ਕਬਿੱਤ ਨੰਬਰ 20 (ਭਾਈ ਗੁਰਦਾਸ ਜੀ)

0
673

ਕਬਿੱਤ ਨੰਬਰ 20 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)-94164-05173

ਗੁਰਮੁਖਿ ਸੁਖਫਲ ਦਇਆ ਕੈ ਦਿਖਾਵੈ ਜਾਹਿ, ਤਾਹਿ ਆਨ ਰੂਪ ਰੰਗ ਦੇਖੇ ਨਾਹੀ ਭਾਵਈ ।

ਗੁਰਮੁਖਿ ਸੁਖਫਲ ਮਇਆ ਕੈ ਚਖਾਵੈ ਜਾਹਿ, ਤਾਹਿ ਅਨਰਸ ਨਹੀਂ ਰਸਨਾ ਹਿਤਾਵਹੀ ।

ਗੁਰਮੁਖਿ ਸੁਖਫਲ ਅਗਹੁ ਗਹਾਵੈ ਜਾਹਿ, ਸਰਬ ਨਿਧਾਨ ਪਰਸਨ ਕਉ ਨ ਧਾਵਈ ।

ਗੁਰਮੁਖਿ ਸੁਖਫਲ ਅਲਖ ਲਖਾਵੈ ਜਾਹਿ, ਅਕਥ ਕਥਾ ਬਿਨੋਦ ਵਾਹੀ ਬਨਿ ਆਵਈ ॥੨੦॥

ਸ਼ਬਦ ਅਰਥ : ਹਿਤਾਵਹੀ=ਪਿਆਰਾ ਲਗਣਾ।, ਗਹਾਵੈ=ਗ੍ਰਹਿਣ ਕੀਤਾ, ਪਕੜਿਆ।, ਪਰਸਨ=ਛੁਹਣਾ।, ਅਲਖ=ਨਾ ਜਾਣਿਆ ਜਾ ਸਕਣ ਵਾਲਾ।, ਲਖਾਵੈ=ਜਾਣ ਲਵੇ।, ਅਕਥ ਕਥਾ=ਬਿਆਨ ਰਹਿਤ ਵਿਆਖਿਆ।, ਬਿਨੋਦ=ਸੁਖ, ਅਨੰਦ।, ਵਾਹੀ=ਉਸ ਨੂੰ।

ਅਰਥ : ਗੁਰੂ ਜਿਸ ਉੱਤੇ ਦਇਆ ਕਰ ਕੇ ਸੁੱਖਾਂ ਦੇ ਦਾਤੇ ਪ੍ਰਭੂ ਦੇ ਦਰਸ਼ਨ ਕਰਾ ਦੇਵੇ ਉਸ ਨੂੰ ਫਿਰ ਦੁਨੀਆਂ ਦੇ ਹੋਰ ਰੰਗ-ਰਸ ਰੂਪ ਆਦਿ ਚੰਗੇ ਨਹੀਂ ਲੱਗਦੇ। ਜਦੋਂ ਗੁਰੂ, ਮਨੁੱਖ ਨੂੰ ਆਪਣੀ ਕਿਰਪਾ ਕਰ ਕੇ ਪ੍ਰਭੂ ਦੇ ਨਾਮ ਦਾ ਰਸ ਚਖਾ ਦੇਂਦਾ ਹੈ ਉਸ ਨੂੰ ਦੁਨੀਆਂ ਦੇ ਕਿਸੇ ਵੀ ਹੋਰ ਰਸ ਵਿੱਚ ਰੁਚੀ ਨਹੀਂ ਰਹਿ ਜਾਂਦੀ।  ਗੁਰੂ, ਜਿਸ ਨੂੰ ਅਛੋਹ ਰੱਬ ਬਾਰੇ ਸੂਝ ਬਖ਼ਸ਼ ਦੇਂਦਾ ਹੈ, ਸਾਰੇ ਦੁਨਿਆਵੀ ਖ਼ਜ਼ਾਨੇ ਜੇ ਉਸ ਅੱਗੇ ਰੱਖ ਦਿੱਤੇ ਜਾਣ ਤਾਂ ਰੱਬੀ ਯਾਦ ਬਿਨਾਂ ਉਸ ਨੂੰ ਸਭ ਕੁਝ ਕੂੜ ਲੱਗਦਾ ਹੈ, ਇਸ ਲਈ ਰੱਬੀ ਸਬੰਧ ਤੋੜ ਕੇ ਦੁਨਿਆਵੀ ਪਦਾਰਥਾਂ ਮਗਰ ਨਹੀਂ ਦੌੜਦਾ।  ਬਿਆਨ ਨਾ ਹੋ ਸਕਣ ਵਾਲ਼ੇ ਕਰਤਾਰ ਬਾਰੇ ਕੁਝ ਬਿਆਨ ਕਰ ਕੇ ਗੁਰੂ ਜਿਸ ਨੂੰ ਸਮਝਾ ਦੇਵੇ ਉਹੀ ਉਸ ਅਕੱਥ ਨਾਲ਼ ਸਾਂਝ ਪਾ ਕੇ ਸੁਖ, ਅਨੰਦ ਪ੍ਰਾਪਤ ਕਰ ਸਕਦਾ ਹੈ।

ਗੁਰੂ ਇਕ ਐਸੀ ਸ਼ਕਤੀ ਹੈ ਜੋ ਰੱਬ ’ਚ ਅਭੇਦ ਹੈ, ‘‘ਪਾਰਬ੍ਰਹਮ ਗੁਰ ਨਾਹੀ ਭੇਦ ॥ (ਭੈਰਉ, ਮ: ੫, ਪੰਨਾ ੧੧੪੨), ਪਾਰਬ੍ਰਹਮੁ ਪਰਮੇਸਰੁ ਅਨੂਪ॥ ਸਫਲ ਮੂਰਤਿ ਗੁਰ ਤਿਸ ਕਾ ਰੂਪ॥’’ (੧੧੫੨)  ਗੁਰੂ ਹੀ ਸਿੱਖ ਅਤੇ ਪ੍ਰਭੂ ਵਿਚਕਾਰ ਇੱਕ ਵਿਚੋਲਗੀ ਦਾ ਕੰਮ ਕਰਦਾ ਹੈ। ਸਿੱਖ ਦੇ ਅੰਦਰੋਂ ਸਾਰੇ ਵਿਕਾਰ ਕੱਢ ਕੇ ਉਸ ਨੂੰ ਸਹੀ ਜੀਵਨ ਰਾਹ ਤੇ ਤੋਰਦਾ ਹੈ।  ਜਦੋਂ ਸਿੱਖ ਪੂਰੀ ਤਰ੍ਹਾਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਹੈ ਤੇ ਗੁਰੂ ਨੂੰ ਪੂਰਨ ਸਮਰਪਿਤ ਹੋ ਜਾਂਦਾ ਹੈ ਤਾਂ ਗੁਰੂ ਉਸ ਉੱਤੇ ਹੋਰ ਕਿਰਪਾ ਕਰ ਕੇ ਰੱਬੀ ਨਾਮ ਦੀ ਦਾਤ ਦੇਂਦਾ ਹੈ।  ਗੁਰੂ ਦੀ ਕਿਰਪਾ ਸਦਕਾ ਹੀ ਉਸ ਅੰਦਰ ਰੱਬੀ ਪਿਆਰ ਤੇ ਅਲੌਕਿਕ ਗੁਣ ਨਜ਼ਰ ਆਉਂਦੇ ਹਨ। ਫਿਰ ਉਹ ਫਿੱਕੇ ਦੁਨਿਆਵੀ ਕੌਤਕਾਂ ’ਚ ਮਸਤ ਨਹੀਂ ਰਹਿੰਦਾ। ਉਹ ਗੁਰੂ ਉਪਦੇਸ਼ ਮੰਨ ਰੱਬੀ ਉਸਤਤ ਇਉਂ ਕਰਦਾ ਹੈ, ‘‘ਭਲਾ ਭਲਾ ਭਲਾ ਤੇਰਾ ਰੂਪ॥ ਅਤਿ ਸੁੰਦਰ  ਅਪਾਰ ਅਨੂਪ॥’’ (ਸੁਖਮਨੀ ਸਾਹਿਬ/ਅੰਕ ੨੭੯) ਜਦੋਂ ਪਰਮਾਤਮਾ, ਮਨੁੱਖ ’ਤੇ ਕਿਰਪਾ ਕਰ ਕੇ ਅੰਮ੍ਰਿਤ ਨਾਮ ਜਪਦਾ ਹੈ ਤਾਂ ਉਹ ਸਹਿਜੇ ਹੀ ਪੁਕਾਰਦਾ ਹੈ, ‘‘ਰਾਰਾ ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ, ਸੁ ਰਸੁ ਪਹਿਚਾਨਿਆ॥ ਇਹ ਰਸ ਛਾਡੇ, ਉਹ ਰਸੁ ਆਵਾ॥ ਉਹ ਰਸੁ ਪੀਆ, ਇਹ ਰਸੁ ਨਹੀ ਭਾਵਾ॥’’ (ਭਗਤ ਕਬੀਰ ਜੀ,ਅੰਕ ੩੪੨) ਭਾਵ ਕਿ ਪ੍ਰਭੂ ਦਾ ਨਾਮ ਰਸ ਉਸ ਨੂੰ ਐਸਾ ਸੁਆਦਲਾ ਲਗਦਾ ਹੈ ਕਿ ਦੁਨੀਆਂ ਦੇ ਬਾਕੀ ਰਸ ਫਿੱਕੇ ਪੈ ਜਾਂਦੇ ਹਨ। ਬਾਬਾ ਫਰੀਦ ਜੀ ਦੇ ਵਚਨ ਹਨ, ‘‘ਫਰੀਦਾ ਸਕਰ ਖੰਡੁ ਨਿਵਾਤ ਗੁੜੁ, ਮਾਖਿਓੁ ਮਾਂਝਾ ਦੁਧੁ॥ ਸਭੇ ਵਸਤੂ ਮਿਠੀਆਂ, ਰਬ ਨ ਪੁਜਨਿ ਤੁਧੁ॥’’ (ਅੰਕ ੧੩੭੯) ਗੁਰੂ, ਜਿਸ ਨੂੰ ਅਛੋਹ ਰੱਬ ਦੀ ਛੋਹ ਕਰਵਾ ਦਿੰਦਾ ਹੈ, ਉਸ ਦੀ ਸੋਝੀ ਬਖ਼ਸ਼ ਦੇਂਦਾ ਹੈ, ਫਿਰ ਉਹ ਦੁਨਿਆਵੀ ਪਦਾਰਥਾਂ ਨੂੰ ਤੁੱਛ ਸਮਝਦਾ ਹੈ।, ਤ੍ਰਿਸ਼ਨਾ ਦੀ ਤਪਸ਼ ਨੂੰ ਦੂਰ ਕਰ ਰੱਬੀ ਸ਼ਾਂਤੀ ਦਾ ਅਨੰਦ ਮਾਣਦਾ ਹੈ, ‘‘ਨਾਨਕ ਤਪਤਿ ਹਰੀ॥ ਮਿਲੇ ਪ੍ਰੇਮ ਪਿਰੀ॥’’ (ਮ:੫/ਅੰਕ ੪੦੭)

ਰੱਬੀ ਚਾਹਤ ਹੀ ਉਸ ਦੇ ਅੰਦਰੋਂ ਤਪਸ਼ ਮਿਟਾ ਦਿੰਦੀ ਹੈ। ਇਹ ਰੱਬੀ ਅਨੰਦ ਕਿਸੇ ਹੋਰ ਕਰਮ ਜਾਂ ਪਦਾਰਥ ਨਾਲ਼ ਨਹੀਂ ਮਿਲਦਾ, ਕੇਵਲ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਹੀ ਇਹ ਪ੍ਰਾਪਤੀ ਹੁੰਦੀ ਹੈ। ਭਾਵੇਂ ਅਤਰ, ਚੰਦਨ ਆਦਿ ਸਰੀਰ ’ਤੇ ਛਿੜਕ ਲਏ ਜਾਣ।, ਰੇਸ਼ਮੀ ਸੁੰਦਰ ਕੱਪੜੇ ਪਾ ਕੇ ਹੰਢਾਏ ਜਾਣ।, ਇਹ ਸ਼ਿੰਗਾਰ ਦਾ ਅੰਦਰੂਨੀ ਕੀ ਲਾਭ ? ਜੇ ਕੋਈ ਯੋਗ ਸਾਧਨਾ ਕਰ ਕਰ ਰਿਧੀਆਂ ਸਿਧੀਆਂ ਵੀ ਹਾਸਲ ਕਰ ਲਵੇ।, ਸਿਰ ’ਤੇ ਤਾਜ ਰੱਖ ਲਵੇ, ਸਿਰ ’ਤੇ ਛੱਤਰ ਝੁਲਾ ਲਵੇ, ਫਿਰ ਵੀ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਬਾਣੀ ਫੁਰਮਾਨ ਹੈ, ‘‘ਚੋਆ ਚੰਦਨ ਅੰਕਿ ਚੜਾਵਉ॥ ਪਾਟ ਪਟੰਬਰ ਪਹਿਰਿ ਹਢਾਵਉ॥ ਬਿਨੁ ਹਰਿ ਨਾਮ, ਕਹਾ ਸੁਖੁ ਪਾਵਉ  ?॥੧॥ ਕਿਆ ਪਹਿਰਉ ? ਕਿਆ ਓਢਿ ਦਿਖਾਵਉ  ?॥ ਬਿਨੁ ਜਗਦੀਸ, ਕਹਾ ਸੁਖੁ ਪਾਵਉ  ?॥੧॥ਰਹਾਉ॥.. ਸਿਧੁ ਕਹਾਵਉ, ਰਿਧਿ ਸਿਧਿ ਬੁਲਾਵਉ॥ ਤਾਜ ਕੁਲਹ ਸਿਰਿ ਛਤ੍ਰੂ ਬਨਾਵਉ॥ ਬਿਨੁ ਜਗਦੀਸ, ਕਹਾ ਸਚੁ ਪਾਵਉ ?॥’’ (ਮ:੧/ਅੰਕ ੨੨੫) ਸ਼ਾਂਤੀ ਦਾ ਸਰੋਤ ਗੁਰੂ ਹੀ ਮਨੁੱਖਾ ਹਿਰਦੇ ਸ਼ਾਂਤੀ ਪਾ ਸਕਦਾ ਹੈ, ਅਨੰਦਮਈ ਤੇ ਸਹਿਜਮਈ ਜੀਵਨ ਬਸਰ ਕਰਾ ਸਕਦਾ ਹੈ, ਜੋ ਮਾਇਆਵੀ ਮੋਹ ਤੋਂ ਨਿਰਮੋਹ ਹੁੰਦਾ ਹੈ।