ਮਾਧੋ ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥

0
1324

ਮਾਧੋ  ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥

ਸੁਖਵਿੰਦਰ ਸਿੰਘ, ਦਸਮੇਸ਼ ਗੁਰਮਤਿ ਵਿਦਿਆਲਾ, ਗੁਰਦੁਆਰਾ ਬਾਲਾ ਸਾਹਿਬ (ਦਿੱਲੀ)-98990-70841

ਹੱਥਲੇ ਲੇਖ ਦਾ ਵਿਸ਼ਾ ‘‘ਮਾਧੋ  ! ਅਬਿਦਿਆ ਹਿਤ ਕੀਨ॥’’ ਪਾਵਨ ਸੁਨੇਹਾ ਮਨੁੱਖਤਾ ਦੀ ਭਲਾਈ ਵਾਸਤੇ ਭਗਤ ਰਵਿਦਾਸ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤਾ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 486 ਉੱਤੇ ਸ਼ੁਭਾਇਮਾਨ ਹੈ। ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਜੀ ਮਨੁੱਖਤਾ ਨਾਲ ਹਮਦਰਦੀ ਜਤਾਉਂਦਿਆ ਹੋਇਆਂ ਵਚਨ ਕਰਦੇ ਹਨ ਕਿ ਹੇ ਪ੍ਰਭੂ ! ਮੈ ਇਸ ਦੁਨੀਆ ਵਿੱਚ ਲੋਕਾਂ ਨੂੰ ਵੇਖ ਰਿਹਾ ਹਾਂ ਬਹੁਤਾਤ ਵਿੱਚ ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ। ਇਸ ਲਈ ਇਨ੍ਹਾਂ ਦੇ ਬਿਬੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਭਾਵ ਪਰਖਹੀਣ ਹੋ ਰਹੇ ਹਨ, ਭਲੇ-ਬੁਰੇ ਦੀ ਪਛਾਣ ਹੀ ਨਹੀਂ ਕਰਦੇ।

ਅਜੋਕੇ ਸਮੇਂ ਵਿੱਚ ਹਾਲਾਤ ਇਸ ਪ੍ਰਕਾਰ ਦੇ ਹਨ, ਕੌਣ ਧਰਮੀ ਹੈ ਅਤੇ ਕੌਣ ਅਧਰਮੀ ਹੈ, ਕੌਣ ਪਾਪੀ ਹੈ ਅਤੇ ਕੌਣ ਪੁੰਨੀ ਹੈ, ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ, ਕੌਣ ਗਿਆਨੀ ਹੈ ਅਤੇ ਕੌਣ ਅਗਿਆਨੀ ਹੈ, ਇਸ ਗੱਲ ਦਾ ਕਿਵੇਂ ਨਿਰਣਾ ਹੋਵੇ ? ਸਭ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਧ ਸੱਚੇ ਧਰਮੀ, ਚੰਗੇ ਸਮਾਜ ਸੁਧਾਰਕ ਅਖਵਾਉਣ ਦਾ ਨਿਰਾਰਥਕ ਯਤਨ ਕਰ ਰਹੇ ਹਨ, ਪਰ ਜੇ ਇਸ ਗੱਲ ਨੂੰ ਨਿਰਣਾ ਕਰ ਕੇ ਹੀ ਵੇਖਣਾ ਹੋਵੇ ਤਾਂ ਭਗਤਾ ਦੇ ਸ਼੍ਰੋਮਣੀ ਭਗਤ ਕਬੀਰ ਜੀ ਆਪਣੀ ਰਚਨਾ ਵਿੱਚ ਬਾਖੂਬੀ ਦੱਸ ਰਹੇ ਹਨ:-

ਕਬੀਰਾ  ! ਜਹਾ ਗਿਆਨੁ, ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥

ਜਹਾ ਲੋਭੁ, ਤਹ ਕਾਲੁ ਹੈ; ਜਹਾ ਖਿਮਾ, ਤਹ ਆਪਿ ॥ (ਭਗਤ ਕਬੀਰ/੧੩੭੨)

ਪਰ ਅਫਸੋਸ ਦੀ ਗੱਲ ਹੈ ਕਿ ਇਸ ਸੱਚ ਦੀ ਪਾਵਨ ਕਸਵੱਟੀ ਰਾਹੀਂ ਨਾ ਅਸੀਂ ਧਰਮ ਦੇ ਵਿਆਖਿਆਕਾਰਾਂ ਨੂੰ ਪਰਖ ਰਹੇ ਹਾਂ, ਨਾ ਸਮਾਜ ਦੇ ਲੀਡਰਾਂ ਨੂੰ ਪਰਖ ਰਹੇ ਹਾਂ ਸਗੋਂ ਸਾਡਾ ਤਾਂ ਬਿਬੇਕ ਰੂਪੀ ਦੀਵਾ ਭੀ ਮਲੀਨ ਹੋ ਗਿਆ ਜਾਪਦਾ ਹੈ। ਕਿੰਨਾ ਚੰਗਾ ਹੋਵੇ ਕਿ ਮਲੀਨ ਹੋਇਆ ਬਿਬੇਕ ਰੂਪੀ ਦੀਵਾ ਗਿਆਨ ਦੇ ਸੋਮੇ (ਭੰਡਾਰ) ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਆਪਣੀ ਆਗਿਆਨਤਾ ਨੂੰ ਦੂਰ ਕਰੀਏ ਅਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਵਲੋਂ ਦਿੱਤੀ ਹੋਈ ਇਸ ਸਲਾਹ ਨੂੰ ਬਿਨਾਂ ਦੇਰੀ ਕੀਤਿਆਂ ਅਪਣਾ ਲਈਏ ਕਿ ‘‘ਸਤੀ ਪਹਰੀ ਸਤੁ ਭਲਾ; ਬਹੀਐ ਪੜਿਆ ਪਾਸਿ ॥ (ਮ: ੨/੧੪੬)

ਵਿਦਿਆ ਤਾਂ ਉਹ ਰੌਸ਼ਨੀ ਹੈ ਜਿਸ ਵਿਚ ਮਨੁੱਖ ਆਪ ਸਤਿ ਨੂੰ ਵੇਖਦਾ ਹੈ। ਸਰਬ ਵਿਆਪਕ ਪ੍ਰਭੂ ਦੇ ਦਰਸ਼ਨ ਕਰਦਾ ਹੈ ਅਤੇ ਦੂਸਰਿਆਂ ਨੂੰ ਵੀ ਕਹਿੰਦਾ ਹੈ ਆਓ ਮੇਰੇ ਨਾਲ, ਮੇਰੇ ਹੱਥ ਵਿੱਚ ਰੌਸ਼ਨੀ ਹੈ ਇਸ ਰੌਸ਼ਨੀ ਵਿਚ ਆਪਾਂ ਸਾਰੇ ਹੀ ਰਲ ਕੇ ਚੱਲਾਂਗੇ। ਰੌਸ਼ਨੀ ਬੇਸ਼ੱਕ ਮੇਰੇ ਹੱਥ ਵਿਚ ਹੈ ਪਰ ਇਹ ਰਸਤਾ ਸਾਨੂੰ ਸਾਰਿਆਂ ਨੂੰ ਵਿਖਾ ਸਕਦੀ ਹੈ ਇਸ ਵਿਚ ਮੇਰਾ ਕੁਝ ਘਟੇਗਾ ਨਹੀਂ, ਤੁਹਾਡਾ ਜ਼ਰੂਰ ਫਾਇਦਾ ਹੋ ਜਾਵੇਗਾ। ਇਸ ਲਈ ਗੁਰਮਤਿ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਜ਼ਿੰਦਗੀ ਦੇ ਜਿੰਨੇ ਕੁ ਦਿਨ ਉਸ ਮਾਲਕ ਨੇ ਦਿੱਤੇ ਹਨ ਉਹ ਤਮਾਮ ਦਿਨ ਉਨ੍ਹਾਂ ਬੰਦਿਆਂ ਦੇ ਪਾਸ ਬੈਠ ਜਿਨ੍ਹਾਂ ਦਾ ਜੀਵਨ ਜਗਦੇ ਦੀਵੇ ਵਾਂਗ ਹੈ। ਤੇਰਾ ਕੁਝ ਖਰਚ ਨਹੀਂ ਹੋਣਾ, ਤੂੰ ਸਿਰਫ ਪਾਸ ਆ ਅਤੇ ਰੌਸ਼ਨੀ ਪ੍ਰਵਾਨ ਕਰ ਲੈ, ਦਿਲ ਦੀ ਕਿਤਾਬ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦੇ। ਅਜਿਹਾ ਜਗਦਾ ਦੀਵਾ ਕਿਤੇ ਮਿਲ ਜਾਵੇ ਤਾਂ ਸਮਾਂ ਹੱਥੋਂ ਨਹੀਂ ਗੁਆਉਣਾ ਚਾਹੀਦਾ। ਪੜੇ-ਲਿੱਖੇ (ਵਿਦਵਾਨਾਂ) ਦੀ ਸੰਗਤ ਕਰਨ ਨਾਲ ਮਨੁੱਖ ਅਗਿਆਨਤਾ ਤੋਂ ਗਿਆਨ ਦੀ ਮੰਜਿਲ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਦੁਨੀਆਵੀ ਪੜ੍ਹਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਨਾਲ ਉਨ੍ਹਾਂ ਦਾ ਅਕੈਡਮਿਕ ਪੱਧਰ ਉੱਚਾ ਹੋਵੇਗਾ ਅਤੇ ਉਹ ਆਪਣਾ ਆਰਥਿਕ ਜੀਵਨ ਬੜੀ ਖੁਸ਼ਹਾਲੀ ਨਾਲ ਗੁਜਾਰ ਸਕਣਗੇ। ਇਸ ਦੇ ਨਾਲ ਹੀ ਸੋਨੇ ਤੇ ਸੁਹਾਗੇ ਵਾਲੀ ਗੱਲ ਉਦੋਂ ਹੋਵੇਗੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ..॥ (ਮ: ੩/੬੭) ਰਾਹੀਂ ਅਧਿਆਤਮਿਕਤਾ ਵੱਲ ਪ੍ਰੇਰਿਤ ਕਰ ਸਕੀਏ।

ਖਿਆਲ ਕਰਿਆ ਜੇ ! ਪੰਥ ਪ੍ਰਮਾਣਿਕ ਸਿੱਖ ਰਹਿਤ ਮਰਯਾਦਾ ਵਿਚ ਵੀ ਦਰਜ ਹੈ ਕਿ (ਖ) ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ। (ਗ) ਸੰਤਾਨ ਨੂੰ ਵੀ ਗੁਰਮੁਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ ਹੈ ਤੇ ਗੁਰਬਾਣੀ ਦੇ ਗਿਆਨ ਦੇਣ ਬਾਰੇ ਤਾਂ ਭਾਈ ਗੁਰਦਾਸ ਜੀ ਇਥੋਂ ਤੱਕ ਆਖਦੇ ਹਨ:

ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ। (ਭਾਈ ਗੁਰਦਾਸ ਜੀ : ਕਬਿੱਤ ੬੭੩) ਫਿਰ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਗਿਆਨ ਤੋਂ ਕਿਉ ਵਾਂਝਾ ਰੱਖ ਰਹੇ ਹਾਂ ? ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥ (ਮ: ੧/੩੫੬) ਵਚਨਾਂ ’ਤੇ ਪਹਿਰਾ ਦਿੰਦਿਆਂ ਹੀ ਅਸੀਂ ਆਪਣੀ ਬਿਬੇਕਤਾ ਤੇ ਗੁਰੂ ਵੱਲੋਂ ਬਖ਼ਸ਼ੀ ਨਸੀਹਤ ਨੂੰ ਸਮਾਜ ਦੀ ਭਲਾਈ ਲਈ ਵਰਤ ਕੇ ਲੁਕਾਈ ਨੂੰ ਗੁਰਮਤਿ ਵਿਚਾਰਧਾਰਾ ਪ੍ਰਤੀ ਆਕਰਸ਼ਕ ਕਰ ਸਕਦੇ ਹਾਂ।

ਆਉ, ਸਾਰੇ ਰਲ ਕੇ ਇਹ ਯਤਨ ਕਰੀਏ ਕਿ ਜਿਹੜੇ ਵੀਰ ਅਗਿਆਨਤਾ ਵੱਸ ਪਤਿਤਪੁਣੇ, ਨਸ਼ੇ, ਇਤਆਦਿਕ ਚੰਦਰੀਆਂ ਬੀਮਾਰੀਆਂ ਸਹੇੜ ਬੈਠੇ ਹਨ ਤੇ ਧਰਮ ਤੋਂ ਕਾਫੀ ਦੂਰ ਚਲੇ ਗਏ ਹਨ, ਉਨ੍ਹਾਂ ਨੂੰ ਸਮਝਾਈਏ ਕਿ ‘ਅੱਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀ ਵਿਗੜਿਆ’। ਆਓ, ਵੀਰੋ  ! ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗਿਆਨ ਦਾ ਬਿਬੇਕ ਰੂਪ ਸੁਰਮਾ ਆਪਣੇ ਨੇਤ੍ਰਾਂ ਵਿੱਚ ਪੁਆ ਕੇ ਅਗਿਆਨਤਾ ਦਾ ਹਨੇਰਾ ਦੂਰ ਕਰੀਏ:

‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥

ਹਰਿ ਕਿਰਪਾ ਤੇ ਸੰਤ ਭੇਟਿਆ; ਨਾਨਕ  ! ਮਨਿ ਪਰਗਾਸੁ ॥ (ਗਉੜੀ ਸੁਖਮਨੀ/ਮ: ੫/੨੯੩)