JAP (Pori No. 2)

0
568

ਹੁਕਮੀ, ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ ॥ ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥ ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ ॥ ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥ ਨਾਨਕ ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ ॥੨॥ 

ਉਚਾਰਨ ਸੇਧ: ਹੋਵਨਿ੍, ਜੀ.., ਪਾਈਅਹਿਂ (ਪਾਈਐਂ), ਇਕਨ੍ਾਂ , ਬਖ਼ਸ਼ੀਸ਼, ਭਵਾਈਅਹਿ (ਭਵਾਈਐਂ)।

ਪਦ ਅਰਥ: ਹੁਕਮੀ– ਹੁਕਮ ਵਿੱਚ (ਅਧਿਕਰਣ ਕਾਰਕ)।, ਹੋਵਨਿ- ਹੁੰਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਜੀਅ- ਜੀਵ (ਬਹੁ ਵਚਨ ਨਾਂਵ)।, ਹੁਕਮਿ-ਹੁਕਮ ਵਿੱਚ (ਅਧਿਕਰਣ ਕਾਰਕ)।, ਉਤਮੁ ਨੀਚੁ- ਚੰਗਾ-ਮੰਦਾ (ਗੁਣ-ਵਾਚਕ ਵਿਸ਼ੇਸ਼ਣ)।, ਲਿਖਿ- (ਮੱਥੇ ਉੱਤੇ) ਲਿਖੇ ਨਾਲ਼ (ਭਾਵ ਲਿਖੇ ਮੁਤਾਬਕ, ਕਿਰਦੰਤ)।, ਪਾਈਅਹਿ- ਪਾਏ ਜਾਂਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਇਕਨਾ (ਇਕਿ)- ਕਈ (ਅਨਿਸ਼ਚਿਤ ਪੜਨਾਂਵ)।, ਸਭੁ ਕੋ- ਹਰ ਕੋਈ (ਅਨਿਸ਼ਚਿਤ ਪੜਨਾਂਵ)।, ਨਾਨਕ- ਹੇ ਨਾਨਕ ! (ਸੰਬੋਧਨ)।, ਹਉਮੈ- ਮੈਂ ਮੈਂ, ਮੇਰੀ ਮੇਰੀ (ਇਸਤ੍ਰੀ ਲਿੰਗ, ਨਾਂਵ)।, ਹੁਕਮੈ– ਹੁਕਮ ਨੂੰ (ਕਰਮ ਕਾਰਕ)।, ਕਹੈ- ਆਖਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਕੋਇ- ਕੋਈ ਵੀ (ਅਨਿਸ਼ਚਿਤ ਪੜਨਾਂਵ)।

(ਨੋਟ: ‘ਜਪੁ’ ਬਾਣੀ ਦੀ ਇਸ ਦੂਸਰੀ ਪਉੜੀ ’ਚ ‘ਹੁਕਮੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਨੂੰ ਵਿਸ਼ੇ ਦਾ ਆਧਾਰ ਬਣਾਇਆ ਗਿਆ ਹੈ, ਜਿੱਥੇ ‘ਹੁਕਮੁ’ ਸ਼ਬਦ ਦੀ ਬਣਤਰ ‘ਹੁਕਮੀ, ਹੁਕਮੁ, ਹੁਕਮਿ, ਹੁਕਮੈ, ਹੁਕਮ’ ਦਰਸਾਈ ਗਈ ਹੈ। ਇਨ੍ਹਾਂ ਭਿੰਨ-ਭਿੰਨ ਸਰੂਪਾਂ ਦਾ ਕਾਰਨ ਅਲੱਗ-ਅਲੱਗ ਕਾਰਕਾਂ ਅਧੀਨ ‘ਹੁਕਮੁ’ ਸ਼ਬਦ ਦੀ ਵਰਤੋਂ ਕਰਨਾ ਹੈ; ਜਿਵੇਂ ਕਿ

(1). ਹੁਕਮੀ, ਹੁਕਮਿ-ਇਹ ਦੋਵੇਂ ਸ਼ਬਦ ਸਰੂਪ; ਕਰਣ ਕਾਰਕ ਜਾਂ ਅਧਿਕਰਣ ਕਾਰਕ ਦੇ ਸੂਚਕ ਹਨ, ਜਿਨ੍ਹਾਂ ਰਾਹੀਂ ਅਰਥ ਬਣਦੇ ਹਨ: ‘ਹੁਕਮ ਵਿੱਚ (ਅਧਿਕਰਣ ਕਾਰਕ) ਤੇ ‘ਹੁਕਮ ਰਾਹੀਂ ਜਾਂ ਹੁਕਮ ਦੁਆਰਾ’ (ਕਰਣ ਕਾਰਕ)।

(2). ਹੁਕਮ- ਇਸ ਨੂੰ ਅੰਤ ਮੁਕਤਾ, ਸੰਬੰਧਕੀ ਸ਼ਬਦ ‘ਬਾਹਰਿ’ ਨੇ ਕੀਤਾ ਹੈ ਭਾਵ ‘ਬਾਹਰਿ ਹੁਕਮ’ ਦਾ ਅਰਥ ਹੈ: ‘ਹੁਕਮ ਤੋਂ ਬਾਹਰ ਜਾਂ ਆਕੀ’।

(3). ਹੁਕਮੈ- ਉਕਤ ਪਉੜੀ ’ਚ ਦੋ ਵਾਰ ‘ਹੁਕਮੈ’ ਸ਼ਬਦ ਸਰੂਪ ਦਰਜ ਹੈ; ਜਿਵੇਂ ਕਿ ‘ਹੁਕਮੈ ਅੰਦਰਿ’ ਸਭੁ ਕੋ…॥ (ਅਧਿਕਰਣ ਕਾਰਕ), ਨਾਨਕ  ! ‘ਹੁਕਮੈ’, ਜੇ ਬੁਝੈ… ॥ (ਕਰਮ ਕਾਰਕ)। ਧਿਆਨ ਰਹੇ ਕਿ ‘ਹੁਕਮੁ’ (ਇੱਕ ਵਚਨ ਪੁਲਿੰਗ) ਸ਼ਬਦ ਬਣਤਰ ਨਾਲ਼ ਜਦ ਵੀ ਸੰਬੰਧਕੀ (ਲੁਪਤ ਜਾਂ ਪ੍ਰਗਟ) ਦਰਜ ਹੋਵੇ ਤਾਂ ਇਸ ਦੀ ਬਣਤਰ ‘ਹੁਕਮੁ’ ਤੋਂ ਬਦਲ ਕੇ ‘ਹੁਕਮੈ’ ਬਣ ਜਾਂਦੀ ਹੈ। ਗੁਰਬਾਣੀ ’ਚ ‘ਹੁਕਮੈ’ ਸ਼ਬਦ 26 ਵਾਰ ਦਰਜ ਹੈ, ਜਿਸ ਨਾਲ਼ ‘ਬਾਹਰਿ, ਅੰਦਰਿ, ਬਿਨੁ, ਵਿਚਿ’ (ਪ੍ਰਗਟ ਤੌਰ ’ਤੇ) ਸੰਬੰਧਕੀ ਹਨ ਅਤੇ ‘ਨੂੰ’ (ਲੁਪਤ) ਸੰਬੰਧਕੀ ਮਿਲਦਾ ਹੈ; ਜਿਵੇਂ

‘ਬਿਨੁ ਹੁਕਮੈ’; ਕਿਉ ਬੁਝੈ, ਬੁਝਾਈ ? ॥ (ਮ: ੫/੩੭੮) ਇਸ ਤੁਕ ’ਚ ਪ੍ਰਗਟ ਸੰਬੰਧਕੀ: ‘ਬਿਨੁ’ ਹੈ ਭਾਵ (ਰੱਬੀ) ਹੁਕਮ ਤੋਂ ਬਿਨਾਂ ਕਿਵੇ (ਕੋਈ) ਸਮਝੇ ? 

‘ਹੁਕਮੈ’ (ਨੂੰ) ਬੂਝੇ; ਸਦਾ ਸੁਖੁ ਪਾਏ ॥ (ਮ: ੩/੪੨੪) ਲੁਪਤ ਸੰਬੰਧਕੀ: ‘ਨੂੰ’।

ਨਾਨਕ  ! ‘ਹੁਕਮੈ ਅੰਦਰਿ’ ਵੇਖੈ; ਵਰਤੈ ਤਾਕੋ ਤਾਕੁ (ਹਰ ਥਾਂ ਆਪ ਹੀ ਆਪ)॥ (ਮ: ੧/੪੬੪) ਪ੍ਰਗਟ ਸੰਬੰਧਕੀ: ‘ਅੰਦਰਿ’।

‘ਹੁਕਮੈ’ (ਨੂੰ) ਬੁਝਿ (ਕੇ) ਨਿਹਾਲੁ; ਖਸਮਿ (ਨੇ) ਫੁਰਮਾਇਆ ॥ (ਮ: ੫/੫੨੩) ਲੁਪਤ ਸੰਬੰਧਕੀ: ‘ਨੂੰ’।

ਆਵਨ ਜਾਨਾ ਹੁਕਮੁ ‘ਤਿਸੈ ਕਾ’; ‘ਹੁਕਮੈ’ (ਨੂੰ) ਬੁਝਿ (ਕੇ) ਸਮਾਵਹਿਗੇ ॥ (ਭਗਤ ਕਬੀਰ/੧੧੦੩) ਲੁਪਤ ਸੰਬੰਧਕੀ: ‘ਨੂੰ’।

ਹੁਕਮੁ ਸਾਜਿ (ਕੇ) ‘ਹੁਕਮੈ ਵਿਚਿ’ ਰਖੈ; ‘ਹੁਕਮੈ ਅੰਦਰਿ’ ਵੇਖੈ ॥ (ਮ: ੨/੧੨੪੩) ਪ੍ਰਗਟ ਸੰਬੰਧਕੀ: ‘ਵਿਚਿ ਤੇ ਅੰਦਰਿ’।

‘ਹੁਕਮੈ’ (ਨੂੰ) ਬੂਝੈ; ਤਤੁ ਪਛਾਣੈ ॥ (ਮ: ੧/੧੨੮੯) ਲੁਪਤ ਸੰਬੰਧਕੀ: ‘ਨੂੰ’, ਆਦਿ। 

ਸੋ, ‘ਹੁਕਮੈ’ ਸ਼ਬਦ ਨਾਲ਼ ਸੰਬੰਧਕੀ ਚਿੰਨ੍ਹ ਅਵੱਸ਼ ਚਾਹੀਏ, ਇਹੀ ਨਿਯਮ ਹਰ (ਉਸ) ਇੱਕ ਵਚਨ ਪੁਲਿੰਗ ਨਾਂਵ (ਸ਼ਬਦ) ਉੱਤੇ ਲਾਗੂ ਹੁੰਦਾ ਹੈ, ਜੋ ‘ਅੰਤ ਔਂਕੜ’ ਤੋਂ ‘ਅੰਤ ਦੁਲਾਵਾਂ’ ’ਚ ਬਦਲ ਜਾਂਦਾ ਹੈ; ਜਿਵੇਂ ਕਿ ਹੇਠਾਂ ਤੁਕਾਂ ’ਚ ‘ਸਬਦੁ’ (ਇੱਕ ਵਚਨ ਪੁਲਿੰਗ ਨਾਂਵ) ਤੋਂ ‘ਸ਼ਬਦੈ’ ਸਰੂਪ ਬਣ ਗਿਆ। ‘ਸਬਦੈ’ ਸਰੂਪ ਨਾਲ਼ ਸੰਬੰਧਕੀ ਚਿੰਨ੍ਹ ‘ਤੇ, ਬਿਨੁ, ਸਿਉ, ਕਾ’ (ਪ੍ਰਗਟ ਰੂਪ ’ਚ) ਅਤੇ ‘ਦਾ, ਰਾਹੀਂ’ (ਲੁਪਤ ਰੂਪ ’ਚ) ਮਿਲਦੇ ਹਨ:

‘ਸਬਦੈ ਹੀ ਤੇ’ ਪਾਈਐ; ਹਰਿ ਨਾਮੇ ਲਗੈ ਪਿਆਰੁ ॥ (ਮ: ੧/੫੮)

‘ਬਿਨੁ ਸਬਦੈ’; ਅੰਤਰਿ ਆਨੇਰਾ ॥ (ਮ: ੩/੧੨੪)

‘ਸਬਦੈ ਸਿਉ’ ਚਿਤੁ ਨ ਲਾਵਈ; ਜਿਤੁ, ਸੁਖੁ ਵਸੈ ਮਨਿ (’ਚ) ਆਇ (ਕੇ) ॥ (ਮ: ੩/੫੫੪)

‘ਸਬਦੈ ਕਾ’ ਨਿਬੇੜਾ ਸੁਣਿ ਤੂ ਅਉਧੂ (ਹੇ ਜੋਗੀ) ! ‘ਬਿਨੁ ਨਾਵੈ’ (ਭਾਵ ਬਿਨੁ ਸਬਦੈ), ਜੋਗੁ ਨ ਹੋਈ ॥ (ਮ: ੧/੯੪੬)

‘ਸਬਦੈ’ (ਦਾ) ਸਾਦੁ ਨ ਆਇਓ; ਨਾਮਿ (’ਚ) ਨ ਲਗੋ ਪਿਆਰੁ ॥ (ਮ: ੩/੫੯੪) ਲੁਪਤ ਸੰਬੰਧਕੀ: ‘ਦਾ’।

ਜਨਮੁ ਪਦਾਰਥੁ ‘ਜੂਐ’ (’ਚ) ਹਾਰਿਆ; ‘ਸਬਦੈ’ (ਨਾਲ਼) ਸੁਰਤਿ ਨ ਪਾਈ ॥ (ਮ: ੩/੧੧੫੫) ਲੁਪਤ ਸੰਬੰਧਕੀ: ‘ਰਾਹੀਂ ਜਾਂ ਨਾਲ਼’, ਆਦਿ।

ਅੰਤਮ ਤੁਕ ’ਚ ‘ਜੂਐ’ (ਅੰਤ ਦੁਲਾਵਾਂ, ਗੁਰਬਾਣੀ ’ਚ 27 ਵਾਰ ਵੀ ਉਕਤ ਨਿਯਮ ਮੁਤਾਬਕ ਹੀ) ‘ਜੂਆ’ ਤੋਂ ‘ਅਧਿਕਰਣ ਕਾਰਕ’ ਕਾਰਨ ‘ਜੁਐ’ ਬਣਦਾ ਹੈ।

ਸੰਬੰਧਤ ਪਉੜੀ ’ਚ ਵਿਸ਼ਾ; ਨਿਰਾਕਾਰ ਦੀ ਰਜ਼ਾ (ਮਰਜ਼ੀ) ਮੁਤਾਬਕ ਆਕਾਰ (ਕੁਦਰਤ) ’ਚ ਹਰ ਵਿਕਾਸ ਹੁੰਦਾ ਵਿਖਾਇਆ ਗਿਆ ਹੈ। ਇਹ ਵਿਸ਼ਾ ਮਨੁੱਖਤਾ ਨਾਲ਼ ਵਧੇਰੇ ਸੰਬੰਧਤ ਹੋਣ ਕਾਰਨ ਕੁਦਰਤ ਵਿਕਾਸ ’ਚੋਂ ਉਨ੍ਹਾਂ ਬਿੰਦੂਆਂ ਨੂੰ ਵਧੇਰੇ ਉਜਾਗਰ ਕੀਤਾ ਗਿਆ ਜਿਨ੍ਹਾਂ ਰਾਹੀਂ ਮਨੁੱਖ, ਆਪ ਰਜ਼ਾ ’ਚ ਵਿਚਰਨਾ ਸ਼ੁਰੂ ਕਰੇ; ਜਿਵੇਂ ਕਿ

(1). ਰੱਬੀ ਰਜ਼ਾ ਮੁਤਾਬਕ ਸਭ ਵਜੂਦ ਬਣਦੇ ਹਨ, ਇਸ ਲਈ ਸੰਪੂਰਨ ਰਜ਼ਾ ਨੂੰ ਵਰਣਨ ਕਰਨਾ ਅਸੰਭਵ ਹੈ: ‘‘ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥’’

(2). ਰਜ਼ਾ ਅਨੁਸਾਰ ਮਨੁੱਖਤਾ ਦੀ ਉਤਪਤੀ ਤੇ ਉਸ ਨੂੰ ਮਾਣ-ਸਨਮਾਨ ਮਿਲਦਾ ਹੈ: ‘‘ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ॥’’

(3). ਰਜ਼ਾ ਮੁਤਾਬਕ ਮਨੁੱਖ ਚੰਗਾ-ਮੰਦਾ ਬਣ ਕੇ ਦੁੱਖ-ਸੁੱਖ ਭੋਗਦਾ ਹੈ: ‘‘ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥’’

(4). ਰਜ਼ਾ ਮੁਤਾਬਕ ਕਈ ਮੁਕਤੀ ਪਾਉਂਦੇ ਹਨ ਤੇ ਕਈ ਆਵਾਗਮਣ ਇਖ਼ਤਿਆਰ ਕਰਦੇ ਹਨ: ‘‘ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥’’

(5). ਕੁੱਲ ਮਿਲ਼ਾ ਕੇ ਸਾਰੇ ਹੀ ਰਜ਼ਾ ਵਿੱਚ ਵਿਚਰਦੇ ਹਨ, ਇਸ ਤੋਂ ਆਕੀ ਕੋਈ ਨਹੀਂ, ਤਾਂ ਤੇ ਜੋ ਇਸ ਭੇਦ ਨੂੰ ਸਮਝ ਲੈਂਦਾ ਹੈ ਉਹ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ ਅਧਾਰਹੀਣ ਹਉਮੈ ਨੂੰ ਹੋਰ ਪ੍ਰਫੁਲਿਤ ਨਹੀਂ ਹੋਣ ਦਿੰਦਾ: ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥ ਨਾਨਕ  ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥’’)

ਹੁਕਮੀ ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥– ‘ਜਪੁ’ ਬਾਣੀ ਦੀ ਇਸ ਦੂਸਰੀ ਪਉੜੀ ’ਚ ‘ਹੁਕਮਿ’ (ਅਧਿਕਰਣ ਕਾਰਕ) ਤੋਂ ਕਾਵਿ ਤੋਲ ਨੂੰ ਪੂਰਾ ਕਰਨ ਲਈ ਤਿੰਨ ਵਾਰ ‘ਹੁਕਮੀ’ ਸ਼ਬਦ ਬਣਤਰ ਬਣੀ, ਇਸ ਦਾ ਅਰਥ ਵੀ ‘ਹੁਕਮ ਵਿੱਚ’ ਹੈ।

ਗੁਰਬਾਣੀ ’ਚ ‘ਹੁਕਮਿ’ ਸ਼ਬਦ 86 ਵਾਰ ਦਰਜ ਹੈ ਤੇ ‘ਹੁਕਮੀ’ 37 ਵਾਰ, ਪਰ ਜਦ ਸ਼ਬਦ ‘ਹੁਕਮੀ ਹੁਕਮਿ’ ਸੰਯੁਕਤ ਰੂਪ ’ਚ ਦਰਜ ਹੋਣ ਤਾਂ ‘ਹੁਕਮੀ’ ਦਾ ਅਰਥ: ‘ਹੁਕਮ ਵਿੱਚ’ (ਅਧਿਕਰਣ ਕਾਰਕ) ਨਹੀਂ ਹੁੰਦਾ ਬਲਕਿ ‘ਹੁਕਮ ਦਾ ਮਾਲਕ’ (ਇੱਕ ਵਚਨ ਪੁਲਿੰਗ ਨਾਂਵ) ਬਣ ਜਾਂਦਾ ਹੈ; ਜਿਵੇਂ ਕਿ ‘‘ਹੁਕਮੀ, ਹੁਕਮਿ ਚਲਾਏ, ਵਿਗਸੈ; ਨਾਨਕ ! ਲਿਖਿਆ ਪਾਈਐ ॥’’ (ਮ: ੧/੪੧੮) ਭਾਵ ਹੁਕਮ ਦਾ ਮਾਲਕ ਆਪਣੇ ਹੁਕਮ ਵਿੱਚ (ਸਭ ਨੂੰ) ਚਲਾ ਕੇ (ਆਪ) ਖ਼ੁਸ਼ ਹੁੰਦਾ ਹੈ, ਪਰ ਹੇ ਨਾਨਕ ! (ਹੁਕਮ ਦੀ ਦਿਸ਼ਾ ਵੀ ਆਪਣੇ ਮੱਥੇ ’ਤੇ) ਲਿਖੇ ਨਸੀਬ ਅਨੁਸਾਰ ਨਿਰਧਾਰਿਤ ਹੁੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਕੇਵਲ ਇੱਕ ਤੁਕ ’ਚ ਹੀ ‘ਹੁਕਮੁ’ ਸ਼ਬਦ ਦੇ ਤਿੰਨ ਸਰੂਪ ‘ਹੁਕਮੀ, ਹੁਕਮੁ, ਹੁਕਮਿ’ ਮਿਲ ਜਾਂਦੇ ਹਨ: ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ ਸਵਾਰਣਹਾਰਾ ॥’’ (ਮ: ੧/੬੮੮) ਭਾਵ ਜੀਵ; ਹੁਕਮ ਵਿੱਚ ਜੰਮਿਆ, ਫਿਰ ਵੀ ਹੁਕਮ ਨੂੰ ਨਹੀਂ ਸਮਝ ਸਕਦਾ, ਇਸ ਲਈ ਰੱਬ; ਆਪ ਹੀ ਆਪਣੇ ਹੁਕਮ ’ਚ (ਚਲਾ ਕੇ, ਰਜ਼ਾ ਸਵੀਕਾਰ ਕਰਵਾ ਕੇ) ਜੀਵਨ ਸਫਲਾ ਬਣਾਉਂਦਾ ਹੈ।

ਹੋਵਨਿ-ਗੁਰਬਾਣੀ ’ਚ ‘ਹੋਵਨਿ’ (6 ਵਾਰ) ਤੇ ‘ਹੋਵਨਿ੍’ (1 ਵਾਰ) ਦਰਜ ਹੈ: ‘‘ਜੇ ਗੁਣ ‘ਹੋਵਨਿ੍’ ਸਾਜਨਾ; ਮਿਲਿ ਸਾਝ ਕਰੀਜੈ ॥’’ (ਮ: ੧/੭੬੫) ਭਾਵ ਅਗਰ ਸੱਜਣਾਂ (ਸਤਿਸੰਗੀਆਂ) ’ਚ ਗੁਣ ਵਿਖਾਈ ਦੇਣ ਤਾਂ ਮਿਲ ਕੇ ਵਿਚਾਰ-ਵਟਾਂਦਰਾ ਕਰ ਲੈਣਾ ਚਾਹੀਦਾ ਹੈ।

‘ਹੋਵਨਿ’ (ਬਹੁ ਵਚਨ ਕਿਰਿਆ) ਦੇ ਉਚਾਰਨ ਨਿਯਮ (ਨੇਮ) ਬਾਰੇ ਜਾਣਨਾ ਜ਼ਰੂਰੀ ਹੈ। ਹੇਠਾਂ ਤਿੰਨ ਪੁਰਖਾਂ ਦੇ 2-2 ਵਚਨ ਦਿੱਤੇ ਜਾ ਰਹੇ ਹਨ:

ਆਧੁਨਿਕ ਪੰਜਾਬੀ ‘ਕਿਰਿਆ’…………………………..ਪੁਰਖ/ਵਚਨ………………………….ਗੁਰਬਾਣੀ ਲਿਖਤ ‘ਕਿਰਿਆ’

(1). (ੳ). ਮੈ ਸੰਗਤ ’ਚ ‘ਹੋਵਾਂਗਾ’।……(ਉੱਤਮ ਪੁਰਖ, ਇੱਕ ਵਚਨ ਕਿਰਿਆ)…‘ਹੋਵਾ’ (16 ਵਾਰ),‘ਹੋਵਾਂ’ (2 ਵਾਰ),‘ਹੋਵਉ’ (2 ਵਾਰ)

(ਅ). ਅਸੀਂ ਸੰਗਤ ’ਚ ‘ਹੋਵਾਂਗੇ’।……..(ਉੱਤਮ ਪੁਰਖ, ਬਹੁ ਵਚਨ ਕਿਰਿਆ)…………………‘ਹੋਵਹ’ (2 ਵਾਰ)

(2). (ੳ). ਤੂੰ ਸੰਗਤ ’ਚ ‘ਹੋਵੇਂਗਾ’ ? ………..(ਮੱਧਮ ਪੁਰਖ, ਇੱਕ ਵਚਨ ਕਿਰਿਆ)………….‘ਹੋਵਹਿ’ (69 ਵਾਰ)

(ਅ). ਤੁਸੀਂ ਸੰਗਤ ’ਚ ‘ਹੋਵੋਗੇ’ ?………….(ਮੱਧਮ ਪੁਰਖ, ਬਹੁ ਵਚਨ ਕਿਰਿਆ)……………..‘ਹੋਵਹੁ’ (11 ਵਾਰ)

(3). (ੳ). ਉਹ ਸੰਗਤ ’ਚ ‘ਹੋਵੇਗਾ’……….. (ਅਨ੍ਯ ਪੁਰਖ, ਇੱਕ ਵਚਨ ਕਿਰਿਆ)………….‘ਹੋਵਈ’ (53 ਵਾਰ)

(ਅ). ਉਹ ਸੰਗਤ ’ਚ ‘ਹੋਣਗੇ’।…………… (ਅਨ੍ਯ ਪੁਰਖ, ਬਹੁ ਵਚਨ ਕਿਰਿਆ)…….‘ਹੋਵਹਿ’ (69 ਵਾਰ), ਹੋਵਨਿ੍’ (6+1 ਵਾਰ)

ਕਿਰਿਆਵਾਚੀ ਸ਼ਬਦ ਦੇ ਉਕਤ ਨਿਯਮ ਤਮਾਮ ਗੁਰਬਾਣੀ ਲਿਖਤ ’ਚ 100% ਢੁੱਕਦੇ ਹਨ, ਪਰ ਇਨ੍ਹਾਂ ਸਮੇਤ 2 ਹੋਰ ਨਿਯਮ ਵੀ ਵਿਚਾਰਨੇ ਅਤਿ ਜ਼ਰੂਰੀ ਹਨ:

(1). ਨੰਬਰ 2 (ੳ) ‘ਹੋਵਹਿ’ ਅਤੇ ਨੰਬਰ 3 (ਅ) ‘ਹੋਵਹਿ’ ’ਚ ਭਿੰਨਤਾ ਨੂੰ ਬਣਾਏ ਰੱਖਣ ਲਈ ‘ਨੰਬਰ 3 (ਅ) ’ਚ ਵਾਧੂ ‘ਹੋਵਨਿ’ ਸ਼ਬਦ ਬਣਤਰ ਵੀ ਦਰਜ ਕੀਤੀ ਗਈ, ਜਿਸ ਦਾ ਉਚਾਰਨ ‘ਹੋਵਨਿ੍’ ਦਰੁਸਤ ਹੈ; ਜਿਵੇਂ ਕਿ ਮਿਸਾਲ ਲਈ ਗੁਰਬਾਣੀ ’ਚ ਇੱਕ ਪੰਕਤੀ ਵੀ ਦਰਜ ਹੈ: ‘‘ਜੇ ਗੁਣ ‘ਹੋਵਨਿ੍’ ਸਾਜਨਾ… ॥’’ (ਮ: ੧/੭੬੫)

(2). ਨੰਬਰ 2 (ਅ) ‘ਹੋਵਹੁ’ (ਮੱਧਮ ਪੁਰਖ, ਬਹੁ ਵਚਨ ਕਿਰਿਆ) ’ਚ ਕਈ ਵਾਰ ਪ੍ਰਸੰਗ ਮੁਤਾਬਕ ਵਿਸ਼ਾ ਅਕਾਲ ਪੁਰਖ (ਇੱਕ ਵਚਨ) ਦੇ ਪ੍ਰਥਾਇ ਸਤਿਕਾਰਮਈ ਵਜੋਂ (ਬੇਨਤੀ ਰੂਪ ’ਚ) ਦਰਜ ਹੁੰਦਾ ਹੈ, ਇਸ ਲਈ ਉੱਥੇ ਨੰਬਰ 2 (ੳ) ‘ਹੋਵਹਿ’ ਵਾਲ਼ਾ ਨਿਯਮ ‘ਹੋਵਹੁ’ ’ਚ ਤਬਦੀਲ ਹੋ ਜਾਂਦਾ ਹੈ; ਜਿਵੇਂ ‘‘ਦੀਨ ਦਇਆਲ ‘ਹੋਵਹੁ’ (ਹੋਵਹਿ) ਜਨ ਊਪਰਿ; ਜਨ ‘ਦੇਵਹੁ’ (ਦੇਵਹਿ) ਅ+ਕਥ ਕਹਾਨੀ ॥’’ (ਮ: ੪/੧੧੯੯) ਭਾਵ ਮੈਂ ਗ਼ਰੀਬ (ਰੂਹਾਨੀ ਗੁਣਾਂ ਤੋਂ ਸੱਖਣੇ) ਦਾਸ ਉੱਤੇ ਦਇਆਵਾਨ ਹੋਵੋ ਤੇ ਆਪਣੀ ਵਰਣਨ ਰਹਿਤ ਸਿਫ਼ਤ-ਸਾਲਾਹ ਰੂਪ ਦਾਤ ਬਖ਼ਸ਼ੋ, ਭਾਵ ਇਸ ਨਿਯਮ ’ਚ ਬੇਸ਼ੱਕ ਕਿਰਿਆ ‘ਹੋਵਹੁ’ ਬਹੁ ਵਚਨ ਬਣਤਰ ‘ਨੰਬਰ 2 (ਅ)’ ਪ੍ਰਤੀਤ ਹੁੰਦੀ ਹੈ ਪਰ ਇਸ ਨੂੰ ਇੱਕ ਵਚਨ (ਆਦਰ ਵਾਚਕ) ਹੀ ਮੰਨਣਾ ਦਰੁਸਤ ਹੋਵੇਗਾ।

ਆਕਾਰ-ਇਹ ਸ਼ਬਦ, ਅਜੋਕੇ ਵਿਗਿਆਨਕ ਯੁੱਗ ਦੀ ਖੋਜ ਦਾ ਕੇਂਦਰ ਹੋਣ ਕਾਰਨ ਵਧੇਰੇ ਵਿਚਾਰਨ ਯੋਗ ਹੈ। ਗੁਰਬਾਣੀ ’ਚ ਇਸ ਦੀ ਵਰਤੋਂ ਚਾਰ ਰੂਪਾਂ (ਅਕਾਰ-1 ਵਾਰ, ਆਕਾਰ-10 ਵਾਰ, ਅਕਾਰੁ- 6 ਵਾਰ ਤੇ ਆਕਾਰੁ-28 ਵਾਰ) ’ਚ ਕੁੱਲ 45 ਵਾਰ ਦਰਜ ਹੈ। ਇਹ ਜਾਣਕਾਰੀ ਵੀ ਜ਼ਰੂਰੀ ਹੈ ਕਿ 45 ਵਾਰ ’ਚੋਂ 11 ਵਾਰ ‘ਬਹੁ ਵਚਨ’ ਸਰੂਪ (ਆਕਾਰ, ਅਕਾਰ) ਹੈ, ਜਿਨ੍ਹਾਂ ’ਚੋਂ ਵਿਚਾਰ ਅਧੀਨ ‘ਜਪੁ’ ਪਉੜੀ ਸਮੇਤ 8 ਵਾਰ ਗੁਰੂ ਨਾਨਕ ਸਾਹਿਬ ਜੀ ਤੇ 3 ਵਾਰ ਗੁਰੂ ਅਰਜਨ ਸਾਹਿਬ ਜੀ ਦੁਆਰਾ ਇਸਤੇਮਾਲ ਕੀਤਾ ਗਿਆ ਭਾਵ ਗੁਰਬਾਣੀ ‘ਆਕਾਰ’ (ਦ੍ਰਿਸ਼ਮਾਨ) ਸੰਗ੍ਰਹਿ ਨੂੰ ਵੀ ਬਹੁ ਵਚਨ ਮੰਨਦੀ ਹੈ; ਜਿਵੇਂ

ਤਿਥੈ; ਲੋਅ ਲੋਅ ‘ਆਕਾਰ’ ॥ (ਜਪੁ)

ਹੁਕਮੀ, ਸਗਲ ਕਰੇ ‘ਆਕਾਰ’ ॥ (ਮ: ੧/੧੫੦)

ਸਚੇ ਤੇਰੇ ਲੋਅ; ਸਚੇ ‘ਆਕਾਰ’ ॥ (ਮ: ੧/੪੬੩)

ਸਭੇ ਪੁਰੀਆ, ਖੰਡ ਸਭਿ; ਸਭਿ ਲੋਅ ਲੋਅ ‘ਆਕਾਰ’ ॥ (ਮ: ੧/੧੨੪੧)

ਨਾਮ ਕੇ ਧਾਰੇ; ਸਗਲ ‘ਆਕਾਰ’ ॥ (ਮ: ੫/੨੮੪), ਆਦਿ।

ਸੋ, ‘‘ਹੁਕਮੀ, ਹੋਵਨਿ ਆਕਾਰ; ਹੁਕਮੁ, ਨ ਕਹਿਆ ਜਾਈ॥’’– ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਆਕਾਰ (ਤਮਾਮ ਵਜੂਦ) ਬਣਦੇ ਹਨ, ਇਸ ਲਈ ‘ਹੁਕਮੁ’ ਨੂੰ ਮੁਕੰਮਲ ਵਰਣਨ ਨਹੀਂ ਕੀਤਾ ਜਾ ਸਕਦਾ।

(ਨੋਟ: ਗੁਰਮਤਿ ਦੀ ਉਕਤ ਨਿਰਣੈ ਦੇ ਮੁਕਾਬਲੇ, ਵੇਦ-ਰਚਨਾ ਕੇਵਲ ਇੱਕ ‘ਆਕਾਰੁ’ ਦਾ ਵਰਣਨ ਕਰਦੀ ਹੈ: ‘‘ਚਾਰੇ ਬੇਦ; ਕਥਹਿ ‘ਆਕਾਰੁ’॥’’ (ਮ: ੧/੧੫੪) ਭਾਵ ਚਾਰੇ ਵੇਦ ਸੰਸਾਰਕ ਇਤਿਹਾਸ ਦੱਸਦੇ ਹਨ।)

ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥– ਇਸ ਪੰਕਤੀ ’ਚ ਦਰਜ ‘ਜੀਅ’ ਸ਼ਬਦ ਬਣਤਰ ਵਿਚਾਰ ਮੰਗਦੀ ਹੈ ਕਿਉਂਕਿ ਇਸ ਸ਼ਬਦ ਦੇ ਗੁਰਬਾਣੀ ’ਚ ਇੱਕ ਤੋਂ ਵਧੀਕ ਅਰਥ ਹਨ, ਜੋ 410 ਵਾਰ ਦਰਜ ਵੀ ਹੈ।

ਮਹਾਨ ਕੋਸ਼ ਮੁਤਾਬਕ ‘ਜੀਅ’ ਸ਼ਬਦ ਦੇ 6 ਅਰਥ ਹਨ: ‘ਪ੍ਰਾਣੀ ਜੀਵਨ, ਮਨ/ਚਿਤ, ਜਲ, ਜਲ ਤੇ ਜੀਵਨ, ਜ਼ਿੰਦਗੀ, ਪ੍ਰਾਣੀ ਤੇ ਜੀਵਾਤਮਾ’।

ਦਰਅਸਲ, ਗੁਰਬਾਣੀ ’ਚ ‘ਜੀਉ’ ਸ਼ਬਦ 1462 ਵਾਰ ਦਰਜ ਹੈ, ਜਿਸ ਦੇ ਅਰਥ ਹਨ: ‘ਜੀਵਾਤਮਾ/ਰੂਹ, ਜੀ (ਸਨਮਾਨ ਬੋਧਕ)’ ਆਦਿ; ਜਿਵੇਂ ਕਿ

(ੳ). ਸੁੰਞੀ ਦੇਹ ਡਰਾਵਣੀ; ਜਾ ‘ਜੀਉ’ (ਜਿੰਦ-ਜਾਨ) ਵਿਚਹੁ ਜਾਇ ॥ (ਮ: ੧/੧੯) ਭਾਵ ‘ਜੀਉ’ ਦਾ ਅਰਥ ਹੈ: ‘ਜਿੰਦ-ਜਾਨ’।

(ਅ). ਹਰਿ (ਹਰੀ ਨੇ), ‘ਜੀਉ’ ਗੁਫਾ ਅੰਦਰਿ (‘ਆਤਮਾ’ ਸਰੀਰ ’ਚ) ਰਖਿ ਕੈ; ਵਾਜਾ ਪਵਣੁ ਵਜਾਇਆ (ਬੋਲਣ ਦੀ ਸ਼ਕਤੀ ਦਿੱਤੀ)॥ (ਮ: ੩/੯੨੨) ਭਾਵ ‘ਜੀਉ’ ਦਾ ਅਰਥ ਹੈ: ‘ਜਿੰਦ-ਜਾਨ’।

(ੲ). ਹਰਿ ‘ਜੀਉ’ (ਅਗਰ, ਹਰੀ ਜੀ), ਆਪਣੀ ਕ੍ਰਿਪਾ ਕਰੇ; ਤਾ ਲਾਗੈ ਨਾਮ ਪਿਆਰੁ ॥ (ਮ: ੩/੩੪) ਭਾਵ ‘ਜੀਉ’ ਦਾ ਅਰਥ ਹੈ: ‘ਜੀ’ (ਸਨਮਾਨ ਬੋਧਕ), ਆਦਿ। 

ਜਦ ‘ਜੀਉ’ ਸ਼ਬਦ ਦਾ ਅਰਥ ਕੇਵਲ ‘ਜੀਵਾਤਮਾ’ (ਜਿੰਦ-ਜਾਨ, ਰੂਹ, ਇੱਕ ਵਚਨ ਇਸਤ੍ਰੀ ਲਿੰਗ) ਹੋਵੇ ਤਾਂ ਇਸ ਨਾਲ਼ ਸੰਬੰਧਕੀ ਸ਼ਬਦ ਦਰਜ ਹੋਣ ਉਪਰੰਤ ਇਸ ਦੀ ਬਣਤਰ ‘ਜੀਅ’ ਬਣ ਜਾਂਦੀ ਹੈ; ਜਿਵੇਂ

(ੳ). ਮੇਰੀ ਪ੍ਰੀਤਿ, ਗੋਬਿੰਦ ਸਿਉ ਜਿਨਿ (ਮਤਾਂ) ਘਟੈ ॥ ਮੈ ਤਉ ਮੋਲਿ ਮਹਗੀ ਲਈ; ‘ਜੀਅ ਸਟੈ’ (ਜਿੰਦ-ਜਾਨ ਦੇ ਬਦਲੇ ਭਾਵ ਦਿਲੀ ਤਮੰਨਾ ਨਾਲ਼)॥ (ਭਗਤ ਰਵਿਦਾਸ/੬੯੪) ਭਾਵ ‘ਜੀਉ’ ਨਾਲ਼ ਲੁਪਤ ਸੰਬੰਧਕੀ ਸ਼ਬਦ ‘ਦੇ’ ਹੋਣ ਕਾਰਨ ‘ਜੀਅ ਸਟੈ’ ਦਾ ਅਰਥ: ‘ਜਿੰਦ ਦੇ ਬਦਲੇ’ ਬਣ ਗਿਆ।

(ਅ). ਮੁਖ ਕੀ ਬਾਤ; ਸਗਲ ਸਿਉ ਕਰਤਾ ॥ (ਪਰ) ‘ਜੀਅ ਸੰਗਿ’ (ਭਾਵ ਮਨ ’ਚ) ਪ੍ਰਭੁ ਅਪੁਨਾ ਧਰਤਾ (ਕੇਵਲ ਰੱਬੀ ਯਾਦ ਰੱਖਦਾ)॥ (ਮ: ੫/੩੮੪) ਭਾਵ ‘ਜੀਉ’ ਨਾਲ਼ ਸੰਬੰਧਕੀ ਸ਼ਬਦ ‘ਸੰਗਿ’ ਹੋਣ ਕਾਰਨ ਸੰਯੁਕਤ ਸ਼ਬਦ ‘ਜੀਅ ਸੰਗਿ’ ਬਣ ਗਿਆ।

(ੲ). ‘ਜੀਅ ਕੀ’ ਬਿਰਥਾ (ਦਿਲ ਦੀ ਪੀੜ) ਹੋਇ; ਸੁ, ਗੁਰ ਪਹਿ (ਅੱਗੇ) ਅਰਦਾਸਿ ਕਰਿ ॥ (ਮ: ੫/੫੧੯), ਆਦਿ।

ਉਕਤ ਤਿੰਨੇ ਤੁਕਾਂ ’ਚ ‘ਜੀਅ ਸਟੈ, ਜੀਅ ਸੰਗਿ, ਜੀਅ ਕੀ’ ਸੁਮੇਲ ਸ਼ਬਦਾਂ ’ਚ ਸ਼ਾਮਲ ‘ਜੀਅ’ ਦਾ ਮੂਲ ਸਰੋਤ ‘ਜੀਉ’ ਹੈ, ਜੋ ਸੰਬੰਧਕੀ ‘ਸਟੈ, ਸੰਗਿ, ਕੀ’ ਕਾਰਨ ਬਦਲ ਗਿਆ, ਇਸ ਲਈ ‘ਜੀਅ’ ਨੂੰ ਵੀ ‘ਜੀਉ’ ਵਾਙ ਇੱਕ ਵਚਨ ਇਸਤ੍ਰੀ ਲਿੰਗ ਮੰਨਣਾ ਪਏਗਾ ਜਦਕਿ ਤੁਕ ‘‘ਹੁਕਮੀ, ਹੋਵਨਿ ਜੀਅ…॥’’ ’ਚ ਸ਼ਾਮਲ ‘ਜੀਅ’ ਨਾਲ਼ ਕੋਈ ਸੰਬੰਧਕੀ ਸ਼ਬਦ ਨਹੀਂ, ਤਾਂ ਜੋ ਇਸ ਦਾ ਸਰੋਤ ਵੀ ‘ਜੀਉ’ ਮੰਨ ਕੇ ਅਰਥ ‘ਜਿੰਦ-ਜਾਨ’ ਕਰ ਲਏ ਜਾਣ, ਇਸ ਲਈ ਇੱਥੇ ‘ਜੀਅ’ ਦਾ ਅਰਥ ਹੈ: ‘ਜੀਵ, ਮਨੁੱਖ, ਜੂਨਾਂ, ਜੀਵ-ਜੰਤ, ਵਜੂਦ’ ਆਦਿ (ਬਹੁ ਵਚਨ ਪੁਲਿੰਗ ਨਾਂਵ); ਜਿਵੇਂ ਕਿ 

ਜੇਤੇ ਜੀਅ; ਤੇਤੇ (ਉਤਨੇ) ਸਭਿ ਤੇਰੇ ॥ (ਮ: ੫/੧੯੩)

ਜੇਤੇ ਜੀਅ ਫਿਰਹਿ ਅਉਧੂਤੀ (ਭਾਵ ਗ੍ਰਹਿਸਤ ਤਿਆਗ ਕੇ ਅਤੇ ਗ੍ਰਹਿਸਤੀ ਬਣ ਕੇ); ਆਪੇ ਭਿਖਿਆ ਪਾਵੈ ॥ (ਮ: ੧/੧੨੩੮)

ਜੇਤੇ ਜੀਅ-ਜੰਤ ਪ੍ਰਭਿ (ਨੇ) ਕੀਏ; ਸਭਿ ਕਾਲੈ-ਮੁਖਿ ਗ੍ਰਸਿਆ (ਸਾਰੇ ਮੌਤ ਦੇ ਮੂੰਹ ’ਚ ਫਸੇ ਹੋਏ ਹਨ)॥ (ਮ: ੪/੧੩੧੯), ਆਦਿ।

ਸੋ, ‘‘ਹੁਕਮੀ, ਹੋਵਨਿ ਜੀਅ; ਹੁਕਮਿ, ਮਿਲੈ ਵਡਿਆਈ ॥’’– ਭਾਵ (ਰੱਬੀ) ਰਜ਼ਾ ’ਚ ਜੀਵ-ਜੰਤ ਪੈਦਾ ਹੁੰਦੇ ਹਨ ਤੇ ਹੁਕਮ ਵਿੱਚ ਹੀ ਇੱਜ਼ਤ-ਮਾਣ ਮਿਲਦਾ ਹੈ।

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥– ਇਸ ਤੁਕ ’ਚ ‘ਦੁਖ ਸੁਖ’ ਬਹੁ ਵਚਨ ਨਾਂਵ ਹਨ ਤੇ ‘ਪਾਈਅਹਿ’ ਬਹੁ ਵਚਨ ਵਰਤਮਾਨ ਕਿਰਿਆ ਹੈ।

‘ਹੁਕਮਿ ਲਿਖਿ’– ਇਨ੍ਹਾਂ ਦੋਵੇਂ (ਸੰਯੁਕਤ) ਸ਼ਬਦਾਂ ਦੀ ਲਿਖਤ ਬਣਤਰ ਵਿਚਾਰ ਮੰਗਦੀ ਹੈ। ‘ਹੁਕਮਿ’ ਸ਼ਬਦ ਇੱਕ ਵਚਨ ਪੁਲਿੰਗ ਨਾਂਵ, ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ: ‘ਹੁਕਮ ਵਿੱਚ’, ਪਰ ਇਸ ਨਾਲ਼ ਦਰਜ ‘ਲਿਖਿ’ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ, ਤਾਂ ਜੋ ਇਸ ਦੇ ਅਰਥ ‘ਲਿਖ ਕੇ’ ਕਰ ਲਏ ਜਾਣ ਭਾਵ ‘ਹੁਕਮ ਵਿੱਚ ਲਿਖ ਕੇ’ ਕੀਤੇ ਗਏ ਅਰਥ, ਗੁਰਬਾਣੀ ਲਿਖਤ ਮੁਤਾਬਕ ਵਧੇਰੇ ਦਰੁਸਤ ਨਹੀਂ ਜਾਪਦੇ।

ਗੁਰਬਾਣੀ ’ਚ ‘ਇੱਕ ਵਚਨ ਪੁਲਿੰਗ ਨਾਂਵ’ ਅਤੇ ‘ਕਿਰਦੰਤ’ ਸ਼ਬਦਾਂ ਦਾ ਵਿਆਕਰਨ ਨਿਯਮ ਸਮਾਨੰਤਰ ਹੁੰਦਾ ਹੈ, ਇਸੀ ਕਾਰਨ ਇਨ੍ਹਾਂ ਦੀ ਸੰਧੀ ਹੋ ਜਾਂਦੀ ਹੈ; ਜਿਵੇਂ ਕਿ ‘ਮਨਿ ਜੀਤੈ, ਦਤੁ ਜਾਨੁ’: ਤੀਰਥੁ ਤਪੁ; ਦਇਆ ‘ਦਤੁ ਦਾਨੁ’ ॥ (ਜਪੁ), ਆਦਿ।

ਧਿਆਨ ਰਹੇ ਕਿ ‘ਕਿਰਦੰਤ ਜਾਂ ਕਾਰਦੰਤਕ’ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਧਾਤੂ (ਮੂਲ) ਤਾਂ ਕਿਰਿਆ ਵਰਗਾ ਹੁੰਦਾ ਹੈ ਪਰ ਲਿਖਤ ਨਿਯਮ ‘ਨਾਂਵ, ਪੜਨਾਂਵ’ ਸ਼ਬਦਾਂ ਵਾਙ (ਕਾਰਕੀ) ਹੁੰਦੇ ਹਨ ਅਤੇ ਕਾਲ ਵੰਡ ਨੂੰ ਵੀ ਨਿਰਧਾਰਿਤ ਨਹੀਂ ਕਰਦੇ; ਜਿਵੇਂ ਕਿ ‘ਸੁਣਿਐ, ਮੰਨੈ’ ਸ਼ਬਦ ਕਿਰਿਆ ਨਹੀਂ ਬਲਕਿ ‘ਕਿਰਦੰਤ’ ਹਨ, ਜੋ ਨਾਂਵ, ਪੜਨਾਂਵ ਵਾਙ ‘ਕਰਣ ਕਾਰਕ’ ਦੇ ਅਰਥ ਦਿੰਦੇ ਹਨ: ‘ਸੁਣਨ ਨਾਲ਼, ਮੰਨਣ ਨਾਲ਼’, ਇਨ੍ਹਾਂ ਦੀ ਕਾਲ ਵੰਡ ‘ਭੂਤ, ਵਰਤਮਾਨ ਜਾਂ ਭਵਿੱਖ’ ਵੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ।

ਗੁਰਬਾਣੀ ਲਿਖਤ ’ਚ ਕੁਝ ‘ਕਿਰਦੰਤ’ ਅੰਤ ਬਿੰਦੀ (ਨਾਸਿਕੀ ਧੁਨੀ) ਮੰਗਦੇ ਹਨ; ਜਿਵੇਂ ‘ਭੁਖਿਆਂ, ਸੁਤਿਆਂ, ਗਇਆਂ’ ਭਾਵ ਭੁੱਖੇ ਰਹਿਣ ਨਾਲ਼, ਸੁੱਤੇ ਰਹਿਣ ਨਾਲ਼, ਅੱਗੇ ਜਾਣ ਨਾਲ਼, ਆਦਿ ਅਤੇ ਕੁਝ ‘ਕਿਰਦੰਤ’ ਅੰਤ ਮੁਕਤੇ ਵੀ ਹੁੰਦੇ ਹਨ; ਜਿਵੇਂ ‘ਕਰਤ, ਖਾਵਤ, ਆਵਤ, ਜਾਵਤ’, ਜਿਨ੍ਹਾਂ ਦੇ ਤਰਤੀਬਵਾਰ ਅਰਥ ਹਨ: ‘ਕਰਦਿਆਂ, ਖਾਂਦਿਆਂ, ਆਉਂਦਿਆਂ, ਜਾਂਦਿਆਂ’; ਜਿਵੇਂ ਕਿ

ਉਦਮੁ ਕਰਤ (ਕਰਦਿਆਂ); ਮਨੁ ਨਿਰਮਲੁ ਹੋਆ ॥ (ਮ: ੫/੯੯)

ਹਰਿ ਕੀ ਟਹਲ ਕਰਤ (ਸੇਵਾ ਕਰਦਿਆਂ); ਜਨੁ ਸੋਹੈ ॥ (ਮ: ੫/੧੯੦)

ਭੂਖੇ ਖਾਵਤ (ਭੁੱਖੇ ਮਨੁੱਖ ਨੂੰ ਖਾਂਦਿਆਂ); ਲਾਜ ਨ ਆਵੈ (ਸ਼ਰਮ ਨਹੀਂ ਆ ਸਕਦੀ) ॥ (ਮ: ੫/੬੨੯)

ਮਨਮੁਖ ਕਉ; ਆਵਤ ਜਾਵਤ (ਆਉਂਦਿਆਂ-ਜਾਂਦਿਆਂ, ਜੰਮਦਿਆਂ-ਮਰਦਿਆਂ) ਦੁਖੁ ਮੋਹੈ (ਵਾਪਰਦਾ)॥ (ਮ: ੧/੨੨੭), ਆਦਿ।

ਉਕਤ ਤਮਾਮ ਵਿਚਾਰ ਦਾ ਸਾਰ ਅੰਸ਼ ਇਹ ਹੈ ਕਿ ‘ਹੁਕਮਿ ਲਿਖਿ’ ਸੰਯੁਕਤ ਸ਼ਬਦ ‘ਨਾਂਵ+ਕਿਰਦੰਤ’ ਹਨ, ਜਿਨ੍ਹਾਂ ਦੀ ਬਣਤਰ ਨੂੰ ‘ਮਨਿ ਜੀਤੈ’ ਭਾਵ ‘ਮਨ ਜਿੱਤਣ ਨਾਲ਼’ ਵਾਙ ਹੀ ‘ਹੁਕਮਿ ਲਿਖੈ’ ਸਵੀਕਾਰ ਕੇ ‘ਹੁਕਮ (ਮੱਥੇ ਉੱਤੇ) ਲਿਖੇ ਨਾਲ਼’ਅਰਥ ਕਰਨੇ, ਵਧੇਰੇ ਦਰੁਸਤ ਜਾਪਦੇ ਹਨ।

ਸੋ, ‘‘ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥’’– ਭਾਵ ਹੁਕਮ (ਮੱਥੇ ਉੱਤੇ) ਲਿਖੇ ਮੁਤਾਬਕ ‘ਉਤਮੁ’ ਲੋਕ ‘ਸੁਖ’ ਪਾਉਂਦੇ ਹਨ ਅਤੇ ‘ਨੀਚੁ’ ਲੋਕ ‘ਦੁਖ’ ਭੋਗਦੇ ਹਨ। 

ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥– ਇਸ ਤੁਕ ’ਚ ਦਰਜ ‘ਇਕਿ’ ਸ਼ਬਦ ਬਹੁ ਵਚਨ, ਅਨਿਸ਼ਚਿਤ ਪੜਨਾਂਵ ਹੈ ਤੇ ‘ਭਵਾਈਅਹਿ’ ਬਹੁ ਵਚਨ, ਵਰਤਮਾਨ ਕਿਰਿਆ, ਪਰ ‘ਇਕਨਾ’ ਸ਼ਬਦ ਵਿਸ਼ੇਸ਼ ਧਿਆਨ ਮੰਗਦਾ ਹੈ।

ਪਿੰਗਲ ਨਿਯਮ ਮੁਤਾਬਕ ‘ਮੁਕਤਾ, ਸਿਹਾਰੀ ਤੇ ਔਂਕੜ’ ਲਘੂ ਮਾਤਰਾ ਹੋਣ ਕਾਰਨ ਇੱਕ ਅੰਕ (ਗਣਿਤ) ਅਖਵਾਉਂਦਾ ਹੈ ਜਦਕਿ ਬਾਕੀ 7 ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ) ਦੀਰਘ ਮਾਤਰਾ ਹੋਣ ਕਾਰਨ 2 ਅੰਕ (ਗਣਿਤ) ਹੁੰਦੇ ਹਨ। ਇਸ ਹਿਸਾਬ ਨਾਲ਼ ‘ਇਕਿ’ ਦੇ 2 ਅੰਕ ਤੇ ‘ਇਕਨਾ’ ਦੇ 4 ਅੰਕ ਬਣ ਜਾਂਦੇ ਹਨ ਜਦਕਿ ਦੋਵੇਂ ਸ਼ਬਦਾਂ ਦੇ ਅਰਥ ਸਮਾਨੰਤਰ ਹਨ: ‘ਕਈ, ਬਹੁਤੇ, ਅਣਗਿਣਤ’। ਹੇਠਾਂ ਦਿੱਤੀਆਂ ਗਈਆਂ ਤੁਕਾਂ ’ਚ ‘ਇਕਿ’ (2 ਅੰਕ) ਦੇ ਮੁਕਾਬਲੇ ‘ਇਕਨਾ’ (4 ਅੰਕ) ਸ਼ਬਦ ਰਾਹੀਂ (ਵਧਾ ਕੇ) ਕਾਵਿ ਤੋਲ ਬਰਾਬਰ ਲਿਆਂਦਾ ਗਿਆ:

ਇਕਿ ਉਪਾਏ ਮੰਗਤੇ (ਕੁੱਲ ਅੰਕ 12); ਇਕਨਾ ਵਡੇ ਦਰਵਾਰ (ਕੁੱਲ ਅੰਕ 12)॥ (ਮ: ੧/੧੬)

ਇਕਿ ਖਾਵਹਿ ਬਖਸ ਤੋਟਿ ਨ ਆਵੈ (ਅੰਕ 17); ਇਕਨਾ ਫਕਾ ਪਾਇਆ ਜੀਉ (ਅੰਕ 15)॥ (ਮ: ੪/੧੭੩)

ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ (ਅੰਕ 19); ਇਕਨਾ ਭਿਖ ਮੰਗਾਇਆ ਜੀਉ (ਅੰਕ 16)॥ (ਮ: ੪/੧੭੩), ਆਦਿ।

ਗੁਰਬਾਣੀ ’ਚ ‘ਇਕਨਾ’ (55 ਵਾਰ) ਤੇ ‘ਇਕਨ੍ਾ’ (15 ਵਾਰ) ਦਰਜ ਕਰਕੇ ‘ਇਕਨਾ’ ਨੂੰ ਵੀ ‘ਇਕਨ੍ਾ’ ਵਾਙ ਉਚਾਰਨ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ; ਜਿਵੇਂ

‘ਇਕਨਾ’ ਵਖਤ ਖੁਆਈਅਹਿ; ‘ਇਕਨ੍ਾ’ ਪੂਜਾ ਜਾਇ ॥ (ਮ: ੧/੪੧੭)

‘ਇਕਨ੍ਾ’ ਏਹੋ ਲਿਖਿਆ; ਬਹਿ ਬਹਿ (ਕੇ) ਰੋਵਹਿ ਦੁਖ ॥ (ਮ: ੧/੪੧੭)

ਇਕਿ ਜਾਗੰਦੇ ਨਾ ਲਹਨਿ੍; ‘ਇਕਨ੍ਾ’ ਸੁਤਿਆ ਦੇਇ ਉਠਾਲਿ ॥ (ਸ਼ੇਖ਼ ਫਰੀਦ/੧੩੮੪), ਆਦਿ।

ਸੋ, ‘‘ਇਕਨਾ, ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥’’-ਭਾਵ ਕਈਆਂ ਨੂੰ ਹੁਕਮ ’ਚ ਬਖ਼ਸ਼ਸ਼ (ਮੁਕਤੀ) ਮਿਲਦੀ ਹੈ ਅਤੇ ਕਈਆਂ ਨੂੰ ਹੁਕਮ ਰਾਹੀਂ ਸਦੀਵੀ (ਆਵਾਗਮਣ ’ਚ) ਘੁੰਮਾਇਆ ਜਾਂਦਾ ਹੈ।

(ਨੋਟ: ਜਿਸ ਤਰ੍ਹਾਂ ਉਕਤ ਤੁਕ ’ਚ ‘ਇਕਿ’ (ਅੰਤ ਸਿਹਾਰੀ) ਪੜਨਾਂਵ ਸ਼ਬਦ ਬਹੁ ਵਚਨ ਹੈ ਇਸੇ ਤਰ੍ਹਾਂ ਹੀ ਗੁਰਬਾਣੀ ’ਚ ‘ਹੋਰਿ, ਅਵਰਿ, ਸਭਿ’, ਆਦਿ ਅੰਤ ਸਿਹਾਰੀ ਸ਼ਬਦ ਬਹੁ ਵਚਨ ਹਨ; ਜਿਵੇਂ 

ਏਤੇ ਕੀਤੇ, ‘ਹੋਰਿ’ ਕਰੇਹਿ॥ (ਜਪੁ)

‘ਅਵਰਿ’ ਕਾਜ, ਤੇਰੈ ਕਿਤੈ ਨ ਕਾਮ॥ (ਮ:੫/੧੨)

‘ਸਭਿ’ ਗੁਣ ਤੇਰੇ, ਮੈ ਨਾਹੀ ਕੋਇ॥ (ਜਪੁ), ਆਦਿ।)

ਹੁਕਮੈ ਅੰਦਰਿ ਸਭੁ ਕੋ (ਅੰਕ 11); ਬਾਹਰਿ ਹੁਕਮ, ਨ ਕੋਇ (ਅੰਕ 11)॥ – ਇਸ ਸੰਖੇਪ ਜਿਹੀ ਤੁਕ ’ਚ ਪਉੜੀ ਦੇ ਸਾਂਝੇ ਵਿਸ਼ੇ ‘ਹੁਕਮੁ’ (ਦੀ ਵਿਆਖਿਆ) ਨੂੰ ਸਮੇਟਿਆ ਗਿਆ ਹੈ। ‘ਹੁਕਮੈ ਅੰਦਰਿ’ ਅਤੇ ‘ਬਾਹਰਿ ਹੁਕਮ’ ਸਾਂਝੇ ਲਿਖਤੀ ਨਿਯਮ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ, ਪਰ ‘ਸਭੁ ਕੋ’ ਸੁਮੇਲ ਨਿਯਮ ਵਿਚਾਰਨਯੋਗ ਹੈ।

ਗੁਰਬਾਣੀ ਲਿਖਤ ’ਚ ‘ਸਭ ਕੋ’ (7 ਵਾਰ), ‘ਸਭੁ ਕੋ’ (72 ਵਾਰ), ‘ਸਭਿ ਕੋ’ (ਕੋਈ ਸ਼ਬਦ-ਸੰਧੀ ਨਹੀਂ) ਦਰਜ ਹੈ। ਗੁਰਬਾਣੀ ਲਿਖਤ ’ਚ ‘ਸਭ, ਸਭੁ ਤੇ ਸਭਿ’ (ਤਿੰਨੇ) ਸ਼ਬਦਾਂ ’ਚ ਸਭ ਤੋਂ ਵੱਧ ਲਿਖਤੀ ਅਸਮਾਨਤਾਵਾਂ ਹਨ। ਇਸ ਲਈ ਛਾਪੇ ਜਾਂ ਉਤਾਰੇ ਦੌਰਾਨ ਰਹੀ ਥੋੜ੍ਹੀ ਬਹੁਤ ਅਣਗਹਿਲੀ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ, ਜਿਸ ਨਾਲ਼ ਸੰਬੰਧਤ ਪੰਕਤੀ ‘‘ਹੁਕਮੈ ਅੰਦਰਿ ਸਭੁ ਕੋ ..॥’’ ’ਚ ਦਰਜ ‘ਸਭੁ ਕੋ’ ਦਾ ਵੀ ਢੁੱਕਵਾਂ ਅਰਥ ਸਾਮ੍ਹਣੇ ਆ ਜਾਏਗਾ।

ਮਹਾਨ ਕੋਸ਼ ਮੁਤਾਬਕ ‘ਸਭ’ ਦਾ ਅਰਥ: ‘ਸ੍ਰਵ, ਸਬ, ਤਮਾਮ’ (ਵਿਸ਼ੇਸ਼ਣ) ਹੈ ਅਤੇ ‘ਕੋ’ ਦਾ ਅਰਥ: ‘ਕੋਈ’, ਪਰ ਗੁਰਬਾਣੀ ’ਚ ‘ਕੋ’ ਦਾ ਅਰਥ: ‘ਦਾ’ ਵੀ ਮਿਲਦਾ ਹੈ; ਜਿਵੇਂ ਕਿ ‘ਕਬੀਰ ਕੋ (ਦਾ) ਸੁਆਮੀ’; ਸਭ ਸਮਾਨ (ਸਰਵ ਵਿਆਪਕ)॥ (ਭਗਤ ਕਬੀਰ/੧੧੯੩)

ਗੁਰਬਾਣੀ ਲਿਖਤ ਮੁਤਾਬਕ ‘ਸਭ’ (ਇਸਤ੍ਰੀ ਲਿੰਗ), ‘ਸਭੁ’ (ਇੱਕ ਵਚਨ ਪੁਲਿੰਗ) ਤੇ ‘ਸਭਿ’ (ਬਹੁ ਵਚਨ ਪੁਲਿੰਗ) ਸ਼ਬਦ ਹਨ ਅਤੇ ਇਨ੍ਹਾਂ ਦੀ ਮੌਜੂਦਗੀ ‘ਸਭ’ (1303 ਵਾਰ), ‘ਸਭੁ’ (990 ਵਾਰ) ਤੇ ‘ਸਭਿ’ (737 ਵਾਰ) ਦਰਜ ਹੈ। ਅੰਤ ਮੁਕਤੇ ‘ਸਭ’ (1303 ਵਾਰ) ’ਚ ਉਹ ‘ਸਭੁ’ ਤੇ ‘ਸਭਿ’ (ਪੁਲਿੰਗ) ਸ਼ਬਦ ਵੀ ਆ ਜਾਂਦੇ ਹਨ, ਜਿਨ੍ਹਾਂ ਨੂੰ ਸੰਬੰਧਕੀ ਚਿੰਨ੍ਹਾਂ ਨੇ ਅੰਤ ਮੁਕਤਾ ਕੀਤਾ ਹੁੰਦਾ ਹੈ।

‘ਸਭੁ ਕੋ’ ਦਾ ਅਰਥ ਹੈ: ‘ਹਰ ਕੋਈ’ ਅਤੇ ‘ਸਭ ਕੋ’ ਦਾ ਅਰਥ ਹੈ: ‘ਹਰੇਕ ਦਾ, ਸਭ ਦਾ’ ਭਾਵ ‘ਕੋ’ (ਸੰਬੰਧਕੀ) ਨੇ ‘ਸਭੁ’ (ਇੱਕ ਵਚਨ ਪੁਲਿੰਗ) ਨੂੰ ਅੰਤ ਮੁਕਤਾ ਕਰਨ ਉਪਰੰਤ ਬਣ ਗਿਆ: ‘ਸਭ ਕੋ’।

(1). ਗੁਰਬਾਣੀ ’ਚ ‘ਸਭੁ ਕੋ’ (ਹਰ ਕੋਈ, ਅਰਥਾਂ ’ਚ) 72 ਵਾਰ ਦਰਜ ਹੈ; ਜਿਵੇਂ ਕਿ

ਨਾਨਕ  ! ਆਖਣਿ ‘ਸਭੁ ਕੋ’ ਆਖੈ; ਇਕ ਦੂ ਇਕੁ ਸਿਆਣਾ ॥ (ਜਪੁ)

ਸੁਖ ਕਉ ਮਾਗੈ ‘ਸਭੁ ਕੋ’; ਦੁਖੁ ਨ ਮਾਗੈ ਕੋਇ ॥ (ਮ: ੧/੫੭)

ਭੁਲਣ ਅੰਦਰਿ ‘ਸਭੁ ਕੋ’; ਅਭੁਲੁ ਗੁਰੂ ਕਰਤਾਰੁ ॥ (ਮ: ੧/੬੧)

ਸਚਹੁ ਓਰੈ ‘ਸਭੁ ਕੋ’; ਉਪਰਿ ਸਚੁ ਆਚਾਰੁ (ਕਰਮ, ਸਿਮਰਨ)॥ (ਮ: ੧/੬੨), ਆਦਿ।

(2). ਗੁਰਬਾਣੀ ਲਿਖਤ ’ਚ ‘ਸਭੁ’ (ਇੱਕ ਵਚਨ ਪੁਲਿੰਗ) ਨਾਲ਼ ਜਦ ਸੰਬੰਧਕੀ ਚਿੰਨ੍ਹ ‘ਕਾ, ਕੇ, ਕੀ, ਕੋ, ਮਹਿ’ ਆਦਿ ਦਰਜ ਹੋਣ ਤਾਂ ਇਸ ਦਾ ਸਰੂਪ ‘ਸਭ’ (ਅੰਤ ਮੁਕਤਾ) ਹੋ ਜਾਂਦਾ ਹੈ; ਜਿਵੇਂ ਕਿ

(ੳ). ‘ਸਭ ਕਾ’ 3 ਵਾਰ:

ਕਹੁ ਨਾਨਕ  ! ਤਿਸੁ ਗੁਰ ਬਲਿਹਾਰੀ; ਜਿਨਿ, ‘ਸਭ ਕਾ’ ਕੀਆ ਉਧਾਰੁ ॥ (ਮ: ੫/੪੯੯)

ਹਰਿ ਬਿਸਰਤ (ਭੁਲਿਆਂ); ‘ਸਭ ਕਾ’ ਮੁਹਤਾਜ ॥ (ਮ: ੫/੮੦੨)

ਰਚਨਾ ਸਾਚੁ ਬਨੀ ॥ ‘ਸਭ ਕਾ’ ਏਕੁ ਧਨੀ ॥੧॥ ਰਹਾਉ ॥ (ਮ: ੫/੯੧੪)

(ਅ). ‘ਸਭ ਕੇ’ 1 ਵਾਰ:

‘ਸਭ ਕੇ’ ਪ੍ਰੀਤਮ  ! ਸ੍ਰਬ ਪ੍ਰਤਿਪਾਲਕ  ! ਸਰਬ ਘਟਾਂ ਆਧਾਰਾ ॥ (ਮ: ੫/੧੨੨੦)

(ੲ). ‘ਸਭ ਕੀ’ 8 ਵਾਰ:

ਜਿਹ ਪ੍ਰਸਾਦਿ; ‘‘ਸਭ ਕੀ’’ ਗਤਿ ਹੋਇ ॥ (ਮ: ੫/੨੭੦)

ਮੇਰਾ ਤੇਰਾ ਛੋਡੀਐ ਭਾਈ  ! ਹੋਈਐ ‘ਸਭ ਕੀ’ ਧੂਰਿ ॥ (ਮ: ੫/੬੪੦)

‘ਸਭ ਕੀ’ ਰੇਨੁ ਹੋਇ ਰਹੈ ਮਨੂਆ; ਸਗਲੇ ਦੀਸਹਿ ਮੀਤ ਪਿਆਰੇ ॥ (ਮ: ੫/੩੭੯), ਆਦਿ।

(ਸ). ‘ਸਭ ਮਹਿ’ 104 ਵਾਰ:

ਸਭ ਮਹਿ’ ਜੋਤਿ; ਜੋਤਿ ਹੈ ਸੋਇ ॥ (ਮ: ੧/੧੩)

ਤਿਸ ਦੈ ਚਾਨਣਿ; ‘ਸਭ ਮਹਿ’ ਚਾਨਣੁ ਹੋਇ ॥ (ਮ: ੧/੧੩), ਆਦਿ ਚਿੰਨ੍ਹਾਂ ਵਾਙ ਹੀ ‘ਕੋ’ ਨਾਲ਼ ‘ਸਭੁ’ (ਇੱਕ ਵਚਨ ਪੁਲਿੰਗ) ਅੰਤ ਮੁਕਤਾ ਹੋ ਜਾਂਦਾ ਹੈ; ਜਿਵੇਂ ਕਿ

(ਹ). ‘ਸਭ ਕੋ’ 3 ਵਾਰ:

‘ਸਭ ਕੋ’ (ਹਰੇਕ ਦਾ) ਮਾਤ ਪਿਤਾ ਪ੍ਰਤਿਪਾਲਕ (ਪ੍ਰਭੂ); ਜੀਅ ਪ੍ਰਾਨ ਸੁਖ ਸਾਗਰੁ ਰੇ ॥ (ਮ: ੫/੨੦੯)

(ਕਰੋਧ ਨੇ) ਰਤਨੁ ਗਿਆਨੁ ‘ਸਭ ਕੋ’ (ਹਰ ਇੱਕ ਦਾ) ਹਿਰਿ ਲੀਨਾ (ਚੁਰਾ ਲਿਆ, ਹੁਣ); ਤਾ ਸਿਉ ਕਛੁ ਨ ਬਸਾਈ (ਭਰੋਸਾ)॥ (ਮ: ੯/੨੧੯)

ਜਗਤੁ ਭਿਖਾਰੀ ਫਿਰਤੁ ਹੈ; ‘ਸਭ ਕੋ’ (ਦਾ) ਦਾਤਾ ਰਾਮੁ ॥ (ਮ: ੯/੧੪੨੮)

(ਨੋਟ: ਉਕਤ ਤਮਾਮ ਨਿਯਮਾਂ ਦੀ ਵਿਚਾਰ ਉਪਰੰਤ ਹੇਠਲੀਆਂ 4 ਤੁਕਾਂ ’ਚ ‘ਸਭ ਕੋ’ ਸ਼ਬਦ ਦਰਜ ਹਨ ਜਦਕਿ ਇੱਥੇ ‘ਸਭੁ ਕੋ’ ਲਿਖਤ ਵਧੇਰੇ ਅਨੁਕੂਲ ਜਾਪਦੀ ਹੈ ਕਿਉਂਕਿ ‘ਸਭ ਕੋ’ ਦਾ ਅਰਥ ਹੈ: ‘ਸਭ ਦਾ’, ਪਰ ਪ੍ਰਸੰਗ ਮੁਤਾਬਕ ਅਰਥ ਹੋਣੇ ਚਾਹੀਦੇ ਹਨ: ‘ਹਰ ਕੋਈ’; ਜਿਵੇਂ

ਸਤਿਗੁਰ ਨੋ ‘ਸਭ ਕੋ’ (ਹਰ ਕੋਈ) ਲੋਚਦਾ; ਜੇਤਾ ਜਗਤੁ ਸਭੁ ਕੋਇ ॥ (ਮ: ੪/੪੧)

ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ‘ਸਭ ਕੋ’ (ਹਰ ਕੋਈ) ਕਹੈ ਸਾਬਾਸਿ ॥ (ਮ: ੪/੪੨)

‘ਸਭ ਕੋ’ (ਹਰ ਕੋਈ) ਤੁਮ ਹੀ ਤੇ ਵਰਸਾਵੈ (ਤੈਥੋਂ ਗੁਣਕਾਰੀ ਬਣਦਾ, ਇਸ ਲਈ); ਅਉਸਰੁ (ਮਨੁੱਖਾ ਮਨੋਰਥ, ਸਮਾਂ) ਕਰਹੁ ਹਮਾਰਾ ਪੂਰਾ ਜੀਉ ॥ (ਮ: ੫/੯੯)

ਦਾਰਿਦੁ ਦੇਖਿ (ਕੇ) ‘ਸਭ ਕੋ’ (ਹਰ ਕੋਈ) ਹਸੈ; ਐਸੀ ਦਸਾ ਹਮਾਰੀ ॥ ਭਗਤ ਰਵਿਦਾਸ/੮੫੮)

(3). ਗੁਰਬਾਣੀ ਲਿਖਤ ’ਚ ‘ਸਭਿ ਕੋ’ (ਸੰਯੁਕਤ) ਸ਼ਬਦਾਂ ਦੇ ਦਰਜ ਨਾ ਹੋਣ ਦਾ ਕਾਰਨ ਇਹ ਹੈ ਕਿ ‘ਸਭਿ’ ਬਹੁ ਵਚਨ ਸ਼ਬਦ ਹੈ ਜਦਕਿ ‘ਕੋ’ ਭਾਵ ‘ਕੋਈ’ ਇੱਕ ਵਚਨ, ਇਸ ਲਈ ‘ਸਭੁ ਕੋ’ ਦੇ ਅਰਥ ‘ਹਰ ਕੋਈ’ ਢੁੱਕਵੇਂ ਬਣ ਗਏ, ਪਰ ‘ਸਭਿ ਕੋ’ ਦੇ ਅਰਥ: ‘ਸਾਰੇ ਕੋਈ’ ਅਢੁੱਕਵੇਂ ਹੋ ਗਏ।

ਸੋ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ – ਭਾਵ (ਰੱਬੀ) ਹੁਕਮ ਵਿੱਚ ਹਰ ਕੋਈ (ਵਿਚਰਦਾ) ਹੈ, ਰੱਬੀ ਰਜ਼ਾ ਤੋਂ ਕੋਈ ਵੀ ਮੁਨਕਰ (ਕਾਫ਼ਰ) ਨਹੀਂ ਹੋ ਸਕਦਾ।

(ਨੋਟ: ਧਿਆਨ ਰਹੇ ਕਿ ਗੁਰਮਤਿ ਅਨੁਸਾਰ ਮੂਰਖ ਵੀ ਰੱਬੀ ਰਜ਼ਾ ’ਚ ਚੱਲਦਾ ਹੈ, ਪਰ ਰੱਬੀ ਹੁਕਮ ’ਚ ਚੱਲ ਰਿਹਾ ਹਾਂ, ਨੂੰ ਸਵੀਕਾਰਦਾ ਨਹੀਂ, ਜਿਸ ਕਾਰਨ ਮਾਲਕ ਦਾ ਡਰ-ਅਦਬ ਨਾ ਹੋਣ ਕਾਰਨ (ਮੰਦੇ ਭਾਗਾਂ ਕਾਰਨ) ਕੇਵਲ ਕੁਕਰਮ ਕਰ ਕਰਕੇ ਹੋਰ ਮੰਦੇ ਨਸੀਬ ਇਕੱਤਰ ਕਰ ਦੁਬਾਰਾ ਉਨ੍ਹਾਂ ਦਾ ਦੰਡ ਭੋਗਦਾ ਰਹਿੰਦਾ ਹੈ। ਗੁਰਮੁਖਾਂ ਨੂੰ ਇਨ੍ਹਾਂ ਦੇ ਮੁਕਾਬਲੇ ਲਈ ਤਿਆਰ ਕਰਨਾ, ਹੀ ‘ਸੰਤ’ ਦੇ ਨਾਲ਼ ‘ਸਿਪਾਹੀ’ ਪਦਵੀ ਦੀ ਮੁਕੰਮਲਤਾ ਹੈ। ਵੈਸੇ ਮੂਰਖ ਤੇ ਸਿਆਣਾ ਦੋਵੇਂ ਕੁਦਰਤੀ ਖੇਡ ਦੇ ਦੋ ਭਾਗ ਹਨ: ‘‘ਨਾ ਕੋ ਮੂਰਖੁ; ਨਾ ਕੋ ਸਿਆਣਾ ॥ ਵਰਤੈ ਸਭ ਕਿਛੁ; ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ; ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥’’ (ਮ: ੫/੯੮)

ਉਕਤ ਕੀਤੀ ਗਈ ‘ਸਭੁ ਕੋ’ ਸ਼ਬਦਾਂ ਦੀ ਵਿਚਾਰ ਉਪਰੰਤ ਗੁਰਬਾਣੀ ’ਚ ਦਰਜ ‘ਸਭਸ (7 ਵਾਰ), ਸਭਸੁ (5 ਵਾਰ) ਤੇ ‘ਸਭਸੈ’ (3 ਵਾਰ) ਨੂੰ ਵਿਚਾਰਨਾ ਬੜਾ ਆਸਾਨ (ਲਾਭਕਾਰੀ) ਹੋ ਸਕਦਾ ਹੈ।

ਜਿਸ ਤਰ੍ਹਾਂ ‘ਸਭੁ’ (ਇੱਕ ਵਚਨ ਪੁਲਿੰਗ) ਨੂੰ ਸੰਬੰਧਕੀ ਚਿੰਨ੍ਹ (ਕਾ, ਕੇ, ਕੀ, ਕੋ ਆਦਿ) ਅੰਤ ਮੁਕਤਾ ਕਰ ਗਏ, ਇਸੇ ਤਰ੍ਹਾਂ ‘ਸਭਸੁ’ (ਇੱਕ ਵਚਨ ਪੁਲਿੰਗ) ਨੂੰ ਰੱਬ ਬਾਬਤ ‘ਦਾ’ (ਸੰਬੰਧਕੀ) ਨੇ 6 ਵਾਰ ਅੰਤ ਮੁਕਤਾ ਕੀਤਾ ਅਤੇ ‘ਗੁਰੂ’ ਬਾਬਤ ‘ਕਾ’(ਸੰਬੰਧਕੀ) ਨੇ 1 ਵਾਰ ਅੰਤ ਮੁਕਤਾ ਕਰ ਦਿੱਤਾ। ਧਿਆਨ ਰਹੇ ਕਿ ‘ਸਭਸੁ’ ਅਤੇ ‘ਸਭੁ’ ਦਾ ਅਰਥ ਸਮਾਨੰਤਰ ਹੈ, ਕੇਵਲ ਪਿੰਗਲ ਨਿਯਮ ਮੁਤਾਬਕ ‘ਸਭੁ’ (ਅੰਕ 2) ਦੀ ਬਜਾਇ ‘ਸਭਸੁ’ (ਅੰਕ 3) ਦਰਜ ਕਰਨਾ ਪਿਆ; ਜਿਵੇਂ ਕਿ

(ੳ). ਤੂ ਸਚਾ ‘ਸਭਸ ਦਾ’ ਖਸਮੁ ਹੈ; ਸਭ ਦੂ ਤੂ ਚੜੀਐ ॥ (ਮ: ੪/੩੦੧) (ਰੱਬ ਬਾਬਤ)

ਸਭਿ ਜੀਅ ਤੇਰੇ, ਤੂ ‘ਸਭਸ ਦਾ’ (ਮਾਲਕ); ਤੂ ਸਭ ਛਡਾਹੀ ॥ (ਮ: ੪/੩੦੨) (ਰੱਬ ਬਾਬਤ)

ਸਭ ਤੇਰੀ, ਤੂ ‘ਸਭਸ ਦਾ’; ਸਭ ਤੁਧੁ ਉਪਾਇਆ ॥ (ਮ: ੪/੫੪੮) (ਰੱਬ ਬਾਬਤ)

ਤੂ ਇਕੋ ਦਾਤਾ ‘ਸਭਸ ਦਾ’; ਹਰਿ ਪਹਿ ਅਰਦਾਸਿ ॥ (ਮ: ੪/੫੪੯) (ਰੱਬ ਬਾਬਤ)

ਸਭਿ ਜੀਅ ਤੇਰੇ, ਤੂ ‘ਸਭਸ ਦਾ’ ਮੇਰੇ ਸਾਹਾ  ! ਸਭਿ ਤੁਝ ਹੀ ਮਾਹਿ ਸਮਾਹਿ ॥ (ਮ: ੪/੬੭੦) (ਰੱਬ ਬਾਬਤ)

ਸਤਿਗੁਰੁ ਮੇਰਾ; ‘ਸਭਸ ਕਾ’ ਦਾਤਾ ॥ (ਮ: ੫/੧੧੪੨) (ਗੁਰੂ ਬਾਬਤ)

ਹਰਿ  ! ਤੂ ਹੈ ਦਾਤਾ ‘ਸਭਸ ਦਾ’; ਸਭਿ ਜੀਅ ਤੁਮ੍ਾਰੇ ॥ (ਮ: ੪/੧੩੧੮) (ਰੱਬ ਬਾਬਤ)

(ਅ). ਉਕਤ ਨਿਯਮ ਮੁਤਾਬਕ ਅਗਰ ਸੰਬੰਧਕੀ ਚਿੰਨ੍ਹ ਪ੍ਰਗਟ ਰੂਪ ’ਚ ਦਰਜ ਨਾ ਹੋਵੇ ਤਾਂ ਅੰਤ ਔਂਕੜ ਹੋਣਾ ਲਾਜ਼ਮੀ ਹੈ, ਜਿਸ ਵਿੱਚੋਂ ‘ਨੂੰ’ ਲੁਪਤ ਸੰਬੰਧਕੀ ਮਿਲੇਗਾ; ਜਿਵੇਂ 3 ਵਾਰ:

ਤਿਸ ਹੀ ਕੀ ਕਰਿ ਆਸ ਮਨ  ! ਜਿਸ ਕਾ ‘ਸਭਸੁ’ (ਸਭ ਨੂੰ) ਵੇਸਾਹੁ (ਭਰੋਸਾ)॥ (ਮ: ੫/੪੪)

ਨਾਨਕ  ! ਅੰਧਾ ਹੋਇ ਕੈ, ਦਸੇ ਰਾਹੈ (ਰਸਤੇ ਨੂੰ); ‘ਸਭਸੁ’ ਮੁਹਾਏ ਸਾਥੈ (ਸਾਰੇ ਸਾਥੀਆਂ ਨੂੰ ਲੁਟਵਾਏਗਾ)॥ (ਮ: ੧/੧੪੦)

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ (ਸਭ ਨੂੰ ਆਸਰਾ)॥ (ਮ: ੫/੧੪੨੯)

ਗੁਰਬਾਣੀ ਲਿਖਤ ਮੁਤਾਬਕ ਹੇਠਾਂ ਦਿੱਤੀਆਂ 2 ਤੁਕਾਂ ’ਚ ‘ਸਭਸੁ ਦਾ’ ਦੀ ਬਜਾਇ ‘ਸਭਸ ਦਾ’ ਅਤੇ ‘ਸਭਸੁ ਕਉ’ ਦੀ ਬਜਾਇ ‘ਸਭਸ ਕਉ’ ਹੋਣਾ ਵਧੇਰੇ ਅਨੁਕੂਲ ਜਾਪਦਾ ਹੈ:

‘ਸਭੁ ਕੋ’ ਤੇਰਾ, ਤੂੰ ‘ਸਭਸੁ ਦਾ’; ਤੂੰ ਸਭਨਾ ਰਾਸਿ (ਤੂੰ ਸਭ ਦੀ ਸੰਪਤੀ)॥ (ਮ: ੪/੮੬) (ਰੱਬ ਬਾਬਤ)

ਸਿਮਰਿ ਸਾਹਿਬੁ, ਸੋ ਸਚੁ ਸੁਆਮੀ; ਰਿਜਕੁ ਸਭਸੁ ਕਉ (ਸਭ ਨੂੰ) ਦੀਏ ਜੀਉ ॥ (ਮ: ੫/੧੦੪) (ਰੱਬ ਬਾਬਤ)

(ੲ). ਉਪਰੋਕਤ ਕੀਤੀ ਗਈ ਵਿਚਾਰ ਕਿ ‘ਹੁਕਮੈ, ਸਬਦੈ’ ਨੂੰ ਲੱਗੀਆਂ ਅੰਤ ਦੁਲਾਵਾਂ ਸੰਬੰਧਕੀ ਚਿੰਨ੍ਹ ਪ੍ਰਗਟ ਕਰਦੀਆਂ ਹਨ, ਮੁਤਾਬਕ ‘ਸਭਸੈ’ (ਅੰਤ ਦੁਲਾਵਾਂ) ਵੀ ‘ਕਾ, ਨੂੰ’ ਆਦਿ ਸੰਬੰਧਕੀ ਚਿੰਨ੍ਹ (ਪ੍ਰਗਟ ਜਾਂ ਲੁਪਤ) ਦਿੰਦੀਆਂ ਹਨ; ਜਿਵੇਂ ਕਿ ਗੁਰਬਾਣੀ ’ਚ 25 ਵਾਰ ਦਰਜ:

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ  ! ਜੋ ‘ਸਭਸੈ ਕਾ’ ਜਾਣੋਈ ॥ (ਮ: ੪/੧੧)

ਸਤਿਗੁਰੁ ਦਾਤਾ ਜੀਅ ਕਾ; ‘ਸਭਸੈ’ (ਨੂੰ) ਦੇਇ ਅਧਾਰੁ (ਆਸਰਾ)॥ (ਮ: ੫/੫੨)

ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ‘ਸਭਸੈ’ (ਨੂੰ) ਲਏ ਮਿਲਾਇ ਜੀਉ ॥ (ਮ: ੧/੭੨), ਆਦਿ।

ਧਿਆਨ ਰਹੇ ਕਿ ਜਿਵੇਂ ‘ਸਭਸੁ’ ਸ਼ਬਦ ’ਚੋਂ ਲੁਪਤ ‘ਨੂੰ’ ਮਿਲਿਆ, ਉਸੇ ਤਰ੍ਹਾਂ ‘ਹੁਕਮੈ, ਸਬਦੈ, ਸਭਸੈ’ ਆਦਿ ’ਚੋਂ ਲੁਪਤ ‘ਨੂੰ’ ਮਿਲਦਾ ਹੈ ਭਾਵ ਇਹ ਤਮਾਮ ਸ਼ਬਦ ਕਰਮ ਕਾਰਕ ਜਾਂ ਸੰਪਰਦਾਨ ਕਾਰਕ ਹੁੰਦੇ ਹਨ।)

ਨਾਨਕ  ! ਹੁਕਮੈ, ਜੇ ਬੁਝੈ (13); ਤ, ਹਉਮੈ ਕਹੈ ਨ ਕੋਇ (12)॥੨॥– ਇਸ ਪਉੜੀ ਦੀ ਇਹ ਅੰਤਮ ਤੁਕ ਹੈ, ਜਿਸ ਵਿੱਚ ‘ਨਾਨਕ’ ਸੰਬੋਧਨ ਕਾਰਕ ਕਰਕੇ ਅੰਤ ਮੁਕਤਾ ਹੈ। ‘ਹੁਕਮੈ’ ਅੰਤ ਦੁਲਾਵਾਂ ਸੰਬੰਧਕੀ ‘ਨੂੰ’ ਚਿੰਨ੍ਹ ਪ੍ਰਗਟ ਕਰਦੀਆਂ ਹਨ। ‘ਜੇ’ਭਾਵ ਅਗਰ ਅਤੇ ‘ਤ’ (ਇੱਕ ਦੂਜੇ ਦੇ ਪ੍ਰਥਾਇ) ਯੋਜਕ ਸ਼ਬਦ ਹਨ ਭਾਵ ਅਗਰ (ਜੇ) ਇਹ ਹੋਇਆ ਤਾਂ ਆਹ ਨਤੀਜਾ ਜਾਂ ਫਲ਼ ਮਿਲੇਗਾ।

ਗੁਰਬਾਣੀ ’ਚ ‘ਤਾ’ (1093 ਵਾਰ) ਦਰਜ ਹੈ, ਜਿਸ ਦਾ ਅਰਥ ‘ਤਾਂ’ (ਯੋਜਕ) ਤੇ ‘ਉਹ’ (ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ) ਹੈ ਅਤੇ ‘ਤਾਂ’ (169 ਵਾਰ) ਦਰਜ ਹੈ, ਜਿਨ੍ਹਾਂ ਦੇ ਪਿੰਗਲ ਮੁਤਾਬਕ 2-2 ਅੰਕ ਬਣਦੇ ਹਨ, ਪਰ ਗੁਰਬਾਣੀ ਕਾਵਿ ਰੂਪ ਹੋਣ ਕਾਰਨ ਜਦ ‘ਤਾ’ ’ਚੋਂ ਕੇਵਲ ਇੱਕ ਅੰਕ ਲੈਣਾ ਹੋਵੇ ਤਾਂ ਕੇਵਲ ‘ਤ’ ਰਹਿ ਜਾਂਦਾ ਹੈ, ਜੋ 234 ਵਾਰ ਦਰਜ ਹੈ; ਜਿਵੇਂ

ਸਹਸ ਸਿਆਣਪਾ ਲਖ ਹੋਹਿ; ‘ਤ’ ਇਕ ਨ ਚਲੈ ਨਾਲਿ ॥ (ਜਪੁ)

ਮੋਤੀ ‘ਤ’ ਮੰਦਰ ਊਸਰਹਿ; ਰਤਨੀ ‘ਤ’ ਹੋਹਿ ਜੜਾਉ ॥ (ਮ: ੧/੧੪)

ਜਾ ਕੀਮਤਿ ਪਾਇ; ‘ਤ’ ਕਹੀ ਨ ਜਾਇ ॥ (ਮ: ੧/੮੪)

ਸਤਿਗੁਰੁ ਹੋਇ ਦਇਆਲੁ; ‘ਤ’ ਨਾਮੁ ਧਿਆਈਐ ॥ (ਮ: ੧/੧੪੫) 

ਸਤਿਗੁਰੁ ਮਿਲੈ; ‘ਤ’ ਦੁਬਿਧਾ ਭਾਗੈ ॥ (ਮ: ੧/੧੫੩), ਆਦਿ। ਧਿਆਨ ਰਹੇ ਕਿ ‘ਤ’ ਦਾ ਉਚਾਰਨ ‘ਤਾਂ’ ਕਰਨਾ ਸਹੀ ਨਹੀਂ, ਬੇਸ਼ੱਕ ਅਰਥ ਇੱਕ ਸਮਾਨ ਹੀ ਕਿਉਂ ਨਾ ਹੋਣ।

ਸੋ, ‘‘ਨਾਨਕ  ! ਹੁਕਮੈ, ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥’’– ਭਾਵ ਹੇ ਨਾਨਕ  ! (ਰੱਬ ਦੀ) ਮਰਜ਼ੀ ਨੂੰ ਅਗਰ ਕੋਈ (ਗੁਰੂ ਦੁਆਰਾ) ਸਮਝ ਲਏ ਤਾਂ ਹਰ ਕੋਈ (ਆਪਣੇ ਆਪ ਨੂੰ ਕਰਤਾਰ ਦੀ ਕੁਦਰਤ ਦੇ ਵਿਕਾਸ ਦਾ ਭਾਗ ਮੰਨਦਿਆਂ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ) ਮੈਂ ਮੈਂ ਨਹੀਂ ਕਰੇਗਾ (ਭਾਵ ਤੂੰ ਤੂੰ ਕਰਨ ਲੱਗ ਜਾਂਦਾ ਹੈ, ਜੋ ਹਉਮੈ ਦਾ ਖ਼ਾਤਮਾ ਹੈ: ‘‘ਕਬੀਰ  ! ਤੂੰ ਤੂੰ ਕਰਤਾ, ਤੂ ਹੂਆ (ਤੇਰਾ ਰੂਪ ਹੋ ਗਿਆ, ਹੁਣ); ਮੁਝ ਮਹਿ ਰਹਾ ਨ ਹੂੰ (ਹਉਮੈ)॥ ਜਬ ਆਪਾ ਪਰ ਕਾ (ਆਪਣਾ ਬੇਗਾਨਾ ਭੇਦ), ਮਿਟਿ ਗਇਆ; ਜਤ ਦੇਖਉ, ਤਤ ਤੂ ॥’’ (੧੩੭੫)