Kavit No. 36 (Bhai Gurdas Ji)

0
266

ਕਬਿੱਤ ਨੰਬਰ 36 (ਭਾਈ ਗੁਰਦਾਸ ਜੀ)

ਸ. ਪ੍ਰੀਤਮ ਸਿੰਘ ਕਰਨਾਲ-94164-05173

ਨਿਰਗੁਨ ਸਰਗੁਨ ਕੈ ਅਲਖ ਅਬਿਗਤ ਗਤਿ, ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ।

ਸਰਗੁਨ ਸ੍ਰੀ ਗੁਰ ਦਰਸ ਕੈ ਧਿਆਨ ਰੂਪ , ਅਕੁਲ ਅਕਾਲ ਗੁਰਸਿਖਨੁ ਦਿਖਾਏ ਹੈ ।

ਨਿਰਗੁਨ ਸ੍ਰੀ ਗੁਰ ਸਬਦ ਅਨਹਦ ਧੁਨਿ , ਸਬਦ ਬੇਧੀ ਗੁਰ ਸਿਖਨੁ ਸੁਨਾਏ ਹੈ ।

ਚਰਨ ਕਮਲ ਮਕਰੰਦ ਨਿਹਕਾਮ ਧਾਮ, ਗੁਰੁ ਸਿਖ ਮਧੁਕਰ ਗਤਿ ਲਪਟਾਏ ਹੈ ॥੩੬॥

ਸ਼ਬਦ ਅਰਥ: ਨਿਰਗੁਨ=ਆਕਾਰ ਰਹਿਤ।, ਸਰਗੁਨ=ਆਕਾਰ ਸਹਿਤ।, ਅਲਖ=ਨਾ ਸਮਝਿਆ ਜਾ ਸਕਣ ਵਾਲਾ।, ਅਬਿਗਤ=ਨਾਸ਼ ਰਹਿਤ, ਅਬਿਨਾਸ਼ੀ।, ਅਕੁਲ=ਕੁਲ ਰਹਿਤ।, ਅਕਾਲ=ਕਾਲ ਰਹਿਤ, ਜਿਸ ਨੂੰ ਮੌਤ ਨਾ ਆ ਸਕੇ।, ਬੇਧੀ=ਵਿੰਨਿਆ ਹੋਇਆ।, ਨਿਹਕਾਮ=ਕਾਮਨਾ ਰਹਿਤ।, ਧਾਮ=ਅਸਥਾਨ।, ਮਧੁਕਰ=ਭੌਰਾ।

ਅਰਥ: ਅਬਿਨਾਸ਼ੀ ਤੇ ਅਲੱਖ ਪਰਮਾਤਮਾ ਨਿਰਗੁਨ ਤੇ ਸਰਗੁਨ ਦੋਵੇਂ ਹਾਲਤਾਂ ਵਿੱਚ ਹੀ ਵਿਚਰਦਾ ਹੈ ਅਤੇ ਉਸ ਪੂਰਨ ਪਾਰਬ੍ਰਹਮ ਪਰਮੇਸ਼ਰ ਨੇ ਆਪਣੇ ਆਪੇ ਦਾ ਪ੍ਰਗਟਾਅ ਗੁਰੂ ਰੂਪ ਹੋ ਕੇ ਕੀਤਾ ਹੈ। ਉਹ ਕਾਲ ਰਹਿਤ ਤੇ ਕੁਲ ਰਹਿਤ ਪ੍ਰਭੂ ਸਰਗੁਨ ਹਾਲਤ ਵਿੱਚ ਗੁਰੂ ਰੂਪ ਹੋ ਕੇ ਗੁਰ ਸਿੱਖਾਂ ਨੂੰ ਦਰਸ਼ਨ ਦੇਂਦਾ ਹੈ। ਨਿਰਗੁਨ ਸਰੂਪ ਵਿੱਚ ਉਹ ਗੁਰੂ ਦੇ ਸ਼ਬਦ ਰੂਪ (ਹਿਰਦੇ ਵੇਧਕ ਇਕ ਰਸ ਧੁਨੀ) ਦੇ ਰੂਪ ਵਿੱਚ ਆ ਕੇ ਗੁਰਸਿੱਖਾਂ ਨੂੰ ਸੁਣਾਂਦਾ ਹੈ। ਗੁਰੂ ਦੇ ਸੁਗੰਧ ਭਰਪੂਰ ਕਮਲ ਵਰਗੇ ਕੋਮਲ ਚਰਨਾਂ ਦੀ ਧੂੜੀ ਹੀ ਗੁਰਸਿੱਖਾਂ ਲਈ ਇਕ ਐਸਾ ਅਸਥਾਨ ਹੈ ਜਿੱਥੇ ਉਹ ਭੌਰੇ ਵਾਂਗ ਲਪਟੇ ਰਹਿੰਦੇ ਹਨ ਤੇ ਅਨੰਦ ਮਾਣਦੇ ਹਨ।

ਪ੍ਰਭੂ ਦੇ ਦੋ ਰੂਪ ਕਹੇ ਜਾਂਦੇ ਹਨ – ਨਿਰਗੁਨ ਤੇ ਸੁਰਗੁਨ। ਨਿਰਗੁਨ ਅਵਸਥਾ ਵਿੱਚ ਉਹ ਸਭ ਤੋਂ ਨਿਰਲੇਪ ਹੈ। ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ॥’’ (ਮ:੫ / ਅੰਕ ੨੮੭) ਜਦੋਂ ਸ੍ਰਿਸ਼ਟੀ ਨਹੀਂ ਸੀ ਰਚੀ ਗਈ ਉਦੋਂ ਵੀ ਉਹ ਹੋਂਦ ਵਾਲਾ ਸੀ ਪਰ ਨਿਰਗੁਨ ਸਰੂਪ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ਜੀ ਸਾਹਿਬ ਤੋਂ ਪਹਿਲੇ ਪ੍ਰਮਾਤਮਾ ਦਾ ਸਰੂਪ ਮੰਗਲਾ ਚਰਨ ਵਿਚ ਦਰਸਾਇਆ ਗਿਆ ਹੈ। ਮੰਗਲਾ ਚਰਨ ਦਾ ਪਹਿਲਾ ਅੱਖਰ ‘ੴ’ ਹੈ। ਇਹ ਏਕਾ ਪ੍ਰਮਾਤਮਾ ਦੇ ਨਿਰਗੁਨ ਸਰੂਪ ਦਾ ਲਖਾਇਕ ਹੈ ਅਤੇ ਇਸ ਰਾਹੀਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਪ੍ਰਮਾਤਮਾ ਇਕ ਹੈ। ਇਸ ਦੀ ਪ੍ਰੋੜਤਾ ਗੁਰਬਾਣੀ ਦੁਆਰਾ ਵਿਸਥਾਰ ’ਚ ਵੀ ਹੁੰਦੀ ਹੈ, ‘‘ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥’’ (ਮ:੧/ਅੰਕ ੩੫੦) ਭਾਵ ਕਿ ਪ੍ਰਮਾਤਮਾ ਸਿਰਫ਼ ਤੇ ਸਿਰਫ਼ ਇਕੋ ਹੀ ਹੈ। ਹੋਰ ਦੂਜਾ ਉਸ ਵਰਗਾ ਕੋਈ ਨਹੀਂ ਹੈ। ਏਕਾ ਵੀ ਗਿਣਤੀ ਦਾ ਲਾਇਆ ਹੋਇਆ ਹੈ ਤਾਂ ਕਿ ਹੋਰ ਅਰਥ ਨਾ ਸਮਝਿਆ ਜਾਵੇ। ਸ਼ਬਦ ਰੂਪ ’ਚ ‘ਇਕ’ ਲਿਖਣ ਨਾਲ ਵਿਆਕਰਣਕ ਆਧਾਰ ’ਤੇ ਅਰਥ ਬਦਲ ਜਾਂਦੇ ਹਨ; ਜਿਵੇਂ: ‘ਇਕੁ’ ਦਾ ‘ਕ’ ਜੇ ਔਂਕੁੜ ਸਮੇਤ ਹੈ ਤਾਂ ਇਸ ਦਾ ਮਤਲਬ ਹੈ ‘ਇਕ’ (ਇਕ ਵਚਨ ਪੁਲਿੰਗ)। ਜੇ ‘ਕ’ ਮੁਕਤਾ ਹੈ ਤਾਂ ਅਰਥ ਹੈ ‘ਇਕ’ (ਇਸਤਰੀ ਲਿੰਗ) ਪਰ ਜੇ ‘ਕ’ ਸਿਹਾਰੀ (‘ਇਕਿ’) ਨਾਲ ਹੈ ਤਾਂ ਅਰਥ ਬਣਦਾ ਹੈ ‘ਕਈ ’ (ਭਾਵ ਬਹੁ ਵਚਨ)।

ਸੋ, ਗਿਣਤੀ ਵਾਲੇ ਏਕੇ ਦੇ ਅਰਥ ਕਿਸੇ ਤਰ੍ਹਾਂ ਵੀ ਬਦਲੇ ਨਹੀਂ ਜਾ ਸਕਦੇ। ਇਸ ਤਰ੍ਹਾਂ ਦ੍ਰਿੜ੍ਹ ਕਰਾ ਦਿਤਾ ਗਿਆ ਹੈ ਕਿ ਪ੍ਰਮਾਤਮਾ ਸਿਰਫ਼ ਤੇ ਸਿਰਫ਼ ਇਕ ਹੈ। ਹੋਰ ਦੂਜਾ ਕੋਈ ਪ੍ਰਮਾਤਮਾ ਨਹੀਂ ਹੈ। ਇਹ (ਇਕ-੧) ਉਸ ਦਾ ਨਿਰਗੁਨ ਸਰੂਪ ਹੈ ਜਿਸ ਨਾਲ ‘ਓ’ (ਊੜਾ ਖੁੱਲਾ) ਅਤੇ (ਕਾਰ) ਲਿਖਿਆ ਹੈ। ‘੧’ ਤੋਂ ਬਿਨਾ ਇਹ ਸ਼ਬਦ ਬਣਦਾ ਹੈ ‘‘ਓਅੰਕਾਰ’’।

ਸੋ, ‘ੴ’ ਭਾਵ ‘੧’ ਤੇ ‘ਓਅੰਕਾਰ’ ਦੀ ਰਾਹੀਂ ਸਾਰੀ ਰਚਨਾ ਰਚੀ ਗਈ ਹੈ। ਪਰਮਾਤਮਾ ਦਾ ਇਹ (ਨਿਰੰਕਾਰ) ਰੂਪ ਗੁਰਬਾਣੀ ਅੰਦਰ ਕਈ ਥਾਂਈਂ ਦਰਜ ਹੈ; ਜਿਵੇਂ: ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧)

ਸਾਰੀ ਸਿ੍ਰਸ਼ਟੀ ਜੋ ਰਚੀ ਗਈ ਉਹ ‘੧’ (ਸੰਖਿਆਵਾਚਕ) ਦੇ ‘ਓਅੰਕਾਰ’ (ਸ਼ਬਦ ਰੂਪ) ਤੋਂ ਰਚੀ ਗਈ; ਜਿਵੇਂ: ‘‘ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ, ਤ੍ਰਿਣੁ, ਤ੍ਰਿਭਵਣ ਪਾਣੀ॥ ਚਾਰਿ ਬੇਦ, ਚਾਰੇ ਖਾਣੀ॥ ਖੰਡ, ਦੀਪ, ਸਭਿ ਲੋਆ॥ ਏਕਿ ਕਵਾਵੈ ਤੇ, ਸਭਿ ਹੋਆ॥’’ (ਮ:੫/ਅੰਕ/੧੦੦੩)

ਜਿੱਥੇ ਉਹ ਸਿ੍ਰਸ਼ਟੀ ਦੀ ਰਚਨਾ ਕਰਦਾ ਹੈ, ਨਾਲ ਹੀ ਉਸ ਦੇ ਕਲਿਆਣ ਵਾਸਤੇ ਗੁਰੂ ਵਿੱਚ ਆਪਣਾ ਆਪ ਰੱਖ ਕੇ ਸੰਸਾਰ ਵਿੱਚ ਮਾਨਵਤਾ (ਨੈਤਿਕਤਾ) ਦਾ ਪਾਠ ਪੜਾਉਂਦਾ ਹੈ। ਪਰਮਾਤਮਾ ਆਪ ਤਾਂ (ਨਿਰਾਕਾਰ ਹੋਣ ਕਾਰਨ) ਦਿਸਦਾ ਨਹੀਂ ਪਰ ਇਸ ਨਿਰਾਕਾਰ ਦੀ ਲਖਤਾ ਗੁਰੂ ਦੁਆਰਾ ਹੀ ਹੁੰਦੀ ਹੈ ਕਿਉਂਕਿ ਗੁਰੂ ਹੀ ਪ੍ਰਭੂ ਦਾ ਅਸਲ ਸਰਗੁਨ ਸਰੂਪ ਹੈ। ਉਹ ਜੋਤਿ ਰੂਪ ਤੇ ‘ਗੁਰੂ’ ਸ਼ਬਦ ਰੂਪ ਭਾਵ ਕੁਲ ਰਹਿਤ, ਕਾਲ ਰਹਿਤ ਸ਼ਬਦ ਰੂਪ ਵਿੱਚ ਵਿਚਰਦਾ ਹੈ। ਇਸ ਲਈ ਗੁਰਸਿੱਖ; ਗੁਰੂ ਦੇ ‘ਉਪਦੇਸ਼’ ਭਾਵ ਸ਼ਬਦ ਨਾਲ ਜੁੜਦੇ ਹਨ। ਗੁਰੂ ਦੇ ਸ਼ਬਦ ਨਾਲ ਜੁੜਨਾ ਹੀ ਗੁਰੂ ਦੇ ਚਰਨ ਕਮਲਾਂ ਦੀ ਪ੍ਰੀਤ ਹੈ। ਸਿੱਖ ਬੇਨਤੀ ਕਰਦੇ ਰਹਿੰਦੇ ਹਨ ‘‘ਹਰਿ ਚਰਣ ਕਵਲ ਮਕਰੰਦ, ਲੋਭਿਤ ਮਨੋ; ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ; ਹੋਇ ਜਾ ਤੇ, ਤੇਰੈ ਨਾਇ ਵਾਸਾ॥’’ (ਮ:੧/੧੩)