Kavit No. 35 (Bhai Gurdas Ji)

0
451

ਕਬਿੱਤ ਨੰਬਰ 35 (ਭਾਈ ਗੁਰਦਾਸ ਜੀ)

ਸ. ਪ੍ਰੀਤਮ ਸਿੰਘ (ਕਰਨਾਲ)-94164-05173

ਰੋਮ ਰੋਮ ਕੋਟਿ ਬ੍ਰਹਿਮਾਂਡ ਕੋ ਨਿਵਾਸ ਜਾਸੁ, ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ।

ਜਾ ਕੈ ਓਅੰਕਾਰ ਕੈ ਅਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁਖ ਸਬਦੁ ਗੁਰ ਸਿਖਨ ਸੁਨਾਏ ਹੈ।

ਜਗ ਭੋਗ ਨਈਬੇਦ ਜਗਤ ਭਗਤ ਜਾਹਿ, ਅਸਨ ਬਸਨ ਗੁਰ ਸਿਖਨ ਲਡਾਏ ਹੈ।

ਨਿਗਮ ਸੇਖਾਦਿਕ ਕਥਤ ਨੇਤਿ ਨੇਤਿ ਕਰਿ, ਪੂਰਨ ਬ੍ਰਹਮ ਗੁਰ ਸਿਖਨ ਲਖਾਏ ਹੈ ॥ ੩੫॥

ਸ਼ਬਦ ਅਰਥ: ਕੋਟਿ=ਕਰੋੜਾਂ। ਜਾਸੁ=ਜਿਸ ਦਾ। ਨਈਬੇਦ=ਦੇਵਤਾ ਦੀ ਪੂਜਾ ਲਈ ਭੋਜਨ ਸਮਗਰੀ। ਅਸਨ=ਭੋਜਨ। ਬਸਨ=ਬਸਤਰ। ਨਿਗਮ=ਵੇਦ। ਸੇਖਾਦਿਕ=ਸ਼ੇਸ਼ਨਾਗ ਆਦਿ। ਨੇਤਿ=ਇਹ ਨਹੀਂ ਹੈ।

ਅਰਥ: ਜਿਸ ਪਰਮਾਤਮਾ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਮੰਡਾਂ ਦਾ ਵਾਸ ਹੈ, ਉਸ ਨੇ ਮਨੁੱਖ ਰੂਪ ਵਿੱਚ ਗੁਰੂ ਦਾ ਰੂਪ ਧਾਰ ਕੇ ਦਰਸ਼ਨ ਦਿੱਤਾ ਹੈ। ਜਿਸ ਨੇ ਭਾਂਤ ਭਾਂਤ ਦੀ ਤੇ ਅਨੇਕ ਪ੍ਰਕਾਰ ਦੇ ਆਕਾਰ ਦੀ ਸਿ੍ਰਸ਼ਟੀ ਰਚੀ, ਉਸੇ ਨੇ ਹੀ ਗੁਰੂ ਦਾ ਰੂਪ ਧਾਰ ਕੇ ਆਪਣੇ ਸੁੰਦਰ ਮੁੱਖੜੇ ਤੋਂ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ। ਜਿਸ ਪਰਮਾਤਮਾ ਲਈ ਜਗਤ ਦੇ ਭਗਤਾਂ ਨੇ ਜੱਗ ਕੀਤੇ, ਨਈਵੇਦ ਆਦਿਕ ਕੀਤੇ, ਉਸ ਨੇ ਸਿੱਖਾਂ ਨੂੰ ਅੰਨ ਧਨ ਦੀਆਂ ਦਾਤਾਂ ਦੇ ਕੇ ਲਾਡ ਲਡਾਏ ਹਨ। ਉਸ ਅਕਾਲ ਪੁਰਖ ਨੇ ਗੁਰੂ ਰੂਪ ਹੋ ਆਪਣੇ ਸਿੱਖਾਂ ਨੂੰ ਆਪਣਾ ਆਪ ਜਣਾ ਦਿੱਤਾ ਹੈ ਜਿਸ ਨੂੰ ਜਾਣਨ ਲਈ ਰਿਸ਼ੀ ਮੁਨੀ ਵੇਦਾਂ ਦੀ ਵਿਚਾਰ ਕਰਦੇ ਰਹੇ ਤੇ ਸ਼ੇਸ਼ਨਾਗ ਆਪਣੀਆਂ ਹਜ਼ਾਰਾਂ ਜੀਭਾਂ ਨਾਲ ਉਸ ਨੂੰ ਨਵੇਂ ਤੋਂ ਨਵੇਂ ਨਾਮ ਨਾਲ ਯਾਦ ਕਰਦੇ ਰਹੇ ਪਰ ਫਿਰ ਵੀ ਸਮਝ ਨਾ ਸਕੇ। ਜੋ ਅਕੱਥ ਹੈ, ਜਿਸ ਦਾ ਨਿਵਾਸ ਹਰ ਬ੍ਰਹਮੰਡ ਦੇ ਜ਼ੱਰੇ ਜ਼ੱਰੇ ਵਿੱਚ ਹੈ, ਉਹ ਮਨੁੱਖਤਾ ਦੇ ਉਧਾਰ ਵਾਸਤੇ ਗੁਰੂ ਦੇ ਰੂਪ ਵਿੱਚ ਇਸ ਸੰਸਾਰ ’ਤੇ ਆਉਂਦਾ ਹੈ। ਇਤਿਹਾਸਕ ਤੱਥ ਹੈ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਵਿੱਚ ਡੁੱਬਕੀ ਲਾ ਕੇ ਪਰਮਾਤਮਾ ਪ੍ਰਤੀ ਧਿਆਨ ਇਕਾਗਰ ਕੀਤਾ ਤਾਂ ਅਕਾਲ ਪੁਰਖ ਤੋਂ ਆਗਿਆ ਹੋਈ: ‘ਨਾਨਕ! ਜਿਸ ਉਪਰਿ ਤੇਰੀ ਨਦਰਿ, ਤਿਸ ਉਪਰਿ ਮੇਰੀ ਨਦਰਿ। ਜਿਸ ਉਪਰ ਤੇਰਾ ਕਰਮ, ਤਿਸ ਉਪਰ ਮੇਰਾ ਕਰਮ।

ਮੇਰਾ ਨਾਉਂ ਪਾਰਬ੍ਰਹਮ ਪਰਮੇਸਰੁ, ਤੇਰਾ ਨਾਉਂ ਗੁਰੂ ਪਰਮੇਸਰੁ।’ (ਪੁਰਾਤਨ ਜਨਮ ਸਾਖੀ) (ਹਵਾਲਾ ਗੁਰੂ ਨਾਨਕ ਚਮਤਕਾਰ ਭਾਗ ਪਹਿਲਾ ਕਿ੍ਰਤ ਭਾਈ ਵੀਰ ਸਿੰਘ ਜੀ) ਨਾਲ ਹੀ ਇਹ ਵੀ ਕਿਹਾ ‘ਨਾਨਕ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ ਅਰ ਜੋ ਤੇਰਾ ਨਾਉਂ ਲਵੇਗਾ, ਸੋ ਸਭ ਮੈਂ ਨਿਹਾਲ ਕੀਤੇ ਹੈਨ।’ (ਪੁਰਾਤਨ ਜਨਮ ਸਾਖੀ) ਜਿਸ ਪਰਮਾਤਮਾ ਦੀ ਲਖਤਾ ਨਾ ਜੋਗੀ ਨੂੰ ਹੋਈ, ਨਾ ਸਿਧਾਂ ਨੂੰ ਹੋਈ, ਨਾ ਵੇਦਾਂ ਦੇ ਗਿਆਤਿਆਂ ਨੂੰ ਹੋਈ ਅਤੇ ਨਾ ਸ਼ੇਸ਼ਨਾਗ ਵਰਗੇ ਦੇਵਤਿਆਂ ਨੂੰ ਹੋਈ। ਉਸ ਅਲੱਖ ਪ੍ਰਭੂ ਨੇ ਆਪਣਾ ਆਪ ਗੁਰੂ ਰੂਪ ਵਿੱਚ ਵਰਤ ਕੇ ਸਿੱਖਾਂ ਨੂੰ ਲਖਾ ਦਿੱਤਾ। ਆਸਾ ਕੀ ਵਾਰ ਬਾਣੀ ਵਿਚ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ‘‘ਬਿਨੁ ਸਤਿਗੁਰ ਕਿਨੈ ਨ ਪਾਇਓ, ਬਿਨੁ ਸਤਿਗੁਰ ਕਿਨੈ ਨ ਪਾਇਆ॥ ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ॥’’ (ਅੰਕ ੪੬੬) ਭਾਵ ਕਿ ਉਸ ਪ੍ਰਮਾਤਮਾ ਨੇ ਆਪਣਾ ਆਪਾ ਸਤਿਗੁਰੂ ਵਿਚ ਸਮੋਇਆ ਹੋਇਆ ਹੈ ਤੇ ਬਗ਼ੈਰ ਗੁਰੂ ਦੀ ਸ਼ਰਨ ਪਏ ਕਿਸੇ ਨੂੰ ਵੀ ਪ੍ਰਭੂ ਦਾ ਮਿਲਾਪ ਨਾ ਹਾਸਲ ਹੋਇਆ ਹੈ ਤੇ ਨਾ ਹੀ ਹਾਸਲ ਹੁੰਦਾ ਹੈ। ਸ਼ੇਸ਼ਨਾਗ ਜਿਸ ਨੂੰ ਸੱਪਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਜਿਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਭਗਵਾਨ ਦਾ ਨਿੱਤ ਨਵਾਂ ਨਾਮ ਉਚਾਰਦਾ ਹੈ, ਉਹ ਵੀ ਪਰਮਾਤਮਾ ਨੂੰ ਨਹੀਂ ਸਮਝ ਸਕਿਆ। ਨਾ ਹੀ ਬ੍ਰਹਮਾ ਦੇ ਪੁਤਰਾਂ ਨੇ ਉਸ ਪ੍ਰਭੂ ਦਾ ਭੇਦ ਪਾਇਆ ਹੈ। ਕਬੀਰ ਸਾਹਿਬ ਫੁਰਮਾਨ ਕਰਦੇ ਹਨ ‘‘ਸਨਕ ਸਨੰਦ ਮਹੇਸ ਸਮਾਨਾਂ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ॥’’ (ਅੰਕ ੬੯੧)

ਭਾਈ ਸਾਹਿਬ ਇਸ ਕਬਿੱਤ ਰਾਹੀਂ ਇਹ ਸਮਝਾਣ ਦਾ ਯਤਨ ਕਰ ਰਹੇ ਹਨ ਕਿ ਸਿਰਫ ਤੇ ਸਿਰਫ ਗੁਰੂ ਹੀ ਉਸ ਪਰੀ ਪੂਰਨ ਬ੍ਰਹਮ ਜੋ ਕਿ ਸਾਰਿਆਂ ਵਿਚ ਸਮਾਇਆ ਹੋਇਆ ਹੈ, ਦੀ ਲਖਤਾ ਕਰਾ ਸਕਦਾ ਹੈ ਤੇ ਗੁਰੂ ਇਹ ਕਿਰਪਾ ਆਪਣੇ ਸਿੱਖਾਂ ’ਤੇ ਕਰਦਾ ਹੈ ਜੋ ਉਸ ਦੀ ਸ਼ਰਨ ਵਿਚ ਆਉਂਦੇ ਹਨ ਉਸ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲਦੇ ਹਨ। ਧਰਮ ਪੁਸਤਕਾਂ ਦਾ ਵੀ ਇਹ ਹੀ ਖ਼ਿਆਲ ਹੈ ਤੇ ਬਾਣੀ ਵਿੱਚ ਵੀ ਇਹੀ ਫ਼ੁਰਮਾਨ ਹੈ ‘‘ਭਾਈ ਰੇ! ਗੁਰ ਬਿਨੁ ਗਿਆਨੁ ਨ ਹੋਇ॥ ਪੂਛਹੁ ਬ੍ਰਹਮੇ ਨਾਰਦੈ, ਬੇਦ ਬਿਆਸੈ ਕੋਇ॥’’ (ਮ:੧ ਅੰਕ ੫੯)