Kavit No. 37 (Bhai Gurdas Ji)

0
258

ਕਬਿੱਤ ਨੰਬਰ 37 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ– 94164-05173

ਪੂਰਨ ਬ੍ਰਹਮ ਗੁਰੁ ਬੇਲ ਹੁਇ ਚੰਬੇਲੀ ਗਤਿ, ਮੂਲ ਸਾਖਾ ਪਤ੍ਰ ਕਰਿ ਬਿਬਿਧ ਬਿਥਾਰ ਹੈ।

ਗੁਰਸਿਖ ਪੁਹਪ ਸੁਬਾਸ ਨਿਜ ਰੂਪ ਤਾਮੈ, ਪ੍ਰਗਟ ਹੁਇ ਕਰਤ ਸੰਸਾਰ ਕੋ ਉਧਾਰ ਹੈ।

ਤਿਲ ਮਿਲਿ ਬਾਸਨਾ ਸੁਬਾਸ ਕੋ ਨਿਵਾਸ ਕਰਿ, ਆਪਾ ਖੋਇ ਹੋਇ ਹੈ ਫੁਲੇਲ ਮਹਕਾਰ ਹੈ।

ਗੁਰਮੁਖਿ ਮਾਰਗ ਮੈ ਪਤਿਤ ਪੁਨੀਤ ਰੀਤਿ, ਸੰਸਾਰੀ ਹੁਇ ਨਿਰੰਕਾਰੀ ਪਰਉਪਕਾਰ ਹੈ॥੩੭॥

ਸ਼ਬਦ ਅਰਥ: ਮੂਲ-ਮੁੱਢ।, ਸਾਖਾ-ਟਾਹਣੀਆਂ।, ਬਿਬਿਧ-ਕਈ ਤਰ੍ਹਾਂ ਦਾ।, ਬਿਥਾਰ- ਵਿਸਥਾਰ।, ਪੁਹਪ-ਫੁਲ।, ਸੁਬਾਸ-ਸੁਗੰਧੀ।, ਫੁਲੇਲ-ਫੁਲਾਂ ਦਾ ਰਸ।, ਪਤਿਤ=ਪਾਪੀ।

ਅਰਥ: ਜਿਸ ਤਰ੍ਹਾਂ ਚੰਬੇਲੀ ਦੀ ਵੇਲ ਦਾ ਮੁੱਢ ‘ਬੀਜ’ ਹੁੰਦਾ ਹੈ, ਟਾਹਣੀਆਂ ਤੇ ਪੱਤੇ ਆਦਿ ਉਸ ਦਾ ਫੈਲਾਉ ਹਨ ਭਾਵ ਵਿਸਥਾਰ ਹੈ। ਇਸੇ ਤਰ੍ਹਾਂ ਹੀ ਗੁਰੂ ਦਾ ਮੁੱਢ ‘ਪਾਰਬ੍ਰਹਮ’ ਹੈ ਤੇ ਸਿੱਖ ਉਸ (ਗੁਰੂ) ਦਾ ਵਿਸਥਾਰ ਹੁੰਦੇ ਹਨ। ਚੰਬੇਲੀ ਰੂਪ ‘ਗੁਰੂ’ ਦੀ ਸੁਗੰਧੀ ਉਸ ਦਾ ਆਪਣਾ ਹੀ ਰੂਪ ਗੁਰਸਿੱਖ ਹਨ, ਜੋ ਕਿ ਸੰਸਾਰ ਦਾ ਉਧਾਰ ਕਰਨ ਲਈ ਪ੍ਰਗਟ ਹੋਏ ਹਨ; ਜਿਵੇਂ ਤਿਲ ਦਾ ਬੀਜ ਆਪਣਾ ਆਪਾ ਮਿਟਾ ਕੇ ਫੁੱਲਾਂ ਦੀ ਸੁਗੰਧੀ ਨਾਲ ਮਿਲਦਾ ਹੈ ਤਾਂ ‘ਫੁਲੇਲ’ (ਫੁੱਲਾਂ ਦਾ ਰਸ) ਬਣਦਾ ਹੈ ਤੇ ਸੁਗੰਧ ਖਿਲਾਰਦਾ ਹੈ, ਇਸੇ ਤਰ੍ਹਾਂ ਸਿੱਖ ਵੀ ਆਪਣਾ ਆਪਾ ਮਿਟਾ ਕੇ ਗੁਰੂ ਨਾਲ ਮਿਲ ਕੇ ਫੁਲੇਲ ਵਾਂਗ ਮਹਿਕ ਉੱਠਦਾ ਹੈ। ਨਤੀਜੇ ਵੱਜੋਂ ਸਿੱਖ ਸੰਸਾਰੀ (ਸਮਾਜਿਕ ਜੀਵਨ) ਤੇ ਘਰ ਬਾਰੀ (ਗ੍ਰਹਿਸਥੀ ਜੀਵਨ) ਹੁੰਦਾ ਹੋਇਆ ਵੀ ਨਿਰੰਕਾਰ ਦੇ ਪਰਉਪਕਾਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਮਾਰਗ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਗੁਰਮੁਖਾਂ ਦਾ ਹੀ ਹੁੰਦਾ ਹੈ। ਜਿਸ ਪ੍ਰਕਾਰ ਤਿਲ ਦੇ ਪੌਦੇ ਫੁੱਲਾਂ ਦੇ ਰਸ ਨਾਲ ਮਿਲ ਕੇ ਸੁਗੰਧੀ ਵਾਲੇ ਹੋ ਜਾਂਦੇ ਹਨ ਉਸੀ ਪ੍ਰਕਾਰ ਹੀ ਪਾਪੀ ਲੋਕ; ਗੁਰਮੁਖਾਂ ਦੀ ਸੰਗਤ ਵਿੱਚ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।

ਸਿੱਖਾਂ ਦੇ ਰੋਜ਼ ਦੇ ਕਰਮ ਤੇ ਸਮਾਜ ਵਿੱਚ ਵਰਤਾਵੇ ਤੋਂ ਗੁਰੂ ਦੀ ਮਹਾਨਤਾ ਦਾ ਪਤਾ ਲਗਦਾ ਹੈ। ਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਹੈ ਜੋ ਸਦਾ ਹੀ ਪਰਉਪਕਾਰੀ ਹੈ। ਗੁਰੂ ਦੇ ਸਿੱਖ ਵੀ ਗੁਰੂ ਉਪਦੇਸ਼ ਧਾਰਨ ਕਰ ਕੇ ਗੁਰੂ ਦਾ ਹੀ ਰੂਪ ਹੋ ਜਾਂਦੇ ਹਨ। ਪਰਮਾਤਮਾ ਦੇ ਗੁਣ; ਗੁਰੂ ਤੇ ਗੁਰੂ ਦੇ ਸਿੱਖਾਂ ਵਿੱਚੋਂ ਝਲਕਦੇ ਹਨ। ਮਨੁੱਖ ਵਿਚ ਪ੍ਰਮਾਤਮਾ ਨੇ ਗੁਣ ਤੇ ਅਵਗੁਣ ਦੋਵੇਂ ਹੀ ਭਰ ਕੇ ਭੇਜੇ ਹਨ। ਜਦੋਂ ਉਹ ਗੁਰੂ ਦੀ ਸ਼ਰਨ ਵਿਚ ਆਉਂਦਾ ਹੈ ਤਾਂ ਗੁਰੂ ਉਸ ਦੇ ਔਗੁਣ ਬਾਹਰ ਕੱਢ ਕੇ ਉਸ ਅੰਦਰ ਗੁਣਾਂ ਨੂੰ ਪ੍ਰਗਟ (ਪ੍ਰਫੁਲਤ) ਕਰ ਦਿੰਦਾ ਹੈ। ਗੁਰੂ ਉਸ ਦੇ ਅੰਦਰੋਂ ਹਰ ਕਿਸਮ ਦੇ ਭਰਮਾਂ ਨੂੰ ਕੱਟ ਦੇਂਦਾ ਹੈ। ‘‘ਸੋ ਸਤਿਗੁਰੁ ਧਨੁ ਧੰਨੁ, ਜਿਨਿ ਭਰਮ ਗੜੁ ਤੋੜਿਆ॥’’ (ਮ:੫/ਅੰਕ ੫੨੨) ਗੁਰੂ ਉਸ ਨੂੰ ਮਾਇਆ ਤੇ ਵਿਕਾਰਾਂ ਦੀ ਅਸਲੀਅਤ ਦੀ ਸੋਝੀ ਕਰਾ ਦੇਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਦੁਨਿਆਵੀ ਵਿਕਾਰਾਂ ਦੇ ਪ੍ਰੇਮ (ਮੋਹ) ਵੱਲੋਂ ਪਰਤ ਕੇ ਪ੍ਰਭੂ ਨਾਲ ਪ੍ਰੇਮ ਪਾ ਲੈਂਦਾ ਹੈ ਜੋ ਗੁਣਾਂ ਦਾ ਖ਼ਜ਼ਾਨਾ ਹੈ: ‘‘ਸੋ ਸਤਿਗੁਰੁ ਵਾਹੁ ਵਾਹੁ, ਜਿਨਿ ਹਰਿ ਸਿਉ ਜੋੜਿਆ॥’’ (ਮ:੫/ਅੰਕ ੫੨੨) ਗੁਣਾਂ ਦੇ ਖ਼ਜ਼ਾਨੇ ਪ੍ਰਮਾਤਮਾ ਨਾਲ ਜੁੜ ਕੇ ਮਨੁੱਖ ਵਿੱਚ ਵੀ ਗੁਣ ਭਰ ਜਾਂਦੇ ਹਨ। ‘‘ਜੈਸਾ ਸੇਵੈ ਤੈਸੋ ਹੋਇ॥’’ (ਮ: ੧/੨੨੩) ਵਾਲੀ ਗੱਲ ਬਣ ਜਾਂਦੀ ਹੈ। ਉਸ ਦੇ ਗੁਣਾਂ ਦੀ ਖ਼ੁਸ਼ਬੋ ਨਾਲ ਆਲਾ ਦੁਆਲਾ ਵੀ ਸੁਗੰਧਤ ਹੋ ਜਾਂਦਾ ਹੈ। ਜੋ ਵੀ ਐਸੇ ਮਨੁੱਖ ਦੀ ਸੰਗਤ ਵਿੱਚ ਆਉਂਦਾ ਹੈ, ਉਸ ’ਤੇ ਵੀ ਉਹੀ ਰੰਗ ਚੜ੍ਹਨ ਲਗ ਪੈਂਦਾ ਹੈ ਅਤੇ ਉਹ ਵੀ ਗੁਣਵਾਨ ਹੋ ਜਾਂਦਾ ਹੈ। ਗੁਰਸਿੱਖ ਜਿੱਥੇ ਗੁਰੂ ਅਨੁਸਾਰੀ ਜੀਵਨ ਬਤੀਤ ਕਰਕੇ ਆਪਣਾ ਆਪਾ (ਜੀਵਨ) ਸੰਵਾਰਦੇ ਹਨ ਉੱਥੇ ਉਹ ਆਪਣੇ ਜੀਵਨ ਆਦਰਸ਼ ਦੀ ਸੁਗੰਧੀ ਸੰਸਾਰ (ਮਾਨਵਤਾ) ਵਿੱਚ ਖਿਲਾਰਦੇ ਹੋਏ ਪਰਉਪਕਾਰੀ ਹੋ ਨਿਬੜਦੇ ਹਨ ਕਿਉਂਕਿ ਗੁਰੂ ਜੀ ਆਪ ‘‘ਅਉਗਣ ਸਭਿ ਮਿਟਾਇ ਕੈ, ਪਰਉਪਕਾਰੁ ਕਰੇਇ॥’’ (ਮ:੫/ਅੰਕ ੨੧੮) ਦਾ ਜੀਵਨ ਬਸਰ (ਨਿਰਬਾਹ) ਕਰਦੇ ਹਨ ਇਸ ਲਈ ਗੁਰਸਿੱਖ ਵੀ ‘‘ਪਰਉਪਕਾਰ ਨਿਤ ਚਿਤਵਤੇ, ਨਾਹੀ ਕਛੁ ਪੋਚ (ਪਾਪ, ਘਾਟ, ਕਮੀ)॥’’ (ਮ:੫/ਅੰਕ ੮੧੫) ਵਾਲਾ ਜੀਵਨ ਗੁਜ਼ਾਰਦੇ ਹਨ। ਉਹ ਇਤਨੀ ਉੱਚੀ ਅਵਸਥਾ ਵਾਲੇ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਗੁਰਬਾਣੀ ਫ਼ੁਰਮਾਨ ਹੈ: ‘‘ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥ ਜੀਅ ਦਾਨੁ ਦੇ (ਕੇ) ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ॥’’ (ਮ:੫/ਅੰਕ ੭੪੯) ਭਾਵ ਉਹ ਜਨਮ ਤੇ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ ਤੇ ਉਹਨਾਂ ਦੇ ਪ੍ਰਭਾਵ (ਅਸਰ) ਹੇਠ ਆਏ ਹੋਰ ਮਨੁੱਖ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ; ਜਿਵੇਂ: ‘‘ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ ॥’’ (ਜਪੁ /ਮ: ੧) ਇਹ ਸਭ ਗੁਰੂ ਦੇ ਪਰਉਪਕਾਰੀ ਜੀਵਨ ਦਾ ਹੀ ਵਿਸਥਾਰ ਹੈ।