Kavit No. 40 (Bhai Gurdas Ji)

0
374

ਕਬਿੱਤ ਨੰਬਰ 40 (ਭਾਈ ਗੁਰਦਾਸ ਜੀ)

ਸ. ਪ੍ਰੀਤਮ ਸਿੰਘ ਕਰਨਾਲ-94164-05173

ਸੀਂਚਤ ਸਲਿਲ ਬਹੁ ਬਰਨ ਬਨਾਸਪਤੀ; ਚੰਦਨ ਸੁਬਾਸ ਏਕੈ ਚੰਦਨ ਬਖਾਨੀਐ।

ਪਰਬਤ ਬਿਖੈ ਉਤਪਤ ਹੁਇ ਅਸਟ ਧਾਤ; ਪਾਰਸ ਪਰਸਿ ਏਕੈ ਕੰਚਨ ਕੈ ਜਾਨੀਐ।

ਨਿਸ ਅੰਧਕਾਰ ਤਾਰਾ ਮੰਡਲ ਚਮਤਕਾਰ; ਦਿਨ ਦਿਨਕਰ ਜੋਤਿ ਏਕੈ ਪਰਵਾਨੀਐ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ; ਸਬਦ ਸੁਰਤਿ ਉਨਮਨ ਉਨਮਾਨੀਐ ॥੪੦॥

ਸ਼ਬਦ ਅਰਥ: ਸੀਂਚਤ=ਸਿੰਜਣਾ।, ਸਲਿਲ=ਪਾਣੀ।, ਬਖਾਨੀਐ=ਕਹੀ ਜਾਂਦੀ ਹੈ।, ਉਤਪਤ= ਪੈਦਾਇਸ਼।, ਅਸਟ=ਅੱਠ।, ਕੰਚਨ=ਸੋਨਾ। ਨਿਸ=ਰਾਤ।, ਦਿਨਕਰ=ਸੂਰਜ

ਅਰਥ: ਸਭ ਕਿਸਮ ਦੀ ਬਨਸਪਤੀ ਦੀ ਸਿੰਚਾਈ ਪਾਣੀ ਨਾਲ ਹੀ ਹੁੰਦੀ ਹੈ। ਚੰਦਨ ਦੀ ਸੁਗੰਧੀ ਨਾਲ ਆਲੇ ਦੁਆਲੇ ਦੀ ਸਾਰੀ ਬਨਸਪਤੀ ਨੂੰ ਚੰਦਨ ਹੀ ਕਿਹਾ ਜਾਂਦਾ ਹੈ ਕਿਉਂਕਿ ਸਭ ਵਿੱਚੋਂ ਚੰਦਨ ਦੀ ਮਹਿਕ ਹੀ ਆਉਂਦੀ ਹੈ। ਪਹਾੜਾਂ ਤੋਂ ਅੱਠ ਕਿਸਮ ਦੀਆਂ ਧਾਤਾਂ ਨਿਕਲਦੀਆਂ ਹਨ ਪਰ ਪਾਰਸ ਨਾਲ ਛੁਹ ਕੇ ਉਹ ਇਕੋ ਧਾਤ ਸੋਨਾ ਹੀ ਬਣ ਜਾਂਦੀ ਹੈ। ਰਾਤ ਦੇ ਹਨੇਰੇ ਵਿੱਚ ਆਕਾਸ਼ ’ਤੇ ਅਨੇਕਾਂ ਤਾਰੇ ਜਗਮਗਾਂਦੇ ਹਨ ਪਰ ਦਿਨ ਵਕਤ ਇਕ ਸੂਰਜ ਦੀ ਰੋਸ਼ਨੀ ਹੀ ਸਾਰੇ ਜਗਤ ਨੂੰ ਰੌਸ਼ਨ ਕਰਦੀ ਹੈ। ਇਸੇ ਪ੍ਰਕਾਰ ਗੁਰੂ ਦਾ ਸਿੱਖ ਵੀ ਵੇਖਣ ਨੂੰ ਜਗਤ ਦੇ ਲੋਕਾਂ ਵਿੱਚ ਲੋਕਾਚਾਰੀ ਕਰਦਾ ਨਜ਼ਰ ਆਉਂਦਾ ਹੈ ਪਰ ਅੰਦਰੋਂ ਉਹ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜੀ ਰੱਖਦਾ ਹੈ ਤੇ ਪਰਮਾਤਮਾ ਨਾਲ ਇਕ ਮਿਕ ਹੋਇਆ ਉੱਚੀ ਅਵਸਥਾ ਵਿੱਚ ਵਿਚਰਦਾ ਹੈ।

ਇਸ ਵਿਸ਼ੇ ਦੇ ਸੰਦਰਭ ਵਿਚ ਗੁਰੂ ਅਰਜੁਨ ਦੇਵ ਜੀ ਦੀ ਉਹ ਸਾਖੀ ਜ਼ਿਕਰ ਯੋਗ ਹੈ ਜਿਸ ਵਿਚ ਆਪ ਕਿਸੇ ਗੁਰਸਿੱਖ ਦੇ ਦਰਸ਼ਨ ਕਰਨ ਆਏ ਜਗਿਆਸੂ ਨੂੰ ਭਾਈ ਭਿਖਾਰੀ ਪਾਸ ਭੇਜਦੇ ਹਨ ਤੇ ਉਹ ਇਹ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਕਿ ਭਾਈ ਭਿਖਾਰੀ ਆਪਣੇ ਪੁੱਤਰ ਦੇ ਆਨੰਦ ਕਾਰਜ ਸਮੇਂ ਕਫ਼ਨ ਸੀਅ ਰਹੇ ਹਨ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਵਾਹਿਗੁਰੂ ਦੀ ਰਜ਼ਾ ਹੀ ਇਹੋ ਹੈ ਕਿ ਜਦੋਂ ਡੋਲੀ ਘਰ ਆਏਗੀ ਤਾਂ ਪੁੱਤਰ ਨੂੰ ਅਕਾਲ ਪੁਰਖ ਤੋਂ ਸੱਦਾ ਆ ਜਾਵੇਗਾ। ਇਹ ਅਵਸਥਾ ਮਿਲਦੀ ਉਦੋਂ ਹੀ ਹੈ ਜਦੋਂ ਸਿੱਖ ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਦੁਨੀਆਂਦਾਰੀ ਦੇ ਹੋਰ ਹੋਰ ਕੰਮ ਕਰਦਾ ਹੋਇਆ ਵੀ ਗੁਰੂ ਦੇ ਸ਼ਬਦ ਵਿੱਚ ਹਰ ਵੇਲੇ ਸੁਰਤਿ ਜੋੜੀ ਰੱਖਦਾ ਹੈ। ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਭਗਤ ਨਾਮ ਦੇਵ ਜੀ ਰਾਮਕਲੀ ਰਾਗ ਵਿੱਚ ਲਿਖਦੇ ਹਨ ਕਿ ਜਿਵੇਂ ਬੱਚੇ ਗੱਲਾਂ ਬਾਤਾਂ ਕਰਦੇ ਹੋਏ ਆਪਣਾ ਸਾਰਾ ਧਿਆਨ ਗੁੱਡੀ ’ਤੇ ਟਿਕਾਈ ਰੱਖਦੇ ਹਨ। ਜਿਵੇਂ ਪਾਣੀ ਭਰਦੀਆਂ ਮੁਟਿਆਰਾਂ ਦਾ ਧਿਆਨ ਭਰੇ ਘੜਿਆਂ ਵੱਲ ਰਹਿੰਦਾ ਹੈ। ਤਿਵੇਂ ਗੁਰਸਿੱਖ ਜਾਂ ਭਗਤ ਵੀ ਆਪਣੇ ਸਾਰੇ ਦੁਨੀਆਵੀ ਕੰਮ ਕਰਦਾ ਹੋਇਆ ਆਪਣੀ ਸੁਰਤਿ ਪ੍ਰਭੂ ਜਾਂ ਗੁਰੂ ਚਰਨਾਂ ਵਿੱਚ ਜੋੜੀ ਰੱਖਦਾ ਹੈ: ‘‘ਆਨੀਲੇ ਕਾਗਦੁ, ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉ ਬਾਤ ਬਤਊਆ; ਚੀਤ ਸੁ ਡੋਰੀ ਰਾਖੀਅਲੇ॥੧॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥੧॥ਰਹਾਉ॥ (ਭਗਤ ਨਾਮਦੇਵ ਜੀ/ਅੰਕ 972) ਇਸੇ ਵਿਸ਼ੇ ਨਾਲ ਸੰਬੰਧਿਤ ਕਬੀਰ ਸਾਹਿਬ ਜੀ ਦੇ ਦੋ ਸਲੋਕ ਨਾਮਦੇਵ ਜੀ ਨਾਲ ਵਾਰਤਾਲਾਪ ਰੂਪ ’ਚ ਦਰਜ ਹਨ: ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੇ ਛਾਇਲੈ; ਰਾਮ ਨ ਲਾਵਹੁ ਚੀਤੁ॥’’ (ਅੰਕ 1375) ਭਗਤ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਜੀ ਦਾ ਇੱਕ ਦ੍ਰਿਸ਼ਟਾਂਤ ਮਾਇਆਵੀ ਉਦਾਹਰਨ ਰਾਹੀਂ ਦਿੱਤਾ ਕਿਉਂਕਿ ਉਹ ਜਦੋਂ ਉਸ ਨੂੰ ਦੇਖਦੇ ਹਨ ਕੰਮ ਕਾਰ ਕਰਦੇ ਹੀ ਦੇਖਦੇ ਹਨ, ਪਰ ਅਗਲੇ ਸਲੋਕ ਵਿਚ ਨਾਮਦੇਵ ਜੀ ਦਾ ਜੁਆਬ ਅੰਕਿਤ ਹੈ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ॥’’ (ਅੰਕ 1375) ਅੰਤਰੀਵ ਭਾਵ ਕਿ ਗੁਰੂ ਦਾ ਸਿੱਖ ਸੁਰਤਿ ਕਰ ਕੇ ਗੁਰੂ ਨਾਲ ਹੀ ਜੁੜਿਆ ਹੁੰਦਾ ਹੈ, ਬਾਹਰੀ ਤੌਰ ਤੇ ਭਾਵੇਂ ਕਿਸੇ ਵੀ ਕਿਰਤ ਵਿਚ ਰੁਝਿਆ ਕਿਉਂ ਨਾ ਹੋਵੇ।