Kavit No. 10 (Bhai Gurdas Ji)

0
730

ਕਬਿੱਤ ਨੰਬਰ 10 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ- 94164-05173

ਦਸਮ ਸਥਾਨ ਕੇ ਸਮਾਨ ਕਉਨ ਭਉਨ ਕਹਓਂ, ਗੁਰਮੁਖਿ ਪਾਵੈ ਸੁ ਤੌ ਅਨਤ ਨ ਪਾਵਈ।

ਉਨਮਨੀ ਜੋਤਿ ਪਟੰਤਰ ਦੀਜੈ ਕੌਨ ਜੋਤਿ, ਦਯਾ ਕੈ ਦਿਖਾਵੈ ਜਾਹੀ ਤਾਹੀ ਬਨ ਆਵਹੀ।

ਅਨਹਦ ਨਾਦ ਸਮਸਰ ਨਾਦ ਬਾਦ ਕਓਨ, ਸ੍ਰੀ ਗੁਰੂ ਸੁਨਾਵੈ ਜਾਂਹਿ ਸੋਈ ਲਿਵ ਲਾਵਈ।

ਨਿਝਰ ਅਪਾਰ ਧਾਰ ਤੁਲ ਨ ਅੰਮ੍ਰਿਤ ਰਸ, ਅਪਿਉ ਪੀਆਵੈ ਜਾਂਹਿ ਤਾਹੀ ਮੈ ਸਮਾਵਈ॥੧੦॥

ਸ਼ਬਦ ਅਰਥ: ਦਸਮ ਸਥਾਨ-ਦਸਵਾਂ ਦੁਆਰ। ਭਉਨ-ਭਵਨ, ਸਥਾਨ। ਅਨਤ-ਹੋਰ ਕੋਈ। ਉਨਮਨੀ-ਗਿਆਨ ਅਵਸਥਾ। ਪਟੰਤਰ-ਤੁਲ, ਸਮਾਨ। ਅਨਹਦ-ਅਲੌਕਿਕ। ਨਿਝੱਰ-ਨਿਰੰਤਰ ਧਾਰਾ। ਅਪਿਉ-ਅੰਮ੍ਰਿਤ, ਹਰਿ ਨਾਮ ਰਸ, ਜੋ ਸਾਧਾਰਣ ਲੋਕਾਂ ਤੋਂ ਨਾ ਪੀਤਾ ਜਾ ਸਕੇ।

ਅਰਥ: ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ਕਿ ਦਸਵੇਂ ਦੁਆਰ ਦੇ ਬਰਾਬਰ ਕਿਹੜੀ ਥਾਂ ਹੋ ਸਕਦੀ ਹੈ, ਕਿਹੜਾ ਭਵਨ ਹੋ ਸਕਦਾ ਹੈ? ਇਸ ਬਾਰੇ ਪੂਰਨ ਤੌਰ ’ਤੇ ਕਿਹਾ ਨਹੀਂ ਜਾ ਸਕਦਾ ਪਰ ਇਸ ਦੀ ਪ੍ਰਾਪਤੀ ਗੁਰਮੁੱਖ (ਮਨੁੱਖ) ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ। ਇਸੇ ਤਰ੍ਹਾਂ ਉਨਮਨੀ ਜੋਤਿ ਭਾਵ ਗਿਆਨ ਅਵਸਥਾ ਦੇ ਸਮਾਨ ਕਿਹੜੀ ਅਵਸਥਾ ਕਹੀ ਜਾ ਸਕਦੀ ਹੈ? ਭਾਵ ਕੋਈ ਵੀ ਨਹੀਂ, ਪਰ ਜਿਸ ਨੂੰ ਗੁਰੂ ਉਸ ਅਵਸਥਾ ’ਤੇ ਪਹੁੰਚਾ ਦੇਵੇ ਉਹ ਹੀ ਉਸ ਅਵਸਥਾ ਨੂੰ ਮਾਣ ਸਕਦਾ ਹੈ, ਸਮਝ ਸਕਦਾ ਹੈ। ਅਨਹਦ ਨਾਦ ਦੀ ਬਰਾਬਰੀ ’ਤੇ ਕੋਈ ਵੀ ਨਾਦ ਨਹੀਂ ਹੈ। ਜਿਸ ਨੂੰ ਗੁਰੂ ਅਨਹਦ ਨਾਦ ਦੀ ਧੁਨੀ ਵਿਚ ਜੋੜ ਦੇਵੇ ਉਹ ਹੀ ਜੁੜ ਸਕਦਾ ਹੈ। ਨਾਮ ਅੰਮ੍ਰਿਤ ਦੇ ਰਸ ਦੀ ਨਿਰੰਤਰ ਧਾਰਾ ਵੀ ਉਹ ਮਨੁੱਖ ਹੀ ਪੀ ਸਕਦਾ ਹੈ ਜਿਸ ਉੱਤੇ ਗੁਰੂ ਕਿਰਪਾ ਕਰ ਕੇ ਇਹ ਦਾਤ ਆਪ ਪਿਲਾ ਦੇਵੇ ਫਿਰ ਉਹ ਮਨੁੱਖ ਪ੍ਰਮਾਤਮਾ ਵਿਚ ਹੀ ਸਮਾ ਜਾਂਦਾ ਹੈ।

   ਮਨੁੱਖ ਦੇ ਨੌਂ ਦੁਆਰੇ (ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੁੱਖ, ਗੁਦਾ, ਲਿੰਗ) ਪ੍ਰਗਟ ਰੂਪ ਵਿਚ ਹਨ ਜੋ ਦਿਖਾਈ ਦਿੰਦੇ ਹਨ, ਪਰ ਦਸਵਾਂ ਦੁਆਰ ਗੁਪਤ ਰੱਖਿਆਹੋਇਆ ਹੈ: ‘‘ਨਉ ਦੁਆਰੇ ਪਰਗਟੁ ਕੀਏ, ਦਸਵਾ ਗੁਪਤੁ ਰਖਾਇਆ॥’’ (ਅਨੰਦ ਸਾਹਿਬ)

ਦਸਵਾਂ ਦੁਆਰ ਜੋ ਅਸਥਾਨ ਹੈ ਉਹ ਬਿਆਨ ਤੋਂ ਬਾਹਰ ਹੈ। ਉਸ ਵਰਗੀ ਹੋਰ ਕਿਹੜੀ ਜਗ੍ਹਾ ਹੋ ਸਕਦੀ ਹੈ? ਕੋਈ ਨਹੀਂ। ਅਸਲ ਵਿਚ ਦਸਵੇਂ ਦੁਆਰ ਪੁਜੇ ਹੋਏਜਗਿਆਸੂ ਦੀ ਅਵਸਥਾ ਨੂੰ ਉਨਮਨਿ ਅਵਸਥਾ, ਤੁਰੀਆ ਅਵਸਥਾ, ਪਰਮ ਪਦ, ਪਰਮ ਅਨੰਦ, ਤ੍ਰੈ ਗੁਣ ਅਤੀਤ ਆਦਿ ਨਾਂਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ; ਜਿਵੇਂ ਕਿ ਇਨ੍ਹਾਂ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਅਵਸਥਾ ਕੋਈ ਆਮ ਅਵਸਥਾ ਨਹੀਂ ਹੈ। ਇੱਥੇ ਪਹੁੰਚਿਆ ਹੋਇਆ ਜਗਿਆਸੂ ਉਸ ਵਾਹਿਗੁਰੂ ਨਾਲ ਇਕ ਮਿਕ ਹੋਇਆ ਹੁੰਦਾ ਹੈ। ਉਸ ਅਵਸਥਾ ਵਿੱਚ ਪ੍ਰਮਾਤਮਾ, ਗੁਰੂ ਤੇ ਸਿੱਖ ਇੱਕੋ ਥਾਂ ’ਤੇ ਵਿਚਰਦੇ ਕਹੇ ਜਾ ਸਕਦੇ ਹਨ। ਗੁਰੂ ਦੀ ਮਤਿ ਅਨੁਸਾਰ ਜੀਵਨ ਗੁਜ਼ਾਰ ਕੇ ਮਨੁੱਖ ਗੁਰੂ ਨਾਲ ਇੱਕ ਮਿਕ ਹੋ ਜਾਂਦਾ ਹੈ। ਗੁਰਬਾਣੀ ਫੁਰਮਾਨ ਹੈ, ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ, ਸੋ ਸਤਿਗੁਰ ਮਾਹਿ ਸਮਾਨਾ॥’’ (ਮ:੩/ਅੰਕ ੭੯੭) ਭਾਵ ਕਿ ਉਸ ਦੀ ਸਮਾਈ ਗੁਰੂ ਵਿਚ ਹੀ ਹੋ ਜਾਂਦੀ ਹੈ। ਗੁਰੂ ਤੇ ਪਾਰਬ੍ਰਹਮ ਵਿਚ ਕੋਈ ਅੰਤਰ ਨਹੀਂ ਹੈ: ‘‘ਨਾਨਕ ! ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥’’ (ਮ:੫/ਅੰਕ ੧੧੪੨) ਇਹ ਅਵਸਥਾ ਗਿਆਨ ਤੇ ਪ੍ਰਕਾਸ਼ ਦੀ ਅਵਸਥਾ ਹੈ ਜਿਸ ਦੇ ਸਮਾਨ ਹੋਰ ਕੋਈ ਅਵਸਥਾ ਨਹੀਂ ਹੋ ਸਕਦੀ। ਗਿਆਨ ਪ੍ਰਕਾਸ਼ੀ ਜੋਤਿ ਅਨੂਠੀ ਹੈ, ਅਨੂਪਮ ਹੈ। ਜਿਸ ਨੂੰ ਦਇਆ ਦਾ ਘਰ; ਗੁਰੂ ਇਸ ਅਵਸਥਾ ’ਤੇ ਲਿਆਉਂਦਾ ਹੈ ਉਹੀ ਇਸ ਦਾ ਸੁਆਦ, ਰਸ, ਅਨੰਦ ਜਾਣ ਸਕਦਾ ਹੈ, ਹੋਰ ਕੋਈ ਨਹੀਂ: ‘‘ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥’’ (ਮ:੩/ਅੰਕ ੯੪੭) ਹਾਂ ਜਿਹੜਾ ਗੁਰੂ ਦੇ ਦੁਆਰੇ ਇਸ ਅਵਸਥਾ ਨੂੰ ਪ੍ਰਾਪਤ ਕਰਨਵਾਲੀ ਮਨਸ਼ਾ ਨਾਲ ਆ ਜਾਵੇ ਉਸ ਨੂੰ ਗੁਰੂ ਦਸਵਾਂ ਦੁਆਰ ਦਿਖਾ ਦੇਂਦਾ ਹੈ: ‘‘ਗੁਰਦੁਆਰੈ ਲਾਇ ਭਾਵਨੀ, ਇਕਨਾ ਦਸਵਾ ਦੁਆਰੁ ਦਿਖਾਇਆ॥’’ (ਅਨੰਦ ਸਾਹਿਬ)

ਦਸਵੇਂ ਦੁਆਰ ਵਿਚ ਜਗਿਆਸੂ ਦੀ ਸੁਰਤਿ ਪ੍ਰਭੂ ਨਾਮ ਵਿਚ ਜੁੜੀ ਰਹਿੰਦੀ ਹੈ। ਇਹ ਕੋਈ ਪ੍ਰਤੱਖ ਨਜ਼ਰ ਆਉਣ ਵਾਲਾ ਦੁਆਰ ਨਹੀਂ ਹੈ। ਇਹ ਮਾਨਸਿਕ ਸ਼ਕਤੀ ਦਾ ਦੁਆਰ ਹੈ, ਅਨੁਭਵ ਦਾ ਦੁਆਰ ਹੈ। ਇੱਥੇ ਪਹੁੰਚ ਕੇ ਜਗਿਆਸੂ ਨਾਮ ਦੀ ਮਸਤੀ ਵਿਚ ਖੀਵਾ ਹੋਇਆ ਰਹਿੰਦਾ ਹੈ। ਨਾਮ ਦੀ ਖੁਮਾਰੀ ਉਸ ਉੱਤੇ ਸਦਾ ਹੀ ਚੜ੍ਹੀ ਰਹਿੰਦੀ ਹੈ: ‘‘ਆਖਾ ਜੀਵਾ, ਵਿਸਰੈ ਮਰਿ ਜਾਉ॥’’ (ਮ: ੧/ਅੰਕ ੯) ਵਾਲੀ ਹਾਲਤ ਹੈ। ਇਹ ਪਰਮ ਆਨੰਦ ਦੀ ਅਵਸਥਾ ਹੈ। ਇਸ ਅਵਸਥਾ ਵਿੱਚ ਜਗਿਆਸੂ ਅਕਹਿ ਰਸ ਦਾ ਆਨੰਦ ਮਾਣਦਾ ਹੈ ਜਿਸ ਨੂੰ ਬਿਆਨ ਕਰਨਾ ਉਸ ਦੇ ਵਸ ਵਿੱਚ ਨਹੀਂ ਹੁੰਦਾ: ‘‘ਕਹੁ ਕਬੀਰ ! ਗੂੰਗੈ ਗੁੜੁ ਖਾਇਆ, ਪੂਛੇ ਤੇ ਕਿਆ ਕਹੀਐ? ॥’’ (ਅੰਕ ੩੩੪)