ਦੇ ਨਤੀਜੇ ਕਈ ਪੀੜੀਆਂ ਤਕ ਭੁਗਤਣੇ ਪੈਣੇ ਹਨ। ਸੋ, ਇਸ ਸੰਸਥਾ ਦਾ ਇਕ ਖਾਸ ਵਿਧੀ-ਵਿਧਾਨ ਹੈ। ਇਸ ਸੰਸਥਾ ਦੀ ਇਕੱਤਰਤਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਮੰਨਣ ਵਾਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਪਾਹੁਲ ’ਤੇ ਨਿਸਚਾ ਰੱਖਣ ਵਾਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਣ ਵਾਲੀ ਖਾਲਸਾਈ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਵਾਲੀ ਹਰ ਸੰਸਥਾ ਨੂੰ ਇਸ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਏਜੰਡਾ ਅਤੇ ਪਾਸ ਕਰਨ ਵਾਲੇ ਮਤਿਆਂ ਨੂੰ ਦੋ ਮਹੀਨੇ ਪਹਿਲਾਂ ਭੇਜਣਾ ਜਰੂਰੀ ਹੈ, ਤਾਂ ਜੋ ਉਹਨਾਂ ਸੰਸਥਾਵਾਂ ਦੇ ਮੁਖੀ ਉਸ ਏਜੰਡੇ ਬਾਰੇ ਆਪੋ-ਆਪਣੇ ਵਿਚਾਰ ਲਿਖਤੀ ਭੇਜ ਸਕਣ। ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰੋਗਰਾਮ ਵਾਲੇ ਦਿਨ ਬਾਰੇ ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਜਾਣਕਾਰੀ ਦੇਣੀ ਜਰੂਰੀ ਹੈ। ਸਰਬੱਤ ਖਾਲਸਾ ਕਿਸੇ ਵੀ ਤਖਤ ਜਾਂ ਸੰਗਤਾਂ ਦੀ ਸਹੂਲਤ ਨੂੰ ਪ੍ਰਮੁੱਖ ਰੱਖਦਿਆਂ ਕਿਸੇ ਵੀ ਥਾਂ ’ਤੇ ਹੋ ਸਕਦਾ ਹੈ।

ਚੱਬਾ (ਅੰਮ੍ਰਿਤਸਰ) ਵਿਖੇ ਪ੍ਰਬੰਧਕਾਂ ਨੇ ‘ਸਰਬਤ ਖਾਲਸਾ’ ਨਾਂ ਦਾ ਪ੍ਰੋਗਰਾਮ ਉਲੀਕਿਆਂ, ਜਿਸ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅੰਤਰੀਵ ਦੁਖ ਦੇ ਰੋਸ ਵੱਜੋਂ ਬਹੁਤ ਜਿਆਦਾ ਇਕੱਤਰਤਾ ਕੀਤੀ। ਇਹਨਾਂ ਪ੍ਰਬੰਧਕਾਂ ਨੇ ਸੰਗਤਾਂ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਜੋ ਮਤੇ ਪਾਸ ਕੀਤੇ, ਵਿਸ਼ੇਸ਼ ਤੌਰ ’ਤੇ ਤਿੰਨਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ, ਇਹ ਪਰੰਪਰਾ ਬਿਲਕੁਲ ਗ਼ਲਤ ਹੈ, ਅਸੀਂ ਇਸ ਨੂੰ ਰੱਦ ਕਰਦੇ ਹਾਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਇਕੱਠ ਕਰਕੇ, ਸੰਗਤਾਂ ਨਾਲ ਵਿਸ਼ਵਾਸਘਾਤ ਕਰਕੇ, ਗ਼ਲਤ ਫੈਸਲੇ ਲੈ ਕੇ ਸਿੱਖ ਕੌਮ ਨੂੰ ਨੁਕਸਾਨ ਨਾ ਪਹੁੰਚਾਵੇ। ਸੋ, ਦੇਸ਼-ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਕੌਮੀ ਸਮਸਿਆਵਾਂ ਹਨ ਉਹਨਾਂ ਲਈ ‘ਸਰਬੱਤ ਖਾਲਸਾ’ ਵਿਧੀ ਵਿਧਾਨ ਅਨੁਸਾਰ ਸੱਦ ਕੇ ਸਾਰੀਆਂ ਸਿੱਖ ਸੰਸਥਾਵਾਂ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਭਰੋਸੇ ਵਿੱਚ ਲੈ ਕੇ ਫ਼ੈਸਲੇ ਲਏ ਜਾਣ। ਸਿੱਖ ਪੰਥ ਲਈ ਇਕ ਅਹਿਮ ਮਸਲਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਕ ਗਲਬੇ ਤੋਂ ਮੁਕਤ ਕਰਾਉਣਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਰੀਆਂ ਸਿੱਖ ਸੰਗਤਾਂ ਗੰਭੀਰਤਾ ਨਾਲ ਇਸ ਸਮਸਿਆ ਬਾਰੇ ਸੋਚਣ। ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਕਿਸੇ ਵੀ ਰਾਜਨੀਤਕ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉੱਤੇ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰ ਸਕਣ ਅਤੇ ਕਿਸੇ ਨਾਲ ਵੀ ਪੱਖਪਾਤ ਨਾ ਕੀਤਾ ਜਾ ਸਕੇ।

ਜਿੰਨੀ ਦੇਰ ਸਮੁੱਚੀ ਸੰਗਤ ਵੱਲੋਂ ਵਿਧੀ-ਵਿਧਾਨ ਅਨੁਸਾਰ ‘ਸਰਬੱਤ ਖਾਲਸਾ’ ਨਹੀਂ ਹੁੰਦਾ ਓਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਰੋਸਾਏ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਹੀ ਅਗਲੇ ਪ੍ਰੋਗਰਾਮਾਂ ਦੀ ਅਗਵਾਈ ਕਰਨ।

ਗੁਰੂ ਪੰਥ ਦੇ ਦਾਸ

ਮੱਖਣ ਸਿੰਘ ਬੱਬਰ                                                 ਜਸਵਿੰਦਰ ਸਿੰਘ ਰਾਜਪੁਰਾ

ਹਰਮਿੰਦਰ ਸਿੰਘ (ਲੁਧਿਆਣਾ)                              ਕਸ਼ਮੀਰ ਸਿੰਘ ਗਲਵੱਡੀ

ਗੁਰਜੰਟ ਸਿੰਘ (ਜੰਗਪੁਰਾ)                                           ਪਾਲ ਸਿੰਘ (ਫਰਾਂਸ)

ਬਲਬੀਰ ਸਿੰਘ (ਭੂਤਨਾ)                                             ਮਨਜਿੰਦਰ ਸਿੰਘ ਹੁਸੈਨਪੁਰਾ

ਸਰਵਨ ਸਿੰਘ                                                         ਜਗਮੋਹਨ ਸਿੰਘ

ਦਿਲਬਾਗ ਸਿੰਘ (ਬਾਘਾ)                                             ਹਰਮਿੰਦਰ ਸਿੰਘ (ਨਿਹੰਗ)

ਰਤਨਦੀਪ ਸਿੰਘ                                                      ਸੁਖਵਿੰਦਰ ਸਿੰਘ ਸੁੱਖੀ

ਹਰਜਿੰਦਰ ਸਿੰਘ ਕਾਲੀ                                                      ਹਰਪ੍ਰੀਤ ਸਿੰਘ (ਜੰਮੂ)

ਇੰਦਰਪਾਲ ਸਿੰਘ (ਗੁਰਦਾਸਪੁਰ)                                    ਸਤਿੰਦਰਜੀਤ ਸਿੰਘ