ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

0
425

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

ਵਾਈਸ ਪ੍ਰਿੰਸੀਪਲ ਮਨਿੰਦਰਪਾਲ ਸਿੰਘ (ਰੋਪੜ)-94175-86121

ਵਿਚਾਰ ਅਧੀਨ ਪਾਵਨ ਬਚਨ, ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 94 ਉੱਤੇ ਮਾਝ ਰਾਗ ਅੰਦਰ ਸੁਭਾਇਮਾਨ ਹਨ। ਪੂਰਾ ਪਦਾ ਇਸ ਤਰ੍ਹਾਂ ਹੈ :

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥

ਹਉ, ਹਰਿ ਬਿਨੁ; ਦੂਜਾ ਅਵਰੁ ਨ ਜਾਨਾ॥

ਕੋਈ ਸਜਣੁ ਸੰਤੁ ਮਿਲੈ ਵਡਭਾਗੀ ; ਮੈ, ਹਰਿ ਪ੍ਰਭੁ ਪਿਆਰਾ ਦਸੈ ਜੀਉ ॥ (ਮ: ੪/੯੪)

ਭਾਵ ਮੇਰੇ ਮਨ ਅਤੇ ਤਨ ਦਾ ਆਸਰਾ ਕੇਵਲ ਵਾਹਿਗੁਰੂ ਜੀ ਹੀ ਹਨ, ਅਕਾਲ ਪੁਰਖ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਜੀਵਨ ਦਾ ਆਸਰਾ ਜਾਣਦਾ ਹੀ ਨਹੀਂ, ਕੋਈ ਵਡਭਾਗੀ ਗੁਰਮੁੱਖ ਸੱਜਣ ਮਿਲ ਪਏ ਅਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ।

ਗੁਰਮਤਿ ਸਿਧਾਂਤ ਦੀ ਆਰੰਭਤਾ ਹੀ ‘ੴ’ ਤੋਂ ਹੁੰਦੀ ਹੈ, ਇੱਕ ਤੋਂ ਹੁੰਦੀ ਹੈ। ਗੁਰਮਤਿ ਅਨੁਸਾਰ ਸਭ ਦਾ ਆਸਰਾ ਇੱਕ ਪ੍ਰਭੂ ਹੈ। ਸਭ ਨੂੰ ਪੈਦਾ ਕਰਨ ਵਾਲਾ, ਮਾਰਨ ਵਾਲਾ, ਰੱਖਿਆ ਕਰਨ ਵਾਲਾ, ਦਾਨ ਦੇਣ ਵਾਲਾ, ਪੂਰੇ ਬ੍ਰਹਿਮੰਡ ਦਾ ਮਾਲਕ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਆਪ ਹੀ ਹੈ, ਇਸ ਕਰ ਕੇ ਉਸੇ ਅੱਗੇ ਹੀ ਝੋਲੀ ਅੱਡਣੀ ਚਾਹੀਦੀ ਹੈ ਅਤੇ ਉਸੇ ਇੱਕ ਦਾ ਹੀ ਆਸਰਾ ਤੱਕਣਾ ਹੈ ਭਾਵੇਂ ਖ਼ੁਸ਼ੀ ਹੋਵੇ ਜਾਂ ਗ਼ਮੀ, ਜੀਵਨ ਭਾਵੇਂ ਸੁੱਖਾਂ ’ਚ ਬਤੀਤ ਹੁੰਦਾ ਹੋਵੇ ਭਾਵੇਂ ਕੋਈ ਵਿਪਤਾ ਆ ਘੇਰੇ, ਸਾਡਾ ਸ਼ੁਕਰਾਨਾ ਜਾਂ ਸਾਡੀ ਆਸ ਕੇਵਲ ਇੱਕ ਵਾਹਿਗੁਰੂ ਉੱਤੇ ਹੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬਾਨ ਦਾ ਜੀਵਨ ਵੀ ਸਾਨੂੰ ਇਹੋ ਅਗਵਾਈ ਬਖ਼ਸ਼ਦਾ ਹੈ। ਜਦੋਂ ਪੰਜਵੇਂ ਪਾਤਿਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਸੁਲਹੀ ਖਾਂ ਚੜ੍ਹਾਈ ਕਰ ਕੇ ਆਇਆ ਤਾਂ ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੈਨੂੰ ਕਈ ਸਲਾਹਾਂ ਦਿੱਤੀਆਂ ਗਈਆਂ, ਜਿਵੇਂ ਮੈਂ ਚਿੱਠੀ ਲਿਖ ਭੇਜਾਂ, ਦੋ ਮਨੁੱਖਾਂ ਨੂੰ ਉਸ ਕੋਲ ਗੱਲ-ਬਾਤ ਕਰਨ ਲਈ ਪਹੁੰਚਾਵਾਂ ਜਾਂ ਮੈਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਾਂ, ਪਰ ਹੇ ਪ੍ਰਭੂ  ! ਹੋਰ ਸਾਰੇ ਯਤਨ ਛੱਡ ਕੇ ਮੈਂ ਸਿਰਫ ਤੈਨੂੰ ਹੀ ਸਿਮਰਿਆ ਹੈ। ਪਾਵਨ ਬਚਨ ਹਨ :

ਪ੍ਰਥਮੇ ਮਤਾ; ਜਿ ਪਤ੍ਰੀ ਚਲਾਵਉ ॥

ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥

ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥

ਮੈ ਸਭੁ ਕਿਛੁ ਛੋਡਿ, ਪ੍ਰਭ  ! ਤੁਹੀ ਧਿਆਇਆ ॥ (ਮ: ੫/੩੭੧)

ਗੁਰਮਤਿ ਵਿੱਚ ‘‘ਏਕ ਓਟ ਏਕੋ ਆਧਾਰੁ ॥’’ (ਸੁਖਮਨੀ/ਮ: ੫/੨੮੯) ਨੂੰ ਹੀ ਅਪਨਾਉਣ ਦਾ ਸੰਦੇਸ਼ ਹੈ ? ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੀ ਟੇਕ ਲੈਣੀ ਜਾਂ ਸਮਝਣੀ ਮੂਰਖਤਾ ਹੈ ਭਾਵੇਂ ਉਹ ਕਰੀਬੀ ਜਾਂ ਖ਼ੂਨ ਦੇ ਰਿਸ਼ਤੇ; ਜਿਵੇਂ ਮਾਤਾ, ਪਿਤਾ, ਪੁੱਤਰ, ਪਤਨੀ ਦਾ ਰਿਸ਼ਤਾ ਹੀ ਕਿਉਂ ਨਾ ਹੋਵੇ, ਇਹ ਸਾਰੇ ਰਿਸ਼ਤੇ ਕਿਸੇ ਦਾ ਸਦੀਵੀ ਆਸਰਾ ਬਣ ਹੀ ਨਹੀਂ ਸਕਦੇ। ਪਾਵਨ ਬਚਨ ਹਨ:

ਜਨਨਿ ਪਿਤਾ ਲੋਕ ਸੁਤ ਬਨਿਤਾ ; ਕੋਇ ਨ ਕਿਸ ਕੀ ਧਰਿਆ ॥ (ਸੋ ਦਰੁ/ਮ: ੫/੧੦)

ਚੌਥੇ ਪਾਤਿਸ਼ਾਹ ਜੀ ਵੀ ਸਮਝਾਉਂਦੇ ਹਨ ਕਿ ਜਦੋਂ ਮੈਂ ਆਮ ਲੋਕਾਂ ਦੇ ਜੀਵਨ ਨੂੰ ਵੇਖਦਾ ਹਾਂ ਤਾਂ ਹਰ ਕਿਸੀ ਨੇ ਆਪਣਾ ਸਾਥ ਜਾਂ ਆਪਣੀ ਟੇਕ ਕਿਸੀ ਵਿਅਕਤੀ ਨੂੰ ਹੀ ਬਣਾਇਆ ਹੋਇਆ ਹੈ, ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ, ਕਿਸੇ ਨੇ ਪੁੱਤਰ ਨਾਲ ਜਾਂ ਭਰਾ ਨਾਲ ਸਾਥ ਗੰਢਿਆ ਹੈ, ਕਿਸੇ ਨੇ ਆਪਣੇ ਸਕੇ ਕੁੜਮ ਨਾਲ ਜਾਂ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ, ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ ਪਿੰਡ ਦੇ ਸਰਦਾਰ ਨਾਲ, ਚੋਧਰੀ ਨਾਲ ਧੜਾ ਬਣਾਇਆ ਹੋਇਆ ਹੈ, ਪਰ ਮੇਰਾ ਸਾਥੀ, ਮੇਰੀ ਟੇਕ, ਮੇਰਾ ਆਸਰਾ ਕੇਵਲ ਪਰਮਾਤਮਾ ਹੈ, ਜੋ ਸਭ ਥਾੲੀਂ ਮੌਜੂਦ ਹੈ। ਸਤਿਗੁਰੂ ਜੀ ਫ਼ੁਰਮਾਉਂਦੇ ਹਨ :

ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥

ਕਿਸ ਹੀ ਧੜਾ ਕੀਆ; ਕੁੜਮ ਸਕੇ ਨਾਲਿ ਜਵਾਈ॥

ਕਿਸ ਹੀ ਧੜਾ ਕੀਆ ; ਸਿਕਦਾਰ ਚਉਧਰੀ ਨਾਲਿ, ਆਪਣੈ ਸੁਆਈ॥

ਹਮਾਰਾ ਧੜਾ ਹਰਿ; ਰਹਿਆ ਸਮਾਈ ॥ (ਮ: ੪/੩੬੬)

ਇਹ ਇੱਕ ਪਰਮ ਸੱਚਾਈ ਹੈ ਕਿ ਜਿਹੜਾ ਇੱਕ ਧੁਰੇ ਨੂੰ ਛੱਡ ਕੇ, ਇੱਕ ਮਾਲਕ ਨੂੰ ਛੱਡ ਕੇ ਥਾਂ-ਥਾਂ ਭਟਕਦਾ ਹੈ, ਉਸ ਨੂੰ ਫਿਟਕਾਰ ਪੈਂਦੀ ਹੈ, ਉਸ ਨੂੰ ਦੁਰਕਾਰਿਆ ਜਾਂਦਾ ਹੈ, ਜਿਵੇਂ ਜਿਹੜਾ ਕੁੱਤਾ ਇੱਕ ਦਾ ਹੋ ਕੇ ਰਹੇ ਉਹ ਆਪਣੇ ਮਾਲਕ ਦਾ ਵਫ਼ਾਦਾਰ ਹੁੰਦਾ ਹੈ। ਮਾਲਕ ਨੂੰ ਵੀ ਉਸ ਦਾ ਫ਼ਿਕਰ ਹੁੰਦਾ ਹੈ ਪਰ ਇਸ ਦੇ ਬਿਲਕੁਲ ਉਲਟ ਦਰ-ਬਦਰ ਘੁੰਮਣ ਵਾਲੇ ਕੁੱਤੇ ਦੀ ਕੋਈ ਬਾਤ ਨਹੀਂ ਪੁੱਛਦਾ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਹੇ ਖ਼ੁਦਾ  ! ਨਾਨਕ ਤੇਰੇ ਦਰ ਦਾ ਕੁੱਤਾ ਹੈ ਤੇ ਮਸਤ ਰਹਿੰਦਾ ਹੈ (ਮਿਹਰ ਕਰ, ਇਹ) ਮਸਤੀ ਰੋਜ਼ਾਨਾ ਵਧਦੀ ਰਹੇ। ਪਾਵਨ ਬਚਨ ਹਨ:

ਸਗ ਨਾਨਕ ਦੀਬਾਨ ਮਸਤਾਨਾ ; ਨਿਤ ਚੜੈ ਸਵਾਇਆ ॥ (ਮ: ੧/੧੨੯੧)

ਜੋ ਇੱਕ ਦਾ ਹੋ ਗਿਆ ਉਹ ਤਾਂ ਇਹ ਵੀ ਨਹੀਂ ਸਹਿਨ ਕਰ ਸਕਦਾ ਕਿ ਜਦੋਂ ਉਸ ਉੱਤੇ ਮੌਤ ਦੀ ਚਾਦਰ ਪਵੇ, ਜਦੋਂ ਉਸ ਦਾ ਸਰੀਰ ਨਿਸੱਤਾ ਹੋ ਜਾਏ, ਉਸ ਦੇ ਸਰੀਰ ਦੀ ਖ਼ਾਕ ਬਣ ਜਾਏ ਤਾਂ ਉਸ ਦੀ ਖ਼ਾਕ ਵੀ ਇੱਕੋ ਦਰ ਦੀ ਪੁਜਾਰੀ ਬਣੀ ਰਹੇ। ਉੱਡ ਕੇ ਕਿਸੇ ਹੋਰ ਪਾਸੇ ਨਾ ਜਾਵੇ। ਭਾਈ ਨੰਦ ਲਾਲ ਸਿੰਘ ਜੀ ਇੱਕ ਦਿਨ ਹਵਾ ਨੂੰ ਸੰਬੋਧਨ ਕਰ ਕੇ ਕਹਿਣ ਲੱਗੇ ਐ ਹਵਾ  ! ਅੰਤ ਸਮੇਂ ਜਦੋਂ ਮੇਰੇ ਸਰੀਰ ਦੀ ਖ਼ਾਕ ਬਣ ਜਾਵੇ ਤਾਂ ਕਿਰਪਾ ਕਰ ਕੇ ਇਸ ਖ਼ਾਕ ਨੂੰ ਮੇਰੇ ਪਿਆਰੇ ਗੁਰੂ ਦੇ ਦਰ ਉੱਤੇ ਰਹਿਣ ਦੇਵੀਂ, ਕਿਸੇ ਹੋਰ ਦਰ ਉੱਤੇ ਨਾ ਲੈ ਜਾਵੀਂ, ਨਹੀਂ ਤਾਂ ਮੇਰੇ ਦੁਸ਼ਮਣ ਮੇਰੀ ਭੰਡੀ ਕਰਨਗੇ ਅਤੇ ਆਖਣਗੇ ਕਿ ਨੰਦ ਲਾਲ ਹਰਜਾਈ ਹੈ, ਉਹ ਇੱਕ ਦਾ ਆਸ਼ਕ ਨਹੀਂ। ਭਾਈ ਸਾਹਿਬ ਦਾ ਕਥਨ ਹੈ :

ਮਬਰ, ਐ ਬਾਦ  ! ਖ਼ਾਕਮ, ਅਜ਼ ਦਰਿ ਦੂਸਤ,

ਦੁਸ਼ਮਨਮ ਸਰਜ਼ਨਸ਼ ਕੁਨਦ ਕਿ ਹਰਜਾਈਸਤ॥

ਭਾਈ ਵੀਰ ਸਿੰਘ ਜੀ ਅਨੁਸਾਰ ਵੀ ਜਦੋਂ ਮਨੁੱਖ ਆਪਣੇ ਮੂਲ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਦਾ ਆਸਰਾ ਲੈਂਦਾ ਹੈ ਤਾਂ ਉਸ ਦੇ ਸਾਰੇ ਗੁਣ ਹੀ ਉੱਡ-ਪੁੱਡ ਜਾਂਦੇ ਹਨ। ਜਿਸ ਤਰ੍ਹਾਂ ਫੁੱਲ ਆਪਣੇ ਅਸਲੇ ਨਾਲੋ ਟੁੱਟ ਕੇ ਹਾਰ ਬਣ ਕੇ ਕਿਸੇ ਦੇ ਗਲ ਵਿੱਚ ਸੱਜ ਜਾਂਦੇ ਹਨ ਜਾਂ ਕਹੋ ਕਿ ਜਦੋਂ ਫੁੱਲਾਂ ਨੇ ਆਪਣੇ ਮੂਲ ਨੂੰ ਛੱਡ ਕੇ ਕਿਸੇ ਦੇ ਗਲ ਦਾ ਆਸਰਾ ਲਿਆ ਹੋਵੇ ਤਾਂ ਪਹਿਨਣ ਵਾਲਾ ਹੰਕਾਰ ਵਿੱਚ ਆ ਜਾਂਦਾ ਹੈ, ਉਸ ਨੂੰ ਫੁੱਲਾਂ ਵਿੱਚੋਂ ਖ਼ੁਸ਼ਬੂ ਮਾਲੂਮ ਹੀ ਨਹੀਂ ਹੁੰਦੀ। ਆਪ ਜੀ ਦਾ ਵਿਚਾਰ ਹੈ ਕਿ, ‘ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ, ਗਲ ਪਏ ਫੁਲਹਾਰ ਦੀ ਭਾਸੇ ਨਾ ਮਹਿਕਾਰ।’ ਤਾਂ ਹੀ ਤਾਂ ਬਾਬਾ ਸ਼ੇਖ਼ ਫਰੀਦ ਜੀ ਵੀ ਫ਼ੁਰਮਾਉਂਦੇ ਹਨ ਕਿ ਹੇ ਮੌਲਾ  ! ਹੇ ਵਾਹਿਗੁਰੂ  ! ਮੇਰੇ ਜੀਵਨ ਦਾ ਆਸਰਾ ਕੇਵਲ ਤੂੰ ਹੀ ਬਣਿਆ ਰਹੀਂ ਜੇ ਤੂੰ ਆਪਣੇ ਨਾਲੋਂ ਤੋੜ ਕੇ ਕਿਸੇ ਹੋਰ ਦੇ ਆਸਰੇ, ਕਿਸੇ ਹੋਰ ਦੁਆਰੇ ਉੱਤੇ ਬੈਠਾਅ ਜਾਂ ਟਿਕਾਅ ਦੇਵੇਂ ਤਾਂ ਇਹ ਮੈਥੋਂ ਸਹਿਨ ਨਹੀਂ ਹੋਵੇਗਾ। ਇਸ ਤੋਂ ਚੰਗਾ ਤਾਂ ਇਹ ਹੈ ਕਿ ਤੂੰ ਮੈਨੂੰ ਮੌਤ ਹੀ ਦੇ ਦੇਵੇਂ। ਆਪ ਜੀ ਫ਼ੁਰਮਾਉਂਦੇ ਹਨ :

ਫਰੀਦਾ  ! ਬਾਰਿ ਪਰਾਇਐ ਬੈਸਣਾ ; ਸਾਂਈ  ! ਮੁਝੈ ਨ ਦੇਹਿ ॥

ਜੇ ਤੂ ਏਵੈ ਰਖਸੀ ; ਜੀਉ ਸਰੀਰਹੁ ਲੇਹਿ ॥ (ਬਾਬਾ ਫਰੀਦ ਜੀ/੧੩੮੦)

ਇੱਕ ਅਕਾਲ ਪੁਰਖ ਦਾ ਦਰ ਛੱਡ ਕੇ, ਇੱਕ ਪ੍ਰਭੂ ਦੀ ਟੇਕ ਨੂੰ ਛੱਡ ਕੇ ਜੀਵ, ਜਾ ਵੀ ਕਿਸ ਦਰ ’ਤੇ ਸਕਦਾ ਹੈ ? ਹੋਰ ਕੋਈ ਆਸਰਾ ਜਾਂ ਹੋਰ ਕੋਈ ਦੂਜੀ ਐਸੀ ਹਸਤੀ ਹੈ ਹੀ ਨਹੀਂ, ਜੋ ਪਰਮਾਤਮਾ ਦਾ ਬਦਲ ਹੋ ਸਕੇ, ਇਸੇ ਲਈ ਪਾਵਨ ਫ਼ੁਰਮਾਨ ਹੈ:

ਤੁਧ ਨੋ ਛੋਡਿ; ਜਾਈਐ ਪ੍ਰਭ  ! ਕੈਂ ਧਰਿ ॥ ਆਨ ਨ ਬੀਆ; ਤੇਰੀ ਸਮਸਰਿ ॥ (ਮ: ੫/੩੭੧)

ਭਾਈ ਗੁਰਦਾਸ ਜੀ ਵੀ ਸਮਝਾਉਂਦੇ ਹਨ ਕਿ ਐ ਦੁਨੀਆਂ ਦੇ ਲੋਕੋ  ! ਵੇਖਿਓ, ਕਦੇ ਇੱਕ ਪ੍ਰਭੂ ਨਾਲੋਂ ਨਾ ਟੁੱਟ ਜਾਣਾ। ਇਕ ਵਾਹਿਗੁਰੂ ਨੂੰ ਛੱਡ ਕੇ ਦੂਜਿਆਂ ਦੇ ਵਸ ਨਾ ਪੈ ਜਾਣਾ, ਖ਼ੁਆਰ ਹੋਵੋਗੇ। ਆਪ ਜੀ ਬੜੀ ਖ਼ੂਬਸੂਰਤੀ ਨਾਲ ਸਮਝਾਉਂਦੇ ਹਨ ਕਿ ਜਿਵੇਂ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਹੈ ਕਿਉਂਕਿ ਉਸ ਨੇ ਇੱਕ ਘਰ ਨੂੰ ਅਧਾਰ ਨਹੀਂ ਬਣਾਇਆ ਹੁੰਦਾ, ਜਿਹੜੀ ਚੀਜ਼ ਸਾਂਝੀ ਹੋਵੇਗੀ, ਬਹੁਤਿਆਂ ਦੀ ਹੋਵੇਗੀ, ਉਹੋ ਰੁਲ਼ੇਗੀ। ਜਿਹੜੀ ਢੱਡ ਦਾ ਮਾਲਕ ਇੱਕ ਦੀ ਥਾਂ ਬਹੁਤੇ ਡੂਮ ਹੋਣ, ਉਸ ਦੀ ਫ਼ਿਕਰ ਕੋਈ ਨਹੀਂ ਕਰਦਾ, ਜਿਵੇਂ ਜੰਗਲ-ਜੰਗਲ, ਬੂਟੇ-ਬੂਟੇ ਭਟਕਦਾ ਕਾਂ ਨਾ ਹੀ ਸ਼ੋਭਦਾ ਹੈ ਤੇ ਨਾ ਹੀ ਸੁੱਖ ਮਾਣ ਸਕਦਾ ਹੈ, ਜਿਸ ਇਸਤ੍ਰੀ ਦਾ ਇੱਕ ਪਤੀ ਨਹੀਂ ਉਹੋ ਵੈਸ਼ੀਆ ਹੈ, ਉਸ ਨੂੰ ਅਤੇ ਉਸ ਦੇ ਤਨ ਨੂੰ ਦੁੱਖ ਤੇ ਪੀੜਾ ਹੀ ਮਿਲਦੀ ਹੈ ਇਸੇ ਤਰ੍ਹਾਂ ਇੱਕ ਗੁਰੂ ਨੂੰ, ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰਨਾਂ ਮਗਰ ਲੱਗਣਾ, ਹੋਰ ਦੀ ਪੂਜਾ ਕਰਨ ਵਾਲਾ ਬੇਮੁੱਖ ਹੈ, ਉਹ ਖ਼ੁਆਰ ਹੀ ਹੋਵੇਗਾ। ਆਪ ਜੀ ਸਮਝਾਉਂਦੇ ਹਨ :

ਬਹੁਤੀ ਘਰੀਂ ਪਰਾਹੁਣਾ, ਜਿਉ ਰਹਦਾ ਭੁਖਾ।

ਸਾਂਝਾ ਬਬੁ ਨ ਰੋਈਐ; ਚਿਤਿ ਚਿੰਤ, ਨ ਚੁਖਾ।

ਬਹਲੀ ਡੂਮੀ ਢਢ ਜਿਉ; ਓਹੁ ਕਿਸੈ ਨ ਧੁਖਾ।

ਵਣਿ ਵਣਿ ਕਾਉਂ ਨ ਸੋਹਈ; ਕਿਉ ਮਾਣੈ ਸੁਖਾ।

ਜਿਉ ਬਹੁ ਮਿਤੀ ਵੇਸੁਆ; ਤਨਿ ਵੇਦਨਿ ਦੁਖਾ।

ਵਿਣੁ ਗੁਰ ਪੂਜਨਿ ਹੋਰਨਾ; ਬਰਨੇ ਬੇਮੁਖਾ ॥੧੯॥

(ਭਾਈ ਗੁਰਦਾਸ ਜੀ/ਵਾਰ ੩੪/ਪਉੜੀ ੧੯)

ਜੇ ਅਸੀਂ ਕੁਦਰਤ ਨੂੰ ਵੀ ਧਿਆਨ ਨਾਲ ਵੇਖੀਏ ਤਾਂ ਸਾਨੂੰ ਇਹੋ ਹੀ ਸੰਦੇਸ਼ ਮਿਲੇਗਾ ਕਿ ਇੱਕ ਧੁਰੇ ਨੂੰ, ਆਪਣੇ ਅਸਲੇ ਨੂੰ ਛੱਡ ਕੇ ਜਾਂ ਆਪਣੇ ਸ਼ਕਤੀ ਦਾਤੇ ਨਾਲੋਂ ਵਿਛੜ ਕੇ ਦੁੱਖ ਹੀ ਪ੍ਰਾਪਤ ਹੁੰਦਾ ਹੈ। ਜੇ ਸਾਡੇ ਅਤੇ ਸਾਡੇ ਮੂਲ ਦੇ ਵਿਚਕਾਰ ਕੋਈ ਦੂਸਰਾ ਆ ਜਾਏ ਤਾਂ ਕਲੰਕ ਸਾਨੂੰ ਹੀ ਲੱਗਦਾ ਹੈ, ਜਿਵੇਂ ਚੰਦ੍ਰਮਾ ਕਿੰਨਾ ਖ਼ੂਬਸੂਰਤ ਹੈ, ਉਸ ਦਾ ਪਿੰਡਾ ਚਿੱਟਾ ਦੁੱਧ ਹੈ, ਉਹ ਜਦੋਂ ਤੱਕ ਆਪਣੇ ਪ੍ਰਕਾਸ਼ ਦਾਤੇ ਸੂਰਜ ਦੇ ਸਾਹਮਣੇ ਰਹਿੰਦਾ ਹੈ, ਉਸ ਦੇ ਸਨਮੁਖ ਰਹਿੰਦਾ ਹੈ ਉਹ ਚਮਕਦਾ ਹੈ, ਲਿਸ਼ਕਾਂ ਮਾਰਦਾ ਹੈ, ਠੰਡਕ ਬਖ਼ਸ਼ਦਾ ਹੈ, ਪਰ ਜਿਉਂ ਹੀ ਚੰਦ੍ਰਮਾ ਅਤੇ ਉਸ ਦੇ ਪ੍ਰਕਾਸ਼ ਦਾਤੇ ਸੂਰਜ ਦੇ ਵਿਚਕਾਰ ਕੋਈ ਦੂਜਾ, ਭਾਵ ਧਰਤੀ ਆ ਜਾਂਦੀ ਹੈ ਤਾਂ ਉਹ ਕਾਲਾ ਹੋ ਜਾਂਦਾ ਹੈ, ਉਸ ਨੂੰ ਗ੍ਰਹਿਣ ਲੱਗ ਜਾਂਦਾ ਹੈ, ਉਸ ਦੀ ਸੁੰਦਰਤਾ ਹੀ ਨਾਸ ਨਹੀਂ ਹੁੰਦੀ ਸਗੋਂ ਉਹ ਕਲੰਕਿਤ ਵੀ ਹੋ ਜਾਂਦਾ ਹੈ, ਇਸੇ ਤਰ੍ਹਾਂ ਜੋ ਭਗਤ ਹੁੰਦਾ ਹੈ, ਦਰਵੇਸ਼ ਹੁੰਦਾ ਹੈ, ਉਸ ਦਾ ਓਟ ਆਸਰਾ ਕੇਵਲ ਪ੍ਰਭੂ ਹੀ ਹੁੰਦਾ ਹੈ ਕਿਉਂਕਿ ਉਸ ਨੇ ਇਹ ਸਿੱਖਿਆ ਆਪਣੇ ਪੱਲੇ ਬੰਨ੍ਹੀ ਹੁੰਦੀ ਹੈ ਕਿ

ਏਕੋ ਏਕੁ ਵਰਤੈ ਸਭੁ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥

ਏਕੋ ਰਵਿ ਰਹਿਆ ਸਭ ਅੰਤਰਿ ; ਤਿਸੁ ਬਿਨੁ, ਅਵਰੁ ਨ ਕੋਈ ਹੇ ॥ (ਮ: ੩/੧੦੪੪)

ਕੇਵਲ ਤੇ ਕੇਵਲ ਇੱਕ ਪਰਮੇਸ਼ਰ ਹੀ ਪੂਜਨੀਕ ਹੈ, ਸਰਬੋਤਮ ਹੈ, ਪ੍ਰਭੂ ਦੁਆਰਾ ਰਚਿਆ ਹੋਇਆ ਕੋਈ ਵੀ ਜੀਵ ਜਾਂ ਪਦਾਰਥ ਰੱਬ ਨਹੀਂ ਹੋ ਸਕਦਾ, ਹਾਂ ਜੇ ਕਿਸੇ ਜੀਵ ਨੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੋਵੇ, ਪ੍ਰਭੂ ਨਾਲ ਜੁੜ ਗਿਆ ਹੋਵੇ, ਉਸ ਦੀ ਲਿਵ ਹਮੇਸ਼ਾਂ ਹਰੀ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੋਵੇ ਉਹ ਸਤਿਕਾਰਯੋਗ ਤਾਂ ਹੋ ਸਕਦਾ ਹੈ ਪਰ ਉਸ ਨੂੰ ਇਹ ਹੱਕ ਨਹੀਂ ਕਿ ਉਹ ਆਪ ਰੱਬ ਬਣ ਕੇ ਬੈਠ ਜਾਏ ਜਾਂ ਦੁਨੀਆਂ ਉਸ ਨੂੰ ਰੱਬ ਸਮਝ ਕੇ ਪੂਜਣਾ ਸ਼ੁਰੂ ਕਰ ਦੇਵੇ ਕਿਉਂਕਿ ਇਹ ਤਾਂ ਪ੍ਰਭੂ ਦੀ ਇੱਕ ਖ਼ੂਬਸੂਰਤ ਰਚਨਾ ਹੈ, ਪ੍ਰਭੂ ਨਹੀਂ, ਇਸੇ ਕਰ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝਾਉਂਦੇ ਹਨ ਕਿ

ਬਿਨੁ ਕਰਤਾਰ ਨ ਕਿਰਤਮ ਮਾਨੋ ॥

ਆਦਿ ਅਜੋਨਿ ਅਜੈ ਅਬਿਨਾਸੀ ; ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥ (ਸ਼ਬਦ ਹਜ਼ਾਰੇ)

ਭਗਤ ਨਾਮਦੇਵ ਜੀ ਨੇ ਵੀ ਜਦੋਂ ਵੇਖਿਆ ਕਿ ਸੰਸਾਰ ਇੱਕ ਪ੍ਰਭੂ ਨੂੰ ਛੱਡ ਕੇ, ਪ੍ਰਭੂ ਦੀ ਕਿਰਤ ਦੀ ਹੀ ਪੂਜਾ ਕਰ ਰਿਹਾ ਹੈ, ਕਾਦਰ ਨੂੰ ਛੱਡ ਕੇ ਕੁਦਰਤਿ ਦਾ ਪੂਜਾਰੀ ਬਣਿਆ ਹੋਇਆ ਹੈ, ਮਾਇਆ ਪਤੀ ਨੂੰ ਛੱਡ ਕੇ ਮਾਇਆ ਦੇ ਹੀ ਪੈਰੀਂ ਨਹੀਂ ਪੈ ਰਿਹਾ ਸਗੋਂ ਭਗਤ ਜੀ ਨੂੰ ਵੀ ਇਹੋ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਉਹ ਵੀ ਇਸੇ ਦਾ ਅਨੁਸਰਨ ਕਰਨ ਭਾਵ ਪਿਛੇ ਚੱਲਣ ਤਾਂ ਉਹ ਉੱਚੀ-ਉੱਚੀ ਪੁਕਾਰ ਉੱਠੇ ਕਿ ‘‘ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ; ਬਦਲਾਵਨਿ ਦੈਹਉ ॥ (ਭਗਤ ਨਾਮਦੇਵ/੮੭੪) ਭਾਵ ਮੈਂ ਕੇਵਲ ਕਣ-ਕਣ ਵਿੱਚ ਸਮਾਏ ਸਰਵ-ਵਿਆਪੀ ਇੱਕ ਅਕਾਲ ਪੁਰਖ ਦਾ ਹੀ ਉਪਾਸ਼ਕ ਹਾਂ ਬਾਕੀ ਸਾਰੀਆਂ ਸਨਮਾਨਯੋਗ ਮੰਨੀਆਂ ਜਾਂਦੀਆਂ ਹਸਤੀਆਂ ਨੂੰ ਮੈਂ ਪ੍ਰਭੂ ਦੇ ਪਿਆਰ ਉੱਤੋਂ ਨਿਛਾਵਰ ਕਰਦਾ ਹਾਂ।

ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰਸਿੱਖ ਦੀ ਗੱਲ ਕੀਤੀ ਤਾਂ ਇਹ ਵਿਚਾਰ ਦਿੱਤਾ ਕਿ ਗੁਰਸਿੱਖ ਹੈ ਹੀ ਉਹ ਜਿਸ ਦੀ ਟੇਕ, ਜਿਸ ਦਾ ਵਿਸ਼ਵਾਸ ਇੱਕ ਅਕਾਲ ਪੁਰਖ ਉੱਤੇ ਹੋਵੇ, ਉਹ ਇੱਕ ਨੂੰ ਛੱਡ ਕੇ ਕਿਸੇ ਦੂਜੇ ਘਰ ਜਾਣ ਦੀ ਸੋਚਦਾ ਵੀ ਨਹੀਂ। ਭਾਈ ਸਾਹਿਬ ਜੀ ਦੇ ਬਚਨ ਹਨ :

ਗੁਰ ਸਿਖੁ; ਦੂਜੇ ਭਾਵਹੁ ਸੰਗੈ ॥  (ਭਾਈ ਗੁਰਦਾਸ ਜੀ /ਵਾਰ ੨੮ ਪਉੜੀ ੨)

ਉਹ ਤਾਂ ਹਰ ਸਮੇਂ ਇਹੀ ਅਰਦਾਸ ਕਰਦਾ ਹੈ ਕਿ ਹੇ ਗੁਰੂ  ! ਮੈਨੂੰ ਕਦੇ ਵੀ ਪਰਮਾਤਮਾ ਨਾ ਭੁੱਲੇ, ਮੈਂ ਉਸ ਨਾਲ ਹੀ ਜੁੜਿਆ ਰਹਾਂ, ਉਹ ਗੁਰੂ ਅੱਗੇ ਮੰਗ ਕਰਦਾ ਹੋਇਆ ਆਖਦਾ ਹੈ :

ਗੁਰਾ ! ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ; ਸੋ, ਮੈ ਵਿਸਰਿ ਨ ਜਾਈ ॥ (ਜਪੁ)

ਇੱਕ ਗੱਲ ਹੋਰ ਚੇਤੇ ਰੱਖਣਯੋਗ ਹੈ ਕਿ ਜਿਹੜਾ ਇੱਕ ਦਾ ਹੋ ਗਿਆ ਸਭ ਕੁਝ ਉਸ ਦਾ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬਚਨ ਹਨ: ‘‘ਸਭੇ ਥੋਕ ਪਰਾਪਤੇ; ਜੇ ਆਵੈ ਇਕੁ ਹਥਿ ॥’’ (ਮ: ੫/੪੪) ਉਸ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿੰਦੀ, ਕੋਈ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ, ਉਹ ਹਰ ਹਾਲਤ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ।

ਇਤਿਹਾਸਕ ਘਟਨਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲੇ, ਭਾਈ ਦਯਾ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਕੁਝ ਸਮੇਂ ਬਾਅਦ ਸਤਿਗੁਰੂ ਜੀ ਨੂੰ ਮਿਲੇ ਤਾਂ ਭਾਈ ਦਯਾ ਸਿੰਘ ਜੀ ਨੇ ਕਿਹਾ, ਗ਼ਰੀਬ ਨਿਵਾਜ਼  ! ਅਸੀਂ ਕੇਵਲ ਚਾਰ ਹਾਂ ਪਰ ਦੂਰ ਵੈਰੀ ਦੀਆਂ ਬਹੁਤ ਫੌਜਾਂ ਨਜ਼ਰ ਆ ਰਹੀਆਂ ਹਨ, ਤਾਂ ਗੁਰੂ ਜੀ ਕਹਿਣ ਲੱਗੇ, ਭਾਈ ਦਯਾ ਸਿੰਘ ਜੀ  ! ਅਸੀਂ ਚਾਰ ਨਹੀਂ ਬਲਕਿ ਪੰਜ ਹਾਂ। ਭਾਈ ਜੀ ਪੁੱਛਣ ਲੱਗੇ, ਮਹਾਰਾਜ  ! ਪੰਜਵਾਂ ਕੌਣ ? ਉੱਤਰ ਮਿਲਿਆ ‘ੴ’ ਸਾਡੇ ਨਾਲ ਹੈ, ਜੋ ਸਭ ਤੋਂ ਸ਼ਕਤੀਮਾਨ ਅਤੇ ਸਾਰਿਆਂ ਦਾ ਸੱਚਾ ਸਾਥੀ ਹੈ। ਜੇ ਅਕਾਲ ਪੁਰਖ ਸਾਡੇ ਨਾਲ ਹੋਵੇ ਤਾਂ ਦੂਜਾ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਭਾਵੇਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਵੇ ਜਾਂ ਕਰੋੜਾਂ ਦੀ ਗਿਣਤੀ ਵਿੱਚ। ਜ਼ਫ਼ਰਨਾਮੇ ਵਿੱਚ ਆਪ ਜੀ ਦਾ ਫ਼ੁਰਮਾਨ ਹੈ:

ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ ॥

ਅਗਰ ਦੁਸ਼ਮਨੀ ਰਾ ਬ ਸਦ ਤਨ ਕੁਨਦ ॥੧੧੦॥ (ਜ਼ਫ਼ਰਨਾਮਾ)

ਜੇ ਕਿਸੇ ਨੇ ਭਗਤ ਪ੍ਰਹਿਲਾਦ ਬਣਨਾ ਹੈ ਜਾਂ ਧਰੂ ਦੀ ਪਦਵੀ ਉੱਤੇ ਪਹੁੰਚਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਉਹ ਇੱਕ ਵਾਹਿਗੁਰੂ ਦਾ ਹੀ ਬਣਿਆ ਰਹੇ। ਲੋਕ ਰੌਲ਼ਾ ਪਾਉਣਗੇ, ਡਰਾਉਣਗੇ, ਇੱਕ ਨਾਲੋਂ ਤੋੜਨ ਦਾ ਯਤਨ ਕਰਨਗੇ। ਮਾਂ ਦੀ ਮਮਤਾ ਵਿੱਚ ਘੋਲ ਕੇ ਇਹ ਸਿੱਖਿਆ ਪਿਆਈ ਜਾਏਗੀ ਕਿ ‘‘ਮਾਤਾ ਉਪਦੇਸੈ; ਪ੍ਰਹਿਲਾਦ ਪਿਆਰੇ  ! ॥ ਪੁਤ੍ਰ  ! ਰਾਮ ਨਾਮੁ ਛੋਡਹੁ; ਜੀਉ ਲੇਹੁ ਉਬਾਰੇ ॥’’ ਪਰ ਪ੍ਰਹਿਲਾਦ ਜੀ ਵਾਂਗ ਅਡੋਲ ਰਹਿਣਾ ਹੈ; ਜਿਵੇਂ ਕਿ ਫ਼ੁਰਮਾਨ ਹੈ :

ਪ੍ਰਹਿਲਾਦੁ ਕਹੈ; ਸੁਨਹੁ ਮੇਰੀ ਮਾਇ  ! ॥ ਨਾਮੁ ਨ ਛੋਡਾ; ਗੁਰਿ ਦੀਆ ਬੁਝਾਇ ॥ (ਮ: ੩/੧੧੩੩)

ਪ੍ਰਹਲਾਦੁ ਦੁਬਿਧਾ ਨ ਪੜੈ; ਹਰਿ ਨਾਮੁ ਨ ਛੋਡੈ ; ਡਰੈ ਨ, ਕਿਸੈ ਦਾ ਡਰਾਇਆ॥ (ਮ: ੩/੧੧੩੩)

ਅਜਿਹੇ ਸਰਬ ਕਲਾ ਸਮਰੱਥ, ਸਰਬ ਵਿਆਪੀ, ਬ੍ਰਹਿਮੰਡ ਦੇ ਰਚੇਤਾ, ਜੀਵਾਂ ਨੂੰ ਦਾਤਾਂ ਦੇਣ ਵਾਲੇ ਤੇ ਭਗਤਾਂ ਦੇ ਰੱਖਿਅਕ ਅਕਾਲ ਪੁਰਖ (ਮਧੂਸੁਦਨ) ਦਾ ਮਿਲਾਪ ਸਥਾਨ ਗੁਰੂ ਜੀ ਦੀ ਸੰਗਤ ਹੈ :

ਹਉ ਮਨੁ ਤਨੁ ਖੋਜੀ; ਭਾਲਿ ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ, ਮੇਰੀ ਮਾਈ  ! ॥

ਮਿਲਿ ਸਤਸੰਗਤਿ ਖੋਜੁ ਦਸਾਈ ; ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ (ਮ: ੪/੯੪)

ਗੁਰੂ; ਜਗਿਆਸੂ ਦੇ ਮਨ ਵਿੱਚ ਅਜਿਹੇ ਮਧੂਸੂਦਨ ਵਾਹਿਗੁਰੂ ਦੇ ਮਿਲਾਪ ਲਈ ਤੜਪ ਪੈਦਾ ਕਰਦਾ ਹੈ, ਜਿਸ ਦੇ ਅਨੁਭਵ ਸਦਕਾ ਜਗਿਆਸੂ ਵੀ ਅਕਾਲ ਪੁਰਖ ਦੇ ਸਨਮੁਖ ਆਪਣੀ ਦਿਲੀ ਭਾਵਨਾ ਵਿਅਕਤ ਕਰਨ ਲਈ ਪੁਕਾਰ ਉੱਠਦਾ ਹੈ:

ਮੈ ਬਿਨੁ ਗੁਰ ਦੇਖੇ, ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ; ਗੁਰ ਬਿਰਹੁ ਲਗਾਵੈ॥

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ; ਜਨ ਨਾਨਕ  ! ਗੁਰ ਮਿਲਿ ਰਹਸੈ ਜੀਉ ॥੪॥ (ਮ: ੪/੯੪)