ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ 15)
ਕਿਰਪਾਲ ਸਿੰਘ (ਬਠਿੰਡਾ) ੮੮੩੭੮-੧੩੬੬੧
ਕਿਰਿਆਵਾਚੀ ਸ਼ਬਦਾਂ ਦੀ ਤਿੰਨ ਭਾਗਾਂ (ਉੱਤਮ ਪੁਰਖ, ਜਿਵੇਂ ਕਿ ਮੈਂ, ਮੱਧਮ ਪੁਰਖ, ਜਿਵੇਂ ਕਿ ਤੂੰ, ਅਨ੍ਯ ਪੁਰਖ, ਜਿਵੇਂ ਕਿ ਉਹ) ਰਾਹੀਂ ਕੀਤੀ ਗਈ ਵੰਡ ਮੁਤਾਬਕ ਇਸ ਲੇਖ ਵਿੱਚ ਉੱਤਮ ਪੁਰਖ ਇੱਕ ਵਚਨ ਕਿਰਿਆ ਨੂੰ ਵਿਚਾਰਿਆ ਜਾਵੇਗਾ।
ਪਿਛਲੇ ਦੋ ਭਾਗਾਂ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਵਚਨ (ਇੱਕ ਵਚਨ ਤੇ ਬਹੁ ਵਚਨ), ਪੁਰਖ (ਉੱਤਮ, ਮਧਮ ਤੇ ਅਨ੍ਯ ਪੁਰਖ) ਅਤੇ ਕਾਲ (ਭੂਤ, ਵਰਤਮਾਨ ਤੇ ਭਵਿੱਖ ਕਾਲ) ਦੇ ਮੁਤਾਬਕ ਇੱਕੋ ਸ਼ਬਦ ਬਣਤਰ ਗੁਰਬਾਣੀ ਲਿਖਤ ’ਚ ਕਿਤੇ ਬਿੰਦੀ ਸਹਿਤ ਅਤੇ ਕਿਤੇ ਬਿੰਦੀ ਰਹਿਤ ਆ ਰਹੀ ਸੀ, ਮਿਸਾਲ ਵਜੋਂ :- ਹੈ, ਜਾਵਾ, ਪਵਾ, ਪੀਵਾ, ਜੀਵਾ, ਪੁਛਾ, ਗਾਵਾ, ਕਰੀ, ਧਰੀ, ਪਾਈ, ਧਿਆਈ, ਬੋਲੀ ਆਦਿਕ ਸ਼ਬਦ ਪ੍ਰਸੰਗ ਅਨੁਸਾਰ ਕਿਤੇ ਬਿੰਦੀ ਸਹਿਤ ਉਚਾਰਨੇ ਠੀਕ ਰਹਿੰਦੇ ਹਨ ਅਤੇ ਕਿਤੇ ਬਿਨਾਂ ਬਿੰਦੀ ਤੋਂ। ਚੱਲ ਰਹੀ ਇਸ ਲੇਖ ਲੜੀ ਦੇ ਹਥਲੇ ਭਾਗ ਵਿੱਚ ਅਸੀਂ ਵੇਖਾਂਗੇ ਕਿ ਪਾਉ, ਜਾਉ, ਗਾਉ, ਖਾਉ, ਆਦਿਕ ਕਿਰਿਆਵਾਚੀ ਸ਼ਬਦਾਂ ਦਾ ਰੂਪ ਵੀ ‘ਪੁਰਖ’ ਅਤੇ ‘ਕਾਲ’ ਮੁਤਾਬਕ ਬਦਲਦਾ ਰਹਿੰਦਾ ਹੈ। ਅਸੀਂ ਵੇਖ ਚੁੱਕੇ ਹਾਂ ਕਿ ਕਿਰਿਆਵਾਚੀ ਸ਼ਬਦਾਂ ਦੇ ਅੰਤਮ ਅੱਖਰ ਦੇ ਕੰਨਾ ਜਾਂ ਬਿਹਾਰੀ ਹੋਣ ਉਪਰੰਤ ਜੇ ਉਹ ਸ਼ਬਦ ਵਰਤਮਾਨ ਕਾਲ, ਉੱਤਮ ਪੁਰਖ, ਇਕ ਵਚਨ ਜਾਂ ਅਨ੍ਯ ਪੁਰਖ, ਬਹੁ ਵਚਨ ਹੁੰਦੇ ਤਾਂ ਬਿੰਦੀ ਸਹਿਤ ਉਚਾਰੇ ਜਾਂਦੇ ਹਨ ਪਰ ਜੇ ਇੱਕ ਵਚਨ, ਮੱਧਮ ਪੁਰਖ, ਭਵਿਖਤ ਕਾਲ ਜਾਂ ਅਨ੍ਯ ਪੁਰਖ ਹੋਣ ਤਾਂ ਬਿਨਾਂ ਬਿੰਦੀ ਤੋਂ ਉਚਾਰੇ ਜਾਣੇ ਠੀਕ ਰਹਿੰਦੇ ਹਨ ਜਦ ਕਿ ਵੈਸੀ ਹੀ ਬਣਤਰ ਵਾਲੇ ਕੁਝ ਨਾਂਵ ਸ਼ਬਦ ਬਿਨਾਂ ਬਿੰਦੀ ਤੋਂ ਉਚਾਰੇ ਜਾਣੇ ਯੋਗ ਹੁੰਦੇ ਹਨ ਕਿਉਂਕਿ ਅਜਿਹੇ ਸ਼ਬਦਾਂ ਦਾ ਬਿੰਦੀ ਸਹਿਤ ਉਚਾਰੇ ਜਾਣਾ ਅਰਥਾਂ ਦਾ ਅਨਰਥ ਕਰ ਦਿੰਦਾ ਹੈ। ਇਸੇ ਤਰ੍ਹਾਂ ਅਗਰ ਅਜਿਹੇ ਸ਼ਬਦ ‘ਉ’ ਅੰਤ ਹੋਣ ਤਾਂ ਅੰਤ ਕੰਨਾ ਤੇ ਅੰਤ ਬਿਹਾਰੀ ਵਾਲੇ ਸ਼ਬਦਾਂ ਵਾਲੇ ਨਿਯਮ ਹੀ ਇੱਥੇ ਢੁੱਕਦੇ ਹਨ; ਜਿਵੇਂ ਕਿ:
(1). ਜਿਸ ਕੈ ਹੁਕਮਿ, ਇੰਦੁ ਵਰਸਦਾ ; ਤਿਸ ਕੈ, ਸਦ ਬਲਿਹਾਰੈ ‘ਜਾਂਉ’॥ (ਮ: 3/1285) ਅਰਥ: ਜਿਸ (ਪ੍ਰਭੂ) ਦੇ ਹੁਕਮ ਨਾਲ ਇੰਦਰ (ਬੱਦਲ) ਵਰਖਾ ਕਰਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ।
(2). ਸਤਿਗੁਰ ਮੂਰਤਿ ਕਉ ਬਲਿ ‘ਜਾਉ’ (ਜਾਂਉ)॥ ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ; ਸਫਲ ਦਰਸਨੁ ਕਦਿ ‘ਪਾਂਉ’ ॥ (ਮ: 5/1202) ਅਰਥ: ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ; ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੇ ਵਰਖਾ-) ਪਾਣੀ ਦੀ ਪਿਆਸ ਹੁੰਦੀ ਹੈ, ਤਿਵੇਂ ਮੇਰੇ ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ ਕਦੋਂ ਉਸ ਸਤਿਗੁਰੂ ਦਾ ਦਰਸ਼ਨ ਪਾਵਾਂ ।
(ਨੋਟ: ਲੜੀ ਨੰ: 1 ਵਿੱਚ ‘ਜਾਂਉ’ ਇੱਕ ਵਚਨ ਉੱਤਮ ਪੁਰਖ ਕਿਰਿਆ ਹੋਣ ਕਾਰਨ ਅਰਥ ‘ਮੈਂ ਜਾਂਦਾ ਹਾਂ’ ਹੋਵੇਗਾ, ਪਰ ਤੁਕ ਨੰ: 2 ’ਚ ਸਮਾਨ ਅਰਥ ਹੋਣ ਦੇ ਬਾਵਜੂਦ (ਜਾਉ ਸ਼ਬਦ ਨੂੰ) ਬਿੰਦੀ ਨਹੀਂ, ਭਾਵੇਂ ਕਿ ਉਚਾਰਨ ਬਿੰਦੀ ਸਹਿਤ (ਜਾਂਉ) ਕਰਨਾ ਹੀ ਦਰੁਸਤ ਹੈ।)
(3). ਤੂ ਭਰਪੂਰਿ ; ਜਾਨਿਆ ਮੈ ਦੂਰਿ ॥ ਜੋ ਕਛੁ ਕਰੀ ; ਸੁ ਤੇਰੈ ਹਦੂਰਿ ॥ ਤੂ ਦੇਖਹਿ, ਹਉ ਮੁਕਰਿ ‘ਪਾਉ’ (ਪਾਂਉ) ॥ ਤੇਰੈ ਕੰਮਿ ਨ ਤੇਰੈ ਨਾਇ ॥ (ਮ: 1/25) ਅਰਥ: ਹੇ ਪ੍ਰਭੂ ! ਤੂੰ (ਜਗਤ ’ਚ) ਹਰ ਥਾਂ ਮੌਜੂਦ ਹੈਂ, ਪਰ ਮੈਂ ਦੂਰ ਵੱਸਦਾ ਸਮਝਿਆ ਹੈ। (ਦਰਅਸਲ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿੱਚ ਰਹਿ ਕੇ ਹੀ ਕਰਦਾ ਹਾਂ, ਤੂੰ ਸਭ ਕੁਝ ਵੇਖਦਾ ਹੈਂ (ਪਰ ਤੈਨੂੰ ਦੂਰ ਸਮਝਣ ਕਾਰਨ) ਮੈਂ (ਤੇਰੇ ਵਜੂਦ ਤੋਂ) ਇਨਕਾਰੀ ਹਾਂ, ਇਸ ਲਈ ਮੈਨੂੰ ਤੇਰੇ ਨਾਮ ਵਿੱਚ ਅਤੇ ਤੇਰੇ ਦਰਸਾਏ ਮਾਰਗ (ਕੰਮ) ਵਿੱਚ ਰੁਚੀ ਨਹੀਂ, ਸੰਤੁਸ਼ਟੀ ਨਹੀਂ।
(ਨੋਟ: ਲੜੀ ਨੰਬਰ 2 ’ਚ ‘ਪਾਂਉ’ ਇੱਕ ਵਚਨ ਉੱਤਮ ਪੁਰਖ ਕਿਰਿਆ ਹੈ ਭਾਵ ‘ਮੈਂ ਕਦ ਪਾਵਾਂ ? ’ ਕਿਉਂਕਿ ਪਿਆਸ ਤਾਂ ਹੁਣ ਹੈ, ਇੱਥੇ ਸ਼ਬਦ ਬਿੰਦੀ ਸਹਿਤ ਹੈ ਪਰ ਤੁਕ ਨੰ: 3 ’ਚ ਵੀ ਇਹੀ ਵਚਨ ਤੇ ਕਿਰਿਆ ਹੈ ਪਰ ਸ਼ਬਦ ਬਣਤਰ ‘ਪਾਉ’ ਬਿਨਾਂ ਬਿੰਦੀ ਹੈ ਇਸ ਲਈ ਇੱਥੇ ਵੀ ਤੁਕ ਨੰ: 2 ਤੋਂ ਸੇਧ ਲੈ ਕੇ ਬਿੰਦੀ ਸਹਿਤ ‘ਪਾਂਉ’ ਉਚਾਰਨ ਠੀਕ ਰਹੇਗਾ।
ਧਿਆਨ ਰਹੇ ਕਿ ਉਕਤ ਉਦਾਹਰਨਾਂ ਤੋਂ ਇਹ ਮਤਬਲ ਨਹੀਂ ਲੈ ਲੈਣਾ ਕਿ ‘ਜਾਉ’ ‘ਪਾਉ’ ਨੂੰ ਹਰ ਥਾਂ ਬਿੰਦੀ ਹੀ ਲੱਗੇਗੀ। ਮਿਸਾਲ ਵਜੋਂ ਹੇਠਲੇ ਨੰ: 4 ਵਿੱਚ ‘ਪਾਉ’ ਕਿਰਿਆ ਨਹੀਂ, ਨਾਂਵ ਹੈ, ਜਿਸ ਦਾ ਅਰਥ ਹੈ ‘ਪਾਈਆ’ ਭਾਵ ਇੱਕ ਸੇਰ ਦਾ ਚੌਥਾ ਹਿੱਸਾ। ਇਸ ਲਈ ਇੱਥੇ ਬਿੰਦੀ ਰਹਿਤ (ਪਾਉ) ਉਚਾਰਨ ਦਰੁਸਤ ਹੋਏਗਾ । ਹੇਠਲੇ ਨੰਬਰ 5 ਵਿੱਚ ਵੀ ‘ਪਾਉ’ ਨਾਂਵ ਹੈ ਜਿਸ ਦਾ ਅਰਥ ਹੈ ‘ਪੈਰ’। ਹਿੰਦੀ ਦੇ ਸ਼ਬਦ ‘ਪਾਂਵ’ ਦਾ ਪੰਜਾਬੀ ਰੂਪ ਹੈ ‘ਪਾਂਉ’; ਇਹ ਬਣਤਰ ਹੋਣ ਕਾਰਨ ਇੱਥੇ ਬਿੰਦੀ ਸਹਿਤ ‘ਪਾਂਉ’ ਉਚਾਰਨਾ ਯੋਗ ਹੈ।)
(4). ਦੁਇ ਸੇਰ ਮਾਂਗਉ ਚੂਨਾ ॥ ‘ਪਾਉ’ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥ (ਕਬੀਰ ਜੀਉ/656) ਅਰਥ: (ਹੇ ਦਾਤਾਰ ਪਿਤਾ ਜੀਓ ! ) ਮੈਂ ਜੀਵਤ ਰਹਿਣ ਲਈ (ਤੇਰੇ ਦਰ ਤੋਂ) ਦੋਨੋਂ ਵਕਤ ਦੋ ਸੇਰ ਆਟਾ, ਇੱਕ ਪਾਉ ਘਿਉ, ਕੁਝ ਲੂਣ ਅਤੇ ਅੱਧਾ ਸੇਰ ਦਾਲ ਮੰਗਦਾ ਹਾਂ।
(5). ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ‘ਪਾਉ’ (ਪਾਂਉ)॥ ਜੇ ਓਹੁ ਦੇਉ; ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ! ਹਮ, ਹਰਿ ਕੀ ਸੇਵਾ ॥ (ਨਾਮਦੇਵ ਜੀਉ/525) ਅਰਥ: (ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨੂੰ ਪਿਆਰ ਕੀਤਾ ਜਾਂਦਾ ਹੈ ਤੇ ਹੋਰ ਦੂਜੇ ਪੱਥਰ ’ਤੇ (ਘਰਾਂ ਵਿੱਚ ਜਾਂ ਮੰਦਰ ਦੀਆਂ ਪੌੜਆਂ ’ਤੇ ਫ਼ਰਸ਼ ਲੱਗੇ ਹੋਣ ਕਾਰਨ) ਪੈਰ ਧਰਿਆ ਜਾਂਦਾ ਹੈ। ਜੇ ਉਹ (ਮੂਰਤੀ ਵਾਲਾ ਸਨਮਾਨਿਤ) ਪੱਥਰ ਦੇਵਤਾ ਹੈ ਤਾਂ ਦੂਜਾ (ਫ਼ਰਸ਼ ਵਾਲਾ) ਪੱਥਰ ਭੀ ਦੇਵਤਾ ਹੈ (ਉਸ ’ਤੇ ਪੈਰ ਕਿਉਂ ਰੱਖੇ ਜਾਣ ਹੈ?) ਨਾਮਦੇਉ ਆਖਦਾ ਹੈ (ਕਿ ਮੈਂ ਅਜਿਹੀ ਅਰਥਹੀਣ ਟੇਕ ਦੀ ਬਜਾਇ) ਰੱਬੀ ਬੰਦਗੀ ਕਰਨ ਵੱਲ ਮੁੜਿਆ ਹਾਂ।
(6). ਹਰਿ ਬਿਨੁ, ਜੀਉ ਜਲਿ ਬਲਿ ‘ਜਾਉ’ ॥ (ਮ: 1/14) ਅਰਥ: ਰੱਬੀ ਮਿਲਾਪ ਬਿਨਾਂ, ਜਿੰਦ ਸੜ-ਬਲ਼ ਜਾਂਦੀ ਹੈ।
ਨੋਟ: ਇਸ ਤੁਕ ਵਿੱਚ ‘ਜਾਉ’ ਸ਼ਬਦ ਅਨ੍ਯ ਪੁਰਖ ਕਿਰਿਆ ਹੋਣ ਕਾਰਨ ਬਿੰਦੀ ਰਹਿਤ ਉਚਾਰਨਾ ਦਰੁਸਤ ਹੈ, ਅਰਥ ਹੈ ‘ਜਾਂਦੀ ਹੈ।
(7). ਏ ਮਨ ਮੇਰੇ ! ਸਦਾ ਰੰਗਿ ਰਾਤੇ ; ਸਦਾ, ਹਰਿ ਕੇ ਗੁਣ ‘ਗਾਉ’ ॥ ਹਰਿ ਨਿਰਮਲੁ, ਸਦਾ ਸੁਖਦਾਤਾ ; ਮਨਿ ਚਿੰਦਿਆ ਫਲੁ ‘ਪਾਉ’ ॥ (ਮ: 3/565) ਅਰਥ: ਹੇ ਮੇਰੇ ਮਨ ! ਸਦਾ ਰੱਬੀ ਪ੍ਰੇਮ-ਰੰਗ ’ਚ ਰੰਗਿਆ ਰਹੁ, ਸਦਾ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹੁ। ਪਰਮਾਤਮਾ ਸਦਾ ਪਵਿਤ੍ਰ ਤੇ ਸੁਖ ਦੇਣ ਵਾਲਾ ਹੈ (ਉਸ ਦੀ ਸਿਫ਼ਤ ਕਰ ਕੇ) ਮਨ-ਇੱਛਤ ਫਲ਼ ਪਾ ਲੈ।
(ਨੋਟ : ਲੜੀ ਨੰ: 7 ਵਿੱਚ ‘ਗਾਉ’ ਅਤੇ ‘ਪਾਉ’ ਦੂਜਾ ਪੁਰਖ ਇੱਕ ਵਚਨ ਕਿਰਿਆ ਹੈ, ਇਸ ਲਈ ਇਨ੍ਹਾਂ ਦਾ ਉਚਾਰਨ ਬਿੰਦੀ ਰਹਿਤ ਹੀ ਦਰੁਸਤ ਹੈ।)
(8). ਉਦਮੁ ਸੋਈ ਕਰਾਇ, ਪ੍ਰਭ ! ਮਿਲਿ ਸਾਧੂ, ਗੁਣ ‘ਗਾਉ’ (ਗਾਂਉ)॥ (ਮ: 5/137) ਅਰਥ: ਹੇ ਪ੍ਰਭੂ ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ।
(ਨੋਟ: ਇਸ ਨੰ: 9 ਵਿੱਚ ‘ਗਾਉ’ ਉੱਤਮ ਪੁਰਖ ਇੱਕ ਵਚਨ ਕਿਰਿਆ ਹੈ, ਇਹ ਵੀ ਬਿੰਦੀ ਸਹਿਤ ਉਚਾਰਨਾ ਠੀਕ ਹੈ, ਅਰਥ ਹਨ ‘ਮੈਂ ਗਾਵਾਂ’।
ਲੜੀ ਨੰ: 7 ਅਤੇ 8 ’ਚ ਦਰਜ ‘ਗਾਉ’ ਕਿਰਿਆ ਦੇ ਉਚਾਰਨ ਅੰਤਰ ਨੂੰ ਸਮਝਣਾ ਬੜਾ ਜ਼ਰੂਰੀ ਹੈ।)
(10). ਬਹੁਤੁ ਪ੍ਰਤਾਪੁ, ‘ਗਾਂਉ’ (ਭਾਵ ਪਿੰਡ) ਸਉ ਪਾਏ ; ਦੁਇ ਲਖ ਟਕਾ ਬਰਾਤ ॥ ਦਿਵਸ ਚਾਰਿ ਕੀ ਕਰਹੁ ਸਾਹਿਬੀ ; ਜੈਸੇ, ਬਨ ਹਰ ਪਾਤ ॥ (ਕਬੀਰ ਜੀਉ/1251) ਅਰਥ: ਜੇ ਵੱਧ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ ਦੋ ਲੱਖ ਟਕੇ ਦੀ ਜਾਗੀਰ ਮਿਲ ਗਈ, ਹੇ ਬੰਦੇ ! ਤਾਂ ਭੀ (ਕੀ ਹੋਇਆ) ਚਾਰ ਦਿਨ ਦੀ ਸਰਦਾਰੀ ਕਰ ਲਵੇਗਾ (ਆਖ਼ਰ ਇੱਥੇ ਹੀ ਰਹਿ ਜਾਊ) ਜਿਵੇਂ ਜੰਗਲ ਦੇ ਹਰੇ ਪੱਤੇ (ਜੋ ਚਾਰ ਕੁ ਦਿਨ ਬਾਅਦ ਝੜ ਜਾਂਦੇ ਹਨ)
(11). ਬਾਬਾ ! ਅਬ ਨ ਬਸਉ (ਬਸਉਂ) ਇਹ ‘ਗਾਉ (ਗਾਂਉ) ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ‘ਨਾਉ’ (ਨਾਂਉ) ॥ (ਕਬੀਰ ਜੀਉ/1104) ਅਰਥ: ਹੇ ਬਾਬਾ ! ਹੁਣ ਮੈਂ ਇਸ ਪਿੰਡ (ਸਰੀਰ) ਵਿੱਚ ਨਹੀਂ ਵਸਣਾ ਕਿਉਂਕਿ (ਚੇਤੂ) ਚਿੱਤਰ-ਗੁਪਤ ਨਾਮ ਦਾ (ਕਾਇਥੁ) ਮੁਨੀਮ ਹਰ ਪਲ ਦਾ ਲੇਖਾ ਮੰਗਦਾ ਹੈ।
(ਨੋਟ: ਲੜੀ ਨੰ: 10 ’ਚ ‘ਗਾਂਉ’ ਅਤੇ ਨੰ. 11 ’ਚ ‘ਗਾਉ’ ਦਾ ਅਰਥ ਹੈ ‘ਪਿੰਡ’, ਭਾਵੇਂ ਕਿ ਇੱਕ ਥਾਂ ਬਿੰਦੀ ਹੈ ਪਰ ਦੂਜੇ ਥਾਂ ਨਹੀਂ, ਇਨ੍ਹਾਂ ਦੋਵੇਂ ਦਾ ਉਚਾਰਨ ਹੋਏਗਾ ‘ਗਾਂਉ’।)
(12). ਸੁਣਿਆ, ਮੰਨਿਆ, ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ‘ਨਾਉ’ (ਨ੍ਹਾਉ) ॥ (ਜਪੁ) ਅਰਥ: (ਗੁਰੂ ਉਪਦੇਸ਼) ਸੁਣਨਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ ਤੇ ਮਨ ਵਿੱਚ ਪਿਆਰ ਰੱਖਣਾ ਜ਼ਰੂਰੀ ਹੈ, ਜੋ ਇਉਂ ਕਰਦਾ ਹੈ ਉਹ ਆਪਣੇ ਅੰਦਰਲੇ ਤੀਰਥ ’ਤੇ ਮਲ਼-ਮਲ਼ ਕੇ ਇਸ਼ਨਾਨ ਕਰਦਾ ਹੈ।
(ਨੋਟ: ਲੜੀ ਨੰਬਰ 11 ’ਚ ‘ਨਾਉ’ ਦਾ ਅਰਥ ਹੈ ‘ਚਿਤਰ ਗੁਪਤ ਦਾ ਨਾਂ’, ਇਸ ਦਾ ਉਚਾਰਨ ਹੋਏਗਾ ‘ਨਾਂਉ’, ਪਰ ਨੰਬਰ 11 ’ਚ ‘ਨਾਉ’ ਕਿਰਿਆ ਹੈ, ਜਿਸ ਦਾ ਅਰਥ ਹੈ ‘ਇਸ਼ਨਾਨ ਕਰਨਾ’ ਤੇ ਉਚਾਰਨ ਹੋਵੇਗਾ ‘ਨ੍ਹਾਉ’। ਦੋਵੇਂ ਸ਼ਬਦਾਰਥਾਂ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ ਜਦਕਿ ਹੇਠਲੀ ਤੁਕ ’ਚ ‘ਨਾਉ’ ਦਾ ਅਰਥ ਹੈ ‘ਕਿਸਤੀ-ਬੇੜੀ’ ਤੇ ਉਚਾਰਨ ਹੋਵੇਗਾ ‘ਨਾਉ’, ਨਾ ਕਿ ‘ਨਾਂਉ ਜਾਂ ਨ੍ਹਾਉ’।)
(13). ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ‘ਨਾਉ’ ਸਮੁੰਦ੍ਰ ਮਹਿ ; ਕਿਆ ਜਾਨਉ, ਕਿਆ ਹੋਇ ?॥ (ਕਬੀਰ ਜੀਉ/1366) ਅਰਥ: ਹੇ ਕਬੀਰ ! (ਪਦਾਰਥਾਂ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ ਤੇ ਗ਼ਰੀਬ ਨੂੰ ਵੇਖ ਕਿਸੇ ਦਾ ਹੱਸਣਾ ਸਹੀ ਨਹੀਂ ਹੁੰਦਾ ਕਿਉਂਕਿ ਅਜੇ ਤਾਂ (ਸਾਡੀ ਆਪਣੀ ਜੀਵਨ-) ਬੇੜੀ ਸੰਸਾਰ-ਸਮੁੰਦਰ ’ਚ ਹੈ, ਪਤਾ ਨਹੀਂ ਕੱਲ੍ਹ ਕੀ ਹੋ ਜਾਣਾ ਹੈ? (ਭਾਵ ਗ਼ਰੀਬੀ ਵੀ ਆ ਸਕਦੀ ਹੈ।)
(14). ਜੇਤਾ ਦੇਹਿ; ਤੇਤਾ ਹਉ ‘ਖਾਉ’ (ਖਾਂਉ) ॥ ਬਿਆ ਦਰੁ ਨਾਹੀ; ਕੈ ਦਰਿ ‘ਜਾਉ’ (ਜਾਂਉ) ? ॥ (ਮ: 1/25) ਅਰਥ : ਹੇ ਪ੍ਰਭੂ ! ਜਿੰਨਾ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ (ਕਿਉਂਕਿ) ਹੋਰ ਕੋਈ ਆਸਰਾ ਨਹੀਂ, ਜਿੱਥੋਂ ਪ੍ਰਾਪਤ ਕਰਨ ਲਈ ਕੂਕੀਏ ਭਾਵ ਕਿਹੜੇ ਦਰ ਉੱਤੇ (ਮੰਗਣ) ਜਾਵਾਂ।
(15). ਪਾਖਾਨ ਗਢਿ ਕੈ ਮੂਰਤਿ ਕੀਨ੍ੀ; ਦੇ ਕੈ ਛਾਤੀ ‘ਪਾਉ’ (ਪਾਂਉ) ॥ ਜੇ, ਏਹ ਮੂਰਤਿ ਸਾਚੀ ਹੈ; ਤਉ ਗੜ੍ਹਣਹਾਰੇ ‘ਖਾਉ’ ॥ (ਕਬੀਰ ਜੀਉ/479) ਅਰਥ: (ਮੂਰਤੀ ਘਾੜਤ ਨੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਚਿੱਤਰਕਾਰੀ ਕੀਤੀ। ਜੇ ਇਸ ਮੂਰਤੀ ’ਚ ਜਾਨ ਹੁੰਦੀ ਤਾਂ (ਘੜਦਿਆਂ ਹੋਏ ਨਿਰਾਦਰੀ ਵਜੋਂ ਇਹ) ਘੜਨ ਵਾਲੇ ਨੂੰ ਹੀ ਖਾ ਜਾਂਦੀ।
(ਨੋਟ : ਲੜੀ ਨੰਬਰ 14 ’ਚ ਦਰਜ ‘ਖਾਉ, ਜਾਉ’ ਕਿਰਿਆਵਾਂ ਦਾ ਉਚਾਰਨ ‘ਖਾਂਉ, ਜਾਂਉ’ ਦਰੁਸਤ ਹੈ ਤੇ ਅਰਥ ਹਨ ‘ਮੈਂ ਖਾਂਦਾ ਹਾਂ, ਮੈਂ ਜਾਂਦਾ ਹਾਂ’ ਪਰ ਲੜੀ ਨੰਬਰ 15 ’ਚ ‘ਪਾਉ’ ਦਾ ਅਰਥ ਹੈ ‘ਪੈਰ’ (ਨਾਂਵ, ਉਚਾਰਨ ਪਾਂਉ) ਅਤੇ ਇਸੇ ਨੰਬਰ ਵਿੱਚ ‘ਖਾਉ’ ਅਨ੍ਯ ਪੁਰਖ ਇੱਕ ਵਚਨ ਕਿਰਿਆ ਹੈ, ਜਿਸ ਦਾ ਉਚਾਰਨ ਹੈ ‘ਖਾਉ’ ਤੇ ਅਰਥ ਹੈ (ਮੂਰਤੀ ਘਾੜਨਹਾਰੇ ਨੂੰ) ‘ਖਾ ਜਾਂਦੀ’, ਇਸੇ ਤਰ੍ਹਾਂ ਗੁਰਬਾਣੀ ’ਚ ਕੁਝ ‘ਉ’ ਅੰਤ ਵਾਲੇ ਹੋਰ ਸ਼ਬਦ ‘ਮਰਉ, ਹਰਉ, ਲਰਉ, ਬਸਉ, ਜਲਉ, ਰਹਉ, ਜਾਲਉ, ਬਾਧਉ, ਆਦਿਕ ਹਨ, ਜਿਨ੍ਹਾਂ ਦੇ ਸ਼ਬਦਾਰਥ ਅਤੇ ਭਾਵਾਰਥਾਂ ਨੂੰ ਸਮਝ ਕੇ ਜਾਂ ਇੱਕ ਥਾਂ ਤੋਂ ਸੇਧ ਲੈ ਕੇ ਦਰੁਸਤ ਉਚਾਰਨ ਕਰਨਾ ਹੀ ਗੁਰਬਾਣੀ ਦੇ ਅਸਲ ਮੰਤਵ ਨੂੰ ਸਮਝਣ ’ਚ ਸਹਾਈ ਹੁੰਦਾ ਹੈ।)
— ਚਲਦਾ —