ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥
ਸੁਰਜਨ ਸਿੰਘ, ਮੋਹਾਲੀ-9041409041
‘‘ਮੋਤੀ ਤ ਮੰਦਰ ਊਸਰਹਿ, ਰਤਨੀ ਤ ਹੋਹਿ ਜੜਾਉ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉ॥” ਇਹ ਗੁਰਬਾਣੀ ਦਾ ਸ਼ਬਦ ਸਿਰੀ ਰਾਗੁ ਵਿੱਚ ਦਰਜ ਸਭ ਤੋਂ ਪਹਿਲਾ ਸ਼ਬਦ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਹੈ। ਰਾਗਾਂ ਦੀ ਬਾਣੀ ਸਿਰੀ ਰਾਗੁ ਤੋਂ ਹੀ ਸ਼ੁਰੂ ਹੁੰਦੀ ਹੈ। ਇਸ ਸ਼ਬਦ ਵਿੱਚ ਮਨੁੱਖ ਨੂੰ ਪਿਆਰੀਆਂ ਲਗਣ ਵਾਲੀਆਂ ਚਾਰ ਵਸਤੂਆਂ/ਚਾਰ ਤਿ੍ਰਸ਼ਨਾਵਾਂ ਦਾ ਜ਼ਿਕਰ ਹੈ ਜਿਨ੍ਹਾਂ ਦਾ ਲਾਲਚ/ਜ਼ੋਰ ਪਰਮਾਰਥ ਦੇ ਰਸਤੇ ਵਿੱਚ ਰੋੜਾ ਬਣਦਾ ਹੈ। ਸ਼ਬਦ ਦੇ ਪਹਿਲੇ ਪਦੇ ਵਿੱਚ ਪਦਾਰਥਾਂ ਦੀ ਤਿ੍ਰਸ਼ਨਾ, ਦੂਜੇ ਪਦੇ ਵਿੱਚ ਭੋਗਾਂ ਦੀ ਤਿ੍ਰਸ਼ਨਾ, ਤੀਜੇ ਅਤੇ ਚੌਥੇ ਪਦੇ ’ਚ ਵਿਭੂਤੀਆਂ ਅਤੇ ਐਸ਼ਵਰਜ ਦੀ ਤਿ੍ਰਸ਼ਨਾ ਦਾ ਜ਼ਿਕਰ ਆਉਂਦਾ ਹੈ।
ਅਰਥ:- ਅਰਥ ਰਹਾਉ ਤੋਂ ਸ਼ੁਰੂ ਕੀਤਾ ਹੈ। ‘‘ਹਰਿ ਬਿਨੁ, ਜੀਉ; ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੁਛਿ ਦੇਖਿਆ, ਅਵਰੁ ਨਾਹੀ ਥਾਉ॥੧॥ ਰਹਾਉ॥’’ ਹਰੀ/ਅਕਾਲਪੁਰਖ ਨੂੰ ਮੈਂ ਆਪਣੀ ਪ੍ਰਾਪਤੀ ਦਾ ਮਨੋਰਥ ਬਣਾਇਆ ਹੈ ਕਿਉਂਕਿ ਇਸ ਬਿਨਾ ਜੀਉ ਸੜ ਬਲ ਜਾਂਦਾ ਹੈ, ਮੈਂ ਆਪਣੇ ਗੁਰੂ ਨੂੰ ਵੀ ਪੁੱਛ ਵੇਖਿਆ ਹੈ, ਉਸ ਨੇ ਦਸਿਆ ਹੈ ਕਿ ਸਦੀਵੀ ਸੁਖ ਦਾ ਟਿਕਾਣਾ ਹਰੀ ਬਿਨਾ ਹੋਰ ਕੋਈ ਨਹੀਂ ਹੈ।
‘‘ਮੋਤੀ ਤ ਮੰਦਰ ਊਸਰਹਿ, ਰਤਨੀ ਤ ਹੋਹਿ ਜੜਾਉ॥ ਕਸਤੂਰਿ ਕੁੰਗੂ ਅਗਰਿ ਚੰਦਨਿ, ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉੇ॥’’ ਮਕਾਨ ਮੋਤੀਆਂ ਅਤੇ ਰਤਨਾਂ ਨਾਲ ਜੜ੍ਹਿਆ ਹੋਵੇ, ਮਕਾਨ ਨੂੰ ਕਸਤੂਰੀ, ਕੁੰਗੂ (ਕੇਸਰ), ਅਗਰਿ ਚੰਦਨ (ਸੁਗੰਧੀਆਂ) ਦੇ ਲੇਪ ਕੀਤੇ ਹੋਣ, ਇਹ ਸਭ ਵੇਖ ਕੇ ਮੇਰਾ ਮਨ ਚਾਉ ਨਾਲ ਭਰ ਜਾਏ ਤੇ ਮੈਂ ਐਸਾ ਮੋਹਿਤ ਹੋ ਜਾਵਾਂ ਕਿ ਹਰੀ ਦਾ ਨਾਮ ਹੀ ਭੁਲ ਜਾਵਾਂ ਅਤੇ ਐਸਾ ਭੁਲਾਂ ਕਿ ਫਿਰ ਉਹ ਨਾਮ ਚਿੱਤ ਹੀ ਨਾ ਆਵੇ।
‘‘ਧਰਤੀ ਤ ਹੀਰੇ ਲਾਲ ਜੜਤੀ, ਪਲਘਿ ਲਾਲ ਜੜਾਉ॥ ਮੋਹਣੀ ਮੁਖਿ ਮਣੀ ਸੋਹੈ, ਕਰੇ ਰੰਗਿ ਪਸਾਉ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉ॥’’ ਸੁੰਦਰ, ਸੁਗੰਧਿਤ ਮਕਾਨ ਦਾ ਫ਼ਰਸ਼ ਹੀਰੇ ਲਾਲਾਂ ਨਾਲ ਜੜ੍ਹਿਆ ਹੋਵੇ, ਉਸ ਅੰਦਰ ਸੋਹਣਾ ਹੀਰੇ ਲਾਲਾਂ ਨਾਲ ਜੜ੍ਹਿਆ ਮੇਰੇ ਸੌਣ ਲਈ ਪਲੰਘ ਵਿਛਿਆ ਹੋਵੇ, ਉਸ ਪਲੰਘ ਤੇ ਮੋਹ ਲੈਣ ਵਾਲੀ ਇਸਤ੍ਰੀ ਬੈਠੀ ਹੋਵੇ ਜਿਸ ਦੇ ਮੁਖ ਉਤੇ ਮਣੀਆਂ ਨਾਲ ਜੜ੍ਹਿਆ ਸ਼ਿੰਗਾਰ ਸੋਭ ਰਿਹਾ ਹੋਵੇ, ਉਹ ਇਸਤ੍ਰੀ ਪ੍ਰੇਮ ਕਰਨ ਦੇ ਸਾਰੇ ਹਾਵ ਭਾਵ ਕਰੇ, ਇਹ ਵੇਖ ਕੇ ਮਤਾਂ ਮੈਂ ਮੋਹਿਤ ਹੋ ਜਾਵਾਂ ਅਤੇ ਐਸਾ ਮੋਹਿਤ ਹੋਵਾਂ ਕਿ ਹਰੀ ਦਾ ਨਾਮ ਹੀ ਭੁਲ ਜਾਵਾਂ ਤੇ ਫਿਰ ਉਹ ਨਾਮ ਚਿੱਤ ਹੀ ਨਾ ਆਵੇ।
‘‘ਸਿਧੁ ਹੋਵਾ ਸਿਧਿ ਲਾਈ, ਰਿਧਿ ਆਖਾ ਆਉ॥ ਗੁਪਤੁ ਪਰਗਟੁ ਹੋਇ ਬੈਸਾ, ਲੋਕੁ ਰਾਖੈ ਭਾਉ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨਾ ਆਵੈ ਨਾਉ॥’’ ਮੈਨੂੰ ਯੋਗ ਸ਼ਕਤੀਆਂ ਪ੍ਰਾਪਤ ਹੋ ਜਾਣ, ਸਿਧੀਆਂ ਲਾ ਲਵਾਂ, ਮੇਰੇ ਬੁਲਾਉਣ ਤੇ ਰਿਧੀਆਂ ਆ ਜਾਣ (ਰਿਧੀਆਂ ਸਿਧੀਆਂ/ਕਰਾਮਾਤੀ ਸ਼ਕਤੀਆਂ), ਆਪਣੀ ਇੱਛਾ ਅਨੁਸਾਰ ਗੁਪਤ/ਪ੍ਰਗਟ ਹੋ ਜਾਵਾਂ, ਇਹ ਸ਼ਕਤੀ ਵੇਖ ਕੇ ਲੋਕਾਂ ਦੀ ਮੇਰੇ ਵਿੱਚ ਸ਼ਰਧਾ ਬਣ ਜਾਏ ਕਿ ਬੜਾ ਸਿਧ ਹੈ, ਇਹ ਮਸ਼ਹੂਰੀ ਵੇਖ ਕੇ ਮੈਂ ਮੋਹਿਤ ਹੋ ਜਾਵਾਂ ਅਤੇ ਐਸਾ ਮੋਹਿਤ ਹੋਵਾਂ ਕਿ ਹੇ ਹਰੀ! ਤੇਰਾ ਨਾਮ ਹੀ ਭੁਲ ਜਾਏ ਤੇ ਫਿਰ ਚਿੱਤ ਹੀ ਨਾ ਆਵੇ।
‘‘ਸੁਲਤਾਨੁ ਹੋਵਾ ਮੇਲਿ ਲਸਕਰ, ਤਖਤਿ ਰਾਖਾ ਪਾਉ॥ ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ! ਸਭ ਵਾਉ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉ॥’’ ਜੇ ਮੈਂ ਵੱਡੀ ਇਨਸਾਨੀ/ਦੁਨੀਆਵੀ ਤਾਕਤ ਵਾਲਾ ਬਣ ਜਾਵਾਂ, ਫ਼ੌਜਾਂ ਇਕੱਠੀਆਂ ਕਰਕੇ ਤਖ਼ਤ ’ਤੇ ਬੈਠ ਜਾਵਾਂ, ਸਭ ਉਤੇ ਮੇਰਾ ਹੁਕਮ ਚੱਲੇ, ਮਾਮਲਾ ਉਗਰਾਵਾਂ, ਹੇ ਨਾਨਕ! ਇਹ ਵੀ ਸਭ ਕੁਝ ਪਿਛਲੇ ਪਦਾਰਥਾਂ ਦੀ ਤਰ੍ਹਾਂ ਨਾ-ਪਾਏਦਾਰ (ਆਉੇਣਾ ਜਾਣਾ ਹੈ), ਇਹ ਨਾ-ਪਾਇਦਾਰ ਵੇਖ ਕੇ ਮਤਾਂ ਮੈਂ ਮੋਹਿਤ ਹੋ ਜਾਵਾਂ ਤੇ ਹੇ ਹਰੀ! ਤੇਰਾ ਨਾਮ ਹੀ ਭੁਲ ਜਾਵਾਂ ਅਤੇ ਫਿਰ ਤੇਰਾ ਨਾਮ ਚਿੱਤ ਵਿਚ ਹੀ ਨਾ ਆਵੇ।
ਵਿਆਖਿਆ:– ਇਸ ਸ਼ਬਦ ਦਾ ਜੋ ਭਾਵ ਹੈ ਉਹ ਗੁਰਮਤਿ ਅਨੁਸਾਰ ਸਿੱਖ ਦੇ ਜੀਵਨ ਦਾ ਧੁਰਾ ਹੈ। ‘ਰਹਾਉ’ ਵਿੱਚ ਦਸਿਆ ਗਿਆ ਹੈ ਕਿ ਪ੍ਰਭੂ ਦੀ ਯਾਦ ਬਿਨਾ ਜੀਵ ਨੂੰ ਜਲਨਾ ਬਲਨਾ ਨਸੀਬ ਹੀ ਹੁੰਦਾ ਹੈ। ਸ਼ਬਦ ਦੇ ਚੌਹਾਂ ਪਦਿਆਂ ਵਿੱਚ ਵਰਣਨ ਕੀਤੀਆਂ ਵਸਤੂਆਂ (ਜਿਨ੍ਹਾਂ ਦੀ ਤਿ੍ਰਸ਼ਨਾ ਤੋਂ ਕੋਈ ਵਿਰਲਾ ਹੀ ਬਚਿਆ ਹੈ) ਪ੍ਰਾਪਤ ਕਰਨ ਲਈ, ਯਤਨਸ਼ੀਲ ਹੋਈਦਾ ਹੈ। ਯਤਨ ਵਿੱਚ ਮਿਹਨਤ ਹੁੰਦੀ ਹੈ। ਪ੍ਰਾਪਤੀ ਤੇ ਸੰਭਾਲ ਲਈ ਯਤਨ ਅਤੇ ਵਿਛੜਨ ਦਾ ਭੈ ਹੁੰਦਾ ਹੈ, ਬਿਨਸ ਜਾਣ ’ਤੇ ਕਸ਼ਟ ਹੁੰਦਾ ਹੈ। ਮਨ ਦੁਬਿਧਾਵਸ ਹੋ ਭਟਕਣਾ ਅਤੇ ਹਸਰਤ ਵਿੱਚ ਰਹਿੰਦਾ ਹੈ। ਇਹੋ ਹੈ ਜਲਨਾ ਬਲਨਾ। ਗੁਰਬਾਣੀ ਵਿੱਚ ਤਿ੍ਰਸ਼ਨਾ ਨੂੰ ਅੱਗ ਹੀ ਆਖਿਆ ਹੈ: ‘‘ਦੁਬਿਧਾ ਲਾਗੇ ਪਚਿ ਮੁਏ, ਅੰਤਰਿ ਤਿ੍ਰਸਨਾ ਅਗਿ॥’’(ਮ:੧/੧੯) ਗੁਰਮਤਿ ਅਨੁਸਾਰ ਨਾਮ ਹੀ ਵਸੀਲਾ ਹੈ ਵਾਹਿਗੁਰੂ ਦੀ ਯਾਦ ਵਿੱਚ ਟਿਕੇ ਰਹਿਣ ਦਾ। ਨਾਮ ਵਿਸਰਨ ਦੀਆਂ ਤਿੰਨ ਅਵਸਥਾਵਾਂ ਦੱਸੀਆਂ ਗਈਆਂ ਹਨ:- 1. ਭੁਲਾ 2. ਵੀਸਰੈ 3. ਤੇਰਾ ਚਿਤਿ ਨ ਆਵੈ ਨਾਉ॥ ਤਿ੍ਰਸ਼ਨਾ ਵਿੱਚ ਫਸ ਕੇ ਮਨੁੱਖ ਨਾਮ ਭੁਲ ਜਾਂਦਾ ਹੈ। ਹੌਲੀ-ਹੌਲੀ ਇਨ੍ਹਾਂ ਤਿ੍ਰਸ਼ਨਾਵੀ ਵਸਤੂਆਂ ਵਿੱਚ ਐਸਾ ਗ਼ਲਤਾਨ ਹੁੰਦਾ ਹੈ ਕਿ ਉਸ ਨੂੰ ਨਾਮ ਵਿਸਰ ਜਾਂਦਾ ਹੈ। ਜਦੋਂ ਕਿਸੇ ਸਬੱਬ ਨਾਲ ਹੋਸ਼ ਆਉਂਦੀ ਹੈ ਕਿ ਮੈਂ ਨਾਮ ਭੁਲ ਗਿਆ ਹਾਂ ਤਾਂ ਫਿਰ ਨਾਮ ਸਿਮਰਨ ਦਾ ਯਤਨ ਕਰਦਾ ਹੈ ਪਰ ਸੁਰਤ ਉਲਟੀ ਹੋਈ ਹੋਣ ਕਰਕੇ ਨਾਮ ਵਿੱਚ ਸੁਰਤ ਟਿਕਦੀ ਹੀ ਨਹੀਂ। ਇਹ ਹੈ ‘‘ਤੇਰਾ ਚਿਤਿ ਨ ਆਵੈ ਨਾਉ॥’’ ਭੋਗਾਂ ਦਾ ਮਾਨਸਿਕ ਅਸਰ ਮਨ ਨੂੰ ਖਿੰਡਾਉਣਾ ਹੈ, ਮੈਲਾ ਕਰਦਾ ਹੈ। ਨਾਮ ਦਾ ਅਸਰ ਸੁਰਤ ਨੂੰ ਇੱਕਠਿਆ ਕਰਨਾ ਹੁੰਦਾ ਹੈ। ਨਾਮ, ਧਿਆਨ ਨੂੰ ਵਾਹਿਗੁਰੂ ਵੱਲ ਖਿੱਚਦਾ ਹੈ, ਹਜ਼ੂਰੀ ਦਾ ਅਹਿਸਾਸ ਪੈਦਾ ਕਰਦਾ ਹੈ। ਭੋਗਾਂ ਦਾ ਧਿਆਨ ਮਨ ਨੂੰ ਬਾਹਰਮੁੱਖੀ, ਗ਼ੈਰ ਹਜ਼ੂਰੀ ਵਿੱਚ ਲੈ ਜਾਂਦਾ ਹੈ। ਜਿਨ੍ਹਾਂ ਭੋਗਾਂ ਦੀਆਂ ਵਸਤੂਆਂ ਨੂੰ ਵਿਸ਼ੇਸ਼ ਕਰਕੇ ਭੋਗੀਦਾ ਹੈ ਉਹ ਧਿਆਨ ਵਿੱਚ ਵੜ ਬੈਠਦੀਆਂ ਹਨ। ਇਸ ਤਰ੍ਹਾਂ ਤਵੱਜੋ ਵਾਹਿਗੁਰੂ ਵਲ ਨਹੀਂ ਰਹਿੰਦੀ। ਪਹਿਲੇ ਦੋ ਪਦਿਆਂ ਵਿੱਚ ਸਰੀਰਕ ਤੌਰ ’ਤੇ ਭੋਗ ਭੋਗਣ ਦੀ ਤਿ੍ਰਸ਼ਨਾ ਅਤੇ ਤੀਜੇ ਚੌਥੇ ਵਿੱਚ ਮਾਨਸਿਕ ਸ਼੍ਰਮ ਦੁਆਰਾ ਪ੍ਰਸਿਧੀ, ਐਸ਼ਵਰਜ ਦੀ ਤਿ੍ਰਸ਼ਨਾ ਦਾ ਜ਼ਿਕਰ ਹੈ।
ਇਸ ਸ਼ਬਦ ਦਾ ਭਾਵ ਇਹ ਨਹੀਂ ਕਿ ਗਿ੍ਰਹਸਤ ਛੱਡ ਕੇ ਸਿੱਖ ਵੈਰਾਗੀ ਹੋ ਜਾਏ ਬਲਕਿ ਗੁਰਮਤਿ ਅਨੁਸਾਰ ਪ੍ਰਵਾਣ ਗਿ੍ਰਹਸਤ ਉਦਾਸ ਜੀਵਨ ਬਤੀਤ ਕਰਨ ਦਾ ਉਪਦੇਸ਼ ਹੈ। ਕਿਸੇ ਪਰਤਾਵੇ ਵਿੱਚ ਆ ਕੇ ਵਿਸ਼ਿਆਂ ਵਿੱਚ ਫਸ ਕੇ ਨਾਮ ਸਿਮਰਨ ਤੋਂ ਨਾ ਉੱਕ ਜਾਣ ਦਾ ਉਪਦੇਸ਼ ਹੈ:- ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ, ਮੁਰਗਾਈ ਨੈਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ, ਨਾਨਕ! ਨਾਮੁ ਵਖਾਣੇ॥’’ (ਸਿਧ ਗੋਸਟਿ) ਸ਼ਬਦ ਵਿੱਚ ਉਪਦੇਸ਼ ਤਿ੍ਰਸ਼ਨਾ ਤੋਂ ਬਚਣ ਦਾ ਜ਼ਿਕਰ ਹੈ।
ਤਿ੍ਰਸ਼ਨਾ ਕੀ ਹੈ? ਇਹ ਗੁਰਬਾਣੀ ’ਚ ਭਲੀ ਪ੍ਰਕਾਰ ਸਮਝਾਇਆ ਗਿਆ ਹੈ:- ‘‘ਬਹੁਤੁ ਦਰਬੁ ਕਰਿ ਮਨੁ ਨ ਅਘਾਨਾ॥ ਅਨਿਕ ਰੂਪ ਦੇਖਿ ਨਹ ਪਤੀਆਨਾ॥’’-ਮ:੫/੧੭੯), ‘‘ਵਡੇ ਵਡੇ ਰਾਜਨ ਅਰੁ ਭੂਮਨ, ਤਾ ਕੀ ਤਿ੍ਰਸਨਾ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ॥’’ (ਮ:੫/੬੭੨), ‘‘ਕੋਟਿ ਜੋਰੇ ਲਾਖ ਕ੍ਰੋਰੇ, ਮਨੁ ਨ ਹੋਰੇ॥ ਪਰੈ ਪਰੈ ਹੀ ਕਉ ਲੁਝੀ ਹੇ॥’’ (ਮ:੫/੨੧੩), ‘‘ਸਹਸ ਖਟੇ, ਲਖ ਕਉ ਉਠਿ ਧਾਵੈ॥ ਤਿ੍ਰਪਤਿ ਨ ਆਵੈ, ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ॥ ਨ ਤਿ੍ਰਪਤਾਵੈ ਖਪਿ ਖਪਿ ਮਰੈ॥’’ (ਮ:੫/੨੭੮)
ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਜੋ ਮਨ ਦੀ ਰੁਚੀ ਬਿਆਨ ਕੀਤੀ ਗਈ ਹੈ, ਉਹ ਹੀ ਹੈ ‘ਤਿ੍ਰਸ਼ਨਾ’।
ਗੁਰਮਤਿ ਅਨੁਸਾਰ ਪ੍ਰਵਾਣ ਗਿ੍ਰਹਸਤ ਜੀਵਨ ਕੀ ਹੈ?- ਗੁਰਮਤਿ ਮਰਯਾਦਾ ’ਚ ਰਹਿ ਕੇ ਸੁਚੱਜੀ ਜੀਵਨ ਵਿਧੀ ਨਾਲ ਗਿ੍ਰਹਸਤ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਨਿਭਾਉਣੀਆਂ ਹਨ। ਇਸ ਲਈ ਪੈਸਾ ਚਾਹੀਦਾ ਹੈ, ਪਦਾਰਥ ਚਾਹੀਦੇ ਹਨ। ਸਿੱਖ ਲਈ ਸੁਚੱਜੇ ਢੰਗ ਨਾਲ ਪੈਸਾ ਕਮਾਉਣਾ ਵੀ ਜ਼ਰੂਰੀ ਹੈ ਤਾਕਿ ਉਹ ਗਿ੍ਰਹਸਤ ਦੀਆਂ ਲੋੜਾਂ ਬਖ਼ੂਬੀ ਨਿਭਾ ਸਕੇ, ਸਿੱਖ ਰੱਜਿਆ ਪੁੱਜਿਆ ਹੋਣਾ ਚਾਹੀਦਾ ਹੈ, ਕਿਸੇ ਦੀ ਮੁਹਤਾਜੀ ਨਾ ਕਰਨੀ ਪਏ, ਪਰ ‘‘ਤਿ੍ਰਸਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ, ਬੁਹੁਤ ਵਿਕਾਰਾ॥’’ (ਮ:੫/੧੦੪੪) ਵਾਲੀ ਅਵਸਥਾ ਤੋਂ ਸਿੱਖ ਨੇ ਬਚ ਕੇ ਰਹਿਣਾ ਹੈ। ਇਹ ਹੀ ਹੈ ਗੁਰਮਤਿ ਅਨੁਸਾਰ ‘ਪ੍ਰਵਾਣ ਗਿ੍ਰਹਸਤ ਜੀਵਨ’।
ਤਿ੍ਰਸ਼ਨਾ ਤੋਂ ਬੱਚਿਆ ਕਿਵੇਂ ਜਾਏ?- ‘‘ਅੰਤਰਿ ਨਾਮੁ ਰਵਿਆ ਨਿਹਕੇਵਲੁ, ਤਿ੍ਰਸਨਾ ਸਬਦਿ ਬੁਝਾਈ ਹੇ॥’’ (ਮ:੩/੧੦੪੪) ‘‘ਤਿ੍ਰਸਨਾ ਬੁਝੈ, ਹਰਿ ਕੈ ਨਾਮਿ॥ ਮਹਾਂ ਸੰਤੋਖੁ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨੁ॥’’ (ਮ:੫/੬੮2)
ਤਿ੍ਰਸ਼ਣਾ ’ਤੇ ਕਾਬੂ ਪਾਉਣ ਦਾ ਇੱਕੋ-ਇੱਕ ਢੰਗ ਹੈ ਗੁਰਬਾਣੀ ਦਾ ਆਸਰਾ ਲੈਣਾ ਜਿਸ ਨਾਲ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ। ਸੰਤੋਖ ਹੀ ਵਸੀਲਾ ਹੈ ਤਿ੍ਰਸ਼ਨਾ ਤੋਂ ਬਚਣ ਦਾ।
ਨਾਮੁ ਕੀ ਹੈ ?– ਇਸ ਦਾ ਸੰਸਕਿ੍ਰਤ ਰੂਪ ਹੈ ‘ਨਾਮਨ੍ਹ’ ਭਾਵ ਯਾਦ ਕਰਨਾ। ਨਾਮਨ੍ਹ ਤੋਂ ਪ੍ਰਾਕਿ੍ਰਤ ਤੇ ਪੰਜਾਬੀ ਰੂਪ ਹੈ ਨਾਮ। ਇਸ ਦਾ ਫ਼ਾਰਸੀ ਰੂਪ ਵੀ ਨਾਮ ਹੈ ਅਤੇ ਅੰਗ੍ਰੇਜ਼ੀ ਰੂਪ ਨੇਮ ਹੈ। ਗੁਰਬਾਣੀ ਵਿੱਚ ‘ਨਾਮ’ ਪਦ ਵਾਹਿਗੁਰੂ/ਪਰਮੇਸ਼ਰ ਦਾ ਵਾਚਕ ਹੋ ਕੇ ਆਇਆ ਹੈ। ‘‘ਨਾਮ ਕੇ ਧਾਰੇ ਸਗਲੇ ਜੰਤ॥’’ (ਮ:੫/੨੮੪) ਨਾਮ, ਵਾਹਿਗੁਰੂ ਨਾਲ ਅਭੇਦ ਉਸ ਦੀ ਆਪਣੀ ਕਲਾ ਵਿਆਪਕ ਵਸਤੂ ਹੈ। ਗੁਰਬਾਣੀ ਅਨੁਸਾਰ ਨਾਮੁ ਸੰਗਿਆ ਮਾਤ੍ਰ ਹੀ ਨਹੀਂ, ਨਾਮ ਜਪ ਹੈ, ਨਾਮ ਸਿਮਰਨ ਹੈ, ਨਾਮ ਲਿਵ ਹੈ ਜੋ ਮਨ ਨੂੰ ਵਾਹਿਗੁਰੂ ਹਜ਼ੂਰੀ ਵਿੱਚ ਰੱਖਦੀ ਹੈ ਅਤੇ ਤਿ੍ਰਸ਼ਨਾ, ਵਿਕਾਰਾਂ ਤੋਂ ਬਚਣ ਲਈ ਸਹਾਇਤਾ ਕਰਦੀ ਹੈ।
ਗੁਰਬਾਣੀ ਨੂੰ ਪੜ੍ਹ ਸਮਝ ਕੇ ਸਾਨੂੰ ਆਪਣਾ ਜੀਵਨ, ਗੁਰਬਾਣੀ ਅਨੁਸਾਰ ਢਾਲਣ ਦੀ ਲੋੜ ਹੈ, ਗੁਰਬਾਣੀ ਅਨੁਸਾਰੀ ਹੋਣ ਨਾਲ ਸਿੱਖ ਜਗਤ ’ਚ ਪਏ ਕਾਫ਼ੀ ਕਲੇਸ਼ ਮੁੱਕ ਸਕਦੇ ਹਨ। ਧੜਿਆਂ ਦੀ ਇੱਕ ਦੂਜੇ ਨਾਲ ਖਿਚੋਤਾਣ ਅਤੇ ਬਹਿਸ ਵੀ ਮੁੱਕ ਸਕਦੀ ਹੈ। ਗੁਰਬਾਣੀ ’ਚ ਫ਼ਜ਼ੂਲ ਬਹਿਸ ਨੂੰ ਚੰਗਾ ਨਹੀਂ ਗਿਣਿਆ ਗਿਆ। ‘‘ਦਰੋਗੁ ਪੜਿ ਪੜਿ ਖੁਸੀ ਹੋਇ, ਬੇਖਬਰ ਬਾਦੁ ਬਕਾਹਿ॥’’ (ਕਬੀਰ ਜੀ/੭੨੭)
ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਜੀਵਨ ਵਿੱਚ ਵਸਾਉਣਾ ਬਹੁਤ ਜ਼ਰੂਰੀ ਹੈ। ‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ॥’’ (ਮ:੩/੬੪੭) ਗੁਰੂ ਜੀ ਦਾ ਕਿਸੇ ਦੇ ਸੰਬੰਧ ਵਿੱਚ ਬੋਲਿਆ ਗਿਆ ਬਚਨ ਸਾਰੇ ਸੰਸਾਰ ਲਈ, ਸਾਰੀ ਮਨੁੱਖਤਾ ਲਈ ਸਾਂਝਾ ਹੈ। ਸਿੱਖਾਂ ਦੇ ਨਾਲ-ਨਾਲ ਜੇ ਦੂਸਰੇ ਮਤਾਂ ਵਾਲੇ ਵੀ ਗੁਰੂ ਜੀ ਦੀ ਸਿਖਿਆ ਨੂੰ ਅਪਣਾ ਲੈਣ ਤਾਂ ਸੰਸਾਰ ’ਚ ਪਈ ਆਪੋ-ਧਾਪੀ, ਚੋਰੀ-ਯਾਰੀ, ਲੁਟ-ਘਸੁਟ, ਹਫੜਾ-ਦਫੜੀ, ਬੇਇਨਸਾਫ਼ੀ, ਧੱਕੇਸ਼ਾਹੀ, ਬਲਾਤਕਾਰ ਮੁੱਕ ਜਾਣ। ਰੈਟ ਰੇਸ ਵੀ ਮੁੱਕ ਜਾਏ। ਹਕੂਮਤ ਵਿੱਚ ਬਣੇ ਰਹਿਣ ਲਈ ਖ਼ੁਦਗ਼ਰਜ਼ਾਂ ਦਾ ਸਿੱਖ ਸੰਸਥਾਵਾਂ ’ਤੇ ਕਬਜ਼ਾ ਕਰਕੇ ਸਿੱਖ ਵਿਰੋਧੀਆਂ ਨਾਲ ਗੱਠ ਜੋੜ ਦਾ ਸਿਲਸਲਾ ਵੀ ਬੰਦ ਹੋ ਜਾਏ। ਲੱਚਰ ਨਾਚ ਗਾਇਕੀ ਵੀ ਬੰਦ ਹੋ ਜਾਏ। ਨਸ਼ਾ ਪੱਤਾ ਕਰਨੋ ਵੀ ਲੋਕ ਬਚ ਜਾਣ। ਬਹੁ-ਗਿਣਤੀ ਦੀ ਘਟ-ਗਿਣਤੀ ਨਾਲ ਬੇਇਨਸਾਫ਼ੀ ਵੀ ਖ਼ਤਮ ਜੋ ਜਾਏ ਪਰ ਭਾਰਤ ਦੇ ਬਹੁ ਗਿਣਤੀ ਵਾਲਿਆਂ ਨੇ ਗੁਰੂ ਜੀ ਦੀ ਸਿਖਿਆ ਕਿੱਥੇ ਅਪਣਾਉਣੀ ਹੈ, ਇਹ ਤਾਂ ਕਈ ਤਰ੍ਹਾਂ ਦੀਆਂ ਨੀਤੀਆਂ/ਸਾਜ਼ਿਸ਼ਾਂ ਵਰਤ ਰਹੇ ਹਨ ਸਿੱਖਾਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਣ ਲਈ ਤਾਕਿ ਉਹ ਸਿੱਖਾਂ ਨੂੰ ਸੁਖਾਲਾ ਹੀ ਨਿਗਲ ਜਾਣ। ਸਾਨੂੰ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ। ਜ਼ੌਕ ਦਾ ਸ਼ੇਅਰ ਹੈ: ‘ਜ਼ੌਕ ਬਹਰੇ ਫ਼ਨਾ ਮੇਂ ਕਿਸ਼ਤੀਏ ਉਮਰੇ ਰਵਾਂ, ਜਿਸ ਜਗ੍ਹਾ ਪਰ ਜਾ ਲਗੀ, ਵੁਹੀ ਕਿਨਾਰਾ ਹੋ ਗਿਆ।’ (ਬਹਰੇ ਫ਼ਨਾਂ ਭਾਵ ਭਵਸਾਗਰ)।
ਮਨੁੱਖ ਦੀ ਉਮਰ ਰੂਪੀ ਕਿਸ਼ਤੀ ਭਵਸਾਗਰ ਵਿੱਚ ਚਲ ਰਹੀ ਹੈ, ਜਿੱਥੇ ਮੌਤ ਆ ਗਈ ਉੱਥੇ ਹੀ ਇਹ ਰੁਕ ਜਾਏਗੀ ਅਤੇ ਉਹ ਹੀ ਜਗ੍ਹਾ ਇਸ ਦਾ ਕਿਨਾਰਾ ਹੋ ਗਿਆ। ਮੌਤ ਹੋਣ ’ਤੇ ਕੁਕਰਮੀਆਂ ਦੀ ਕਿਸ਼ਤੀ ਕਿਤੇ ਵੀ ਜਾ ਲੱਗੇ, ਪਰ ਮੌਤ ਹੋਣ ’ਤੇ ਸਿੱਖ ਦੀ ਕਿਸ਼ਤੀ ਗੁਰੂ ਦੇ ਘਾਟ/ਨਿਜਘਰ ਜਾ ਕੇ ਲੱਗੇ, ਸਿੱਖ ਨੂੰ ਸਾਰੀ ਉਮਰ ਅਜਿਹਾ ਉੱਦਮ ਰੱਖਣਾ ਚਾਹੀਦਾ ਹੈ।