Kavit No. 12 (Bhai Gurdas Ji)

0
379

ਕਬਿੱਤ ਨੰਬਰ 12 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ- 94164-05173

ਜਉ ਲਉ ਅਨਰਸ ਬਸ ਤਉ ਲਉ ਨਹੀ ਪ੍ਰੇਮ ਰਸ, ਜਉ ਲਉ ਅਨਰਸ ਆਪ ਆਪ ਨਹੀ ਦੇਖੀਐ।

ਜਉ ਲਉ ਆਨ ਗਿਆਨ ਤਉ ਲਉ ਨਹੀ ਅਧਿਆਤਮ ਗਿਆਨ, ਜਉ ਲਉ ਨਾਦ ਬਾਦ ਨ ਅਨਾਹਦ ਬਿਸੇਖੀਐ।

ਜਉ ਲਉ ਅਹੰਬੁਧਿ ਸੁਧਿ ਹੋਇ ਨ ਅੰਤਰਿ ਗਤਿ, ਜਉ ਲਉ ਨ ਲਖਾਵੈ ਤਉ ਲਉ ਅਲਖ ਨ ਲੇਖੀਐ।

ਸਤਿ ਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ, ਏਕ ਹੀ ਅਨੇਕਮੇਕ ਏਕ ਏਕ ਭੇਖੀਐ॥੧੨॥

ਸ਼ਬਦ ਅਰਥ: ਅਨਰਸ=ਹੋਰ ਹੋਰ ਰਸ।, ਆਨ ਗਿਆਨ=ਹੋਰ ਹੋਰ ਗਿਆਨ।, ਨਾਦ=ਵਾਜੇ।, ਬਾਦ=ਬਜਾਉਣੇ।, ਅਨਾਹਦ=ਇਕ ਰਸ।, ਬਿਸੇਖੀਐ=ਚੰਗੇ।, ਅਹੰਬੁਧਿ=ਅਹੰਕਾਰ ਵਾਲੀ ਬੁਧਿ।, ਲਖਾਵੈ=ਜਾਣੈ।, ਅਲਖ=ਨਾ ਜਾਣਿਆ ਜਾ ਸਕਣ ਵਾਲਾ।

ਅਰਥ: ਜਦੋਂ ਤਕ ਅਸੀਂ ਹੋਰ ਹੋਰ ਰਸਾਂ ਵਿਚ ਭਾਵ ਵਿਕਾਰਾਂ ਵਿਚ ਗਲਤਾਨ ਰਹਾਂਗੇ, ਤਦੋਂ ਤੱਕ ਅਸੀਂ ਪ੍ਰਭੂ ਦੇ ਪ੍ਰੇਮ ਰਸ ਨੂੰ ਨਹੀਂ ਪਾ ਸਕਦੇ ਕਿਉਂਕਿ ਵਿਕਾਰਾਂ ਦੇ ਰਸਾਂ ਵਿਚ ਅਸੀਂ ਆਪਣਾ ਆਪਾ ਨਹੀਂ ਦੇਖ ਸਕਦੇ ਅਤੇ ਆਪੇ ਨੂੰ ਦੇਖਣ ਤੋਂ ਬਿਨਾ ਅਸੀਂ ਪ੍ਰਭੂ ਨੂੰ ਤੇ ਉਸ ਦੇ ਪ੍ਰੇਮ ਰਸ ਨੂੰ ਨਹੀਂ ਮਾਣ ਸਕਦੇ। ਜਦੋਂ ਤਕ ਅਸੀਂ ਦੁਨੀਆਵੀ ਗਿਆਨ ਲੈਣ ਵਿਚ ਮਸਤ ਰਹਾਂਗੇ ਤਦੋਂ ਤੱਕ ਅਸੀਂ ਅਧਿਆਤਮਕ ਗਿਆਨ ਤੋਂ ਵਾਂਜੇ ਰਹਾਂਗੇ। ਇਸੇ ਤਰ੍ਹਾਂ ਦੁਨੀਆਵੀ ਰਾਗਾਂ ਰਸਾਂ ਵਿਚ ਵੇੜਿਆ ਹੋਣ ਕਰ ਕੇ ਸਾਨੂੰ ਉਸ ਇਕ ਰਸ ਹੋ ਰਹੇ, ਸਭਨਾਂ ਵਿਚ ਰੁਮਕ ਰਹੇ, ਸੰਗੀਤ ਦਾ ਰਸ ਨਹੀਂ ਆ ਸਕਦਾ। ਜਦੋਂ ਤਕ ਅਸੀਂ ਅਹੰਕਾਰ ਨਾਲ ਭਰੇ ਹੋਏ ਹਾਂ ਤਦੋਂ ਤਕ ਅਸੀਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ। ਪਰਮਾਤਮਾ ਜੋ ਇਕ ਹੋ ਕੇ ਸਭਨਾਂ ਵਿਚ ਰਮ ਰਿਹਾ ਹੈ, ਉਸ ਨੂੰ ਜਾਣਨ ਲਈ ਗੁਰੂ ਜੋ ਸਤ ਰੂਪ ਹੈ, ਜੋ ਪਰਮਾਤਮਾ ਵਿਚਅਭੇਦ ਹੈ, ਦੇ ਗਿਆਨ ਵਿਚ ਧਿਆਨ ਲਾਣਾ ਪਵੇਗਾ ਭਾਵ ਕਿ ਗੁਰੂ ਦੇ ਉਪਦੇਸ਼ ਨੂੰ ਮਨ ਵਿਚ ਦ੍ਰਿੜ ਕਰਨਾ ਪਵੇਗਾ।

ਗੁਰਬਾਣੀ ਫੁਰਮਾਨ ਹੈ ‘‘ਰਸੁ ਸੁਇਨਾ ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ, ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ, ਕੈ ਘਟਿ ਨਾਮ ਨਿਵਾਸੁ?॥’’ (ਮ:੧/ਅੰਕ ੧੫) ਮਨੁਖ ਦੇ ਅੰਦਰ ਕਈ ਤਰ੍ਹਾਂ ਦੇ ਚਸਕੇ ਭਰੇ ਪਏ ਹਨ। ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿ ਵਿਕਾਰਾਂ ਵਿਚ ਪੂਰੀ ਤਰ੍ਹਾਂ ਜਕੜਿਆ ਪਿਆ ਹੈ। ਗੁਰੂ ਅਰਜੁਨ ਦੇਵ ਜੀ ਫੁਰਮਾਨ ਕਰਦੇ ਹਨ: ‘‘ਆਨ ਰਸਾ ਜੇਤੇ ਤੈ ਚਾਖੇ॥ ਨਿਮਖ ਨ ਤਿ੍ਰਸਨਾ ਤੇਰੀ ਲਾਥੇ॥’’ (ਮ:੫/ਅੰਕ ੧੮੦) ਹਰੇਕ ਗਿਆਨ ਇੰਦਰੇ ਦੇ ਵੱਖ ਵੱਖ ਕਿਸਮ ਦੇ ਰਸ ਹਨ ਜਿਨ੍ਹਾਂ ਵਿਚੋਂ ਮਨੁੱਖ ਦਾ ਨਿਕਲਨਾ ਬਹੁਤ ਕਠਿਨ ਹੈ। ਅੱਖਾਂ ਦਾ ਰਸ ਹੈ ਰੂਪ ਦੇਖਣਾ, ਨੱਕ ਦਾ ਰਸ ਸੁਗੰਧ ਮਾਣਨ ਦਾ ਹੈ, ਜੀਭ ਸੁਆਦਾਂ ਤੇ ਨਿੰਦਿਆ ਆਦਿ ਰਸਾਂ ਵਿਚ ਰਹਿੰਦੀ ਹੈ, ਕੰਨ ਪਰਾਈ ਨਿੰਦਿਆ, ਗੰਦੇ ਗੀਤ ਸੁਣਨ ਵਿਚ ਆਨੰਦਿਤ ਹੁੰਦੇ ਹਨ।, ਚਮੜੀ ਦਾ ਰਸ ਸਪਰਸ਼ ਹੈ, ਅਹੰਕਾਰ ਜੋ ਸਭ ਤੋਂ ਪ੍ਰਧਾਨ ਹੈ ਇਹ ਤਾਂ ਵਡੇ ਵਡੇ ਤਪਸਵੀਆਂ ਨੂੰ ਵੀ ਨਹੀਂ ਛਡਦਾ। ਰਿਸ਼ੀ, ਮੁਨੀ, ਜੋਗੀ, ਤਪੀ, ਵਿਦਵਾਨ, ਵਕਤੇ ਸਭ ਅਹੰਕਾਰ ਵਿਚ ਗ੍ਰਸੇ ਹੋਏ ਹਨ। ਗੁਰਬਾਣੀ ਤਾਂ ਇੱਥੋਂ ਤੱਕ ਵਖਿਆਣ ਕਰਦੀ ਹੈ ਕਿ ਸਮਾਜਿਕ ਰੱਬ ਮੰਨੇ ਜਾਂਦੇ ‘‘ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਰੋਗੀ; ਵਿਚਿ ਹਉਮੈ ਕਾਰ ਕਮਾਈ॥’’ (ਮ:੪/ਅੰਕ ੭੩੫) ਭਾਵ ਕਿ ਜੋ ਸੰਸਾਰ ਦੇ ਤਿੰਨ ਵਡੇ ਦੇਵਤੇ, ਸ੍ਰਿਸ਼ਟੀ ਦਾ ਰਚਨਵਾਲਾ, ਪਾਲਨਵਾਲਾ ਅਤੇ ਸੰਘਾਰਨ ਵਾਲਾ, ਇਹ ਸਾਰੇ ਵੀ ਹਉਮੈ ਦੇ ਰੋਗੀ ਹਨ। ਹਉਮੈ (ਅਹੰਕਾਰ) ਦੇ ਕਾਰਨ ਹੀ ਮਨੁੱਖ ਦਾ ਜਨਮ ਮਰਣ ਦਾ ਗੇੜ ਬਣਿਆ ਰਹਿੰਦਾ ਹੈ। ‘‘ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ॥’’ (ਮ:੨/ਅੰਕ ੪੬੬) ਗਿਆਨ ਹਾਸਲ ਕਰਨ ਵਾਸਤੇ ਪੜ੍ਹਾਈ ਕਰਨੀ ਜ਼ਰੂਰੀ ਹੈ, ਪਰ ਉਹ ਵਿਦਿਆ ਜੋ ਸਿਰਫ ਸੰਸਾਰਕ ਤੇ ਪਦਾਰਥਕ ਗਿਆਨ ਦੇਵੇ, ਅਹੰਕਾਰ ਦਾ ਕਾਰਣ ਬਣ ਜਾਂਦੀ ਹੈ। ਬਹੁਤਾ ਪੜ੍ਹਿਆ ਹੋਇਆ ਇਨਸਾਨ, ਜੇ ਉਹ ਵਿਕਾਰਾਂ ਵਿਚ ਪ੍ਰਵਿਰਤ ਹੈ, ਗੁਰੂ ਜੀ ਆਖਦੇ ਹਨ ਕਿ ਉਸ ਨੂੰ ਅਧਿਆਤਮਕ ਗਿਆਨ ਨਹੀਂ ਹੋ ਸਕਦਾ ਅਤੇ ਉਸ ਦੀ ਗਿਣਤੀ ਮੂਰਖਾਂ ਵਿਚ ਕੀਤੀ ਜਾਂਦੀ ਹੈ: ‘‘ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ॥’’ (ਮ:੧/ਅੰਕ ੧੪੦) ਭਾਈ ਗੁਰਦਾਸ ਜੀ ਆਖਿਰ ਵਿਚ ਫੁਰਮਾਂਦੇ ਹਨ ਕਿ ਮਨੁੱਖ ਜਦੋਂ ਤੱਕ ਗੁਰੂ ਦੀ ਸ਼ਰਨ ਵਿਚ ਆ ਕੇ, ਦੀਖਿਆ ਲੈ ਕੇ, ਗੁਰੂ ਅਨਸਾਰੀ ਜੀਵਨ ਬਤੀਤ ਨਹੀਂ ਕਰਦਾ ਤਦੋਂ ਤੱਕ ਅਨ-ਰਸ, ਵਿਕਾਰ, ਦੁਨੀਆਵੀ ਪਦਾਰਥਾਂ ਦਾ ਮੋਹ ਤੇ ਆਤਮਿਕ ਅਗਿਆਨਤਾ ਵਿਚ ਹੀ ਉਸ ਦਾ ਜੀਵਨ ਗੁਜ਼ਰਦਾ ਹੈ ਅਤੇ ਉਹ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਪਰਮਾਤਮਾ ਦੀ ਸੋਝੀ ਮਨੁੱਖ ਨੂੰ ਗੁਰੂ ਤੋਂ ਹੀ ਹੁੰਦੀ ਹੈ ਕਿਉਂਕਿ ਗੁਰੂ ਹੀ ਉਪਦੇਸ਼ ਦੇ ਕੇ ਪ੍ਰਭੂ ਨੂੰ ਮਿਲਾਣ ਦੇ ਸਮਰੱਥ ਹੈ: ‘‘ਬਿਨੁ ਗੁਰ, ਦੀਖਿਆ ਕੈਸੇ ਗਿਆਨ?॥’’ (ਮ:੫/ਅੰਕ ੧੧੪੦)