ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥

0
601

ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)

ਇਹ ਪਾਵਨ ਪੰਕਤੀ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਰਾਗ ਵਿੱਚ ਪੰਨਾ ਨੰਬਰ 24 ’ਤੇ ਸ਼ਬਦ ਨੰਬਰ 29 ’ਚ ਸੁਭਾਇਮਾਨ ਹੈ। ਜਿਸ ਪਦੇ ਦੀ ਇਹ ਪੰਕਤੀ ਹੈ ਉਹ ਪਦਾ ‘ਰਹਾਉ’ ਵਾਲਾ ਹੈ ਭਾਵ ਸ਼ਬਦ ਦਾ ਕੇਂਦਰੀ ਭਾਵ ਹੈ। ‘ਰਹਾਉ’ ਦੀਆਂ ਤਮਾਮ ਪੰਕਤੀਆਂ ਇਸ ਪ੍ਰਕਾਰ ਹਨ: ‘‘ਮੈ ਪਤਿ ਕੀ ਪੰਦਿ; ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ, ਰਹਾ ਬਿਕਰਾਲ ॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥’’ ਇਨ੍ਹਾਂ ਪੰਕਤੀਆਂ ਦੇ ਅਰਥ ਹਨ ਕਿ ਹੇ ਪ੍ਰਭੂ ! ਨਾ ਮੈ ਤੇਰੀ ਨਸੀਹਤ ’ਤੇ ਤੁਰਦਾ ਹਾਂ, ਨਾ ਮੇਰੀ ਕਰਣੀ ਚੰਗੀ ਹੈ, ਮੈ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੋ ਆਸਰਾ ਹੈ ਕਿ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ (ਉਹ ਮੈਨੂੰ ਵੀ ਪਾਰ ਲੰਘਾ ਲਵੇਗਾ।)

ਗੁਰਬਾਣੀ ਵਿੱਚ ਗੁਰੂ ਜੀ ਨੇ ਬਹੁਤ ਵਾਰੀ ਇਹੋ ਢੰਗ ਵਰਤਿਆ ਹੈ ਕਿ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਆਪਣੇ ਆਪ ’ਤੇ ਉਹ ਗੱਲਾਂ ਢੁਕਾ ਕੇ ਆਖੀਆਂ ਹਨ। ਗੱਲ ਤਾਂ ਸਾਰੇ ਸੰਸਾਰ ਦੀ ਹੈ ਪਰ ਜੋ ਸੰਸਾਰੀ ਜੀਵ ਕੁਕਰਮ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਆਪਣੇ ਸਿਰ ’ਤੇ ਲੈ ਕੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਦਰ ’ਤੇ ਸੰਸਾਰਕ ਜੀਵਾਂ ਦੇ ਪਾਰ ਉਤਾਰੇ ਲਈ ਅਰਦਾਸ ਕਰਦੇ ਹਨ।

ਸ੍ਰੀ ਰਾਗ ’ਚ ਵੀ ਇੱਕ ਥਾਂ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਣ ਕਰਦੇ ਹਨ ਕਿ ਹੇ ਮਾਲਕ ! ਸਾਰੇ ਜੀਵ ਤੁਹਾਡੇ ਪੈਦਾ ਕੀਤੇ ਹੋਏ ਹਨ ਸਾਰੇ ਜੀਵਾਂ ਦੇ ਤੁਸੀਂ ਹੀ ਖਸਮ ਹੋ, ਜੋ ਜੀਵ ਤੁਹਾਡੇ ਤੋਂ ਮਿਲੀ ਸੂਝ (ਅਕਲ) ਦਾ ਮਾਣ ਵੀ ਕਰਨ, ਤਾਂ ਵੀ ਤੁਸੀਂ ਗੁੱਸੇ ਵਿੱਚ ਨਹੀਂ ਆਉਂਦੇ ਕਿਉਂਕਿ ਆਖ਼ਰ ਇਹ ਤਮਾਮ ਜੀਵ ਤੁਹਾਡੇ ਹੀ ਹਨ। ਹੇ ਮਾਲਕ ਪ੍ਰਭੂ ! ਜੇ ਤੁਸੀਂ ਗੁੱਸੇ ਵਿੱਚ ਆਵੋ ਤਾਂ ਕਿਸ ਉੱਤੇ ਆਵੋ ? ਤੁਸੀਂ ਉਨ੍ਹਾਂ ਦੇ ਮਾਲਕ ਹੋ ਤੇ ਉਹ ਸਾਰੇ ਤੁਹਾਡੇ ਹੀ ਬਣਾਏ ਹੋਏ ਹਨ। ਪਵਿੱਤਰ ਬਚਨ ਹਨ: ‘‘ਤੇਰੇ ਜੀਅ; ਜੀਆ ਕਾ ਤੋਹਿ ॥ ਕਿਤ ਕਉ ਸਾਹਿਬ  ! ਆਵਹਿ ਰੋਹਿ  ? ॥ ਜੇ ਤੂ ਸਾਹਿਬ  ! ਆਵਹਿ ਰੋਹਿ ॥ ਤੂ ਓਨਾ; ਕਾ ਤੇਰੇ ਓਹਿ ॥’’ (ਮ: ੧/੨੫)

ਸਮੁੱਚੇ ਸੰਸਾਰ ਦਾ ਭਲਾ ਲੋਚਨ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਸਾਰੇ ਜੀਵਾਂ ਲਈ ਕਿੰਨੀ ਤੜਫ ਹੈ ? ਇਸੇ ਲਈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਹਨ: ‘‘ਜਾਹਰ ਪੀਰ; ਜਗਤੁ ਗੁਰੁ ਬਾਬਾ ॥’’ (ਵਾਰ ੨੪ ਪਉੜੀ ੩)

ਸਾਰੇ ਸੰਸਾਰ ਦਾ ਗੁਰੂ ਕਹਿਲਾਉਣ ਦਾ ਹੱਕ ਹੈ ਹੀ ਉਸ ਨੂੰ, ਜੋ ਬਿਨਾ ਕਿਸੇ ਵਿਤਕਰੇ ਤੋਂ ਸਾਰਿਆਂ ਦੇ ਭਲੇ ਦੀ ਗੱਲ ਕਰੇ। ਇਸ ਵਡਿਆਈ ਦੇ ਹੱਕਦਾਰ ਗੁਰੂ ਨਾਨਕ ਸਾਹਿਬ ਜੀ ਹੀ ਹਨ। ਗੁਰੂ ਨਾਨਕ ਸਾਹਿਬ ਜੀ ਦੀ ਜੋਤਿ 239 ਸਾਲ ਲਗਾਤਾਰ ਦਸ ਜਾਮਿਆਂ ਵਿੱਚ ਸਰੀਰਕ ਤੌਰ ’ਤੇ ਸਰਬੱਤ ਦੇ ਭਲੇ ਲਈ ਵਿਚਰਦੀ ਰਹੀ ਅਤੇ ਫਿਰ ਸਦਾ ਲਈ ਸ਼ਬਦ ਗੁਰੂ ਦੇ ਰੂਪ ’ਚ ਵਿਚਰ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਉਨ੍ਹਾਂ ਭਗਤਾਂ ਨੂੰ ਵੀ ਸ਼ਾਮਲ ਕਰ ਲਿਆ ਜਿਨ੍ਹਾਂ ਦਾ ਸਿਧਾਂਤ ਗੁਰੂ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦਾ ਸੀ ਭਾਵ ਕਿ ਇਹ ਸਾਰੇ ਭਗਤ ਵੀ ਲੁਕਾਈ ਦੇ ਭਲੇ ਲਈ ਗੱਲ ਕਰਨ ਵਾਲੇ ਸਨ; ਜਿਵੇਂ ਕਿ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ‘‘ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥’’ (ਮ: ੫/੮੧੫) ਪਰਉਪਕਾਰ ਕਰਨ ਵਾਲੇ ਨੂੰ ਹੀ ਸਤਿਗੁਰੂ ਜੀ ਅਸਲ ਸੱਜਣ, ਰਿਸ਼ਤੇਦਾਰ, ਮਿੱਤਰ ਮੰਨਦੇ ਹਨ। ਪਰਉਪਕਾਰ ਵੀ ਕੇਵਲ ਸੰਸਾਰਕ ਪੱਧਰ ’ਤੇ ਹੀ ਨਹੀਂ ਬਲਕਿ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ਦੇ ਔਗੁਣ ਮਿਟ ਜਾਣ ਤੇ ਉਸ ਔਗੁਣਾਂ ਦੀ ਜਗ੍ਹਾ ਪ੍ਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਵੇ। ਕਿੰਨੇ ਅਨਮੋਲ ਬਚਨ ਹਨ, ਗੁਰੂ ਅਰਜਨ ਸਾਹਿਬ ਜੀ ਦੇ : ‘‘ਸਾਜਨੁ ਬੰਧੁ ਸੁਮਿਤ੍ਰੁ ਸੋ; ਹਰਿ ਨਾਮੁ ਹਿਰਦੈ ਦੇਇ ॥ ਅਉਗਣ ਸਭਿ ਮਿਟਾਇ ਕੈ; ਪਰਉਪਕਾਰੁ ਕਰੇਇ ॥’’ (ਮ: ੫/੨੧੮) ਕਿਉਂਕਿ ਇਨ੍ਹਾਂ ਔਗੁਣਾਂ ਵਿੱਚ ਹੀ ਤਾਂ ਸਾਰਾ ਸੰਸਾਰ ਡੁੱਬ ਰਿਹਾ ਹੈ। ਡੁੱਬਣ ਦਾ ਕਾਰਨ ਕੀ ਹੈ ? ਇਸ ਬਾਰੇ ਗੁਰੂ ਅਮਰਦਾਸ ਜੀ ਸਮਝਾ ਰਹੇ ਹਨ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ ਛੱਡ ਕੇ ਮਾਇਆ ਵਿੱਚ ਮਸਤ ਹੁੰਦੇ ਹਨ ਤੇ ਮਾਇਆ ਦੀ ਖ਼ਾਤਰ ਹੋਰ ਹੋਰ ਦੀ ਸੇਵਾ (ਖ਼ੁਸ਼ਾਮਦ) ਕਰਦੇ ਫਿਰਦੇ ਹਨ। ਇਸ ਤਰ੍ਹਾਂ ਉਹ ਆਪਣੇ ਮਨੁੱਖਾ ਜਨਮ ਦਾ ਫ਼ਰਜ਼ ਭੁਲਾ ਬੈਠਦੇ ਹਨ ਪਰ ਸਮਝਦੇ ਨਹੀਂ ਤੇ ਉਨ੍ਹਾਂ ਦੀ ਉਮਰ ਹਰ ਵੇਲੇ ਦੁੱਖਾਂ ਵਿੱਚ ਬੀਤਦੀ ਹੈ। ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਮਨਮੁਖ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ਭਾਵ ਵਿਕਾਰਾਂ ਜਾਂ ਔਗੁਣਾਂ ’ਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਵੀ ਕੁਝ ਨਹੀਂ ਹੁੰਦਾ। ਪਾਵਨ ਉਪਦੇਸ਼ ਹੈ: ‘‘ਅੰਮ੍ਰਿਤੁ ਛੋਡਿ, ਬਿਖਿਆ ਲੋਭਾਣੇ; ਸੇਵਾ ਕਰਹਿ ਵਿਡਾਣੀ ॥ ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ; ਅਨਦਿਨੁ ਦੁਖਿ ਵਿਹਾਣੀ ॥ ਮਨਮੁਖ ਅੰਧ ਨ ਚੇਤਹੀ; ਡੂਬਿ ਮੁਏ ਬਿਨੁ ਪਾਣੀ॥’’ (ਮ: ੩/੩੧)

ਅਸੀਂ ਸੋਚਦੇ ਹਾਂ ਕਿ ਸ਼ਾਇਦ ਪਾਣੀ ਵਿੱਚ ਡੁੱਬਣ ਨੂੰ ਹੀ ਡੁੱਬਣਾ ਕਹਿੰਦੇ ਹਨ ਪਰ ਗੁਰਬਾਣੀ ਨੇ ਸਾਡਾ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਹੈ। ਦੂਜੀ ਗੱਲ ਇਹ ਕਿ ਪਾਣੀ ਵਿੱਚ ਤਾਂ ਕੇਵਲ ਸਰੀਰ ਹੀ ਡੁੱਬਦੇ ਹਨ ਅਤੇ ਸਰੀਰਾਂ ਦੀ ਹੀ ਮੌਤ ਹੁੰਦੀ ਹੈ ਪਰ ਇੱਥੇ ਤਾਂ ਬਿਨਾ ਪਾਣੀ ਤੋਂ ਆਤਮਕ ਮੌਤ ਹੋ ਰਹੀ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਜੋ ਕਿ ਅਸੀਂ ਸੂਰਜ (ਦਿਨ) ਡੁੱਬਣ ਵੇਲੇ ‘ਸੋ ਦਰੁ’ ਰਹਰਾਸਿ ਬਾਣੀ ਵਿੱਚ ਹਰ ਰੋਜ਼ ਪੜਦੇ ਹਾਂ, ਕਿੰਨੀ ਸੋਹਣੀ ਸੇਧ ਬਖ਼ਸ਼ਸ਼ ਕਰਦੇ ਹਨ: ‘‘ਤਿਤੁ ਸਰਵਰੜੈ, ਭਈਲੇ ਨਿਵਾਸਾ; ਪਾਣੀ ਪਾਵਕੁ, ਤਿਨਹਿ ਕੀਆ ॥ ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ, ਤਹ ਡੂਬੀਅਲੇ ॥ ਮਨ  ! ਏਕੁ ਨ ਚੇਤਸਿ; ਮੂੜ ਮਨਾ ॥ ਹਰਿ ਬਿਸਰਤ, ਤੇਰੇ ਗੁਣ ਗਲਿਆ ॥੧॥ ਰਹਾਉ ॥’’ (ਮ: ੧/੧੨) ਭਾਵ ਹੇ ਭਾਈ ! ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਰੂਪ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੀ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ ਅਤੇ ਉਸ ਭਿਆਨਕ ਸਰੋਵਰ ਵਿੱਚ ਜੋ ਮੋਹ ਦਾ ਚਿੱਕੜ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ। ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਉਸ ਤ੍ਰਿਸ਼ਨਾ ਅੱਗ ਦੇ ਅਸਗਾਹ (ਬਹੁਤ ਡੁੰਘੇ) ਸਮੁੰਦਰ ਵਿੱਚ ਡੁੱਬਦੇ ਜਾ ਰਹੇ ਹਨ।

ਹੇ ਮਨ ! ਹੇ ਮੂਰਖ ਮਨ ! ਤੂੰ ਇੱਕ ਪ੍ਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ ? ਤੂੰ ਜਿਉਂ ਜਿਉਂ ਪ੍ਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ। ‘‘ਤੇਰਾ ਏਕੁ ਨਾਮੁ; ਤਾਰੇ ਸੰਸਾਰੁ॥’’ ਤੋਂ ਭਾਵ ਵੀ ਇਹੀ ਹੈ ਕਿ ਜਿਸ ਜੀਵ ਨੇ ਪ੍ਰਭੂ ਦਾ ਸਿਮਰਨ ਕਰ ਕਰਕੇ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰ ਲਏ ਹਨ ਉਹ ਕਦੀ ਵੀ ਮਾਇਆ ਦੇ ਮੋਹ ਵਿੱਚ, ਅਵਗੁਣਾਂ ਵਿੱਚ, ਵਿਕਾਰਾਂ ਵਿੱਚ ਗੋਤੇ ਨਹੀਂ ਖਾਂਦਾ। ਸਗੋਂ ਜਿੱਥੇ ਆਪ ਤਰਦਾ ਹੈ ਉੱਥੇ ਨਾਮ ਦੀ ਬਰਕਤ ਨਾਲ ਹੋਰਨਾਂ ਨੂੰ ਵੀ ਵਿਕਾਰਾਂ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ। ਉਹ ਕਦੀ ਵੀ ਇਹ ਨਹੀਂ ਭੁੱਲਦਾ ਕਿ ਮੈਨੂੰ ਵੀ ਤਾਰਨ ਵਾਲਾ ਪ੍ਰਮਾਤਮਾ ਦਾ ਨਾਮ ਹੀ ਹੈ। ਜਿਵੇਂ ਪਾਣੀ ਵਿੱਚ ਡੁੱਬਣ ਵੇਲੇ ਕੋਈ ਬਚਾਓ ਬਚਾਓ ਦਾ ਰੋਲਾ ਪਾਉਂਦਾ ਹੈ ਅਤੇ ਜੇ ਕੋਈ ਪਾਣੀ ਵਿੱਚ ਤਰਨ ਵਾਲਾ ਉਸ ਦੀ ਆਵਾਜ਼ ਸੁਣ ਲਵੇ ਤਾਂ ਉਸ ਨੂੰ ਡੁੱਬਣ ਤੋਂ ਬਚਾ ਲੈਂਦਾ ਹੈ। ਠੀਕ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ’ਚ ਖ਼ਚਤ ਹੋਇਆ ਜੀਵ ਜੇ ਇੱਕ ਨਿਮਖ ਵੀ ਆਪਣੇ ਆਪ ਨੂੰ ਇਨ੍ਹਾਂ ਵੱਲੋਂ ਉਦਾਸ ਕਰਕੇ ਪ੍ਰਮੇਸ਼ਰ ਦੀ ਬੰਦਗੀ ਕਰੇ ਤਾਂ ਨਿਸ਼ਚੈ ਹੀ ਇਹ ਜਮਾ ਦੀ ਫਾਹੀ ਤੋਂ ਬਚ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਤੋਂ ਇਹੋ ਸਿੱਖਿਆ ਮਿਲਦੀ ਹੈ: ‘‘ਬਿਖਿਅਨ ਸਿਉ ਕਾਹੇ ਰਚਿਓ  ? ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ  ! ਭਜੁ ਹਰਿ ਮਨਾ ! ਪਰੈ ਨ ਜਮ ਕੀ ਫਾਸ ॥’’ (ਮ: ੯/੧੪੨੬) ਜਿਵੇਂ ਕਿ ਅਸੀਂ ਇਹ ਵੀਚਾਰ ਕਰ ਰਹੇ ਹਾਂ ਕਿ ਸੰਸਾਰੀ ਲੋਕ ਨਾਮ ਨੂੰ ਭੁਲਾ ਕੇ ਆਪਣਾ ਆਤਮਕ ਜੀਵਨ ਕਿਵੇਂ ਬਰਬਾਦ ਕਰ ਰਹੇ ਹਨ। ਇਸੇ ਪ੍ਰਥਾਇ ਮਾਝ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਕਿ ਹਿੰਸਾ ਜਾਂ ਬੇਰਹਿਮੀ, ਮੋਹ, ਲੋਭ, ਕ੍ਰੋਧ ਇਹ ਚਾਰੇ ਅੱਗ ਦੀਆਂ ਨਦੀਆਂ ਹਨ। ਲੋਕ ਇਨ੍ਹਾਂ ਨਦੀਆਂ ਵਿੱਚ ਪੈਂਦੇ ਹਨ ਅਤੇ ਭਸਮ ਹੋ ਜਾਂਦੇ ਹਨ। ਇਨ੍ਹਾਂ ਨਦੀਆਂ ਨੂੰ ਸ਼ੁਭ ਕਰਮਾਂ ਦੇ ਸਹਾਰੇ ਲੱਗ ਕੇ ਤਰੀਦਾ ਹੈ ਭਾਵ ਇਹ ਹੈ ਕਿ ਦਯਾ, ਵੈਰਾਗ, ਸੰਤੋਖ ਅਤੇ ਖਿਮਾਂ ਕਰਕੇ ਨਿਸਤਾਰਾ ਹੁੰਦਾ ਹੈ। ਪਾਵਨ ਸਲੋਕ ਹੈ: ‘‘ਹੰਸੁ, ਹੇਤੁ, ਲੋਭੁ, ਕੋਪੁ; ਚਾਰੇ ਨਦੀਆ ਅਗਿ ॥ ਪਵਹਿ, ਦਝਹਿ, ਨਾਨਕਾ  ! ਤਰੀਐ ਕਰਮੀ ਲਗਿ ॥’’ (ਮ: ੧/੧੪੭) ਇਨ੍ਹਾਂ ਨਦੀਆਂ ਨੂੰ ਜਿਸ ਪ੍ਰਭੂ ਦੇ ਨਾਮ ਰਾਹੀਂ ਪਾਰ ਕਰਨਾ ਹੈ ਉਹ ਨਾਮ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਤਿਗੁਰੂ ਜੀ ਹੀ ਪ੍ਰਮੇਸ਼ਰ ਦੇ ਨਾਮ ਰੂਪੀ ਜਹਾਜ ਹਨ। ਹੁਣ ਸਵਾਲ ਇਹ ਹੈ ਕਿ ਇਸ ਜਹਾਜ਼ ’ਤੇ ਚੜ੍ਹਿਆ ਕਿਵੇਂ ਜਾਏ ? ਕਿਉਂਕਿ ਦੁਨਿਆਵੀ ਜਹਾਜ਼ ’ਤੇ ਚੜ੍ਹਨਾ ਤਾਂ ਬਹੁਤ ਆਸਾਨ ਹੈ। ਉਹ ਇਸ ਲਈ ਕਿ ਉਹ ਸਾਮ੍ਹਣੇ ਪ੍ਰਤੱਖ ਦਿਖਾਈ ਦੇ ਰਿਹਾ ਹੁੰਦਾ ਹੈ ਪਰ ਜਿਸ ਜਹਾਜ਼ ਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ ਉਸ ’ਤੇ ਚੜ੍ਹਨ ਦਾ ਢੰਗ ਵੀ ਨਿਰਾਲਾ ਹੈ। ਸਤਿਗੁਰੂ ਜੀ ਧੁਰ ਕੀ ਬਾਣੀ ਰਾਹੀਂ ਆਪ ਹੀ ਸਵਾਲ ਕਰ ਰਹੇ ਹਨ ਅਤੇ ਆਪ ਹੀ ਉਸ ਦਾ ਜਵਾਬ ਦੇ ਰਹੇ ਹਨ। ਗੁਰੂ ਫ਼ੁਰਮਾਨ ਹੈ: ‘‘ਸਤਿਗੁਰੁ ਬੋਹਿਥੁ ਹਰਿ ਨਾਵ ਹੈ; ਕਿਤੁ ਬਿਧਿ ਚੜਿਆ ਜਾਇ  ?॥ ਸਤਿਗੁਰ ਕੈ ਭਾਣੈ ਜੋ ਚਲੈ; ਵਿਚਿ ਬੋਹਿਥ ਬੈਠਾ ਆਇ ॥’’ (ਮ: ੪/੪੦)

ਜਿਸ ਮਨੁੱਖ ਨੇ ਵੀ ਆਪਣੀ ਮਤ ਨੂੰ ਛੱਡ ਕੇ ਗੁਰਮਤਿ ਨੂੰ ਧਾਰਨ ਕਰ ਲਿਆ ਉਹ ਕਦੀ ਵੀ ਵਿਕਾਰਾਂ ਵਿੱਚ ਨਹੀਂ ਡੁੱਬੇਗਾ। ਗਉੜੀ ਸੁਖਮਨੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬਚਨ ਹਨ: ‘‘ਗੁਰ ਕੀ ਮਤਿ; ਤੂੰ ਲੇਹਿ ਇਆਨੇ  ! ॥ ਭਗਤਿ ਬਿਨਾ; ਬਹੁ ਡੂਬੇ ਸਿਆਨੇ ॥’’ (ਮ: ੫/੨੮੯) ਗੁਰਮਤਿ ਅਨੁਸਾਰ ਅਸਲ ਸਿਆਣਾ ਉਸੇ ਨੂੰ ਕਿਹਾ ਜਾ ਸਕਦਾ ਹੈ ਜਿਸ ਨੂੰ ਆਪਣੇ ਮਾਲਕ ਦਾ ਹੁਕਮ ਜਾਂ ਭਾਣਾ ਮਿੱਠਾ ਲੱਗਦਾ ਹੈ। ਗੁਰਵਾਕ ਹੈ: ‘‘ਸੋਈ ਸਿਆਣਾ, ਸੋ ਪਤਿਵੰਤਾ; ਹੁਕਮੁ ਲਗੈ ਜਿਸੁ ਮੀਠਾ ਜੀਉ ॥’’ (ਮ: ੫/੧੦੮) ਇਹ ਹੁਕਮ ਹੀ ਤਾਂ ਜਹਾਜ਼ ਹੈ, ਇਸ ਨੂੰ ਮੰਨਣਾ ਇਸ ’ਤੇ ਸਵਾਰ ਹੋਣਾ ਹੈ। ਇਸ ਜਹਾਜ ’ਤੇ ਸਵਾਰ ਹੋਇਆ ਮਨੁੱਖ ਉਕਤ ਨਦੀਆਂ ਵਿੱਚ ਕਦੀ ਵੀ ਨਹੀਂ ਪਵੇਗਾ ਜਿਹੜੀਆਂ ਕਿ ਇਹਦੇ ਜੀਵਨ ਰੂਪੀ ਬੇੜੇ ਨੂੰ ਡੋਬ ਸਕਦੀਆਂ ਹਨ ਭਾਵ ਕਿ ਇਸ ਦੇ ਆਤਮਕ ਜੀਵਨ ਨੂੰ ਕਿਸੇ ਵੀ ਪੱਖ ਤੋਂ ਕੋਈ ਖ਼ਤਰਾ ਨਹੀਂ ਰਹਿੰਦਾ ਪਰ ਜੇ ਇਹ ‘ਗੁਰਮਤਿ’ ਅਨੁਸਾਰ ਜੀਵਨ ਬਤੀਤ ਕਰਨ ਦੀ ਥਾਂ ਆਪਣੀ ਮਤਿ ਦੇ ਕਹੇ ’ਤੇ ਚੱਲੇ ਤਾਂ ਸਮਝੋ ਕਿ ਇਹ ਡੁੱਬਾ ਹੀ ਡੁੱਬਾ ਕਿਉਂਕਿ ਸਤਿਗੁਰੂ ਦੇ ਭਾਣੇ ਰੂਪੀ ਜਹਾਜ਼ ਸਾਮ੍ਹਣੇ ਇਸ ਦੀ ਮਨਮਤਿ ਰੂਪ ਬੇੜੀ ਬਹੁਤ ਕਮਜ਼ੋਰ ਹੈ। ਇੱਕ ਬੇੜੀ ਕਮਜ਼ੋਰ, ਦੂਸਰਾ ਚੰਚਲ ਮਨ ਨੂੰ ਇਸ ਨੇ ਮਲਾਹ ਬਣਾਇਆ ਹੋਇਆ ਹੈ।, ਤੀਜੀ ਗੱਲ ਇਹ ਕਿ ਇਸ ਚੰਚਲ ਮਨ ਨੇ ਬੇੜੀ ਨੂੰ ਵਿਕਾਰਾਂ ਦੀਆਂ ਲਹਿਰਾਂ ’ਚ ਫਸਾ ਦਿੱਤਾ ਹੈ। ਜਦੋਂ ਇਹ ਤਿੰਨੇ ਗੱਲਾਂ ਇਕੱਠੀਆਂ ਹੋ ਜਾਣ ਤਾਂ ਫਿਰ ਇਹ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਬੇੜੀ ਹੁਣ ਕਿਨਾਰੇ ਲੱਗ ਜਾਏਗੀ। ਪਰ ਕੁਰਬਾਨ ਜਾਈਏ ਗੁਰੂ ਨਾਨਕ ਸਾਹਿਬ ਜੀ ਤੋਂ, ਜੋ ਸਾਨੂੰ (ਜੀਵਾਂ ਨੂੰ) ਨਿਰਾਸ਼ ਹੋਣ ਤੋਂ ਬਚਣ ਲਈ ਸਿੱਖਿਆ ਬਖ਼ਸ਼ਿਸ਼ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ, ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਬੰਧ ’ਚ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੇ: ‘‘ਕਲਿਜੁਗ ਬਾਬੇ ਤਾਰਿਆ; ਸਤਿਨਾਮੁ ਪੜ੍ਹਿ, ਮੰਤ੍ਰ ਸੁਣਾਇਆ। ਕਲਿ ਤਾਰਣ, ਗੁਰੁ ਨਾਨਕ ਆਇਆ ॥’’ (ਵਾਰ ੧ ਪਉੜੀ ੨੩)

ਸਲੋਕ ਵਾਰਾਂ ਤੋਂ ਵਧੀਕ ’ਚ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਲੋਕ ਹੈ: ‘‘ਝੜ ਝਖੜ ਓਹਾੜ; ਲਹਰੀ ਵਹਨਿ ਲਖੇਸਰੀ॥ ਸਤਿਗੁਰ ਸਿਉ ਆਲਾਇ; ਬੇੜੇ ਡੁਬਣਿ ਨਾਹਿ ਭਉ ॥’’ (ਮ: ੧/੧੪੧੦) ਭਾਵ ਹੇ ਭਾਈ ! ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਝੜੀਆਂ ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ ਝੱਖੜ ਝੁੱਲ ਰਹੇ ਹਨ, ਵਿਕਾਰਾਂ ਦੇ ਹੜ੍ਹ ਵਹਿ ਰਹੇ ਹਨ, ਵਿਕਾਰਾਂ ਦੀਆਂ ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ ਤਾਂ ਗੁਰੂ ਪਾਸ ਪੁਕਾਰ ਕਰ। ਇਸ ਤਰ੍ਹਾਂ ਤੇਰੀ ਜੀਵਨ ਰੂਪ ਬੇੜੀ ਦੇ ਇਸ ਸੰਸਾਰ ਵਿੱਚ ਡੁੱਬਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਏਗਾ। ਪਰ ਇੱਕ ਖਿਆਲ ਜ਼ਰੂਰ ਰੱਖਣਾ ਹੈ ਕਿ ਸਾਡੀ ਪੁਕਾਰ ਜਾਂ ਅਰਦਾਸ ਵਿਖਾਵੇ ਦੀ ਨਹੀਂ ਸਗੋਂ ਸੱਚੇ ਦਿਲੋਂ ਹੋਣੀ ਚਾਹੀਦੀ ਹੈ। ਸੱਚੀ ਅਰਦਾਸ ਜਦੋਂ ਸੇਵਕ ਬਣ ਕੇ ਕੀਤੇ ਜਾਂਦੀ ਹੈ ਤਾਂ ਗੁਰੂ ਸਾਹਿਬ ਜੀ ਦੇ ਬਚਨ ਹਨ: ‘‘ਬਿਰਥੀ ਕਦੇ ਨ ਹੋਵਈ; ਜਨ ਕੀ ਅਰਦਾਸਿ ॥’’ (ਮ: ੫/੮੧੯) ਜਦੋਂ ਨਿਮਰਤਾ ’ਚ ਆ ਕੇ ਇਹ ਅਰਦਾਸ ਕੀਤੀ: ‘‘ਗੁਰ  ! ਤਾਰਿ; ਤਾਰਣਹਾਰਿਆ  ! ॥’’ (ਮ: ੧/੮੭੮) ਜਾਂ ਭਗਤ ਨਾਮਦੇਵ ਜੀ ਵਾਂਗੂ: ‘‘ਲੋਭ ਲਹਰਿ; ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ! ॥੧॥ ਸੰਸਾਰੁ ਸਮੁੰਦੇ; ਤਾਰਿ, ਗੁੋਬਿੰਦੇ  ! ॥ ਤਾਰਿ ਲੈ; ਬਾਪ ਬੀਠੁਲਾ  ! ॥੧॥ ਰਹਾਉ ॥… ਹੋਹੁ ਦਇਆਲੁ; ਸਤਿਗੁਰੁ ਮੇਲਿ ਤੂ, ਮੋ ਕਉ ॥ ਪਾਰਿ ਉਤਾਰੇ ਕੇਸਵਾ  ! ॥੩॥ ਨਾਮਾ ਕਹੈ; ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ, ਬਾਹ ਦੇਹਿ; ਬੀਠੁਲਾ ! ॥੪॥’’ (ਭਗਤ ਨਾਮਦੇਵ/੧੧੯੬) ਇਹ ਅਰਦਾਸ ਸਤਿਗੁਰੂ ਜੀ ਨੇ ਸੁਣੀ ਅਤੇ ਅਗਨ ਸਾਗਰ ਵਿੱਚ ਸੰਸਾਰੀ ਜੀਵਾਂ ਨੂੰ ਨਾਮ ਦੀ ਦਾਤ ਦੇ ਕੇ ਡੁੱਬਣ ਤੋਂ ਬਚਾ ਲਿਆ। ਬਿਲਾਬਲ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਫ਼ੁਰਮਾਨ ਹੈ: ‘‘ਅਗਨਿ ਸਾਗਰ; ਬੂਡਤ ਸੰਸਾਰਾ ॥ ਨਾਨਕ  ! ਬਾਹ ਪਕਰਿ; ਸਤਿਗੁਰਿ ਨਿਸਤਾਰਾ ॥’’ (ਮ: ੫/੮੦੪) ਸਤਿਗੁਰ ਜੀ ਤਾਂ ਪ੍ਰਮਾਤਮਾ ਦੇ ਦਰ ’ਤੇ ਅਰਦਾਸ ਕਰਦੇ ਹਨ ਕਿ ਸਾਡੇ ਜੀਵਾਂ ਨੂੰ ਆਪਣੇ ਭਉ ਰੂਪੀ ਬੇੜੇ ਵਿੱਚ ਸਵਾਰ ਕਰਕੇ ਸਭ ਦਾ ਪਾਰ ਉਤਾਰਾ ਕਰ ਦੇਵੋ: ‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥’’ (ਮ: ੩/੮੫੩)

ਜਦੋਂ ਕੋਈ ਰੱਬ ਦਾ ਡਰ ਲੈ ਕੇ ਭਉ ਦੇ ਬੇੜੇ ’ਤੇ ਸਵਾਰ ਹੋ ਜਾਂਦਾ ਹੈ ਤਾਂ ਉਸ ਦਾ ਆਪਣਾ ਬੇੜਾ ਵੀ ਨਹੀਂ ਡੁੱਬਦਾ ਅਤੇ ਨਾ ਹੀ ਉਹ ਕਿਸੇ ਦਾ ਬੇੜਾ ਡੋਬਣ ਦੇਂਦਾ ਹੈ। ਸਤਿਗੁਰ ਜੀ ਜਿੱਥੇ ਆਪ ਤਰਦੇ ਹਨ ਉੱਥੇ ਪ੍ਰਮੇਸ਼ਰ ਦੇ ਨਾਮ ਦੀ ਦਾਤ ਦੇ ਕੇ ਸਿੱਖਾਂ ਨੂੰ ਵੀ ਤਾਰਦੇ ਹਨ। ‘ਜਪੁ’ ਜੀ ਸਾਹਿਬ ਦੀ ਪੰਦਰਵੀਂ ਪਉੜੀ ਵਿੱਚ ਇਹ ਬਚਨ ਗੁਰੂ ਜੀ ਦੇ ਨਿਤਾ ਪ੍ਰਤੀ ਪੜ੍ਹਦੇ ਹਾਂ: ‘‘ਮੰਨੈ; ਤਰੈ, ਤਾਰੇ, ਗੁਰੁ, ਸਿਖ ॥’’

ਸੋ, ਪਾਰ ਉਤਾਰਾ ਤਾਂ ਸਤਿਗੁਰੂ ਜੀ ਵੱਲੋਂ ਪ੍ਰਾਪਤ ਹੋਏ ਨਾਮ ਤੇ ਉਸ ਦੀ ਕਮਾਈ ਸਦਕਾ ਹੀ ਹੋ ਸਕਦਾ ਹੈ ਤਾਂ ਹੀ ਗੁਰੂ ਸਾਹਿਬ ਜੀ ਫ਼ੁਰਮਾਣ ਕਰਦੇ ਹਨ: ‘‘ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥’’ (ਮ: ੧/੨੪)