JAP (Pori No.18)

0
844

ਅਸੰਖ ਮੂਰਖ; ਅੰਧ ਘੋਰ ॥ ਅਸੰਖ ਚੋਰ; ਹਰਾਮਖੋਰ ॥ ਅਸੰਖ; ਅਮਰ ਕਰਿ ਜਾਹਿ ਜੋਰ ॥ ਅਸੰਖ; ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ; ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ; ਕੂੜੇ ਫਿਰਾਹਿ ॥ ਅਸੰਖ ਮਲੇਛ; ਮਲੁ ਭਖਿ ਖਾਹਿ ॥ ਅਸੰਖ ਨਿੰਦਕ;ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ;ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥੧੮॥ (ਜਪੁ/ਮ: ੧)

ਉਚਾਰਨ ਸੇਧ: ਹਰਾਮਖ਼ੋਰ, ਜਾਹਿਂ, ਕਮਾਹਿਂ, ਫਿਰਾਹਿਂ, ਖਾਹਿਂ, ਕਰਹਿਂ, ਜਾਵਾਂ।

ਪਦ ਅਰਥ: ਮੂਰਖ–‘ਮੂੰਹ-ਰੱਖ’ ਭਾਵ ਆਪਣਾ ਮੂੰਹ ਦੁਨਿਆਵੀ ਕੰਮਾਂ (ਲੋਕਾਚਾਰੀ) ਵਿੱਚ ਰੱਖਣ ਵਾਲੇ (ਬਹੁ ਵਚਨ ਨਾਂਵ)।, ਅੰਧ ਘੋਰ– ਘੋਰ (ਬਹੁਤ) ਅੰਧੇ (ਮਹਾਂ ਅਗਿਆਨੀ, ਵਿਸ਼ੇਸ਼ਣ)।, ਹਰਾਮਖੋਰ-ਪਰਾਇਆ ਹੱਕ ਖਾਣ ਵਾਲੇ (ਵਿਸ਼ੇਸ਼ਣ)।, ਅਮਰ– ਹੁਕਮ (ਬਹੁ ਵਚਨ ਨਾਂਵ)।, ਕਰਿ-ਕਰ ਕੇ (ਕਿਰਿਆ ਵਿਸ਼ੇਸ਼ਣ)।, ਜਾਹਿ-ਜਾਂਦੇ ਹਨ (ਬਹੁ ਵਚਨ ਕਿਰਿਆ)।, ਜੋਰ-ਧੱਕੇ (ਵਧੀਕੀਆਂ, ਨਾਂਵ)।, ਗਲਵਢ-ਗਰਦਨ ਵੱਢਣ ਵਾਲੇ (ਬਹੁ ਵਚਨ ਨਾਂਵ)।, ਕਮਾਹਿ-ਕਮਾਉਂਦੇ ਹਨ (ਬਹੁ ਵਚਨ ਕਿਰਿਆ)।, ਮਲੁ- ਮੈਲ (ਇਸਤ੍ਰੀ ਲਿੰਗ)।, ਭਖਿ ਖਾਹਿ- ਖਾਣਾ (ਕਿਰਿਆ)।, ਨਾਨਕੁ ਨੀਚੁ-‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’ ਦੇ ਮੁਕਾਬਲੇ ਤੁੱਛਯੋਗਤਾ ਰੱਖਣ ਵਾਲਾ ਨਾਨਕ (‘ਨਾਨਕ’-ਨਾਂਵ ਤੇ ‘ਨੀਚੁ’-ਵਿਸ਼ੇਸ਼ਣ)।

(ਨੋਟ: ‘ਜਪੁ’ ਬਾਣੀ ਦੀ 66 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ 18 ਵੀਂ ਪਉੜੀ ਵਿੱਚ ਜ਼ਿਆਦਾਤਰ ‘ਨਾਂਵ, ਵਿਸ਼ੇਸ਼ਣ ਤੇਕਿਰਿਆ ਵਾਚੀ’ ਸ਼ਬਦ ਬਹੁ ਵਚਨ ਹਨ, ਸਿਵਾਏ ਅਖ਼ੀਰਲੀਆਂ 4 ਤੁਕਾਂ ਦੇ, ਜਿਸ ਵਿੱਚ ਇੱਕ ਵਚਨ ‘ਕਰਤਾ’ (ਨਾਨਕੁ, ਇੱਕ ਵਚਨ) ਦੁਆਰਾ, ਆਪਣੇ ਮਨ ਦੀ ਭਾਵਨਾ ‘ਨਿਰੰਕਾਰ’ (ਇੱਕ ਵਚਨ) ਦੇ ਸਨਮੁਖ ਬਿਆਨ ਕੀਤੀ ਜਾ ਰਹੀ ਹੈ।

ਪਿਛਲੀ ਪਉੜੀ ਨੰਬਰ 17 ਵਿੱਚ ਮਨੁੱਖ ਦੀ ਧਾਰਮਿਕ ਭਾਵਨਾ ਨੂੰ ਰੂਪਮਾਨ ਕੀਤਾ ਗਿਆ ਸੀ ਬੇਸ਼ੱਕ ਉਹ ‘ਗੁਰਮਤਿ’ (ਪੂਰਨ ਸਚਾਈ) ਨਾਲ ਮੇਲ ਖਾਂਦੀ ਸੀ ਜਾਂ ਨਹੀਂ, ਪਰ ਇਸ ਪਉੜੀ ਵਿੱਚ ਉਸ ਵਿਸ਼ੇ ਨੂੰ ਰੂਪਮਾਨ ਕੀਤਾ ਗਿਆ ਹੈ ਜੋ ‘ਧਰਮ’ (ਸੱਚ) ਦਾ ਹੀ ਵਿਰੋਧ ਕਰਦਾ ਹੈ।)

‘‘ਅਸੰਖ ਮੂਰਖ; ਅੰਧ ਘੋਰ ॥’’-ਇਸ ਪੰਕਤੀ ਵਿੱਚ ‘ਅਸੰਖ’ (ਸੰਖਿਅਕ ਵਿਸ਼ੇਸ਼ਣ ਸ਼ਬਦ) ਬਹੁ ਵਚਨ ਦਾ ਪ੍ਰਤੀਕ ਹੋਣ ਕਾਰਨ ਅੰਤ ਮੁਕਤਾ ਹੈ ਅਤੇ ਆਪਣੇ ਨਾਂਵ (‘ਮੂਰਖ’) ਨੂੰ ਵੀ ਅੰਤ ਮੁਕਤਾ (ਬਹੁ ਵਚਨ) ਸਾਬਤ ਕਰਦਾ ਹੈ।

‘ਅੰਧ ਘੋਰ’- ਇਹ ਜੁੜਤ ਸ਼ਬਦ ਗੁਰਬਾਣੀ ਵਿੱਚ ਸੰਬੰਧਤ ਪੰਕਤੀ ਤੋਂ ਇਲਾਵਾ 6 ਵਾਰ ਹੋਰ ਦਰਜ ਹੈ, ਜਿਸ ਦਾ ਅਰਥ ‘ਘੋਰ ਅੰਧੇਰਾ’ ਜਾਂ ‘ਮਹਾਂ ਅਗਿਆਨਤਾ’ ਹੈ; ਜਿਵੇਂ:

‘‘ਬੂਡਤ ‘ਘੋਰ ਅੰਧ’ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ॥’’ (ਮ: ੫/੩੭੭)

‘‘ਅੰਧ ‘ਕੂਪ ਮਹਾ ਘੋਰ’ ਤੇ; ਬਾਹ ਪਕਰਿ, ਗੁਰਿ ਕਾਢਿ ਲੀਏ ॥’’ (ਮ: ੫/੩੮੩)

‘‘ਬੂਡਤ ‘ਘੋਰ ਅੰਧ’ ਕੂਪ ਮਹਿ; ਤੇ ਸਾਧੂ ਸੰਗਿ ਪਾਰਿ ਪਰੇ ॥’’ (ਮ: ੫/੧੨੦੮)

‘‘ਗ੍ਰਿਹਿ ‘ਅੰਧ’ ਕੂਪ ਪਤਿਤ ਪ੍ਰਾਣੀ; ਨਰਕ ‘ਘੋਰ ਗੁਬਾਰ’ ॥’’ (ਮ: ੫/੧੨੨੩)

‘‘ਗਰਤ ‘ਘੋਰ ਅੰਧ’ ਤੇ ਕਾਢਹੁ; ਪ੍ਰਭ ! ਨਾਨਕ ਨਦਰਿ ਨਿਹਾਰਿ ॥’’ (ਮ: ੫/੧੩੦੧)

‘‘ਕਰੁ ਗਹਿ ਲੀਏ ਨਾਨਕ ਜਨ ਅਪਨੇ; ‘ਅੰਧ ਘੋਰ’ ਸਾਗਰ ਨਹੀ ਮਰਸਨ (ਆਤਮਕ ਮੌਤ) ॥’’ (ਮ: ੫/੧੩੦੩)

‘‘ਅਸੰਖ ਚੋਰ; ਹਰਾਮਖੋਰ ॥’’-ਇਸ ਪੰਕਤੀ ’ਚ ਦਰਜ ‘ਚੋਰ’ ਸ਼ਬਦ ਗੁਰਬਾਣੀ ਵਿੱਚ 37 ਵਾਰ ਦਰਜ ਹੈ, ਜੋ ਜ਼ਿਆਦਾਤਰ‘ਪੰਜ ਕਮਾਦਿਕਾਂ’ ਲਈ ਅਤੇ ਪ੍ਰਮਾਤਮਾ ਤੋਂ ਬੇਮੁਖ ਬੰਦਿਆਂ ਵਾਸਤੇ ਦਰਜ ਕੀਤਾ ਗਿਆ ਹੈ; ਜਿਵੇਂ:

‘‘ਤੇ ਸਾਕਤ ਚੋਰ, ਜਿਨਾ ਨਾਮੁ ਵਿਸਾਰਿਆ; ਮਨ ! ਤਿਨ ਕੈ ਨਿਕਟਿ ਨ ਭਿਟੀਐ ॥’’ (ਮ: ੪/੧੭੦)

‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ, ਕ੍ਰੋਧੁ, ਲੋਭੁ, ਮੋਹੁ, ਅਹੰਕਾਰਾ ॥’’ (ਮ: ੩/੬੦੦)

‘‘ਤਿਨ ਮੁਖਿ ਨਾਮੁ ਨ ਊਪਜੈ; ਦੂਜੈ ਵਿਆਪੇ ‘ਚੋਰ’ ਜੀਉ ॥’’ (ਮ: ੧/੭੫੧) (ਭਾਵ ਜੋ ਰੱਬੀ ਪ੍ਰੇਮ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਉਂਦੇ ਹਨ ਉਹ ‘ਚੋਰ’ ਹਨ ਕਿਉਂਕਿ ਦਾਤਾਂ ਰੱਬ ਦੀਆਂ ਵਰਤ ਕੇ ਸੋਚ ਕਿਸੇ ਹੋਰ ਤੋਂ ਪ੍ਰਭਾਵਤ ਹੈ, ਜਿਸ ਕਾਰਨ ਉਨ੍ਹਾਂ ਦੇ ਮੁਖ ਵਿੱਚੋਂ ਰੱਬ ਦਾ ਨਾਮ ਪ੍ਰਗਟ (ਪੈਦਾ, ਯਾਦ) ਨਹੀਂ ਹੁੰਦਾ ਹੈ।)

‘‘ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ; ਜਿਨ ਗੁਰ ਕੀ ਪੈਜ ਨ ਭਾਇ (ਪਸੰਦ) ॥’’ (ਮ: ੪/੮੮੧) ਆਦਿ।

‘ਹਰਾਮਖੋਰ’- ਇਹ ਸ਼ਬਦ ਗੁਰਬਾਣੀ ਵਿੱਚ ਸੰਬੰਧਤ ਪੰਕਤੀ ਤੋਂ ਇਲਾਵਾ 2 ਵਾਰ (ਇੱਕ ਵਾਰ ਅੰਤ ਔਂਕੜ ਤੇ ਇੱਕ ਵਾਰ ਅੰਤ ਮੁਕਤਾ) ਦਰਜ ਹੈ; ਜਿਵੇਂ:

(1). ‘‘ਹਰਾਮਖੋਰ ਨਿਰਗੁਣ ਕਉ ਤੂਠਾ (ਪ੍ਰਸੰਨ)॥ ਮਨੁ ਤਨੁ ਸੀਤਲੁ, ਮਨਿ ਅੰਮ੍ਰਿਤੁ ਵੂਠਾ (ਵਸਿਆ)॥’’ (ਮ: ੫/੧੧੪੨) (ਇਸ ਪੰਕਤੀ ’ਚ ਦਰਜ ‘ਕਉ’ ਭਾਵ ‘ਲਈ’ (ਸੰਬੰਧਕ) ਨੇ ‘ਹਰਾਮਖੋਰ’ ਤੇ ‘ਨਿਰਗੁਣ’ ਅੰਤ ਮੁਕਤਾ ਕਰ ਦਿੱਤਾ ਹੈ।)

(2). ‘‘ਮੈ ਕੀਤਾ ਨ ਜਾਤਾ ‘ਹਰਾਮਖੋਰੁ’ ॥ ਹਉ ਕਿਆ ਮੁਹੁ ਦੇਸਾ, ਦੁਸਟੁ ‘ਚੋਰੁ’ ? ॥ ‘ਨਾਨਕੁ ਨੀਚੁ’ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ, ਕਰਤਾਰ ॥’’ (ਮ: ੧/੨੪)

(ਨੋਟ: ਉਕਤ ਦੂਸਰੀ ਪੰਕਤੀ ’ਚ ਗੁਰੂ ਨਾਨਕ ਸਾਹਿਬ ਜੀ ‘ਜਪੁ’ ਪਉੜੀ 18 ਵਾਲੇ ਸ਼ਬਦ (‘ਹਰਾਮਖੋਰੁ, ਚੋਰੁ, ਨਾਨਕੁ ਨੀਚੁ ਕਹੈ ਬੀਚਾਰੁ॥’) ਹੀ ਦਰਜ ਕਰ ਰਹੇ ਹਨ ਪਰ ਅੰਤਰ ਕੇਵਲ ਇਹੀ ਹੈ ਕਿ ‘ਜਪੁ’ ਪਉੜੀ ਵਿੱਚ ‘ਹਰਾਮਖੋਰ, ਚੋਰ’ ਸ਼ਬਦ ‘ਬਹੁ ਵਚਨ’ ਹਨ ਜਦਕਿ ਇਸ ਪੰਕਤੀ ’ਚ ‘ਇੱਕ ਵਚਨ’ ਹਨ।)

‘‘ਅਸੰਖ; ਅਮਰ ਕਰਿ ਜਾਹਿ ਜੋਰ ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਅਮਰ’ ਧਿਆਨ ਮੰਗਦਾ ਹੈ, ਜਿਸ ਦਾ ਅਰਥ ‘ਹੁਕਮ’ (ਧੱਕਾ, ਪ੍ਰਿੰਸੀਪਲ ਸਾਹਿਬ ਸਿੰਘ ਜੀ) ਅਤੇ ‘ਹੁਕਮਰਾਨ’ (ਬਾਦਸ਼ਾਹ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ) ਅਨੁਸਾਰ ਬਣਦਾ ਹੈ। ਇਨ੍ਹਾਂ ਟੀਕਾਕਾਰਾਂ ਅਨੁਸਾਰ ਜਦ ‘ਅਮਰ’ ਸ਼ਬਦ ਨੂੰ ‘ਅਸੰਖ’ ਨਾਲ ਜੋੜ ਕੇ ਅਰਥ ਕਰੀਏ ਤਾਂ ਅਰਥ ਬਣਦੇ ਹਨ ‘ਅਣਗਿਣਤ ਹੁਕਮਰਾਨ’ ਅਤੇ ਜਦ ‘ਅਸੰਖ’ ਨਾਲੋਂ ਅਲੱਗ ਕਰਕੇ ਅਰਥ ਕਰੀਏ ਤਾਂ ਅਰਥ ਬਣਦੇ ਹਨ ‘ਅਸੰਖ ਜੀਵ ਆਪਣੇ ਹੁਕਮ’, ਇਸ ਲਈ ਇਸ ਦੀ ਵੀਚਾਰ ਅਤਿ ਜ਼ਰੂਰੀ ਹੈ।

‘ਅਮਰ’ (ਅੰਤ ਮੁਕਤਾ) ਸ਼ਬਦ ਗੁਰਬਾਣੀ ਵਿੱਚ 35 ਵਾਰੀ ਦਰਜ ਹੈ ਜਦਕਿ ‘ਅਮਰੁ’ (ਅੰਤ ਔਂਕੜ) 52 ਵਾਰੀ ਦਰਜ ਹੈ। ਦੋਵੇਂ ਸ਼ਬਦਾਂ ਦੇ ਅਰਥ ਇੱਕ ਸਮਾਨ ਅਤੇ 3 ਤਰ੍ਹਾਂ ਦੇ ਹੀ ਹਨ; ਜਿਵੇਂ :

(1). ‘ਅਮਰ’ (ਅੰਤ ਮੁਕਤਾ 10 ਵਾਰ) ਅਤੇ ‘ਅਮਰੁ’ (ਅੰਤ ਔਂਕੜ ਵੀ 10 ਵਾਰ) ਕੁਲ 20 ਵਾਰੀ, ਜਿਸ ਦਾ ਅਰਥ ਹੈ ‘ਗੁਰੂ ਅਮਰਦਾਸ ਜੀ’; ਜਿਵੇਂ:

‘‘ਨਾਨਕੁ ਤੂ, ਲਹਣਾ ਤੂਹੈ; ‘ਗੁਰੁ ਅਮਰੁ’, ਤੂ ਵੀਚਾਰਿਆ ॥’’ (ਬਲਵੰਡ ਸਤਾ/੯੬੮) (‘ਅਮਰੁ’ ਅੰਤ ਔਂਕੜ)

‘‘ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ ‘ਅਮਰੁ’ ਕਹਾਇਓ ॥’’ (ਭਟ ਕਲੵ /੧੩੯੦) (‘ਅਮਰੁ’ ਅੰਤ ਔਂਕੜ)

‘‘ਅੰਗਦਿ ਕਿਰਪਾ ਧਾਰਿ; ‘ਅਮਰੁ ਸਤਿਗੁਰੁ’ ਥਿਰੁ ਕੀਅਉ ॥’’ (ਭਟ ਮਥੁਰਾ/੧੪੦੮) (‘ਅਮਰੁ’ ਅੰਤ ਔਂਕੜ)

‘‘ਚਰਣ ਤ ਪਰ (ਚੰਗੀ ਤਰ੍ਹਾਂ) ਸਕਯਥ (ਸਫਲ), (ਜਦ) ਚਰਣ ‘ਗੁਰ ਅਮਰ’ (ਦੇ) ਪਵਲਿ (ਰਸਤੇ ’ਤੇ) ਰਯ (ਚਲਣ, ਰਫ਼ਤਾਰ ਪਕੜਨ)॥’’ (ਭਟ ਜਾਲਪ/੧੩੯੪) (‘ਅਮਰ’ ਅੰਤ ਮੁਕਤਾ)

‘‘ਗੁਰ ਨਾਨਕ ਅੰਗਦ ‘ਅਮਰ’ ਲਾਗਿ, ਉਤਮ ਪਦੁ ਪਾਯਉ ॥’’ (ਭਟ ਕਲੵ /੧੪੦੭) (‘ਅਮਰੁ’ ਅੰਤ ਮੁਕਤਾ) ਆਦਿ।

(2). ‘ਅਮਰ’ (ਕੇਵਲ 2 ਵਾਰ) ਅਤੇ ‘ਅਮਰੁ’ (14 ਵਾਰ) ਕੁਲ 16 ਵਾਰ ਜਿਸ ਦਾ ਅਰਥ ਹੈ ‘ਹੁਕਮ’; ਜਿਵੇਂ:

‘‘ਸਭਿ ਪਾਤਿਸਾਹੀਆ ‘ਅਮਰ’ ਸਭਿ, ਸਭਿ ਖੁਸੀਆ ਸਭਿ ਖਾਨ ॥’’ (ਮ: ੧/੧੨੪੧) (‘ਅਮਰ’ ਬਹੁ ਵਚਨ ਪੁਲਿੰਗ ਕਾਰਨ ਅੰਤ ਮੁਕਤਾ)

‘‘ਤਿਲਕ ਹੀਣੰ (ਬਿਨਾ) ਜਥਾ (ਜਿਵੇਂ) ਬਿਪ੍ਰਾ (ਬ੍ਰਹਮਣ), ‘ਅਮਰ’ (ਹੁਕਮ) ਹੀਣੰ ਜਥਾ ਰਾਜਨਹ (ਰਾਜਾ) ॥’’ (ਮ: ੫/੧੩੫੯) (‘ਅਮਰ’ ਇੱਕ ਵਚਨ ਪੁਲਿੰਗ ਪਰ ਸੰਬੰਧਕ ਸ਼ਬਦ (‘ਹੀਣੰ’ ਭਾਵ ਬਿਨਾ) ਕਾਰਨ ਅੰਤ ਮੁਕਤਾ)

‘‘ਮਨਮੁਖਾ ਦੈ ਸਿਰਿ ਜੋਰਾ ‘ਅਮਰੁ’ ਹੈ; ਨਿਤ ਦੇਵਹਿ ਭਲਾ ॥’’ (ਮ: ੪/੩੦੪) (‘ਅਮਰੁ’ ਇੱਕ ਵਚਨ ਕਾਰਨ ਅੰਤ ਔਂਕੜ)

‘‘ਲਿਵ ਛੁੜਕੀ ਲਗੀ ਤ੍ਰਿਸਨਾ; ਮਾਇਆ ‘ਅਮਰੁ’ ਵਰਤਾਇਆ ॥’’ (ਮ: ੩/੯੨੧) (‘ਅਮਰੁ’ ਇੱਕ ਵਚਨ ਕਾਰਨ ਅੰਤ ਔਂਕੜ) ਆਦਿ।

(ਨੋਟ: ਗੁਰਬਾਣੀ ਵਿੱਚ ‘ਅਮਰੁ’ ਦਾ ਅਰਥ ‘ਹੁਕਮ’, ਜ਼ਿਆਦਾਤਰ ਤਦ ਹੁੰਦਾ ਹੈ ਜਦ ‘ਅਮਰ’ ਸ਼ਬਦ ਦੇ ਸਮਾਨੰਤਰ‘ਬਾਦਿਸਾਹਾ, ਪਾਤਿਸਾਹੁ, ਦੀਬਾਣੁ (ਕਚਹਿਰੀ), ਸੂਰਾ (ਸੂਰਮਾ)’ ਆਦਿ ਦਰਜ ਹੁੰਦੇ ਹਨ; ਜਿਵੇਂ:

‘‘ਸਚੁ ‘ਪਾਤਿਸਾਹੀ’, ਅਮਰੁ ਸਚੁ; ਸਚੇ ਸਚਾ ਥਾਨੁ ॥’’ (ਮ: ੫/੪੮)

‘‘ਸਚਾ ਅਮਰੁ; ਸਚਾ ‘ਪਾਤਿਸਾਹੁ’ ॥’’ (ਮ: ੩/੧੬੧)

‘‘ਸਚਾ ਤੇਰਾ ਅਮਰੁ; ਸਚਾ ‘ਦੀਬਾਣੁ’ ॥’’ (ਮ: ੧/੪੬੩)

‘ਸਤਿਗੁਰ ਗਿਆਨੁ ਸਦਾ ਘਟਿ ਚਾਨਣੁ; ਅਮਰੁ ਸਿਰਿ ‘ਬਾਦਿਸਾਹਾ’ ॥’’ (ਮ: ੩/੬੦੦)

‘‘ਸਚਾ ਅਮਰੁ, ਸਚੀ ‘ਪਾਤਿਸਾਹੀ’; ਸਚੇ ਸੇਤੀ ਰਾਤੇ ॥’’ (ਮ: ੫/੭੪੯)

‘‘ਏਕੋ ਅਮਰੁ ਏਕਾ ‘ਪਤਿਸਾਹੀ’; ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥’’ (ਮ: ੩/੧੦੪੬)

‘‘ਆਪੇ ‘ਸੂਰਾ’; ਅਮਰੁ ਚਲਾਇਆ ॥’’ (ਮ: ੫/੧੦੮੨)

(3). ‘ਅਮਰ’ (23 ਵਾਰ) ਅਤੇ ‘ਅਮਰੁ’ (28 ਵਾਰ) ਕੁਲ 51 ਵਾਰੀ, ਜਿਸ ਦਾ ਅਰਥ ਹੈ ‘ਅਟੱਲ, ਸਥਿਰ ਜਾਂ ਮੌਤ ਰਹਿਤ’;ਜਿਵੇਂ:

‘‘ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ, ‘ਅਮਰ’ ਪਦਵੀ ਪਾਵਹ ॥’’ (ਮ: ੫/੮੪੬)

‘‘ਗੁਰ ਰਾਮਦਾਸ ! ਕਲ੍ਹੁਚਰੈ, ਤੈਂ ਅਟਲ ‘ਅਮਰ’ ਪਦੁ ਪਾਇਓ ॥’’ (ਭਟ ਕਲੵ /੧੩੯੭)

‘‘ਅੰਮ੍ਰਿਤੁ ਪੀਵੈ; ‘ਅਮਰੁ’ ਸੋ ਹੋਇ ॥’’ (ਮ: ੫/੨੮੭)

‘‘ਸਚੁ ਸਚਾ ਸਤਿਗੁਰੁ ‘ਅਮਰੁ’ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥’’ (ਮ: ੪/੩੧੦) ਆਦਿ।

ਉਪਰੋਕਤ ਵੀਚਾਰ ਰਾਹੀਂ ਇਹ ਬੋਧ ਹੁੰਦਾ ਹੈ ਕਿ ਗੁਰਬਾਣੀ ਵਿੱਚ ‘ਅਮਰ’ ਸ਼ਬਦ ਦਾ ਅਰਥ ‘ਬਾਦਸ਼ਾਹ’ ਨਹੀਂ ਹੈ ਕਿਉਂਕਿ ਤਦ ਸ਼ਬਦ ਸਰੂਪ ‘ਆਮਿਰ’ ਹੋਣਾ ਸੀ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘‘ਅਸੰਖ; ਅਮਰ ਕਰਿ ਜਾਹਿ ਜੋਰ ॥’’ ਪੰਕਤੀ ’ਚ ਦਰਜ ਸ਼ਬਦ ‘ਜੋਰ’ (ਧੱਕੇ) ਕਾਰਨ ‘ਅਮਰ’ ਸ਼ਬਦ ਦਾ ਅਰਥ ‘ਹੁਕਮ’ (ਧੱਕੇ) ਨਹੀਂ ਕੀਤਾ ਹੈ ਜਦਕਿ ‘ਅਮਰ’ ਭਾਵ ‘ਹੁਕਮ’ ਦੇ ਨਾਲ-ਨਾਲ ‘ਜੋਰ’ ਦਾ ਅਰਥ ‘ਵਧੀਕੀਆਂ’ ਕੀਤਾ ਜਾ ਸਕਦਾ ਹੈ।

‘‘ਕਰਿ ਜਾਹਿ ਜੋਰ ॥’’- ਇਸ ਉਪਵਾਕ ’ਚ ‘ਕਰਿ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ, ਜਿਸ ਦਾ ਅਰਥ ਬਣਦਾ ਹੈ ‘ਕਰ ਕੇ’; ਜਿਵੇਂ1750 ਵਾਰ ਦਰਜ ਹੈ:

‘‘ਅਸੰਖ ਪਾਪੀ ਪਾਪੁ ‘ਕਰਿ’ ਜਾਹਿ ॥’’ (ਜਪੁ /ਮ: ੧)

‘‘ਜਿਸੁ ਹਥਿ ਜੋਰੁ, ‘ਕਰਿ’ ਵੇਖੈ ਸੋਇ ॥’’ (ਜਪੁ /ਮ: ੧)

‘‘ਵੇਖੈ ਵਿਗਸੈ ‘ਕਰਿ’ ਵੀਚਾਰੁ ॥’’ (ਜਪੁ /ਮ: ੧)

‘‘ਜਿਨਿ ਦਿਨੁ ‘ਕਰਿ ਕੈ’, ਕੀਤੀ ਰਾਤਿ ॥’’ (ਸੋ ਦਰੁ ਆਸਾ /ਮ: ੧) ਆਦਿ।

ਅਸੰਖ ਮੂਰਖ; ਅੰਧ ਘੋਰ ॥ ਅਸੰਖ ਚੋਰ; ਹਰਾਮਖੋਰ ॥ ਅਸੰਖ; ਅਮਰ ਕਰਿ ਜਾਹਿ ਜੋਰ ॥

ਅਰਥ : ਹੇ ਨਿਰਾਕਾਰ ਮਾਲਕ   ! (ਤੇਰੇ ਸੰਸਾਰ ’ਚ) ਬੇਸ਼ੁਮਾਰ ਮਨੁੱਖ ਭਿਅੰਕਰ ਡਰਾਉਣ ਵਾਲ਼ੇ ਬੇਵਕੂਫ਼ ਹਨ, ਜਿਨ੍ਹਾਂ ’ਚ ਅਣਗਿਣਤ ਨਮਕ ਹਰਾਮੀ (ਚੋਰ) ਪਰਾਇਆ ਹੱਕ ਮਾਰਨ ਵਾਲ਼ੇ (ਹਰਾਮਖ਼ੋਰ) ਤੇ (ਇਸੇ ਸ਼੍ਰੇਣੀ ’ਚ) ਬੇਸ਼ੁਮਾਰ ਹੁਕਮਰਾਨ ਹਨ (ਜੋ ਨਿੱਜ ਸੁਆਰਥ ਲਈ ਆਪਣੀ ਹਕੂਮਤ) ਜ਼ਬਰਨ (ਧੱਕੇ ਨਾਲ਼ ਹੀ) ਕਰ ਜਾਂਦੇ ਹਨ।

‘‘ਅਸੰਖ; ਗਲਵਢ ਹਤਿਆ ਕਮਾਹਿ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਗਲਵਢ’ ਤੇ ‘ਹਤਿਆ’ ਦੀ ਟੇਕ ਲੈ ਕੇ ਕੁਝ ਕੁ‘ਸਾਕਾਹਾਰੀ ਸਿੱਖ’, ‘ਮਾਸਾਹਾਰੀ ਸਿੱਖਾਂ’ ਪ੍ਰਤੀ ਅਸਤਿਕਾਰ ਯੋਗ ਭਾਵਨਾ ਰੱਖਦੇ ਹਨ।

ਗੁਰਬਾਣੀ ਵਿੱਚ ‘ਗਲਵਢ’ ਅਤੇ ‘ਹਤਿਆ’ ਸ਼ਬਦ ਕੇਵਲ ਇੱਕ ਵਾਰ (ਸੰਬੰਧਤ ਪੰਕਤੀ ਵਿੱਚ ਹੀ) ਦਰਜ ਹੈ ਅਤੇ ‘ਮਹਾ ਹਤਿਆਰੇ, ਮਹਾ ਮਹਾਂ ਹਤਿਆਰਿਆ ਤੇ ਪਾਪਿਸਟ (ਮਹਾਂ ਪਾਪੀ) ਹਤਿਆਰੀ’ ਸ਼ਬਦ ਵੀ ਕੇਵਲ ਇੱਕ-ਇੱਕ ਵਾਰ ਹੀ ਦਰਜ ਹਨ,ਜੋ ਗੁਰੂ ਤੋਂ ਬੇਮੁਖਾਂ ਲਈ ਵਰਤੇ ਗਏ ਹਨ; ਜਿਵੇਂ:

‘‘ਜਿਨ, ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ; ਤੇ, ਭਾਗਹੀਣ ਜਮਿ (ਨੇ) ਮਾਰੇ ॥ ਸੇ (ਉਹ), ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ (ਦਈ ਪ੍ਰਭੂ ਨੇ ਆਪ) ਮਾਰੇ, ‘ਮਹਾ ਹਤਿਆਰੇ’ ॥’’ (ਮ: ੪/੪੯੩)

‘‘ਧਰਮ ਰਾਇ (ਨੇ) ਜਮਕੰਕਰਾ (ਆਪਣੇ ਦੂਤਾਂ) ਨੋ ਆਖਿ ਛਡਿਆ; (ਕਿ) ਏਸੁ ਤਪੇ ਨੋ, ਤਿਥੈ ਖੜਿ (ਲੈ ਜਾ ਕੇ) ਪਾਇਹੁ; ਜਿਥੈ‘ਮਹਾ ਮਹਾਂ ਹਤਿਆਰਿਆ’ ॥ (ਮ: ੪/੩੧੬) (ਭਾਵ ਜਿੱਥੇ ਗੁਰੂ ਤੋਂ ਬੇਮੁਖਾਂ ਨੂੰ ਰੱਖਿਆ ਜਾਂਦਾ ਹੈ, ਉਸ ਅਵਸਥਾ ਨੂੰ ਆਤਮਕ ਮੌਤ ਆਖਦੇ ਹਨ।)

‘‘ਸੰਤ (ਗੁਰੂ) ਕਾ ਨਿੰਦਕੁ; ‘ਮਹਾ ਹਤਿਆਰਾ’ ॥’’ (ਮ: ੫/੨੮੦)

‘‘ਜਿਨਾ (ਨੇ) ਗੁਰੁ ਗੋਪਿਆ (ਨਿੰਦਿਆ) ਆਪਣਾ, ਤੇ ਨਰ ਬੁਰਿਆਰੀ ॥ ਹਰਿ ਜੀਉ ! ਤਿਨ ਕਾ ਦਰਸਨੁ ਨਾ ਕਰਹੁ (ਕਰਨ ਦੇਣਾ, ਕਿਉਂਕਿ ਉਹ); ਪਾਪਿਸਟ (ਮਹਾਂ ਪਾਪੀ) ‘ਹਤਿਆਰੀ’ ॥’’ (ਮ: ੪/੬੫੧)

ਉਪਰੋਕਤ ਤਮਾਮ ਪੰਕਤੀਆਂ ’ਚ ‘ਮਹਾਂ ਮਹਾਂ ਹਤਿਆਰਾ’ ਜਾਂ ‘ਪਾਪਿਸਟ ਹਤਿਆਰਾ’ ਸ਼ਬਦ, ਗੁਰੂ ਦੀ ਨਿੰਦਿਆ ਕਰਨ ਵਾਲਿਆਂਲਈ ਦਰਜ ਕੀਤੇ ਗਏ ਹਨ ਕਿਉਂਕਿ ਉਹ ਵਿਅਕਤੀ, ਮਾਨਵਤਾ ਦੀ ਭਲਾਈ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੇ ਹਨ, ਇਸ ਲਈ ਸੰਬੰਧਤ ਪੰਕਤੀ ‘‘ਅਸੰਖ; ਗਲਵਢ ਹਤਿਆ ਕਮਾਹਿ ॥’’- ਨੂੰ ਕੇਵਲ ‘ਮਾਸਾਹਾਰੀ’ ਜਾਂ ‘ਸਾਕਾਹਾਰੀ’ ਤੱਕ ਸੀਮਤ ਕਰਨਾ, ਵੀ ਗੁਰੂ (ਸੋਚ ਨੂੰ ਘਟਾ ਕੇ ਬਖਿਆਨ ਕਰਨ ਵਾਲੀ) ਨਿੰਦਿਆ ਵਾਙ ਸੰਕੇਤ ਦੇਵੇਗਾ।

(ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ਇਸ ਪੰਕਤੀ ਦੇ ਅਰਥ ਇਉਂ ਕੀਤੇ ਹਨ ‘ਅਣਗਿਣਤ ਹਤਿਆਰੇ ਜੀਵ-ਹੱਤਿਆ ਕਮਾਈ ਜਾਂਦੇ ਹਨ।’)

(ਨੋਟ: ‘ਗਲ ਵੱਢਣਾ’ ਮੁਹਾਵਰਾ ‘ਇੱਜ਼ਤ ਖੋਹਣ’ ਦਾ ਪ੍ਰਤੀਕ ਹੁੰਦਾ ਹੈ। ਕਿਸੇ ਦੀ ਇੱਜ਼ਤ ਖੋਹਣੀ ‘ਮਹਾਂ ਪਾਪ’ ਹੈ, ਜਿਸ ਦਾ ਜ਼ਿਕਰ ਅਗਲੀ ਪੰਕਤੀ ’ਚ ਸਪਸ਼ਟ ਹੋ ਰਿਹਾ ਹੈ; ਜਿਵੇਂ:

‘‘ਅਸੰਖ ਪਾਪੀ; ਪਾਪੁ ਕਰਿ ਜਾਹਿ ॥’’- ਇਸ ਤੁਕ ’ਚ ਦਰਜ ‘ਪਾਪੁ’ ਸ਼ਬਦ ਗੁਰਬਾਣੀ ਵਿੱਚ 33 ਵਾਰ (ਅੰਤ ਔਂਕੜ) ਅਤੇ 205ਵਾਰ (ਅੰਤ ਮੁਕਤਾ) ਦਰਜ ਹੈ। ਅਲੱਗ-ਅਲੱਗ ਸੋਚ ਅਧੀਨ ‘ਪਾਪ’ ਦੀ ਵਿਆਖਿਆ ਕਰਨ ਨਾਲ ਜ਼ਿਆਦਾਤਰ ਗੁਰਸਿੱਖਾਂ ਨੂੰ ਗੁਰਮਤ ਅਨੁਸਾਰ ‘ਪਾਪ’ ਦੀਆਂ ਸੀਮਾਵਾਂ (ਦਾਇਰੇ) ਦਾ ਬਹੁਤਾ ਬੋਧ ਨਹੀਂ ਹੈ, ਇਸ ਲਈ ਇਸ ਵਿਸ਼ੇ ਦੀ ਵੀਚਾਰ ਅਤਿ ਜ਼ਰੂਰੀ ਹੈ। ਭਾਈ ਕਾਹਨ ਸਿੰਘ ਜੀ ਅਨੁਸਾਰ ‘ਮਹਾਂ ਭਾਰਤ’ ਵਿੱਚ 10 ਪਾਪਾਂ ਦਾ ਜ਼ਿਕਰ ਹੈ; ਜਿਵੇਂ: ‘ਹਿੰਸਾ, ਚੋਰੀ, ਪਰ ਇਸਤ੍ਰੀ ਗਮਨ,ਝੂਠ, ਕੌੜਾ ਬੋਲ, ਚੁਗ਼ਲੀ, ਵਾਇਦੇ ਖਿਲਾਫੀ, ਬੁਰਾ ਸੋਚਣਾ, ਬੇਰਹਿਮੀ ਤੇ ਪੁੰਨ-ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ।’

‘ਬਾਈਬਲ’ ਅਨੁਸਾਰ 7 ਪਾਪ ਹਨ; ਜਿਵੇਂ: ‘ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭ ਰਸ ਤੇ ਆਲਸ।’

‘ਮਨੁ’ ਨੇ ਵੀ ਆਪਣੀ ਬ੍ਰਹਮਣੀ ਸੋਚ ਅਧੀਨ ਵਿਆਖਿਆ ਕਰਦਿਆਂ 4 ਪਾਪ ਦੱਸੇ ਹਨ; ਜਿਵੇਂ: ‘ਬ੍ਰਹਮਣ ਦੀ ਹੱਤਿਆ ਕਰਨੀ,ਸ਼ਰਾਬ ਪੀਣੀ, ਗੁਰੂ (ਬ੍ਰਹਮਣ) ਦੀ ਇਸਤ੍ਰੀ ਭੋਗਣੀ ਤੇ ਇਨ੍ਹਾਂ ਪਾਪੀਆਂ ਦੇ ਨਾਲ ਸੰਬੰਧ ਬਣਾਉਣੇ।’

‘ਗੁਰਮਤ’ ਅਨੁਸਾਰ 3 ਮਹਾਂ ਪਾਪ ਹਨ; ਜਿਵੇਂ: ‘ਕਰਤਾਰ ਤੋਂ ਵਿਮੁਖਤਾ, ਉੱਦਮ (ਮਿਹਨਤ) ਦਾ ਤਿਆਗ ਤੇ ਨਿਰਦੋਸ਼ ਦਾ ਦਿਲ ਦੁਖਾਉਣਾ।’ ਸਿੱਖ ਰਹਿਤਨਾਮਿਆਂ ’ਚ 4 ਪਾਪ ਦਰਜ ਹਨ ‘ਮੁੰਡਨ ਕਰਨਾ, ਵਿਭਚਾਰ, ਤਮਾਕੂ ਦਾ ਸੇਵਨ ਤੇ ਕੁੱਠਾ (ਹਲਾਲ) ਖਾਣਾ।’ (ਮਹਾਨ ਕੋਸ਼)

ਗੁਰਬਾਣੀ ਅਨੁਸਾਰ ਸਭ ਤੋਂ ‘ਸ੍ਰੇਸ਼ਟ ਪਾਪ’ ਮਾਲਕ ਦੀ ਯਾਦ (ਸੱਚਾਈ) ਵੱਲੋਂ ਬੇਮੁਖ ਹੋਣਾ ਹੈ ਕਿਉਂਕਿ ਰੱਬ ’ਤੇ ਭਰੋਸਾ ਨਾ ਰੱਖਣ ਵਾਲੇ ਬੰਦੇ ਹੀ ਸਭ ਤੋਂ ਵੱਧ ਸਚਾਈ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ; ਜਿਵੇਂ ‘ਗੁਰੂ ਰਾਮਦਾਸ ਜੀ’ ਇੱਕ ‘ਤਪੇ’ ਦੀ ਉਦਾਹਰਨ ਰਾਹੀਂ ‘ਪਾਪ’ ਦੀ ਵਿਆਖਿਆ ਇਉਂ ਕਰ ਰਹੇ ਹਨ: ‘‘ਸਤ ਪੁਰਖ ਕੀ ‘ਤਪਾ’ ਨਿੰਦਾ ਕਰੈ; ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁਦੋਖੈ (ਇਸ ਪਾਪ ਕਾਰਨ), ਤਪਾ ਦਯਿ (ਨੇ) ਮਾਰਿਆ ॥ ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ; ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ; ਤਪਾ (ਸਚਾਈ ’ਤੇ ਪਹਿਰਾ ਦੇਣ ਵਾਲਾ) ਸਦਾਏ ॥(ਪਰ) ਅੰਦਰਿ ਬਹੈ; ਤਪਾ‘ਪਾਪ’ (ਗੁਰੂ ਫ਼ਿਲਾਸਫ਼ੀ, ਸਚਾਈ ਪ੍ਰਤੀ ਨਫ਼ਰਤ) ਕਮਾਏ ॥ ਹਰਿ (ਨੇ, ਤਪੇ ਦਾ) ਅੰਦਰਲਾ ਪਾਪੁ; ਪੰਚਾ ਨੋ ਉਘਾ ਕਰਿ,ਵੇਖਾਲਿਆ ॥’’ (ਮ: ੪/੩੧੬)

‘ਗੁਰੂ ਰਾਮਦਾਸ ਜੀ’ ਬਿਆਨ ਕਰ ਰਹੇ ਹਨ ਕਿ ਜੋ ਨਿਰਵੈਰ ਵਿਅਕਤੀ ਨਾਲ ਵੈਰ ਕਰਦਾ ਹੈ ਉਹ ਹੈ ‘ਸਮੂਹ ਜਗਤ ਦਾ ਅਸਲ ਪਾਪ’; ਜਿਵੇਂ: ‘‘ਨਿਰਵੈਰੈ ਨਾਲਿ ਜਿ ਵੈਰੁ ਰਚਾਏ; ਸਭੁ ਪਾਪੁ ਜਗਤੈ ਕਾ, ਤਿਨਿ ਸਿਰਿ ਲਇਆ ॥’’ (ਮ: ੪/੩੦੭)

ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਜਿੱਥੇ ਸਚਾਈ ਪ੍ਰਤੀ ਗਿਆਨ ਹੈ ਉੱਥੇ ਹੀ ‘ਧਰਮ’ (ਸੱਚ) ਹੈ ਪਰ ਜਿੱਥੇ ਸੱਚ ਦੀ ਬਜਾਏ ਕੂੜ (ਝੂਠ) ਹੈ ਉੱਥੇ ਹੀ ਹੈ ‘ਮਹਾਂ ਪਾਪ’; ਜਿਵੇਂ: ‘‘ਕਬੀਰਾ ! ਜਹਾ ਗਿਆਨੁ ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥’’ (ਭਗਤ ਕਬੀਰ / ੧੩੭੨)

ਗੁਰਬਾਣੀ ਅਨੁਸਾਰ ਸਚਾਈ ਦਾ ਵਿਰੋਧ ‘ਪਾਪ’ ਹੈ ਅਤੇ ਸਚਾਈ ’ਤੇ ਪਹਿਰਾ ਦੇਣਾ ‘ਪੁੰਨ’ ਹੈ ਕਿਉਂਕਿ ਦੁਨਿਆਵੀ ‘ਪੁੰਨ-ਪਾਪ’ਮਨੁੱਖ ਨੂੰ ਬੁਝਦਿਲ (ਕਾਇਰ, ਡਰਪੋਕ) ਬਣਾਉਂਦੇ ਹਨ, ਜਿਸ ਕਾਰਨ ਮਨੁੱਖ ‘ਗੁਰਮੁਖ’ ਨਹੀਂ ਬਲਕਿ ‘ਮਨਮੁਖ’ ਬਣਦਾ ਹੈ;ਜਿਵੇਂ: ‘‘ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ (ਸਚਾਈ ਤੋਂ ਬਿਨਾ), ਨਕੁ ਨਾਹਿ (ਇਨਸਾਨੀਅਤ ਨਹੀਂ ਕਮਾਈ ਜਾਂਦੀ)॥’’ (ਮ: ੩/੫੯੧)

ਦੁਨਿਆਵੀ ‘ਪਾਪ-ਪੁੰਨ’ ਦੀ ਵਿਆਖਿਆ ‘ਗੁਰਮਤ’ ਨੇ ਨਹੀਂ ਬਲਕਿ ‘ਸਨਾਤਨੀ ਡਰਪੋਕ ਬ੍ਰਹਮਣ ਸੋਚ’ ਨੇ ਕੀਤੀ ਹੈ; ਜਿਵੇਂ:

‘‘ਪੁੰਨੁ, ਪਾਪੁ ਸਭੁ, ਬੇਦਿ (ਨੇ) ਦ੍ਰਿੜਾਇਆ; (ਪਰ) ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥’’ (ਮ: ੩/੧੦੫੦)

‘‘ਹਰਿ ! ਆਗਿਆ ਹੋਏ; ਬੇਦ ਪਾਪੁ ਪੁੰਨੁ ਵੀਚਾਰਿਆ ॥’’ (ਮ: ੫/੧੦੯੪) (ਭਾਵ ਹੇ ਹਰੀ ! ਤੇਰੀ ਰਜ਼ਾ ਵਿੱਚ ਹੀ ਡਰਪੋਕ ਬ੍ਰਹਮਣ ਸੋਚ (ਵੇਦਾਂ ਨੇ) ਪਾਪ-ਪੁੰਨ ਨੂੰ ਵੀਚਾਰਿਆ ਹੈ।)

‘‘ਬੇਦੁ ਪੁਕਾਰੇ ਪੁੰਨੁ ਪਾਪੁ; ਸੁਰਗ ਨਰਕ ਕਾ ਬੀਉ ॥’’ (ਮ: ੧/੧੨੪੩) ਆਦਿ।

ਗੁਰੂ ਦਾ ਪਿਆਰਾ (ਗੁਰਮੁਖ) ਕਦੇ ਵੀ ਦੁਨਿਆਵੀ ‘ਪਾਪ-ਪੁੰਨ’ ਬਾਰੇ ਸੋਚ ਕੇ ਸਮਾਂ ਬਰਬਾਦ ਨਹੀਂ ਕਰੇਗਾ; ਜਿਵੇਂ:

‘‘ਚਉਥੇ ਸੁੰਨੈ (ਮਾਯਾ ਰਹਿਤ ਪਦਵੀ ਨੂੰ), ਜੋ ਨਰੁ ਜਾਣੈ; ਤਾ ਕਉ ਪਾਪੁ ਨ ਪੁੰਨੰ ॥’’ (ਮ: ੧/੯੪੩)

‘‘ਪਾਂਚਉ ਇੰਦ੍ਰੀ, ਨਿਗ੍ਰਹ ਕਰਈ ॥ ਪਾਪੁ, ਪੁੰਨੁ ਦੋਊ; ਨਿਰਵਰਈ ॥’’ (ਭਗਤ ਕਬੀਰ/੩੪੧) (ਭਾਵ ਜਿਸ ਨੇ ‘ਨੱਕ (ਰਸ), ਕੰਨ (ਰਸ), ਜੀਭ (ਰਸ), ਦ੍ਰਿਸ਼ਟੀ (ਰਸ) ਤੇ ਚਮੜੀ (ਕਾਮ-ਰਸ) ਨਿਗ੍ਰਹ (ਕਾਬੂ) ਕਰ ਲਏ, ਉਸ ਨੇ ਦੁਨਿਆਵੀ ਪਾਪ-ਪੁੰਨ ਨਿਰਵਰਈ (ਦੂਰ ਸੁੱਟ ਦਿੱਤੇ।)

‘‘ਸੁਣਿਐ; ਦੂਖ ਪਾਪ ਕਾ ਨਾਸੁ ॥’’ (ਜਪੁ /ਮ: ੧) ਭਾਵ ਗੁਰੂ ਦੀ ਸਿੱਖਿਆ ਸੁਣਨ ਨਾਲ ‘ਕਰਤਾਰ ਤੋਂ ਵਿਮੁਖਤਾ’ (ਦੂਖ) ਤੇ‘ਸਚਾਈ ਦਾ ਵਿਰੋਧ ਕਰਨ ਵਾਲੀ ਭਾਵਨਾ’ (ਪਾਪ) ਦਾ ਨਾਸ਼ ਹੋ ਜਾਂਦਾ ਹੈ। ਆਦਿ।

ਉਕਤ ਪੰਜੇ ਗਿਆਨ ਇੰਦ੍ਰਿਆਂ ਨੂੰ ਕਾਬੂ ਕਰਕੇ ਦੁਨਿਆਵੀ ‘ਪਾਪ-ਪੁੰਨ’ ਵਾਲੀ ਸੋਚ ਤੋਂ ਮੁਕਤ (ਆਜ਼ਾਦ) ਨਾ ਹੋਣਾ ‘ਪਾਪੀ’ ਦੀ ਨਿਸ਼ਾਨੀ’ ਹੈ, ਅਜਿਹੇ ‘ਪਾਪੀ’ ਨੂੰ ਹੀ ‘ਪਾਪ’ (‘ਸਚਾਈ ਦਾ ਵਿਰੋਧ’) ਪਿਆਰਾ ਲਗਦਾ ਹੈ, ਜੋ ‘ਮਹਾਂ ਪਾਪ’ ਹੈ; ਜਿਵੇਂ: ‘‘ਪਾਪੁ ਬੁਰਾ; ਪਾਪੀ ਕਉ ਪਿਆਰਾ ॥’’ (ਮ: ੧/੯੩੫) ਉਸ ਨਿਰਦਈ ਦੀ ਸੋਚ ਇਉਂ ਬਣ ਜਾਂਦੀ ਹੈ; ਜਿਵੇਂ: ‘‘ਪਾਪ ਕੀ ਜੰਞ, ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥’’ (ਮ: ੧/੭੨੨)

ਅਸੰਖ; ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ; ਪਾਪੁ ਕਰਿ ਜਾਹਿ ॥

ਅਰਥ : ਬੇਸ਼ੁਮਾਰ ਹਤਿਆਰੇ, ਨਿਰਦੋਸ਼ਾਂ ਦਾ ਸਿਰ ਵੱਢ ਕੇ ਪਾਪ ਕਮਾਉਂਦੇ ਹਨ ।  ਅਸੰਖ ਪਾਪੀ ਅੰਤ ਤੱਕ ਅਜਿਹੇ ਪਾਪ ਕਰ-ਕਰ ਕੇ (ਜਾਂ ਕਰਦਿਆਂ ਹੀ ਸੰਸਾਰ ਤੋਂ) ਚਲੇ ਜਾਂਦੇ ਹਨ।

(ਨੋਟ: ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘‘ਅਸੰਖ ਪਾਪੀ; ਪਾਪੁ ਕਰਿ ਜਾਹਿ ॥’’ ਦੇ ਅਰਥ ਇਉਂ ਕੀਤੇ ਹਨ ‘ਅਣਗਿਣਤ ਪਾਪੀ-ਜੀਵ (ਜੀਵਨ ਪ੍ਰਯੰਤ) ਨਿਰਾ ਪਾਪ ਹੀ ਕਰੀ ਜਾਂਦੇ ਹਨ।’

ਗੁਰਬਾਣੀ ਦੁਨਿਆਵੀ ‘ਪਾਪ’ ਨੂੰ ਇਉਂ ਵੀ ਬਿਆਨ ਕਰ ਰਹੀ ਹੈ ‘‘ਕਉਣੁ ‘ਮਾਸੁ’ ਕਉਣੁ ‘ਸਾਗੁ’ ਕਹਾਵੈ; ਕਿਸੁ ਮਹਿ ਪਾਪ ਸਮਾਣੇ ? ॥’’ (ਮ: ੧/੧੨੮੯) ਭਾਵ ਸਾਗ ਤੋੜਨ ਅਤੇ ਮਾਸ ਕੱਟਣ ਵਿੱਚੋਂ ਕਿਸ ਵਿੱਚ ‘ਪਾਪ’ ਹਨ? ਕਿਉਂਕਿ ਰੱਬੀ ‘ਜੋਤਿ’ ਦੋਵਾਂ ਵਿੱਚ ਹੈ।)

‘‘ਅਸੰਖ ਕੂੜਿਆਰ; ਕੂੜੇ ਫਿਰਾਹਿ ॥’’-ਇਸ ਪੰਕਤੀ ਵਿੱਚ ‘ਕੂੜਿਆਰ’ ਸ਼ਬਦ ਬਹੁ ਵਚਨ ਨਾਂਵ ਹੈ, ਜਿਸ ਦਾ ਅਰਥ ਹੈ ‘ਝੂਠ ਦਾ ਸਾਥ ਦੇਣ ਵਾਲੇ’ (ਮਨਮੁਖ), ਜੋ ਗੁਰਬਾਣੀ ਵਿੱਚ 23 ਵਾਰ ਦਰਜ ਹੈ; ਜਿਵੇਂ:

‘‘ਸਚਿਆਰ ਸਿਖ, ਬਹਿ ਸਤਿਗੁਰ ਪਾਸਿ ਘਾਲਨਿ; ‘ਕੂੜਿਆਰ’ ਨ ਲਭਨੀ ਕਿਤੈ ਥਾਇ, ਭਾਲੇ ॥’’ (ਮ: ੪/੩੦੫)

‘‘ਕੂੜਿਆਰ’’, ਕੂੜਿਆਰੀ ਜਾਇ ਰਲੇ; ਸਚਿਆਰ ਸਿਖ, ਬੈਠੇ ਸਤਿਗੁਰ ਪਾਸਿ ॥’’ (ਮ: ੪/੩੧੪)

‘‘ਮਨਮੁਖ, ਵਿਣੁ ਨਾਵੈ ‘ਕੂੜਿਆਰ’; ਫਿਰਹਿ ਬੇਤਾਲਿਆ (ਮੰਜ਼ਲ, ਲਕਸ਼ ਰਹਿਤ)॥’’ (ਮ: ੧/੧੨੮੪) ਆਦਿ।

‘ਕੂੜੇ’-ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਕੂੜੁ’ ਹੈ, ਜੋ ਗੁਰਬਾਣੀ ਵਿੱਚ 138 ਵਾਰ ਦਰਜ ਹੈ; ਜਿਵੇਂ:

‘‘ਲਬੁ ਕੁਤਾ, ‘ਕੂੜੁ’ ਚੂਹੜਾ; ਠਗਿ ਖਾਧਾ ਮੁਰਦਾਰੁ ॥’’ (ਮ: ੧/੧੫)

‘‘ਜੇ ਧਨ ਕੰਤਿ ਨ ਭਾਵਈ; ਤ, ਸਭਿ ਅਡੰਬਰ ‘ਕੂੜੁ’ ॥’’ (ਮ: ੧/੧੯)

‘‘ਕੂੜੁ ਲਿਖਹਿ ਤੈ ‘ਕੂੜੁ’ ਕਮਾਵਹਿ; ਜਲਿ ਜਾਵਹਿ, ‘ਕੂੜਿ’ ਚਿਤੁ ਲਾਵਣਿਆ ॥’’ (ਮ: ੩/੧੨੩) ਆਦਿ।

(ਨੋਟ: ਜਦ ‘ਕੂੜੁ’ (ਝੂਠ) ਸ਼ਬਦ ਤੋਂ ‘ਵਿੱਚ’ ਦੇ ਅਰਥ ਲੈਣੇ ਹੋਣ ਤਾਂ ‘ਕੂੜੁ’ ਤੋਂ ‘ਕੂੜਿ’ ਰੂਪ ਬਣ ਜਾਂਦਾ ਹੈ; ਜਿਵੇਂ ਉਪਰੋਕਤ ਅਖ਼ੀਰਲੀ ਪੰਕਤੀ ਵਿੱਚ ਦਰਜ ਹੈ ਅਤੇ ਜਦ ‘ਵਿੱਚ ਹੀ’ ਦੇ ਅਰਥ ਲੈਣੇ ਹੋਣ ਤਾਂ ‘ਕੂੜਿ’ ਤੋਂ ਵੀ ‘ਕੂੜੇ’ ਬਣ ਜਾਂਦਾ ਹੈ; ਜਿਵੇਂ ਸੰਬੰਧਤ ਪੰਕਤੀ ਤੋਂ ਇਲਾਵਾ 20 ਵਾਰ ਹੋਰ ਦਰਜ ਹੈ; ਜਿਵੇਂ:

‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ (ਵਿੱਚ ਹੀ) ਝੜਿ ਪੜੀਐ ॥’’ (ਮ: ੪/੩੦੪)

‘‘ਕਹੈ ਨਾਨਕੁ, ਜਿਨ ਸਚੁ ਤਜਿਆ, ਕੂੜੇ (ਵਿੱਚ ਹੀ) ਲਾਗੇ; ਤਿਨੀ, ਜਨਮੁ ਜੂਐ ਹਾਰਿਆ ॥’’ (ਮ: ੩/੯੧੯)

‘‘ਕੂੜੇ (ਵਿੱਚ ਹੀ) ਆਵੈ, ਕੂੜੇ (ਵਿੱਚ ਹੀ) ਜਾਵੈ ॥’’ (ਮ: ੧/੧੦੨੪)

‘‘ਸਾਕਤ, ਕੂੜੇ (ਵਿੱਚ ਹੀ) ਬੰਧਿ ਭਵਾਈਅਹਿ; ਮਰਿ ਜਨਮਹਿ, ਆਈ ਜਾਈ ਹੇ ॥’’ (ਮ: ੧/੧੦੨੬) ਆਦਿ।)

‘‘ਅਸੰਖ ਮਲੇਛ; ਮਲੁ ਭਖਿ ਖਾਹਿ ॥’’- ਇਸ ਪੰਕਤੀ ’ਚ ਦਰਜ ‘ਮਲੇਛ’ ਸ਼ਬਦ ਦਾ ਅਰਥ ਹੈ ‘ਨਾ ਗ੍ਰਹਿਣ ਕਰਨ ਵਾਲੀ ਬੋਲੀ ਜਾਂ ਵਸਤੂ ਨੂੰ ਗ੍ਰਹਿਣ ਕਰਨ ਵਾਲੇ’। ਇਹ ਸ਼ਬਦ ਗੁਰਬਾਣੀ ਵਿੱਚ 5 ਵਾਰ ਦਰਜ ਹੈ; ਜਿਵੇਂ :

‘‘ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥’’ (ਮ: ੧/੪੭੨) (ਭਾਵ ਜਿਨ੍ਹਾਂ ਨੂੰ ਮਲੇਛ ਆਖਦੇ ਹੋ ਉਨ੍ਹਾਂ ਪਾਸੋਂ ਰੋਜ਼ੀ ਲੈਂਦੇ ਹੋ ਤੇ ਫਿਰ ਆਪਣੀ ਪੁਰਾਣ ਪੂਜਾ ਵੀ ਕਰਦੇ ਹੋ।)

‘‘ਖਤ੍ਰੀਆ ! ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ (ਤੇਰੇ ਅਨੁਸਾਰ ਗੰਦੀ ਮੰਨੀ ਜਾਂਦੀ ਬੋਲੀ ਸਿਖ ਗਿਆ)॥’’ (ਮ: ੧/੬੬੩) ਆਦਿ।

‘ਮਲੁ’- ਇਹ ਸ਼ਬਦ ‘ਇਸਤ੍ਰੀ ਲਿੰਗ’ ਹੋਣ ਦੇ ਬਾਵਜੂਦ ਵੀ ਅੰਤ ਔਂਕੜ ਹਮੇਸ਼ਾਂ ਰਹਿੰਦੀ ਹੈ ਅਤੇ ਇਸ ਦਾ ਅਰਥ ਹੈ ‘ਮੈਲ’, ਜੋ ਗੁਰਬਾਣੀ ਵਿੱਚ 117 ਵਾਰ ਦਰਜ ਹੈ; ਜਿਵੇਂ:

‘‘ਪਰ ਨਿੰਦਾ, ਪਰ ‘ਮਲੁ’ ਮੁਖ ਸੁਧੀ (ਸਾਰੀ ਹੀ, ਨਿਰੀ); ਅਗਨਿ ਕ੍ਰੋਧੁ ਚੰਡਾਲੁ ॥’’ (ਮ: ੧/੧੫)

‘‘ਮਨਮੁਖ ਮੈਲੇ, ‘ਮਲੁ’ ਭਰੇ; ਹਉਮੈ ਤ੍ਰਿਸਨਾ ਵਿਕਾਰੁ ॥’’ (ਮ: ੩/੨੯)

‘‘ਬਹੁ ਬਿਧਿ, ਕਰਮ ਕਮਾਵਦੇ; (ਸਗੋਂ) ਦੂਣੀ ‘ਮਲੁ’ ਲਾਗੀ ਆਇ ॥’’ (ਮ: ੩/੩੯)

‘ਭਖਿ ਖਾਹਿ’- ਇਨ੍ਹਾਂ ਜੁੜਤ ਸ਼ਬਦਾਂ ਵਿੱਚ ‘ਭਖਿ’ ਕਿਰਿਆ ਵਿਸ਼ੇਸ਼ਣ ਸ਼ਬਦ ਨਹੀਂ ਹੈ ਕਿਉਂਕਿ ‘ਭਖ ਕੇ ਖਾਹਿ’ ਅਰਥ, ਵਾਕ ਨੂੰ ਸਪਸ਼ਟ ਨਹੀਂ ਕਰਦੇ, ਇਸ ਲਈ ਇਹ ਦੋਵੇਂ ਹੀ ‘ਕਿਰਿਆ ਵਾਚੀ’ ਸ਼ਬਦ ਹਨ, ਜਿਨ੍ਹਾਂ ਦਾ ਅਰਥ ਹੈ ‘ਖਾਣਾ’, ਜੋ ਗੁਰਬਾਣੀ ਵਿੱਚ ਕੇਵਲ ਇੱਥੇ ਹੀ ਦਰਜ ਹੈ।

‘ਭਖੁ’ ਸ਼ਬਦ ਨਾਂਵ ਹੈ, ਜਿਸ ਦਾ ਅਰਥ ਹੈ ‘ਖਾਣ ਯੋਗ ਭੋਜਨ’, ਜੋ 3 ਵਾਰ ਦਰਜ ਹੈ; ਜਿਵੇਂ:

‘‘ਲੋਭੀ ਜੰਤੁ ਨ ਜਾਣਈ; ‘ਭਖੁ ਅਭਖੁ’ ਸਭ ਖਾਇ ॥’’ (ਮ: ੫/੫੦)

‘‘ਓਨਾ ਦਾ ‘ਭਖੁ’ ਸੁ ਓਥੈ ਨਾਹੀ; ਜਾਇ ਕੂੜੁ ਲਹਨਿ ਭੇਡਾਰੇ ॥’’ (ਮ: ੪/੩੧੨)

‘‘ਅਭਖੁ ਭਖਹਿ, ‘ਭਖੁ’ ਤਜਿ ਛੋਡਹਿ; ਅੰਧੁ ਗੁਰੂ ਜਿਨ ਕੇਰਾ ॥’’ (ਮ: ੧/੧੨੯੦)

ਅਸੰਖ ਕੂੜਿਆਰ; ਕੂੜੇ ਫਿਰਾਹਿ ॥ ਅਸੰਖ ਮਲੇਛ; ਮਲੁ ਭਖਿ ਖਾਹਿ ॥

ਅਰਥ : ਬੇਸ਼ੁਮਾਰ ਝੂਠੇ (ਛਲ ਕਪਟੀ ਮਨੁੱਖ, ਠੱਗੀਆਂ ਮਾਰਨ ਦੇ ਇਰਾਦੇ ਨਾਲ਼) ਝੂਠ ਹੀ ਝੂਠ ਬੋਲਦੇ ਫਿਰਦੇ ਹਨ (ਸੱਚ ਬੋਲਣ ਵਾਲ਼ਿਆਂ ਪ੍ਰਤਿ ਇਹ) ਗੰਦੇ ਜੀਵਨ ਵਾਲ਼ੇ ਅਸੰਖ ਲੋਕ, ਕੁਬੋਲ ਬੋਲਦੇ ਹਨ ਭਾਵ ਗੰਦ ਖਾਂਦੇ ਹਨ।

‘‘ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥’’- ਇਸ ਪੰਕਤੀ ਵਿੱਚ ਦਰਜ ‘ਨਿੰਦਕ’ ਸ਼ਬਦ ਦੇ ਅਰਥਾਂ ਬਾਰੇ ਵੀ ਸਿੱਖ ਕੌਮ ’ਚ ਭਾਰੀ ਦੁਬਿਧਾ ਹੈ ਕਿਉਂਕਿ ਕਈ ਡੇਰੇਦਾਰਾਂ ਨੇ ‘‘ਸੰਤ ਕੀ ਨਿੰਦਾ ਨਾਨਕਾ ! ਬਹੁਰਿ ਬਹੁਰਿ ਅਵਤਾਰ ॥’’ (ਗਉੜੀ ਸੁਖਮਨੀ, ਮ: ੫/੨੭੯) ਭਾਵ ‘ਸੰਤ’ ਦੀ ਨਿੰਦਾ ਕਰਨ ਨਾਲ ਬਾਰ-ਬਾਰ ਜੂਨਾਂ ਵਿੱਚ ਆਉਣਾ ਪਵੇਗਾ ਆਦਿ ਸੋਚ ਅਧੀਨ, ਸਿੱਖ ਸੰਗਤ ਨੂੰਨਿਰਜਿੰਦ ਜਿਹਾ ਬਣਾ ਦਿੱਤਾ ਹੈ ਕਿਉਂਕਿ ਜ਼ਿਆਦਾਤਰ ‘ਸੰਤ’ (ਵਿਸ਼ੇਸ਼ਣ) ਸ਼ਬਦ ਵੀ ਇਨ੍ਹਾਂ ਨੇ ਆਪਣੇ ਡੇਰੇਦਾਰਾਂ ਦੇ ਮੁਖੀਆਂ ਲਈ ਇਸਤੇਮਾਲ ਕੀਤਾ ਹੋਇਆ ਹੈ, ਇਸ ਲਈ ‘ਨਿੰਦਕ’ ਸ਼ਬਦ ਦੀ ਵੀਚਾਰ ਜ਼ਰੂਰੀ ਹੈ।

‘ਨਿੰਦਕ’ ਸ਼ਬਦ ਗੁਰਬਾਣੀ ਵਿੱਚ 71 ਵਾਰ, ‘ਨਿਦਕਿ’ 3 ਵਾਰ, ‘ਨਿਦਕੁ’ 31 ਵਾਰ, ‘ਨਿਦਕਾ’ 7 ਵਾਰ ਤੇ ‘ਨਿਦਕਾਂ’ 1 ਵਾਰ (ਕੁਲ 113 ਵਾਰੀ) ਦਰਜ ਹੈ, ਜਿਸ ਦਾ ਅਰਥ ਇੱਕੋ ਹੀ ਹੈ ‘ਸਚਾਈ ਦਾ ਵਿਰੋਧ ਕਰਨਾ’ ਜਾਂ ‘ਕਿਸੇ ਦੇ ਗੁਣਾਂ ਦੇ ਪ੍ਰਭਾਵ ਨੂੰ ਸਮਾਜ ਵਿੱਚ ਪੈਣ ਤੋਂ ਰੋਕਣਾ।’ ਗੁਰੂ ਰਾਮਦਾਸ ਜੀ ‘ਨਿੰਦਕ’ ਦੀ ਸੋਚ ਬਾਰੇ ਵਿਆਖਿਆ ਕਰ ਰਹੇ ਹਨ ਕਿ ‘ਨਿੰਦਕ’ ਵਿਅਕਤੀ ਲੁਕਾਈ ਪਾਸੋਂ ਆਪਣੀ ਝੂਠੀ ਵਡਿਆਈ ਕਰਵਾਉਣਾ ਚਾਹੁੰਦਾ ਹੈ ਪਰ ਜਨਤਾ ਸਤਿਕਾਰ ਗੁਣਾਂ ਵਾਲੇ ਮਹਾਂ ਪੁਰਖਾਂ ਦਾ ਕਰਦੀ ਹੈ, ਜਿਸ ਕਾਰਨ ‘ਨਿੰਦਕ’ ਨੂੰ ਸਤਿ (ਸਚਾਈ ’ਤੇ ਪਹਿਰਾ ਦੇਣ ਵਾਲੇ) ਪੁਰਖਾਂ ਦੀ ਨਿੰਦਾ ਕਰਨੀ ਪੈਂਦੀ ਹੈ, ਜਿਸ ਦੇ ਬਦਲੇ ’ਚ ਮਿਹਰ ਕਰਨ ਵਾਲਾ ਪ੍ਰਭੂ ‘ਸਤ ਪੁਰਖਾਂ’ ਦੀ ਮਦਦ ਕਰਦਾ ਹੋਇਆ ‘ਨਿੰਦਕਾਂ’ ਨੂੰ ਸਜਾ ਦੇਂਦਾ ਹੈ ਭਾਵ ਉਨ੍ਹਾਂ ਦਾ ਅਸਲੀ ਪਾਜ (ਪਾਖੰਡ ਦਾ ਪਰਦਾ) ਖੋਲ ਦੇਂਦਾ ਹੈ; ਜਿਵੇਂ: ‘‘ਸਤ ਪੁਰਖ ਕੀ ਤਪਾ ਨਿੰਦਾ ਕਰੈ; ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁ ਦੋਖੈ (ਕਾਰਨ), ਤਪਾ ਦਯਿ (ਨੇ) ਮਾਰਿਆ ॥’’ (ਮ: ੪/੩੧੫)

ਗੁਰੂ ਨਾਨਕ ਸਾਹਿਬ ਜੀ ਦੇ ਗੁਰਬਾਣੀ ਵਿੱਚ 977 ਸ਼ਬਦ ਦਰਜ ਹੋਣ ਦੇ ਬਾਵਜੂਦ ਵੀ ਕੇਵਲ 5 ਸ਼ਬਦਾਂ ’ਚ ‘ਨਿੰਦਕ’ ਸੋਚ ਦੀ ਵਿਆਖਿਆ ਕੀਤੀ ਗਈ ਹੈ, ਜਿਸ ਦਾ ਸੰਬੰਧ ਵੀ ਕੇਵਲ ਸਮਾਜਿਕ ਬੁਰਾਈ ਨਾਲ ਹੀ ਹੈ, ਨਾ ਕਿ ਕਿਸੇ ਖ਼ਾਸ ‘ਨਿੰਦਕ ਵਿਅਕਤੀ’ਵਿਸ਼ੇਸ਼ ਨਾਲ; ਜਿਵੇਂ:

(1). ‘‘ਐ ਜੀ (ਹੇ ਮਨ) ! ਖੋਟੇ ਠਉਰ ਨਾਹੀ ਘਰਿ ਬਾਹਰਿ; ‘ਨਿੰਦਕ’ ਗਤਿ ਨਹੀ ਕਾਈ ॥ …ਨਿੰਦਕ ਨਰ ਕਾਲੇ, ਮੁਖ ਨਿੰਦਾ;ਜਿਨ੍ਹ ਗੁਰ ਕੀ ਦਾਤਿ ਨ ਭਾਈ (ਪਸੰਦ) ॥’’ (ਮ: ੧/੫੦੫) (ਭਾਵ ਹੇ ਮਾਨ ! ਖੋਟੇ ਨਿੰਦਕ ਨੂੰ ਘਰ ਵਿੱਚ ਜਾਂ ਬਾਹਰ (ਸਮਾਜ ਵਿੱਚ) ਸਾਂਤੀ ਨਹੀਂ ਕਿਉਂਕਿ ਦਿਲ ਕਾਲੇ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਦੀ ਦਾਤ (ਸਿੱਖਿਆ, ਸਚਾਈ) ਪਸੰਦ ਨਹੀਂ ਹੁੰਦੀ।)

(2). ਇਸ 16 ਪਦਿਆਂ ਵਾਲੇ (ਵੱਡੇ) ਸ਼ਬਦ ਵਿੱਚ ਦਰਜ ਤਮਾਮ ਸਮਾਜਿਕ ਬੁਰਿਆਈਆਂ ਵਿੱਚੋਂ ਹੀ ਕੇਵਲ ਇੱਕ ਬੁਰਾਈ ਨਿੰਦਾ ਲਈ ਗਈ ਹੈ; ਜਿਵੇਂ: ‘‘ਛੋਡਹੁ ਪ੍ਰਾਣੀ ! ਕੂੜ ਕਬਾੜਾ ॥…..॥੬॥ ਛੋਡਿਹੁ ਨਿੰਦਾ ਤਾਤਿ ਪਰਾਈ ॥ ਪੜਿ ਪੜਿ ਦਝਹਿ; ਸਾਤਿ ਨ ਆਈ ॥….॥੭॥ ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥…..॥੮॥ … ਗੁਰ ਬਿਨੁ, ਉਰਝਿ ਮਰਹਿਬੇਕਾਰਾ ॥ ਜਮੁ ਸਿਰਿ ਮਾਰੇ ਕਰੇ ਖੁਆਰਾ ॥ ਬਾਧੇ, ਮੁਕਤਿ ਨਾਹੀ ਨਰ ‘ਨਿੰਦਕ’; ਡੂਬਹਿ ਨਿੰਦ ਪਰਾਈ ਹੇ ॥੧੧॥ ਬੋਲਹੁ ਸਾਚੁ,ਪਛਾਣਹੁ ਅੰਦਰਿ ॥ ਦੂਰਿ ਨਾਹੀ, ਦੇਖਹੁ ਕਰਿ ਨੰਦਰਿ ॥ …..॥੧੬॥’’ (ਮ: ੧/੧੦੨੬)

(3). ‘‘ਮਤ ਬਿਸਰਸਿ, ਰੇ ਮਨ ! ਰਾਮ ਬੋਲਿ ॥ ਅਪਰੰਪਰੁ ਅਗਮ ਅਗੋਚਰੁ ਗੁਰਮੁਖਿ; ਹਰਿ ਆਪਿ ਤੁਲਾਏ, ਅਤੁਲੁ ਤੋਲਿ ॥੧॥ ਰਹਾਉ ॥ ….. ਨਰ ਨਿੰਦਕ ਲੋਭੀ; ਮਨਿ (ਤੋਂ) ਕਠੋਰ ॥(ਕਿਉਂਕਿ) ਗੁਰ ਸੇਵ ਨ ਭਾਈ (ਪਸੰਦ), ਸਿ ਚੋਰ ਚੋਰ ॥੨॥’’ (ਮ: ੧/੧੧੭੦)

(4). ‘‘ਸਰਮੁ ਧਰਮੁ ਦੁਇ ਨਾਨਕਾ ! ਜੇ ਧਨੁ ਪਲੈ ਪਾਇ ॥ ….. ਅੰਧੀ ਕੰਮੀ, ਅੰਧੁ ਮਨੁ; ਮਨਿ ਅੰਧੈ (ਕਾਰਨ) ਤਨੁ ਅੰਧੁ ॥….. ਲਖ ਮਣ ਸੁਇਨਾ, ਲਖ ਮਣ ਰੁਪਾ; ਲਖ ਸਾਹਾ ਸਿਰਿ, ਸਾਹ ॥…..ਚੋਰ ਜਾਰ ਜੂਆਰ; ਪੀੜੇ ਘਾਣੀਐ ॥ ਨਿੰਦਕ (ਤੇ) ਲਾਇਤਬਾਰ (ਚੋਰਾਂ ਨੂੰ ਮਾਨੋ) ਮਿਲੇ ਹੜ੍ਹਵਾਣੀਐ (ਹਥਕੜੀ ਲੱਗੀ ਹੀ ਮਿਲੀ ਹੈ, ਜੋ ਲਹਿੰਦੀ ਨਹੀਂ)॥ ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ ॥੨੧॥’’ (ਮ: ੧/੧੨੮੮)

(5). ‘‘ਮਸਟਿ (ਚੁਪ) ਕਰਉ; ਮੂਰਖੁ ਜਗਿ (ਵਿੱਚ) ਕਹੀਆ ॥ ਅਧਿਕ ਬਕਉ; ਤੇਰੀ ਲਿਵ ਰਹੀਆ…. ॥੧॥ ਐਸੇ ਝੂਠਿ ਮੁਠੇ ਸੰਸਾਰਾ ॥ ਨਿੰਦਕੁ ਨਿੰਦੈ; (ਪਰ) ਮੁਝੈ ਪਿਆਰਾ ॥੧॥ ਰਹਾਉ ॥’’ (ਮ: ੧/੧੩੩੧)

(ਨੋਟ: ਉਕਤ ਪੰਜੇ ਸ਼ਬਦਾਂ ਰਾਹੀਂ ਬੋਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੁਆਰਾ ਦਿੱਤੀ ਜਾ ਰਹੀ ਸਿੱਖਿਆ ਦਾ ਸਮਾਜ ਵਲੋਂ ਬਹੁਤਾ ਵਿਰੋਧ ਨਹੀਂ ਹੋ ਰਿਹਾ ਸੀ।)

ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਬਾਣੀ ਵਿੱਚ 869 ਸ਼ਬਦ ਹੋਣ ਦੇ ਬਾਵਜੂਦ ਵੀ ਕੇਵਲ 5 ਸ਼ਬਦਾਂ ਵਿੱਚ ਹੀ ‘ਨਿੰਦਕ ਸੋਚ’ ਦੀ ਵਿਆਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪਹਿਲੇ 2 ਸ਼ਬਦਾਂ ’ਚ ‘ਨਿੰਦਾ’ ਸਮਾਜਿਕ ਬੁਰਾਈ ਹੈ ਜਦਕਿ ਅਗਲੇ 3 ਸ਼ਬਦਾਂ ਵਿੱਚ ਸਪਸ਼ਟ ਵੀ ਕੀਤਾ ਗਿਆ ਹੈ ਕਿ ‘‘ਮਹਾ ਪੁਰਖਾ ਕਾ ਬੋਲਣਾ; ਹੋਵੈ ਕਿਤੈ ਪਰਥਾਇ (ਕਿਸੇ ਸੰਬੰਧ ਵਿੱਚ)॥’’ ; ਜਿਵੇਂ:)

(1). ਗੁਰਮੁਖਿ, ਨਾਮਿ ਮਿਲੈ ਵਡਿਆਈ ॥ ਮਨਮੁਖਿ ਨਿੰਦਕਿ, ਪਤਿ ਗਵਾਈ ॥….॥੩॥… ਪੜਿ ਪੰਡਿਤੁ; ਅਵਰਾ ਸਮਝਾਏ ॥ ਘਰ ਜਲਤੇ ਕੀ; ਖਬਰਿ ਨ ਪਾਏ ॥ ….॥੫॥ ਇਕਿ ਭਸਮ ਲਗਾਇ, ਫਿਰਹਿ ਭੇਖਧਾਰੀ ॥ ਬਿਨੁ ਸਬਦੈ; ਹਉਮੈ ਕਿਨਿ ਮਾਰੀ ?॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਭਰਮਿ ਭੇਖਿ ਭਰਮਾਈ ਹੇ ॥੬॥… ਜੋ ਤਿਸੁ (ਪ੍ਰਭੂ ਨੂੰ) ਭਾਵੈ, ਸੋਈ ਕਰਸੀ (ਕਰਦਾ ਹੈ)॥ ਆਪਹੁ ਹੋਆ ਨਾ ਕਿਛੁ ਹੋਸੀ ॥ ਨਾਨਕ ! ਨਾਮੁ ਮਿਲੈ ਵਡਿਆਈ; ਦਰਿ ਸਾਚੈ ਪਤਿ ਪਾਈ ਹੇ ॥੧੬॥’’ (ਮ: ੩/੧੦੪੭)

(2). ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ (ਤਾਂ) ਡੁਬੇ ‘ਪਰ ਨਿੰਦਕਾ’ (ਪਰਾਈ ਨਿੰਦਾ ਵਿੱਚ, ਸਗੋਂ); ਸਗਲੇ ਕੁਲ (ਵੀ) ਡੋਬੇਨਿ ॥’’ (ਮ: ੩/੯੫੧)

(3). ‘‘ਦੁਨੀਆ ਕੇਰੀ (ਦੀ) ਦੋਸਤੀ (ਕਾਰਨ), ਮਨਮੁਖ ਦਝਿ (ਸੜ ਕੇ) ਮਰੰਨਿ ॥ … ॥੨॥(ਕਿਉਂਕਿ) …. ਦੁਸਟਾ ਨਾਲਿ ਦੋਸਤੀ; ਨਾਲਿ ਸੰਤਾ ਵੈਰੁ ਕਰੰਨਿ ॥ ਆਪਿ ਡੁਬੇ ਕੁਟੰਬ ਸਿਉ; ਸਗਲੇ ਕੁਲ ਡੋਬੰਨਿ ॥੫॥ ਨਿੰਦਾ ਭਲੀ ਕਿਸੈ ਕੀ ਨਾਹੀ, (ਪਰ ਫਿਰ ਵੀ) ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ, ਨਰਕੇ ਘੋਰਿ ਪਵੰਨਿ ॥੬॥ ….. ਮਹਾ ਪੁਰਖਾ ਕਾ ਬੋਲਣਾ; ਹੋਵੈ ਕਿਤੈ ਪਰਥਾਇ … ॥੮॥…. ਮਨਮੁਖ ਮਨੁ ਨ ਭਿਜਈ; ਅਤਿ ਮੈਲੇ ਚਿਤਿ ਕਠੋਰ ॥ ਸਪੈ, ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥੧੬॥…..ਸਜਣ ਮਿਲੇ ਨ ਵਿਛੁੜਹਿ; ਜਿ ਅਨਦਿਨੁ ਮਿਲੇ ਰਹੰਨਿ ॥ ਇਸੁ ਜਗ ਮਹਿ ਵਿਰਲੇ ਜਾਣੀਅਹਿ; ਨਾਨਕ !ਸਚੁ ਲਹੰਨਿ ॥੩੪॥’’ (ਮ: ੩/੭੫੬)

(4). ‘‘ਸੰਤਾ ਨਾਲਿ ਵੈਰੁ ਕਮਾਵਦੇ; ਦੁਸਟਾ ਨਾਲਿ ਮੋਹੁ ਪਿਆਰੁ ॥ …. ਤ੍ਰਿਸਨਾ ਕਦੇ ਨ ਬੁਝਈ; ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ; ਤਿਤੁ ਸਚੈ ਦਰਬਾਰਿ ॥’’ (ਮ: ੩/੬੪੯)

(5). ‘‘ਚੁਗਲ ਨਿੰਦਕ ਭੁਖੇ ਰੁਲਿ ਮੁਏ; ਏਨਾ ਹਥੁ ਨ ਕਿਥਾਊ ਪਾਇ ॥ ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ ॥’’ (ਮ: ੩/੧੪੧੮)

(ਨੋਟ: ਅਖੀਰਲੇ 3 ਸ਼ਬਦ ਬਿਆਨ ਕਰਦੇ ਹਨ ਕਿ ‘ਗੁਰੂ ਅਮਰਦਾਸ ਜੀ’ ਸਮੇਂ ਗੁਰੂ ਨਿੰਦਿਆ ਵਧੇਰੇ ਹੋਣੀ ਆਰੰਭ ਹੋ ਗਈ ਸੀ ਤੇ ਗੁਰੂ ਜੀ ਨੇ ਨਿੰਦਕ ਦੀ ਸੋਚ ਨੂੰ ‘‘ਮਨਮੁਖ ਮਨੁ ਨ ਭਿਜਈ; ਅਤਿ ਮੈਲੇ ਚਿਤਿ ਕਠੋਰ ॥ ਸਪੈ, ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥’’ ਨਾਲ ਤੁਲਨਾ ਕੀਤੀ ਹੈ।)

ਗੁਰੂ ਅਮਰਦਾਸ ਜੀ ਤੋਂ ਉਪਰੰਤ ‘ਗੁਰੂ ਰਾਮਦਾਸ ਜੀ’ ਅਤੇ ‘ਗੁਰੂ ਅਰਜੁਨ ਸਾਹਿਬ ਜੀ’ ਦੇ ਸਮੇਂ ਗੁਰੂ ਵੰਸ਼ ਤੋਂ ਲੈ ਕੇ ਰਾਜ ਦਰਬਾਰਾਂ ਅਤੇ ਧਰਮ ਦੇ ਠੇਕੇਦਾਰਾਂ ਨੇ ਗੁਰੂ ਸਾਹਿਬਾਨਾਂ ਵਿਰੁਧ ਤਮਾਮ ਸ਼ਕਤੀ ਰਾਹੀਂ ‘ਨਿੰਦਾ’ ਕੀਤੀ, ਜਿਸ ਦਾ ਨਤੀਜਾ ਹੀ ਸੀ‘ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ।’

ਗੁਰਬਾਣੀ ਵਿੱਚ ‘ਨਿੰਦਕ ਸੋਚ’ ਪ੍ਰਤੀ 100 ਤੋਂ ਵਧੀਕ ਸ਼ਬਦ ਇਸ ਕਾਲ ਦੌਰਾਨ ਹੀ ਉਚਾਰਨ ਕੀਤੇ ਗਏ ਹਨ; ਜਿਵੇਂ:

‘‘ਸੰਤ ਕਾ ਨਿੰਦਕੁ; ਮਹਾ ਹਤਿਆਰਾ ॥’’ (ਮ: ੫/੨੮੦)

‘‘ਸੰਤ ਕਾ ਨਿੰਦਕੁ; ਰਾਜ ਤੇ ਹੀਨੁ ॥’’ (ਮ: ੫/੨੮੦)

‘‘ਸੰਤ ਕਾ ਨਿੰਦਕੁ; ਦੁਖੀਆ ਅਰੁ ਦੀਨੁ ॥’’ (ਮ: ੫/੨੮੦)

‘‘ਅਰੜਾਵੈ, ਬਿਲਲਾਵੈ ਨਿੰਦਕੁ ॥’’ (ਮ: ੫/੩੭੩)

‘‘ਪਾਰਬ੍ਰਹਮੁ ਪਰਮੇਸਰੁ ਬਿਸਰਿਆ; ਅਪਣਾ ਕੀਤਾ ਪਾਵੈ ਨਿੰਦਕੁ ॥’’ (ਮ: ੫/੩੭੩)

‘‘ਅਣਹੋਦਾ ਅਜਗਰੁ ਭਾਰੁ ਉਠਾਏ; ਨਿੰਦਕੁ, ਅਗਨੀ ਮਾਹਿ ਜਲਾਵੈ ॥’’ (ਮ: ੫/੩੭੩)

‘‘ਨਿੰਦਕੁ, ਨਿੰਦਾ ਕਰਿ ਮਲੁ ਧੋਵੈ; ਓਹੁ ਮਲਭਖੁ ਮਾਇਆਧਾਰੀ ॥’’ (ਮ: ੪/੫੦੭)

‘‘ਨਿੰਦਕੁ ਪ੍ਰਭੂ ਭੁਲਾਇਆ, ਕਾਲੁ ਨੇਰੈ ਆਇਆ; ਹਰਿ ਜਨ ਸਿਉ ਬਾਦੁ ਉਠਰੀਐ ॥’’ (ਮ: ੫/੮੨੩)

‘‘ਨਿੰਦਕੁ ਮੁਆ; ਨਿੰਦਕ ਕੈ ਨਾਲਿ (ਨਿੰਦਿਆ ਸਮੇਤ)॥’’ (ਮ: ੫/੧੧੫੧)

‘‘ਨਿੰਦਕੁ ਸਾਕਤੁ, ਖਵਿ (ਸਹਾਰ) ਨ ਸਕੈ ਤਿਲੁ; ਅਪਣੈ ਘਰਿ ਲੂਕੀ (ਅੱਗ ਵਾਲੀ ਚੁਆਤੀ) ਲਾਈ ॥’’ (ਮ: ੪/੧੧੯੧)

‘‘ਨਿੰਦਕਾਂ ਪਾਸਹੁ, ਹਰਿ ਲੇਖਾ ਮੰਗਸੀ; ਬਹੁ ਦੇਇ ਸਜਾਈ ॥’’ (ਮ: ੪/੩੧੬)

‘‘ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ! ਝਖ ਮਾਰਨੁ ਸਭਿ ਨਿੰਦਕ ਘੰਡਾ (ਕੁਪੱਤੇ) ਰਾਮ ॥’’ (ਮ: ੪/੫੪੧)

‘‘ਕੋਈ ਨਿੰਦਕੁ, ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ ॥’’ (ਮ: ੪/੩੦੫)

‘‘ਜਉ ਦੇਖੈ ਛਿਦ੍ਰੁ (ਕਮਜ਼ੋਰੀਆਂ), ਤਉ ਨਿੰਦਕੁ ਉਮਾਹੈ (ਖੁਸ਼ ਹੁੰਦੈ); ਭਲੋ ਦੇਖਿ ਦੁਖ ਭਰੀਐ ॥’’ (ਮ: ੫/੮੨੩)

‘‘ਜਿਉ ਜਿਉ ਨਿੰਦਕ, ਨਿੰਦ ਕਰਹਿ; ਤਿਉ ਤਿਉ ਨਿਤ ਨਿਤ ਚੜੈ ਸਵਾਈ ॥’’ (ਮ: ੪/੩੦੭)

‘‘ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ; ਓਨ੍ਹਾ ਪਰਾਇਆ ਭਲਾ ਨ ਸੁਖਾਈ ॥’’ (ਮ: ੪/੮੫੦)

‘‘ਜਿਉ ਜਿਉ ਰਾਮ ਕਹਹਿ, ਜਨ ਊਚੇ; (ਪਰ) ਨਰ ਨਿੰਦਕ ਡੰਸੁ (ਸੱਪ ਡੰਗ) ਲਗਾਇ ॥’’ (ਮ: ੪/੮੮੧)

‘‘ਧ੍ਰਿਗੁ ਧ੍ਰਿਗੁ ਨਰ ਨਿੰਦਕ, ਜਿਨ ਜਨ ਨਹੀ ਭਾਏ (ਪਸੰਦ, ਜੋ); ਹਰਿ ਕੇ ਸਖਾ ਸਖਾਇ ॥’’ (ਮ: ੪/੮੮੧)

‘‘ਜੇਹਾ ਨਿੰਦਕ, ਅਪਣੈ ਜੀਇ (ਦਿਲ ਵਿੱਚ) ਕਮਾਵਦੇ; ਤੇਹੋ ਫਲੁ ਪਾਈ ॥’’ (ਮ: ੪/੩੧੬)

‘‘ਨਿੰਦਕ ਝੂਠੁ ਬੋਲਿ; ਪਛੁਤਾਨੇ ॥’’ (ਮ: ੫/੧੧੫੨)

‘‘ਜੀਅ (ਜਦ ਲੋਕ) ਕਰਨਿ ਜੈਕਾਰੁ; ਨਿੰਦਕ ਮੁਏ ਪਚਿ ॥’’ (ਮ: ੫/੧੩੬੩)

‘‘ਜਨ ਕਾ ਆਪਿ ਸਹਾਈ ਹੋਆ; ਨਿੰਦਕ ਭਾਗੇ ਹਾਰਿ ॥’’ (ਮ: ੫/੬੭੪)

‘‘ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ਦੁਨੀਆ ਕੈ ਦਰਬਾਰਿ ॥’’ (ਮ: ੫/੬੭੪)

‘‘ਤਿਨ ਕੀ ਸੇਵਾ ਤੇ ਹਰਿ ਪਾਈਐ; ਸਿਰਿ ਨਿੰਦਕ ਕੈ ਪਵੈ ਛਾਰਾ (ਸੁਆਹ) ॥’’ (ਮ: ੪/੭੩੩)

‘‘ਨਿੰਦਕ ਮਾਰਿ ਚਰਨ ਤਲ ਦੀਨੇ; ਅਪੁਨੋ ਜਸੁ ਵਰਤਾਇਓ ॥’’ (ਮ: ੫/੧੨੭੦) ਆਦਿ।

(ਨੋਟ: ਉਪਰੋਕਤ ਤਮਾਮ ਸ਼ਬਦ, ਜੋ ‘ਨਿੰਦਕ ਸੋਚ’ ਪ੍ਰਤੀ ਉਚਾਰਨ ਕੀਤੇ ਗਏ ਹਨ, ਦਾ ਨਤੀਜਾ ‘ਗੁਰੂ ਰਾਮਦਾਸ ਜੀ’ ਇਉਂ ਬਿਆਨ ਕਰ ਰਹੇ ਹਨ ‘‘ਅਵਖਧ ਸਭੇ ਕੀਤਿਅਨੁ; ਨਿੰਦਕ ਕਾ ਦਾਰੂ ਨਾਹਿ ॥’’ (ਮ: ੪/੩੧੫) ਅਤੇ ‘ਗੁਰੂ ਅਰਜੁਨ ਸਾਹਿਬ ਜੀ’ ਇਉਂ ਬਿਆਨ ਕਰ ਰਹੇ ਹਨ ‘‘ਨਾਨਕ ! ਭੋਜਨ ਅਨਿਕ ਪ੍ਰਕਾਰੇਣ, (ਪਰ ਅੱਗੇ ਤੋਂ) ਨਿੰਦਕ ਆਵਧ (ਸ਼ਸਤ੍ਰ) ਹੋਇ (ਲੈ ਕੇ) ਉਪਤਿਸਟਤੇ (ਨੇੜੇ ਆਉਂਦੇ ਹਨ)॥’’ (ਮ: ੫/੧੩੫੬) (ਭਾਵ ਅਗਰ ਕੋਈ ਨਿੰਦਕ ਲਈ 36 ਪ੍ਰਕਾਰ ਦੇ ਭੋਜਨ ਵੀ ਲੈ ਜਾਵੇ ਤਾਂ ਵੀ ਨਿੰਦਕ ਹਥਿਆਰ ਚੁੱਕ ਕੇ ਮਾਰਨ ਲਈ ਆਉਂਦਾ ਹੈ।)

ਭਗਤ ਕਬੀਰ ਜੀ ਨੂੰ ਵੀ ‘ਨਿੰਦਕਾਂ’ (ਸਚਾਈ ਦਾ ਵਿਰੋਧ ਕਰਨ ਵਾਲਿਆਂ) ਨੇ ਬਹੁਤ ਸਤਾਇਆ ਹੈ, ਜਿਸ ਕਾਰਨ ਉਨ੍ਹਾਂ ਨੇ ਵੀ ਗੁਰਬਾਣੀ ਵਿੱਚ ਦਰਜ 532 ਸ਼ਬਦਾਂ ਵਿੱਚੋਂ ਇੱਕ ਸ਼ਬਦ ‘ਨਿੰਦਕ ਸੋਚ’ ਪ੍ਰਤੀ ਲਿਖਿਆ ਹੈ; ਜਿਵੇਂ:

‘‘ਨਿੰਦਉ ਨਿੰਦਉ; ਮੋ ਕਉ, ਲੋਗੁ ਨਿੰਦਉ ॥ ਨਿੰਦਾ ਜਨ ਕਉ; ਖਰੀ ਪਿਆਰੀ ॥ ਨਿੰਦਾ ਬਾਪੁ; ਨਿੰਦਾ ਮਹਤਾਰੀ (ਮਾਂ)॥੧॥ ਰਹਾਉ ॥ ਨਿੰਦਾ ਹੋਇ ; ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ; ਮਨਹਿ ਬਸਾਈਐ ॥ ਰਿਦੈ ਸੁਧ; ਜਉ ਨਿੰਦਾ ਹੋਇ ॥ ਹਮਰੇ ਕਪਰੇ; ਨਿੰਦਕੁ ਧੋਇ ॥੧॥ ਨਿੰਦਾ ਕਰੈ; ਸੁ ਹਮਰਾ ਮੀਤੁ ॥ ਨਿੰਦਕ ਮਾਹਿ; ਹਮਾਰਾ ਚੀਤੁ ॥ ਨਿੰਦਕੁ ਸੋ; ਜੋ ਨਿੰਦਾ (ਹੁੰਦੀ) ਹੋਰੈ (ਰੋਕੇ)॥(ਕਿਉਂਕਿ) ਹਮਰਾ ਜੀਵਨੁ; ਨਿੰਦਕੁ ਲੋਰੈ ॥੨॥ ਨਿੰਦਾ ਹਮਰੀ; ਪ੍ਰੇਮ ਪਿਆਰੁ ॥ ਨਿੰਦਾ ਹਮਰਾ; ਕਰੈ ਉਧਾਰੁ ॥ ਜਨ ਕਬੀਰ ਕਉ; ਨਿੰਦਾ ਸਾਰੁ ॥ ਨਿੰਦਕੁ ਡੂਬਾ; ਹਮ ਉਤਰੇ ਪਾਰਿ ॥੩॥’’ (ਭਗਤ ਕਬੀਰ/੩੩੯)

ਭਗਤ ਨਾਮਦੇਵ ਜੀ ਨੂੰ ਵੀ ‘ਨਿੰਦਕ ਸੋਚ’ ਨੇ ਬਾਦਸ਼ਾਹ ਕੋਲ ਬੰਦੀ ਕਰਵਾ ਦਿੱਤਾ ਸੀ ਬੇਸ਼ੱਕ ਕੁਝ ਕੁ ‘ਸਚਿਆਰਿਆਂ’ ਨੇ ਨਾਮੇ ਬਰਾਬਰ ਸੋਨਾ ਦੇਣਾ ਮੰਨ ਲਿਆ ਸੀ, ਪਰ ‘ਨਿੰਦਕਾਂ’ ਦੀ ਹੋਈ ਹਾਰ ਨੂੰ ਉਨ੍ਹਾਂ ਆਪਣੇ ਗੁਰਬਾਣੀ ਵਿੱਚ ਦਰਜ 61 ਸ਼ਬਦਾਂ ਵਿੱਚੋਂ 2ਵਿੱੱਚ ਬਿਆਨ ਕੀਤਾ ਹੈ; ਜਿਵੇਂ:

(1). ‘‘ਸੁਲਤਾਨੁ ਪੂਛੈ; ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ (ਬੰਨ ਲਿਆ)॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ (ਮਰੀ) ਗਊ; ਦੇਹੁ ਜੀਵਾਇ ॥ ਨਾਤਰੁ (ਨਹੀਂ ਤਾਂ) ਗਰਦਨਿ ਮਾਰਉ ਠਾਂਇ ॥੨॥ …. ਬਾਦਿਸਾਹ ! ਬੇਨਤੀ ਸੁਨੇਹੁ ॥ ਨਾਮੇ ਸਰ ਭਰਿ, ਸੋਨਾ ਲੇਹੁ ॥੧੦॥ (ਕੈਦ ’ਚੋਂ ਸੁੱਟਣ ਉਪਰੰਤ)….. ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ; ਨਾਮੇ ਪਹਿ ਜਾਹਿ ॥੨੫॥… ਨਾਮੇ ਕੀ ਕੀਰਤਿ (ਸ਼ੋਭਾ); ਰਹੀ ਸੰਸਾਰਿ …..॥੨੭॥(ਪਰ) ਸਗਲ ਕਲੇਸ; ਨਿੰਦਕ ਭਇਆ ਖੇਦੁ (ਹੋਇਆ ਦੁਖੀ)॥ ਨਾਮੇ ਨਾਰਾਇਨ; ਨਾਹੀ ਭੇਦੁ ॥੨੮॥’’ (ਭਗਤ ਨਾਮਦੇਵ/੧੧੬੬)

(2). ‘‘ਭਲੇ ਨਿੰਦਉ; ਭਲੇ ਨਿੰਦਉ; ਭਲੇ ਨਿੰਦਉ ਲੋਗੁ ॥ ਤਨੁ ਮਨੁ; ਰਾਮ ਪਿਆਰੇ ਜੋਗੁ ॥੧॥ ਰਹਾਉ ॥’’ (ਭਗਤ ਨਾਮਦੇਵ/੧੧੬੪)

ਭਗਤ ਰਵਿਦਾਸ ਜੀ ਨੂੰ ਵੀ ‘ਨਿੰਦਕ ਸੋਚ’ ਦਾ ਸ਼ਿਕਾਰ ਹੋਣਾ ਪਿਆ, ਇਸ ਲਈ ਉਨ੍ਹਾਂ ਗੁਰਬਾਣੀ ਵਿੱਚ ਦਰਜ ਆਪਣੇ 40ਸ਼ਬਦਾਂ ਵਿੱਚੋਂ ਇੱਕ ਵਿੱਚ ਜ਼ਿਕਰ ਕੀਤਾ ਹੈ; ਜਿਵੇਂ:

ਜੇ ਓਹੁ, ਅਠਸਠਿ ਤੀਰਥ ਨ੍ਹਾਵੈ ॥ ਜੇ ਓਹੁ, ਦੁਆਦਸ (12) ਸਿਲਾ (ਸ਼ਿਵ ਲਿੰਗ) ਪੂਜਾਵੈ ॥…. ਕਰੈ ਨਿੰਦ; ਸਭ ਬਿਰਥਾ ਜਾਵੈ ॥੧॥ ਸਾਧ ਕਾ ਨਿੰਦਕੁ; ਕੈਸੇ ਤਰੈ ॥ ਸਰਪਰ (ਬਿਨਾ ਸ਼ੱਕ) ਜਾਨਹੁ; ਨਰਕ ਹੀ ਪਰੈ ॥੧॥ ਰਹਾਉ ॥ ਜੇ ਓਹੁ, ਗ੍ਰਹਨ (ਸੂਰਜ ਗ੍ਰਹਿਣ ਸਮੇਂ ਇਸ਼ਨਾਨ) ਕਰੈ ਕੁਲਖੇਤਿ (ਕੁਰਕਸ਼ੇਤਰ ਵਿੱਚ)॥ ਅਰਪੈ ਨਾਰਿ; ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ; ਸ੍ਰਵਨੀ ਸੁਨੈ ॥….. ਜੇ ਓਹੁ, ਅਨਿਕ ਪ੍ਰਸਾਦ ਕਰਾਵੈ ॥…. ਅਪਨਾ ਬਿਗਾਰਿ; ਬਿਰਾਂਨਾ ਸਾਂਢੈ (ਹੋਰਾਂ ਦਾ ਭਲਾ ਵੀ ਕਰੇ) ॥ ਕਰੈ ਨਿੰਦ; ਬਹੁ ਜੋਨੀ ਹਾਂਢੈ (ਫਿਰਦੈ) ॥੩॥’’

(ਭਗਤ ਜੀ ਆਪਣੇ ਸ਼ਬਦ ਦੇ ਅਖ਼ੀਰ ’ਚ ‘ਨਿੰਦਕ ਸੋਚ’ ਪ੍ਰਤੀ ਨਤੀਜਾ ਇਉਂ ਦੇਂਦੇ ਹਨ ਕਿ)

‘‘ਨਿੰਦਕੁ (ਬਾਰੇ) ਸੋਧਿ ਸਾਧਿ (ਕਿ ਇਉਂ ਤਤ) ਬੀਚਾਰਿਆ ॥ ਕਹੁ ਰਵਿਦਾਸ ! (ਕਿ) ਪਾਪੀ ਨਰਕਿ (ਵਿੱਚ) ਸਿਧਾਰਿਆ (ਭੇਜਿਆ ਜਾਵੇਗਾ) ॥੪॥ (ਭਗਤ ਰਵਿਦਾਸ / ੮੭੫)

ਸੋ, ਉਪਰੋਕਤ ਤਮਾਮ ‘ਨਿੰਦਕ ਸੋਚ’ ਦੀ ਵੀਚਾਰ ਤੋਂ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ:

(1). ਨਿੰਦਕ ਸਚਾਈ ਦਾ ਵਿਰੋਧ ਕਰਦਾ ਹੈ।

(2). ਨਿੰਦਕ ਦਾ ਇਲਾਜ ਕੋਈ ਨਹੀਂ ਕਿਉਂਕਿ ਜੋ ਇਲਾਜ ਹੈ ਉਹ ਵਿਰੋਧ ਵੀ ਉਸ ਦਾ ਹੀ ਕਰ ਰਿਹਾ ਹੈ ਜਿਸ ਕਾਰਨ ਗੁਰਬਾਣੀ ਵਿੱਚ ਤਮਾਮ ਸੱਚ ’ਤੇ ਪਹਿਰਾ ਦੇਣ ਵਾਲਿਆਂ ਨੇ ਇਉਂ ਨਤੀਜਾ ਕੱਢਿਆ :

(1). ‘‘ਨਿੰਦਕ (ਤੇ) ਲਾਇਤਬਾਰ (ਚੋਰਾਂ ਨੂੰ ਮਾਨੋ) ਮਿਲੇ ਹੜ੍ਹਵਾਣੀਐ (ਹਥਕੜੀ ਲੱਗੀ ਹੋਈ ਹੈ, ਜੋ ਲਹਿੰਦੀ ਨਹੀਂ)॥ (ਗੁਰੂ ਨਾਨਕ ਸਾਹਿਬ ਜੀ),

(2). ‘‘ਸਪੈ, ਦੁਧੁ ਪੀਆਈਐ; ਅੰਦਰਿ ਵਿਸੁ ਨਿਕੋਰ ॥’’ (ਗੁਰੂ ਅਮਰਦਾਸ ਜੀ)

(3). ‘‘ਅਵਖਧ ਸਭੇ ਕੀਤਿਅਨੁ; ਨਿੰਦਕ ਕਾ ਦਾਰੂ ਨਾਹਿ ॥’’ (ਗੁਰੂ ਰਾਮਦਾਸ ਜੀ)

(4). ‘‘ਨਾਨਕ ! ਭੋਜਨ ਅਨਿਕ ਪ੍ਰਕਾਰੇਣ, (ਪਰ ਅੱਗੇ ਤੋਂ) ਨਿੰਦਕ ਆਵਧ (ਸ਼ਸਤ੍ਰ) ਹੋਇ (ਲੈ ਕੇ) ਉਪਤਿਸਟਤੇ (ਨੇੜੇ ਆਉਂਦੇ ਹਨ)॥’’ ਅਤੇ ‘‘ਨਿੰਦਕੁ ਮੁਆ; ਨਿੰਦਕ ਕੈ ਨਾਲਿ (ਨਿੰਦਿਆ ਸਮੇਤ)॥’’ (ਗੁਰੂ ਅਰਜੁਨ ਸਾਹਿਬ ਜੀ)

(5). ‘‘ਨਿੰਦਕੁ ਡੂਬਾ; ਹਮ ਉਤਰੇ ਪਾਰਿ ॥’’ (ਭਗਤ ਕਬੀਰ ਜੀ)

(6). ‘‘ਭਲੇ ਨਿੰਦਉ; ਭਲੇ ਨਿੰਦਉ; ਭਲੇ ਨਿੰਦਉ ਲੋਗੁ ॥’’ (ਭਗਤ ਨਾਮਦੇਵ ਜੀ)

(7). ‘‘ਨਿੰਦਕੁ (ਬਾਰੇ) ਸੋਧਿ ਸਾਧਿ (ਕਿ ਇਉਂ ਤਤ) ਬੀਚਾਰਿਆ ॥ ਕਹੁ ਰਵਿਦਾਸ ! (ਕਿ) ਪਾਪੀ ਨਰਕਿ (ਵਿੱਚ) ਸਿਧਾਰਿਆ (ਭੇਜਿਆ ਜਾਵੇਗਾ) ॥’’ (ਭਗਤ ਰਵਿਦਾਸ ਜੀ)

‘‘ਨਾਨਕੁ ਨੀਚੁ ਕਹੈ ਵੀਚਾਰੁ ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਨਾਨਕੁ ਨੀਚੁ’ ਗੁਰਬਾਣੀ ਵਿੱਚ 6 ਵਾਰ ਦਰਜ ਹੈ, ਜੋ ਕੇਵਲ ਪਹਿਲੇ ਪਾਤਿਸ਼ਾਹ ਜੀ ਵਲੋਂ ਹੀ ਦਰਜ ਕੀਤਾ ਹੋਇਆ ਹੈ, ਸ਼ਾਇਦ ‘ਦੂਸਰੇ, ਤੀਸਰੇ’ ਆਦਿ ਗੁਰੂ ਸਾਹਿਬਾਨਾਂ ਨੇ ‘ਗੁਰੂ ਨਾਨਕ ਸਾਹਿਬ’ ਪ੍ਰਤੀ ਸਤਿਕਾਰ ਨੂੰ ਬਣਾਏ ਰੱਖਣ ਲਈ ਹੀ ਉਨ੍ਹਾਂ ਨੇ ਆਪਣੀ ਬਾਣੀ ਵਿੱਚ ‘ਨਾਨਕੁ ਨੀਚੁ’ ਜੁੜਤ ਸ਼ਬਦ ਦਰਜ ਨਾ ਕੀਤਾ ਹੋਵੇ।

ਜਿਨ੍ਹਾਂ 6 ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ‘ਨਾਨਕੁ ਨੀਚੁ’ ਜੁੜਤ ਸ਼ਬਦ ਦਰਜ ਕੀਤਾ ਹੋਇਆ ਹੈ, ਉਨ੍ਹਾਂ ਦਾ ਵਿਸ਼ਾ ਕਰਤਾਰ ਦੇ ਵਡੱਪਣ ਦੇ ਮੁਕਾਬਲੇ ਆਪਣੀ ਸ਼ਖਸੀਅਤ ਨੂੰ ਤੁੱਛ ਬਿਆਨ ਕਰਨਾ ਹੈ ਜਾਂ ਸਮਾਜਿਕ ਜੀਵਾਂ ਦੀਆਂ ਕਮਜ਼ੋਰੀਆਂ ਨੂੰ ਬਿਆਨ ਕਰਨਾ ਹੈ; ਜਿਵੇਂ:

(1). ‘‘ਹਉ ਬਿਗੜੈ ਰੂਪਿ; ਰਹਾ ਬਿਕਰਾਲ ॥ ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ ਮੈ ਏਹਾ ਆਸ; ਏਹੋ ਆਧਾਰੁ ॥੧॥ ਰਹਾਉ ॥ ਮੁਖਿ ਨਿੰਦਾ ਆਖਾ; ਦਿਨੁ ਰਾਤਿ ॥ ਪਰ ਘਰੁ ਜੋਹੀ; ਨੀਚ ਸਨਾਤਿ ॥ ਕਾਮੁ, ਕ੍ਰੋਧੁ ਤਨਿ ਵਸਹਿ; ਚੰਡਾਲ…. ॥੨॥… ਖਰਾ ਸਿਆਣਾ ਬਹੁਤਾ ਭਾਰੁ …. ॥੩॥… ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥’’ (ਮ: ੧/੨੪)

(2). ‘‘ਐਸਾ ਜਗੁ, ਦੇਖਿਆ ਜੂਆਰੀ ॥ ਸਭਿ ਸੁਖ ਮਾਗੈ, ਨਾਮੁ ਬਿਸਾਰੀ ॥੧॥ ਰਹਾਉ ॥… ਨਾਨਕੁ ਨੀਚੁ ਕਹੈ ਲਿਵ ਲਾਇ ॥੮॥’’ (ਮ: ੧/੨੨੩)

(3). ‘‘ਐਸਾ ਸਾਚਾ ਤੂੰ; ਏਕੋ ਜਾਣੁ ॥ ਜੰਮਣੁ ਮਰਣਾ; ਹੁਕਮੁ ਪਛਾਣੁ ॥੧॥ ਰਹਾਉ ॥ ਮਾਇਆ ਮੋਹਿ ਜਗੁ ਬਾਧਾ ਜਮਕਾਲਿ …॥੨॥….ਜਗੁ ਬੰਦੀ, ਮੁਕਤੇ ਹਉ ਮਾਰੀ ॥ ਜਗਿ ਗਿਆਨੀ, ਵਿਰਲਾ ਆਚਾਰੀ ॥ ਜਗਿ ਪੰਡਿਤੁ, ਵਿਰਲਾ ਵੀਚਾਰੀ … ॥੬॥ ਜਗੁ ਦੁਖੀਆ, ਸੁਖੀਆ ਜਨੁ ਕੋਇ ॥ ਜਗੁ ਰੋਗੀ ਭੋਗੀ ਗੁਣ ਰੋਇ ॥ ਜਗੁ ਉਪਜੈ ਬਿਨਸੈ, ਪਤਿ ਖੋਇ …..॥੭॥ (ਪਰ)…. ਭਾਇ (ਪ੍ਰੇਮ ਨਾਲ) ਮਿਲੈ, ਭਾਵੈ ਭਇਕਾਰੁ (ਰੱਬੀ ਅਦਬ ’ਚ ਰਹਿਣਾ ਪਸੰਦ ਹੈ) ॥ ਨਾਨਕੁ ਨੀਚੁ ਕਹੈ ਬੀਚਾਰੁ ॥੮॥’’ (ਮ: ੧/੪੧੩)

(4). ‘‘ਆਪੇ ਮਛੁ ਕਛੁ ਕਰਣੀਕਰੁ; ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ ਆਪੇ ਦਿਨਸੁ; ਆਪੇ ਹੀ ਰੈਣੀ ॥ …. ॥੭॥ … ਸਰਬ ਜੀਆ ਜਗਿ ਜੋਤਿ ਤੁਮਾਰੀ, ਜੈਸੀ ਪ੍ਰਭਿ ਫੁਰਮਾਈ ਹੇ ॥੧੧॥ … ਖਾਣੀ ਬਾਣੀ ਤੁਝਹਿ ਸਮਾਣੀ ॥ ਜੋ ਦੀਸੈ ਸਭ ਆਵਣ ਜਾਣੀ ॥ ….. ॥੧੩॥…..ਅਫਰਿਓ ਵੇਪਰਵਾਹੁ ਸਦਾ ਤੂ, ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥…ਨਾਨਕੁ ਨੀਚੁ ਭਿਖਿਆ ਦਰਿ ਜਾਚੈ, ਮੈ ਦੀਜੈ ਨਾਮੁ ਵਡਾਈ ਹੇ ॥੧੬॥’’ (ਮ: ੧/੧੦੨੧)

(5). ‘‘ਆਪੇ ਸੁਰਗੁ ਮਛੁ ਪਇਆਲਾ ॥ ਆਪੇ ਜੋਤਿ ਸਰੂਪੀ ਬਾਲਾ ॥ ਜਟਾ ਬਿਕਟ ਬਿਕਰਾਲ ਸਰੂਪੀ, ਰੂਪੁ ਨ ਰੇਖਿਆ ਕਾਈ ਹੇ॥੫॥ … ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ, ਭਾਇ ਮਿਲੈ ਭਉ ਜਾਈ ਹੇ ॥੭॥ …. ਆਪੇ ਕਾਜੀ ਆਪੇ ਮੁਲਾ ॥ ਆਪਿ ਅਭੁਲੁ, ਨ ਕਬਹੂ ਭੁਲਾ….॥੧੧… ਜੁਗੁ ਜੁਗੁ ਸਾਚਾ, ਹੈ ਭੀ ਹੋਸੀ ॥ ਕਉਣੁ ਨ ਮੂਆ, ਕਉਣੁ ਨ ਮਰਸੀ ॥ ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ ॥੧੬॥’’ (ਮ: ੧/੧੦੨੨)

ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥

ਅਰਥ : ਹੇ ਨਿਰਾਕਾਰ  ! (ਆਪਣਾ ਪਾਜ ਉੱਘੜਦਾ ਜਾਂ ਪੋਲ਼ ਖੁੱਲ੍ਹਦੀ ਵੇਖ) ਬੇਸ਼ੁਮਾਰ ਨਿੰਦਕ (ਹੋਰਾਂ ਦੇ ਗੁਣਾਂ ਨੂੰ ਘਟਾ ਕੇ ਤੇ ਔਗੁਣਾਂ ਨੂੰ ਵਧਾ ਕੇ ਪੇਸ਼ ਕਰਨ ਵਾਲ਼ੇ, ਈਰਖਾ, ਸੜਨ ਆਦਿ ਦਾ ਆਪਣੇ) ਸਿਰ ਉੱਤੇ ਭਾਰ ਬਣਾ ਲੈਂਦੇ ਹਨ (ਮਾਫ਼ ਕਰਨਾ, ਤੇਰੀ ਅਸੀਮ ਰਚਨਾ ’ਚੋਂ) ਤੁੱਛ ਬੁਧੀ ਵਾਲ਼ਾ ਨਾਨਕ (ਕੇਵਲ ਇਤਨਾ ਕੁ ਹੀ ਵਰਣਨ) ਵੀਚਾਰ ਕਰ ਸਕਦਾ ਹੈ।

ਵਾਰਿਆ ਨ ਜਾਵਾ, ਏਕ ਵਾਰ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ, ਨਿਰੰਕਾਰ !॥ ੧੮॥ 

ਅਰਥ : ਹੇ ਨਿਰਾਕਾਰ ਮਾਲਕ  !   ਬੇਸ਼ੱਕ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਮੁਲ-ਅੰਕਣ ਨਹੀਂ ਕਰ ਸਕਦਾ, ਮਿਹਰ ਕਰ) ਜੋ ਤੈਨੂੰ ਪਸੰਦ ਹੈ, ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਪਰਾਹੁਣਾ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ । ੧੮।

(ਨੋਟ : ਉਕਤ ਦੋਵੇਂ ਪਉੜੀਆਂ (17ਵੀਂ, 18ਵੀਂ) ’ਚ ਦਰਜ ਧਰਮੀ ਤੇ ਅਧਰਮੀ ਜੀਵਨ ਗੁਰਮਤ ਅਨੁਸਾਰੀ ਹੈ ਜਾਂ ਨਹੀਂ, ਇਸ ਵੱਲ ਧਿਆਨ ਮੋੜਨਾ, ਇਨ੍ਹਾਂ ਪਉੜੀਆਂ ਦਾ ਵਿਸ਼ਾ ਨਹੀਂ ਕਿਉਂਕਿ ਪ੍ਰਸੰਗ ਅਕਾਲ ਪੁਰਖ ਦੇ ਰੂ-ਬਰੂ ਹੋ ਕੇ ਉਸੇ ਦੀ ਔਲਾਦ (ਸੰਸਾਰੀ ਮਨੁੱਖਾ ਜੀਵਨ) ਦੀ ਘਾਲਣਾ ਰਾਹੀਂ ਕਰਤਾਰ ਦੇ ਵਡੱਪਣ ਨੂੰ (ਅਸੰਖ ’ਚ ਵੰਡ ਕੇ) ਰੂਪਮਾਨ ਕਰਨਾ ਹੈ, ਨਾ ਕਿ ਚੰਗੇ-ਮੰਦੇ ਜੀਵਨ ਨੂੰ ਕੁਝ ਨਸੀਹਤ ਦੇਣਾ ਜਾਂ ਨਿੰਦਣਾ।

ਕੁੱਝ ਟੀਕਾਕਾਰਾਂ ਨੇ ਉਕਤ ਪੰਕਤੀ ‘‘ਅਸੰਖ ਗਲਵਢ, ਹਤਿਆ ਕਮਾਹਿ॥’’ ਨੂੰ ਖਾਣ-ਪਾਣ (ਮਾਸ) ਵਿਸ਼ੇ ਨਾਲ਼ ਜੋੜ ਕੇ ਵੇਖਣ ਦਾ ਯਤਨ ਕੀਤਾ ਹੈ ਜੋ ਕਿ ਪਉੜੀ ਪ੍ਰਸੰਗ ਤੋਂ ਦੂਰ ਲੈ ਜਾਂਦਾ ਹੈ ਅਤੇ ਆਪਸੀ ਵਿਚਾਰਾਂ ਨੂੰ ਦੂਸਰਿਆਂ ਉੱਤੇ ਠੋਸਣ ਲਈ ਗੁਰਮਤ ਦੀ ਗ਼ਲਤ ਵਰਤੋਂ ਕਰਨ ਨੂੰ ਦਰਸਾਉਂਦਾ ਹੈ।

ਅਗਰ ਕੇਵਲ ‘ਮਾਸ’ ਖਾਣ ਜਾਂ ਨਾ ਖਾਣ ਨੂੰ ਉਕਤ ਪਉੜੀ ਦੀ ਕਿਸੇ ਤੁਕ ਰਾਹੀਂ ਵਿਚਾਰੀਏ ਤਾਂ 17ਵੀਂ ਪਉੜੀ ’ਚ ਦਰਜ ਸਾਰੀ ਭਗਤੀ ਭਾਵਨਾ (ਜਿਵੇ ਕਿ ‘‘ਅਸੰਖ ਪੂਜਾ; ਅਸੰਖ ਤਪ ਤਾਉ ॥, ਅਸੰਖ ਜੋਗ; ਮਨਿ ਰਹਹਿ ਉਦਾਸ ॥, ਅਸੰਖ ਮੋਨਿ; ਲਿਵ ਲਾਇ ਤਾਰ ॥’’ ਆਦਿ) ਨੂੰ ਵੀ ਗੁਰਮਤ ਅਨੁਸਾਰੀ ਵੇਖਣਾ ਪਏਗਾ, ਜੋ ਕਿ ਕੇਵਲ ਮਨਮਤ ਜਾਪੇਗੀ ਅਤੇ ਅਸਲ ਧਰਮੀ ਜੀਵਨ ਦਾ ਪ੍ਰਸੰਗ ਕਿਸ ਪਉੜੀ ਰਾਹੀਂ ਅਕਾਲ ਪੁਰਖ ਦੇ ਰੂ-ਬਰੂ ਉਜਾਗਰ ਕਰਾਂਗੇ ?   ਸੋ 17ਵੀਂ, 18ਵੀਂ ਪਉੜੀ ਗੁਰਮਤ ਅਨੁਸਾਰ ਹੈ ਜਾਂ ਨਹੀਂ ਇਹ ਵਿਸ਼ਾ ਚੱਲ ਹੀ ਨਹੀਂ ਰਿਹਾ।

18ਵੀਂ ਪਉੜੀ ’ਚ ਅਧਰਮੀ ਜੀਵਨ ਦੀ ਗਿਣਤੀ ਹੋਣ ਕਰ ਕੇ ‘ਨਾਨਕੁ ਨੀਚੁ’ ਸ਼ਬਦ ਨੂੰ ਪਉੜੀ ਦੇ ਅੰਤ ’ਚ ਦਰਜ ਕੀਤਾ ਗਿਆ ਤਾਂ ਜੋ ‘ਨਾਨਕ’ ਅੰਦਰੋਂ ਅਹੰਕਾਰੀ ਭਾਵਨਾ ਵਿਅਕਤ ਹੁੰਦੀ, ਪ੍ਰਤੀਤ ਨਾ ਹੋਵੇ, ਨਹੀਂ ਤਾਂ ਗੁਰਬਾਣੀ ਲਿਖਤ ਮੁਤਾਬਕ ‘ਨਾਨਕ’ ਮੋਹਰ ਅਗਲੀ 19ਵੀਂ ਪਉੜੀ ਦੀ ਸਮਾਪਤੀ ’ਚ ਦਰਜ ਹੋਣੀ ਚਾਹੀਦੀ ਸੀ।)