ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ (ਚਿੱਠੀ ਨੰਬਰ 44)

0
520

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਹੋਰ ਖ਼ੱਤ

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਇਕ ਚੇਤ ਬਨਾਮ ਚੇਤ ਸੁਦੀ ਏਕਮ

ਤਾਰੀਖ:- 6 ਪੋਹ ਸੰਮਤ 550 ਨਾਨਕਸ਼ਾਹੀ (19 ਦਸੰਬਰ 2018 ਈ:)

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !  ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਰਿ ਸਭੁ ਕੋ, ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ। ਇਸ ਤੋਂ ਪਿਛੋਂ ਵੀ ਸਮੇਂ-ਸਮੇਂ ਪੱਤਰਾਂ ਰਾਹੀਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਵੱਲ ਧਿਆਨ ਦਿਵਾਉਂਦਾ ਰਿਹਾ ਹਾਂ। ਆਪ ਨੇ ਆਪਣੇ ਲਿਖੇ ਮੁਤਾਬਕ ਧੰਨਵਾਦ ਤਾਂ ਕੀ ਕਰਨਾ ਸੀ, ਕਦੇ ਹੁੰਗਾਰਾ ਵੀ ਨਹੀਂ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ, ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ। ਇਸ ਪੱਤਰ ਰਾਹੀਂ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗ਼ਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗ਼ਲਤੀ ਹੈ ਨਵੇਂ ਸਾਲ ਦੇ ਆਰੰਭ ਦੀ ਤਾਰੀਖ।

ਕਰਨਲ ਨਿਸ਼ਾਨ ਜੀ ! ਦੁਨੀਆਂ ਵਿੱਚ ਕਈ ਕੈਲੰਡਰ ਪ੍ਰਚੱਲਿਤ ਹਨ। ਸੂਰਜ ਆਧਾਰਿਤ, ਚੰਦ ਆਧਾਰਿਤ ਜਾਂ ਦੋਵਾਂ ਦੇ ਮਿਸ਼ਰਣ ਹੋ ਸਕਦੇ ਹਨ। ਸੂਰਜੀ ਕੈਲੰਡਰ ਵੀ ਦੋ ਤਰ੍ਹਾਂ ਕੰਮ ਕਰਦੇ ਹਨ। ਇਕ ਰੁੱਤੀ ਸਾਲ (Tropical Year), ਜਿਵੇਂ ਦੁਨੀਆਂ ਦਾ ਸਾਂਝਾ ਕੈਲੰਡਰ, ਨਾਨਕਸ਼ਾਹੀ ਕੈਲੰਡਰ ਆਦਿ। ਦੂਜਾ ਤਾਰਿਆਂ ਤੇ ਆਧਾਰਿਤ (Sidereal Year) ਕੈਲੰਡਰ ਜਿਵੇਂ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ। ਚੰਦਰ-ਸੂਰਜੀ (Lunisolar) ਬਿਕ੍ਰਮੀ ਕੈਲੰਡਰ, ਇਹ ਚੰਦ ਅਤੇ ਸੂਰਜੀ ਕੈਲੰਡਰ ਦਾ ਮਿਸ਼ਰਣ ਹੈ। ਹਿਜਰੀ ਕੈਲੰਡਰ ਸ਼ੁੱਧ ਚੰਦ ਆਧਾਰਿਤ ਕੈਲੰਡਰ ਹੈ।

ਇਨ੍ਹਾਂ ਕੈਲੰਡਰਾਂ ਦੇ ਸਾਲ ਦਾ ਆਰੰਭ ਇਕ ਖਾਸ ਸਮੇਂ ’ਤੇ ਹੁੰਦਾ ਹੈ। ਜਿਵੇਂ ਸਾਂਝੇ ਸਾਲ ਦਾ ਆਰੰਭ ਇਕ ਜਨਵਰੀ ਤੋਂ, ਨਾਨਕਸ਼ਾਹੀ ਕੈਲੰਡਰ ਦਾ ਆਰੰਭ ਇਕ ਚੇਤ ਤੋਂ, ਹਿਜਰੀ ਕੈਲੰਡਰ ਦਾ ਆਰੰਭ ਇਕ ਮੁਹੱਰਮ ਤੋਂ  ਅਤੇ ਚੰਦ ਦੇ ਕੈਲੰਡਰ ਦਾ ਆਰੰਭ ਚੇਤ ਸੁਦੀ ਇਕ ਤੋਂ। ਇੱਥੇ ਇਕ ਹੋਰ ਨੁਕਤਾ ਵੀ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਉੱਤਰੀ ਭਾਰਤ ਵਿਚ ਚੰਦ ਦੇ ਕੈਲੰਡਰ ਦਾ ਮਹੀਨਾ ਤਾਂ ਪੂਰਨਮੰਤਾ ਭਾਵ ਪੁੰਨਿਆ ਤੋਂ ਪੁੰਨਿਆ ਗਿਣਿਆ ਜਾਂਦਾ ਹੈ, ਪਰ ਸਾਲ ਦਾ ਆਰੰਭ ਮੱਸਿਆ ਤੋਂ ਅਗਲੇ ਦਿਨ ਭਾਵ ਸੁਦੀ ਏਕਮ ਤੋਂ ਮੰਨਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਚੇਤ ਦੇ ਮਹੀਨੇ ਦਾ ਪਹਿਲਾ ਅੱਧ ਖ਼ਤਮ ਹੋ ਰਹੇ ਸਾਲ ਵਿੱਚ ਆਉਂਦਾ ਹੈ ਅਤੇ ਦੂਜਾ ਅੱਧ ਨਵੇਂ ਸਾਲ ਵਿੱਚ।

ਕਰਨਲ ਨਿਸ਼ਾਨ ਜੀ ! ਬਹੁਤ ਹੈਰਾਨੀ ਹੋਈ ਜਦੋਂ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦਾ ਪੰਨਾ 84, ਧਿਆਨ ਨਾਲ ਵੇਖਿਆ। ਤੁਸੀਂ ਇਸ ਪੰਨੇ ਉੱਪਰ ਪੂਰੇ ਸਾਲ ਦਾ ਕੈਲੰਡਰ,“ਸੰਮਤ ਨਾਨਕਸ਼ਾਹੀ 549ਵਿੱਚ ਆਉਣ ਵਾਲੇ ਪੁਰਬ” ਛਾਪਿਆ ਹੈ।

ਕਰਨਲ ਨਿਸ਼ਾਨ ਜੀ ! ਤੁਸੀਂ ਸਿਰਲੇਖ ਰੱਖਿਆ ਹੈ, “ਸੰਮਤ ਨਾਨਕਸ਼ਾਹੀ ਵਿੱਚ ਆਉਣ ਵਾਲੇ ਪੁਰਬ”।  ਪਰ ਨਵੇਂ ਸਾਲ ਦਾ ਆਰੰਭ ਕਰਦੇ ਹੋ ਚੇਤ ਸੁਦੀ ਏਕਮ ਤੋਂ। ਤੁਹਾਡੀ ਖੋਜ ਮੁਤਾਬਕ, ਸੰਮਤ 549 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 29 ਮਾਰਚ 2017 ਈ: ਦਿਨ ਬੁੱਧਵਾਰ ਅਤੇ ਸੰਮਤ 550 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 18 ਮਾਰਚ 2018 ਈ: ਦਿਨ ਐਤਵਾਰ ਨੂੰ ਹੋਇਆ ਸੀ, ਅਤੇ ਸੰਮਤ 551 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 6 ਅਪ੍ਰੈਲ 2019 ਈ: ਦਿਨ ਸ਼ਨਿੱਚਰਵਾਰ ਨੂੰ ਹੋਵੇਗਾ। ਬਹੁਤ ਹੈਰਾਨੀ ਹੋਈ ਹੈ ਇਹ ਜਾਣ ਕੇ ਕਿ ਤੁਸੀਂ ਤਾਂ ਇਕ ਚੇਤ ਅਤੇ ਚੇਤ ਸੁਦੀ ਏਕਮ ਦੇ ਫ਼ਰਕ ਨੂੰ ਸਮਝਣ ਤੋਂ ਵੀ ਅਸਮਰੱਥ ਹੋ।

ਕਰਨਲ ਨਿਸ਼ਾਨ ਜੀ ! ਚੇਤ ਸੁਦੀ ਏਕਮ ਨੂੰ ਨਾਨਕਸ਼ਾਹੀ ਸੰਮਤ ਦਾ ਨਹੀਂ ਬਿਕ੍ਰਮੀ ਸੰਮਤ ਦਾ ਆਰੰਭ ਹੁੰਦਾ ਹੈ। ਨਾਨਕਸ਼ਾਹੀ, ਸੂਰਜੀ ਕੈਲੰਡਰ ਹੈ ਇਸ ਦੇ ਨਵੇਂ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਜਦੋਂ ਸਾਡੀ ਇਕ ਚੇਤ ਹੋਵੇਗੀ, ਉਸ ਦਿਨ ਹਰ ਸਾਲ ਮਾਰਚ ਦੀ 14 ਤਾਰੀਖ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ ਵੀ ਸੂਰਜੀ ਹੈ। ਇਸ ਦੇ ਨਵੇਂ ਸਾਲ ਦਾ ਆਰੰਭ ਵੀ ਅੱਜ ਕੱਲ 1 ਚੇਤ/ 14 ਮਾਰਚ ਤੋਂ ਹੁੰਦਾ ਹੈ ਪਰ 2027 ਵਿਚ ਇਸ ਦਾ ਆਰੰਭ 1 ਚੇਤ/15 ਮਾਰਚ ਨੂੰ ਹੋਵੇਗਾ। ਇਥੇ ਤੁਸੀਂ ਇਕ ਹੋਰ ਗ਼ਲਤੀ ਕੀਤੀ ਹੈ ਜੋ ਤੁਹਾਡੇ ਕੈਲੰਡਰ ਸਬੰਧੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਪ੍ਰਤੱਖ ਸਬੂਤ ਹੈ। ਵੇਖੋ “ਖਾਲਸਾ ਹੀਰਾ ਜੰਤਰੀ” ਦਾ ਮਾਰਚ ਮਹੀਨਾ। ਚੇਤ ਸੁਦੀ ਏਕਮ 28 ਮਾਰਚ ਦਿਨ ਮੰਗਲਵਾਰ ਨੂੰ ਸੀ, ਨਾ ਕਿ 29 ਮਾਰਚ ਦਿਨ ਬੁੱਧਵਾਰ ਨੂੰ। ਮੱਸਿਆ ਦੀ ਤਿੱਥ ਮੰਗਲਵਾਰ ਸਵੇਰੇ ਲਗਭਗ 8.27 ਮਿੰਟ ਦੇ ਖ਼ਤਮ ਹੋ ਗਈ ਸੀ, ਚੇਤ ਸੁਦੀ ਏਕਮ ਆਰੰਭ ਹੋ ਗਈ ਸੀ। ਜੋ ਬੁੱਧਵਾਰ ਸਵੇਰੇ 5.44 (ਲਗਭਗ) ’ਤੇ ਖ਼ਤਮ ਹੋ ਗਈ ਸੀ ਜਦੋਂ ਕਿ ਬੁੱਧਵਾਰ ਨੂੰ ਸੂਰਜ ਲਗਭਗ 6.24 ਮਿੰਟ ’ਤੇ ਚੜਿਆ ਸੀ ਉਸ ਵੇਲੇ ਚੇਤ ਸੁਦੀ ਦੂਜ ਸੀ। ਏਕਮ ਤਾਂ ਆਈ ਹੀ ਨਹੀਂ, ਇਸ ਕਾਰਨ ਚੰਦ ਦੇ ਨਵੇਂ ਸਾਲ ਦਾ ਆਰੰਭ 28 ਮਾਰਚ ਦਿਨ ਮੰਗਲਵਾਰ ਨੂੰ ਹੋਇਆ ਸੀ। ਪੰਚਾਗ ਦਿਵਾਕਰ, ਸ਼੍ਰੋਮਣੀ ਤਿੱਥਪਤ੍ਰਿਕਾ, ਮੁਫੀਦ ਆਲਮ ਜੰਤਰੀਆਂ ਤਾਂ ਗੁੰਝਲਦਾਰ ਹਨ। ਮੰਨਿਆ, ਕੋਈ ਗ਼ਲਤੀ ਹੋ ਸਕਦੀ ਹੈ। ਨਾਨਕਸ਼ਾਹੀ ਕੈਲੰਡਰ ਦੇ ਅਲੋਚਕ ਨੂੰ, ਘੱਟੋ ਘੱਟ ਖਾਲਸਾ ਹੀਰਾ ਜੰਤਰੀ ਤਾਂ ਪੜ੍ਹਨੀ ਆਉਣੀ ਚਾਹੀਦੀ ਹੈ। ਤੁਸੀਂ ਤਾਂ ਇਥੇ ਵੀ ਗ਼ਲਤੀ ਕਰ ਗਏ।

ਕਰਨਲ ਨਿਸ਼ਾਨ ਜੀ ! ਤੁਹਾਡਾ ਚੇਤ ਸੁਦੀ ਇਕ, 29 ਮਾਰਚ ਦਿਨ ਬੁੱਧਵਾਰ ਨੂੰ ਲਿਖਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਇਹ ਤਾਰੀਖ਼ਾਂ“ Calendrical Tabulations 1900-2200” ਤੋਂ ਨਕਲ ਕੀਤੀਆਂ ਹਨ। (ਪੰਨਾ 237) ਯਾਦ ਰਹੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲੋਂ ਕਰਵਾਏ ਗਏ ਸੈਮੀਨਾਰ ਵਿਚ ਤੁਸੀਂ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਵੈਨਕੂਵਰ ਵਿਖੇ ਇਕ ਸਵਾਲ ਦੇ ਜਵਾਬ ਵਿੱਚ ਤੁਸੀਂ ਇਹ ਵੀ ਕਿਹਾ ਸੀ ਕਿ ਗਣਿਤ ਮੈਂ ਆਪ ਕੀਤੀ ਹੈ, ਉਹ ਵੀ ਦ੍ਰਿਗ ਗਣਿਤ ਸਿਧਾਂਤ ਮੁਤਾਬਕ। ਤੁਹਾਡਾ ਇਹ ਝੂਠ ਵੀ ਫੜਿਆ ਗਿਆ ਹੈ। ਤੁਸੀਂ ਗਣਿਤ ਆਪ ਨਹੀਂ ਕੀਤੀ ਸਗੋਂ “Calendrical Tabulations 1900-2200” ਤੋਂ ਨਕਲ ਮਾਰੀ ਹੈ। ਉਸ ਕਿਤਾਬ ਵਿੱਚ ਸਾਰੀ ਗਣਿਤ ਸੂਰਜ ਸਿਧਾਂਤ ਮੁਤਾਬਕ ਹੈ। “For the Hindu lunar calendar, we follow the rules of the Surya-Siddhanta, as amended by Ganesa Daivajna.” (xxvi) ਤੁਸੀਂ ਬਿਨਾਂ ਸੋਚੇ ਸਮਝੇ ਉਥੋਂ ਨਕਲ ਮਾਰ ਕੇ ਆਪਣੀ ਕਿਤਾਬ ਵਿਚ ਤਾਰੀਖ਼ਾਂ ਲਿਖ ਦਿੱਤੀਆਂ ਹਨ। ਕਾਸ਼ ! ਤੂਹਾਨੂੰ ਨਕਲ ਮਾਰਨ ਜੋਗੀ ਸੋਝੀ ਹੁੰਦੀ ਤਾਂ ਅੱਜ ਤੂਹਾਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।

ਕਰਨਲ ਨਿਸ਼ਾਨ ਜੀ ! ਕਿੰਨਾ ਚੰਗਾ ਹੁੰਦਾ ਜੇ ਤੁਸੀਂ ਕੈਲੰਡਰ ਬਣਾਉਣ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਹੀ ਵੇਖ ਲੈਂਦੇ। ਏਨੀ ਕੁ ਜਾਣਕਾਰੀ ਤਾਂ ਉਥੋਂ ਵੀ ਮਿਲ ਜਾਣੀ ਸੀ ਕਿ ਸਾਲ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਨਾ ਕਿ ਚੇਤ ਸੁਦੀ ਏਕਮ ਤੋਂ। ਚੇਤ ਸੁਦੀ ਏਕਮ/28 ਮਾਰਚ ਨੂੰ ਤਾਂ ਚੇਤ ਦਾ ਅੱਧਾ ਮਹੀਨਾ ਬੀਤ ਚੁੱਕਾ ਸੀ। ਜਿਸ ਦਿਨ (29 ਮਾਰਚ 2017) ਤੁਸੀਂ ਨਵੇਂ ਸਾਲ ਦਾ ਆਰੰਭ ਦੱਸ ਰਹੇ ਹੋ, ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਤਾਂ ਉਸ ਦਿਨ 16 ਚੇਤ ਸੀ। ਤੁਸੀਂ ਲਿਖਿਆ ਹੈ ਕਿ ਸੰਮਤ 550 ਦਾ ਆਰੰਭ 18 ਮਾਰਚ ਨੂੰ ਹੋਇਆ ਸੀ। ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖੋ, 18 ਮਾਰਚ ਨੂੰ 5 ਚੇਤ ਸੀ।  ਤੁਹਾਡੀ ਖੋਜ ਮੁਤਾਬਕ ਨਾਨਕ ਸ਼ਾਹੀ ਸੰਮਤ 551 ਦਾ ਆਰੰਭ, ਚੇਤ ਸੁਦੀ ਏਕਮ, 6 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਹੋਵੇਗਾ। ਨਿਸ਼ਾਨ ਜੀ ! ਚੇਤ ਸੁਦੀ ਏਕਮ, 6 ਅਪ੍ਰੈਲ ਨੂੰ ਸੰਮਤ 551 ਨਾਨਕਸ਼ਾਹੀ ਦਾ ਨਹੀਂ, ਸੰਮਤ 2075 ਬਿਕ੍ਰਮੀ ਦਾ ਆਰੰਭ ਹੋਵੇਗਾ। ਸੰਮਤ 551 ਨਾਨਕਸ਼ਾਹੀ ਦੀ ਤਾਂ ਉਸ ਦਿਨ 24 ਚੇਤ ਹੋਵੇਗੀ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਸ ਨੂੰ ਕੰਧ ਉੱਤੇ ਟੰਗਿਆ ਕੈਲੰਡਰ ਵੇਖਣਾ ਵੀ ਨਹੀਂ ਆਉਂਦਾ, ਉਹ ਸ. ਪਾਲ ਸਿੰਘ ਪੁਰੇਵਾਲ ਦੀ ਅਲੋਚਨਾ ਕਰ ਰਿਹਾ ਹੈ।

ਕਰਨਲ ਨਿਸ਼ਾਨ ਜੀ ! ਆਪ ਨੂੰ ਯਾਦ ਹੋਵੇਗਾ ਕਿ ਸਿਆਟਲ ਵਿਖੇ ਹੋਏ ਅੰਤਰਰਾਸ਼ਟਰੀ ਸੈਮੀਨਾਰ ਵਿੱਚ, ਤੁਹਾਡੇ ਸਵਾਲ ਨੰਬਰ 27ਦੇ ਹਵਾਲੇ ਨਾਲ, ਤੁਹਾਡੇ ਵੱਲੋਂ ਦਰਜ ਕੀਤੀਆਂ ਗਈਆਂ ਲਗਭਗ 50 ਤਾਰੀਖ਼ਾਂ, ਗ਼ਲਤ ਸਾਬਤ ਕੀਤੀਆਂ ਸਨ, ਤੁਸੀਂ ਕੋਈ ਹੁੰਗਾਰਾ ਨਹੀਂ ਭਰਿਆ, ਪਿਛਲੇ ਸਾਲ ਦਸੰਬਰ (2 ਦਸੰਬਰ 2017) ਵਿੱਚ ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ (ਇਕ ਲੱਖ ਦਾ ਇਨਾਮ) ਨੂੰ ਪ੍ਰਵਾਨ ਕੀਤਾ ਸੀ, ਤੁਸੀਂ ਦੜ ਵੱਟ ਗਏ। ਤੁਹਾਡੇ ਵੱਲੋਂ ਕੀਤੀਆਂ ਕਈ ਹੋਰ ਭੁੱਲਾਂ, ਸਮੇਤ ਦਿਵਾਲੀ ਦੀਆਂ ਤਾਰੀਖ਼ਾਂ, ਤੁਹਾਡੇ ਧਿਆਨ ਵਿੱਚ ਲਿਆਦੀਆਂ, ਤੁਸੀਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ। ਨਿਸ਼ਾਨ ਜੀ ! ਤੁਸੀਂ ਆਪਣੀ ਲਿਖਤ ਸਬੰਧੀ ਕਿਸੇ ਸਵਾਲ ਦਾ ਜਵਾਬ ਦੇਣ ਜਾਂ ਵਿਚਾਰ ਕਰਨ ਤੋਂ ਇਨਕਾਰੀ ਕਿਉਂ ਹੋ ? ਦੂਜੇ ਪਾਸੇ ਤੁਹਾਡੀਆਂ ਜਿਹੜੀਆਂ ਦਲੀਲਾਂ ਅੱਜ ਤੋਂ ਦੋ ਦਹਾਕੇ ਪਹਿਲਾਂ, ਵਿਦਵਾਨਾਂ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਹਨ, ਉਨ੍ਹਾਂ ਨੂੰ ਤੁਸੀਂ ਵਾਰ-ਵਾਰ ਦੁਹਰਾਈ ਜਾ ਰਹੇ ਹੋ। ਹੁਣ ਤੂਹਾਨੂੰ  ਇਮਾਨਦਾਰ ਕਿਵੇਂ ਸਮਝਿਆ ਜਾਵੇ ?

ਕਰਨਲ ਨਿਸ਼ਾਨ ਜੀ ! ਤੁਹਾਡੇ ਦੱਸਣ ਮੁਤਾਬਕ ਤੁਸੀਂ 1999 ਈ: ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ। ਜੇ ਤੂਹਾਨੂੰ ਯਾਦ ਹੋਵੇ ਤਾਂ ਪਹਿਲੀ ਵਾਰ ਮਾਰਚ 2010 ਈ: ਵਿੱਚ, ਮੈਂ ਤੂਹਾਨੂੰ ਈ ਮੇਲ ਰਾਹੀਂ ਇਕ ਸਵਾਲ ਪੁੱਛਿਆ ਸੀ। ਜਿਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਪਿਛੋਂ ਅਖ਼ਬਾਰਾਂ ਵਿਚ ਛਪੀਆਂ ਤੁਹਾਡੀਆਂ ਲਿਖਤਾਂ/ ਸਵਾਲਾਂ ਦੇ ਜਵਾਬ ਦੇਣ ਉਪ੍ਰੰਤ ਸਵਾਲ ਵੀ ਕਰਦਾ ਰਿਹਾ ਹਾਂ। ਤੁਸੀਂ ਕਦੇ ਜਵਾਬ ਨਹੀਂ ਦਿੱਤਾ। ਪਿਛਲੇ ਸਾਲ ਤੋਂ ਤੁਹਾਡੀ ਕਿਤਾਬ ਸਬੰਧੀ, ਤੁਹਾਡੇ ਨਾਲ ਵਿਚਾਰ ਕਰਨ ਦੇ ਕਈ ਯਤਨ ਕੀਤੇ,  ਤੁਸੀਂ ਕਦੇ ਹੁੰਗਾਰਾ ਨਹੀਂ ਭਰਿਆ। ਨਾ ਤਾਂ ਤੁਸੀਂ ਕੁਝ ਸਮਝਾਉਣ ਨੂੰ ਤਿਆਰ ਹੋ, ਨਾ ਹੀ ਤੁਸੀਂ ਕੁਝ ਸਮਝਣ ਨੂੰ ਤਿਆਰ ਹੋ। ਉਹੀ ਘਸੀਆਂ ਪਿੱਟੀਆਂ ਦਲੀਲਾਂ, ਪੁਰੇਵਾਲ ਨੇ ਇਤਿਹਾਸ ਵਿਗਾੜ ’ਤਾਂ, ਸਾਰੀਆਂ ਤਾਰੀਖ਼ਾਂ ਗ਼ਲਤ ਹਨ, ਅਕਾਲ ਤਖ਼ਤ ਕਮੇਟੀ ਬਣਾਏ, ਆਦਿ ਲਗਾਤਾਰ ਦੇ ਰਹੇ ਹੋ। ਕੀ ਕਾਰਨ ਹੈ ਕਿ ਜਿਹੜੀਆਂ ਦਲੀਲਾਂ ਤੁਸੀਂ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਅੱਗੇ ਰੱਖਣੀਆਂ ਚਾਹੁੰਦੇ ਹੋ, ਉਨ੍ਹਾਂ ਨੂੰ ਕਿਸੇ ਅੰਤਰਰਾਸ਼ਟਰੀ ਮੰਚ (Website) ਰਾਹੀਂ ਕੌਮ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ ? 

ਕਰਨਲ ਨਿਸ਼ਾਨ ਜੀ ! ਜੇ ਤੁਹਾਡਾ ਮਕਸਦ ਨਾਨਕਸ਼ਾਹੀ ਕੈਲੰਡਰ ਦਾ ਸਿਰਫ ਵਿਰੋਧ ਕਰਨਾ ਹੀ ਨਹੀਂ ਹੈ ਤਾਂ ਦਿਓ ਸੁਹਿਰਦਤਾ ਦਾ ਸਬੂਤ, ਕਰੋ ਸੱਦਾ ਪ੍ਰਵਾਨ, ਦੱਸੋ ਕਿਸ ਮੰਚ (Website) ’ਤੇ ਵਿਚਾਰ ਕਰਨੀ ਹੈ। ਜੇ ਵਿਚਾਰ ਕਰਨ ਦੇ ਸਮਰੱਥ ਨਹੀਂ ਹੋ ਤਾਂ ਆਪਣੀ ਕਿਤਾਬ (ਗੁਰਪੁਰਬ ਦਰਪਣ) ਜੋ “ਭੁੱਲਾ ਦਾ ਭੰਡਾਰ” ਹੈ, ਨੂੰ ਵਾਪਸ ਲੈਣ ਦਾ ਐਲਾਨ ਕਰੋ ਤਾਂ ਕਿ ਇਹ ਕਿਤਾਬ ਜੱਗ ਹਸਾਈ ਦਾ ਕਾਰਨ ਨ ਬਣੇ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ