Kavit No. 39 (Bhai Gurdas Ji)

0
318

ਕਬਿੱਤ ਨੰਬਰ 39 (ਭਾਈ ਗੁਰਦਾਸ ਜੀ)

ਸ. ਪ੍ਰੀਤਮ ਸਿੰਘ (ਕਰਨਾਲ)-94164-05173

ਬਰਨ ਬਰਨ ਬਹੁ ਬਰਨ ਗੋਬੰਸ ਜੈਸੇ, ਏਕ ਹੀ ਬਰਨ ਦੁਹੇ ਦੂਧ ਜਗ ਜਾਨੀਐ ।

ਅਨਿਕ ਪ੍ਰਕਾਰ ਫਲ ਫੂਲ ਕੈ ਬਨਾਸਪਤਿ, ਏਕੈ ਰੂਪ ਅਗਨਿ ਸਰਬ ਮੈ ਸਮਾਨੀਐ ।

ਚਤੁਰ ਬਰਨ ਪਾਨ ਚੂਨਾ ਅਉ ਸੁਪਾਰੀ ਕਾਥਾ, ਆਪਾ ਖੋਇ ਮਿਲਤ ਅਨੂਪ ਰੂਪ ਠਾਨੀਐ ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ, ਸਬਦ ਸੁਰਤਿ ਉਨਮਨ ਉਨਮਾਨੀਐ ॥੩੯॥

ਸ਼ਬਦ ਅਰਥ: ਬਰਨ=ਰੰਗ।, ਗੋਬੰਸ=ਗਊਆਂ ਦੀਆਂ ਨਸਲਾਂ।, ਚਤੁਰ ਬਰਨ=ਚਾਰ ਰੰਗਾਂ ਦਾ।

ਅਰਥ: ਗਊਆਂ ਕਈ ਰੰਗਾਂ ਤੇ ਕਈ ਨਸਲਾਂ ਦੀਆਂ ਹੁੰਦੀਆਂ ਹਨ ਪਰ ਸਭ ਜਾਣਦੇ ਹਨ ਕਿ ਜੇ ਉਨ੍ਹਾਂ ਵਿੱਚੋਂ ਕਿਸੇ ਗਊ ਦਾ ਵੀ ਦੁਧ ਚੋਇਆ ਜਾਏ ਤਾਂ ਉਹ ਇਕੋ ਰੰਗ ਦਾ ਭਾਵ ਸਫੇਦ ਹੀ ਹੁੰਦਾ ਹੈ। ਬਨਸਪਤੀ, ਫਲ, ਫੁਲ ਆਦਿ ਕਈ ਪ੍ਰਕਾਰ ਦੇ ਹੁੰਦੇ ਹਨ ਪਰ ਸਭਨਾਂ ਵਿੱਚ ਅਗਨੀ ਇਕ ਸਮਾਨ ਹੀ ਹੁੰਦੀ ਹੈ। ਪਾਨ ਵਿੱਚ ਚਾਰ ਰੰਗ (ਪੱਤਾ, ਚੂਨਾ, ਸੁਪਾਰੀ ਤੇ ਕੱਥਾ) ਦੀਆਂ ਚੀਜ਼ਾਂ ਪੈਂਦੀਆਂ ਹਨ। ਸਾਰਿਆਂ ਨੂੰ ਮਿਲਾ ਦੇਈਏ ਤਾਂ ਸਾਰੇ ਆਪੋ ਆਪਣਾ ਰੰਗ ਗੁਆ ਕੇ ਕੇਵਲ ਲਾਲ ਰੰਗ ਦੇ ਰਹਿ ਜਾਂਦੇ ਹਨ। ਇਸੇ ਪ੍ਰਕਾਰ ਗੁਰਮੁਖ ਜਨ ਦੇਖਣ ਨੂੰ ਸਮਾਜ ਦੇ ਲੋਕਾਂ ਵਿੱਚ ਲੋਕਾਚਾਰੀ ਕਰਦੇ ਹਨ ਪਰ ਅੰਦਰੋਂ ਉਹਨਾਂ ਦੀ ਸੁਰਤਿ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਤੇ ਉਹ ਇਕ ਪ੍ਰਭੂ ਨਾਲ ਜੁੜੇ ਰਹਿੰਦੇ ਹਨ।

ਵੀਚਾਰ: ਗੁਰਮਤਿ ਅਨੁਸਾਰ ਇਹ ਤਾਂ ਸਪਸ਼ਟ ਹੈ ਕਿ ਪਰਮਾਤਮਾ ਇਕ ਹੈ ਤੇ ਦੁਨੀਆਂ ਦਾ ਸਾਰਾ ਪਸਾਰਾ ਉਸ ਇਕ ਤੋਂ ਹੀ ਹੋਇਆ ਹੈ। ਫਿਰ ਉਹ ਇਕ ਜਿੱਥੇ ਨਿਰਲੇਪ ਹੈ, ਭਾਵ ਇਕੱਲਾ ਹੈ, ਉੱਥੇ ਉਹ ਆਪਣੀ ਪੈਦਾ ਕੀਤੀ ਹੋਈ ਰਚਨਾ ’ਚ ਵੀ ਪਸਰਿਆ ਹੋਇਆ ਹੈ। ਉਹ ਉਸ ਘੁਮਿਆਰ ਦੀ ਤਰ੍ਹਾਂ ਨਹੀਂ ਹੈ ਜਿਸ ਦੇ ਬਣਾਏ ਬਰਤਨ ਕਿਤੇ ਹੋਰ ਹਨ ਤੇ ਆਪ ਕਿਤੇ ਹੋਰ ਹੈ ਅਤੇ ਉਸ ਨੂੰ ਕੁਛ ਪਤਾ ਨਹੀਂ ਜੋ ਬਰਤਨ ਉਸ ਨੇ ਬਣਾਏ ਹਨ ਉਹ ਕਿੱਥੇ ਕਿੱਥੇ ਹਨ ਤੇ ਨਾ ਹੀ ਉਹਨਾਂ ਵਿਚ ਉਸ ਦਾ ਆਪਣਾ ਆਪਾ ਸਮੋਇਆ ਹੋਇਆ ਹੁੰਦਾ ਹੈ।

ਪਰਮਾਤਮਾ ਜਿੱਥੇ ਆਪ ਉਹ ਵਾਹਦ ਇਕ ਹੈ, ਉੱਥੇ ਉਹ ਆਪਣੇ ਕੀਤੇ ਪਸਾਰੇ ਵਿਚ ਵੀ ਪਸਰਿਆ ਹੋਇਆ ਹੈ ਭਾਵ ਕਿ ‘‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੇ ਚਾਨਣ ਸਭ ਮਹਿ ਚਾਨਣੁ ਹੋਇ॥’’ (ਮ:੧/ਅੰਕ ੧੩) ਜਿਤਨੇ ਜੀਵ ਉਸ ਨੇ ਪੈਦਾ ਕੀਤੇ ਹਨ, ਸਾਰਿਆਂ ਵਿਚ ਉਸੇ ਦੀ ਹੀ ਜੋਤਿ ਰੁਮਕ ਰਹੀ ਹੈ। ਦੇਖਣ ਨੂੰ ਸਾਰੇ ਜੀਵ ਕਈ ਭਾਂਤ ਦੇ ਨਜ਼ਰ ਆਉਂਦੇ ਹਨ ਵੈਸੇ ਉਨ੍ਹਾਂ ਸਾਰਿਆਂ ਵਿੱਚ ਪਰਮਾਤਮਾ ਦੀ ਜੋਤਿ ਹੀ ਪਸਰੀ ਹੋਈ ਹੈ। ਉਸ ਤੋਂ ਬਿਨਾ ਕਿਸੇ ਜੀਵ ਦੀ ਕੋਈ ਹਸਤੀ ਹੀ ਨਹੀਂ ਹੈ।

ਇਸੇ ਗੱਲ ਨੂੰ ਭਾਈ ਗੁਰਦਾਸ ਜੀ ਆਪਣੇ ਤਰੀਕੇ ਨਾਲ ਸਮਝਾ ਰਹੇ ਹਨ ਕਿ ਗਊ ਦਾ ਬਾਹਰੀ ਰੂਪ ਰੰਗ ਭਾਵੇਂ ਕਿਸੇ ਕਿਸਮ ਦਾ ਹੋਵੇ ਪਰ ਦੁੱਧ ਸਾਰੀਆਂ ਗਊਆਂ ਦਾ ਚਿੱਟਾ ਹੁੰਦਾ ਹੈ। ਇਸੇ ਤਰ੍ਹਾਂ ਬਨਸਪਤੀ ਦੀ ਦਾਸਤਾਨ ਹੈ। ਬਾਹਰੀ ਸਰੂਪ ਕੋਈ ਵੀ ਹੋਵੇ ਪਰ ਅਗਨੀ ਸਭ ਵਿੱਚ ਇਕ ਸਮਾਨ ਹੁੰਦੀ ਹੈ। ਗੁਰਬਾਣੀ ਫੁਰਮਾਨ ਵੀ ਹੈ: ‘‘ਸਗਲ ਬਨਸਪਤਿ ਮਹਿ ਬੈਸੰਤਰੁ, ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ॥’’ (ਮ:੫/ਅੰਕ ੬੧੭) ਪ੍ਰਭੂ ਵੀ ਇਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਪਸਰਿਆ ਹੋਇਆ ਹੈ।

ਗੋਂਡ ਰਾਗ ਵਿੱਚ ਵੀ ਗੁਰੂ ਅਰਜੁਨ ਦੇਵ ਜੀ ਸਪਸ਼ਟ ਕਰਦੇ ਹਨ ਕਿ ‘‘ਪ੍ਰਭ ਦਇਆਲ, ਦੂਸਰ ਕੋਈ ਨਾਹੀ॥ ਘਟ ਘਟ ਅੰਤਰਿ, ਸਰਬ ਸਮਾਹੀ॥’’ (ਅੰਕ ੮੬੬) ਸੰਸਾਰ ਦੀ ਰਚਨਾ ਕਈ ਆਕਾਰ ਤੇ ਕਈ ਪ੍ਰਕਾਰ ਦੀ ਹੈ ਪਰ ਪ੍ਰਮਾਤਮਾ ਸਭ ਵਿੱਚ ਇੱਕ ਸਮਾਨ ਸਮਾਇਆ ਹੋਇਆ ਹੈ। ਭਗਤ ਨਾਮਦੇਵ ਜੀ ਬਚਨ ਕਰਦੇ ਹਨ ਕਿ ਹੇ ਭਾਈ ਬੇਸ਼ਕ ਦਿਲ ਵਿੱਚ ਵੀਚਾਰ ਕਰ ਕੇ ਵੇਖ ਲਉ ਸਾਰੇ ਸੰਸਾਰ ਵਿੱਚ ਇਕੋ ਪ੍ਰਭੂ ਹੀ ਇਕ ਰਸ ਸਮਾਇਆ ਹੋਇਆ ਹੈ: ‘‘ਕਹਤ ਨਾਮਦੇਉ ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ॥’’ (ਅੰਕ ੪੮੫) ਇਹ ਸਾਰਾ ਕੁਝ ਕਹਿਣ ਤੋਂ ਭਾਈ ਸਾਹਿਬ ਦਾ ਇਸ ਕਬਿੱਤ ਰਾਹੀਂ ਇਹ ਵੀਚਾਰ ਦਰਸਾਉਣਾ ਸੀ ਕਿ ਗੁਰੂ ਦਾ ਸਿੱਖ ਭਾਵੇਂ ਲੋਕਾਂ ਨੂੰ ਲਗਦਾ ਹੈ ਕਿ ਇਹ ਗ੍ਰਿਹਸਤੀ ਹੈ, ਦੁਨੀਆਂਦਾਰ ਹੈ, ਕਿਰਤੀ ਹੈ ਪਰ ਸਿੱਖ ਨੂੰ ਗੁਰੂ ਦੀ ਕਿਰਪਾ ਸਦਕਾ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਸਾਰਿਆਂ ਅੰਦਰ ਉਸ ਇਕ ਪ੍ਰਭੂ ਦੀ ਜੋਤਿ ਰੁਮਕ ਰਹੀ ਹੈ ਇਸ ਲਈ ਸਾਡੇ ਸਭ ਨਾਲ ਇੱਕ ਵਿਸ਼ੇਸ਼ ਸਬੰਧ ਹੈ। ਇਸੇ ਕਰਕੇ ਉਹ ਬਾਹਰੋਂ ਜੋ ਕੁਝ ਵੀ ਨਜ਼ਰ ਅਉਂਦਾ ਹੋਵੇ, ਪਰ ਅੰਦਰੋਂ ਉਸ ਪਰੀ ਪੂਰਨ ਬ੍ਰਹਮ ਭਾਵ ਵਾਹਿਗੁਰੂ ਨਾਲ ਜੁੜਿਆ ਰਹਿੰਦਾ ਹੈ, ਜੋ ਉੱਚੀ ਅਵਸਥਾ (ਉਨਮਨ) ’ਤੇ ਪਹੁੰਚੇ ਦਾ ਸਬੂਤ ਹੈ।