‘‘ਨਰੂ ਮਰੈ’’ ਬਨਾਮ ‘‘ਪਸ਼ੂ ਮਰੈ’’

0
519

‘‘ਨਰੂ ਮਰੈ’’ ਬਨਾਮ ‘‘ਪਸ਼ੂ ਮਰੈ’’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ (ਸਿੱਖ ਮਿਸ਼ਨਰੀ) ਦਿੱਲੀ-98112-92808

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਸਮੂਚੀ ਗੁਰਬਾਣੀ ਰਚਨਾ ਕੁਲ ਇਕੱਤੀ ਰਾਗਾਂ ’ਚ ਦਰਜ ਹੈ। ਇਨ੍ਹਾਂ ਇਕੱਤੀ ਰਾਗਾਂ ’ਚੋਂ ਹੀ ਇਕ ਰਾਗ ਹੈ ‘ਰਾਗ ਗੋਂਡ’। ਉਪ੍ਰੰਤ ਇਸੇ ਰਾਗ ਗੋਂਡ ’ਚ ਪੰ: ੭੮੦ ’ਤੇ ਭਗਤ ਕਬੀਰ ਜੀ ਦਾ ਇਕ ਸ਼ਬਦ ਆਇਆ ਹੈ ‘‘ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ।’’ ਜਦਕਿ ਇਹ ਪੂਰਾ ਸ਼ਬਦ ਇਸ ਪ੍ਰਕਾਰ ਹੈ:-

‘‘ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ, ਦਸ ਕਾਜ ਸਵਾਰੈ ॥ ੧ ॥ ਅਪਨੇ ਕਰਮ ਕੀ ਗਤਿ, ਮੈ ਕਿਆ ਜਾਨਉ ॥ ਮੈ ਕਿਆ ਜਾਨਉ, ਬਾਬਾ ਰੇ ! ॥ ੧ ॥ ਰਹਾਉ ॥ ਹਾਡ ਜਲੇ, ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ, ਜੈਸੇ ਘਾਸ ਕਾ ਪੂਲਾ ॥ ੨ ॥ ਕਹੁ ਕਬੀਰ ! ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ, ਮੂੰਡ ਮਹਿ ਲਾਗੈ॥’’ (ਪੰ: ੮੭੦)

ਫ਼ਿਰ ਜਦੋਂ ਸ਼ਬਦ ਦੀ ਗਹਿਰਾਈ ’ਚ ਜਾਵਾਂਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਇਸ ਸ਼ਬਦ ਰਾਹੀਂ ਕਬੀਰ ਸਾਹਿਬ ਕਿਸੇ ਬਹੁਤ ਵੱਡੇ ਗੁਰਮੱਤ ਸਿਧਾਂਤ ਨੂੰ ਕੇਵਲ ਪ੍ਰਗਟ ਹੀ ਨਹੀਂ ਕਰ ਰਹੇ ਬਲਕਿ ਉਸ ਨੂੰ ਪੂਰੀ ਤਰ੍ਹਾਂ ਖੋਲ ਵੀ ਰਹੇ ਹਨ। ਉਪ੍ਰੰਤ ਗੁਰਮੱਤ ਦਾ ਇਹ ਸਿਧਾਂਤ ਖੁੱਲਣਾ ਹੈ ਸ਼ਬਦ ਵਿੱਚਲੀ ਸ਼ਬਦਾਵਲੀ ‘‘ਨਰੂ ਮਰੈ’’ ਅਤੇ ‘‘ਪਸੂ ਮਰੈ’’ ਦਾ ਆਹਮਣਾ-ਸਾਹਮਣਾ ਕਰਨ ਤੋਂ ਬਾਅਦ।

ਦਰਅਸਲ, ਕਬੀਰ ਜੀ ਇਸ ਸ਼ਬਦ ਰਾਹੀਂ ਸਾਬਤ ਕਰ ਰਹੇ ਹਨ ਕਿ ਕਰਤੇ ਦੀ ਰਚਨਾ ਵਿਚਲੀਆਂ ਅਰਬਾਂ-ਖਰਬਾਂ ਜੂਨਾਂ ’ਚੋਂ ਇਕੱਲੀ ਮਨੁੱਖਾ ਜੂਨ ਅਥਵਾ ਮਨੁੱਖਾ ਜਨਮ ਹੀ ਵਿਸ਼ੇਸ਼ ਹੈ। ਤਾਂ ਫ਼ਿਰ ਮਨੁੱਖਾ ਜੂਨ ਦੀ ਉਹ ਵਿਸ਼ੇਸਤਾ ਕੀ ਹੈ ? ਦਰਅਸਲ ਜਿਉਂ ਜਿਉਂ ਸ਼ਬਦ ਨੂੰ ਘੋਖਾਂਗੇ, ਸਮਝ ਆਵੇਗੀ ਕਿ ਮਨੁੱਖਾ ਜੂਨ ਹੀ ਇੱਕ ਅਜਿਹੀ ਜੂਨ ਹੈ ਜਿਹੜੀ ਹੋਰ ਕਈ ਪੱਖਾਂ ਤੋਂ ਇਲਾਵਾ ਕਿਸੇ ਪੱਖੋਂ ਨਿਤਾਂਤ (ਬਹੁਤ) ਨਿਵੇਕਲੀ ਵੀ ਹੈ। ਜਦਕਿ ਗੁਰਮੱਤ ਦਾ ਸਦੀਵੀ ਸੱਚ ਇਹ ਵੀ ਹੈ ਕਿ:-

(1). ‘‘ਏਕੋ ਪਵਣੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ॥’’ (ਪੰ: ੯੬)

(2). ‘‘ਕੁਮ੍ਹਾਰੈ ਏਕ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ॥’’ (ਪੰ: ੪੭੯)

(3). ‘‘ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ॥’’ (ਪੰ: ੯੮੮)

(4). ‘‘ਮਾਟੀ ਏਕ, ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ, ਨਾ ਕਛੁ ਪੋਚ ਕੁੰਭਾਰੈ॥’’ (ਪੰ: ੧੩੫੦)

(5). ‘‘ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ, ਤੋਐ ਬਹੁਤੁ ਬਿਕਾਰਾ..॥’’ (ਅੰ: ੧੨੯੦) ਭਾਵ ਸਰੀਰ ਇਨਸਾਨ ਦਾ ਹੋਵੇ, ਪਸ਼ੂ ਪੰਛੀਆਂ, ਕੀੜਿਆਂ ਮਕੌੜਿਆਂ, ਸਾਗ-ਸਬਜ਼ੀਆਂ, ਅੰਨ-ਫਲ, ਖਨਿਜ ਪਦਾਰਥਾਂ ਜਾਂ ਕੁਝ ਹੋਰ ਪਰ ਸਭ ਦਾ ਮੂਲ ਇਕੋ ਹੀ ਹੈ ਭਾਵ ‘ਰੱਬੀ ਜੋਤਿ’। ਦੂਜੇ ਲਫ਼ਜ਼ਾਂ ’ਚ ਬੇਸ਼ੱਕ ਜੂਨਾਂ, ਸ਼ਕਲਾਂ, ਬਨਾਵਟਾਂ ਤੇ ਸਰੀਰ ਭਿੰਨ ਭਿੰਨ ਹਨ ਤੇ ਇਨ੍ਹਾਂ ਦੀਆਂ ਪਹਿਚਾਣਾਂ ਵੀ ਵੱਖ ਵੱਖ ਹਨ। ਫਿਰ ਵੀ ਇਨ੍ਹਾਂ ਸਾਰਿਆਂ ਦਾ ਮੂਲ ਇਕੋ ਹੀ ਹੈ। ਇਹ ਸਾਰੀਆਂ ਜੂਨਾਂ ਤੇ ਇਨ੍ਹਾਂ ਦੇ ਸਮੂਚੇ ਸਰੀਰ ਇੱਕੋ ਹੀ ਮਿੱਟੀ (ਜੋਤਿ) ਤੋਂ ਬਣੇ ਹੋਏ ਹਨ ਅਤੇ ਇਨ੍ਹਾਂ ਸਾਰਿਆਂ ’ਚ ਨੂਰ ਵੀ ਇੱਕੋ ਕਰਤੇ ਪ੍ਰਭੂ ਦਾ ਹੀ ਹੈ।

‘‘ਨਿਹਫਲ ਮਾਨੁਖੁ, ਜਪੈ ਨਹੀ ਨਾਮ॥’’-ਸ਼ਬਦ ਰਾਹੀਂ ਕਬੀਰ ਜੀ ਸਮਝਾ ਰਹੇ ਹਨ ਕਿ ਮਨੁੱਖਾ ਜੂਨੀ ਤੇ ਬਾਕੀ ਜੂਨਾਂ ਵਿਚਕਾਰ ਬਹੁਤ ਹੀ ਵੱਡਾ ਸਮਝਦਾਰੀ ਦਾ ਫ਼ਰਕ ਹੈ। ਅਗਰ ਇਸ ਬਾਰੇ ਸਮਝ ਨਹੀਂ ਤਾਂ ‘‘ਪਸੂ ਮਰੈ, ਦਸ ਕਾਜ ਸਵਾਰੈ॥’’ ਤੇ ‘‘ਨਰੂ ਮਰੈ, ਨਰੁ ਕਾਮਿ ਨ ਆਵੈ॥’’ ਭਾਵ ਕੇਵਲ ਮਨੁੱਖਾ ਸਰੀਰ ਹੀ ਹੈ ਜਿਹੜਾ, ਦੂਜੀਆਂ ਤਮਾਮ ਜੂਨਾਂ ਦੇ ਮੁਕਾਬਲੇ ਬਿਨਸਨ ਤੋਂ ਬਾਅਦ ਕਿਸੇ ਵੀ ਕੰਮ ਨਹੀਂ ਆਉਂਦਾ।

ਮਨੁੱਖਾ ਸਰੀਰ ਮਰਨ ਉਪਰੰਤ ਦੂਜੀਆਂ ਜੂਨਾਂ ਦੇ ਉਲਟ, ਕੇਵਲ ਟਿਕਾਣੇ ਹੀ ਲਗਾਉਣਾ ਹੁੰਦਾ ਹੈ। ਚਾਹੇ ਇਸ ਨੂੰ ਕੋਈ ਸਾੜ ਕੇ, ਪਾਣੀ ’ਚ ਬਹਾ ਕੇ, ਦਫ਼ਨ ਕਰਕੇ ਜਾਂ ਕਿਸੇ ਵੀ ਤਰ੍ਹਾਂ ਖ਼ਤਮ ਕਰੇ ਪਰ ਇਸ ਦੇ ਮੁਕਾਬਲੇ ‘‘ਸਗਲ ਸਰੀਰ ਆਵਤ ਸਭ ਕਾਮ..॥’’ (ਪੰ: ੧੯੦) ਇਸ ਦੀ ਸਮਝ ਉਪਰੰਤ ਮਨੁੱਖ ਨੇ ਸਮਝਣਾ ਹੈ ਕਿ ਉਨ੍ਹਾਂ ਅਨੰਤ ਸਰੀਰਾਂ (ਜੂਨਾਂ) ਦੇ ਉਲਟ, ਮਨੁੱਖਾ ਸਰੀਰ ਦਾ ਵਿਸ਼ੇਸ਼ ਮਕਸਦ ਵੀ ਹੈ। ਉਹ ਮਕਸਦ ਹੈ ਰੱਬੀ ਨਾਮ ਜਪਣਾ ਪਰ ਇਹ ਵਿਸ਼ੇਸ਼ ਕਾਰਜ ਅਗਰ ਮਨੁੱਖ ਨਹੀਂ ਕਰਦਾ ਤਾਂ ਹੋਰ ਜੂਨਾਂ ਵਾਂਗ ਹੀ ‘‘ਨਿਹਫਲ ਮਾਨੁਖੁ, ਜਪੈ ਨਹੀ ਨਾਮ॥’’ (ਪੰ: ੧੯੦) ਭਾਵ ਮਨੁੱਖਾ ਜਨਮ ’ਚ ਆਉਣ ਦਾ ਕੀ ਲਾਭ ? ਕਿਉਂਕਿ ਮੌਤ ਤੋਂ ਬਾਅਦ ਇਹ ਮਕਸਦ ਪੂਰਾ ਹੋਣ ਵਾਲਾ ਨਹੀਂ। ਇਸ ਲਈ ਗੁਰੂ ਜੀ ਬਿਆਨ ਕਰ ਰਹੇ ਹਨ ਕਿ ‘‘ਆਪਣਾ ਮੂਲੁ ਪਛਾਣੁ..॥’’

ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ ’ਚ ਜਾਵਾਂਗੇ ਤਾਂ ਪਤਾ ਲੱਗਦਾ ਜਾਵੇਗਾ ਕਿ ਮਨੁੱਖਾ ਜਨਮ ਦੇ ਉਸ ਵਿਸ਼ੇਸ਼ ਮਕਸਦ ਦੀ ਪੂਰਤੀ ਲਈ ਹੀ, ਇਕੱਲੇ ਮਨੁੱਖ ਨੂੰ ‘ਮਨ’ ਵਾਲੀ ਨਿਵੇਕਲੀ ਦਾਤ ਵੀ ਮਿਲੀ ਹੁੰਦੀ ਹੈ, ਜੋ ਬਾਕੀ ਜੂਨਾਂ ’ਚ ਨਹੀਂ ਮਿਲਦੀ। ਉਹ ‘ਮਨ’ ਜਿਸ ਬਾਰੇ ਚੇਤਾਇਆ ਹੈ ਕਿ ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ ! ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ।’’ (ਪੰ: ੪੪੧) ਆਦਿ। ਗੁਰਬਾਣੀ ’ਚ ‘ਮਨ’ ਦੀ ਸ਼ਬਦ ਰੂਪ ਕਮਾਈ ਨਾਲ ਸੁਵਰਤੋਂ ਕਰਣ ਲਈ ਮਨੁੱਖ ਨੂੰ ਆਦਿ ਤੋਂ ਅੰਤ ਤੱਕ ਅਨੰਤ ਵਾਰ ਚੇਤਾਇਆ ਗਿਆ ਹੈ।

ਤਾਂ ਫ਼ਿਰ ਇਸ ‘ਮਨ’ ਦੀ ਕੁਵਰਤੋਂ ਕੀ ਹੈ ?- ਸਪਸ਼ਟ ਹੈ ਜਦੋਂ ਮਨੁੱਖ ਨੇ ਸ਼ਬਦ-ਗੁਰੂ ਦੀ ਕਮਾਈ ਰਾਹੀ ਇਸ ‘ਮਨ’ ਦੀ ਸੁਵਰਤੋਂ ਕਰਣੀ ਹੈ ਤਾਂ ਇਸ ਮਨ ਦੀ ਕੁਵਰਤੋਂ ਵੀ ਹੁੰਦੀ ਹੋਵੇਗੀ। ਤਾਂ ਫ਼ਿਰ ਇਸ ‘ਮਨ’ ਦੀ ਕੁਵਰਤੋਂ ਤੇ ਲਾਪਰਵਾਈ ਨਾਲ ਮਨੁੱਖ ਨੂੰ ਕੀ ਨੁਕਸਾਨ ਹੁੰਦਾ ਹੈ? ਇਸ ਬਾਰੇ ਵੀ ਗੁਰਬਾਣੀ ’ਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਪਰ ਇੱਥੇ ਅਸਾਂ ਕੇਵਲ ਇਹੀ ਵਿਚਾਰਨਾ ਹੈ ਕਿ ‘ਮਨ’ ਦੀ ਸੁਵਰਤੋਂ ਨਾਲ ‘‘ਨਰੂ ਮਰੈ..॥’’ ਦਾ ਕੀ ਸੰਬੰਧ ਹੈ ?

ਉਹ ਇਹੀ ਸੰਬੰਧ ਹੈ ਕਿ ਜੇ ਮਨੁੱਖਾ ਜਨਮ ਸਮੇਂ ਵੀ ‘‘ਨਰੂ ਮਰੈ..॥’’ ਭਾਵ ਮਨੁੱਖ ਦੀ ਹਾਲਤ, ਮਕਸਦ ਵਿਹੂਣੇ ਵਾਲੀ ਬਣੀ ਰਹੀ। ਜੇ ਇਸ ਨੇ ਮਨੁੱਖਾ ਜਨਮ ਪਾ ਕੇ ਵੀ ਸ਼ਬਦ-ਗੁਰੂ ਦੀ ਕਮਾਈ ਨਾ ਕੀਤੀ ਅਤੇ ਜੇ ਇਹ ਕਰਤੇ ਦੀ ਸਿਫ਼ਤ ਸਲਾਹ ਨਾਲ ਨਾ ਜੁੜਿਆ। ਜੇ ਇਸ ਨੇ ਜੀਊਂਦੇ ਜੀਅ ਜੀਵਨ ਦੀ ਸਫ਼ਲ ਅਵਸਥਾ ਨੂੰ ਹਾਸਲ ਨਾ ਕੀਤਾ ਅਤੇ ਕਰਤੇ ’ਚ ਅਭੇਦ ਨਾ ਹੋਇਆ। ਜੇ ਇਸ ਨੇ ਜੀਵਨ ਅੰਦਰ ਜੀਊਂਦੇ ਜੀਅ, ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੇ ‘‘ਨਰੂ’’ ਭਾਵ ਇਨਸਾਨੀਅਤ ਭਾਵ ਸ਼ਬਦ-ਗੁਰੂ ਦੀ ਸ਼ਰਨ ’ਚ ਆ ਕੇ ਆਪਣੇ ਜੀਵਨ ’ਚ ‘ਇਲਾਹੀ (ਰੱਬੀ) ਗੁਣ’ ਪੈਦਾ ਨਾ ਕੀਤੇ ਤਾਂ ਇਸ ਨਾਲੋਂ ਹੋਰ ਜੂਨਾਂ ਵਾਲੇ ਜੀਵ ਕਿਤੇ ਚੰਗੇ ਹਨ, ਜੋ ਆਪਣੇ ਜੀਵਨ ’ਚ ਕਈ ਸਮਾਜਿਕ ਕੰਮ ਕਰ ਜਾਂਦੇ ਹਨ।

ਅਜਿਹੇ ਇਲਾਹੀ ਗੁਣ, ਸ਼ਬਦ-ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ ਸਲਾਹ ਬਿਨਾ, ਮਨੁੱਖਾ ਜੀਵਨ ਅੰਦਰ ਪੈਦਾ ਹੋਣੇ ਹੀ ਅਸੰਭਵ ਹਨ। ਫਿਰ ਦੂਜਿਆਂ ਅਨੁਸਾਰ ਭਾਵੇਂ ਇਨਸਾਨੀਅਤ ਦੀ ਪ੍ਰੀਭਾਸ਼ਾ ਭਿੰਨ ਭਿੰਨ ਹੋ ਸਕਦੀ ਹੈ ਪਰ ਗੁਰਬਾਣੀ ਆਧਾਰ ’ਤੇ ਇਨਸਾਨੀਅਤ ਵਾਲੇ ਗੁਣ ਵੀ ਉਹੀ ਹਨ ਜਿਹੜੇ ਮਨੁੱਖਾ ਜੀਵਨ ਅੰਦਰ ਕਰਤੇ ਦੀ ਸਿਫ਼ਤ ਸਲਾਹ ਤੋਂ ਹੀ ਪੈਦਾ ਹੋਣੇ ਹੁੰਦੇ ਹਨ । ਇਸ ਆਧਾਰ ’ਤੇ ਮਨੁੱਖਾ ਜਨਮ ਸਮੇਂ, ਮਨੁੱਖ ਨੇ ਇਹ ਵੀ ਚੇਤੇ ਰੱਖਣਾ ਹੈ ਕਿ ਇਸ ਅਮੁੱਲੇ ਸਰੀਰ ਦੇ ਬਿਨਸਨ ਬਾਅਦ ‘‘ਨਰੁ ਕਾਮਿ ਨ ਆਵੈ..॥’’ ਭਾਵ ਬਾਕੀ ਜੂਨਾਂ ਦੇ ਮੁਕਾਬਲੇ ਇਹ ਮਨੁੱਖਾ ਸਰੀਰ ਦਾ ਕੌਡੀ ਮੁੱਲ ਨਹੀਂ ਹੁੰਦਾ ਜਦਕਿ ਪਸ਼ੂਆਂ ਦੇ ਮਰਨ ਬਾਅਦ ਤਾਂ ‘‘ਪਸੂ ਮਰੈ, ਦਸ ਕਾਜ ਸਵਾਰੈ.॥’’ ਉਨ੍ਹਾਂ ਦੇ ਪੂਰੇ-ਪੂਰੇ ਸਰੀਰ, ਬਲਕਿ ਉਨ੍ਹਾਂ ਦੇ ਸਰੀਰਾਂ ਦੀ ਬੋਟੀ-ਬੋਟੀ ਵੀ ਮਨੁੱਖ ਦੇ ਕੰਮ ਆ ਜਾਂਦੀ ਹੈ। ਪਸ਼ੂਆਂ ਦਾ ਤਾਂ ਇਕੱਲਾ ਇਕੱਲਾ ਸਰੀਰ ਹੀ, ਮਨੁੱਖ ਦੇ ਅਨੇਕਾਂ ਕੰਮ ਸੁਆਰ ਦਿੰਦਾ ਹੈ ਜਦਕਿ ਮਨੁੱਖਾ ਸਰੀਰ ਦਾ ਅੰਤ ‘‘ਹਾਡ ਜਲੇ, ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ, ਜੈਸੇ ਘਾਸ ਕਾ ਪੂਲਾ॥’’ ਇਹੀ ਸਿਲਸਿਲਾ ਅੱਜ ਵੀ ਨਿਰੰਤਰ ਜਾਰੀ ਹੈ।

‘‘ਰਾਮ ਨਾਮੁ ਕਾਹੇ ਨ ਦ੍ਰਿੜ੍ਹੀਆ ? ॥’’ ਸ਼ਬਦ ਦੇ ਰਹਾਉ ਵਾਲੀ ਇਸ ਪੰਕਤੀ ਰਾਹੀਂ ਮਨੁੱਖਾ ਸਰੀਰ ਦੀ ਉੱਤਮਤਾ, ਇਸ ਵਿਚਲੀ ਆਤਮਾ ਤੇ ‘ਮਨ’ ਨੂੰ ਆਧਾਰ ਬਣਾ ਕੇ ਮਨੁੱਖਾ ਸਰੀਰ ਦੇ ਵਿਸ਼ੇਸ਼ ਮਕਸਦ ਨੂੰ ਸਪਸ਼ਟ ਕੀਤਾ ਗਿਆ ਹੈ। ਕਬੀਰ ਸਾਹਿਬ, ਆਪਣੇ ਇਸ ਸ਼ਬਦ ’ਚ ‘‘ਨਰੂ ਮਰੈ.॥’’ ਵਾਲੀ ਸ਼ਬਦਾਵਲੀ ਦੀ ਤਰ੍ਹਾਂ ਹੀ, ਆਪਣੇ ਵਿਸ਼ੇ ਨੂੰ ਸਪਸ਼ਟ ਕਰ ਰਹੇ ਹਨ ਜਿਵੇਂ:-

‘‘ਜਿਹ ਸਿਰਿ, ਰਚਿ ਰਚਿ ਬਾਧਤ ਪਾਗ ॥ ਸੋ ਸਿਰੁ, ਚੁੰਚ ਸਵਾਰਹਿ ਕਾਗ ॥ ੧ ॥ ਇਸੁ ਤਨ ਧਨ ਕੋ, ਕਿਆ ਗਰਬਈਆ ? ॥ ਰਾਮ ਨਾਮੁ, ਕਾਹੇ ਨ ਦ੍ਰਿੜ੍ਹੀਆ ?॥ ੧ ॥ ਰਹਾਉ ॥ ਕਹਤ ਕਬੀਰ, ਸੁਨਹੁ ਮਨ ਮੇਰੇ ! ॥ ਇਹੀ ਹਵਾਲ ਹੋਹਿਗੇ ਤੇਰੇ॥’’ (ਪੰ: ੩੩੦)

ਵਿਚਾਰ ਅਧੀਨ ਸ਼ਬਦ ਅਨੁਸਾਰ ਵੀ ਜੇ ਸਮਾਂ ਵਿਹਾਜਣ ਤੇ (ਜ਼ਿੰਦਗੀ ਦੇ ਮੁੱਕਣ ਬਾਅਦ) ‘‘ਕਹੁ ਕਬੀਰ ! ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ, ਮੂੰਡ ਮਹਿ ਲਾਗੈ॥’’ ਵਾਲੀ ਹਾਲਤ ਹੀ ਬਣੀ ਰਹੀ। ਜੇ ਜੀਵਨ ਦੌਰਾਨ ‘‘ਰਾਮ ਨਾਮੁ ਕਾਹੇ ਨ ਦ੍ਰਿੜ੍ਹੀਆ॥’’ ਹੀ ਰਿਹਾ। ਇਸ ਤਰ੍ਹਾਂ ਜਦੋਂ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ ਗੁਆ ਲਿਆ, ਬਿਰਥਾ ਹੀ ਚਲਾ ਗਿਆ ਤਾਂ ‘‘ਜਮ ਕਾ ਡੰਡੁ ਮੂੰਡ ਮਹਿ ਲਾਗੈ।’’ ਅਨੁਸਾਰ ਮਨੁੱਖ ਨੂੰ ਮੁੜ ਉਨ੍ਹਾਂ ਹੀ ਜਨਮਾਂ (ਜੂਨਾਂ) ਰਾਹੀਂ ਭਿੰਨ ਭਿੰਨ ਗਰਭਾਂ ਦੇ ਦੁਖ ਹੀ ਸਹਾਰਣੇ ਪੈਂਦੇ ਹਨ।

ਗੁਰਬਾਣੀ ’ਚ ਜੀਊਂਦੇ ਜੀਅ ‘ਜਮ’ ਦਾ ਅਰਥ ਹੈ ਵਿਕਾਰਾਂ ਦੀ ਮਾਰ ਭਾਵ ‘ਆਤਮਕ ਮੌਤ’ ਤੇ ਸਰੀਰਕ ਮੌਤ ਤੋਂ ਬਾਅਦ ਲਈ ‘ਜਮ’ ਦਾ ਅਰਥ ਹੈ ‘ਮੁੜ ਜਨਮ ਮਰਨ ਦਾ ਗੇੜ’। ‘ਜਮ’ ਦੇ ਭਿੰਨ ਭਿੰਨ ਹੋਰ ਵੀ ਕਈ ਰੂਪ ਆਏ ਹਨ ਜਿਵੇਂ ‘ਜਮ ਜੰਦਾਰ, ਜਮਪੁਰ’ ਆਦਿ।

ਬ੍ਰਾਹਮਣ ਮੱਤ ਤੇ ਗਰੁੜ ਪੁਰਾਣ ਅਨੁਸਾਰ ‘ਜਮ’ ਤੇ ‘ਜਮਦੂਤ’ ਦੇ ਅਰਥ ਕਿਸੇ ਬਹੁ ਆਕਾਰੀ ਭਿਆਨਕ ਰੂਪ ਵਾਲੇ ਤੇ ਮਨੁੱਖ ਸਕਲ ਵਾਂਗ ਬੰਦੇ ਨਾਲ ਸਬੰਧਿਤ ਹੈ ਜਿਸ ਨਾਲ ਗੁਰਮੱਤ ਦਾ ਕੋਈ ਸਬੰਧ ਨਹੀਂ, ਬੇਸ਼ੱਕ ਕੁਝ ਥਾਵੇਂ ਗੁਰਬਾਣੀ ’ਚ ਲਫ਼ਜ਼ ‘ਜਮ’ ਬ੍ਰਾਹਮਣੀ ਅਰਥਾ ’ਚ ਵੀ ਆਇਆ ਤਾਂ ਹੈ ਪਰ ਉਸ ਦੇ ਖੰਡਣ ਲਈ, ਨਾ ਕਿ ਉਸ ਦੀ ਪ੍ਰੌੜਤਾ ’ਚ ਜਾਂ ਕੇਵਲ ਪ੍ਰਕਰਣ ਦੀ ਲੋੜ ਅਨੁਸਾਰ ਦਰਜ ਹੈ।

ਜਦ ਮਨੁੱਖਾ ਜਨਮ, ਬਿਰਥਾ ਤੇ ਅਜ਼ਾਈ ਚਲਾ ਜਾਂਦਾ ਹੈ ਤਾਂ ਫਿਰ ਤੋਂ ਜੂਨਾਂ (ਗਰਭਾਂ) ਦੇ ਗੇੜ ਕੱਟਣੇ ਪੈਂਦੇ ਹਨ ਤਾਂ ‘‘ਕਰਿ ਅਉਗਣ ਪਛੋਤਾਵਣਾ..॥’’ (ਪ: ੪੭੧) ਅਨੁਸਾਰ, ਉਸ ਸਮੇਂ ਬੀਤੇ ਸਮੇਂ ਲਈ ਜੀਵ ਦਾ ਪਛਤਾਉਣ ਤੋਂ ਇਲਾਵਾ ਹੋਰ ਕੁਝ ਵੀ ਪੇਸ਼ ਨਹੀਂ ਜਾਂਦੀ। ਮੌਤ ਤੋਂ ਬਾਅਦ ‘‘ਜਮ ਕਾ ਡੰਡੁ ਮੂੰਡ ਮਹਿ ਲਾਗੈ॥’’ ਦਾ ਮਤਲਬ ਰਹਿ ਜਾਂਦਾ ਹੈ ‘ਭਿੰਨ ਭਿੰਨ ਜੂਨਾਂ (ਜਨਮਾਂ) ਦੇ ਰੂਪ ’ਚ ਸਜ਼ਾਵਾਂ’, ਜਿਨ੍ਹਾਂ ਬਾਰੇ ਗੁਰਬਾਣੀ ’ਚ ਕਈ ਵਾਰ ਜ਼ਿਕਰ ਹੈ। ਜਿਵੇਂ:

‘‘ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ ॥ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ ॥ ਹੁਕਮ ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ, ਪਛੋਤਾਵਣਾ॥’’ (ਪੰ: ੪੭੦)

ਇੱਥੇ ‘ਨੰਗਾ’ ਤੋਂ ਭਾਵ ਸਰੀਰਕ ਨੰਗਾ ਨਹੀਂ ਬਲਕਿ (ਗੁਰੂ ਉਪਦੇਸ਼ ਦੀ ਕਮਾਈ ਤੋਂ ਬਿਨਾ) ਖਾਲੀ ਹੱਥ ਜਾਣਾ ਹੈ। ‘ਦੋਜ਼ਕਿ’ ਦਾ ਅਰਥ ਵੀ ਫਿਰ ਤੋਂ ਜਨਮ ਮਰਨ ਦਾ ਗੇੜ ਹੀ ਹੈ, ਨਾ ਕਿ ਬ੍ਰਾਹਮਣੀ ਨਰਕ ਜਾਂ ਇਸਲਾਮੀ ਦੋਜ਼ਕ ਨਗਰੀ। ਇਸ ਲਈ ਜੀਵ ਨੂੰ ਮਨੁੱਖਾ ਜਨਮ ਦੌਰਾਨ ਹਉਮੈ ਅਧੀਨ ਕੀਤੇ ਗਏ ਚੰਗੇ-ਮਾੜੇ ਕਰਮਾਂ ਦਾ ਭਿੰਨ ਭਿੰਨ ਜੂਨਾਂ ਦੇ ਰੂਪ ’ਚ ਲੇਖਾ-ਜੋਖਾ ਭੋਗਣਾ ਹੀ ਪੈਂਦਾ ਹੈ ਜਿਵੇਂ :

(1). ‘‘ਕੋਟਿ ਕਰਮ ਕਰੈ ਹਉ ਧਾਰੇ ॥ ਸ੍ਰਮੁ ਪਾਵੈ, ਸਗਲੇ ਬਿਰਥਾਰੇ ॥ ਅਨਿਕ ਤਪਸਿਆ, ਕਰੇ ਅਹੰਕਾਰ ॥ ਨਰਕ ਸੁਰਗ, ਫਿਰਿ ਫਿਰਿ ਅਵਤਾਰ॥.. ਜਬ ਇਹ ਜਾਨੈ, ਮੈ ਕਿਛੁ ਕਰਤਾ ॥ ਤਬ ਲਗੁ, ਗਰਭ ਜੋਨਿ ਮਹਿ ਫਿਰਤਾ॥’’ (ਪੰ: ੨੭੮)

(2). ‘‘ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ॥. ਹਉ ਵਿਚਿ, ਪਾਪ ਪੁੰਨ ਵੀਚਾਰੁ ॥ ਹਉ ਵਿਚਿ, ਨਰਕਿ ਸੁਰਗਿ ਅਵਤਾਰੁ॥’’ (ਪੰ: ੪੬੬)

(3). ‘‘ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ॥’’ (ਪੰ: ੪੬੬)

ਉਕਤ ‘‘ਨਰਕ ਸੁਰਗ ਫਿਰਿ ਫਿਰਿ ਅਵਤਾਰ॥’’ ਅਤੇ ‘‘ਹਉ ਵਿਚਿ, ਨਰਕਿ ਸੁਰਗਿ ਅਵਤਾਰੁ॥’’ ਵਾਕਾਂ ’ਚ ਨਰਕ ਤੇ ਸੁਰਗ ਦਾ ਜ਼ਿਕਰ ਵੀ ਕਿਸੇ ਬ੍ਰਾਹਮਣੀ ਨਰਕ ਤੇ ਸੁਰਗ ਲਈ ਨਹੀਂ ਹਨ ਬਲਕਿ ਭਿੰਨ-ਭਿੰਨ ਜਨਮਾਂ, ਜੂਨਾਂ ਤੇ ਗਰਭਾਂ ਦੌਰਾਨ ਭੁਗਤਾਏ ਜਾਣ ਵਾਲੇ ਭਿੰਨ ਭਿੰਨ ਦੁੱਖਾਂ ਲਈ ਹੈ, ਉਸ ਸਮੇਂ, ਸਿਵਾਏ ਪਛਤਾਉਣ ਤੇ ਤੜਫਣ ਦੇ ਉਸ ਕੋਲ; ਦੂਜਾ ਹੱਲ ਨਹੀਂ ਹੁੰਦਾ ਕਿਉਂਕਿ ਇਸ ਤੋਂ ਬਚਨ ਲਈ ਉਸ ਕੋਲ ਕੇਵਲ ਦੁਰਲਭ ਮਨੁੱਖਾ ਜਨਮ ਹੀ ਹੁੰਦਾ ਹੈ ਜਿਸ ’ਚ ਘੜੀ ਘੜੀ ਦਾ ਵਾਧਾ ਘਾਟਾ ਵੀ ਨਾਲੋ ਨਾਲ ਹੁੰਦਾ ਜਾਂਦਾ ਹੈ।

ਗੁਰਬਾਣੀ ਸਿਧਾਂਤ ‘‘ਨਰੂ ਮਰੈ, ਨਰੁ ਕਾਮਿ ਨ ਆਵੈ॥’’ ਸਦੀਵੀ ਤੇ ਜੁਗੋ ਜੁਗ ਅਟੱਲ ਹੁੰਦੇ ਹਨ ਕੇਵਲ ਮਿਸਾਲਾਂ ਹੀ ਬਦਲਦੀਆਂ ਰਹਿੰਦੀਆਂ ਹਨ। ਬੇਸ਼ੱਕ ਸਮੇਂ ਨਾਲ ਅੱਜ ਮਨੁੱਖਾ ਸਰੀਰ ਦੀਆਂ ‘ਅੱਖਾਂ, ਦਿਲ, ਗੁਰਦੇ’ ਆਦਿ ਕੁਝ ਅੰਗ ਦੂਜਿਆਂ ਲਈ ਵੀ ਵਰਤੇ ਜਾਂਦੇ ਹਨ। ਤਾਂ ਵੀ ਕਿਤਨੇ ਪ੍ਰਤੀਸ਼ਤ ਮੁਰਦਾ ਸਰੀਰਾਂ ਰਾਹੀਂ ਕਿਤਨੇ ਪ੍ਰਤੀਸ਼ਤ ਜੀਵਤ ਲੋਕਾਂ ਨੂੰ ਅਜਿਹਾ ਲਾਭ ਹੋ ਰਿਹਾ ਹੈ ? ਭਾਵ ਨਾ-ਮਾਤ੍ਰ।

ਸੁਆਲ ਇਹ ਵੀ ਹੈ ਕਿ ਅੰਗ ਦਾਨ ਕਰਨ ਵਾਲੇ ਪਰ-ਉਪਕਾਰੀ ਸੱਜਣਾਂ ਦੇ ਵੀ ਬਾਕੀ ਬਚੇ ਹੋਏ ਸਰੀਰਾਂ ਤੋਂ ਹੋਰ ਕੀ ਲਾਭ ਲਿਆ ਜਾਂਦਾ ਹੈ ? ਭਾਵ ਕੁਝ ਵੀ ਨਹੀਂ ਜਦਕਿ ਹੋਰ ਜੂਨਾਂ ਦੇ ਤਮਾਮ ਸਰੀਰ ਕੰਮ ਆ ਜਾਂਦੇ ਹਨ। ਕਬੀਰ ਜੀ ਵੀ ਇਹੀ ਕਹਿ ਰਹੇ ਹਨ ‘‘ਪਸੂ ਮਰੈ, ਦਸ ਕਾਜ ਸਵਾਰੈ॥’’ ਭਾਵ ਪਸ਼ੂ ਦਾ ਸਰੀਰ ਤਾਂ ਅੰਤ ਤੱਕ ਅਤੇ ਉਹ ਵੀ ਮਨੁੱਖ ਦੇ ਦਸੋਂ ਹੀ ਭਾਵ ਕਈ ਅਤੇ ਕਿਤਨੇ ਹੀ ਕੰਮ ਸੁਆਰਦਾ ਹੈ।

ਪਰ-ਉਪਕਾਰੀ ਮਨੁੱਖ ਰਾਹੀਂ ਆਪਣੇ ਸਰੀਰ ਦੇ ਕਿਸੇ ਅੰਗ ਜਾਂ ਅੰਗਾਂ ਨੂੰ ਦੂਜਿਆਂ ਦੇ ਲਾਭ ਲਈ ਐਲਾਣਿਆਂ ਵੀ ਹੁੰਦਾ ਹੈ ਤਾਂ ਉਹ ਵੀ ਉਸ ਨੇ ‘ਜੀਊਂਦੇ ਜੀਅ’, ਨਾ ਕਿ ਮੌਤ ਤੋਂ ਬਾਅਦ ਜਾਂ ਕੁਝ ਹਾਲਤਾਂ ’ਚ ਉਸ ਦੇ ਅਜਿਹੇ ਉੱਤਮ ਬਿਰਤੀ ਪ੍ਰਵਾਰ ਵਾਲੇ। ਇਸ ਲਈ ਅਜਿਹਾ ਕਰਨਾ ਵੀ ‘ਜੀਊਂਦੇ ਜੀਅ’ ਉਸ ਅੰਦਰਲੇ ਜਾਂ ਉਸ ਦੇ ਅਜਿਹੇ ਪ੍ਰਵਾਰ ਵਾਲਿਆਂ ਦੀ ‘‘ਨਰੂ’’ ਭਾਵ ਇਨਸਾਨੀ ਤੇ ਇਲਾਹੀ ਗੁਣਾਂ ਨਾਲ ਭਰਪੂਰ ਬਿਰਤੀ ਨਾਲ ਹੀ ਸਬੰਧਤ ਵਿਸ਼ਾ ਹੈ, ਜਿਹੜੀ ਜੀਊਂਦੇ ਜੀਅ ਉਸ ਦੇ ਸਰੀਰ ਜਾਂ ਸਬੰਧਤ ਪ੍ਰਵਾਰ ਅੰਦਰ ਮੌਜੂਦ ਹੈ ਜਾਂ ਸੀ, ਨਾ ਕਿ ਉਸ ਮੁਰਦਾ ਸਰੀਰ ਕੋਲ। ਬਾਕੀ ਤਾਂ, ਮੌਤ ਤੋਂ ਬਾਅਦ ਕੇਵਲ ਦੁਰਘਟਣਾ ਗ੍ਰਸਤ ਜਾਂ ਲਾਵਾਰਿਸ ਲਾਸ਼ਾਂ ਤੋਂ ਪੋਸਟ ਮਾਰਟਮ ਦੌਰਾਨ ਬਦੋਬਦੀ ਦੇ ਲਾਭ ਦਾ ਵਿਸ਼ਾ ਹੀ ਹੁੰਦਾ ਹੈ, ਨਾ ਕਿ ਉਨ੍ਹਾਂ ਲੋਕਾਂ ਜਾਂ ਉਨ੍ਹਾਂ ਦੇ ਪ੍ਰਵਾਰਾਂ ਦੀ ਖੁਸ਼ੀ ਦਾ। ਇਸ ਤਰ੍ਹਾਂ ਉਹ ਵੀ ਮਨੁੱਖੀ ਸਰੀਰਾਂ ਦੇ ਲਾਭ ਭਾਵ ‘‘ਨਰੂ’’ ਵੱਜੋਂ ਨਹੀਂ ਹੁੰਦਾ ਜਦਕਿ ਮਨੁੱਖ, ਮੁਰਦਾ (ਮਰੇ) ਹੋਏ ਪਸ਼ੂਆਂ ਦੇ ਸਰੀਰਾਂ ਦਾ ਪੂਰਾ ਪੂਰਾ ਲਾਭ ਲੈ ਲੈਂਦਾ ਹੈ।

ਅਜੋਕੇ ਸਮੇਂ ਸਾਡੇ ਹੀ ਕੁਝ ਵਿਦਵਾਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਬੀਰ ਜੀ ਦੇ ਇਸ ਸ਼ਬਦ ਵਿਚਲੀ ਇਹ ਗੱਲ ‘‘ਨਰੂ ਮਰੈ, ਨਰੁ ਕਾਮਿ ਨ ਆਵੈ॥’’ ਅੱਜ ਦੇ ਸੰਦਰਭ ’ਚ ਪੂਰੀ ਨਹੀਂ ਉਤਰਦੀ ਜਾਂ ਲਾਗੂ ਨਹੀਂ ਹੁੰਦੀ। ਦੂਜੇ ਪਾਸੇ ਉਹ ਵਿਦਵਾਨ ਵੀ ਹਨ ਜਿਹੜੇ ਭਾਵੇਂ ਗੁਰਬਾਣੀ ਦੇ ਸਤਿਕਾਰ ’ਚ ਹੀ ਸਹੀ, ਕੁਝ ਕੁ ਅੰਗਾਂ ਦੇ ਕੰਮ ਆਉਣ ਵਾਲੇ ਪੱਖ ਨੂੰ ਮੰਨ ਰਹੇ ਹਨ। ਜੇਕਰ ਥੋੜਾ ਸ਼ਬਦ ਦੀ ਗਹਿਰਾਈ ’ਚ ਜਾਈਏ ਤਾਂ ਸ਼ਬਦ ਸੰਬੰਧੀ ਉਭਰੇ ਇਹ ਦੋਵੇਂ ਵਿਚਾਰ, ਗੁਰਬਾਣੀ ਵਿਚਾਰਧਾਰਾ ਤੇ ਸਿਧਾਂਤ ਦੀ ਕਸਵੱਟੀ ’ਤੇ ਕਿਸੇ ਤਰ੍ਹਾਂ ਵੀ ਪੂਰੇ ਨਹੀਂ ਉਤਰਦੇ।

ਸੱਚਾਈ ਇਹ ਹੈ ਸਮੂਚੇ ਤੌਰ ’ਤੇ ਬੇਸ਼ੱਕ ਜਜ਼ਬਾਤੀ ਕਾਰਨਾਂ ਕਰਕੇ ਹੀ ਸਹੀ, ਪਰ ਮਨੁੱਖਾਂ ਦੇ ਮੁਰਦਾ ਸਰੀਰ ਅੱਜ ਵੀ 99% ਤੋਂ ਉਪਰ ਦੀ ਗਿਣਤੀ ’ਚ ਸਿਵਾਏ ਸਾੜਣ-ਦਫ਼ਨਾਉਣ ਜਾਂ ਪਾਣੀ ਆਦਿ ’ਚ ਬਹਾਉਣ ਦੇ ਹੋਰ ਕਿਸੇ ਵੀ ਕੰਮ ਨਹੀਂ ਆ ਰਹੇ ਤੇ ਨਾ ਕਦੇ ਆਉਣਗੇ ਹੀ। ਇਹ ਵੱਖਰੀ ਗੱਲ ਹੈ ਕਿ ਮੁਰਦਾ ਮਨੁੱਖੀ ਸਰੀਰ ਨੂੰ ਪਾਣੀ ’ਚ ਬਹਾਉਣਾ ਜਾਂ ਪਾਰਸੀਆਂ ਰਾਹੀਂ ‘ਹਸਨ’ ’ਚ ਪਾਉਣ ਦਾ ਮੂਲ ਕਾਰਨ ਵੀ ਇਹੀ ਹੈ ਕਿ ਉਹ ਸਰੀਰ ਦੁਜੇ ਜਾਨਵਰਾਂ ਦੀ ਖ਼ੁਰਾਕ ਬਣ ਜਾਵੇ, ਦਫ਼ਨਾਏ ਹੋਏ ਸਰੀਰ ਵੀ ਕਿਸੇ ਤਰ੍ਹਾਂ ਕੀੜਿਆਂ ਦੇ ਖਾਣ ਨਾਲ ਹੀ ਮੁੱਕਦੇ ਹਨ।

ਜਦਕਿ ਇਹ ਸਭ ਵੀ ਮੁਰਦਾ ਮਨੁੱਖੀ ਸਰੀਰਾਂ ਨੂੰ ਬਦੋਬਦੀ ਟਿਕਾਣੇ ਲਗਾਉਣਾ ਹੀ ਹੈ, ਇਸ ਤੋਂ ਵਧ ਹੋਰ ਕੁਝ ਨਹੀਂ, ਨਾ ਕਿ ਜਾਣ ਵਾਲੇ ਦੀ ‘ਨਰੂ’ ਬਿਰਤੀ ਕਾਰਨ। ਇਸ ਲਈ ਕਹਿਣਾ ਪਵੇਗਾ ਕਿ ਮੁਰਦਾ, ਮਨੁੱਖਾ ਸਰੀਰ ਦਾ ਅੱਜ ਵੀ ਅੰਤ ਉਹੀ ਹੈ ਜੋ ਕੇਵਲ ਕਬੀਰ ਜੀ ਦੇ ਇਸ ਸ਼ਬਦ ’ਚ ਹੀ ਨਹੀਂ ਬਲਕਿ ਜਿਸ ਨੂੰ ਗੁਰਬਾਣੀ ’ਚ ਹੋਰ ਵੀ ਅਨੇਕਾਂ ਵਾਰੀ ਤੇ ਬਹੁਤ ਢੰਗਾਂ ਨਾਲ ਬਿਆਨਿਆ ਗਿਆ ਹੈ ਜਿਵੇਂ:-

(1) ‘‘ਰੇ ਬਉਰੇ ! ਤੁਹਿ ਘਰੀ ਨ ਰਾਖੈ ਕੋਈ॥’’ (ਪੰ: ੪੭੮)

(2) ‘‘ਇਕ ਦਝਹਿ ਇਕ ਦਬੀਅਹਿ, ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਸਟੀਅਹਿ, ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ! ਏਵ ਨ ਜਾਪਈ, ਕਿਥੈ ਜਾਇ ਸਮਾਹਿ॥’’ (ਪੰ: ੬੪੮)

(3) ‘‘ਜਾ ਭਜੈ ਤਾ ਠੀਕਰੁ ਹੋਵੈ, ਘਾੜਤ ਘੜੀ ਨ ਜਾਇ॥’’ (ਪੰ: ੧੩੮)

(4) ‘‘ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ॥’’ (ਪੰ: ੪੬੭)

(5) ‘‘ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ, ਭਸਮ ਕੀ ਢੇਰੀ॥ ੩ ॥ ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ, ਬਾਜੀ ਹਾਰੀ॥’’ (ਪੰ: ੬੫੯)

(6) ‘‘ਊਚੇ ਮੰਦਰ ਸਾਲ ਰਸੋਈ ॥ ਏਕ ਘਰੀ ਫੁਨਿ ਰਹਨੁ ਨ ਹੋਈ ॥ ੧ ॥ ਇਹੁ ਤਨੁ ਐਸਾ, ਜੈਸੇ ਘਾਸ ਕੀ ਟਾਟੀ ॥ ਜਲਿ ਗਇਓ ਘਾਸੁ, ਰਲਿ ਗਇਓ ਮਾਟੀ॥’’ (ਪੰ: ੭੯੪)

(7) ‘‘ਅਨਿਕ ਜਤਨ ਕਰਿ ਕਾਇਆ ਪਾਲੀ ॥ ਮਰਤੀ ਬਾਰ, ਅਗਨਿ ਸੰਗਿ ਜਾਲੀ ॥ ੨ ॥ ਚੋਆ ਚੰਦਨ ਮਰਦਨ ਅੰਗਾ ॥ ਸੋ ਤਨੁ ਜਲੈ, ਕਾਠ ਕੈ ਸੰਗਾ ॥੩॥ ਕਹੁ ਕਬੀਰ ! ਸੁਨਹੁ ਰੇ ਗੁਨੀਆ ॥ ਬਿਨਸੈਗੋ ਰੂਪੁ, ਦੇਖੈ ਸਭ ਦੁਨੀਆ॥’’ (ਪੰ: ੩੨੫)

(8) ‘‘ਜਿਹ ਸਿਰਿ, ਰਚਿ ਰਚਿ ਬਾਧਤ ਪਾਗ ॥ ਸੋ ਸਿਰੁ, ਚੁੰਚ ਸਵਾਰਹਿ ਕਾਗ ॥ ੧ ॥ ਇਸੁ ਤਨ ਧਨ ਕੋ, ਕਿਆ ਗਰਬਈਆ ? ॥ ਰਾਮ ਨਾਮੁ, ਕਾਹੇ ਨ ਦ੍ਰਿੜ੍ਹੀਆ ?॥’’ (ਪੰ: ੩੩੦)

(9) ‘‘ਜਬ ਜਰੀਐ ਤਬ ਹੋਇ ਭਸਮ ਤਨੁ, ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ, ਇਆ ਤਨ ਕੀ ਇਹੈ ਬਡਾਈ॥’’ (ਪੰ: ੬੫੪) ਆਦਿ

ਕਬੀਰ ਜੀ ਦੇ ‘‘ਨਰੂ ਮਰੈ, ਨਰੁ ਕਾਮਿ ਨ ਆਵੈ॥’’ ਸ਼ਬਦ ਵਾਂਗ ਹੀ ਬਾਬਾ ਫਰੀਦ ਜੀ ਕਹਿ ਰਹੇ ਹਨ: ‘‘ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ॥’’ (ਪੰ: ੪੬੭) ਭਾਵ ਗੁਰਬਾਣੀ ’ਚ ਅਜਿਹੇ ਬੇਅੰਤ ਸ਼ਬਦ ਹਨ ਜੋ ਸਪਸ਼ਟ ਕਰਦੇ ਹਨ ਕਿ ਮਨੁੱਖਾ ਸਰੀਰ ਦਾ ਲਾਭ ਹੀ ਜੀਊਂਦੇ ਸਰੀਰ ਸਮੇਂ ਹੈ, ਨਾ ਕਿ ਮੌਤ ਤੋਂ ਬਾਅਦ, ਕਿਉਂਕਿ ਮਨੁੱਖਾ ਸਰੀਰ ਦੀ ਸੰਭਾਲ ਵੀ ਸ਼ਬਦ-ਗੁਰੂ ਦੀ ਕਮਾਈ ਨਾਲ, ਜੀਊਂਦੇ ਜੀਅ ਹੀ ਹੋਣੀ ਹੈ।

ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾ, ਬਿਰਥਾ ਮਨੁੱਖਾ ਜਨਮ ਤਾਂ ਪਸ਼ੂ ਦੇ ਸਰੀਰ ਤੋਂ ਵੀ ਨੀਵਾਂ ਚਲਾ ਜਾਂਦਾ ਹੈ ਇਸ ਨੂੰ ਕਬੀਰ ਜੀ ਸਮਝਾਉਣ ਉਪਰੰਤ ਇਹੀ ਤਤ ਕੱਢ ਰਹੇ ਹਨ ਕਿ ‘‘ਕਹੁ ਕਬੀਰ ! ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ, ਮੂੰਡ ਮਹਿ ਲਾਗੈ॥’’ ਜਦਕਿ ਪਹਿਲਾਂ ਤਾਂ ਮਨੁੱਖ ਇਸ ਬਾਰੇ ਲਾਪਰਵਾਹ ਹੀ ਰਹਿੰਦਾ ਹੈ। ਇਸ ਲਈ ਗੁਰਬਾਣੀ ਦਾ ਸਿਧਾਂਤ ‘‘ਸਗਲ ਸਰੀਰ, ਆਵਤ ਸਭ ਕਾਮ॥ ਨਿਹਫਲ ਮਾਨੁਖੁ, ਜਪੈ ਨਹੀ ਨਾਮ॥’’ (ਪੰ: ੧੯੦) ਜੁਗੋ ਜੁਗ ਅਟੱਲ ਹੈ ਤੇ ਰਹੇਗਾ। ਇਸ ਲਈ ਕੇਵਲ ਗੁਰੂ ਆਸਰਾ ਹੀ ਮਨੁੱਖਾ ਸਰੀਰ ਨੂੰ ਸਾਰਥਿਕ ਬਣਾ ਸਕਦਾ ਹੈ ‘‘ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ, ਡੁਬਾ ਸੰਸਾਰ॥’’ (ਪੰ: ੧੩੭)

ਇਸ ਲਈ ਮਨੁੱਖਾ ਸਰੀਰ ਦੀ ਜੇ ਸੰਭਾਲ ਹੋਣੀ ਹੈ, ਜੇ ਮਨੁੱਖ ਨੇ ਸ਼ਬਦ-ਗੁਰੂ ਦੀ ਸ਼ਰਣ ’ਚ ਆ ਕੇ ਚਲਦੇ ਆ ਰਹੇ ਜਨਮਾਂ-ਜਨਮਾਂਤ੍ਰਾਂ ਦੇ ਗੇੜ ਤੋਂ ਛੁਟਕਾਰਾ ਪਾਉਣਾ ਹੈ; ਜਨਮ ਨੂੰ ਸਫ਼ਲਾ ਕਰਕੇ ਅਸਲੇ ਪ੍ਰਭੂ ’ਚ ਸਮਾਉਣਾ ਹੈ ਤਾਂ ਇਹ ਸਭ ਕੇਵਲ ਮਨੁੱਖਾ ਜੂਨ ’ਚ ਤੇ ਜੀਊਂਦੇ ਜੀਅ ਹੀ ਸੰਭਵ ਹੈ। ਮੌਤ ਤੋਂ ਬਾਅਦ ਤਾਂ ‘‘ਬਾਝੁ ਗੁਰੂ, ਡੁਬਾ ਸੰਸਾਰ॥’’ ਵਾਲੀ ਗੱਲ ਹੀ ਬਾਕੀ ਰਹਿਣੀ ਹੈ, ਉਸ ਤੋਂ ਵੱਧ ਕੁਝ ਨਹੀਂ।

ਜੀਊਂਦੇ ਜੀਅ ਹੀ ਸ਼ਬਦ-ਗੁਰੂ ਦੀ ਕਮਾਈ ਨਾਲ ਇਲਾਹੀ ਗੁਣਾਂ ’ਚ ਰੰਗਣਾ ਤੇ ਭਰਪੂਰ ਕਰਨਾ ਹੈ, ਇਸ ਦੀ ਆਤਮਕ ਸੰਭਾਲ ਕਰਣੀ ਹੈ; ਗੁਰਬਾਣੀ ਅਨੁਸਾਰ ‘‘ਨਰੂ’’ ਭਾਵ ਇਨਸਾਨੀਅਤ ਦੇ ਗੁਣ ਵੀ, ਇਲਾਹੀ ਗੁਣਾਂ ਨੂੰ ਹੀ ਕਿਹਾ ਗਿਆ ਹੈ। ਜੇਕਰ ਮਨੁੱਖ ਨੇ ਜੀਊਂਦੇ ਜੀਅ, ਜੀਵਨ ਦੇ ਇਸ ਮੂਲ ਮਕਸਦ ਨੂੰ ਪ੍ਰਾਪਤ ਨਾ ਕੀਤਾ ਤਾਂ ਮੌਤ ਤੋਂ ਬਾਅਦ ‘‘ਨਰੂ ਮਰੈ, ਨਰੁ ਕਾਮਿ ਨ ਆਵੈੈ॥’’ ਵਾਲੀ ਗੱਲ ਹੀ ਬਾਕੀ ਰਹਿ ਜਾਵੇਗੀ ਤੇ ਮਿੱਟੀ ਹੋ ਚੁੱਕੇ ਇਸ ਮਨੁੱਖਾ ਸਰੀਰ ਦਾ ਕੌਡੀ ਮੁੱਲ ਨਹੀਂ ਪਵੇਗਾ।

ਮਨੁੱਖਾ ਸਰੀਰ ਦੀ ਉੱਤਮਤਾ ਹੀ ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਨ ਕਰਣ ਨਾਲ ਉਜਾਗਰ ਹੋਣੀ ਹੈ। ਇਹ ਕੇਵਲ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਇਸ ਜਨਮ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਜੀਊਂਦੇ ਜੀਅ ਹੀ ਇਸ ਦਾ ਲਾਭ ਲੈਣਾ ਹੈ। ਇਸੇ ਤੋਂ ਮਨੁੱਖ ਦਾ ਕੇਵਲ ਇਹ ਲੋਕ ਹੀ ਨਹੀਂ ਬਲਕਿ ਪ੍ਰਲੋਕ ਵੀ ਸੰਵਰਣਾ ਹੈ। ਇਹੀ ਹੈ ਮਨੁੱਖਾ ਸਰੀਰ ਦਾ ਉਹ ਲਾਭ, ਜਿਸ ਲਈ ਕਰਤੇ ਨੇ ਇਸ ਵਿਸ਼ੇਸ਼ ਭਾਵ ਮਨੁੱਖਾ ਜੂਨ ਨੂੰ ਘੜਿਆ ਹੋਇਆ ਹੈ। ਇਸੇ ਲਈ ਇਸ ਜਨਮ ਨੂੰ ਗੁਰਬਾਣੀ ’ਚ ਦੁਰਲਭ ਜਨਮ, ਅਮੋਲਕ ਜਨਮ ਆਦਿ ਵੀ ਕਿਹਾ ਗਿਆ ਹੈ।

ਨਹੀਂ ਤਾਂ ‘‘ਮਾਟੀ ਏਕ, ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ॥’’ ਅਨੁਸਾਰ ਮਿੱਟੀ ’ਚ ਦੁਬਾਰਾ ਰੱਲ ਕੇ, ਇਕ ਜਾਂ ਦੂਜੇ ਢੰਗ (ਜੂਨ) ’ਚ ਕੇਵਲ ਮਿੱਟੀ ਦੁਬਾਰਾ ਫਿਰ ਬਣਨਾ ਹੈ। ਬਲਕਿ ਜਿਹੜੇ ਮੁਰਦਾ ਸਰੀਰ, ਕਿਸੇ ਕਾਰਨ ਸਮਾਜਿਕ ਤੇ ਪ੍ਰਚੱਲਤ ਰਸਮਾਂ ਦੀ ਪਕੜ ਤੋਂ ਅੰਤ ਨੂੰ ਬਾਹਰ ਰਹਿ ਜਾਂਦੇ ਹਨ; ਅਜਿਹੇ ਮਨੁੱਖੀ ਸਰੀਰਾਂ ਨੂੰ ‘‘ਇਕਨਾ ਕੁਤੇ ਖਾਹਿ..॥’’ ਅਨੁਸਾਰ ਸਿਵਾਏ ਜੰਗਲੀ ਜਾਨਵਰਾਂ ਆਦਮਖੋਰਾਂ, ਗਿਝਾਂ, ਇੱਲਾਂ, ਕੁੱਤਿਆਂ ਆਦਿ ਰਾਹੀਂ ਖਾਣ ਤੋਂ ਇਲਾਵਾ ਹੋਰ ਕਿਸੇ ਵੀ ਕੰਮ ਨਹੀਂ ਆਉਣਾ।

‘‘ਮਨੁੱਖ ਜੂਨ ਬਨਾਮ ਬੇਅੰਤ ਜੂਨਾਂ’’- ਸੱਚ ਇਹੀ ਹੈ ਕਿ ਹਵਾ ਪਾਣੀ ਦੇ ਜੀਵਾਂ ਤੋਂ ਲੈ ਕੇ ਫਲਾਂ, ਫੁਲਾਂ, ਅੰਨ, ਸਬਜ਼ੀਆਂ ਤੇ ਹਰੇਕ ਸ਼੍ਰੇਣੀ ਦੇ ਜੀਵਾਂ ਦੇ ਪੂਰੇ ਦੇ ਪੂਰੇ ਸਰੀਰ ਤੇ ਉਨ੍ਹਾਂ ਦੇ ਬੇਅੰਤ ਕਿਸਮਾਂ ਦੇ ਸਰੀਰਾਂ ਦੀ ਮਿੱਟੀ ਨੂੰ ਉਨ੍ਹਾਂ ਦੀ ਨਸਲ ਤੇ ਉਨ੍ਹਾਂ ਦੇ ਗੁਣਾਂ ਅਨੁਸਾਰ ਮਨੁੱਖ ਹੀ ਵਰਤਦਾ ਅਤੇ ਮਨੁੱਖ ਦੇ ਕੰਮ ਹੀ ਆਉਂਦੇ ਹਨ ਬਲਕਿ ਉਹ, ਮਨੁੱਖ ਦੇ ਸੈਂਕੜੇ ਕੰਮਾਂ ਨੂੰ ਵੀ ਸੁਆਰਦੇ ਅਤੇ ਕਈ ਹਾਲਤਾਂ ’ਚ ਮਨੁੱਖਾ ਜੀਵਨ ਦੀ ਵੀ ਰਖਿਆ ਕਰਦੇ ਹਨ। ਲੋੜ ਅਨੁਸਾਰ ਕੁਝ ਨੂੰ ਤਾਂ ਉਨ੍ਹਾਂ ਦੇ ਜੀਵਨ ’ਚ ਵੀ, ਜਿਵੇਂ ਹਾਥੀ, ਘੋੜੇ, ਕੁੱਤੇ, ਗਊਆਂ ਆਦਿ ‘‘ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥’’ (ਪੰ: ੪੭੩) ਭਾਵ ਕੇਵਲ ਮਨੁੱਖ ਹੀ ਵਰਤਦਾ ਹੈ ਤੇ ਉਹ ਸਦਾ ਵਰਤੀਂਦੇ ਹੀ ਰਹਿਣਗੇ।

ਕਬੀਰ ਜੀ ਦੇ ਇਸ ਸ਼ਬਦ ’ਚ ਇਕ ਪਾਸੇ ਪਸ਼ੂ ਲਈ ‘‘ਪਸੂ ਮਰੈ, ਦਸ ਕਾਜ ਸਵਾਰੈ॥’’ ਤੇ ਦੂਜੇ ਪਾਸੇ ਮਨੁੱਖ ਲਈ ‘‘ਨਰੂ ਮਰੈ, ਨਰੁ ਕਾਮਿ ਨ ਆਵੈ॥’’ ਅਤੇ ‘‘ਹਾਡ ਜਲੇ, ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ, ਜੈਸੇ ਘਾਸ ਕਾ ਪੂਲਾ॥’’ ਫਿਰ ਇੱਥੋਂ ਤੱਕ ਕਿ ‘‘ਕਹੁ ਕਬੀਰ ! ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ, ਮੂੰਡ ਮਹਿ ਲਾਗੈ॥’’ ਇਹ ਦੋਵੇਂ ਪ੍ਰਕਰਣ, ਵੱਖਰੇ ਵੱਖਰੇ ਹਨ ਅਤੇ ਵਿਸ਼ੇਸ਼ ਧਿਆਨ ਮੰਗਦੇ ਹਨ ਕਿਉਂਕਿ ਇਕ ਵਿਸ਼ਾ ਦੂਜੀਆਂ ਸਮੂਹ ਜੂਨਾਂ ਨਾਲ ਸੰਬੰਧਤ ਹੈ ਤੇ ਦੂਜਾ ਵਿਸ਼ਾ ਕੇਵਲ ਤੇ ਕੇਵਲ ਇੱਕੋ ਇੱਕ ਮਨੁੱਖਾ ਜੂਨ ਲਈ ਹੀ ਸੀਮਤ ਹੈ।

ਦਰਅਸਲ, ਇੱਥੇ ਵੀ ਕਬੀਰ ਜੀ ਮਨੁੱਖ ਦੀ ਗੱਲ ਕਰਦੇ ਸਮੇਂ ਮਨੁੱਖ ਨੂੰ ‘‘ਨਰੂ” ਅਥਵਾ ‘‘ਰਾਮ ਨਾਮੁ ਕਾਹੇ ਨ ਦ੍ਰਿੜ੍ਹੀਆ॥’’ (ਪੰ: ੩੩੦) ‘‘ਪਿਆਰੇ ਅਲਹ ਲਗੇ..॥’’ ਅਤੇ ‘‘ਬਾਝੁ ਗੁਰੂ, ਡੁਬਾ ਸੰਸਾਰ॥’’ ਲਈ ਹੀ ਚੇਤਾਅ ਰਹੇ ਹਨ। ਨਹੀਂ ਤਾਂ ਮਨੁੱਖਾ ਸਰੀਰ ਵੀ ਉਸੇ ਮਿੱਟੀ ਦਾ ਹੀ ਇੱਕ ਰੂਪ ਹੈ, ਜਿਸ ਦੇ ਸਾਰੇ ਜੀਵ। ਉਕਤ ਗੁਰਮੱਤ ਸਿਧਾਂਤ ਮਨੁੱਖਾ ਸਰੀਰ ’ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੇ ਹਨ ਜਿਹੜੇ ਬਾਕੀ ਸਮੂਹ ਸਰੀਰਾਂ ਉੱਤੇ।

ਇਸ ਲਈ ਗੁਰਬਾਣੀ ਅਨੁਸਾਰ ਬਾਕੀ ਅਰਬਾਂ-ਖਰਬਾਂ ਜੂਨਾਂ ਦੇ ਮੁਕਬਲੇ ਮਨੁੱਖਾ ਜੂਨ ਦਾ ਫ਼ਰਕ ਹੈ ਤਾਂ ‘‘ਨਰੂ’’ ਭਾਵ ਮਨੁੱਖਾ ਸਰੀਰ ਦੀ ਉੱਤਮਤਾ, ਉਸ ਅੰਦਰਲੀ ਇਨਸਾਨੀਅਤ ਦੇ ਉਪਰੰਤ ਇਸ ਵਿਸ਼ੇਸ਼ ਜਨਮ ਦੇ ਮਕਸਦ ਦੀ ਪ੍ਰਾਪਤੀ ਲਈ ਤੇ ਇਸ ਵਿਚਲੀ ਪ੍ਰਭੂ ਦੀ ‘ਮਨ’ ਵਾਲੀ ਦਾਤ ਦਾ। ਉਹੀ ‘ਮਨ’, ਜਿਸ ਬਾਰੇ ਕਿਹਾ ਗਿਆ ਹੈ: ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ ! ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ..॥’’ (ਪੰ: ੪੪੧)

‘ਮਨੁੱਖਾ ਸਰੀਰ ਤੇ ਪਸ਼ੂ ਬਿਰਤੀ’:-ਕੁਝ ਸੱਜਣ ਕਬੀਰ ਜੀ ਦੇ ਹਥਲੇ ਸ਼ਬਦ ਵਿਚਲੀ ਪੰਕਤੀ ‘‘ਪਸੂ ਮਰੈ, ਦਸ ਕਾਜ ਸਵਾਰੈ॥’’ ਨੂੰ ਮਨੁੱਖਾ ਜੀਵਨ ਵਿਚਲੀ ਪਸ਼ੂ ਬਿਰਤੀ ਵਾਲੇ ਪੱਖ ਨਾਲ ਵੀ ਜੋੜਦੇ ਹਨ, ਬੇਸ਼ੱਕ ਮਨੁੱਖਾ ਜੀਵਨ ਦਾ ਇਹ ਪੱਖ ਵੀ ਗੁਰਬਾਣੀ ’ਚ ਰੂਪਮਾਨ ਹੈ, ਜਿਸ ਨੂੰ ਸਮਝਣਾ ਵੀ ਜ਼ਰੂਰੀ ਹੈ। ਗੁਰਬਾਣੀ ’ਚ ਗੁਰਦੇਵ ਨੇ ਮਨੁੱਖ ਦੀ ਪਸ਼ੂ ਬਿਰਤੀ ਨੂੰ ਅਨੇਕਾਂ ਵਾਰ ਉਘਾੜਿਆ ਤੇ ਖੋਲਿਆ ਵੀ ਹੈ ਜਿਵੇਂ:

(1). ‘‘ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ ॥’’ (ਪੰ: ੨੧)

(2). ‘‘ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ ॥’’ (ਪੰ: ੫੦)

(3). ‘‘ਆਵਨ ਆਏ ਸ੍ਰਿਸਟਿ ਮਹਿ, ਬਿਨੁ ਬੂਝੇ ਪਸੁ ਢੋਰ॥’’ (ਪੰ: ੨੫੧)

(4). ‘‘ਕਰਤੂਤਿ ਪਸੂ ਕੀ, ਮਾਨਸ ਜਾਤਿ॥ ਲੋਕ ਪਚਾਰਾ ਕਰੈ, ਦਿਨੁ ਰਾਤਿ ॥ ਚੰਦਨ ਲੇਪੁ, ਉਤਾਰੈ ਧੋਇ ॥ ਗਰਧਬ ਪ੍ਰੀਤਿ, ਭਸਮ ਸੰਗਿ ਹੋਇ॥’’ (ਅੰ: ੨੬੭)

(5). ‘‘ਤ੍ਰਿਗਦ ਜੋਨਿ ਅਚੇਤ ਸੰਭਵ, ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥’’ (ਅੰ: ੪੮੬)

(6). ‘‘ਬਿਨੁ ਸਿਮਰਨ, ਧਿ੍ਰਗੁ ਕਰਮ ਕਰਾਸ ॥ ਕਾਗ ਬਤਨ, ਬਿਸਟਾ ਮਹਿ ਵਾਸ ॥ ੨ ॥ ਬਿਨੁ ਸਿਮਰਨ, ਭਏ ਕੂਕਰ ਕਾਮ ॥ ਸਾਕਤ, ਬੇਸੁਆ ਪੂਤ ਨਿਨਾਮ ॥ ੩ ॥ ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ, ਸਾਕਤ ਮੁਖੁ ਕਾਰਾ ॥ ੪ ॥ ਬਿਨੁ ਸਿਮਰਨ, ਗਰਧਭ ਕੀ ਨਿਆਈ ॥ ਸਾਕਤ, ਥਾਨ ਭਰਿਸਟ ਫਿਰਾਹੀ ॥ ੫ ॥ ਬਿਨੁ ਸਿਮਰਨ, ਕੂਕਰ ਹਰਕਾਇਆ ॥ ਸਾਕਤ ਲੋਭੀ, ਬੰਧੁ ਨ ਪਾਇਆ ॥ ੬ ॥’’ (ਅੰ: ੨੩੯) ਆਦਿ।

ਉਕਤ ਕੀਤੀ ਗਈ ਤਮਾਮ ਵੀਚਾਰ ਅਨੁਸਾਰ ਕਿ ‘‘ਨਰੂ ਮਰੈ..॥’’ ਤੇ ‘‘ਪਸੂ ਮਰੈ..॥’’ ਦੋਨਾਂ ’ਚ ਲਫ਼ਜ਼ ‘‘ਪਸੂ ਮਰੈ’’ ਕੇਵਲ ਪਸ਼ੂਆਂ ਲਈ ਹੀ ਦਰਜ ਹੈ, ਨਾ ਕਿ ਮਨੁੱਖ ਦੀ ਪਸ਼ੂ ਬਿਰਤੀ ਲਈ। ਇਸ ਲਈ ਉਪਰੋਕਤ ਕਬੀਰ ਜੀ ਦੇ ਸੰਪੂਰਨ ਸ਼ਬਦ ਵਿੱਚੋਂ ਕੇਵਲ ‘ਨਰੂ ਮਰੈ..॥’ ਨੂੰ ਸ਼ਬਦ ਦੇ ਮੂਲ ਵਿਸ਼ੇ ਨਾਲੋਂ ਅਲੱਗ ਕਰਕੇ ਪ੍ਰਚੱਲਤ ਅਰਥ (ਸਰੀਰਕ ਮੌਤ) ਕਰਨ ਦੀ ਬਜਾਏ ਹੋਰ ਜੀਵਾਂ ਦੇ ਸੁਭਾਉ ਨਾਲ ਜੋੜ ਕੇ ਅਰਥ ਕਰਨੇ, ਸਿਧਾਂਤਕ ਪੱਖੋਂ ਹੀ ਗ਼ਲਤ ਹਨ ਕਿਉਂਕਿ ਸ਼ਬਦ ’ਚ ਮੁੱਖ ਵਿਸ਼ਾ ਹੀ ‘‘ਨਰੂ ਮਰੈ’’ ਬਨਾਮ ‘‘ਪਸੂ ਮਰੈ’’ ਦਾ ਚੱਲ ਰਿਹਾ ਹੈ।

23040cookie-check‘‘ਨਰੂ ਮਰੈ’’ ਬਨਾਮ ‘‘ਪਸ਼ੂ ਮਰੈ’’