Kavit No. 11 (Bhai Gurdas Ji)

0
286

ਕਬਿੱਤ ਨੰਬਰ 11 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ- 94164-05173

ਗੁਰਸਿਖ ਸੰਧਿ ਮਿਲੇ ਬੀਸ ਇਕ ਈਸ ਈਸ, ਇਤਤੇ ਉਲੰਘ ਉਤ ਜਾਇ ਠਹਿਰਾਵਈ।

ਚਰਮ ਦ੍ਰਿਸ਼ਟਿ ਮੂਦ ਪੇਖੈ ਦਿਬ ਦ੍ਰਿਸ਼ਟਿ ਕੈ, ਜਗ ਮਗ ਜੋਤਿ ਉਨਮਨੀ ਸੁਧ ਪਾਵਈ।

ਸੁਰਤਿ ਸੰਕੋਚਤ ਹੀ ਬਜਰ ਕਪਾਟ ਖੋਲਿ, ਨਾਦ ਬਾਦ ਪਰੈ ਅਨਹਤ ਪਾਵਈ।

ਬਚਨ ਬਿਸਰਜਿਤ ਅਨਰਸ ਰਹਿਤ ਹੈ, ਨਿਝਰ ਅਪਾਰ ਧਾਰ ਅਪਿਉ ਪੀਆਵਈ॥੧੧॥

ਸ਼ਬਦ ਅਰਥ: ਸੰਧਿ=ਮਿਲਾਪ, ਬੀਸ=ਸੰਸਾਰ, ਇਕ ਈਸ=ਇਕ ਪ੍ਰਮਾਤਮਾ, ਬੀਸ ਇਕ ਈਸ ਈਸ=ਬਿਨਾ ਸ਼ੰਕੇ ਇਕ ਈਸ਼ਵਰ ਨੂੰ ਮਿਲਨਾ, ਇਤ=ਇਹ ਸੰਸਾਰ ਸਮੁੰਦਰ, ਉਨਮਨੀ=ਗਿਆਨ ਅਵਸਥਾ, ਨਾਦ=ਧੁਨਿ, ਅਨਹਤ=ਬਿਨਾ ਆਹਤ ਬਿਨਾ ਆਘਾਤ, ਬਿਸਰਜਿਤ=ਤਿਆਗ ਦੇਣਾ, ਨਿਝਰ=ਨਿਰੰਤਰ ਇਕ ਰਸ, ਅਪਿਉ=ਜਿਸ ਨੂੰ ਸਾਧਾਰਣ ਵਿਅਕਤੀ ਨਾ ਪੀ ਸਕੇ।

ਅਰਥ: ਜਦੋਂ ਸਿੱਖ ਦਾ ਗੁਰੂ ਨਾਲ ਮਿਲਾਪ ਹੁੰਦਾ ਹੈ ਤਾਂ ਦੋਨਾਂ ਦੀ ਜੋਤਿ (ਵੀਚਾਰ) ਇਕ ਹੋ ਜਾਂਦੀ ਹੈ। ਸਿੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਪ੍ਰਭੂ ਵਿਚ ਸਮਾ ਜਾਂਦਾ ਹੈ ਜਿੱਥੇ ਵਿਸਰਾਮ ਹੈ ਭਾਵ ਕਿ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ। ਫਿਰ ਉਹ ਇਹ ਚੱਮ ਦੀਆਂ ਅੱਖਾਂ ਮੂੰਦ ਲੈਂਦਾ ਹੈ, ਬੰਦ ਕਰ ਦੇਂਦਾ ਹੈ। ਦੇਵਤਿਆਂ ਦੀ ਦ੍ਰਿਸ਼ਟੀ ਪ੍ਰਾਪਤ ਕਰ ਕੇ ਗਿਆਨ ਅਵਸਥਾ ’ਤੇ ਪਹੁੰਚ ਜਾਂਦਾ ਹੈ। ਆਪਣੀ ਸੁਰਤਿ ਨੂੰ ਬਾਹਰੀ ਵਿਸ਼ਿਆਂ ਤੋਂ ਸੰਕੋਚ ਲੈਂਦਾ ਹੈ ਜਿਸ ਨਾਲ ਉਸ ਦੇ ਬੱਜਰ ਕਪਾਟ (ਕਰੜੇ ਕਿਵਾੜ) ਖੁੱਲ ਜਾਂਦੇ ਹਨ। ਇਸ ਤਰ੍ਹਾਂ ਉਹ ਸਾਜ਼ਾਂ ਦੀ ਆਵਾਜ਼ ਤੋਂ ਉੱਪਰ ਉੱਠ ਕੇ ਅਨਾਹਤ ਨਾਦ ਵਿਚ ਲਿਵ ਲਾ ਲੈਂਦਾ ਹੈ। ਗੁਰੂ ਮਿਲੇ ਉਸ ਸਿੱਖ ਦਾ ਬਹੁਤਾ ਬੋਲਣਾ ਬੰਦ ਹੋ ਜਾਂਦਾ ਹੈ ਅਤੇ ਗੁਰੂ ਉਸ ਨੂੰ ਨਾਮ ਰਸ ਦੀ ਨਿਰੰਤਰ ਧਾਰਾ ਪੀਣ ਦੇ ਸਮਰੱਥ ਬਣਾ ਦੇਂਦਾ ਹੈ, ਜੋ ਸਾਧਾਰਣ ਮਨੁੱਖ ਦੇ ਵਸ ਦੀ ਗੱਲ ਨਹੀਂ ਹੁੰਦੀ।

ਵੀਚਾਰ: ਗੁਰੂ ਤੇ ਸਿੱਖ ਦੇ ਮਿਲਾਪ ਦੀ ਜੋ ਅਨੂਠੀ ਹਾਲਤ ਬਣ ਆਉਂਦੀ ਹੈ ਉਸ ਦਾ ਜ਼ਿਕਰ ਇਸ ਕਬਿੱਤ ਵਿਚ ਕੀਤਾ ਗਿਆ ਹੈ। ਸੁਰਤਿ ਕਰ ਕੇ ਸਿੱਖ ਗੁਰੂ ਦੇ ਸ਼ਬਦ ਵਿੱਚ ਜਦੋਂ ਜੁੜਦਾ ਹੈ ਤਾਂ ਉਹ ਗੁਰੂ ਨਾਲ ਇੱਕ ਮਿੱਕ ਹੋ ਜਾਂਦਾ ਹੈ: ‘‘ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੇ ਪਛਾਨੀ॥’’ ਵਾਲੀ ਅਵਸਥਾ ਬਣ ਜਾਂਦੀ ਹੈ, ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ, ਸੋ ਸਤਿਗੁਰ ਮਾਹਿ ਸਮਾਨਾ॥’’ (੭੯੭) ਪ੍ਰਤੱਖ ਹੋ ਜਾਂਦਾ ਹੈ। ਸਿੱਖ ਆਤਮਾ ਕਰ ਕੇ ਪ੍ਰਮਾਤਮਾ ਵਿਚ ਸਦੀਵੀ ਵਿਸਰਾਮ ਹਾਸਲ ਕਰ ਲੈਂਦਾ ਹੈ ਭਾਵ ਕਿ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਸ ਦੀਆਂ ਦੁਨਿਆਵੀ (ਮਾਇਆਧਾਰੀ) ਅੱਖਾਂ ਮੀਟੀਆਂ ਜਾਂਦੀਆਂ ਹਨ ਅਤੇ ‘‘ਨਾਨਕ ! ਸੇ ਅਖੜੀਆਂ ਬਿਅੰਨ॥’’ (੫੭੭) ਨਾਲ ਉਹ ਪ੍ਰਭੂ ਦੇ ਦਰਸ਼ਨ ਕਰਦਾ ਹੋਇਆ ਗਿਆਨਮਈ ਸਹਿਜ ਅਵਸਥਾ ਵਿੱਚ ਵਿਚਰਦਾ ਹੈ। ਉਸ ਨੂੰ ‘‘ਏ ਨੇਤ੍ਰਹੁ ਮੇਰਿਓ, ਹਰਿ ਤੁਮ ਮਹਿ ਜੋਤਿ ਧਰੀ॥’’ (ਅਨੰਦ ਸਾਹਿਬ) ਦਾ ਸਹੀ ਮਾਇਨਿਆਂ ਵਿਚ ਗਿਆਨ ਹੋ ਜਾਂਦਾ ਹੈ। ਉਸ ਦੀ ਸੋਚ ‘‘ਸੁਰਤਿ ਸਬਦਿ ਭਵ ਸਾਗਰ ਤਰੀਐ॥’’ (੯੩੮) ਵਾਲੀ ਹੋ ਜਾਂਦੀ ਹੈ। ਅਨਾਹਤ (ਸ਼ਬਦ) ਧੁਨੀ ਉਸ ਨੂੰ ਸੁਣਾਈ ਦੇਣ ਲਗ ਪੈਂਦੀ ਹੈ। ਸੰਸਾਰਕ ਬ੍ਰਿਤੀਆਂ ਤੋਂ ਉੱਪਰ ਉੱਠ ਜਾਂਦਾ ਹੈ। ਉਸ ਦੀ ਪਹੁੰਚ ਦਸਵੇਂ ਦੁਆਰ ਵਿਚ ਪਹੁੰਚ ਜਾਂਦੀ ਹੈ ਜਿੱਥੇ ਆਮ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਫਿਰ ਉਸ ਦੀ ਰਹਿਤ ਦੁਨੀਆਂ ਨਾਲੋਂ ਵਖਰੀ ਹੋ ਜਾਂਦੀ ਹੈ। ਉਹ ‘‘ਚਾਲਾ ਨਿਰਾਲੀ ਭਗਤਹ ਕੇਰੀ, ਬਿਖਮ ਮਾਰਗ ਚਲਣਾ॥ ਲਬ ਲੋਭ ਅਹੰਕਾਰ ਤਜਿ ਤਿ੍ਰਸਨਾ, ਬਹੁਤ ਨਾਹੀ ਬੋਲਣਾ॥’’ (ਅਨੰਦ ਸਾਹਿਬ) ਦਾ ਧਾਰਨੀ ਬਣ ਜਾਂਦਾ ਹੈ ਕਿਉਂਕਿ ‘‘ਇਹਿ ਰਸ ਛਾਡੇ, ਓਹ ਰਸੁ ਆਵਾ॥’’ (੩੪੨) ਅਤੇ ‘‘ਜਿਹ ਰਸ ਬਿਸਰ ਗਏ ਰਸ ਅਉਰ॥’’ (੩੩੭) ਵਾਲੀ ਖੇਲ ਬਣ ਜਾਂਦੀ ਹੈ। ਵਿਸਮਾਦੀ ਅਵਸਥਾ ‘‘ਅੰਤਰਿ ਖੂਹਟਾ ਅੰਮ੍ਰਿਤ ਭਰਿਆ, ਸਬਦੇ ਕਾਢਿ ਪੀਏ ਪਨਿਹਾਰੀ॥’’ (੫੭੦) ਦਾ ਆਨੰਦ ਮਾਣਦਾ ਹੋਇਆ ਨਿਰੰਤਰ ਅੰਮ੍ਰਿਤ ਰਸ ਦੀ ਧਾਰਾ ਪੀਂਦਾ ਖੀਵਾ ਹੋਇਆ ਰਹਿੰਦਾ ਹੈ।