Kavit No. 34 (Bhai Gurdas Ji)

0
210

ਕਬਿੱਤ ਨੰਬਰ 34 (ਭਾਈ ਗੁਰਦਾਸ ਜੀ)

ਸ. ਪ੍ਰੀਤਮ ਸਿੰਘ ਕਰਨਾਲ-94164-05173

ਦੁਰਮਤਿ ਮੇਟਿ ਗੁਰਮਤਿ ਹਿਰਦੈ ਪ੍ਰਗਾਸੀ, ਖੋਏ ਹੈ ਅਗਿਆਨ ਜਾਨੇ ਬ੍ਰਹਮ ਗਿਆਨ ਹੈ।

ਦਰਸ ਧਿਆਨ ਆਨ ਧਿਆਨ ਬਿਸਮਰਨ ਕੈ, ਸਬਦ ਸੁਰਤਿ ਮੋਨਿ ਬ੍ਰਤ ਪਰਵਾਨੇ ਹੈ।

ਪ੍ਰੇਮ ਰਸ ਰਸਿਕ ਹੁਇ ਅਨ ਰਸ ਰਹਤ ਹੁਇ, ਜੋਤੀ ਮੈ ਜੋਤਿ ਸਰੂਪ ਸੋਹੰ ਸੁਰ ਤਾਨੇ ਹੈ।

ਗੁਰ ਸਿਖ ਸੰਧ ਮਿਲੇ ਬੀਸ ਇਕਈਸ ਈਸ, ਪੂਰਨ ਬਿਬੇਕ ਟੇਕ ਏਕ ਹੀਯੇ ਆਨੇ ਹੈ। ੩੪।

ਸ਼ਬਦ ਅਰਥ: ਦੁਰਮਤਿ=ਭੈੜੀ ਮਤਿ। ਪ੍ਰਗਾਸੀ=ਪ੍ਰਗਟ ਹੋਈ। ਸੋਹੰ=ਮੈਂ ਉਹ ਹਾਂ ਭਾਵ ਪ੍ਰਭੂ ਨਾਲ ਇਕ ਮਿਕ ਹੋਣਾ। ਸੁਰ ਤਾਨੇ=ਅਲਾਪ ਅਲਾਪਣਾ। ਬਿਬੇਕ=ਗਿਆਨ। ਹੀਯੇ=ਹਿਰਦੇ ਵਿੱਚ।

ਅਰਥ: ਗੁਰੂ ਦਾ ਸਿੱਖ ਜਦੋਂ ਗੁਰ ਉਪਦੇਸ਼ ਦੀ ਕਮਾਈ ਕਰਦਾ ਹੈ ਤਾਂ ਉਸ ਦੇ ਅੰਦਰ ਗੁਰੂ ਦੀ ਮਤਿ ਪਰਗਟ ਹੋ ਜਾਂਦੀ ਹੈ। ਭੈੜੀ ਮਤਿ ਦੂਰ ਹੋ ਜਾਂਦੀ ਹੈ। ਉਸ ਦਾ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਉਸ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਉਹ ਹੋਰ ਸਾਰੇ ਪਾਸਿਉਂ ਧਿਆਨ ਹਟਾ ਕੇ ਭਾਵ ਮੋਨ ਧਾਰ ਕੇ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜਦਾ ਹੈ। ਹੋਰ ਰਸਾਂ ਕਸਾਂ ਤੋਂ ਰਹਿਤ ਹੋ ਕੇ ਗੁਰੂ ਦੇ ਪ੍ਰੇਮ ਰਸ ਵਿੱਚ ਮਗਨ ਹੋ ਕੇ ਉਸੇ ਦੀ ਹੀ ਜੋਤਿ ਦਾ ਸਰੂਪ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਪ੍ਰਭੂ ਵਿੱਚ ਇਕ ਮਿਕ ਹੋਇਆ ਰਹਿੰਦਾ ਹੈ। ਅਰਥਾਤ ਉਹ ਪ੍ਰਭੂ ਵਿੱਚ ਮਿਲ ਕੇ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਵਲੋਂ ਮਿਲਿਆ ਗਿਆਨ ਤੇ ਪ੍ਰਭੂ ਸਿਮਰਨ ਹੀ ਉਸ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ।

ਕਬਿੱਤ ਨੰਬਰ 24 ਤੋਂ 34 ਤਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਮਤਿ ਦੀ ਟੇਕ, ਗੁਰੂ ਦੇ ਗਿਆਨ ਅਤੇ ਗੁਰੂ ਦੇ ਸ਼ਬਦ ਦਾ ਸਿੱਖ ਦੀ ਸੁਰਤਿ ਨਾਲ ਮੇਲ ਅਤੇ ਉਹਨਾਂ ਤੋਂ ਉਪਜੇ ਫਲ ਦਾ ਬੜੇ ਸੁੰਦਰ ਤੇ ਦਿਲ ਖਿੱਚਵੇਂ ਅੰਦਾਜ਼ ਵਿੱਚ ਜ਼ਿਕਰ ਕੀਤਾ ਹੈ। ਗੁਰਬਾਣੀ ਫੁਰਮਾਨ ਹੈ, ‘‘ਧਾਵਤ ਧਾਵਤ ਸਭੁ ਜਗੁ ਧਾਇਓ, ਅਬ ਆਏ ਹਰਿ ਦੁਆਰੀ॥ ਦੁਰਮਤਿ ਮੇਟਿ ਬੁਧ ਪਰਗਾਸੀ, ਜਨ ਨਾਨਕ! ਗੁਰਮੁਖਿ ਤਾਰੀ॥’’ (ਮ:੫/ਅੰਕ ੪੯੫) ਭਾਵ ਕਿ ਜਿਹੜੇ ਮਨੁੱਖ ਸਾਰੇ ਜਗਤ ਵਿਚ ਭੌਂ ਭੌਂ ਕੇ ਆਖ਼ਰ ਪਰਮਾਤਮਾ ਦੇ ਦਰ ’ਤੇ ਆ ਡਿੱਗਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ (ਖੋਟੀ ਮਤਿ) ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸ਼ਰਨ ਪਾ ਕੇ ਉਹਨਾਂ ਨੂੰ (ਸੰਸਾਰ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। ਸਿੱਖ ਦੀ ਖੋਟੀ ਮਤਿ ਦਾ ਨਾਸ ਹੋ ਜਾਂਦਾ ਹੈ, ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦਾ ਹੈ। ਫਿਰ ਨਿਰਮਲ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਣ ’ਤੇ ਉਸ ਨੂੰ ਨਾਲ ਪ੍ਰੇਮ ਦਾ ਰਸ ਆਉਣ ਲਗ ਪੈਂਦਾ ਹੈ ਜੋ ਸਾਰਿਆਂ ਰਸਾਂ ਤੋਂ ਉੱਪਰ ਹੈ। ਜਿਹੋ ਜਿਹਾ ਗੁਰੂ ਆਪ ਹੈ ਉਹੋ ਜਿਹਾ ਸਿੱਖ ਵੀ ਬਣ ਜਾਂਦਾ ਹੈ ਅਤੇ ਉਹ ਸਮਾਂ ਆ ਜਾਂਦਾ ਹੈ ਜਦੋਂ ਸਿੱਖ ਤੇ ਗੁਰੂ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ, ਸੋ ਸਤਿਗੁਰ ਮਾਹਿ ਸਮਾਨਾ॥’’ (ਮ:੩/ਅੰਕ ੭੯੭) ਉਸ ਮਨੁੱਖ ਦਾ ਧਿਆਨ ਸਿਵਾਏ ਪਰਮਾਤਮਾ ਦੇ ਹੋਰ ਕਿਸੇ ਪਾਸੇ ਨਹੀਂ ਲਗਦਾ ਅਰਥਾਤ ਉਸ ਦੀ ਸੁਰਤਿ ਵਿਚ ਤੇ ਹਿਰਦੇ ਵਿਚ ਸਿਰਫ਼ ਇਕੋ ਪ੍ਰਭੂ ਹੀ ਵਸਦਾ ਹੈ। ਉਹ ਫਿਰ ਲੋਕਾਂ ਨੂੰ ਜ਼ਾਹਰ ਨਹੀਂ ਕਰਦਾ ਫਿਰਦਾ ਕਿ ਉਸ ਨੇ ਪ੍ਰਭੂ ਪਾ ਲਿਆ ਹੈ। ਇਸ ਪਾਸਿਉਂ ਉਹ ਮੋਨਿ ਧਾਰਨ ਕਰ ਲੈਂਦਾ ਹੈ। ਬਾਣੀ ਫੁਰਮਾਨ ਹੈ, ‘‘ਕਾਂਇ ਰੇ ਬਕਬਾਦੁ ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ॥’’ (ਭਗਤ ਨਾਮਦੇਵ ਜੀ/ਅੰਕ ੭੧੮)। ਉਸ ਦਾ ਇਹ ਮੋਨਿ ਧਾਰਨ ਕਰਨਾ ਪਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਹੈ। ਸਿੱਖ, ਗੁਰੂ ਦੀ ਮਤਿ ਧਾਰਨ ਕਰਕੇ ਗੁਰੂ ਨਾਲ ਇਕ ਮਿਕ ਹੋ ਜਾਂਦਾ ਹੈ। ਗੁਰੂ ਤੇ ਈਸ਼ਵਰ ਵੈਸੇ ਹੀ ਇਕ ਰੂਪ ਹਨ। ਸੋ, ਸਿੱਖ ਵੀ ਈਸ਼ਵਰ ਨਾਲ ਇਕ ਮਿਕ ਹੋ ਜਾਂਦਾ ਹੈ। ਗੁਰਬਾਣੀ ਦੇ ਸਿਧਾਂਤਾਂ ਨੂੰ ਹੀ ਭਾਈ ਸਾਹਿਬ ਨੇ ਆਪਣੀ ਬਾਣੀ ਵਿੱਚ ਸਾਨੂੰ ਸੌਖੇ ਤਰੀਕੇ ਨਾਲ ਸਮਝਾਇਆ ਹੈ। ਸੁਖਮਨੀ ਸਾਹਿਬ ਬਾਣੀ ਵਿਚ 18 ਵੀ ਅਸ਼ਟਪਦੀ ਦੇ ਪਹਿਲੇ ਦੋ ਪਦਿਆਂ ਵਿੱਚ ਗੁਰੁ ਅਰਜਨ ਦੇਵ ਜੀ ਨੇ ਬੜੇ ਸਪਸ਼ਟ ਸ਼ਬਦਾਂ ਰਾਹੀਂ ਸਿੱਖ ਤੇ ਗੁਰੂ ਦਾ ਜੋ ਪਰਸਪਰ ਸੰਬੰਧ ਹੈ, ਦਸਿਆ ਹੈ; ਜਿਵੇਂ ਕਿ ‘‘ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰਬਚਨੀ ਹਰਿ ਨਾਮੁ ਉਚਰੈ॥ ਸਤਿਗੁਰ, ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥….ਗੁਰ ਕੈ ਗਿ੍ਰਹਿ ਸੇਵਕੁ ਜੋ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ॥ ਆਪਸ ਕਉ ਕਰਿ ਕਛੁ ਨ ਜਨਾਵੈ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥ ਮਨ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥’’ (ਸੁਖਮਨੀ ਸਾਹਬਿ/ਅੰਕ ੨੮੬) ਕਾਰਜ ਰਾਸਿ ਤੋਂ ਭਾਵ ਉਸ ਦਾ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਤੇ ਉਹ ‘ਇਕ ਈਸ’ ਹੋ ਜਾਂਦਾ ਹੈ ਭਾਵ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦਾ ਹੈ।