ਗੁਰਬਾਣੀ ਦੀ ਦੁਰਵਰਤੋਂ ਕਰਦਾ ਚਤਰ ਮਨੁੱਖ
ਅਮਨਦੀਪ ਸਿੰਘ ਪੰਚਾਇਤ ਮੈਂਬਰ (ਲੁਧਿਆਣਾ)-94172-39495
ਗੁਰਬਾਣੀ ਫੁਰਮਾਨ ‘‘ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥’’ (ਆਸਾ, ਮ: ੫, ਪੰਨਾ ੩੭੪) ਦੇ ਮਹਾਂ ਵਾਕ ਅਨੁਸਾਰ ਮਨੁੱਖ ਆਪਣੇ ਜੀਵਣ ਕਾਲ ਵਿੱਚ ਸਿਰਦਾਰ ਜਾਂ ਰਾਜਾ ਹੈ । ਇਸ ਨੂੰ ਅਕਾਲ ਪੁਰਖ ਵੱਲੋਂ ਮਿਲੀਆਂ ਬੇਅੰਤ ਦਾਤਾਂ ’ਚੋਂ ਮਨੁੱਖੀ ਦਿਮਾਗ਼ ਇੱਕ ਅਜਿਹਾ ਅਹਿਮ ਹਿੱਸਾ ਬਖ਼ਸ਼ਸ਼ ਹੋਇਆ ਹੈ ਜਿਸ ਰਾਹੀਂ ਮਨੁੱਖ ਆਪਣੇ ਬੁਰੇ ਭਲੇ ਬਾਰੇ ਫੈਂਸਲੇ ਲੈਣ ਦੀ ਸਮਰੱਥਾ ਰੱਖਦਾ ਹੈ। ਬੌਧਿਕ ਗਿਆਨ ਹੋਣ ਕਾਰਨ ਮਨੁੱਖ ਜਿੱਥੇ ਗਿਆਨਵਾਨ ਹੈ ਉੱਥੇ ਆਪਣੇ ਦਿਮਾਗ਼ ਨੂੰ ਹਰੇਕ ਸਥਿਤੀ ਅਤੇ ਸਥਾਨ ’ਚ ਵਿਚਰਨ ਦੀ ਸੂਝ ਵੀ ਬਾਖ਼ੂਬੀ ਰੱਖਦਾ ਹੈ, ਪਰ ਹੁਣ ਮਨੁੱਖ ਚਤਰ ਹੋ ਚੁੱਕਾ ਹੈ ਤੇ ਆਪਣੇ ਸੋਚ ਮੁਤਾਬਕ ਗੁਰਬਾਣੀ ਦੀ ਵਰਤੋਂ ਕਰਨ ਦੀ ਮੁਹਾਰਤ ਵੀ ਹਾਸਲ ਕਰ ਚੁੱਕਿਆ ਹੈ । ਉਦਾਹਰਨ ਦੇ ਤੋਰ ’ਤੇ ਜੇਕਰ ਮੈਂ ਕਿਸੇ ਪਾਸੋਂ ਆਪਣੇ ਦਿੱਤੇ ਹੋਏ ਪੈਸੇ ਲੈਣੇ ਹਨ ਤੇ ਅੱਗੋਂ ਉਹ ਆਪਣੀ ਮਜ਼ਬੂਰੀ ਦੱਸ ਕੇ ਦੇਣ ਦੀ ਮਨਾਹੀ ਕਰ ਰਿਹਾ ਹੈ ਤਾਂ ਮੈਂ ਉਸ ਨੂੰ ਬੁਰਾ ਭਲਾ ਕਹਾਂਗਾ ਤੇ ਗੁਰਬਾਣੀ ਦੀ ਵਰਤੋਂ ਵੀ ਆਪਣੇ ਹਿਸਾਬ ਨਾਲ ਕਰਦਿਆਂ ਕਹਾਂਗਾ ‘‘ਹਕੁ ਪਰਾਇਆ ਨਾਨਕਾ ! ਉਸੁ ਸੂਅਰ, ਉਸੁ ਗਾਇ ॥’’ (ਮਾਝ ਕੀ ਵਾਰ, ਮ: ੧, ਪੰਨਾ ੧੪੧), ਪਰ ਇਸ ਤੋਂ ਉਲਟ ਸਥਿਤੀ ਹੋਣ ’ਤੇ ਜੇਕਰ ਮੇਰੇ ਪਾਸੋਂ ਕਿਸੇ ਨੂੰ ਪੈਸੇ ਵਾਪਸ ਨਹੀਂ ਦਿੱਤੇ ਜਾ ਰਹੇ ਤਾਂ ਮੈਂ ਇਹ ਕਹਿ ਕੇ ਸੱਚਾ ਸਾਬਤ ਹੋਵਾਂਗਾ ਕਿ ‘‘ਗਰੀਬਾ ਉਪਰਿ; ਜਿ ਖਿੰਜੈ ਦਾੜੀ ॥ ਪਾਰਬ੍ਰਹਮਿ; ਸਾ ਅਗਨਿ ਮਹਿ ਸਾੜੀ ॥’’ (ਗਉੜੀ, ਮ: ੫, ਪੰਨਾ ੧੯੯) ਇਸ ਤੋਂ ਅੱਗੇ ਜੇਕਰ ਮੇਰੀ ਸੋਚ ਅਤੇ ਦੂਸਰੇ ਦੀ ਸੋਚ ਵਿੱਚ ਅੰਤਰ ਹੈ, ਉਹ ਮੇਰੇ ਸਮਝਾਇਆਂ ਵੀ ਨਹੀਂ ਸਮਝ ਰਿਹਾਂ ਜਾਂ ਮੈਨੂੰ ਸਮਝਾਉਣਾ ਹੀ ਨਹੀਂ ਆ ਰਿਹਾ ਤਾਂ ਇਸ ਦਾ ਵੀ ਠੀਕਰਾ ਮੈਂ ਉਹਦੇ ਸਿਰ ’ਤੇ ਭੰਨਦਿਆਂ ਕਹਾਂਗਾ ‘‘ਮੂਰਖੈ ਨਾਲਿ ਨ ਲੁਝੀਐ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੩) ਭਾਵ ਮੈ ਹਰੇਕ ਸਥਿਤੀ ’ਤੇ ਹੀ ਸਹੀ ਜਾਂ ਸੰਪੂਰਨ ਮਨੁੱਖ ਰਹਾਂਗਾ । ਬੇਸ਼ਕ ਅਸੀਂ ਇਹ ਗੱਲ ਕਹੀ ਜਾਂਦੇ ਹਾਂ ਕਿ ‘‘ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥’’ (ਸੋਰਠਿ, ਮ: ੫, ਪੰਨਾ ੬੨੮) ਪਰ ਫਿਰ ਵੀ ਗੁਰਬਾਣੀ ਸਮਝਣ ਲੱਗਿਆਂ ਜਾਂ ਗੁਰਬਾਣੀ ਦੀ ਵਰਤੋਂ ਕਰਨ ਸਮੇਂ ਅਸੀਂ ਆਪਣੇ ਫਾਇਦੇ ਦੀਆਂ ਤੁੱਕਾਂ ਲੱਭ ਕੇ ਆਪਣੇ ਆਪ ਨੂੰ ਸਹੀ ਸਾਬਤ ਕਰੀ ਜਾਂਦੇ ਹੁੰਦੇ ਹਾਂ । ਹੁਣ ਤਾਂ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਕਿ ਅਸੀਂ ਰੱਬੀ ਹੋਂਦ ’ਤੇ ਵੀ ਕਿੰਤੂ-ਪਰੰਤੂ ਕਰਨ ਲਈ ਵੀ ਗੁਰਬਾਣੀ ਦੀ ਦੁਰਵਰਤੋਂ ਕਰਨੀ ਸਿੱਖ ਗਏ ਹਾਂ । ਗੁਰਬਾਣੀ ਦੀਆਂ ਕੁਝ ਕੁ ਤੁੱਕਾਂ ਦੀ ਦੁਰਵਰਤੋਂ ਕਰ ਕੇ ਅਸੀਂ ਧਰਮ ਨੂੰ ਵਪਾਰ ਅਤੇ ਵਪਾਰ ਨੂੰ ਅਧਰਮ ਦੇ ਸਥਾਨ ਵਿੱਚ ਤਬਦੀਲ ਕਰਨ ਵਿੱਚ ਕਾਫ਼ੀ ਹੱਦ ਤੱਕ ਸਫਲ ਹੁੰਦੇ ਜਾ ਰਹੇ ਹਾਂ ।
ਜੇਕਰ ਅਸੀਂ ਗੁਰਬਾਣੀ ਨੂੰ ਵਾਕਿਆ ਹੀ ਗੁਰੂ ਮੰਨਦੇ ਹਾਂ ਤਾਂ ਜਿੱਥੇ ਬਾਣੀ ਨੂੰ ਆਪਣੇ ’ਤੇ ਲਾਗੂ ਕਰੀਏ ਸਗੋਂ ਦੂਸਰੇ ਦੀ ਸਥਿਤੀ ਜਾਂ ਜਜ਼ਬਾਤਾਂ ਦੀ ਕਦਰ ਕਰਨ ਦੀ ਕੋਸ਼ਿਸ਼ ਵੀ ਕਰੀਏ, ਪਰ ਗੱਲ ਇਹ ਹੈ ਕਿ ਅਸੀਂ ਵਕੀਲ ਵੀ ਆਪ ਹਾਂ ਤੇ ਜੱਜ ਵੀ ਆਪ ਬਣ ਜਾਂਦੇ ਹਾਂ ਤੇ ਆਪਣੇ ਮੁਤਾਬਕ ਹਰੇਕ ਨੂੰ ਧਰਮੀ ਜਾਂ ਅਧਰਮੀ ਹੋਣ ਦਾ ਪ੍ਰਮਾਣ ਪੱਤਰ ਵੰਡਦੇ ਤੁਰੇ ਜਾਂਦੇ ਹਾਂ । ਅਸੀਂ ਭੁੱਲ ਜਾਂਦੇ ਹਾਂ ਕਿ ਗੁਰਬਾਣੀ ਜੀਵਨ ਜਾਚ ਹੈ। ਮੁਬਾਰਕ ਹੈ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹਨਾ, ਕੰਠ ਕਰਨਾ, ਵਿਚਾਰਨਾ-ਸਮਝਣਾ, ਪਰ ਆਪਣੇ ਜੀਵਨ ਦੇ ਰੋਜ਼ਾਨਾ ਕਾਰ-ਵਿਹਾਰ ’ਚ ਲਾਗੂ ਕਰਨਾ ਅਤਿੰਅਤ ਜ਼ਰੂਰੀ ਹੈ। ਧਿਆਨ ਰੱਖੀਏ ਕਿ ਸਾਡੇ ਸੁਭਾਅ ਜਾਂ ਕਿਰਦਾਰ ਤੋਂ ਸਾਡੇ ਪਰਿਵਾਰ, ਸੱਜਣ-ਮਿੱਤਰ ਜਾਂ ਆਲੇ ਦੁਆਲੇ ਵਾਲੇ ਵੀ ਖ਼ੁਸ਼ ਹਨ ਜਾਂ ਅਸੀਂ ਆਪਣੀ ਪਿੱਠ ਆਪੇ ਹੀ ਥਪਾਈ ਜਾਂ ਰਹੇ ਹਾਂ।
ਸੋ ਲੋੜ ਹੈ ਕਿ ਗੁਰਬਾਣੀ ਨੂੰ ਸਮਝ ਵੀਚਾਰ ਕੇ ਅਮਲ ਵਿੱਚ ਲਿਆਈਏ ਤਾਂ ਜੋ ਸਾਡੀ ਕਥਨੀ ਤੇ ਕਰਨੀ ਗੁਰਮਤਿ ਅਨੁਸਾਰੀ ਵਿਖਾਈ ਦੇਵੇ।