ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਮੱਘਰ

0
75

ਗੁਰਬਾਣੀ ਅਤੇ ਸਿੱਖ ਇਤਿਹਾਸ ਮਹੀਨਾ ਮੱਘਰ

ਕਿਰਪਾਲ ਸਿੰਘ ਬਠਿੰਡਾ

‘ਰੁਤੀ’ ਸਿਰਲੇਖ ਹੇਠ ਰਾਮਕਲੀ ਰਾਗੁ ’ਚ ਪੰਜਵੇ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਬਾਣੀ ਦੇ 6ਵੇਂ ਛੰਤ ਅਨੁਸਾਰ ਮੱਘਰ ਅਤੇ ਪੋਹ ਦੋ ਮਹੀਨੇ ਸਿਆਲ ਦੀ ਰੁੱਤ ਦੇ ਹਨ; ਜਿਨ੍ਹਾਂ ’ਚ ਰੁੱਤਾਂ ਮੁਤਾਬਕ ਠੰਢ ਪੈਂਦੀ ਹੈ। ਵੈਸੇ ਹੀ ਜਿਸ ਦੇ ਹਿਰਦੇ ’ਚ ਨਾਮ ਦਾ ਪਰਕਾਸ਼ ਹੋ ਗਿਆ। ਜਿਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ, ਉਸ ਅੰਦਰੋਂ ਤ੍ਰਿਸ਼ਨਾਂ ਦੀ ਅੱਗ ਬੁੱਝ ਜਾਂਦੀ ਹੈ, ਮਾਇਆ ਵਾਲ਼ੇ ਵਲ-ਛਲ ਮੁੱਕ ਗਏ ਤੇ ਹਿਰਦੇ ਅੰਦਰ ਨਾਮ ਦੀ ਠੰਡ ਵਰਤਦੀ ਹੈ। ਜਿਸ ਨੇ ਭੀ ਪ੍ਰਭੂ ਨਾਲ਼ ਧਿਆਨ ਜੋੜ ਕੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ। (ਜਿਵੇਂ ਇਸਤ੍ਰੀ ਦੁਆਰਾ ਕੀਤਾ) ਹਾਰ ਸ਼ਿੰਗਾਰ (ਪਤੀ ਨੂੰ ਮਿਲ ਕੇ) ਸਫਲਾ ਹੋ ਜਾਂਦਾ ਹੈ; ਵੈਸੇ ਹੀ ਪ੍ਰਭੂ-ਪਤੀ ਦੇ ਮਿਲਾਪ ਨਾਲ਼ ਜੀਵਨ ਅਨੰਦਿਤ ਹੋ ਜਾਂਦਾ ਹੈ (ਤਾਂ ਤੇ, ਹੇ ਭਾਈ !) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਉਂਦੇ ਰਿਹਾ ਕਰੋ। ਗੋਬਿੰਦ ਨਾਲ਼ ਪਿਆਰ ਪਾ ਕੇ ਕੀਤੀ ਉਸ ਦੀ ਭਗਤੀ ਤੋਂ ਬਾਅਦ ਮੌਤ ਦਾ ਡਰ ਕਦੇ ਪੋਹ ਨਹੀਂ ਸਕਦਾ ਕਿਉਂਕਿ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ’ਚ ਪ੍ਰਭੂ-ਪਿਆਰ ਦੀ ਘਾਟ ਨਹੀਂ ਰਹਿੰਦੀ, ‘‘ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ ਜਲਨਿ ਬੁਝੀ, ਦਰਸੁ ਪਾਇਆ; ਬਿਨਸੇ ਮਾਇਆ ਧ੍ਰੋਹ ਜੀਉ ਸਭਿ ਕਾਮ ਪੂਰੇ, ਮਿਲਿ ਹਜੂਰੇ; ਹਰਿ ਚਰਣ ਸੇਵਕਿ (ਨੇ) ਸੇਵਿਆ ਹਾਰ ਡੋਰ ਸੀਗਾਰ ਸਭਿ ਰਸ; ਗੁਣ ਗਾਉ ਅਲਖ ਅਭੇਵਿਆ ਭਾਉ ਭਗਤਿ ਗੋਵਿੰਦ ਬਾਂਛਤ; ਜਮੁ ਸਾਕੈ ਜੋਹਿ ਜੀਉ ਬਿਨਵੰਤਿ ਨਾਨਕ ਪ੍ਰਭਿ (ਨੇ) ਆਪਿ ਮੇਲੀ; ਤਹ (ਤ੍ਹਾਂ/ਉਸ ਹਿਰਦੇ) ਪ੍ਰੇਮ ਬਿਛੋਹ ਜੀਉ ’’ ਰਾਮਕਲੀ ਰੁਤੀ (ਮਹਲਾ /੯੨੯)

ਇਸ ਲੇਖ ’ਚ ਮੱਘਰ ਮਹੀਨੇ ਦੀ ਹੀ ਵਿਆਖਿਆ ਕੀਤੀ ਜਾਵੇਗੀ ਕਿਉਂਕਿ ਪੋਹ ਦੀ ਵਿਆਖਿਆ ਅਗਲੇ ਅੰਕ ’ਚ ਹੋਵੇਗੀ। ਬਿਕ੍ਰਮੀ ਕੈਲੰਡਰ ਅਨੁਸਾਰ ਮੱਘਰ ਸਾਲ ਦਾ 8ਵਾਂ ਮਹੀਨਾ ਅਤੇ ਨਾਨਕਸ਼ਾਹੀ ਕੈਲੰਡਰ ’ਚ 9ਵਾਂ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਮੱਘਰ ਮਹੀਨੇ ਦੀ ਅਰੰਭਤਾ (ਭਾਵ ੧ ਮੱਘਰ) ਹਰ ਸਾਲ 14 ਨਵੰਬਰ ਨੂੰ ਹੈ, ਜੋ 30 ਦਿਨਾਂ ਦਾ ਹੁੰਦਾ ਹੈ, ਪਰ ਬਿਕ੍ਰਮੀ ਕੈਲੰਡਰ ’ਚ ੧ ਮੱਘਰ (ਜਿਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ) ਕਦੀ 15 ਅਤੇ ਕਦੀ 16 ਨਵੰਬਰ ਨੂੰ ਹੁੰਦਾ ਹੈ; ਇਉਂ ਹੀ ਮਹੀਨਾ ਕਦੀ 29 ਦਿਨਾਂ ਦਾ ਅਤੇ ਕਦੀ 30 ਦਿਨਾਂ ਦਾ ਹੁੰਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ’ਚ ਬਾਰਹਮਾਹਾ ਸਿਰਲੇਖ ਹੇਠ ਤੁਖਾਰੀ ਰਾਗ ’ਚ ਉਚਾਰਨ ਕੀਤੀ ਬਾਣੀ ਦੇ 13ਵੇਂ ਛੰਤ ’ਚ ਮੱਘਰ ਮਹੀਨੇ ਦੀ ਰੁੱਤ ਸੰਬੰਧੀ ਗੁਰੂ ਨਾਨਕ ਸਾਹਿਬ ਜੀ ਦੁਨੀਆਵੀ ਪਤੀ ਪਤਨੀ ਦੇ ਸੰਬੰਧਾਂ ਦੀ ਮਿਸਾਲ ਦਿੰਦੇ ਸਮਝਾਉਂਦੇ ਹਨ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ’ਚ ਪ੍ਰਭੂ ਆ ਵੱਸਿਆ, ਉਸ ਲਈ ਮੱਘਰ ਦਾ ਮਹੀਨਾ ਚੰਗਾ ਹੈ ਕਿਉਂਕਿ ਉਸ ਨੂੰ ਇਸ ਸੋਝੀ ਹੋ ਗਈ ਕਿ ਸਾਰਾ ਜਗਤ ਨਾਸ਼ਵਾਨ ਹੈ ਜਦ ਕਿ ਕੇਵਲ ਸਿਰਜਣਹਾਰ ਹੀ ਸਥਿਰ ਹੈ, ਚਤੁਰ ਹੈ, ਸਿਆਣਾ ਹੈ। ਐਸਾ ਸਿਰਜਣਹਾਰ; ਜਿਸ ਭੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ, ਜੋ ਉਸ ਦੇ ਗੁਣ ਗਾਉਂਦੀ ਹੈ। ਉਸੇ ਦੀ ਉਸ ਨਾਲ਼ ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੀ ਸੁਰਤ ਆਪਣੇ ਅਸਲ ਮਾਲਕ ਦੇ ਚਰਨਾਂ ’ਚ ਟਿਕ ਜਾਂਦੀ ਹੈ, ਪਰ ਐਸਾ ਬਦਲਾਅ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਉਸ ਅੰਦਰੋਂ ਪ੍ਰਭੂ ਵਿਛੋੜੇ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ,, ‘‘ਮੰਘਰ ਮਾਹੁ ਭਲਾ; ਹਰਿ ਗੁਣ ਅੰਕਿ ਸਮਾਵਏ ਗੁਣਵੰਤੀ ਗੁਣ ਰਵੈ; ਮੈ ਪਿਰੁ ਨਿਹਚਲੁ ਭਾਵਏ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ; ਚੰਚਲੁ ਜਗਤੁ ਸਬਾਇਆ ਗਿਆਨੁ ਧਿਆਨੁ ਗੁਣ ਅੰਕਿ ਸਮਾਣੇ; ਪ੍ਰਭ ਭਾਣੇ ਤਾ ਭਾਇਆ ਗੀਤ ਨਾਦ ਕਵਿਤ ਕਵੇ ਸੁਣਿ; ਰਾਮ ਨਾਮਿ (ਰਾਹੀਂ ਵਿਛੋੜੇ ਦਾ) ਦੁਖੁ ਭਾਗੈ ਨਾਨਕ  ! ਸਾ ਧਨ ਨਾਹ ਪਿਆਰੀ; ਅਭ ਭਗਤੀ ਪਿਰ ਆਗੈ ੧੩’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੯)

ਗੁਰੂ ਅਰਜਨ ਸਾਹਿਬ ਜੀ ਮੱਘਰ ਮਹੀਨੇ ਦੀ ਰੁੱਤ ਅਤੇ ਦੁਨੀਆਵੀ ਪਤੀ ਪਤਨੀ ਸੰਬੰਧਾਂ ਦੀ ਮਿਸਾਲ ਨਾਲ਼ ਜੀਵ ਇਸਤਰੀ ਨੂੰ ਉਪਦੇਸ਼ ਦਿੰਦੇ ਹਨ ਕਿ ਮੱਘਰ (ਦੇ ਠੰਢੇ-ਮਿੱਠੇ) ਮਹੀਨੇ ’ਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਹੁੰਦੀਆਂ ਹਨ, ਜੋ ਹਰੀ-ਪਤੀ ਨਾਲ ਬੈਠੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਉਨ੍ਹਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ। ਸਤਸੰਗੀ ਸਹੇਲੀਆਂ ਦੀ ਸੰਗਤ ਰਾਹੀਂ ਪ੍ਰਭੂ ਨਾਲ (ਚਿੱਤ ਜੋੜ ਕੇ) ਉਨ੍ਹਾਂ ਤਨ ਮਨ ਖਿੜਿਆ ਰਹਿੰਦਾ ਹੈ ਜਦ ਕਿ ਜੋ ਜੀਵ-ਇਸਤ੍ਰੀਆਂ ਸੰਤ-ਜਨਾਂ ਤੋਂ ਬਾਂਝੀਆਂ ਰਹਿੰਦੀਆਂ ਹਨ, ਉਹ (ਖੇਤ ’ਚ ਸੜੇ ਪਏ ਤਿਲਾਂ ਦੇ ਬੂਟੇ ਵਾਙ) ਨਿਖਸਮੀਆਂ ਰਹਿੰਦਾ ਹੈ। ਐਸੀ ਨਿਖਸਮੀ ਜਿੰਦ ਨੂੰ ਵਿਕਾਰ ਘੇਰ ਲੈਂਦੇ ਹਨ, ਇਸੇ ਕਾਰਨ) ਉਹਨਾਂ ਦਾ ਵਿਕਾਰ-ਦੁੱਖ ਕਦੇ ਨਹੀਂ ਦੂਰ ਹੁੰਦਾ। ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ, ਪਰ ਜਿਨ੍ਹਾਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ, ਉਹ (ਵਿਕਾਰਾਂ ਵੱਲੋਂ) ਸੁਚੇਤ ਰਹਿੰਦੀਆਂ ਹਨ (ਕਿਉਂਕਿ) ਉਨ੍ਹਾਂ ਦੇ ਹਿਰਦੇ ’ਚ ਰੱਬੀ ਗੁਣ ਪ੍ਰੋਏ ਰਹਿੰਦੇ ਹਨ। ਮਾਨੋ ਹੀਰੇ, ਜਵਾਹਰ ਤੇ ਲਾਲਾਂ ਦਾ ਹਾਰ ਗਲ ’ਚ ਪਾਇਆ ਹੋਵੇ। ਤਾਂ ਤੇ ਮੈਂ ਉਨ੍ਹਾਂ ਸਤਸੰਗੀਆਂ ਦੀ ਚਰਨ ਧੂੜ ਮੰਗਦਾ ਹਾਂ, ਜੋ ਪ੍ਰਭੂ ਨਾਲ਼ ਜੁੜੇ ਹੋਏ ਹਨ, ਜੋ ਪ੍ਰਭੂ ਦੀ ਸ਼ਰਨ ’ਚ ਹਨ। ਇਸ ਲਈ ਮੱਘਰ ’ਚ ਮਾਲਕ ਨੂੰ ਯਾਦ ਕੀਤਿਆਂ ਮਨ ’ਚ ਠੰਢ ਰਹਿੰਦੀ ਹੈ ਅਤੇ ਜਨਮ ਮਰਨ ਤੋਂ ਮੁਕਤੀ ਮਿਲਦ ੀਹੈ, ‘‘ਮੰਘਿਰਿ ਮਾਹਿ ਸੋਹੰਦੀਆ; ਹਰਿ ਪਿਰ ਸੰਗਿ ਬੈਠੜੀਆਹ ਤਿਨ ਕੀ ਸੋਭਾ ਕਿਆ ਗਣੀ; ਜਿ ਸਾਹਿਬਿ (ਨੇ) ਮੇਲੜੀਆਹ ਤਨੁ ਮਨੁ ਮਉਲਿਆ ਰਾਮ ਸਿਉ; ਸੰਗਿ ਸਾਧ ਸਹੇਲੜੀਆਹ ਸਾਧ ਜਨਾ ਤੇ ਬਾਹਰੀ; ਸੇ ਰਹਨਿ ਇਕੇਲੜੀਆਹ ਤਿਨ ਦੁਖੁ ਕਬਹੂ ਉਤਰੈ; ਸੇ ਜਮ ਕੈ ਵਸਿ (’) ਪੜੀਆਹ ਜਿਨੀ ਰਾਵਿਆ ਪ੍ਰਭੁ ਆਪਣਾ; ਸੇ ਦਿਸਨਿ ਨਿਤ ਖੜੀਆਹ ਰਤਨ ਜਵੇਹਰ ਲਾਲ ਹਰਿ; ਕੰਠਿ ਤਿਨਾ ਜੜੀਆਹ ਨਾਨਕ  ! ਬਾਂਛੈ ਧੂੜਿ ਤਿਨ; ਪ੍ਰਭ ਸਰਣੀ ਦਰਿ ਪੜੀਆਹ ਮੰਘਿਰਿ (’) ਪ੍ਰਭੁ ਆਰਾਧਣਾ; ਬਹੁੜਿ ਜਨਮੜੀਆਹ ੧੦’’ (ਮਾਝ ਬਾਰਹਮਾਹਾ/ਮਹਲਾ /੧੩੫)

ਇਤਿਹਾਸਕ ਪੱਖੋਂ ਮੱਘਰ ਮਹੀਨੇ ’ਚ ਹੇਠ ਲਿਖੀਆਂ ਘਟਨਾਵਾਂ ਵਾਪਰੀਆਂ ਹਨ।

  1. ਭਗਤ ਨਾਮਦੇਵ ਜੀ ਦਾ ਜਨਮ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਤਾਰਾ, ਪਿੰਡ ਨਰਸੀਬਾਮਨੀ ’ਚ ਪਿਤਾ ਦਾਮਾਸ਼ੇਟੀ ਅਤੇ ਮਾਤਾ ਗੋਨਾਬਾਈ ਦੇ ਘਰ ਹੋਇਆ। ਜਨਮ ਮਿਤੀ ਦੇ ਕੋਈ ਪ੍ਰਮਾਣਿਕ ਸ੍ਰੋਤ ਨਹੀਂ ਮਿਲਦੇ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ’ਚ ਕੋਈ ਮਿਤੀ ਨਹੀਂ ਲਿਖੀ ਕੇਵਲ ਸੰਮਤ ੧੩੨੮ ਲਿਖਿਆ ਹੈ, ਜਿਸ ਨੂੰ ਸਾਂਝੇ ਸਾਲ ’ਚ ਤਬਦੀਲ ਕੀਤਿਆਂ 1271 ਈ: ਬਣਦਾ ਹੈ। ਵਿਕੀਪੀਡੀਏ ’ਚ ਛਪੇ ਲੇਖ ਮੁਤਾਬਕ ਜਨਮ 29 ਅਕੂਬਰ 1270 ਈਸਵੀ ਲਿਖਿਆ ਹੈ, ਜਿਸ ਨੂੰ ਬਿਕ੍ਰਮੀ ਸੰਮਤ ’ਚ ਤਬਦੀਲ ਕੀਤਿਆਂ ਕੱਤਕ ਵਦੀ ੧੧, ੧੫ ਕੱਤਕ ਸੰਮਤ ੧੩੨੭ ਬਣਦਾ ਹੈ, ਪਰ ਸ੍ਰੋਮਣੀ ਕਮੇਟੀ ਆਪਣੇ ਕੈਲੰਡਰ ’ਚ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਕੱਤਕ ਸੁਦੀ ੧੧ ਦੇ ਹਿਸਾਬ ਦਰਜ ਕਰਦੀ ਹੈ। ਜਾਪਦਾ ਹੈ ਕਿਸੇ ਵਿਦਵਾਨ ਤੋਂ ਸੁਦੀ/ ਵਦੀ ਲਿਖਣ ’ਚ ਗਲਤੀ ਹੋਈ ਹੋਵੇਗੀ; ਜਿਸ ਨੂੰ ਪ੍ਰਮਾਣਿਕ ਸ੍ਰੋਤਾਂ ਦੀ ਘਾਟ ਕਾਰਨ ਹੁਣ ਸੁਧਾਰਨਾ ਮੁਸ਼ਕਲ ਹੈ। ਕੱਤਕ ਸੁਦੀ ੧੧ ਮੁਤਾਬਕ ਇਸ ਸਾਲ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਨਾਨਕਸ਼ਾਹੀ ਕੈਲੰਡਰ ’ਚ ੧੦ ਮੱਘਰ/ 23 ਨਵੰਬਰ ਨੂੰ ਆਉਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦੀ ਉਸ ਦਿਨ ੮ ਮੱਘਰ ਹੋਵੇਗੀ। ਭਗਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ 18 ਰਾਗਾਂ ਵਿੱਚ 61 ਸ਼ਬਦ ਦਰਜ ਹਨ।
  2. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੱਘਰ ਸੁਦੀ ੫, ੧੧ ਮੱਘਰ ਬਿਕ੍ਰਮੀ ਸੰਮਤ ੧੭੩੨ ਨੂੰ ਗੁਰਗੱਦੀ ’ਤੇ ਵਿਰਾਜਮਾਨ ਹੋਏ; ਜਿਸ ਨੂੰ ਸਾਂਝੇ ਸਾਲ ਚ ਤਬਦੀਲ ਕੀਤਿਆਂ 11 ਨਵੰਬਰ 1675 ਜੂਲੀਅਨ ਬਣਦਾ ਹੈ। 1582 ’ਚ 10 ਦਿਨ ਦੀ ਹੋਈ ਸੋਧ ਕਾਰਨ ਤਬਦੀਲ ਕੀਤਿਆਂ ਗ੍ਰੈਗੋਰੀਅਨ ਦੀ 21 ਨਵੰਬਰ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ’ਚ ਗੁਰ ਪੁਰਬਾਂ ਲਈ ਅੰਗਰੇਜ਼ੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ, ਜਿਸ ਕਾਰਨ ਗੁਰਗੱਦੀ ਪੁਰਬ ਹਰ ਸਾਲ ੧੧ ਮੱਘਰ/24 ਨਵੰਬਰ ਨੂੰ ਆਉਂਦਾ ਹੈ। ਕੈਲੰਡਰ ਵਿਗਿਆਨ ਤੋਂ ਕੋਰੇ ਕੁਝ ਲੋਕ ਦੋਸ਼ ਲਾਉਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਪੁਰਬ ’ਚ 3 ਦਿਨਾਂ ਦੀ ਗਲਤੀ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਜੇ ਬਿਕ੍ਰਮੀ ਕੈਲੰਡਰ ਦਾ ੧੧ ਮੱਘਰ ਰੱਖਿਆ ਜਾਵੇ ਤਾਂ ਉਹ ਇਸ ਸਾਲ 26 ਨਵੰਬਰ ਨੂੰ ਆ ਰਿਹਾ ਹੈ ਭਾਵ ਉਨ੍ਹਾਂ ਦੇ ਹਿਸਾਬ ਨਾਲ ਤਾਂ 5 ਦਿਨ ਦੀ ਗਲਤੀ ਹੋਈ। ਸੂਝਵਾਨ ਗੁਰਸਿੱਖਾਂ ਨੇ ਇਹ ਸਮਝਣਾ ਹੈ ਕਿ ਬਿਕ੍ਰਮੀ ਕੈਲੰਡਰ ’ਚ ਜਿਹੜਾ ੧੧ ਮੱਘਰ 1675 ’ਚ 21 ਨਵੰਬਰ (ਗ੍ਰੈਗੋਰੀਅਨ) ਨੂੰ ਸੀ ਉਹ ਅੱਜ ਕੱਲ੍ਹ 26 ਨਵੰਬਰ ਨੂੰ ਆ ਜਾਂਦਾ ਹੈ, ਇਸ ਦਾ ਮੁੱਖ ਕਾਰਨ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ/ਸਾਂਝੇ ਸਾਲ ਦੀ ਲੰਬਾਈ 1964 ਤੱਕ ਲਗਭਗ 24 ਮਿੰਟ ਅਤੇ 1964 ’ਚ ਕੀਤੀ ਸੋਧ ਉਪਰੰਤ ਲੱਗਭਗ ਸਾਢੇ 20 ਮਿੰਟ ਵੱਧ ਹੈ, ਜਿਸ ਕਾਰਨ ਹੀ ਹੁਣ ਤੱਕ 5 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ 1000 ਸਾਲ ਬਾਅਦ 3023 ਈ: ’ਚ ੧੧ ਮੱਘਰ 11 ਦਸੰਬਰ ਨੂੰ ਆਵੇਗੀ ਭਾਵ ਕਿਤਾਬਾਂ ’ਚ ਜੂਲੀਅਨ ਤਾਰੀਖ਼ ਲਿਖੀ ਹੈ, ਇਸ ਲਈ ਇੱਕ ਮਹੀਨੇ ਦਾ ਫ਼ਰਕ ਦਿੱਸੇਗਾ ਜਦ ਕਿ ਗ੍ਰੈਗੋਰੀਅਨ ਕੈਲੰਡਰ ਮੁਤਾਬਕ 20 ਦਿਨਾਂ ਦਾ ਹੀ ਫ਼ਰਕ ਹੋਵੇਗਾ। ਦਿਨੋ ਦਿਨ ਵਧ ਰਹੇ ਇਸ ਅੰਤਰ ਦੀ ਜਿਨ੍ਹਾਂ ਗੁਰਸਿੱਖਾਂ ਨੂੰ ਸੋਝੀ ਹੈ ਉਹ ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਹਨ ਕਿਉਂਕਿ ਸੰਨ 1999 ਤੱਕ ਜੋ ਫ਼ਰਕ ਪੈਣਾ ਸੀ, ਪੈ ਗਿਆ, ਅੱਗੇ ਤੋਂ ਹਮੇਸ਼ਾਂ ਲਈ ੧੧ ਮੱਘਰ 24 ਨਵੰਬਰ ਨੂੰ ਹੀ ਆਵੇਗਾ।
  3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪਣ ਵਾਲੇ ਦਿਨ ਹੀ ਕਸ਼ਮੀਰੀ ਪੰਡਿਤਾਂ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਤਿੰਨ ਗੁਰਸਿੱਖਾਂ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ) ਸਮੇਤ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦੀ ਦਿੱਤੀ, ਇਸ ਲਈ ਇਹ ਸ਼ਹੀਦੀ ਪੁਰਬ ਵੀ ੧੧ ਮੱਘਰ/ 24 ਨਵੰਬਰ ਨੂੰ ਆਉਂਦਾ ਹੈ। ਇਸ ਸ਼ਹੀਦੀ ਦਾ ਪਿਛੋਕੜ ਤੱਥ ਇਹ ਹੈ ਕਿ ਕੋਈ ਵੀ ਮਨੁੱਖ ਆਪਣੀ ਮਰਜ਼ੀ ਅਨੁਸਾਰ ਧਰਮ ਅਪਣਾਅ ਸਕਦਾ ਹੈ, ਪਰ ਦੂਸਰੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਮਨੁੱਖ ’ਤੇ ਆਪਣਾ ਧਰਮ ਜ਼ਬਰੀ ਠੋਸੇ। ਹੁਣ ਤੱਕ ਦੁਨੀਆਂ ਦੇ ਇਤਿਹਾਸ ’ਚ ਕੋਈ ਐਸੀ ਮਿਸਾਲ ਨਹੀਂ ਮਿਲਦੀ, ਜੋ ਦੂਜੇ (ਭਾਵ ਪੰਡਿਤਾਂ) ਦੇ ਧਾਰਮਿਕ ਚਿੰਨ੍ਹਾਂ (ਜਿਵੇਂ ਕਿ ਜਨੇਊ ਆਦਿ, ਜਿਨ੍ਹਾਂ ’ਚ ਸ਼ਹੀਦੀ ਦੇਣ ਵਾਲੇ ਸਤਿਗੁਰੂ ਦਾ ਕੋਈ ਯਕੀਨ ਭੀ ਨਹੀਂ) ਨੂੰ ਜ਼ਬਰੀ ਉਤਾਰੇ ਜਾਣ ਦੇ ਵਿਰੋਧ ’ਚ ਸ਼ਾਂਤਮਈ ਸ਼ਹੀਦੀ ਦਿੱਤੀ ਗਈ ਹੋਵੇ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ (International Human Rights Day) ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ, ਪਰ ਜੇ ਯੂ.ਐੱਨ.ਓ. ਸਿੱਖਾਂ ਦੀ ਇਸ ਮੰਗ ’ਤੇ ਵੀਚਾਰ ਕਰਨ ਲਈ ਸਹਿਮਤ ਹੋ ਜਾਵੇ ਤਾਂ ਅਸੀਂ ਉਨ੍ਹਾਂ ਨੂੰ ਕਿਹੜੀ ਤਾਰੀਖ਼ ਦੇਵਾਂਗੇ ਕਿਉਂਕਿ ਹੁਣ ਤੱਕ ਤਾਂ ਸਿੱਖ; ਚੰਦਰ ਕੈਲੰਡਰ ਦੀ ਤਿੱਥ ਮੱਘਰ ਸੁਦੀ ੫ ਨੂੰ ਸ਼ਹੀਦੀ ਪੁਰਬ ਮਨਾਉਂਦੇ ਆ ਰਹੇ ਹਨ, ਜੋ ਸਾਂਝੇ ਸਾਲ ਕਦੀ ਨਵੰਬਰ, ਕਦੀ ਦਸੰਬਰ ਅਤੇ ਬਿਕ੍ਰਮੀ ਕੈਲੰਡਰ ਦੇ ਕਦੀ ਮੱਘਰ ਅਤੇ ਕਦੀ ਪੋਹ ’ਚ ਆ ਰਿਹਾ ਹੈ ਤਾਂ ਕਿਸ ਤਾਰੀਖ਼ ਦੀ ਸਿਫ਼ਰਸ਼ ਕਰੀਏ ? ਇਸ ਲਈ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ਲਈ 11 ਮੱਘਰ/ 24 ਨਵੰਬਰ ਦਿੱਤੀ ਗਈ ਹੈ। ਜੇ ਯੂ.ਐੋਨ.ਓ. ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਉਦੇਸ਼ਾਂ ਤੋਂ ਪ੍ਰਭਾਵਤ ਹੋ ਕੇ ਇਸ ਦਿਨ ਨੂੰ ਮਨੁੱਖੀ ਅਧਿਕਾਰ ਦਿਵਸ ਦੇ ਤੌਰ ’ਤੇ ਮਾਣਤਾ ਦੇ ਦਿੱਤੀ ਤਾਂ ਇਸ ਨਾਲ ਸਿੱਖ ਧਰਮ ਦੇ ਬਹੁਤ ਹੀ ਸੁਨਹਿਰੀ ਅਸੂਲਾਂ ਦਾ ਸਾਰੀ ਦੁਨੀਆਂ ’ਚ ਵੱਡੀ ਪੱਧਰ ’ਤੇ ਪ੍ਰਚਾਰ ਪਾਸਾਰ ਹੋਵੇਗਾ।
  4. ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਮਾਤਾ ਲੱਖੋ ਦੇ ਉਦਰ ਤੋਂ ਪਿਤਾ ਬਾਦਰੇ ਮਿਰਾਸ਼ੀ ਦੇ ਘਰ ਰਾਇ ਭੋਇ ਦੀ ਤਲਵੰਡੀ ਵਿਖੇ ਸੰਮਤ ੧੫੧੬ (1459 ਈਸਵੀ) ਨੂੰ ਹੋਇਆ ਭਾਵ ਕਿ ਮਰਦਾਨਾ ਜੀ; ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਸਨ ਅਤੇ ਇੱਕੋ ਪਿੰਡ ਦੇ ਵਸਨੀਕ ਹੋਣ ਕਾਰਨ ਬਚਪਨ ਤੋਂ ਇੱਕ ਦੂਸਰੇ ਨਾਲ ਚੰਗੀ ਜਾਣ ਪਛਾਣ ਰੱਖਦੇ ਸਨ। ਪਿਤਾ ਪੁਰਖੀ ਕਿੱਤੇ ਅਨੁਸਾਰ ਆਪ ਜੀ ਰਾਗ ਤੇ ਰਬਾਬ ਬਜਾਉਣ ਦੇ ਮਾਹਰ ਸਨ। ਪ੍ਰਚਾਰ ਹਿਤ ਉਦਾਸੀਆਂ ’ਤੇ ਜਾਣ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੀ ਚੋਣ ਕੀਤੀ, ਜਿਸ ਨੂੰ ਭਾਈ ਮਰਦਾਨਾ ਜੀ ਨੇ ਖੁਸ਼ੀ-ਖ਼ੁਸ਼ੀ ਸਵੀਕਾਰ ਕੀਤਾ। ਭਾਈ ਮਰਦਾਨਾ ਜੀ ਉਹ ਵਿਅਕਤੀ ਹਨ, ਜਿਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ। ਉਨ੍ਹਾਂ ਦਾ ਅਕਾਲ ਚਲਾਣਾ ਅਫ਼ਗਾਨਿਸਤਾਨ ਦੇ ਕੁੱਰਮ ਦਰਿਆ ਦੇ ਕਿਨਾਰੇ ਕੁੱਰਮ ਪਿੰਡ ’ਚ ੧੩ ਮੱਘਰ ਸੰਮਤ ੧੫੯੧ (11 ਨਵੰਬਰ 1534 ਈ:) ’ਚ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਸਸਕਾਰ ਕੀਤਾ। ਗੁਰੂ ਨਾਨਕ ਸਾਹਿਬ ਜੀ ਦਾ ਉਨ੍ਹਾਂ ਨਾਲ ਐਨਾ ਪਿਆਰ ਸੀ ਕਿ ਉਹ ਸਦਾ ਉਨ੍ਹਾਂ ਲਈ ‘ਭਾਈ’ ਸ਼ਬਦ ਵਰਤਦੇ। ਗੁਰੂ ਸਾਹਿਬ ਨੇ ਆਪਣੇ ਤਿੰਨ ਸਲੋਕ; ਭਾਈ ਮਰਦਾਨਾਂ ਜੀ ਸੰਬੋਧਨ ਕਰਦਿਆਂ ਭੀ ਉਚਾਰੇ, ਜਿਨ੍ਹਾਂ ਦੇ ਸਿਰਲੇਖ ’ਚ ‘ਸਲੋਕ ਮਰਦਾਨਾ (ਮਹਲਾ) ੧’ ਤੇ ‘ਮਰਦਾਨਾ (ਮਹਲਾ) ੧’ ਲਿਖਿਆ ਹੈ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ ਬਿਹਾਗੜਾ ਕੀ ਵਾਰ ਦੀ 12ਵੀਂ ਪਉੜੀ ਨਾਲ਼ ਦਰਜ ਕੀਤਾ। ਨਾਨਕਸ਼ਾਹੀ ਕੈਲੰਡਰ ਅਨੁਸਾਰ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਹਰ ਸਾਲ ੧੩ ਮੱਘਰ/ 26 ਨਵੰਬਰ ਨੂੰ ਹੈ।
  5. ਮਹਾਨ ਕੋਸ਼ ’ਚ ਹੀ ਬਾਬਾ ਬੁੱਢਾ ਜੀ ਦਾ ਜਨਮ ਅੰਮ੍ਰਿਤਸਰ-ਬਟਾਲਾ ਰੋਡ ’ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਥੂਨੰਗਲ ’ਚ ਪਿਤਾ ਸੁੱਘਾ ਰੰਧਾਵਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ੭ ਕੱਤਕ ਸੰਮਤ ੧੫੬੩ ਬਿਕ੍ਰਮੀ (ਤਬਦੀਲੀ ਕੀਤਿਆਂ 6 ਅਕਤੂਬਰ 1506 ਜੂਲੀਅਨ) ਨੂੰ ਹੋਇਆ ਅਤੇ ਦੇਹਾਂਤ ਰਮਦਾਸ ਵਿਖੇ ੧੪ ਮੱਘਰ ਬਿਕ੍ਰਮੀ ੧੬੮੮ (ਤਬਦੀਲ ਕੀਤਿਆਂ 13 ਨਵੰਬਰ 1631 ਜੂਲੀਅਨ) ਨੂੰ ਹੋਇਆ ਭਾਵ ਆਪ ਜੀ ਦੀ ਕੁੱਲ ਉਮਰ 125 ਸਾਲ ਇੱਕ ਮਹੀਨਾ ਸੱਤ ਦਿਨ ਸੀ। ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੀ ਇੱਕ ਐਸੀ ਮਹਾਨ ਤੇ ਵਿਲੱਖਣ ਸਖ਼ਸ਼ੀਅਤ ਹਨ, ਜੋ 12 ਕੁ ਸਾਲ ਦੀ ਉਮਰ ’ਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਏ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਿਗੋਬੰਦ ਸਾਹਿਬ ਜੀ ਤੱਕ; ਛੇ ਗੁਰੂ ਸਾਹਿਬਾਨ ਦੇ ਬਹੁਤ ਨੇੜੇ ਰਹਿ ਕੇ 113 ਸਾਲ ਹੱਥੀਂ ਸੇਵਾ ਕੀਤੀ। ਦੂਸਰੇ ਪਾਤਿਸ਼ਾਹ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਭਾਵ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਅਹਿਮ ਸੇਵਾ ਨਿਭਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸ਼ਤਰ ਵਿਦਿਆ ਦੀ ਸਿਖਲਾਈ ਦਿੱਤੀ। (ਗੁਰੂ) ਹਰਿਰਾਇ ਜੀ ਅਤੇ (ਗੁਰੂ) ਤੇਗ਼ ਬਹਾਦਰ ਜੀ ਨੂੰ ਬਚਪਨ ਵਿੱਚ ਗੋਦੀ ਚੁੱਕ ਕੇ ਖਿਡਾਇਆ ਹੈ, ਜੋ ਬਾਅਦ ’ਚ 7ਵੇਂ ਅਤੇ 9ਵੇਂ ਗੁਰੂ ਸਾਹਿਬਾਨ ਸਥਾਪਿਤ ਹੋਏ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ 8 ਗੁਰੂ ਸਾਹਿਬਾਨ ਦੇ ਸਰੀਰਕ ਤੌਰ ’ਤੇ ਦਰਸ਼ਨ ਅਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਕਲਮ ਤੋਂ ਪੋਥੀ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ) ਜੀ ਦੀ ਸੰਪਾਦਨਾ ਮੁਕੰਮਲ ਕਰਾਈ ਤਾਂ ਆਪ ਜੀ ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਪਹਿਲਾ ਹੁਕਮਨਾਮਾ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਾਹਿਬ ਨਿਯੁਕਤ ਕੀਤੇ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਤੋਂ ਲੈ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਤੱਕ ਬਾਬਾ ਬੁੱਢਾ ਜੀ ਨੇ ਅੱਗੇ ਹੋ ਕੇ ਬਣਦਾ ਮੋਹਰੀ ਫ਼ਰਜ਼ ਅਦਾ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1608 ਈਸਵੀ ਵਿੱਚ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦਾ ਨੀਂਹ ਪੱਥਰ ਆਪ ਜੀ ਪਾਸੋਂ ਰਖਵਾਇਆ; ਜਿਸ ਦੀ ਮੁਕੰਮਲ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕਰਵਾਈ। ਉਨ੍ਹਾਂ ਨੇ ਆਪਣਾ ਅੰਤਮ ਸੁਆਸ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਲਿਆ। ਨਾਨਕਸ਼ਾਹੀ ਕੈਲੰਡਰ ’ਚ ਬਾਬਾ ਬੁੱਢਾ ਜੀ ਦਾ ਅਕਾਲ ਚਲਾਣਾ; ਹਰ ਸਾਲ ਰਮਦਾਸ ਵਿਖੇ ੧੪ ਮੱਘਰ/ 27 ਨਵੰਬਰ ਨੂੰ ਮਨਾਇਆ ਜਾਂਦਾ ਹੈ।
  6. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਜਨਮ ਮਿਤੀਆਂ ਵੱਖ ਵੱਖ ਲਿਖਾਰੀਆਂ ਨੇ ਵੱਖ ਵੱਖ ਦਿੱਤੀਆਂ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ’ਚ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ; ਅਨੰਦਪੁਰ ਸਾਹਿਬ ਵਿਖੇ ਮੱਘਰ ਸੁਦੀ ੩ ਸੰਮਤ ੧੭੫੩ ਲਿਖਿਆ ਹੈ। ਇਸ ਤਰੀਖ਼ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ੧੮ ਮੱਘਰ/17 ਨਵੰਬਰ 1696 ਬਣਦਾ ਹੈ।

ਸ੍ਰੋਮਣੀ ਕਮੇਟੀ ਆਪਣੇ ਕੈਲੰਡਰ ’ਚ ਸਾਹਿਬਜ਼ਾਦਾ ਜੋਰਾਵਰ ਸਿੰਘ ਦਾ ਜਨਮ ਦਿਨ; ਹਰ ਸਾਲ ੧੫ ਮੱਘਰ ਦਰਜ ਕਰਦੀ ਹੈ, ਜੋ ਕਿਸੇ ਸਾਲ 29 ਨਵੰਬਰ ਨੂੰ ਅਤੇ ਕਿਸੇ ਸਾਲ 30 ਨਵੰਬਰ ਨੂੰ ਆਉਂਦਾ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਐਲੀਮੈਂਟਰੀ ਕੋਰਸ ਦੀ ਪੁਸਤਕ ਅਨੁਸਾਰ ਤੀਸਰੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ ਵਿਖੇ 28 ਨਵੰਬਰ 1696 ਈ: ਨੂੰ ਹੋਇਆ। ਇਸ ਤਰੀਖ਼ ਨੂੰ ਬਿਕ੍ਰਮੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਤਬਦੀਲ ਕੀਤਿਆਂ ੨੯ ਮੱਘਰ, ਮੱਘਰ ਸੁਦੀ ੧੫ ਸੰਮਤ ੧੭੫੩ ਬਣਦਾ ਹੈ ਭਾਵ ਤਿੰਨਾਂ ’ਚੋਂ ਕਿਸੇ ਦੀ ਵੀ ਤਾਰੀਖ਼ ਇੱਕ ਦੂਜੇ ਨਾਲ ਨਹੀਂ ਮਿਲਦੀ। ਜਾਪਦਾ ਹੈ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਸਾਹਿਬਜ਼ਾਦੇ ਦੀ ਜਨਮ ਮਿਤੀ ਨਾਨਕਸ਼ਾਹੀ ਕੈਲੰਡਰ ਦੀ ੧੫ ਮੱਘਰ ਮੁਤਾਬਕ 28 ਨਵੰਬਰ ਲਿਖ ਦਿੱਤਾ। ਜੇ ੧੫ ਮੱਘਰ ਸਹੀ ਮੰਨ ਲਿਆ ਜਾਵੇ ਤਾਂ ਸੰਮਤ ੧੭੫੩/1696 ਈ: ਨੂੰ ਉਸ ਦਿਨ 14 ਨਵੰਬਰ ਬਣਦਾ ਹੈ।

ਸ੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਕੈਲੰਡਰ ’ਚ ਦਰਜ ਕੀਤੀ ੧੫ ਮੱਘਰ ਦੀ ਤਾਰੀਖ਼ ਨੂੰ ਸਹੀ ਸਾਬਤ ਕਰੇ। ਹਾਲ ਦੀ ਘੜੀ ੧੫ ਮੱਘਰ ਨੂੰ ਸਹੀ ਮੰਨ ਕੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ ੧੫ ਮੱਘਰ ਬਿਕ੍ਰਮੀ ਸੰਮਤ ੧੭੫੩/14 ਨਵੰਬਰ 1696 (ਜੂਲੀਅਨ) ਨੂੰ ਹੋਇਆ ਸੀ; 8 ਸਾਲ ਦੀ ਉਮਰ ’ਚ ਆਪਣੇ 6 ਸਾਲ ਦੇ ਛੋਟੇ ਭਰਾ ਸਾਹਿਬਜ਼ਾਦਾ ਫ਼ਤਹਿ ਸਿੰਘ ਨਾਲ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਵਰਤਾਉਂਦੇ ਹੋਏ ੧੩ ਪੋਹ ਸੰਮਤ ੧੭੬੧/12 ਦਸੰਬਰ 1704 ਨੂੰ ਸਰਹਿੰਦ ਦੀ ਖ਼ੂਨੀ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ। ਨਾਨਕਸ਼ਾਹੀ ਕੈਲੰਡਰ ’ਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ੧੫ ਮੱਘਰ/28 ਨਵੰਬਰ (ਗ੍ਰੈਗੋਰੀਅਨ) ਨੂੰ ਆਉਂਦਾ ਹੈ।  1696 ਜੂਲੀਅਨ ’ਚ 14 ਨਵੰਬਰ ਨੂੰ ਆਉਣ ਵਾਲਾ ੧੫ ਮੱਘਰ; ਨਾਨਕਸ਼ਾਹੀ ਕੈਲੰਡਰ ’ਚ 28 ਨਵੰਬਰ ਨੂੰ ਆਉਂਦਾ ਹੈ ਕਿਉਂਕਿ (ੳ). ਸੰਨ 1752 ’ਚ 11 ਦਿਨਾਂ ਦੀ ਸੋਧ ਕੀਤੀ ਹੈ, ਜਿਸ ਤੋਂ ਬਾਅਦ ਜੂਲੀਅਨ ਕੈਲੰਡਰ ਨੂੰ ਗ੍ਰੈਗੋਰੀਅਨ (ਈਸਵੀ) ਕੈਲੰਡਰ ਕਿਹਾ ਜਾਣ ਲੱਗਾ। (ਅ). ਬਾਕੀ 3 ਦਿਨ; ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ, ਰੁੱਤੀ ਸਾਲ ਨਾਲੋਂ ਵੱਧ ਹੋਣ ਕਾਰਨ ਸਾਲ-ਬ-ਸਾਲ (1752-1999 ਦੌਰਾਨ) ਪਿਆ ਫ਼ਰਕ ਹੈ। ਨਾਨਕਸ਼ਾਹੀ ਕੈਲੰਡਰ ਤੇ ਗ੍ਰੈਗੋਰੀਅਨ ਕੈਲੰਡਰ; ਰੁੱਤੀ ਸਾਲ ਦੇ ਬਹੁਤ ਨੇੜੇ ਹਨ, ਇਸ ਲਈ ਦੋਨਾਂ ਦੇ ਸਾਲ ਦੀ ਲੰਬਾਈ ਤਰਕੀਬਨ ਬਰਾਬਰ ਹੈ। ਸੋ ਨਾਨਕਸ਼ਾਹੀ ਕੈਲੰਡਰ ਅਨੁਸਾਰ ੧੫ ਮੱਘਰ/28 ਨਵੰਬਰ ਨੂੰ ਹੀ ਆਉਂਦਾ ਰਹੇਗਾ।

  1. ਸਾਹਿਬਜ਼ਾਦਾ ਜੋਰਾਵਰ ਸਿੰਘ ਵਾਙ ਸਭ ਤੋਂ ਛੋਟੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਦਿਨ ਵੀ ਸ੍ਰੋਮਣੀ ਕਮੇਟੀ ਦੇ ਕੈਲੰਡਰ ’ਚ ੨੯ ਮੱਘਰ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਐਲੀਮੈਂਟਰੀ ਕੋਰਸ ਦੀ ਪੁਸਤਕ ’ਚ ਗ੍ਰੈਗੋਰੀਅਨ ਕੈਲੰਡਰ ਦੀ 1698 ਈ: ਹੈ। ਦੋਵਾਂ ਨੂੰ ਆਧਾਰ ਬਣਾ ਕੇ ਚੌਥੇ ਸਾਹਿਬਜ਼ਾਦੇ ਦਾ ਜਨਮ ਅਨੰਦਪੁਰ ਸਾਹਿਬ ਵਿਖੇ ੨੯ ਮੱਘਰ ਸੰਮਤ ੧੭੫੫/ 29 ਨਵੰਬਰ 1698 ਨੂੰ ਬਣਦਾ ਹੈ। ਨਾਨਕਸ਼ਾਹੀ ਕੈਲੰਡਰ ’ਚ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਦਿਨ; ਹਰ ਸਾਲ ੨੯ ਮੱਘਰ/12 ਦਸੰਬਰ ਨੂੰ ਆਉਂਦਾ ਹੈ।
  2. ਪੰਜਾਬੀ ਪੀਡੀਆ ਅਨੁਸਾਰ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਜਨਮ ੧੦ ਅਪ੍ਰੈਲ ੧੬੮੮ ਨੂੰ ਪਿਤਾ ਦਸੌਂਧਾ ਸਿੰਘ ਤੇ ਮਾਤਾ ਲੱਛਮੀ ਜੀ ਦੇ ਗ੍ਰਹਿ ਪਿੰਡ ਲੀਲ੍ਹ, ਸਬ ਤਹਿਸੀਲ ਖੇਮਕਰਨ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸੰਮਤ ੧੭੬੪ (ਸੰਨ 1707 ਈ.) ’ਚ ਅਹਿਮਦ ਸ਼ਾਹ ਅਬਦਾਲੀ ਨੇ 7ਵਾਂ ਹਮਲਾ ਕੀਤਾ ਅਤੇ ਆਪਣੀ 30,000 ਫ਼ੌਜ ਸਣੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰ ਦਿੱਤਾ। ਇੱਧਰ ਬਾਬਾ ਗੁਰਬਖ਼ਸ਼ ਸਿੰਘ ਜੀ ਦੀ ਅਗਵਾਈ ਹੇਠ ਸਿਰਫ਼ 30 ਸਿੰਘ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਾਇਨਾਤ ਸਨ। ਸਾਰੇ ਸਿੰਘਾਂ ਨੇ ਫ਼ੈਸਲਾ ਲਿਆ ਕਿ ਦਰਬਾਰ ਸਾਹਿਬ ਨੂੰ ਛੱਡ ਕੇ ਜਾਣ ਦੀ ਬਜਾਇ ਅਹਿਮਦ ਸ਼ਾਹ ਦੀ ਫ਼ੌਜ ਨਾਲ਼ ਮੁਕਾਬਲਾ ਕਰਨਾ ਹੈ ਭਾਵੇਂ ਸ਼ਹੀਦ ਹੋ ਜਾਈਏ। ਵੈਰੀਆਂ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ 30 ਸਿੰਘਾਂ ਦੇ ਸਨਮੁਖ ਹੋ ਕੇ ਲੜਦੇ। ਦੁਸ਼ਮਣਾਂ ਵੱਲੋਂ ਪਹਿਲਾਂ ਦੂਰੋਂ ਖੜ੍ਹੇ ਹੋ ਕੇ ਬਾਬਾ ਜੀ ਸਮੇਤ ਸਾਰੇ ਸਿੰਘਾਂ ’ਤੇ ਤੀਰ ਅਤੇ ਗੋਲ਼ੀਆਂ ਚਲਾਈਆਂ। ਸਿੰਘਾਂ ਦੇ ਵਾਰ ਤੋਂ ਬਚਣ ਲਈ ਵੈਰੀ ਢਾਲ ਦਾ ਆਸਰਾ ਲੈਂਦੇ ਸਨ। ਸਿੰਘਾਂ ਨੇ ਬਾਹਰ ਆ ਸਨਮੁਖ ਹੋ ਕੇ ਲੜਨ ਲੱਗੇ। ਗਿਲਜ਼ੇ (ਪਠਾਣਾਂ ਦੀ ਇੱਕ ਸ਼ਾਖ) ਨਾਲ਼ ਹੋਈ ਆਮਣ੍ਹੋ-ਸਾਮ੍ਹਣੇ ਦੀ ਲੜਾਈ ’ਚ ਬਾਬਾ ਜੀ ਸਮੇਤ 30 ਸਿੰਘਾਂ ਨੇ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ। (ਪੰਜਾਬੀ ਪੀਡੀਏ ’ਚ ਬਾਬਾ ਜੀ ਦੀ ਸ਼ਹੀਦੀ 1 ਦਸੰਬਰ 1764 ਦਰਜ ਹੈ, ਜਿਸ ਨੂੰ ਬਿਕ੍ਰਮੀ ਕੈਲੰਡਰ ’ਚ ਤਬਦੀਲ ਕੀਤਿਆਂ ੨੦ ਮੱਘਰ ੧੮੨੧ ਬਣਦਾ ਹੈ, ਪਰ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਕੇਵਲ ਸੰਮਤ ੧੮੨੨ ਹੀ ਲਿਖਿਆ ਹੈ, ਜਿਸ ਨੂੰ ਤਬਦੀਲ ਕੀਤਿਆਂ ਸੰਨ 1765 ਈ: ਬਣਦਾ ਹੈ ਭਾਵ ਪੰਜਾਬੀ ਪੀਡੀਏ ਨਾਲੋਂ ਇੱਕ ਸਾਲ ਦਾ ਅੰਤਰ ਹੈ। ਜੇ ੧੯ ਮੱਘਰ ੧੮੨੧/੧੮੨੨ ਨੂੰ ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਕੀਤਾ ਜਾਵੇ ਤਾਂ 30 ਨਵੰਬਰ 1764/1765 ਬਣਦਾ ਹੈ। ਕਿਹੜੀ ਤਾਰੀਖ਼ ਜਾਂ ਸੰਨ ਠੀਕ ਹੈ ਇਸ ਦਾ ਫ਼ੈਸਲਾ ਤਾਂ ਸ੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਅਧਿਕਾਰੀ ਹੀ ਕਰ ਸਕਦੇ ਹਨ, ਪਰ ਹਾਲ ਦੀ ਘੜੀ ਜੇ ਸ੍ਰੋਮਣੀ ਕਮੇਟੀ ਦੇ ਕੈਲੰਡਰ ਦੀ ੧੯ ਮੱਘਰ ਸਹੀ ਮੰਨੀਏ ਤਾਂ ਨਾਨਕਸ਼ਾਹੀ ਕੈਲੰਡਰ ’ਚ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੧੯ ਮੱਘਰ/2 ਦਸੰਬਰ ਆਉਂਦਾ ਹੈ। ਸ੍ਰੋਮਣੀ ਕਮੇਟੀ ਵਾਲ਼ੇ ਵੱਧ ਲੰਬਾਈ ਵਾਲੇ ਸਾਲ ਦੀ ੧੯ ਮੱਘਰ ਕਦੀ 3 ਦਸੰਬਰ ਅਤੇ ਕਦੀ 4 ਦਸੰਬਰ ਨੂੰ ਆ ਰਹੀ ਹੈ, ਜੋ 3000 ਸੀਈ ’ਚ 18 ਦਸੰਬਰ ਨੂੰ ਆਵੇਗੀ।

ਸੋ ਸ੍ਰੋਮਣੀ ਕਮੇਟੀ ਨੂੰ ਵੋਟ ਸਿਆਸਤ ਤੋਂ ਉੱਪਰ ਉੱਠ ਕੇ ਕੌਮੀ ਹਿੱਤ ਲਈ ਇਤਿਹਾਸਿਕ ਦਿਹਾੜਿਆਂ ਬਾਰੇ ਜਲਦੀ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਸਿੱਖਾਂ ਦਾ ਆਪਣੀ ਸਿਰਮੌਰ ਸੰਸਥਾ ’ਤੇ ਵਿਸ਼ਵਾਸ ਕਾਇਮ ਰਹੇ। ਸੱਚ ਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖ਼ਸ਼ ਸਿੰਘ ਜੀ ਦੀ ਯਾਦ ਵਿੱਚ ‘ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ’ ਸਥਾਨ ਸੁਸ਼ੋਭਿਤ ਹੈ।