ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥
ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥
ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥ (ਜਪੁ /ਮ: ੧)
ਉਚਾਰਨ ਸੇਧ : ਤਿੰਨ, ਫ਼ੁਰਮਾਣ, ਓਹ, ਓਨ੍ਹਾਂ, ਏਹ ।
ਪਦ ਅਰਥ: ਏਕਾ- ਇਕੱਲੀ ਭਾਵ ਕੇਵਲ ਇੱਕ ਹੀ (ਪੜਨਾਂਵੀ ਵਿਸ਼ੇਸ਼ਣ)।, ਮਾਈ– ਮਾਇਆ, ਆਕਾਰ ਹੋਂਦ ’ਚ ਸ਼ਕਤੀ (ਇਸਤ੍ਰੀ ਲਿੰਗ)।, ਜੁਗਤਿ- ਵਿਧੀ (ਇਸਤ੍ਰੀ ਲਿੰਗ ਨਾਂਵ)।, ਵਿਆਈ-ਪ੍ਰਸੂਤ ਹੋਈ, ਬੱਚਿਆਂ ਨੂੰ ਜਨਮ ਦਿੱਤਾ, ਸੂਈ (ਨਾਂਵ)।, ਤਿਨਿ- ਤਿੰਨ (ਸੰਖਿਅਕ ਸ਼ਬਦ)।, ਚੇਲੇ-ਪੁੱਤਰ (ਬਹੁ ਵਚਨ ਨਾਂਵ)।, ਪਰਵਾਣੁ- (ਸਨਾਤਨੀ ਸੋਚ ਅਨੁਸਾਰ) ਮੰਨੇ ਗਏ, ਸਵੀਕਾਰ ਕਰ ਲਏ ਗਏ।, ਸੰਸਾਰੀ- ਸਿ੍ਰਸ਼ਟੀ ਕਰਤਾ, ਜਗਤ ਨੂੰ ਪੈਦਾ ਕਰਨ ਵਾਲਾ, ਬ੍ਰਹਮਾ (ਇੱਕ ਵਚਨ ਨਾਂਵ)।, ਭੰਡਾਰੀ- ਭੰਡਾਰਿਆਂ ਦਾ ਮਾਲਕ, ਰਿਜ਼ਕ ਦਾਤਾ, ਵਿਸ਼ਨੂੰ (ਇੱਕ ਵਚਨ ਨਾਂਵ)।, ਦੀਬਾਣੁ-ਹਰਤਾ, ਸੰਘਾਰ ਕਰਨ ਵਾਲਾ, ਸ਼ਿਵਜੀ (ਇੱਕ ਵਚਨ ਨਾਂਵ)।, ਤਿਸੁ- ਉਸ (ਪ੍ਰਮਾਤਮਾ) ਨੂੰ (ਕਰਮ ਕਾਰਕ, ਇੱਕ ਵਚਨ, ਅਨ੍ਯ ਪੁਰਖ ਪੜਨਾਂਵ)।, ਭਾਵੈ- ਪਸੰਦ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਤਿਵੈ- ਉਸੇ ਤਰ੍ਹਾਂ ਹੀ (ਕਿਰਿਆ ਵਿਸ਼ੇਸ਼ਣ)।, ਫ਼ੁਰਮਾਨੁ- ਹੁਕਮ, ਆਗਿਆ (ਨਾਂਵ)।, ਓਹੁ- ਨਿਰਾਕਾਰ ਦਾਤਾਰ (ਇੱਕ ਵਚਨ ਅਨ੍ਯ ਪੁਰਖ ਪੜਨਾਂਵ)।, ਓਨਾ- ਉਨ੍ਹਾਂ ਨੂੰ, ਉਨ੍ਹਾਂ ਲਈ (ਸੰਪਰਦਾਨ ਕਾਰਕ, ਬਹੁ ਵਚਨ ਅਨ੍ਯ ਪੁਰਖ ਪੜਨਾਂਵ)।, ਏਹੁ ਵਿਡਾਣੁ-ਇਹ ਕੌਤਕ, ਅਜਿਹਾ ਅਸਚਰਜ (‘ਏਹੁ’- ਇੱਕ ਵਚਨ ਪੜਨਾਂਵੀ ਵਿਸ਼ੇਸ਼ਣ ਤੇ ‘ਵਿਡਾਣੁ’- ਇੱਕ ਵਚਨ ਨਾਂਵ)।
(ਨੋਟ : 48 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ‘ਜਪੁ’ ਬਾਣੀ ਦੀ ਇਸ 30 ਵੀਂ ਪਉੜੀ ’ਚ ਸਨਾਤਨੀ ਮੱਤ ਨਾਲ ਸਬੰਧਿਤ ਇੱਕ ਪੁਰਾਣਿਕ, ਕਾਲਪਨਿਕ ਤੇ ਪ੍ਰਚੱਲਤ ਧਾਰਨਾ ਨੂੰ ਮੁੱਖ ਰੱਖ ਕੇ ਗੁਰੂ ਜੀ, ਅਸਲ ਸੱਚ ਬਾਰੇ ਆਪਣੇ ਵੀਚਾਰ ਵਿਅਕਤ ਕਰ ਰਹੇ ਹਨ। ਕਾਲਪਨਿਕ ਮਿੱਥ ਇਸ ਪ੍ਰਕਾਰ ਹੈ: ‘ਬਿਨਾ ਪਤੀ ਤੋਂ ਇਕੱਲੀ ਮਾਇਆ (ਇਸਤ੍ਰੀ) ਕਿਸੇ ਅਦਭੁਤ ਤਰੀਕੇ ਨਾਲ ਸੂ ਪਈ।
ਉਕਤ ਧਾਰਨਾ ਇਉਂ ਵੀ ਬਿਆਨ ਕੀਤੀ ਜਾਂਦੀ ਹੈ ਕਿ ਆਕਾਰ ਰੂਪ ’ਚ ਬੈਠੀ ਇਕੱਲੀ ਔਰਤ ਨੇ ਜਗਤ ਦੀ ਰਚਨਾ ਕਰਨ ਲਈ ਆਪਣਾ ਸਰੀਰ ਖੁਜਲਾ ਕੇ ਇੱਕ ਛਾਲਾ ਪੈਦਾ ਕੀਤਾ, ਜਿਸ ਦੇ ਫੁੱਟਣ ’ਤੇ ਬ੍ਰਹਮਾ ਦਾ ਰੂਪ ਬਣ ਗਿਆ। ਔਰਤ (ਮਾਈ) ਨੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਜਗਤ ਰਚਨਾ ਆਰੰਭ ਕਰਨੀ ਚਾਹੀ ਪਰ ਬ੍ਰਹਮਾ ਨੇ ਉਸ ਨੂੰ ਮਾਂ ਦਾ ਦਰਜਾ ਦੇ ਕੇ ਉਸ ਨਾਲ ਸ਼ਾਦੀ ਕਰਨਾ ਉਚਿਤ ਨਾ ਸਮਝਿਆ। ਮਾਈ ਦੀ ਇੱਛਾ ਪੂਰੀ ਨਾ ਹੋਣ ਕਾਰਨ ਉਸ ਨੂੰ ਪੱਥਰ ਬਣਾ ਕੇ ਦੂਸਰਾ ਛਾਲਾ ਪੈਦਾ ਕੀਤਾ ਗਿਆ, ਜਿਸ ਤੋਂ ਵਿਸ਼ਨੂੰ ਪੈਦਾ ਹੋ ਗਿਆ। ਉਹੀ ਮੰਗ ਤੇ ਉਹੀ ਜਵਾਬ ਮਿਲਣ ਕਾਰਨ ਉਸ ਨੂੰ ਵੀ ਪੱਥਰ ਬਣਾ ਕੇ ਤੀਸਰੇ ਛਾਲੇ ਰਾਹੀਂ ਸ਼ਿਵਜੀ ਪੈਦਾ ਕੀਤਾ ਗਿਆ। ਮਾਈ ਵੱਲੋਂ ਸ਼ਾਦੀ ਦੀ ਮੰਗ ਰੱਖੀ ਗਈ ਜਿਸ ਦੇ ਜਵਾਬ ’ਚ ਤੀਖਣ ਬੁੱਧੀ ਦੇ ਮਾਲਕ ਸ਼ਿਵਜੀ ਨੇ ਆਪਣੇ ਦੋਵੇਂ ਪੱਥਰ ਬਣੇ ਭਰਾਵਾਂ ਨੂੰ ਮੁੜ ਸੁਰਜੀਤ ਕਰਨ ਉਪਰੰਤ ਸ਼ਾਦੀ ਕਰਨੀ ਸਵੀਕਾਰ ਕਰ ਲਈ ਤੇ ਜਗਤ ਰਚਨਾ ਆਰੰਭ ਹੋ ਗਈ ਇਸ ਮਿਥਿਹਾਸ ਅਨੁਸਾਰ ‘ਏਕਾ’ ਦਾ ਅਰਥ (ਸੰਸਕ੍ਰਿਤ ’ਚ) ‘ਦੁਰਗਾ’ ਬਣ ਜਾਂਦਾ ਹੈ, ਜਿਵੇਂ ਕਿ ਮਹਾਨਕੋਸ਼ ’ਚ ਭਾਈ ਕਾਹਨ ਸਿੰਘ ਜੀ ਨਾਭਾ ਵੀ ਜ਼ਿਕਰ ਕਰ ਰਹੇ ਹਨ।
ਜੋਗ ਮੱਤ ਨਾਲ ਸਬੰਧਿਤ ‘ਜਪੁ’ ਬਾਣੀ ਦੀਆਂ ਇਨ੍ਹਾਂ 4 ਪਉੜੀਆਂ (28-31) ’ਚ ਉਕਤ ਵਿਸ਼ਾ ਦਰਜ ਕਰਨਾ ਇਹ ਸੰਕੇਤ ਵੀ ਦੇਂਦਾ ਹੈ ਕਿ ‘ਸ਼ਿਵਜੀ’ ਨੂੰ ਬਾਕੀ ਦੋ (ਬ੍ਰਹਮਾ, ਵਿਸ਼ਨੂੰ) ਦੇ ਮੁਕਾਬਲੇ ਤੀਖਣ ਬੁਧੀ ਦਾ ਮਾਲਕ ਵਿਖਾਇਆ ਗਿਆ ਹੈ ਕਿਉਂਕਿ ਸ਼ਿਵ ਨੂੰ ਜੋਗੀ ਆਪਣਾ ਇਸ਼ਟ ਮੰਨਦੇ ਹਨ।)
‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥’’-ਇਸ ਪੰਕਤੀ ’ਚ ਦਰਜ ‘ਮਾਈ, ਵਿਆਈ, ਤਿਨਿ ਚੇਲੇ’ ਆਦਿ ਸ਼ਬਦ ਇੱਕ ਮਿਥਿਹਾਸਿਕ ਪਰਵਾਰਿਕ ਜੀਵਨ ਵੱਲ ਸੰਕੇਤ ਕਰਦੇ ਹਨ, ਜੋ ਹਿੰਦੂ ਮੱਤ ਦਾ ਆਧਾਰ ਵੀ ਹੈ। ਗੁਰਬਾਣੀ ਵਿੱਚ ਇਹ ਸੰਕੇਤ ਵੀ ਮਿਲਦਾ ਹੈ ਕਿ ਗੁਰੂ ਸਾਹਿਬ ਪਹਿਲਾਂ ਅਨ੍ਯ ਮੱਤ ਦੇ ਵੇਦ, ਸ਼ਾਸਤ੍ਰ, ਸਿਮਰਤੀਆਂ ਆਦਿ ਦਾ ਹਵਾਲਾ ਦੇ ਕੇ ਆਪਣਾ ਸਿਧਾਂਤਕ ਪੱਖ ਬਾਅਦ ਵਿੱਚ ਦਰਜ ਕਰਦੇ ਹਨ; ਜਿਵੇਂ: ‘‘ਪਹਿਲਾ ‘ਆਗਮੁ’ (ਸ਼ਾਸਤ੍ਰ) ਨਿਗਮੁ (ਵੇਦ ਆਦਿ ਬਾਰੇ) ਨਾਨਕੁ ਆਖਿ (ਕੇ) ਸੁਣਾਏ; ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥’’ (ਮ: ੪/੩੦੪)
‘ਵਿਆਈ’-ਇਹ ਸ਼ਬਦ ਗੁਰਬਾਣੀ ’ਚ ਕੇਵਲ ਇੱਕ ਵਾਰ ਸਬੰਧਿਤ ਪੰਕਤੀ ’ਚ ਹੀ ਦਰਜ ਹੈ ਅਤੇ ਇਸ ਦਾ ਰੂਪਾਂਤਰਨ (ਬਦਲਿਆ ਰੂਪ) ‘ਬਿਆਈ’ ਸ਼ਬਦ ਵੀ ਇੱਕ ਵਾਰ ਦਰਜ ਹੈ; ਜਿਵੇਂ: ‘‘ਜਲ ਕੀ ਮਛੁਲੀ; ਤਰਵਰਿ ‘ਬਿਆਈ’ ॥’’ (ਭਗਤ ਕਬੀਰ/੪੮੧) ਭਾਵ ਸੰਗਤ ਰੂਪ ਸਮੁੰਦਰ ’ਚ ਰਹਿਣ ਵਾਲੀ ਮੱਛੀ (ਨਿਮਾਣੀ ਜਿੰਦ) ਰੈਣ-ਬਸੇਰੇ ਦਰਖ਼ਤ (ਸਮਾਜਿਕ ਸਬੰਧਾਂ) ਉੱਤੇ ਸੂ ਪਈ, ਗ਼ਲਤੀ ਨਾਲ ਪੱਕਾ ਟਿਕਾਣਾ ਮੰਨ ਬੈਠੀ।
‘ਤਿਨਿ’– ਇਹ ਸ਼ਬਦ ਗੁਰਬਾਣੀ ਵਿੱਚ 179 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 176 ਵਾਰ ਇਸ ਦਾ ਅਰਥ ਹੈ: ‘ਉਸ ਨੇ’ (ਇੱਕ ਵਚਨ ਪੜਨਾਂਵ, ਕਰਤਾ ਕਾਰਕ); ਜਿਵੇਂ:
(1).‘‘ਜਿਨਿ ਹਰਿ ਸੇਵਿਆ; ‘ਤਿਨਿ’ (ਉਸ ਨੇ) ਸੁਖੁ ਪਾਇਆ ॥’’ (ਮ: ੪/੩੬੫)
(2).‘‘ਰਵਿਦਾਸੁ ਢੁਵੰਤਾ ਢੋਰ ਨੀਤਿ; ‘ਤਿਨਿ’ (ਉਸ ਨੇ) ਤਿਆਗੀ ਮਾਇਆ ॥’’ (ਮ: ੫/੪੮੭)
(3).‘‘ਕਹੈ ਨਾਨਕੁ ਜਿਸ ਨੋ ਆਪਿ ਤੁਠਾ; ‘ਤਿਨਿ’ (ਉਸ ਨੇ) ਅੰਮ੍ਰਿਤੁ ਗੁਰ ਤੇ ਪਾਇਆ ॥’’ (ਮ: ੩/੯੧੮)
(4).‘‘ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ; ‘ਤਿਨਿ’ (ਉਸ ਨੇ) ਤਉ ਅਉਰੈ ਠਾਨੀ ॥’’ (ਭਗਤ ਨਾਮਦੇਵ/੧੧੬੫) ਆਦਿ।
ਗੁਰਬਾਣੀ ’ਚ ਕੇਵਲ ਇੱਕ ਵਾਰ ‘ਤਿਨਿ’ ਸ਼ਬਦ ਦਾ ਅਰਥ ਹੈ: ‘ਤ੍ਰਿਣ’ ਭਾਵ ‘ਸੁੱਕਾ ਘਾਹ-ਫੂਸ’ (ਇੱਕ ਵਚਨ ਪੁਲਿੰਗ ਨਾਂਵ); ਜਿਵੇਂ
‘‘ਬਨਿ, ਤਿਨਿ, ਪਰਬਤਿ; ਹੈ ਪਾਰਬ੍ਰਹਮੁ ॥’’ (ਮ: ੫/੨੯੪) ਭਾਵ ਪ੍ਰਮਾਤਮਾ ਹਰਿਆਲੇ ਜੰਗਲ ਵਿੱਚ, ਸੁੱਕੇ ਘਾਹ-ਫੂਸ ਵਿੱਚ, ਪਰਬਤ ਵਿੱਚ (ਭਾਵ ਹਰ ਥਾਂ) ਵਿਆਪਕ ਹੈ।
ਗੁਰੂ ਨਾਨਕ ਸਾਹਿਬ ਜੀ ਹੀ ‘ਜਪੁ’ ਬਾਣੀ ਦੀ ਉਕਤ (ਸਬੰਧਿਤ) ਪੰਕਤੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ‘ਤਿਨਿ’ ਸ਼ਬਦ ਦਾ ਅਰਥ: ‘ਤਿੰਨ’ (ਸੰਖਿਆ ਵਾਚਕ) ਹੀ ਕਰਦੇ ਹਨ; ਜਿਵੇਂ:
‘‘ਆਂਟ ਸੇਤੀ ਨਾਕੁ ਪਕੜਹਿ; ਸੂਝਤੇ ‘ਤਿਨਿ’ ਲੋਅ ॥’’ (ਮ: ੧/੬੬੨) ਭਾਵ ਹੱਥਾਂ ਦੀਆਂ ਉਂਗਲੀਆਂ ਨਾਲ ਨੱਕ ਪਕੜ੍ਹ ਕੇ (ਸਮਾਧੀ ਦੀ ਸ਼ਕਲ ’ਚ) ਤ੍ਰਿਲੋਕੀ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਭਾਵ ਤਿੰਨੇ ਲੋਕ) ਵਿਖਾਈ ਦੇਣ ਦਾ ਪਾਖੰਡ ਕਰਦੇ ਹਨ।
(ਨੋਟ: ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਜ ਕੀਤੀਆਂ ਗਈਆਂ ਉਕਤ ਦੋਵੇਂ ਪੰਕਤੀ ’ਚ ‘ਤਿਨਿ’ ਸ਼ਬਦ ਦਾ ਉਚਾਰਨ ‘ਤਿੰਨ’ ਕਰਨਾ ਦਰੁਸਤ ਹੋਵੇਗਾ ਕਿਉਂਕਿ ਇਹ ਸ਼ਬਦ ‘ਨਾਂਵ’ ਜਾਂ ‘ਪੜਨਾਂਵ’ ਨਹੀਂ ਬਲਕਿ ‘ਸੰਖਿਅਕ’ (ਗਿਣਤੀ ਵਾਚਕ) ਸ਼ਬਦ ਹੈ, ਇਸ ਉਚਾਰਨ ਬਾਰੇ ਗੁਰਬਾਣੀ ਵੀ ਇੱਕ ਵਾਰ ਸੇਧ ਬਖ਼ਸ਼ਸ਼ ਕਰਦੀ ਹੈ; ਜਿਵੇਂ: ‘‘ਥਾਲ ਵਿਚਿ ‘ਤਿੰਨਿ’ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥’’ ਮ: ੫/੧੪੨੯)
ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥
ਭਾਗ- (ਹਿੰਦੂ ਮਿੱਥ ਅਨੁਸਾਰ ਜਗਤ ਉਤਪਤੀ ਦੇ ਅਰੰਭ ’ਚ) ਇਕਲੌਤੀ ਔਰਤ ਸੀ, ਜੋ ਕਿਸੇ ਯੁਗਤੀ ਨਾਲ਼ (ਭਾਵ ਬਿਨਾਂ ਮਰਦ ਤੋਂ) ਪ੍ਰਸੂਤ ਹੋਈ (ਜਣੇਪਾ ਕੀਤਾ, ਜਿਸ ਦੇ) ਤਿੰਨ ਚੇਲੇ (ਭਾਵ ਪੁੱਤਰ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਦੇਵਤੇ ਰੂਪ ’ਚ) ਕਬੂਲ ਕਰ ਲਏ ਗਏ।
(ਨੋਟ : ਧਿਆਨ ਰਹੇ ਕਿ ਉਕਤ ਮਿੱਥ, ਹਿੰਦੂ ਮਤ ਅਨੁਸਾਰ ਹੈ ਜਦ ਕਿ ਬਾਇਬਲ ਤੇ ਕੁਰਾਨ ’ਚ ਪਹਿਲਾ ਆਦਮੀ ‘ਬਾਬਾ ਆਦਮ’ ਲਿਖਿਆ ਹੈ, ਜਿਸ ਦੀ ਉਮਰ 930 ਸਾਲ ਦੱਸੀ ਗਈ। ਇਸ ਦੀ ਸ਼ਕਲ, ਖ਼ੁਦਾ ਨੇ ਮਿੱਟੀ ਤੋਂ ਆਪਣੇ ਵਰਗੀ ਬਣਾਈ ਸੀ ਤੇ ਸੁੱਤੇ ਪਏ ਦੀ ਇੱਕ ਪਸਲੀ ਕੱਢ ਕੇ ਨਾਰੀ ‘ਹਵਾ’ ਬਣਾਈ । ਜੋ ਭਿਸ਼ਤ (ਸਵਰਗ) ’ਚੋਂ ਮਨ੍ਹਾ ਕੀਤੇ ਫਲ਼ ਖਾਣ ਕਾਰਨ ਧਰਤੀ ’ਤੇ ਸੁੱਟੇ ਗਏ। ਗੁਰਬਾਣੀ ਵਾਕ ਹੈ, ‘‘ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ॥ ਉਨਿ ਭੀ; ਭਿਸਤਿ ਘਨੇਰੀ ਪਾਈ ॥’’ (ਭਗਤ ਕਬੀਰ/੧੧੬੧) ਬਾਬਾ ਆਦਮ ਸ਼੍ਰੀ ਲੰਕਾ ’ਚ ਤੇ ਬੀਬੀ ‘ਹਵਾ’ ਅਰਬ ’ਚ ਜੱਦਾਹ ਪਾਸ ਡਿੱਗੀ, ਜਿਨ੍ਹਾਂ ਨੂੰ 100 ਸਾਲ ਬਾਅਦ ਜਬਰਾਇਲ ਫ਼ਰਿਸ਼ਤੇ ਨੇ ਮਿਲਾਇਆ, ਜੋ ਪੈਗ਼ੰਬਰ ਨੂੰ ਖ਼ੁਦਾ ਦੇ ਹੁਕਮ ਲਿਆ ਕੇ ਦਿੰਦਾ ਹੈ।
ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਬਣਿਆ ਕਾਲਪਨਿਕ ਪੁਲ, ਇਸਲਾਮ ਮੁਤਾਬਕ ਬਾਬਾ ਆਦਮ ਜੀ ਨੇ ਅਤੇ ਹਿੰਦੂ ਮਤ ਅਨੁਸਾਰ ਰਾਮ ਚੰਦਰ ਜੀ ਨੇ ਬਣਾਇਆ ਹੈ। ਹਿੰਦੂ ਮਤ ਅਤੇ ਇਸਲਾਮ ਮਤ ਦਾ ਬਹੁਤ ਕੁਝ ਸਾਂਝਾ ਵੀ ਹੈ, ਕੇਵਲ ਨਾਮ ਹੀ ਬਦਲੇ ਗਏ ਹਨ; ਜਿਵੇਂ ਕਿ
(1). ਹਿੰਦੂ ਦਾ ‘ਸ਼ਿਵ’ (ਨਾਸ਼ ਕਰਨ ਵਾਲ਼ਾ ਦੇਵਤਾ) ਤੇ ਇਸਲਾਮ ਦਾ ‘ਇਸਰਾਫ਼ੀਲ’ ਤੇ ‘ਇਜ਼ਰਾਈਲ’ (ਅਜ਼ਰਾਈਲ ਜਾਂ ਮਲਕਲ ਮਉਤ ਫ਼ਰਿਸ਼ਤਾ) ਹੈ। ਗੁਰਬਾਣੀ ਵਾਕ ਹਨ, ‘ਮਲਕਲ ਮਉਤ’ ਜਾਂ ਆਵਸੀ; ਸਭ ਦਰਵਾਜੇ ਭੰਨਿ ॥ (ਬਾਬਾ ਫਰੀਦ/੧੩੮੩), ‘ਅਜਰਾਈਲੁ ਫਰੇਸਤਾ’; ਤਿਲ ਪੀੜੇ ਘਾਣੀ ॥ (ਮ: ੪/੩੧੫), ਆਦਿ।
(2). ਹਿੰਦੂ ਦਾ ‘ਵਿਸ਼ਨੂੰ’ (ਰਿਜ਼ਕ ਦੇਣ ਵਾਲ਼ਾ) ਅਤੇ ‘ਇੰਦਰ’ (ਵਰਖਾ/ਬਾਰਸ਼ ਕਰਨ ਵਾਲ਼ਾ) ਹੈ ਪਰ ਇਸਲਾਮ ਦਾ ‘ਮੀਕਾਇਲ ਫ਼ਰਿਸ਼ਤਾ’ ਇਹ ਦੋਵੇਂ ਕੰਮ ਕਰਦਾ ਹੈ।
(3). ਹਿੰਦੂ ਦੇ ‘ਚਿਤਰ-ਗੁਪਤ’ ਅਤੇ ਇਸਲਾਮ ਦੇ ‘ਕਿਰਾਮਨ-ਕਾਤਿਬੀਨ’ ਫ਼ਰਿਸ਼ਤੇ ਹਨ, ਜੋ ਜੀਵਾਂ ਦੇ ਚੰਗੇ-ਮੰਦੇ ਲੇਖ ਲਿਖਦੇ ਹਨ।
(4). ਹਿੰਦੂ ਦਾ ‘ਮਨੁ’ ਹੀ ਇਸਲਾਮ ਦਾ ‘ਨੂਹ’ ਹੈ।
(5). ਹਿੰਦੂ ਦਾ ‘ਸਵਰਗ’ ਤੇ ਇਸਲਾਮ ਦਾ ‘ਭਿਸ਼ਤ’ (ਬਹਿਸ਼ਤ) ਹੈ, ਆਦਿ।)
‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’– ਇਸ ਪੰਕਤੀ ’ਚ ਤਿੰਨ ਵਾਰ ਦਰਜ ‘ਇਕੁ’ (ਇੱਕ ਵਚਨ ਪੁਲਿੰਗ ਪੜਨਾਂਵ) ਸ਼ਬਦ ਇਹੀ ਸੰਕੇਤ ਦੇਂਦਾ ਹੈ ਕਿ ਉਕਤ ਪੰਕਤੀ ’ਚ ‘ਤਿਨਿ ਚੇਲੇ’ ਕੇਵਲ ਪੁਰਖਵਾਚਕ (ਪੁਲਿੰਗ) ਸ਼ਬਦ ਹੀ ਹਨ, ਨਾ ਕਿ ਕੋਈ ਇਸਤ੍ਰੀ ਲਿੰਗ (ਮਾਤਾ) ਵੀ।
‘ਸੰਸਾਰੀ’– ਇਹ ਸ਼ਬਦ ਗੁਰਬਾਣੀ ਵਿੱਚ 14 ਵਾਰ ਦਰਜ ਹੈ, ਜਿਸ ਦਾ ਅਰਥ ਕੇਵਲ ਦੁਨਿਆਵੀ ਪੱਧਰ ਤੱਕ ਹੀ ਸੀਮਤ ਹੈ; ਜਿਵੇਂ:
(1). ‘‘ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ (ਦੁਨਿਆਵੀ ਡਰ ’ਚ) ਡੂਬੇ ‘ਸੰਸਾਰੀ’ (ਦੁਨਿਆਵੀ ਮਾਨਸਿਕਤਾ ਵਾਲੇ ਲੋਕ)॥’’ (ਭਗਤ ਕਬੀਰ/੩੩੨)
(2). ‘‘ਸਾਸਤੁ, ਬੇਦੁ ਬਕੈ ਖੜੋ ਭਾਈ ! ਕਰਮ ਕਰਹੁ ‘ਸੰਸਾਰੀ’ (ਦੁਨਿਆਵੀ ਪੱਧਰ ਤੱਕ ਦੇ ਹੀ)॥’’ (ਮ: ੧/੬੩੫)
(3). (ਗੁਰੂ ਸ਼ਬਦ ਰੂਪ) ‘‘ਹੀਰਾ ਹਾਥਿ (ਉੱਤੇ) ਚੜਿਆ ਨਿਰਮੋਲਕੁ; ਛੂਟਿ ਗਈ ‘ਸੰਸਾਰੀ’ (ਦੁਨਿਆਵੀ ਮਾਨਸਿਕਤਾ) ॥’’ (ਭਗਤ ਕਬੀਰ/੧੧੨੩) ਆਦਿ।
‘ਭੰਡਾਰੀ’– ਇਹ ਸ਼ਬਦ ਗੁਰਬਾਣੀ ਵਿੱਚ 9 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ ਇੱਕ ਵਾਰ (‘ਜਪੁ’ ਪਉੜੀ ਦੀ ਸਬੰਧਿਤ ਪੰਕਤੀ ’ਚ) ਹਿੰਦੂ ਮਿਥਿਹਾਸ ਨਾਲ ਸਬੰਧਿਤ ਪਦਾਰਥਵਾਦੀ ਦਾਤਾਂ ਦੇ ਸਬੰਧ ’ਚ ਅਤੇ ਬਾਕੀ 8 ਵਾਰ ਨਿਰੋਲ ਰੱਬੀ ਗੁਣਾਂ ਰੂਪ ਭੰਡਾਰਿਆਂ ਨਾਲ ਸਬੰਧਿਤ ਹੈ; ਜਿਵੇਂ:
(1). ‘‘ਅੰਦਰੁ ਸਾਚਾ, ਮਨੁ ਤਨੁ ਸਾਚਾ; ਭਗਤਿ ਭਰੇ ‘ਭੰਡਾਰੀ’ ਹੇ ॥’’ (ਮ: ੩/੧੦੫੧)
(2). ‘‘ਧਰਤੀ ਦੇਗ ਮਿਲੈ ਇਕ ਵੇਰਾ (ਵਾਰੀ); ਭਾਗੁ ਤੇਰਾ ‘ਭੰਡਾਰੀ’ ॥’’ (ਮ: ੧/੧੧੯੦)
(3). ‘‘ਜਹ ‘ਭੰਡਾਰੀ’ ਹੂ ਗੁਣ ਨਿਕਲਹਿ; ਤੇ ਕੀਅਹਿ ਪਰਵਾਣੁ ॥’’ (ਮ: ੨/੧੨੩੯) ਭਾਵ ਜਿਸ ਹਿਰਦੇ ਘਰ ਵਿੱਚੋਂ (ਰੱਬੀ ਦਰ ਉੱਤੇ) ਕੇਵਲ ਗੁਣ ਹੀ ਗੁਣ ਨਿਕਲਦੇ ਹਨ ਉਹ (ਜੀਵਨ) ਕਬੂਲ ਕਰ ਲਏ ਜਾਂਦੇ ਹਨ।) ਆਦਿ।
‘ਦੀਬਾਣੁ’– ਇਹ ਸ਼ਬਦ ਗੁਰਬਾਣੀ ਵਿੱਚ 29 ਵਾਰ (ਤੇ ‘ਦੀਬਾਨੁ’ 5 ਵਾਰ) ਦਰਜ ਹੈ, ਜਿਨ੍ਹਾਂ ਦਾ ਅਰਥ ਹੈ: ‘ਰੱਬੀ ਦਰ, ਤਖ਼ਤ, ਕਚਹਿਰੀ, ਆਸਰਾ; ਜਿਵੇਂ:
(1). ‘‘ਦੀਬਾਨੁ’’ (ਅਦਾਲਤ) ਏਕੋ, ਕਲਮ ਏਕਾ; ਹਮਾ ਤੁਮ੍ਾ ਮੇਲੁ ॥’’ (ਮ: ੧/੪੭੩)
(2). ‘‘ਤੂੰ ਸਚਾ ‘ਦੀਬਾਣੁ’ (ਆਸਰਾ); ਹੋਰਿ ਆਵਣ ਜਾਣਿਆ ॥’’ (ਮ: ੧/੧੫੦)
(3). ‘‘ਮੈ (ਮੇਰਾ) ਤਾਣੁ ‘ਦੀਬਾਣੁ’ (ਆਸਰਾ) ਤੂਹੈ ਮੇਰੇ ਸੁਆਮੀ ! ਮੈ ਤੁਧੁ ਆਗੈ ਅਰਦਾਸਿ ॥’’ (ਮ: ੪/੭੩੫) ਆਦਿ।
ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ॥
ਭਾਗ- (ਤਿੰਨੇ ਪੁੱਤਰਾਂ ’ਚੋਂ) ਇੱਕ ਜੀਵਾਂ ਨੂੰ ਪੈਦਾ ਕਰਨ ਵਾਲ਼ਾ (ਬ੍ਰਹਮਾ, ਸੰਸਾਰੀ), ਇੱਕ ਖ਼ੁਰਾਕ ਦੇਣ ਵਾਲ਼ਾ (ਵਿਸ਼ਨੂੰ, ਭੰਡਾਰੀ) ਤੇ ਇੱਕ (ਜੀਵਾਂ ਨੂੰ ਮਾਰਨ ਵਾਲ਼ਾ ਸ਼ਿਵ) ਕਚਹਿਰੀ ਲਾਉਂਦਾ (ਮੰਨਿਆ ਗਿਆ) ਹੈ।
(ਨੋਟ : ਹਿੰਦੂ ਸਮਾਜ ਧਨ-ਦੌਲਤ (ਵਿਸਨੂੰ-ਲੱਛਮੀ) ਤੇ ਮੌਤ ਦੇ ਡਰ ਕਾਰਨ (ਸ਼ਿਵ-ਪਾਰਬਤੀ) ਦੀ ਪੂਜਾ ਕਰਦਾ ਹੈ, ਪਰ ਸਭ ਨੂੰ ਪੈਦਾ ਕਰਨ ਵਾਲ਼ੇ ‘ਬ੍ਰਹਮਾ’ ਦੇ ਭਗਤ ਤੇ ਮੰਦਿਰਾਂ ਦਾ ਨਾ ਹੋਣਾ ਇਸ ਦੀ ਅਹਿਮੀਅਤ ਨੂੰ ਹੀ ਰੱਦ ਕਰਦੀ ਹੈ।
ਅਗਾਂਹ ਸਭ ਪੰਕਤੀਆਂ ਨਿਰੋਲ ਗੁਰਮਤਿ ਭਾਵਾਰਥਾਂ ਨਾਲ ਸਬੰਧਿਤ ਹਨ ਕਿਉਂਕਿ ਅਨਮਤ ਦੀ ਧਾਰਨਾ ਉਕਤ ਪੰਕਤੀਆਂ ਤੱਕ ਹੀ ਸਮਾਪਤ ਹੋ ਚੁੱਕੀ ਹੈ।)
‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥’’– ਇਸ ਪੰਕਤੀ ’ਚ ‘ਤਿਸੁ, ਭਾਵੈ, ਚਲਾਵੈ, ਹੋਵੈ’ ਆਦਿ (ਪੜਨਾਂਵ ਤੇ ਕਿਰਿਆਵਾਚੀ) ਸ਼ਬਦ ਇੱਕ ਵਚਨ ਭਾਵਾਰਥਾਂ ਨਾਲ ਸਬੰਧਿਤ ਹਨ, ਇਸ ਲਈ ਇਸ ਪੰਕਤੀ ਨੂੰ ਉਕਤ ‘ਤਿਨਿ ਚੇਲੇ’ (ਬਹੁ ਵਚਨ) ਨਾਲ ਨਹੀਂ ਜੋੜਿਆ ਜਾ ਸਕਦਾ।
ਉਕਤ ਪੰਕਤੀ ’ਚ ‘ਜਿਵ’ ਸ਼ਬਦ ਦੋ ਵਾਰ ਦਰਜ ਹੈ, ਜਿਸ ਰਾਹੀਂ ਇਉਂ ਅਰਥ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ: ‘ਤਿਸੁ’ ਭਾਵ ਉਸ (ਅਸਲ ਮਾਲਕ, ਅਕਾਲ ਪੁਰਖ) ਨੂੰ ‘‘ਜਿਵ, ਜਿਵ ਫੁਰਮਾਣੁ ਭਾਵੈ’’ ਭਾਵ ਜਿਵੇਂ ਜਿਵੇਂ ਹੁਕਮ ਪਸੰਦ ਹੈ ਅਤੇ ‘‘ਤਿਵੈ ਚਲਾਵੈ, ਤਿਵੈ ਹੋਵੈ’’।
ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ॥
ਭਾਗ- (ਦਰਅਸਲ, ਕੁਦਰਤ ਬਾਰੇ ਹਕੀਕਤ ਇਹ ਹੈ ਕਿ) ਜਿਵੇਂ ਉਸ (ਅਦ੍ਰਿਸ਼ ਮਾਲਕ) ਨੂੰ ਪਸੰਦ ਹੈ, ਜਿਵੇਂ ਉਸ ਦੀ ਰਜ਼ਾ ਹੈ; ਉਸੇ ਤਰ੍ਹਾਂ ਹੀ (ਕੁਦਰਤ ਦਾ ਵਿਕਾਸ ਤੇ ਸੰਘਾਰ ਕਰਨਾ) ਚਲਾਉਂਦਾ ਹੈ।
(ਨੋਟ : ਉਕਤ ਪੰਕਤੀ ’ਚ ਕੁਦਰਤ ਦੇ ਵਿਕਾਸ ਤੇ ਸੰਘਾਰ ਤੋਂ ਇਲਾਵਾ ਰਿਜ਼ਕ ਦੇਣ ਦਾ ਜ਼ਿਕਰ, ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਅਗਾਂਹ ਪੰਕਤੀ ‘‘ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥’’ ’ਚ ਇਹ ਪੱਖ ਸ਼ਾਮਲ ਹੈ।
ਉਕਤ ਗੁਰੂ ਸ਼ਬਦ ਦੀ ਵਿਚਾਰ ਉਪਰੰਤ ਸ਼ਾਇਦ ਹੀ ਕੋਈ ਗੁਰਸਿੱਖ ਇਸ ਵਿਚਾਰ ਨਾਲ਼ ਸਹਿਮਤ ਹੋਏਗਾ ਕਿ ਕੋਈ ਮਨਮੁਖ ਵਿਅਕਤੀ, ਰੱਬੀ ਰਜ਼ਾ ’ਚੋਂ ਆਕੀ ਹੋ ਕੇ ਆਪਣਾ ਜੀਵਨ ਬਸਰ ਕਰ ਸਕਦਾ ਹੈ ਭਾਵੇਂ ਮਨੁੱਖਾ ਸੋਚ ਲਈ ਇਹ ਯਕੀਨ ਕਰਨਾ ਬੜਾ ਕਠਿਨ ਹੈ।)
‘‘ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥’’–ਇਸ ਪੰਕਤੀ ’ਚ ‘ਓਹੁ’ ਸ਼ਬਦ ਇੱਕ ਵਚਨ ਪੜਨਾਂਵ ਹੋਣ ਕਾਰਨ ‘ਅਕਾਲ ਪੁਰਖ’ ਨਾਲ ਹੀ ਸਬੰਧਿਤ ਹੈ ਜਦਕਿ ‘ਓਨਾ’ (ਬਹੁ ਵਚਨ ਪੜਨਾਂਵ) ਹੋਣ ਕਾਰਨ ‘ਏਕਾ ਮਾਈ, ਤਿਨਿ ਚੇਲੇ’ ਸਮੇਤ ਤਮਾਮ ਜਗਤ ਦੇ ਜੀਵਾਂ ਲਈ ਦਰੁਸਤ ਜਾਪਦਾ ਹੈ।
‘ਵਿਡਾਣੁ’-ਇਹ ਸ਼ਬਦ ਗੁਰਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਵਾਰ ਦਰਜ ਕੀਤਾ ਹੈ, ਜਿਸ ਦਾ ਅਰਥ ਹੈ ‘ਅਸਚਰਜ ਕੌਤਕ’ ਅਤੇ ਇਸ ਨੂੰ ਇਸਤੇਮਾਲ ਕਰਨ ਦੇ ਪਿੱਛੇ ਕਿਸੇ ਅਡੰਬਰ (ਪਾਖੰਡ) ਦੀ ਅਸਲੀਅਤ ਬਿਆਨ ਕਰਨਾ ਵੀ ਹੁੰਦਾ ਹੈ; ਜਿਵੇਂ:
(1). ‘‘ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ; ਹਾਜਰਾ ਹਜੂਰਿ ॥ ਵੇਖਿ ‘ਵਿਡਾਣੁ’; ਰਹਿਆ ਵਿਸਮਾਦੁ ॥ ਨਾਨਕ ! ਬੁਝਣੁ ਪੂਰੈ ਭਾਗਿ ॥’’ (ਮ: ੧/੪੬੪)
(2). ‘‘ਸੁਣਿ ਵੇਖਹੁ ਲੋਕਾ! ਏਹੁ ‘ਵਿਡਾਣੁ’ ॥ ਮਨਿ ਅੰਧਾ; ਨਾਉ ਸੁਜਾਣੁ ॥’’ (ਮ: ੧/੪੭੧)
ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ॥
ਭਾਗ- ਉਹ (ਮਾਲਕ, ਜੀਵਾਂ ਦੀ ਹਰ ਹਰਕਤ ਨੂੰ) ਵਾਚਦਾ ਹੈ (ਪਰ) ਉਨ੍ਹਾਂ (ਜੀਵਾਂ ਨੂੰ) ਨਜ਼ਰ ਨਹੀਂ ਆਉਂਦਾ, ਇਹ ਅਚੰਭਾ ਬੜਾ ਹੈਰਾਨ ਕਰਨ ਵਾਲ਼ਾ ਹੈ।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੦॥
ਭਾਗ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।