ਗੁਰਬਾਣੀ ਦੇ ਗਹਿਰੇ ਰਾਜ਼ ਜਾਣਨਾ ਤੇ ਅਮਲ ਕਰਨਾ; ਬਾਣੀਕਾਰਾਂ ਦਾ ਅਸਲ ਸਤਿਕਾਰ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਗੁਰਬਾਣੀ ’ਚੋਂ 6 ਗੁਰੂ ਸਾਹਿਬਾਨ ਤੇ 15 ਭਗਤ ਸਾਹਿਬਾਨ ਸਣੇ 35 ਮਹਾਂ ਪੁਰਸ਼ਾਂ ਦੇ ਸਫਲ ਜੀਵਨ ਦਾ ਅਨੰਦਮਈ ਖੇੜਾ ਪ੍ਰਗਟ ਹੁੰਦਾ ਹੈ। ਗੁਰਬਾਣੀ ’ਚ ਧਰਮ ਦੀ ਕੀਤੀ ਵਿਆਖਿਆ ਅਨੁਸਾਰ ਇੱਕ ਅਦ੍ਰਿਸ਼ ਅਲੌਕਿਕ (ਪੂਰਨ ਸਤਿ) ਸ਼ਕਤੀ ਹੈ, ਜਿਸ ਦਾ ਮਨੁੱਖ ਸਣੇ ਸਮੂਹ ਜੀਵ-ਜੰਤ, ਬਨਸਪਤੀ, ਆਦਿ ਨਾਲ਼ ਗਹਿਰਾ, ਅਟੁੱਟ ਤੇ ਇੱਕ ਜੈਸਾ ਰਿਸ਼ਤਾ ਹੈ। ਉਸੇ ਨੇ ਸਭ ਨੂੰ ਪੈਦਾ ਕੀਤਾ, ਪਦਾਰਥ ਉਪਲਬਧ ਕਰਾਏ, ਉਸੇ ਦੇ ਹੁਕਮ ’ਚ ਹਰ ਕੋਈ ਵਿਚਰਦਾ ਹੈ। ਬੰਦੇ ਨੇ ਉਸ (ਆਪਣੇ ਸ੍ਰੋਤ/ਅਸਲ ਘਰ) ਨੂੰ ਜਾਣਨਾ ਤੇ ਉਸ ਦਾ ਸ਼ੁਕਰਾਨਾ ਕਰਨਾ ਹੈ ਤਾਂ ਜੋ ਓਥੋਂ ਹੋਰ ਬਖ਼ਸ਼ਸ਼/ਮਦਦ ਮਿਲਣ ਨਾਲ਼ ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਕਰਦਿਆਂ ਉਸ ਵਿੱਚ ਅਭੇਦ ਹੋਇਆ ਜਾ ਸਕੇ; ਇਹੀ ਮਨੁੱਖ-ਜਾਤੀ ਲਈ ਧਰਮ ਹੈ, ਅਸਲ ਟੀਚਾ ਹੈ। ਪ੍ਰਾਚੀਨ ਕਾਲ ਤੋਂ ਕਈ ਮਹਾਂ ਪੁਰਸ਼ਾਂ ਨੇ ਧਰਮ ਦੀ ਵਿਆਖਿਆ ਕੀਤੀ, ਪਰ ਉਹ ਸਭ ਲਈ ਸਾਂਝੀ ਨਾ ਹੋਣ ਕਾਰਨ ਸਾਰਿਆਂ ਅੰਦਰ ਆਪਸੀ ਪਿਆਰ ਪੈਦਾ ਨਾ ਕਰ ਸਕੀ।
ਦੂਜੇ ਪਾਸੇ ਕਰਤਾਰ ਦੁਆਰਾ ਰਚੀ ਕੁਦਰਤ ਦੇ ਨਿਯਮ; ਇੱਕ ਸਮਾਨ ਨਹੀਂ। ਪਾਣੀ ਕਿਤੇ ਗਰਮ ਹੈ, ਕਿਤੇ ਠੰਡਾ। ਕਿਤੇ ਬਰਫ਼ ਜਾਂ ਵਰਖਾ ਪੈਂਦੀ ਹੈ, ਕਿਤੇ ਗਰਮੀ ਜਾ ਸੋਕਾ ਪਿਆ ਰਹਿੰਦਾ ਹੈ। ਕਿਸੇ ਨੂੰ ਹਨ੍ਹੇਰੇ ’ਚ ਵਿਖਾਈ ਦਿੰਦਾ ਹੈ ਤੇ ਕਿਸੇ ਨੂੰ ਚਾਣਨ ’ਚ। ਬੱਚੇ ਪੈਦਾ ਕਰਨ ਲਈ ਮਾਦਾ/ਇਸਤਰੀ ਬਣਾਈ, ਪਰ ਇਸ ਦੇ ਉਲ਼ਟ ‘ਸੀ ਹਾਰਸ’ (ਸਮੁੰਦਰੀ ਘੋੜਾ/ਨਰ) ਭੀ ਬੱਚੇ ਪੈਦਾ ਕਰ ਰਿਹਾ ਹੈ। ਕਿਸੇ ਦਾ ਸ਼ਾਂਤ ਸੁਭਾਅ ਹੈ ਤੇ ਕੋਈ ਕ੍ਰੋਧੀ। ਕੋਈ ਹੋਰਾਂ ਲਈ ਆਪਾ ਕੁਰਬਾਨ ਕਰ ਦਿੰਦਾ ਹੈ ਤੇ ਕੋਈ ਹੋਰਾਂ ਨੂੰ ਲੁੱਟਣ ਦੀ ਤਾਕ ’ਚ ਰਹਿੰਦਾ ਹੈ।
ਜੇਕਰ 1000 ਬੰਦਾ ਇੱਕੋ ਸਮੇਂ ਉੱਤਰ ਤੋਂ ਦੱਖਣ ਨੂੰ ਜਾ ਰਿਹਾ ਹੋਵੇ ਤੇ ਉਸੇ ਸਮੇਂ ਇੱਕ ਬੰਦਾ ਇਨ੍ਹਾਂ ਤੋਂ ਉਲ਼ਟ ਦੱਖਣ ਤੋਂ ਉੱਤਰ ਜਾ ਰਿਹਾ ਹੋਵੇ ਤਾਂ ਸਮਝ ਲੈਣਾ ਹੈ ਕਿ ਕੁਦਰਤ ਦੇ ਇਨ੍ਹਾਂ ਪਰਸਪਰ ਵਿਰੋਧੀ ਨਿਯਮਾਂ ਪਿੱਛੇ ਕੋਈ ਤੀਜੀ ਅਦ੍ਰਿਸ਼-ਗੁਪਤ ਸ਼ਕਤੀ ਕਾਰਜਸ਼ੀਲ ਹੈ। ਅੱਗ ਦਾ ਸੁਭਾਅ ਲੱਕੜ ਨੂੰ ਜਲਾਉਣਾ ਹੈ। ਪਾਣੀ ਦਾ ਸੁਭਾਅ, ਮਿੱਟੀ ਨੂੰ ਆਪਣੇ ’ਚ ਡੁਬੋ ਲੈਣਾ ਹੈ, ਪਰ ਗੁਰਬਾਣੀ ਨੇ ਇਸ ਦੇ ਉਲ਼ਟ ਨਿਯਮ ਭੀ ਉਜਾਗਰ ਕੀਤੇ ਹਨ ਕਿ ਸਾਰੀ ਬਨਸਪਤੀ ’ਚ ਅੱਗ ਹੈ, ਫਿਰ ਭੀ ਲੱਕੜ ਨੂੰ ਨਹੀਂ ਜਲਾਉਂਦੀ। ਧਰਤੀ ਦੇ ਹਰ ਪਾਸੇ ਪਾਣੀ ਹੈ, ਫਿਰ ਭੀ ਧਰਤੀ ਨੂੰ ਆਪਣੇ ’ਚ ਨਹੀਂ ਡੋਬਦਾ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦) ਪਦ ਅਰਥ : ੲੰੀਧਨ-ਲੱਕੜੀ/ਬਨਸਪਤੀ। ਬੈਸੰਤਰੁ-ਅੱਗ। ਕੁਦਰਤ ਦੇ ਨਿਯਮਾਂ ’ਚ ਚੰਦਨ ਆਪਣੇ ਨੇੜਲੇ ਹਰ ਪੌਦੇ ਨੂੰ ਸੁਗੰਧਿਤ ਕਰਦਾ ਹੈ, ਪਰ ਇਹ ਭੀ ਬਾਂਸ ਨੂੰ ਆਪਣੀ ਸੁਗੰਧੀ ਨਹੀਂ ਦੇ ਸਕਦਾ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਨ ਹੋਇ ॥’’ (ਭਗਤ ਕਬੀਰ/੧੩੬੫)
ਸਾਡੇ ਸੂਰਜ ਮੰਡਲ ਦਾ ਇਕੋ ਗ੍ਰਹਿ (ਸ਼ੁੱਕਰ); ਆਪਣੇ ਧੁਰੇ ਦੁਆਲੇ ਘੜੀ ਦੀਆਂ ਸੂਈਆਂ ਵਾਙ ਸਿੱਧਾ (Clockwise) ਘੁੰਮਦਾ ਹੈ, ਬਾਕੇ ਸਾਰੇ ਗ੍ਰਹਿ ਇਸ ਤੋਂ ਉਲ਼ਟ ਘੁੰਮਦੇ ਹਨ। ਅਕਾਸ਼-ਗੰਗਾ ’ਚ 5% ਤਾਰੇ ਹਨ, 71% ਡਾਰਕ ਐਨਰਜੀ ਤੇ 24% ਡਾਰਕ ਮੈੱਟਰ ਹੈ। ਡਾਰਕ ਐਨਰਜੀ; ਤਾਰਿਆਂ ਨੂੰ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਧਕੇਲ ਰਹੀ ਹੈ ਤੇ ਡਾਰਕ ਮੈੱਟਰ (ਆਪਣੇ ਗੁਰੂਤਾਕਰਸ਼ਣ ਬਲ ਨਾਲ਼) ਇਨ੍ਹਾਂ ਨੂੰ ਉਲ਼ਟਾ ਅੰਦਰ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ। ਇਸੇ ਪਰਸਪਰ ਕਸ਼ਮਕਸ਼ (ਖਿਚੋ ਤਾਣ) ’ਚ ਸਾਰੇ ਤਾਰੇ, ਬਿਨਾਂ ਕਿਸੇ ਸਹਾਰੇ ਦੇ ਤਣੇ ਖੜ੍ਹੇ ਹਨ, ਨਾ ਕਿ ਪ੍ਰਾਚੀਨ ਗ੍ਰੰਥਾਂ ਦੇ ਕਥਨ ਅਨੁਸਾਰ ਬਲ਼ਦਾਂ ਦੇ ਸਿੰਗਾਂ ਉੱਤੇ ਟਿਕੇ ਹੋਏ ਹਨ, ‘‘ਓਇ ਜੁ ਦੀਸਹਿ; ਅੰਬਰਿ (’ਚ) ਤਾਰੇ ॥ ਕਿਨਿ ਓਇ ਚੀਤੇ ? ਚੀਤਨਹਾਰੇ ॥੧॥ ਕਹੁ ਰੇ ਪੰਡਿਤ ! ਅੰਬਰੁ (ਅਕਾਸ਼) ਕਾ ਸਿਉ ਲਾਗਾ ? ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥ ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ ਕਹੁ ਕਬੀਰ ! ਜਾਨੈਗਾ ਸੋਇ ॥ ਹਿਰਦੈ ਰਾਮੁ; ਮੁਖਿ (’ਚ) ਰਾਮੈ ਹੋਇ ॥੩॥’’ (ਭਗਤ ਕਬੀਰ/੩੨੯) ਯਾਨੀ ਇਹ ਗਹਿਰਾ ਰਾਜ਼ ਓਹੀ ਜਾਣੇਗਾ, ਜਿਸ ਦੀ ਜ਼ਬਾਨ ਅਤੇ ਹਿਰਦੇ ’ਚ ਸਰਬ ਵਿਆਪਕ ਰਮੇ ਹੋਏ ਰਾਮ-ਰਾਮ ਦੀ ਯਾਦ ਹੋਵੇ ਭਾਵ ਜਿਸ ਦੀ ਸੁਰਤਿ ’ਚ ਆਤਮ-ਪ੍ਰਕਾਸ਼ ’ਚੋਂ ਬਿਬੇਕ ਪ੍ਰਗਟ ਹੋਇਆ ਹੋਵੇ।
ਨਾਸਤਿਕ ਬੰਦੇ ਦਾ ਭੀ ਕਥਨ ਹੁੰਦਾ ਹੈ ਕਿ ਜੇਕਰ ਰੱਬ ਹੈ ਤਾਂ ਸਮਾਜ ’ਚ ਐਨੇ ਜ਼ੁਲਮ ਕਿਉਂ ਕਰਾ ਰਿਹਾ ਹੈ, ਇਨ੍ਹਾਂ ਨੂੰ ਰੋਕਦਾ ਕਿਉਂ ਨਹੀਂ ? ਯਾਨੀ ਨਾਸਤਿਕ ਬੰਦਾ ਚਾਹੁੰਦਾ ਹੈ ਕਿ ਜੇ ਸਮਾਜ ’ਚ ਅਮਨ-ਸ਼ਾਂਤੀ ਬਣੀ ਰਹੇ; ਨਾ ਚੋਰੀਆਂ, ਕਤਲ ਤੇ ਬਲਾਤਕਾਰ ਹੋਣ, ਨਾ ਮੱਛਰ ਕੱਟੇ, ਨਾ ਮਾਸਾਹਾਰੀ ਜਾਨਵਰ; ਸ਼ਾਕਾਹਾਰੀ ਜਾਨਵਰਾਂ ’ਤੇ ਹਮਲੇ ਕਰਨ ਤਾਂ ਹੀ ਮੈ ਰੱਬ ਦੀ ਹੋਂਦ ਨੂੰ ਮੰਨਾਂਗਾ ਜਦ ਕਿ ਆਪਸੀ ਦ੍ਵੈਤ (ਸੰਘਰਸ਼) ਹੀ ਕੁਦਰਤ ਦੀ ਹੋਂਦ (ਜਨਮ-ਮਰਨ) ਦਾ ਪ੍ਰਤੀਕ ਹੈ, ਮੂਲ ਹੈ। ਪਾਪ-ਪੁੰਨ ਦੀ ਵਿਆਖਿਆ ਅਖੌਤੀ ਧਰਮੀਆਂ ਨੇ ਆਪਣੀ ਬੇਵੱਸੀ, ਡਰ ਤੇ ਲਾਲਚਵਸ ਕੀਤੀ ਹੈ। ਗੁਰਬਾਣੀ ਦੇ ਬੋਲ ਹਨ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ, ਗੁਰੂ ਬਾਝਹੁ; ਤਤੈ ਸਾਰ ਨ ਜਾਣੀ …॥੨੭॥’’ (ਅਨੰਦ/ਮਹਲਾ ੩/੯੨੦) ਯਾਨੀ ਗੁਰੂ ਤੋਂ ਬਿਨਾਂ ‘ਪੂਰਨ ਸਤਿ’ (ਨਿਰੋਲ ਸੱਚ) ਜਾਣਿਆ ਨਹੀਂ ਜਾ ਸਕਦਾ ਤੇ ਅੰਦਰੋਂ ਕਮਜ਼ੋਰ ਰਿਹਾ ਅਖੌਤੀ ਧਰਮੀ; ਪਾਪ-ਪੁੰਨ ਦਾ ਹੀ ਵਖਿਆਨ ਕਰਦਾ ਰਿਹਾ।
ਕਰਤਾਰ ਨੇ ਮਾਸਾਹਾਰੀ ਜਾਨਵਰਾਂ ਨੂੰ ਤੇਜ਼ ਨਿਗਾਹ, ਨੁਕੀਲੇ ਨਹੁੰ ਦਿੱਤੇ ਤਾਂ ਕਿ ਆਪਣਾ ਸ਼ਿਕਾਰ ਕਰ-ਕਰ ਜੀਵਤ ਰਹਿਣ ਤੇ ਵੰਸ਼ ਵਧਾ ਕੇ ਕੁਦਰਤ ਦੇ ਵਿਕਾਸ ’ਚ ਯੋਗਦਾਨ ਪਾਉਣ। ਦੂਜੇ ਪਾਸੇ ਸ਼ਾਕਾਹਾਰੀ ਜਾਨਵਰਾਂ ਨੂੰ ਸਿੰਗ ਦਿੱਤੇ ਤਾਂ ਕਿ ਮਾਸਾਹਾਰੀਆਂ ਦੇ ਹਮਲਿਆਂ ਤੋਂ ਆਪਣਾ ਬਚਾਅ ਭੀ ਕਰਨ। ਗੁਰਮਤਿ-ਧਰਮ (ਗੁਰੂ ਸਾਹਿਬਾਨ) ਨੇ ਹੀ ਇਸ ਗਹਿਰੇ ਰਾਜ਼ ਨੂੰ ਜਾਣ ਕੇ ਸਿੱਖਾਂ ਨੂੰ ਆਪਣੇ ਬਚਾਅ ਲਈ ਸ਼ਾਸਤਰ (ਤਲਵਾਰ) ਧਾਰਨ ਕਰਨ ਦਾ ਵਿਧਾਨ ਬਣਾਇਆ। ਬਸੰਤ ਰੁੱਤ ’ਚ ਜਦ ਪੇਡ-ਪੌਦਿਆਂ ਨੂੰ ਵਧੇਰੇ ਫਲ਼, ਫੁੱਲ ਲੱਗਦੇ ਹਨ ਤਾਂ ਹਵਾਵਾਂ ਭੀ ਤੇਜ਼ ਚੱਲਦੀਆਂ ਹਨ ਤਾਂ ਕਿ ਕਮਜ਼ੋਰ ਫਲ਼, ਫੁੱਲ ਝੜ ਜਾਣ। ਕੁਦਰਤ ਨੂੰ ਕਮਜ਼ੋਰ ਬੀਜ, ਕਮਜ਼ੋਰ ਬਨਸਪਤੀ, ਕਮਜ਼ੋਰ ਜਾਨਵਰ-ਪਸ਼ੂ ਤੇ ਕਮਜ਼ੋਰ ਮਨੁੱਖ ਪਸੰਦ ਨਹੀਂ। ਜੇ ਸ਼ੇਰ; ਜੰਗਲ਼ੀ ਮੱਝਾਂ ਦੇ ਝੁੰਡ ’ਤੇ ਹਮਲਾ ਕਰੇ ਤੇ ਉਹ ਆਪਣੇ ਬਚਾਅ ਲਈ ਸਿੰਗਾਂ ਦੀ ਵਰਤੋਂ ਕਰਨੀ ਨਾ ਜਾਣਨ ਤਾਂ ਉਨ੍ਹਾਂ ਦੀ ਮੌਤ ਨਿਸ਼ਚਿਤ ਹੈ। ਭਗਤਾਂ ਅੰਦਰ ਮਾਨਸਿਕ ਬਲ; ਧਰਮ ਭਰਦਾ ਹੈ ਤਾਂ ਕਿ ਮਨਮੁਖਾਂ ਦੇ ਹਮਲਿਆਂ ਦਾ ਮੁਕਾਬਲਾ ਕਰਦਿਆਂ ਪਰਵਾਰਿਕ, ਸਮਾਜਿਕ ਤੇ ਕੌਮੀ ਫ਼ਰਜ਼ ਨਿਡਰ ਤੇ ਅਜ਼ਾਦ ਸੋਚ ਨਾਲ਼ ਨਿਭਾ ਸਕਣ। ਸੱਚੇ ਭਗਤ; ਪਾਪ-ਪੁੰਨ ਵਾਲ਼ਾ ਵਹਿਮ ਆਪਣੇ ਅੰਦਰ ਨਹੀਂ ਪਾਲ਼ਦੇ।
ਸੰਨ 1571 ਈਸਵੀ ਤੱਕ ਹਿੰਦੂ ਰੀਤ ਅਨੁਸਾਰ ਜਦ ਕਿਸੇ ਪਤੀ ਦੀ ਮੌਤ ਹੁੰਦੀ ਸੀ ਤਾਂ ਉਸ ਦੀ ਪਤਨੀ ਨੂੰ ਭੀ ਉਸ ਦੀ ਚਿਖ਼ਾ ’ਤੇ ਬੈਠਾ ਕੇ ਉਸ ਦੇ ਨਾਲ਼ ਜਲਾ (ਮਾਰ) ਦਿੱਤਾ ਜਾਂਦਾ ਸੀ। ਇਹ ਕਿੰਨਾ ਘਿਣਾਉਣਾ ਪਾਪ ਸੀ, ਪਰ ਹਿੰਦੂ ਧਰਮ ’ਚ ਇਸ ‘ਸਤੀ ਹੋਣ’ ਨੂੰ ਧਰਮ ਕਿਹਾ ਗਿਆ। ਸੰਨ 1571 ’ਚ ਜਦ ਅਕਬਰ ਬਾਦਿਸ਼ਾਹ; ਗੁਰੂ ਅਮਰਦਾਸ ਜੀ ਦੇ ਦਰਬਾਰ ’ਚ ਗੋਇੰਦਵਾਲ ਸਾਹਿਬ ਆਇਆ ਤਾਂ ਗੁਰੂ ਜੀ ਨੇ ਇਸ ਰਵਾਇਤ ਨੂੰ ਹਮੇਸ਼ਾਂ ਲਈ ਬੰਦ ਕਰਨ ਵਾਸਤੇ ਸਖ਼ਤ ਕਾਨੂੰਨ ਬਣਾਉਣ ਲਈ ਕਿਹਾ। ਅਕਬਰ ਨੇ ਕਾਨੂੰਨ ਬਣਾ ਕੇ ਇਹ ਰੀਤ ਬੰਦ ਕਰਾਈ। ਹੁਣ ਇਹ ਭੀ ਚੇਤੇ ਰਹੇ ਕਿ 1571 ਤੋਂ 102 ਸਾਲ ਪਹਿਲਾਂ 27 ਮਾਰਚ 1469 ਜੁਲੀਅਨ (੧ ਵੈਸਾਖ ਬਿਕ੍ਰਮੀ ਸੰਮਤ ੧੫੨੬) ’ਚ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ। ਆਪ ਜੀ ਦੇ ਗੁਰਬਾਣੀ ਅੰਦਰ ਇਸਤਰੀ ਨੂੰ ਬਰਾਬਰ ਦਾ ਸਨਮਾਨ ਦੇਣ ਸਣੇ 977 ਸ਼ਬਦ ਹਨ, ਫਿਰ ਭੀ ਆਪ ਨੇ ‘ਸਤੀ-ਪ੍ਰਥਾ’ ਵਿਰੁੱਧ ਇੱਕ ਸ਼ਬਦ ਨਾ ਉਚਾਰਿਆ, ਆਖ਼ਿਰ ਕਿਉਂ ?
ਜਵਾਬ : ਅਸਲ ’ਚ ਕੋਈ ਪਾਪ-ਪੁੰਨ ਨਹੀਂ ਹੁੰਦਾ, ‘‘ਜਹ, ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ ਪਾਪੁ ਪੁੰਨੁ; ਤਹ ਭਈ ਕਹਾਵਤ ॥ ਕੋਊ ਨਰਕ; ਕੋਊ ਸੁਰਗ ਬੰਛਾਵਤ ॥’’ (ਸੁਖਮਨੀ/ਮਹਲਾ ੫/੨੯੧) ਅਰਥ : ਜਦ ਪ੍ਰਭੂ ਨੇ ਆਪ ਜਗਤ-ਖੇਡ ਬਣਾਈ ਤਾਂ ਮਾਇਆ ਦੇ 3 ਗੁਣਾਂ (ਰਜੋ, ਤਮੋ ਤੇ ਸਤੋ) ਸਣੇ ਜਗਤ ਰਚਿਆ। ਇਨ੍ਹਾਂ ਗੁਣਾਂ ਕਾਰਨ ਇੱਥੇ ਸੁਰਗ ਤੇ ਨਰਕ ’ਚ ਜਾਣ ਵਾਸਤੇ ਪਾਪ-ਪੁੰਨ ਦੀਆਂ ਕਥਾ-ਕਹਾਣੀਆਂ ਪ੍ਰਚਲਿਤ ਹੋਈਆਂ। ਵੈਸੇ ਸੱਚ ਇਹ ਹੈ ਕਿ ਜਦ ਇੱਕ ਮਾਇਆਧਾਰੀ ਬੰਦਾ; ਦੂਜੇ ਮਾਇਆਧਾਰੀ/ਮਨਮੁਖ ਨੂੰ ਮਾਰਦਾ ਹੈ ਤਾਂ ਜਗਤ-ਖੇਡ ਰਚਨਵਾਲ਼ੇ (ਰੱਬ) ਦੇ ਮਨ ’ਚ ਕੋਈ ਗਿਲਾ-ਸ਼ਿਕਵਾ ਨਹੀਂ ਹੁੰਦਾ, ‘‘ਕਰਤਾ ! ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ (’ਚ) ਰੋਸੁ ਨ ਹੋਈ ॥੧॥ ਰਹਾਉ ॥’’ (ਮਹਲਾ ੧/੩੬੦) ਭਾਵ ਹੇ ਕਰਤਾਰ ! ਭਾਵੇਂ ਤੂੰ ਸਾਰਿਆਂ ਦੀ ਸੰਭਾਲ਼ ਕਰਦਾ ਹੈਂ, ਪਰ ਜੇ ਕੋਈ ਨਾਸਤਿਕ; ਦੂਜੇ ਨਾਸਤਿਕ ਨੂੰ ਮਾਰੇ ਤਾਂ ਤੈਨੂੰ ਬੁਰਾ ਨਹੀਂ ਲੱਗਦਾ, ਪਰ ਹਾਂ, ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ॥’’ (ਮਹਲਾ ੫/੫੪੪) ਭਾਵ ਜੋ ਪ੍ਰਭੂ ਵਲੋਂ ਮਿਲਦੀਆਂ ਦਾਤਾਂ ਨੂੰ ਸਵੀਕਾਰ ਕੇ ਉਸ ਦਾ ਸ਼ੁਕਰਾਨਾ ਕਰਦਾ ਹੈ, ਉਸ ਨੂੰ ਉਹ ਆਪਣੇ ਗਲ਼ ਨਾਲ਼ ਲਾ ਲੈਂਦਾ ਹੈ ਤਾਹੀਓਂ 25 ਮਈ 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਜੱਥਾ ਜਦ ਭਾਈ ਕਿਰਪਾ ਰਾਮ ਜੀ ਦੀ ਅਗਵਾਈ ’ਚ ਚੱਕ ਨਾਨਕੀ (ਅਨੰਦਪੁਰ ਸਾਹਿਬ) ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਮਦਦ ਲਈ ਆਇਆ ਤਾਂ ਗੁਰੂ ਜੀ ਨੇ ਉਨ੍ਹਾਂ ਦੀ ਬਾਂਹ ਫੜ ਲਈ ਕਿਉਂਕਿ ਐਸਾ ਸੁਭਾਅ ਮਾਲਕ-ਪ੍ਰਭੂ ਦਾ ਹੈ, ‘‘ਇਹੁ ਬਿਰਦੁ ਸੁਆਮੀ ਸੰਦਾ (ਦਾ)॥’’ ਫਿਰ ਇਹੀ ਕਿਰਪਾ ਰਾਮ; ਗੁਰੂ ਦਾ ਸਿੰਘ (ਭਾਈ ਕਿਰਪਾ ਸਿੰਘ) ਬਣ ਕੇ ਚਮਕੌਰ ਸਾਹਿਬ ਦੀ ਜੰਗ ’ਚ ਸਵਾ ਲੱਖ ਨਾਲ਼ ਲੜਦਾ ਸ਼ਹੀਦੀ ਪਾਉਂਦਾ ਹੈ। ਇਹ ਹੈ ‘ਸੱਚੇ ਧਰਮ’ ਦੀ ਕਮਾਈ ਦਾ ਫਲ਼। ਧਰਮ; ਮਾਨਸਿਕ ਤੇ ਰੂਹਾਨੀ ਬਲ ਨਾਲ਼ ਮਨੁੱਖ ਨੂੰ ਯੋਧਾ ਬਣਾਉਂਦਾ ਹੈ, ਫਿਰ ਉਹ ਨਾਸਤਿਕਾਂ ਵਾਲ਼ੀ ਕਾਇਰਤਾ ਆਪਣੇ ਹਿਰਦੇ ’ਚ ਨਹੀਂ ਪਾਲ਼ਦਾ ਕਿ ਸੰਸਾਰ ’ਚ ਅਮਨ-ਸ਼ਾਂਤੀ ਹੋਵੇ ਤਾਂ ਮੈ ਕਰਤਾਰ ਦੀ ਹੋਂਦ ਮੰਨਾਂਗਾ ਸਗੋਂ ਖ਼ੁਦ ਅਮਨ-ਸ਼ਾਂਤੀ ਵਾਲ਼ਾ ਸਮਾਜ ਸਿਰਜਦਾ ਹੈ। ਧਿਆਨ ਰਹੇ ਕਿ ਸਰੀਰ ਦੀ ਮੌਤ; ਮਨ (ਵਾਸ਼ਨਾਵਾਂ ਜਾਂ ਅਹੰਕਾਰ) ਦੀ ਮੌਤ ਨਹੀਂ ਹੈ।
ਗੁਰੂ ਨਾਨਕ ਸਾਹਿਬ ਨੂੰ ਜੋਗੀਆਂ ਨੇ ਪੁੱਛਿਆ ਕਿ ਜਗਤ ਵਾਰ-ਵਾਰ ਕਿਉਂ ਜੰਮਦਾ ਹੈ, ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ !.. ॥’’ ਗੁਰੂ ਜੀ ਨੇ ਜਵਾਬ ਦਿੱਤਾ, ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ !.. ॥੬੮॥’’ (ਗੋਸਟਿ/ਮਹਲਾ ੧/੯੪੬) ਗੁਰੂ ਅਰਜਨ ਸਾਹਿਬ ਨੇ ਭੀ ਸਪਸ਼ਟ ਕੀਤਾ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ ਹੀ ਕਉ ਹੈ ਰੇ ! ਓਹਾ ਆਵੈ ਜਾਈ ॥੩॥’’ (ਮਹਲਾ ੫/੯੯੯) ਭਾਵ ਜਿਸ ਪ੍ਰਭੂ ਨੇ ਜਗਤ ਬਣਾਇਆ, ਉਸੇ ਨੇ (ਆਪਣੇ ਤੋਂ ਦੂਰ ਰੱਖਣ ਲਈ ਮਨੁੱਖਤਾ ਅੰਦਰ) ਅਹੰਕਾਰ ਭੀ ਪਾ ਦਿੱਤਾ (ਤਾਂ ਕਿ ਬੰਦਾ ‘ਤੂੰ ਤੂੰ’ ਦੀ ਥਾਂ ‘ਮੈ ਮੈ’ ਕਰਦਾ ਰਹੇ)। ਪ੍ਰਭੂ ਤੋਂ ਬਣੀ ਇਸ ਦੂਰੀ (ਅਹੰਕਾਰ) ਕਾਰਨ ਹੀ ਜਗਤ ਜੰਮਦਾ-ਮਰਦਾ, ਫਿਰ ਉਪਜਦਾ ਹੈ ਯਾਨੀ ਆਵਾਗਮਣ ਦਾ ਅਸਲ ਕਾਰਨ ‘ਅਹੰਕਾਰ’ ਹੈ, ਜਿਸ ਨੂੰ ‘ਕੂੜੈ ਪਾਲਿ/ਝੂਠ ਦੀ ਕੰਧ, ਜਨਮ ਜਨਮਾਂਤਰਾਂ ਦੀ ਮੈਲ਼’ ਭੀ ਕਿਹਾ ਹੈ, ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਭਾਈ ਗੁਰਦਾਸ ਜੀ ਨੇ ਇਸ ਰੋਗ ਦੀ ਵਿਆਖਿਆ ਇਉਂ ਕੀਤੀ, ‘‘ਜੁਗਿ ਜੁਗਿ ਮੇਰੁ (ਅੰਤਹਿਕਰਣ) ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ, ਮਰਮੁ (ਰਾਜ਼) ਕਉ ਪਾਵੈ। ਸਤਿਜੁਗ ਦੂਜਾ ਭਰਮੁ ਕਰਿ; ਤ੍ਰੇਤੇ ਵਿਚਿ ਜੋਨੀ ਫਿਰਿ ਆਵੈ। ਤ੍ਰੇਤੇ ਕਰਮਾ ਬਾਂਧਤੇ; ਦੁਆਪਰਿ (’ਚ) ਫਿਰਿ ਅਵਤਾਰ ਕਰਾਵੈ। ਦੁਆਪਰਿ (’ਚ) ਮਮਤਾ ਅਹੰਕਾਰ; ਹਉਮੈ ਅੰਦਰਿ ਗਰਬਿ ਗਲਾਵੈ। ਤ੍ਰਿਹੁ ਜੁਗਾ ਕੇ ਕਰਮ ਕਰਿ; ਜਨਮ ਮਰਨ ਸੰਸਾ (ਭਰਮ) ਨ ਚੁਕਾਵੈ। ਫਿਰਿ ਕਲਿਜੁਗ ਅੰਦਰਿ ਦੇਹ ਧਰਿ; ਕਰਮਾਂ ਅੰਦਰਿ ਫੇਰਿ ਫਸਾਵੈ। ਅਉਸਰੁ ਚੁਕਾ, ਹਥਿ (’ਚ) ਨ ਆਵੈ ॥੧੫॥’’ (ਵਾਰ ੧ ਪਉੜੀ ੧੫) ਯਾਨੀ ਭਰਮ/ਤਰਕ ਨੂੰ ਦੂਰ ਕਰ ਹਉਮੈ-ਵਾਸ਼ਨਾ ਨੂੰ ਮਿਟਾ ਲੈ ਵਰਨਾ ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲੇਗਾ।
ਸੋ ਧਰਮ; ਸਮਾਜ ’ਚ ਆਪਸੀ ਪਿਆਰ/ਅਭੇਦਤਾ ਸਥਾਪਿਤ ਕਰਦਾ ਹੈ ਭਾਵੇਂ ਕਿ ਇੱਥੇ ਅਨੇਕਾਂ ਆਪਾ ਵਿਰੋਧੀ ਨਿਯਮ ਹਨ। ਬੰਦਿਆਂ ਦੇ ਸੁਭਾਅ ’ਚ ਭੀ ਦਰਖ਼ਤ ਦੇ ਪੱਤਿਆਂ ਵਾਙ ਇਕਸਾਰਤਾ ਨਹੀਂ ਹੁੰਦੀ ਤਾਹੀਓਂ ਕਿਹਾ ਹੈ ਕਿ ਭਗਤ ਅਤੇ ਅਸ਼ਰਧਕ ਬੰਦੇ; ਇਕੱਠੇ ਨਹੀਂ ਚੱਲ ਸਕਦੇ, ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮਹਲਾ ੧/੧੪੫)
ਭਗਤਾਂ ਦੇ ਮੁਕਾਬਲੇ ਮਨਮੁਖ ਵੱਧ ਸੀ, ਹਨ ਤੇ ਰਹਿਣਗੇ ਕਿਉਂਕਿ ਇਨ੍ਹਾਂ ਨੇ ਹੀ ਕਰਤਾਰ ਦੀ ਜਗਤ-ਖੇਡ ਨੂੰ ਅਗਾਂਹ-ਅਗਾਂਹ ਲੈ ਜਾਣਾ ਹੁੰਦਾ ਹੈ ਯਾਨੀ ਕੁਦਰਤ ਦਾ ਵਿਕਾਸ (ਜੰਮਣਾ-ਮਰਨਾ, ਫਿਰ ਜਨਮ) ਹੋਣਾ; ਕਰਤਾਰ ਨੂੰ ਪਸੰਦ ਹੈ। ਬੰਦਗੀ ਕਰਨ ਵਾਲ਼ੇ ਤਾਂ ਆਪਣੇ ਸ੍ਰੋਤ (ਰੱਬ) ਨਾਲ਼ ਨੇੜਤਾ ਬਣਾ ਇਸ ਖੇਡ ਤੋਂ ਮੁਕਤ ਹੋ ਜਾਂਦੇ ਹਨ; ਜਿਵੇਂ ਨਦੀਆਂ ਤੇ ਨਾਲ਼ੇ ਆਪਣੇ ਸ੍ਰੋਤ (ਸਮੁੰਦਰ) ’ਚ ਜਾ ਸਮਾਉਂਦੇ ਹਨ, ‘‘ਸਾਲਾਹੀ ਸਾਲਾਹਿ (ਕੇ); ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ (’ਚ) ਨ ਜਾਣੀਅਹਿ ..॥੨੩॥’’ (ਜਪੁ)
ਮਾਸਾਹਾਰੀ ਜਾਨਵਰ ਘੱਟ ਹੁੰਦੇ ਹਨ, ਪਰ ਉਨ੍ਹਾਂ ’ਚ ਬਲ ਤੇ ਨਿਡਰਤਾ ਵਧੇਰੇ ਹੁੰਦੀ ਹੈ। ਸ਼ਾਕਾਹਾਰੀ ਜਾਨਵਰ ਵੱਧ ਹੁੰਦੇ ਹਨ, ਫਿਰ ਭੀ ਹਮਲਾ ਕਰਨ ਦਾ ਸਾਹਸ ਨਹੀਂ ਜੁਟਾ ਸਕਦੇ, ਅੰਦਰੋਂ ਡਰਪੋਕ ਹੁੰਦੇ ਹਨ। ਇਸੇ ਤਰ੍ਹਾਂ ਮਨਮੁਖ ਭਾਵੇਂ ਵੱਧ ਹੋਣ, ਪਰ ਭਗਤਾਂ ਵਾਙ ਇਕੱਲੇ-ਇਕੱਲੇ ਦਰਜਨਾਂ ਨਾਲ਼ ਲੜਨ ਦਾ ਹੀਆ ਨਹੀਂ ਰੱਖਦੇ। ਭਗਤਾਂ ਨੇ ‘ਮੈ ਮੈ’ ਦੀ ਥਾਂ ਕਰਤਾਰ ਨੂੰ ‘ਤੂੰ ਤੂੰ’ ਕਹਿ ਕਹਿ ਕੇ ਆਪਣੀ ਵਾਸ਼ਨਾ/ਹਉਮੈ ਮਾਰ ਲਈ ਹੁੰਦੀ ਹੈ। ਰੱਬ ਦਾ ਓਟ ਆਸਰਾ ਲਿਆ ਹੁੰਦਾ ਹੈ। ਐਸੀ ਅਵਸਥਾ ਦਾ ਜ਼ਿਕਰ ਸ਼੍ਰਮਖੰਡ ਪੜਾਅ ’ਚ ਹੈ, ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ..॥੩੬॥’’ (ਜਪੁ) ਅਤੇ ਅੰਤਮ 38ਵੀਂ ਪਉੜੀ ’ਚ ਹੈ, ‘‘ਭਾਂਡਾ ਭਾਉ; ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ; ਸਚੀ ਟਕਸਾਲ ..॥੩੮॥’’ (ਜਪੁ) ‘ਭਾਂਡਾ ਭਾਉ’ ਦਾ ਭਾਵ ਸਮੁੱਚੀ ਲੁਕਾਈ ਨੂੰ ਪਿਆਰ ਕਰਨਾ ਹੈ ਕਿਉਂਕਿ ਅੰਦਰਲਾ ਆਤਮ-ਪ੍ਰਕਾਸ਼; ਮਾਨਸਿਕ ਚੇਤਨਾ (ਬਲ) ਵਜੋਂ ਹੋਰਾਂ ਨੂੰ ਜ਼ੱਰੇ-ਜ਼ੱਰੇ ’ਚ ਵਿਆਪਕ ‘ਇਲਾਹੀ ਜੋਤਿ’ ਦਾ ਦੀਦਾਰ ਕਰਾਉਂਦਾ ਹੈ; ਜਿਵੇਂ ਕਿ ਬਚਨ ਹਨ, ‘‘ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥’’ (ਭਗਤ ਨਾਮਦੇਵ/੪੮੫) ਐਸੇ ਭਗਤਾਂ ਅੰਦਰੋਂ ਹੀ ਪ੍ਰਭ ਦੇ ਗੁਣ (ਕਿ ਉਹ ਦਿਆਲੂ ਹੈ, ਉਦਾਰਵਾਦੀ ਹੈ, ਨਿਡਰ ਹੈ, ਨਿਆਂ ਪਸੰਦ ਹੈ, ਆਦਿ); ਮਨੁੱਖਤਾ ਨੂੰ ਪ੍ਰਤੀਤ ਹੁੰਦੇ ਹਨ; ਜਿਵੇਂ ਕਿ ਬਚਨ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥੨॥’’ (ਭਗਤ ਰਵਿਦਾਸ/੯੩)
ਚੇਤਨਾ; ਸਮਾਜ ’ਚ 2 ਤਰ੍ਹਾਂ ਵਧਦੀ ਹੈ। (1). ਪਹਿਲੀ, ਕੁਦਰਤ ਦੇ ਵਿਕਾਸ ਦਾ ਭਾਗ ਹੈ; ਜਿਵੇਂ ਗੁਰੂ ਕਾਲ ’ਚ ਜੰਗ; ਤਲਵਾਰਾਂ, ਘੋੜੇ ਤੇ ਹਾਥੀਆਂ ਨਾਲ਼ ਲੜੀ ਜਾਂਦੀ ਸੀ, ਪਰ ਆਧੁਨਿਕ ਚੇਤਨਾ ਨੇ ਮਿਜ਼ਾਇਲਾਂ, ਜੈੱਟ ਜਹਾਜ਼ ਤੇ ਪ੍ਰਮਾਣੂ ਬੰਬ ਬਣਾ ਦਿੱਤੇ। ਆਵਾਜਾਈ ਦੇ ਨਵੇਂ-ਨਵੇਂ ਸਾਧਨ ਬਣ ਗਏ। ਮੌਸਮ ਨੂੰ ਆਪਣੇ ਅਨੁਕੂਲ ਕਰਨਾ ਭੀ ਸਿੱਖ ਲਿਆ। ਹਜ਼ਾਰਾਂ, ਕਰੋੜਾਂ ਸਾਲਾਂ ਬਾਅਦ ਐਸੇ ਹੋਰ ਯੰਤਰ ਭੀ ਬਣ ਜਾਣਗੇ, ਜਿਨ੍ਹਾਂ ਨਾਲ਼ ਧਰਤੀ ਉੱਤੇ ਜੀਵਨ ਹੀ ਖ਼ਤਮ ਕੀਤਾ ਜਾ ਸਕਦਾ ਹੈ। ਇਹ ਚੇਤਨਾ; ਮਨੁੱਖ-ਜਾਤੀ ਅੰਦਰ ਵਧਦੀ ਹੈ। ਪਸ਼ੂ ਤਾਂ 1000 ਸਾਲ ਪਹਿਲਾਂ ਭੀ ਘਾਹ ਖਾਂਦਾ ਸੀ, ਹੁਣ ਭੀ ਉਸ ਦੀ ਇਹੀ ਖ਼ੁਰਾਕ ਹੈ। ਇਸ ਚੇਤਨਾ-ਵਿਕਾਸ ਵਿੱਚ ਗੁਰੂ ਦੀ ਭੂਮਿਕਾ (ਬਖ਼ਸ਼ਸ਼) ਨਹੀਂ ਹੁੰਦੀ ਤਾਹੀਓਂ ਇਨ੍ਹਾਂ ਅੰਦਰ ਪ੍ਰਭੂ ਅਤੇ ਭਗਤਾਂ ਵਾਲ਼ੇ ਗੁਣ (ਨਿਡਰਤਾ, ਹਲੇਮੀ, ਸੇਵਾ ਭਾਵਨਾ, ਆਦਿ) ਨਹੀਂ ਉਪਜਦੇ। ਵਿਗਿਆਨਿਕ ਵਰਗ; ਡਰ ਕਾਰਨ ਰਾਜਸੀ ਲੋਕਾਂ ਵਿਰੁਧ ਖੁੱਲ੍ਹ ਕੇ ਨਹੀਂ ਬੋਲ ਸਕਦਾ ਤੇ ਨਾ ਹੀ ਗ਼ਰੀਬਾਂ ਨਾਲ਼ ਖੜ੍ਹਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਖੜ੍ਹੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ?॥ (ਕਿਉਂਕਿ) ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ॥’’ (ਮਹਲਾ ੧/੧੫) ਭਾਵ ਜਿੱਥੇ ਨਿਮਾਣਿਆਂ-ਨਿਤਾਣਿਆਂ ਨੂੰ ਸਹਾਰਾ ਦੇਈਦਾ ਹੈ, ਓਥੇ ਹੀ ਪ੍ਰਭੂ ਦੀ ਮਿਹਰ ਹੁੰਦੀ ਹੈ।
ਇਸ ਸਮਾਜਿਕ ਚੇਤਨਾ ਦੁਆਰਾ ਹੋਏ ਆਧੁਨਿਕ ਵਿਕਾਸ ਨਾਲ਼ ਸਮਾਜਿਕ ਉੱਨਤੀ ਦੇ ਨਾਂ ਹੇਠ ਪਾਣੀ, ਹਵਾ, ਵਾਤਾਵਰਨ ਜ਼ਰੂਰ ਖ਼ਤਰੇ ’ਚ ਹਨ ਤੇ ਵਿਕਸਿਤ ਕੀਤੇ ਘਾਤਕ ਹਥਿਆਰਾਂ ਨਾਲ਼ ਜੀਵਨ ਦਾ ਘਾਣ ਹੁੰਦਾ ਜ਼ਰੂਰ ਵੇਖੀਦਾ ਹੈ। ਦੂਜੇ ਪਾਸੇ ਆਪਸੀ ਪਿਆਰ-ਭਾਵਨਾ ਪ੍ਰਗਟ ਕਰਨ ਲਈ ਹੱਥੀਂ ਕੀਤੀ ਸੇਵਾ; ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਆਉਂਦੀ ਹੈ।
(2). ਦੂਸਰੀ ਚੇਤਨਾ; ਗੁਰੂ ਸਿੱਖਿਆ ਨਾਲ਼ ਆਪਣੀਆਂ ਵਾਸ਼ਨਾਵਾਂ ਨਾਲ਼ ਲੜਦਿਆਂ ਰੱਬ ਨਾਲ਼ ਨੇੜਤਾ ਬਣਾ-ਬਣਾ ਆਪਣੇ ਅੰਦਰਲੇ ਆਤਮ-ਪ੍ਰਕਾਸ਼ (ਇਲਾਹੀ ਜੋਤਿ) ਨੂੰ ਆਪਣੇ ਬਿਬੇਕ (ਸੁਰਤਿ ਮੰਡਲ) ’ਚ ਸਥਾਪਿਤ ਕਰਨਾ ਹੈ। ਇਸ ਚੇਤਨਾ ’ਚ ਮਾਨਸਿਕ ਬਲ, ਨਿਡਰਤਾ, ਆਪਸੀ ਪਿਆਰ ਤੇ ਸ਼ਰਧਾ-ਭਾਵਨਾ ਹੁੰਦੀ ਹੈ ਤਾਹੀਓਂ ਰੂਹਾਨੀਅਤ ਬੰਦਾ; ਸਰੀਰਕ, ਪਰਵਾਰਿਕ, ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਅਦ੍ਰਿਸ਼-ਸ਼ਕਤੀ (ਪੂਰਨ ਸਤਿ) ਬਾਰੇ ਵਧੇਰੇ ਗਹਿਰੀ ਸਮਝ ਰੱਖਦਾ ਹੈ।
——ਚੱਲਦਾ—–









